੯ ਸਾਵਣ ੨੦੧੬ ਬਿਕ੍ਰਮੀ ਅਜੈਬ ਸਿੰਘ ਦੇ ਘਰ ਪਿੰਡ ਅਰਨੀ ਵਾਲਾ ਮਲੋਟ ਮੰਡੀ
ਸੋ ਪੁਰਖ ਨਿਰਜਣ ਹਰਿ ਮਿਹਰਵਾਨ, ਆਦਿ ਜੁਗਾਦੀ ਏਕ ਏਕੰਕਾਰਿਆ। ਹੰ ਬ੍ਰਹਮ ਕਰ ਪ੍ਰਧਾਨ, ਪਾਰਬ੍ਰਹਮ ਰੂਪ ਵਟਾ ਲਿਆ। ਪੁਰਖ ਅਬਿਨਾਸ਼ੀ ਖੇਲ ਮਹਾਨ, ਆਦਿ ਨਿਰੰਜਣ ਜੋਤ ਜਗਾ ਲਿਆ। ਖੇਲੇ ਖੇਲ ਦੋ ਜਹਾਨ, ਪੁਰਖ ਅਕਾਲ ਭੇਵ ਨਾ ਆ ਰਿਹਾ। ਅਜੂਨੀ ਰਹਿਤ ਸ੍ਰੀ ਭਗਵਾਨ, ਮੂਰਤ ਅਕਾਲ ਡਗਮਗਾ ਲਿਆ। ਏਕਾ ਦਿਸੇ ਸਚ ਮਕਾਨ, ਸਚਖੰਡ ਦੁਵਾਰਾ ਆਪ ਉਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾ ਲਿਆ। ਸੋ ਪੁਰਖ ਨਿਰੰਜਣ ਹਰਿ ਮਿਹਰਵਾਨਾ, ਪਰਮ ਪੁਰਖ ਵਡਿਆਈਆ। ਹੰ ਬ੍ਰਹਮ ਕਰ ਪ੍ਰਧਾਨਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦ ਅਨਾਦੀ ਧੁਨ ਤਰਾਨਾ, ਆਪਣਾ ਰਾਗ ਅਲਾਈਆ । ਨਿਰਗੁਣ ਖੇਲ ਸ੍ਰੀ ਭਗਵਾਨਾ, ਪਾਰਬ੍ਰਹਮ ਵੱਡੀ ਵਡਿਆਈਆ। ਦੀਪਕ ਜੋਤੀ ਇਕ ਜਗਾਨਾ, ਏਕਾ ਜੋਤ ਕਰੇ ਰੁਸ਼ਨਾਈਆ। ਨਾ ਕੋਈ ਦੂਸਰ ਸੰਗ ਰਖਾਣਾ, ਆਪ ਆਪਣਾ ਵੇਸ ਵਟਾਈਆ। ਦੀਨ ਦਿਆਲ ਦਰਦ ਦੁੱਖ ਭੈ ਭੰਜਣ ਹਰਿ ਸੁਲਤਾਨਾ, ਸ਼ਾਹੋ ਭੂਪ ਰਾਜ ਰਾਜਾਨਾ ਆਪ ਅਖਵਾਈਆ। ਜੁਗਾ ਜੁਗੰਤਰ ਖੇਲ ਮਹਾਨਾ, ਜੁਗ ਜੁਗ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਦੀਨ ਦਿਆਲ ਏਕਾ ਜੋਤ ਕਰੇ ਰੁਸ਼ਨਾਈਆ। ਦੀਨ ਦਿਆਲ ਸਰਬ ਗੁਣਵੰਤਾ, ਏਕਾ ਏਕੰਕਾਰਿਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਆਪਣੀ ਕਾਰ ਕਮਾ ਰਿਹਾ। ਏਕੰਕਾਰਾ ਆਦਿਨ ਅੰਤਾ, ਅਨਭਵ ਪ੍ਰਕਾਸ਼ ਸਮਾ ਰਿਹਾ। ਆਪ ਬਣਾਏ ਆਪਣੀ ਬਣਤਾ, ਆਪ ਆਪਣੀ ਰਚਨ ਰਚਾ ਰਿਹਾ। ਬ੍ਰਹਮਾ ਵਿਸ਼ਨ ਸ਼ਿਵ ਵੇਸ ਵਟੰਤਾ, ਏਕਾ ਜੋਤੀ ਡਗਮਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਪੁਰਖ ਕਰਤਾਰ, ਆਪ ਆਪਣਾ ਕਰ ਪਸਾਰ, ਆਪ ਆਪਣੀ ਧਾਰ ਚਲਾ ਰਿਹਾ। ਨਿਰਗੁਣ ਨੂਰ ਕਰ ਉਜਿਆਰਾ, ਏਕਾ ਏਕ ਡਗਮਗਾਈਆ। ਆਪੇ ਰਵ ਸਸ ਬਣ ਸਤਾਰਾ, ਮੰਡਲ ਮੰਡਪ ਜੋਤ ਰੁਸ਼ਨਾਈਆ। ਆਪੇ ਗਗਨ ਮੰਡਲ ਦਏ ਸਹਾਰਾ, ਅਕਾਸ਼ ਪ੍ਰਕਾਸ਼ ਆਪ ਸੁਹਾਈਆ। ਆਪੇ ਧਰਤ ਧਵਲ ਵੇਖੇ ਜਲਧਾਰਾ ਜਲ ਬਿੰਬ ਰੂਪ ਵਟਾਈਆ। ਆਪੇ ਨਿਰਗੁਣ ਮੀਤ ਮੁਰਾਰਾ, ਤ੍ਰੈਗੁਣ ਸਗਲਾ ਸੰਗ ਨਿਭਾਈਆ। ਆਪੇ ਸਭ ਤੋਂ ਵਸਿਆ ਬਾਹਰਾ, ਦਿਸ ਕਿਸੇ ਨਾ ਆਈਆ। ਆਪੇ ਖੇਲੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਅਗੰਮ ਅਥਾਹ, ਬੇਪਰਵਾਹ ਆਪ ਅਖਵਾਈਆ। ਆਪੇ ਬੋਲੇ ਸ਼ਬਦ ਜੈਕਾਰਾ, ਆਪਣਾ ਨਾਉਂ ਆਪ ਉਪਜਾਈਆ। ਆਪੇ ਬਣੇ ਵਣਜ ਵਣਜਾਰਾ, ਆਪਣੀ ਕੀਮਤ ਕਰਤਾ ਆਪੇ ਪਾਈਆ। ਆਪੇ ਭਰੇ ਘਰ ਭੰਡਾਰਾ, ਥਿਰ ਘਰ ਸਾਚਾ ਇਕ ਸੁਹਾਈਆ। ਆਪੇ ਬਣੇ ਹਰਿ ਵਰਤਾਰਾ, ਜੁਗਾ ਜੁਗੰਤਰ ਸੇਵ ਕਮਾਈਆ। ਨਿਰਗੁਣ ਰੂਪ ਅਪਰ ਅਪਾਰਾ, ਨਿਰਾਕਾਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਕਰ ਅਕਾਰ, ਨਿਰਗੁਣ ਖੇਲ ਅਗੰਮ ਅਪਾਰ, ਅਗੰਮੜੀ ਕਾਰ ਕਮਾਈਆ। ਅਗੰਮੜੀ ਕਾਰ ਪੁਰਖ ਕਰਤਾਰਾ, ਆਦਿ ਜੁਗਾਦਿ ਚਲਾਇੰਦਾ। ਆਪੇ ਕੰਤ ਆਪੇ ਨਾਰਾ, ਆਪ ਆਪਣਾ ਸੰਗ ਨਿਭਾਇੰਦਾ। ਆਪ ਉਪਜਾਏ ਸੁੱਤ ਦੁਲਾਰਾ, ਸ਼ਬਦੀ ਡੰਕ ਵਜਾਇੰਦਾ। ਆਪੇ ਸਚ ਸਿੰਘਾਸਣ ਆਸਣ ਲਾਏ ਨਿਰਗੁਣ ਧਾਰਾ, ਜੋਤੀ ਨੂਰ ਡਗਮਗਾਇੰਦਾ। ਆਪੇ ਸਿਫ਼ਤੀ ਸਿਫ਼ਤ ਸਲਾਹ ਪਰਵਰਦਿਗਾਰਾ, ਰਾਮ ਰਾਮਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ ਭਗਵਨ ਜੋਤੀ ਕਰ ਪ੍ਰਕਾਸ਼, ਕਰੇ ਖੇਲ ਸਰਬ ਗੁਣਤਾਸ, ਗੁਣਵੰਤਾ ਭੇਵ ਨਾ ਆਇੰਦਾ। ਭੇਵ ਅਭੇਦ ਪੁਰਖ ਸੁਲਤਾਨਾ, ਹਰਿ ਸਾਚੇ ਵਡ ਵਡਿਆਈਆ। ਦੋ ਜਹਾਨਾਂ ਖੇਲ ਮਹਾਨਾਂ, ਪੁਰੀਆਂ ਲੋਆਂ ਵੇਸ ਵਟਾਈਆ। ਬ੍ਰਹਮਾ ਵਿਸ਼ਨ ਦੇਵੇ ਨਾਮ ਨਿਧਾਨਾ, ਕਰੋੜ ਤੇਤੀਸਾ ਨਾਮ ਜਪਾਈਆ। ਨਿਰਗੁਣ ਸਰਗੁਣ ਵੇਸ ਵਟਾਣਾ, ਲੋਕਮਾਤ ਵੱਜੇ ਵਧਾਈਆ। ਪੰਜ ਤੱਤ ਹੋਏ ਪਰਧਾਨਾ, ਪੰਚਮ ਮੇਲਾ ਸਹਿਜ ਸੁਬਾਈਆ। ਏਕਾ ਰਾਗ ਇਕ ਤਰਾਨਾ, ਏਕਾ ਨਾਦ ਵਜਾਈਆ। ਏਕਾ ਮੰਦਰ ਸਚ ਮਕਾਨਾ, ਕਾਇਆ ਕੋਠੜੀ ਆਪ ਬਹਾਈਆ। ਏਕਾ ਪਦ ਪਦ ਨਿਰਬਾਣਾ, ਦਰ ਸਾਚਾ ਇਕ ਸਮਝਾਈਆ। ਏਕਾ ਨੇਤਰ ਨੈਣ ਖੁਲ੍ਹਾਣਾ, ਹਰਿ ਲੋਚਣ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਪੁਰਖ ਕਰਤਾਰਾ, ਆਪਣਾ ਆਪ ਕਰਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਲੋਕਮਾਤ ਜੋਤ ਜਗਾਇੰਦਾ। ਭਗਤ ਸੰਤ ਕਰ ਪਿਆਰਾ, ਆਪ ਆਪਣੀ ਬੂਝ ਬੁਝਾਇੰਦਾ। ਏਕਾ ਦੇਵੇ ਨਾਮ ਅਧਾਰਾ, ਏਕਾ ਢੋਲਾ ਸਾਚਾ ਗਾਇੰਦਾ। ਏਕਾ ਖੋਲ੍ਹੇ ਬੰਦ ਕਿਵਾੜਾ, ਘਰ ਸਾਚਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਹਰਿ ਹਰਿ ਨਾਉਂ ਰੱਖ ਕਰਤਾਰ, ਆਪਣੀ ਕਲ ਵਰਤਾਈਆ। ਨਿਰਗੁਣ ਦੀਵਾ ਬਾਤੀ ਕਰ ਉਜਿਆਰ, ਸਰਗੁਣ ਮੰਦਰ ਆਪ ਟਿਕਾਈਆ। ਕਮਲਾਪਾਤੀ ਮੀਤ ਮੁਰਾਰ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਈਆ। ਸਤਿਜੁਗ ਧਾਰ ਹਰਿ ਅਵੱਲੀ, ਏਕਾ ਏਕ ਚਲਾਇੰਦਾ। ਵਸਣਹਾਰਾ ਜਲੀ ਥਲੀ, ਆਦਿ ਸ਼ਕਤੀ ਨਾਲ ਰਲਾਇੰਦਾ। ਜੋਧਾ ਸੂਰਬੀਰ ਵਡ ਬਲੀ, ਲੋਕਮਾਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਵੇਖੇ ਸਾਚਾ ਘਰ, ਤ੍ਰੇਤਾ ਆਪਣਾ ਲੇਖ ਲਿਖਾਇੰਦਾ। ਤ੍ਰੇਤਾ ਲੇਖਾ ਧੁਰ ਦਰਬਾਰ, ਹਰਿ ਸਾਚਾ ਆਪ ਲਿਖਾਇੰਦਾ। ਆਪੇ ਨਿਰਗੁਣ ਸਰਗੁਣ ਲੈ ਅਵਤਾਰ, ਰਾਮ ਰਾਮਾ ਰੂਪ ਵਟਾਇੰਦਾ। ਆਪੇ ਤੋੜੇ ਗੜ੍ਹ ਹੰਕਾਰ, ਹਉਮੇ ਹੰਗਤਾ ਰੋਗ ਮਿਟਾਇੰਦਾ। ਆਪੇ ਜਾਣੇ ਆਰ ਪਾਰ, ਆਪਣਾ ਬੇੜਾ ਆਪ ਚਲਾਇੰਦਾ। ਰਥ ਰਥਵਾਹੀ ਹਰਿ ਨਿਰੰਕਾਰ, ਜੁਗ ਜੁਗ ਆਪਣਾ ਰਥ ਚਲਾਇੰਦਾ। ਦੁਆਪਰ ਸਾਚਾ ਹੋ ਉਜਿਆਰ, ਸਾਚੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਵਡਿਆਇੰਦਾ। ਆਪਣਾ ਨਉਂ ਆਪੇ ਰੱਖ, ਆਪਣੇ ਹੱਥ ਰੱਖੇ ਵਡਿਆਈਆ। ਆਪਣੀ ਜੋਤ ਕਰੇ ਪ੍ਰਤੱਖ, ਨਿਰਗੁਣ ਸਰਗੁਣ ਮੇਲ ਮਿਲਾਈਆ। ਆਪੇ ਵੇਖੇ ਸਾਚੀ ਵਥ, ਆਪਣੇ ਮੰਦਰ ਆਪ ਟਿਕਾਈਆ। ਆਪੇ ਗਾਏ ਆਪਣੀ ਗਾਥ, ਆਪਣੀ ਕਰੇ ਆਪ ਪੜ੍ਹਾਈਆ। ਆਪੇ ਹੋ ਤ੍ਰਲੋਕੀ ਨਾਥ, ਕਾਹਨਾ ਬੰਸਰੀ ਨਾਮ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਆਪਣੀ ਲਏ ਅੰਗੜਾਈਆ। ਕਲਜੁਗ ਹਰਿ ਲੈ ਅੰਗੜਾਈ, ਆਪਣਾ ਖੇਲ ਖਿਲਾਇੰਦਾ। ਈਸਾ ਮੂਸਾ ਕਰ ਕੁੜਮਾਈ, ਸੰਗ ਮੁਹੰਮਦ ਵੇਸ ਵਟਾਇੰਦਾ। ਨਾਨਕ ਗੋਬਿੰਦ ਜੋਤ ਜਗਾਈ, ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਆਦਿ ਜੁਗਾਦੀ ਬਣ ਮਲਾਹ, ਜਗਤ ਬੇੜਾ ਆਪ ਚਲਾਇੰਦਾ। ਕਲਜੁਗ ਅੰਤਮ ਹਰਿ ਹਰਿ ਧਾਰ, ਆਪਣੀ ਆਪ ਚਲਾਈਆ। ਨਿਰਗੁਣ ਨਿਰਗੁਣ ਲਏ ਅਵਤਾਰ, ਸਰਗੁਣ ਡੇਰਾ ਲਾਈਆ। ਜੋਤੀ ਜੋਤ ਨੂਰ ਉਜਿਆਰ, ਨੂਰੋ ਨੂਰ ਡਗਮਗਾਈਆ। ਦਿਸ ਨਾ ਆਏ ਵਿਚ ਸੰਸਾਰ, ਨੇਤਰ ਨੈਣ ਦਰਸ ਕੋਈ ਨਾ ਪਾਈਆ। ਗੁਰਮੁਖ ਵਿਰਲਾ ਪਾਏ ਸਾਰ, ਜਿਸ ਜਨ ਆਪਣੀ ਬੂਝ ਬੁਝਾਈਆ। ਦੇਵੇ ਦਰਸ ਅਗੰਮ ਅਪਾਰ, ਸਤਿਗੁਰ ਪੂਰਾ ਵਡ ਵਡਿਆਈਆ। ਤੋੜੇ ਲੰਕਾ ਗੜ ਹੰਕਾਰ, ਹਉਮੇ ਗੜ੍ਹ ਰਹਿਣ ਨਾ ਪਾਈਆ। ਏਕਾ ਮੰਗਤਾ ਧੁਰ ਦਰਬਾਰ, ਅਲੱਖ ਨਿਰੰਜਣ ਅਲੱਖ ਜਗਾਈਆ। ਕਲਜੁਗ ਅੰਤਮ ਪਾਵੇ ਸਾਰ, ਨੌ ਖੰਡ ਪ੍ਰਿਥਮੀ ਵੇਖ ਵਖਾਈਆ। ਸੱਤਾਂ ਦੀਪਾਂ ਦਏ ਹੁਲਾਰ, ਚਾਰੋਂ ਕੁੰਟ ਵੱਜੇ ਵਧਾਈਆ। ਰਾਓ ਰੰਕਾਂ ਕਰੇ ਖ਼ਬਰਦਾਰ, ਏਕਾ ਡੰਕਾ ਹੱਥ ਉਠਾਈਆ। ਵਾਸੀ ਪੁਰੀ ਘਨਕਾ ਹੋ ਤਿਆਰ, ਜੋਤੀ ਨੂਰ ਕਰੇ ਰੁਸ਼ਨਾਈਆ। ਏਕਾ ਨਾਮ ਜੈ ਜੈਕਾਰ, ਚਾਰ ਵਰਨਾਂ ਰਿਹਾ ਸੁਣਾਈਆ। ਸ਼ਾਹ ਸੁਲਤਾਨਾ ਮਾਰੇ ਮਾਰ, ਦਰ ਮੰਗਣ ਭਿਖ ਨਾ ਪਾਈਆ। ਗ਼ਰੀਬ ਨਿਮਾਣਿਆਂ ਪਾਵੇ ਸਾਰ, ਜਗਤ ਨਿਮਾਣੇ ਗਲੇ ਲਗਾਈਆ। ਖੜਗ ਖੰਡਾ ਤੇਜ਼ ਕਟਾਰ, ਹਰਿ ਸਾਚੇ ਹੱਥ ਉਠਾਈਆ। ਬ੍ਰਹਿਮੰਡਾਂ ਮਾਰਨਹਾਰਾ ਮਾਰ, ਨਾ ਸਕੇ ਕੋਈ ਬਚਾਈਆ। ਜੇਰਜ ਅੰਡਾਂ ਕਰੇ ਖੁਵਾਰ, ਉਤਭੁਜ ਸੇਹਤਜ ਰਿਹਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਜਾਮਾ ਪਾਈਆ। ਨਿਹਕਲੰਕ ਪੁਰਖ ਕਰਤਾਰਾ, ਹਰਿ ਸਤਿਗੁਰ ਨਾਉਂ ਧਰਾਇੰਦਾ। ਗੋਬਿੰਦ ਸਾਜਣ ਮੀਤ ਮੁਰਾਰਾ, ਸਿੰਘ ਰੂਪ ਵਟਾਇੰਦਾ। ਨਾਮ ਖੰਡਾ ਤੇਜ਼ ਕਟਾਰਾ, ਦੋ ਧਾਰਾ ਹੱਥ ਉਠਾਇੰਦਾ। ਲੱਖ ਚੁਰਾਸੀ ਪਾਵੇ ਸਾਰਾ, ਆਪ ਆਪਣੀ ਕਲ ਵਰਤਾਇੰਦਾ। ਮਨਮੁਖ ਜੀਵ ਕਰੇ ਖ਼ਵਾਰਾ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰਾ, ਨਾਮ ਪਿਆਲਾ ਜਾਮ ਪਿਆਇੰਦਾ। ਅਗਨੀ ਬੁਝੇ ਤੱਤੀ ਹਾੜਾ, ਹਉਮੇ ਤੱਤ ਨਾ ਕੋਈ ਰਖਾਇੰਦਾ। ਕਰੇ ਪ੍ਰਕਾਸ਼ ਬਹੱਤਰ ਨਾੜਾ, ਅਗਿਆਨ ਅੰਧੇਰ ਮਿਟਾਇੰਦਾ। ਸ਼ਬਦ ਅਗੰਮੀ ਲਾਏ ਅਖਾੜਾ, ਅਨਹਦ ਸਾਚਾ ਤਾਲ ਵਜਾਇੰਦਾ। ਮੇਟ ਮਿਟਾਏ ਪੰਚਮ ਧਾੜਾ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਧੁਰਦਰਗਾਹੀ ਸਾਚਾ ਲਾੜਾ, ਏਕੰਕਾਰਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਅੰਤ ਕਰਾਇੰਦਾ। ਕਲਜੁਗ ਤੇਰਾ ਅੰਤ ਕਰੌਣਾ, ਹਰਿ ਸਾਚੇ ਵਡ ਵਡਿਆਈਆ। ਜੂਠਾ ਝੂਠਾ ਪੰਧ ਮੁਕੌਣਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਬੱਤੀ ਦੰਦ ਪੁਰਖ ਅਬਿਨਾਸ਼ ਢੋਲਾ ਜੀਵ ਜੰਤ ਏਕਾ ਗੌਣਾ, ਏਕਾ ਕਰੇ ਪੜ੍ਹਾਈਆ। ਰਾਮ ਕ੍ਰਿਸ਼ਨ ਨਾਨਕ ਗੋਬਿੰਦ ਏਕਾ ਦਰ ਵਖੌਣਾ, ਘਰ ਸਾਚੇ ਵੱਜੇ ਵਧਾਈਆ। ਵੇਦ ਪੁਰਾਨ ਅੰਜੀਲ ਕੁਰਾਨ ਨਾ ਕੋਈ ਗੌਣਾ, ਮਸਤਕ ਤਿਲਕ ਨਾ ਕਿਸੇ ਲਗੌਣਾ, ਅੱਲਾ ਹੂ ਹੂ ਨਾਅਰਾ ਕੋਈ ਨਾ ਲਾਈਆ। ਏਕਾ ਮਾਰਗ ਹਰਿ ਦ੍ਰਿੜੌਣਾ, ਅਕਾਲ ਪੁਰਖ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਮੂਲ ਤੇਰਾ ਲਹਿਣਾ, ਤੇਰੀ ਝੋਲੀ ਪਾਈਆ। ਕਲਜੁਗ ਤੇਰਾ ਮੂਲ ਚੁਕੌਣਾ, ਹਰਿ ਸਤਿਗੁਰ ਆਪ ਚੁਕਾਇੰਦਾ। ਸਤਿਜੁਗ ਸਾਚਾ ਮਾਰਗ ਲੌਣਾ, ਚਾਰ ਵਰਨਾਂ ਆਪ ਸਮਝਾਇੰਦਾ। ਊਚਾਂ ਨੀਚਾਂ ਏਕਾ ਰੰਗ ਰੰਗੌਣਾ, ਏਕਾ ਧਾਮ ਸੁਹਾਇੰਦਾ। ਅੰਮ੍ਰਿਤ ਜਾਮ ਪਿਆਲਾ ਇਕ ਪਿਔਣਾ, ਏਕਾ ਮੁਖ ਸਲਾਹਿੰਦਾ। ਗੋਬਿੰਦ ਮੇਲਾ ਮੇਲ ਮਿਲੌਣਾ, ਗੁਰ ਗੋਬਿੰਦ ਵੇਸ ਵਟਾਇੰਦਾ। ਪੁਰਖ ਅਕਾਲ ਇਕ ਧਿਔਣਾ, ਦੂਜਾ ਇਸ਼ਟ ਨਾ ਕੋਈ ਜਣਾਇੰਦਾ। ਮੁੱਛ ਦਾੜ੍ਹੀ ਕੇਸ ਨਾ ਕਿਸੇ ਮੁਨੌਣਾ, ਨੌ ਖੰਡ ਪ੍ਰਿਥਮੀ ਏਹ ਸਮਝਾਇੰਦਾ। ਰਾਜ ਰਾਜਾਨਾ ਸੱਚਾ ਨਾਮ ਨਾ ਕਿਸੇ ਗੌਣਾ, ਦਰ ਦਰਬਾਰ ਨਾ ਕੋਈ ਸੁਹਾਇੰਦਾ। ਅਠਸਠ ਤੀਰਥ ਕਿਸੇ ਨਾ ਨੁਹੌਣਾ, ਗੰਗਾ ਗੋਦਾਵਰੀ ਕੋਈ ਨਾ ਜਾਇੰਦਾ। ਮੰਦਰ ਮਸਜਿਦ ਲੇਖ ਚੁਕੌਣਾ, ਸ਼ਿਵਦੁਆਲਾ ਮੱਠ ਵੇਖ ਵਖਾਇੰਦਾ। ਕਾਇਆ ਗੁਰੂਦੁਵਾਰ ਇਕ ਸੁਹੌਣਾ, ਸਤਿਗੁਰ ਸਾਚਾ ਆਸਣ ਲਾਇੰਦਾ। ਅਨਹਦ ਨਾਦੀ ਰਾਗ ਸੁਣੌਣਾ, ਸਾਚਾ ਸ਼ਬਦ ਆਪੇ ਗਾਇੰਦਾ। ਪਾਰਬ੍ਰਹਮ ਬ੍ਰਹਮ ਮੇਲ ਮਿਲੌਣਾ, ਆਤਮ ਬ੍ਰਹਮ ਜਣਾਇੰਦਾ। ਨੇਤਰ ਤੀਜਾ ਆਪ ਖੁਲ੍ਹੌਣਾ, ਸਵਛ ਸਰੂਪੀ ਦਰਸ ਦਖਾਇੰਦਾ। ਚੌਥੇ ਪਦ ਆਪ ਬਹੌਣਾ, ਜੋਤੀ ਜੋਤ ਮੇਲ ਮਿਲਾਇੰਦਾ। ਪੰਚਮ ਮੀਤਾ ਘਰ ਸੁਹੌਣਾ, ਪੰਚਮ ਮੋਹ ਚੁਕਾਇੰਦਾ। ਕਲਜੁਗ ਲੇਖਾ ਰਹਿਣ ਨਾ ਪੌਣਾ, ਜੁਗ ਚੌਥੇ ਮੇਲ ਮਿਲਾਇੰਦਾ। ਸੰਮਤ ਸੰਮਤੀ ਮੇਟ ਮਿਟੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਵਣਾ। ਕਲਜੁਗ ਝੂਠਾ ਨਾਤਾ ਤੋੜ, ਝੂਠੀ ਕਿਰਿਆ ਦਏ ਮਿਟਾਈਆ। ਸਤਿਜੁਗ ਸਾਚਾ ਜਾਏ ਬੌਹੜ, ਧਰਤ ਮਾਤ ਗੋਦ ਸੁਹਾਈਆ। ਕਲਜੁਗ ਕੂੜਾ ਚੜ੍ਹਿਆ ਘੋੜ, ਚਾਰੋਂ ਕੁੰਟ ਫੇਰੀ ਪਾਈਆ। ਸਤਿਜੁਗ ਸਾਚਾ ਗਿਆ ਬੌਹੜ, ਲੋਕਮਾਤ ਕਰੇ ਰੁਸ਼ਨਾਈਆ। ਕਲਜੁਗ ਰੀਠਾ ਹੋਇਆ ਕੌੜ, ਮਿੱਠਾ ਰਸ ਨਾ ਕੋਈ ਵਖਾਈਆ। ਸਤਿਜੁਗ ਸਾਚਾ ਲਾਇਆ ਪੌੜ, ਆਪ ਆਪਣੀ ਨੀਂਹ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਤਿਜੁਗ ਏਕਾ ਦਰ ਵਖਾਈਆ। ਕਲਜੁਗ ਦਰ ਹਰਿ ਦਰਬਾਰਾ, ਰੋ ਰੋ ਸੀਸ ਝੁਕਾਇੰਦਾ । ਨਾ ਕੋਈ ਸਹਾਈ ਮੁਹੰਮਦੀ ਯਾਰਾ, ਅੱਲਾ ਰਾਣੀ ਮੁਖ ਸ਼ਰਮਾਇੰਦਾ। ਜੂਠਾ ਝੂਠਾ ਬੰਨ੍ਹਿਆ ਭਾਰਾ, ਨਾ ਸੀਸ ਕੋਈ ਉਠਾਇੰਦਾ। ਨਾ ਕੋਈ ਦਿਸੇ ਪਰਵਰਦਿਗਾਰਾ, ਮੁਕਾਮੇ ਹੱਕ ਨਾ ਕੋਈ ਵਖਾਇੰਦਾ। ਖ਼ਾਲਕ ਖ਼ਲਕ ਨਾ ਕੋਈ ਪਸਾਰਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਚਾਰੋਂ ਕੁੰਟ ਅੰਧ ਅੰਧਿਆਰਾ, ਸਾਚਾ ਚੰਨ ਨਾ ਕੋਈ ਚੜ੍ਹਾਇੰਦਾ। ਮਾਤ ਪਿਤ ਨਾ ਕੋਈ ਪਿਆਰਾ, ਪੁੱਤਰ ਧੀਆਂ ਨਾ ਸਾਕ ਜਣਾਇੰਦਾ। ਭਾਈ ਭੈਣ ਨਾ ਕੋਈ ਸਹਾਰਾ, ਨਾਰੀ ਕੰਤ ਨਾ ਕੋਈ ਅਖਵਾਇੰਦਾ। ਸਚ ਸੁੱਚ ਨਾ ਕੋਈ ਵਣਜਾਰਾ, ਜੂਠਾ ਝੂਠਾ ਵਣਜ ਵਖਾਇੰਦਾ। ਨਾ ਕੋਈ ਸੱਜਣ ਮੀਤ ਮੁਰਾਰਾ, ਠੱਗ ਚੋਰ ਯਾਰ ਸਰਬ ਦਰਸਾਇੰਦਾ। ਨਾ ਕੋਈ ਮੰਦਰ ਨਾ ਦੁਵਾਰਾ, ਇਸ਼ਟ ਦੇਵ ਨਾ ਕੋਈ ਜਣਾਇੰਦਾ। ਨਾ ਕੋਈ ਗੋਬਿੰਦ ਜਾਣੇ ਧਾਰਾ, ਨਾਨਕ ਦਰਸ ਨਾ ਕੋਈ ਪਾਇੰਦਾ। ਨਾ ਕੋਈ ਦਿਸੇ ਪੰਚ ਪਿਆਰਾ, ਪੰਚਮ ਮੋਹ ਨਾ ਕੋਈ ਚੁਕਾਇੰਦਾ। ਨਾ ਕੋਈ ਦਿਸੇ ਖੰਡਾ ਧਾਰਾ, ਤਿਖੀ ਧਾਰ ਨਾ ਕੋਈ ਬਣਾਇੰਦਾ। ਨਾ ਕੋਈ ਦੀਸੇ ਕੁਛ ਸਹਾਰਾ, ਧੀਰਜ ਜਤ ਨਾ ਕੋਈ ਧਰਾਇੰਦਾ। ਨਾ ਕੋਈ ਕੇਸ ਸੀਸ ਦਿਸੇ ਦਸਤਾਰਾ, ਨਾ ਕੋਈ ਜਗਦੀਸ਼ ਸੀਸ ਝੁਕਾਇੰਦਾ। ਨਾ ਕੋਈ ਕੰਗਨ ਕਰੇ ਪਿਆਰ, ਸਮਰਥ ਹੱਥ ਨਾ ਕੋਈ ਮਿਲਾਇੰਦਾ। ਨਾ ਕੋਈ ਪੰਡਤ ਵੇਦ ਵਿਚਾਰਾ, ਆਤਮ ਬ੍ਰਹਮ ਨਾ ਕੋਈ ਵਖਾਇੰਦਾ। ਨਾ ਕੋਈ ਵੇਦ ਪਾਠ ਕਰੇ ਜੈਕਾਰਾ, ਆਤਮ ਰਾਮ ਨਾ ਕੋਇ ਵਸਾਇੰਦਾ। ਨਾ ਕੋਈ ਸਨਾਤਨ ਧਰਮ ਕਰੇ ਪਿਆਰਾ, ਸਾਚੀ ਸਿਖਿਆ ਨਾ ਕੋਈ ਸਮਝਾਇੰਦਾ । ਰਿਖੀ ਮੁਨੀ ਨਾ ਕੋਈ ਅਧਾਰਾ, ਸੁਨ ਸਮਾਧ ਨਾ ਕੋਈ ਲਗਾਇੰਦਾ। ਆਦਿ ਸ਼ਕਤ ਜੋਤ ਜਵਾਲਾ ਨਾ ਕੋਈ ਉਜਿਆਰਾ, ਨੂਰੋ ਨੂਰ ਨਾ ਡਗਮਗਾਇੰਦਾ। ਨਾ ਕੋਈ ਭਗਤ ਨਾ ਸੰਤ ਦੁਲਾਰਾ, ਸਤਿਗੁਰ ਰੂਪ ਨਾ ਕੋਈ ਸਮਾਇੰਦਾ। ਨਾ ਕੋਈ ਐਨਲਹੱਕ ਲਾਏ ਨਾਅਰਾ, ਹੱਕ ਹਕੀਕਤ ਨਾ ਕੋਇ ਜਣਾਇੰਦਾ। ਨਾ ਕੋਈ ਮੁਲਾਂ ਸ਼ੇਖ਼ ਮੁਸਾਇਕ ਪੀਰ ਗੁਪਤ ਜ਼ਾਹਿਰਾ, ਦਸਤਗੀਰ ਨਾ ਕੋਈ ਅਖਵਾਇੰਦਾ। ਨਾ ਕੋਈ ਕਲਮਾ ਅਮਾਮ ਪਾਏ ਸਾਰਾ, ਜਲਵਾ ਨੂਰ ਨਾ ਕੋਈ ਜਗਾਇੰਦਾ। ਨਾ ਕੋਈ ਕਾਗਦ ਕਲਮ ਲਿਖੇ ਬਣ ਬਣ ਲਿਖਾਰਾ, ਗੁਰ ਬਾਣੀ ਭੇਵ ਕੋਈ ਨਾ ਪਾਇੰਦਾ। ਕਲਜੁਗ ਅੰਤਮ ਗੁਰ ਅਰਜਨ ਬਣਿਆ ਇਕ ਵਣਜਾਰਾ, ਸਾਚਾ ਹੱਟ ਖੁਲਾਇੰਦਾ। ਭਰਮੇ ਭੁੱਲਾ ਭਰਮ ਸੰਸਾਰਾ, ਭਰਮ ਗੜ੍ਹ ਨਾ ਕੋਈ ਤੁੜਾਇੰਦਾ। ਚਾਰ ਵਰਨਾਂ ਇਕ ਦਵਾਰਾ, ਗੁਰੂ ਗ੍ਰੰਥ ਗੁਰਮਤ ਏਹ ਸਮਝਾਇੰਦਾ। ਸੰਤ ਭਗਤ ਭਗਵੰਤ ਏਕਾ ਸੁਹਾਇਆ ਘਰ ਸੱਚਾ ਘਰ ਬਾਰਾ, ਦਰ ਏਕਾ ਆਸਣ ਲਾਇੰਦਾ। ਜੋਗ ਜੁਗਤ ਜਗਤ ਨਾ ਕੋਇ ਵਿਚਾਰਾ, ਨਿਉਲੀ ਕਰਮ ਨਾ ਕੋਇ ਕਰਾਇੰਦਾ। ਨਾ ਕੋਈ ਠਰੇ ਠੰਡੀ ਜਲ ਧਾਰਾ, ਤੱਤੀ ਅੱਗ ਨਾ ਕੋਈ ਤਪਾਇੰਦਾ। ਨਾ ਕੋਈ ਜੰਗਲ ਜਾਏ ਜੂਹ ਪਹਾੜਾ, ਬਨਖੰਡ ਨਾ ਕੋਈ ਖੋਜ ਖੁਜਾਇੰਦਾ। ਨਾ ਕੋਈ ਤਨ ਬਿਭੂਤ ਲਗਾਏ ਮਾਰੇ ਨਾਅਰਾ, ਜਟਾ ਜੂਟ ਨਾ ਕੋਈ ਲਗਾਇੰਦਾ। ਨਾ ਕੋਈ ਅਭਿਆਸ ਤਿਆਗ ਵੈਰਾਗ ਕਰੇ ਪਿਆਰਾ, ਏਕਾ ਸ਼ਬਦੀ ਸ਼ਬਦ ਸੁਣਾਇੰਦਾ। ਜੋ ਜਨ ਸਤਿਗੁਰ ਚਰਨ ਢਹਿ ਪਏ ਦੁਵਾਰਾ, ਗੁਰ ਪੂਰਾ ਪਾਰ ਕਰਾਇੰਦਾ। ਕਲਜੁਗ ਅੰਤਮ ਕੂੜ ਕੁੜਿਆਰਾ, ਚਾਰ ਕੁੰਟ ਵੇਸ ਵਟਾਇੰਦਾ। ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਸਤਿਜੁਗ ਸਾਚਾ ਮਾਰਗ ਲਾਇੰਦਾ। ਨੌ ਖੰਡ ਪ੍ਰਿਥਮੀ ਸੁਹਾਏ ਇਕ ਦੁਵਾਰਾ, ਸਾਚੀ ਸਿਖਿਆ ਇਕ ਸਮਝਾਇੰਦਾ। ਹਰਿ ਕਾ ਸ਼ਬਦ ਛੱਤੀ ਰਾਗ ਨਾ ਪਾਇਣ ਸਾਰਾ, ਰਾਗ ਰਾਗਨੀ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਕਰਨੀ ਕਰਤਾ ਹਰਿ ਨਿਰੰਕਾਰ, ਖੇਲੇ ਖੇਲ ਅਗੰਮ ਅਪਾਰ, ਗੁਰਮੁਖ ਸਾਜਣ ਲਏ ਉਭਾਰ, ਆਪ ਆਪਣਾ ਮੇਲ ਮਿਲਾਇੰਦਾ।
