੧੭ ਚੇਤ ੨੦੧੬ ਬਿਕ੍ਰਮੀ ਦਲੀਪ ਸਿੰਘ ਦੇ ਘਰ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਨਾਮ ਦਾਨ ਸਤਿ ਭੰਡਾਰਾ, ਸਤਿਗੁਰ ਹੱਟ ਵਿਕਾਇਆ। ਗੁਰਮੁਖਾਂ ਦੇਵੇ ਕਰ ਪਿਆਰਾ, ਜੁਗ ਜੁਗ ਝੋਲੀ ਪਾਇਆ। ਆਵਣ ਜਾਵਣ ਪਾਰ ਕਿਨਾਰਾ, ਬੇੜਾ ਬੰਨੇ ਲਾਇਆ। ਐਥੇ ਉਥੇ ਦਏ ਸਹਾਰਾ, ਦੋ ਜਹਾਨੀ ਵੇਖ ਵਖਾਇਆ। ਸਾਜਣ ਮੀਤ ਮੀਤ ਮੁਰਾਰਾ, ਪ੍ਰੀਤਮ ਪਿਆਰਾ ਆਪ ਅਖਵਾਇਆ। ਗਾਵਤ ਗਾਏ ਸਰਬ ਸੰਸਾਰਾ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਮੇਲ ਮਿਲਾਇਆ। ਮਿਲਿਆ ਮੇਲਾ ਸਾਚੇ ਘਰ, ਆਤਮ ਘਰ ਸੁਹੰਜਣਾ। ਆਵਣ ਜਾਵਣ ਚੁੱਕਿਆ ਡਰ, ਪਾਇਆ ਪੁਰਖ ਨਿਰੰਜਣਾ। ਆਪਣੀ ਕਿਰਪਾ ਆਪੇ ਕਰ, ਨੇਤਰ ਪਾਏ ਗਿਆਨ ਅੰਜਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਧੂੜੀ ਕਰਾਏ ਮਜਨਾ।
