Granth 06 Likhat 142: 11 Maghar 2014 Bikarmi Gurmukh Singh di Saputtri Jagir Kaur di Gurbakhsh Singh naal Shadi samen Shabad Ucharia Gia Pind Bhalai Pur

੧੧ ਮੱਘਰ ੨੦੧੪ ਬਿਕ੍ਰਮੀ ਗੁਰਮੁਖ ਸਿੰਘ ਦੀ ਸਪੁੱਤਰੀ ਜਗੀਰ ਕੌਰ ਦੀ ਗੁਰਬਖ਼ਸ਼ ਸਿੰਘ ਨਾਲ ਸ਼ਾਦੀ ਸਮੇਂ ਸ਼ਬਦ ਉਚਾਰਿਆ ਪਿੰਡ ਭਲਾਈ ਪੁਰ

ਹਰਿ ਮਾਰਗ ਸ਼ਬਦ ਸਲਾਹ, ਜੋਤੀ ਜੋਤ ਜਗਾਈਆ। ਪੁਰਖ ਅਬਿਨਾਸ਼ੀ ਏਕਾ ਥਾਂ, ਹਰਿ ਸਾਜਨ ਮੇਲ ਮਿਲਾਈਆ। ਫੜ ਫੜ ਹੰਸ ਬਣਾਏ ਕਾਂ, ਦੁਰਮਤ ਮੈਲ ਗਵਾਈਆ। ਇਕ ਜਪਾਏ ਸਾਚਾ ਨਾਂ, ਚਾਰ ਵਰਨ ਕਰੇ ਕੁੜਮਾਈਆ। ਆਪੇ ਪਿਤਾ ਆਪੇ ਮਾਂ, ਪੁੱਤਰ ਧੀਆਂ ਆਪ ਉਪਾਈਆ। ਨਿਰਮਲ ਜੀਆ ਦੇਵੇ ਥਾਂ, ਨਿਰਗੁਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਿਹਾ ਸਮਝਾਈਆ। ਸ਼ਬਦ ਵਿਚੋਲਾ ਸਚ ਵਿਹਾਰਾ, ਹਰਿ ਸਾਚਾ ਮਾਤ ਕਰਾਇੰਦਾ। ਨਾਰੀ ਕੰਤਾ ਇਕ ਪਿਆਰਾ, ਏਕਾ ਥਾਨ ਸੁਹਾਇੰਦਾ। ਇਕ ਸ਼ਬਦ ਇਕ ਜੈਕਾਰਾ, ਏਕਾ ਕਾਰ ਕਰਾਇੰਦਾ। ਇਕ ਇਕੱਲਾ ਏਕੰਕਾਰਾ, ਜੁਗ ਜੁਗ ਵੇਸ ਵਟਾਇੰਦਾ। ਕਲਜੁਗ ਮੇਟੇ ਕੂੜ ਪਸਾਰਾ, ਸਤਿਜੁਗ ਸਾਚਾ ਲਾਇੰਦਾ। ਗੁਰਮੁਖ ਸੋਹੇ ਬੰਕ ਦਵਾਰਾ, ਹਰਿ ਜੋੜੀ ਜੋੜ ਜੁੜਾਇੰਦਾ। ਵਰ ਘਰ ਪਾਇਆ ਇਕ ਅਪਾਰਾ, ਨਿਰਗੁਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਵੇਖ ਵਖਾਇੰਦਾ। ਸ਼ਬਦ ਵਿਚੋਲਾ ਆਦਿ ਜੁਗਾਦਿ, ਪ੍ਰਭ ਸਾਚੇ ਆਪ ਰਖਾਇਆ। ਜਨ ਭਗਤਾਂ ਦੇਵੇ ਨਾਮ ਦਾਦ, ਕਾਇਆ ਝੋਲੀ ਦਏ ਟਿਕਾਇਆ। ਸ਼ਬਦ ਜਣਾਈ ਧੁਨ ਬ੍ਰਹਿਮਾਦ, ਏਕਾ ਤਾਲ ਵਜਾਇਆ। ਪਾਇਆ ਪੁਰਖ ਹਰਿ ਮਾਧਵ ਮਾਧ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਵਰਨ ਇਕ ਵਿਚੋਲਾ, ਹਰਿ ਸ਼ਬਦੀ ਸ਼ਬਦ ਜਣਾਇਆ। ਨਾਮ ਵਿਚੋਲਾ ਨੌਂ ਖੰਡ, ਸੱਤ ਦੀਪ ਵੱਜੇ ਵਧਾਈਆ। ਖੇਲੇ ਖੇਲ ਵਿਚ ਬ੍ਰਹਿਮੰਡ, ਹਰਿ ਜੋਤੀ ਜੋਤ ਜਗਾਈਆ। ਕਲਜੁਗ ਸੁੱਤਾ ਦੇ ਕਰ ਕੰਡ, ਸਤਿਜੁਗ ਸਾਚਾ ਰਿਹਾ ਜਗਾਈਆ। ਭਗਤ ਜਨਾਂ ਵੰਡੇ ਸਾਚੀ ਵੰਡ, ਹਰਿ ਸਾਚਾ ਰਿਹਾ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸੁਰਤੀ ਰਿਹਾ ਜਗਾਈਆ। ਸਤਿਜੁਗ ਸੁਰਤੀ ਆਪ ਜਗਾ, ਗੁਰ ਸ਼ਬਦੀ ਮੇਲ ਮਿਲਾਈਆ। ਨਾਰੀ ਕੰਤਾ ਏਕਾ ਥਾਂ ਬਹਾ, ਸਤਿਗੁਰ ਦਇਆ ਕਮਾਈਆ। ਸੋਹੰ ਪੱਲਾ ਦਏ ਫੜਾ, ਨਾ ਕੋਈ ਛੋੜੇ ਛੋੜ ਛੁੜਾਈਆ। ਨਿਹਚਲ ਧਾਮ ਅਟੱਲਾ ਇਕ ਵਖਾ, ਹਰਿ ਸਰਨ ਸੱਚੀ ਸਰਨਾਈਆ। ਰਾਗ ਮਹੱਲਾ ਗੌੜੀ ਨਾ ਕੋਈ ਲਿਆ ਅਲ੍ਹਾ, ਨਾ ਕੋਈ ਵੇਖ ਵਖਾਈਆ। ਸੋਹੰ ਮੰਤਰ ਜਗਤ ਗਿਆਨ ਇਕ ਦ੍ਰਿੜਾ, ਹਰਿ ਭਗਤ ਕਰੇ ਕੁੜਮਾਈਆ। ਅੰਮ੍ਰਿਤ ਆਤਮ ਇਕ ਪਿਆ, ਅਮਰਾ ਪਦ ਸਮਾਈਆ। ਪੰਚਮ ਮੇਲਾ ਸਹਿਜ ਸੁਭਾ, ਮਿਲ ਸਖੀਆਂ ਮੰਗਲ ਗਾਈਆ। ਅਨੰਦ ਕਾਰਜ ਪ੍ਰਭ ਦਏ ਕਰਾ, ਬਖ਼ਸ਼ੇ ਸਚ ਸੱਚੀ ਸਰਨਾਈਆ। ਗੁਰਮੁਖ ਨਾਰੀ ਮੰਗਲ ਗਾ, ਥਿਰ ਘਰ ਵੱਜੇ ਵਧਾਈਆ। ਸਾਚੀ ਡੋਲੀ ਲਏ ਬਹਾ, ਆਪ ਆਪਣਾ ਪੜਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਹਿਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੋਬਿੰਦ ਤੇਰੀ ਧਾਰ ਏਕਾ ਇੱਕੀ ਏਕਾ ਵਾਰ, ਸਤਿਜੁਗ ਸਾਚਾ ਵੇਖ ਵਖਾਈਆ। ਹਰਿ ਸ਼ਬਦ ਧੁਰ ਸੰਦੇਸਾ, ਨਾਮੋ ਨਾਮ ਦ੍ਰਿੜਾਇਆ। ਲੇਖਾ ਚੁੱਕੇ ਸ਼ਿਵ ਸ਼ੰਕਰ ਗਨੇਸ਼ਾ, ਪੂਜਸ ਸਿਲਾ ਨਾ ਕੋਈ ਮਨਾਈਆ। ਜੋਗ ਜੁਗਤ ਜਗ ਦੇਸ਼ ਪਰਦੇਸ਼ਾ, ਇਕ ਸੰਦੇਸ਼ ਸੁਣਾਇਆ। ਵਰਨੀ ਬਰਨੀ ਆਪੇ ਵੇਸਾ, ਭੇਖੀ ਭੇਖ ਵਟਾਇਆ। ਨਰ ਨਰਾਇਣ ਹਰਿ ਨਰ ਨਰੇਸ਼ਾ, ਨਿਸ਼ ਅੱਖਰ ਵੱਖਰ ਹਰਿ ਗੁਣ ਗਾਇਆ। ਦੇ ਮਤ ਸਮਝਾਵੇ ਧਾਰੀ ਕੇਸਾ, ਮੂੰਡ ਮੁੰਡਾਏ ਭੇਵ ਚੁਕਾਇਆ। ਦਰ ਦਵਾਰ ਕੁਰਲਾਇਣ ਬ੍ਰਹਮਾ ਵਿਸ਼ਨ ਮਹੇਸ਼ਾ, ਕਲ ਵੇਲਾ ਅੰਤਮ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਨਾਮ ਸ਼ਬਦ ਗੁਰ ਮੰਤਰ ਇਕ ਗਿਆਨ ਵਖਾਇਆ। ਇਕ ਗਿਆਨ ਇਕ ਸੰਦੇਸ਼, ਇਕ ਧਿਆਨ ਜਣਾਈਆ। ਏਕਾ ਬ੍ਰਹਮ ਪਾਰਬ੍ਰਹਮ ਪਰਮੇਸ਼, ਪਰਮ ਪੁਰਖ ਅਖਵਾਈਆ। ਏਕਾ ਚਰਨ ਏਕਾ ਧੂੜ ਇਕ ਇਸ਼ਨਾਨ ਇਕ ਨਰੇਸ਼, ਏਕਾ ਏਕ ਸੱਚੀ ਸਰਨਾਈਆ। ਏਕਾ ਗੋਪੀ ਏਕਾ ਕਾਹਨ ਏਕਾ ਗੋਬਿੰਦ ਦਸ ਦਸਮੇਸ਼, ਏਕਾ ਨਾਨਕ ਰਸਨਾ ਗਾਈਆ। ਏਕਾ ਏਕ ਇਕ ਇਕੱਲਾ ਇਕ ਓਅੰਕਾਰ ਕਰੇ ਵੇਸ, ਅਕਲ ਕਲਾ ਵਰਤਾਈਆ। ਆਦਿ ਸ਼ਕਤ ਜੋਤ ਨਿਰੰਜਣ ਸੰਬਲ ਨਗਰ ਮਾਝੇ ਦੇਸ, ਚਾਰ ਕੁੰਟ ਦਹਿ ਦਿਸ਼ਾ ਕਰੇ ਰੁਸ਼ਨਾਈਆ। ਗੋਬਿੰਦ ਕਾਇਆ ਹਰਿ ਪਰਵੇਸ਼, ਜੋਤੀ ਜੋੜਾ ਸ਼ਬਦ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਰਿਹਾ ਜਗਾਈਆ। ਹਰਿਜਨ ਸਾਚੇ ਆਪ ਜਗਾ, ਆਤਮ ਬ੍ਰਹਮ ਜਣਾਇਆ। ਏਕਾ ਅੱਖਰ ਨਾਮ ਪੜ੍ਹਾ, ਨਿਹਕਰਮੀ ਕਰਮ ਕਮਾਇਆ। ਸਾਚੇ ਪੌੜੇ ਆਪੇ ਆਪ ਚੜ੍ਹਾ, ਰਵ ਸਸ ਚਰਨਾ ਹੇਠ ਦਬਾਇਆ। ਥਿਰ ਘਰ ਵਖਾਣੇ ਸਾਚਾ ਥਾਂ, ਹਰਿਜਨ ਸਾਚੇ ਮੇਲ ਮਿਲਾਇਆ। ਪੁਰਖ ਅਗੰਮੜੇ ਕਰੇ ਸਚ ਨਿਆਂ, ਲੱਖ ਚੁਰਾਸੀ ਵੇਖ ਵਖਾਇਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਪਕੜੇ ਬਾਂਹ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਾਮਨ ਕਰਿਆ ਵੇਸ, ਰੂਪ ਰੰਗ ਦਿਸ ਕਿਸੇ ਨਾ ਆਇਆ। ਨਿਹਕਲੰਕ ਨਰਾਇਣ ਨਰ, ਜਗਤ ਨਿਰੰਜਣ ਆਦਿ ਪੁਰਖ ਪੁਰਖ ਪਰਖੋਤਮ ਦਇਆ ਨਿਧ ਦੀਨ ਦਿਆਲਾ ਗੋਬਿੰਦ ਲਾਲਾ ਸੰਗ ਰਲਾਇਆ। ਗੋਬਿੰਦ ਲਾਲ ਸ਼ਬਦ ਦੁਲਾਰ, ਹਰਿ ਸਾਚਾ ਸੰਗ ਰਲਾਇੰਦਾ। ਆਪ ਆਪਣੀ ਕਿਰਪਾ ਧਾਰ, ਆਪਣੇ ਰੰਗ ਸਮਾਇੰਦਾ। ਅੱਠੇ ਪਹਿਰ ਇਕ ਪਿਆਰ, ਏਕਾ ਧਾਰ ਵਹਾਇੰਦਾ। ਇਕ ਸੁਹਾਏ ਬੰਕ ਦਵਾਰ, ਥਿਰ ਘਰ ਨਾਉਂ ਧਰਾਇੰਦਾ। ਚਰਨ ਕਵਲ ਜਨ ਸਚ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਚ ਘਰ, ਮੰਦਰ ਮਸੀਤੀ ਗੁਰ ਦਰ ਮੱਠ ਸ਼ਿਵਦਵਾਲਾ ਨਾ ਕੋਈ ਵਖਾਇੰਦਾ।

Leave a Reply

This site uses Akismet to reduce spam. Learn how your comment data is processed.