Granth 08 Likhat 042: 17 Chet 2016 Bikarmi Arur Singh de Ghar Pind Kalla Jila Amritsar

੧੭ ਚੇਤ ੨੦੧੬ ਬਿਕ੍ਰਮੀ ਅਰੂੜ ਸਿੰਘ ਦੇ ਘਰ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਪੁਰਖ ਅਕਾਲ ਏਕਾ ਓਟ, ਹਰਿਜਨ ਵੱਡੀ ਵਡਿਆਈਆ। ਨਾਮ ਭੰਡਾਰਾ ਦਏ ਅਤੋਟ, ਤੋਟ ਰਹੇ ਨਾ ਰਾਈਆ। ਤਨ ਨਗਾਰੇ ਲਾਏ ਚੋਟ, ਆਪਣਾ ਡੌਰੂ ਆਪੇ ਵਾਈਆ। ਜਗਤ ਤ੍ਰਿਸਨਾ ਕੱਢੇ ਖੋਟ, ਆਤਮ ਅੰਤਰ ਇਕ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਇਕ ਰਘੁਰਾਈਆ। ਏਕਾ ਓਟ ਦੀਨ ਦਿਆਲਾ, ਹਰਿਜਨ ਹਰਿ ਹਰਿ ਜਣਾਈਆ। ਆਦਿ ਜੁਗਾਦਿ ਕਰੇ ਪ੍ਰਿਤਪਾਲਾ, ਪ੍ਰਿਤਪਾਲਕ ਆਪ ਅਖਵਾਈਆ। ਦੇਵੇ ਨਾਮ ਸੱਚਾ ਧਨ ਮਾਲਾ, ਨਾਮ ਖ਼ਜ਼ੀਨਾ ਇਕ ਵਖਾਈਆ। ਤੋੜਨਹਾਰਾ ਜਗਤ ਜੰਜਾਲਾ, ਹਰਿਜਨ ਸਾਚੇ ਲਏ ਤਰਾਈਆ। ਕਾਇਆ ਮੰਦਰ ਵੇਖ ਸੱਚੀ ਧਰਮਸਾਲਾ, ਦਰ ਆਪਣਾ ਆਪ ਖੁਲ੍ਹਾਈਆ। ਫਲ ਲਗਾਏ ਸਾਚੇ ਡਾਲ੍ਹਾ, ਅੰਮ੍ਰਿਤ ਆਤਮ ਆਪ ਖਵਾਈਆ। ਚਲੇ ਚਲਾਏ ਅਵੱਲੜੀ ਚਾਲਾ, ਹਰਿਜਨ ਸਾਚੇ ਆਪ ਉਠਾਈਆ। ਸ਼ਬਦੀ ਗੁਰ ਬਣ ਦਲਾਲਾ, ਲੋਕਮਾਤ ਵੇਖ ਵਖਾਈਆ। ਚਰਨ ਰਖਾਏ ਕਾਲ ਮਹਾਂਕਾਲਾ, ਸੇਵਕ ਸੇਵਾ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਏਕਾ ਓਟ ਦੀਨਾਂ ਨਾਥ, ਨਾਥ ਅਨਾਥਾਂ ਆਪ ਤਰਾਇੰਦਾ। ਪੁਰਖ ਅਕਾਲ ਅਗੰਮੜੀ ਗਾਥ, ਧੁਨ ਅਨਾਦੀ ਸ਼ਬਦ ਵਜਾਇੰਦਾ। ਨਾਮ ਚੜ੍ਹਾਏ ਸਾਚੇ ਰਾਥ, ਲੋਆਂ ਪੁਰੀਆਂ ਪਾਰ ਕਰਾਇੰਦਾ। ਲਹਿਣਾ ਦੇਣ ਚੁਕਾਏ ਮਸਤਕ ਮਾਥ, ਲੱਖ ਚੁਰਾਸੀ ਫੋਲ ਫੋਲਾਇੰਦਾ। ਏਕਾ ਪੂਜਾ ਏਕਾ ਪਾਠ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਸਰ ਸਰੋਵਰ ਮਾਰੇ ਠਾਠ, ਅੰਮ੍ਰਿਤ ਧਾਰਾ ਜਲ ਵਹਾਇੰਦਾ। ਏਕਾ ਜਪ ਤਪ ਰਖਾਏ ਹਾਠ, ਚਰਨ ਧਿਆਨ ਇਕ ਜਣਾਇੰਦਾ। ਏਕਾ ਤੀਰਥ ਏਕਾ ਤਾਟ, ਏਕਾ ਘਾਟ ਸੁਹਾਇੰਦਾ। ਜਨ ਭਗਤਾਂ ਖੋਲ੍ਹੇ ਬਜਰ ਕਪਾਟ, ਦੂਈ ਦਵੈਤੀ ਪੜਦਾ ਲਾਹਿੰਦਾ। ਸਚ ਵਣਜਾਰਾ ਵਣਜ ਕਰਾਏ ਸਾਚੇ ਹਾਟ, ਨਾਮ ਕੰਡਾ ਤੋਲ ਤੁਲਾਇੰਦਾ। ਮੇਲ ਮਿਲਾਵਾ ਕਾਇਆ ਖਾਟ, ਆਤਮ ਸੇਜਾ ਆਪ ਸੁਹਾਇੰਦਾ। ਖੇਲੇ ਖੇਲ ਬਾਜ਼ੀਗਰ ਨਾਟ, ਨਟ ਨਟੂਆ ਸਾਂਗ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਏਕਾ ਓਟ ਪੁਰਖ ਅਬਿਨਾਸ਼ਾ, ਹਰਿ ਭਗਤ ਭਗਤ ਵਡਿਆਈਆ। ਕਾਇਆ ਮੰਡਲ ਸਾਚੀ ਪਾਵੇ ਰਾਸਾ, ਆਤਮ ਬ੍ਰਹਮ ਜਣਾਈਆ। ਆਪੇ ਰਵਿਆ ਪਵਣ ਸਵਾਸਾ, ਰਸਨਾ ਜੇਹਵਾ ਆਪ ਚਲਾਈਆ। ਖੇਲੇ ਖੇਲ ਪ੍ਰਿਥਮੀ ਆਕਾਸਾ, ਆਪ ਆਪਣਾ ਰੰਗ ਰੰਗਾਈਆ। ਗੁਰਮੁਖ ਘਰ ਸਾਚੇ ਦਰ ਨਿਜ ਆਤਮ ਕਰੇ ਆਪੇ ਵਾਸਾ, ਦਿਸ ਕਿਸੇ ਨਾ ਆਈਆ। ਪੁਰਖ ਅਕਾਲ ਇਕ ਭਰਵਾਸਾ, ਏਕਾ ਕਰੇ ਪੜ੍ਹਾਈਆ। ਸ਼ਾਹੋ ਭੂਪ ਹਰਿ ਸ਼ਾਹੋ ਸ਼ਾਬਾਸਾ, ਸਚ ਸੁਲਤਾਨ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚਾ ਇਕ ਸੁਹਾਈਆ। ਏਕਾ ਓਟ ਆਦਿ ਨਿਰੰਜਣ, ਹਰਿਜਨ ਆਪ ਰਖਾਇੰਦਾ । ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਭਵਸਾਗਰ ਪਾਰ ਕਰਾਇੰਦਾ। ਨੇਤਰ ਨਾਮ ਪਾਏ ਅੰਜਨ, ਅਗਿਆਨ ਅੰਧੇਰ ਮਿਟਾਇੰਦਾ। ਦੋ ਜਹਾਨੀ ਸਾਚਾ ਸੱਜਣ, ਲੋਕਮਾਤ ਵੇਖ ਵਖਾਇੰਦਾ। ਚਰਨ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਗਵਾਇੰਦਾ। ਕਲਜੁਗ ਅੰਤਮ ਆਇਆ ਪੜਦੇ ਕੱਜਣ, ਜੋਤੀ ਜਾਮਾ ਭੇਖ ਵਟਾਇੰਦਾ। ਗੁਰਮੁਖ ਉਧਾਰੇ ਜਿਉਂ ਨਾਨਕ ਠੱਗ ਸੱਜਣ, ਸਾਚੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਪਾਰ ਕਰਾਇੰਦਾ। ਏਕਾ ਓਟ ਪਾਰਬ੍ਰਹਮ, ਵਰ ਘਰ ਹਰਿ ਹਰਿ ਪਾਇਆ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਖੇਲ ਰਚਾਇਆ। ਨਾਮ ਵਡਿਆਈ ਦਮਾਂ ਦਮ, ਸਵਾਸ ਸਵਾਸੀ ਲੇਖੇ ਲਾਇਆ। ਕਾਰਜ ਕਰਤਾ ਕਰੇ ਆਪਣਾ ਕੰਮ, ਕਰਨੇਹਾਰਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਲਏ ਮਿਲਾਇਆ। ਏਕਾ ਓਟ ਅਕਾਲ ਮੂਰਤ, ਅਕਲ ਕਲਾ ਕਲ ਧਾਰੀਆ। ਨਿਰਗੁਣ ਨੂਰ ਸਾਚੀ ਸੂਰਤ, ਚੱਕਰ ਚਿਹਨ ਨਾ ਕੋਇ ਰਖਾ ਰਿਹਾ। ਹਰਿਜਨ ਆਸਾ ਮਨਸਾ ਪੂਰਤ, ਪੂਰਨ ਆਸਾ ਆਪ ਕਰਾ ਰਿਹਾ। ਆਪੇ ਵਸੇ ਨੇੜੇ ਦੂਰਤ, ਦੂਰ ਨੇੜਾ ਪੰਧ ਚੁਕਾ ਲਿਆ। ਨਾਤਾ ਤੋੜੇ ਕੂੜੋ ਕੂੜਤ, ਸਾਚੀ ਸਿਖਿਆ ਇਕ ਸਮਝਾ ਲਿਆ। ਚਤਰ ਸੁਘੜ ਬਣਾਏ ਮੂਰਖ ਮੂੜ੍ਹਤ, ਜਿਸ ਜਨ ਹਰਿ ਹਰਿ ਰਸਨਾ ਗਾ ਲਿਆ। ਕਾਇਆ ਰੰਗਣ ਰੰਗ ਚਾੜ੍ਹੇ ਗੂੜ੍ਹਤ, ਨਾਮ ਰੰਗਣ ਇਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੱਜਣ ਵੇਖ ਵਖਾ ਲਿਆ। ਏਕਾ ਓਟ ਹਰਿ ਕਰਤਾਰ, ਕਾਦਰ ਕਰਤਾ ਆਪ ਅਖਵਾਈਆ। ਇਕ ਅਕੱਲਾ ਕਰ ਪਸਾਰ, ਲੱਖ ਚੁਰਾਸੀ ਡੇਰਾ ਲਾਈਆ। ਲੱਖ ਚੁਰਾਸੀ ਦਏ ਅਧਾਰ, ਅਨਭਵ ਪਰਕਾਸ਼ ਕਰਾਈਆ। ਆਪ ਉਪਾਏ ਆਪੇ ਲਏ ਸੰਘਾਰ, ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਈਆ। ਬ੍ਰਹਿਮੰਡ ਖੰਡ ਜੇਰਜ ਅੰਡ ਦਏ ਅਧਾਰ, ਉਤਭੁਜ ਸੇਤਜ ਸੰਗ ਨਿਭਾਈਆ। ਮਾਇਆ ਬੰਧਨ ਤੋੜ ਸੰਸਾਰ, ਗੁਰਮੁਖ ਸਾਜਣ ਲਏ ਜਗਾਈਆ। ਆਤਮ ਧੁਨ ਸੱਚੀ ਧੁਨਕਾਰ, ਅਨਹਦ ਰਾਗੀ ਰਾਗ ਸੁਣਾਈਆ। ਪੰਚਮ ਮੇਲਾ ਮੀਤ ਮੁਰਾਰ, ਘਰ ਸਾਚੇ ਵੱਜੀ ਵਧਾਈਆ। ਸਾਚੀ ਸਖੀਆ ਮੰਗਲਚਾਰ, ਏਕਾ ਗੁਣ ਹਰੀ ਹਰਿ ਗਾਈਆ। ਦਰ ਪਾਇਆ ਨਰ ਕੰਤ ਭਤਾਰ, ਸਾਚੀ ਸੇਜ ਸੁਹਾਈਆ। ਨਾਤਾ ਤੁਟਾ ਸਰਬ ਸੰਸਾਰ, ਗੁਰਮੁਖ ਮੇਲਾ ਸਹਿਜ ਸੁਭਾਈਆ। ਥਿਰ ਘਰ ਠਾਂਡਾ ਇਕ ਦਰਬਾਰ, ਸਤਿਗੁਰ ਪੂਰਾ ਵੇਖ ਵਖਾਈਆ। ਕਮਲਾਪਾਤੀ ਜੋਤ ਉਜਿਆਰ, ਨਿਰਗੁਣ ਬੈਠਾ ਆਸਣ ਲਾਈਆ। ਆਦਿ ਜੁਗਾਦੀ ਮੀਤ ਮੁਰਾਰ, ਜੁਗ ਜੁਗ ਵਿਛੜ ਨਾ ਜਾਈਆ। ਜਨ ਭਗਤਾਂ ਦੇਵੇ ਨਾਮ ਭੰਡਾਰ, ਭਗਤ ਭਗਤੀ ਵੇਖ ਵਖਾਈਆ। ਬਸਤਰ ਗਹਿਣਾ ਤਨ ਸ਼ੰਗਾਰ, ਨਾਮ ਅਮੋਲਾ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਰੰਗੇ ਕਾਇਆ ਚੋਲਾ ਰੰਗ ਮਜੀਠੀ ਇਕ ਚੜ੍ਹਾਈਆ। ਏਕਾ ਓਟ ਚਰਨ ਭਰਵਾਸਾ, ਹਰਿਜਨ ਆਪ ਰਖਾਇੰਦਾ। ਦਰਗਹਿ ਸਾਚੀ ਦਏ ਦਲਾਸਾ, ਥਿਰ ਘਰ ਮੇਲ ਮਿਲਾਇੰਦਾ। ਆਦਿ ਅੰਤ ਨਾ ਕਦੇ ਵਿਨਾਸਾ, ਪੁਰਖ ਅਬਿਨਾਸ਼ੀ ਆਪ ਅਖਵਾਇੰਦਾ। ਖੇਲਣਹਾਰਾ ਖੇਲੇ ਖੇਲ ਤਮਾਸ਼ਾ, ਖ਼ਾਲਕ ਖ਼ਲਕ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਆਪ ਆਪਣਾ ਲੜ ਫੜਾਇੰਦਾ। ਗੁਰਸਿਖ ਲੜ ਲੈਣਾ ਫੜ, ਹਰਿ ਸ਼ਬਦ ਵੱਡੀ ਵਡਿਆਈਆ। ਡੂੰਘੀ ਭਵਰੀ ਕਾਇਆ ਕਵਰੀ ਉਪਰ ਜਾਣਾ ਚੜ੍ਹ, ਆਪ ਆਪਣੀ ਲਏ ਅੰਗੜਾਈਆ। ਪੰਜ ਵਿਕਾਰਾ ਜਾਏ ਸੜ, ਅਗਨੀ ਤੱਤ ਰਹਿਣ ਨਾ ਪਾਈਆ। ਏਕਾ ਅੱਖਰ ਲੈਣਾ ਪੜ੍ਹ, ਆਪਣੀ ਅੱਖ ਆਪ ਖੁਲ੍ਹਾਈਆ। ਕਿਲਾ ਤੋੜ ਹੰਕਾਰੀ ਗੜ੍ਹ, ਕੂੜੀ ਕਿਰਿਆ ਦਏ ਮਿਟਾਈਆ। ਸਰ ਸਰੋਵਰ ਨਹੌਣਾ ਵੜ, ਕਾਗ ਹੰਸ ਵਡਿਆਈਆ। ਬਜਰ ਕਪਾਟੀ ਉਖੇੜ ਜੜ, ਆਪਣਾ ਥਾਨ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ, ਕਾਇਆ ਮੰਦਰ ਖੋਲ੍ਹੇ ਦਰ, ਮਹੱਲ ਅਟੱਲ ਉਚ ਮਨਾਰ, ਨਿਰਗੁਣ ਰੂਪ ਆਪ ਕਰਤਾਰ। ਆਤਮ ਸੇਜਾ ਸਚ ਸਿੰਘਾਸਣ ਹੋ ਉਜਿਆਰ, ਨਾਰੀ ਕੰਤ ਕੰਤ ਭਤਾਰ, ਸੰਤ ਭਗਵੰਤ ਇਕ ਦਵਾਰ, ਦਰ ਦਰਵਾਜਾ ਗਰੀਬ ਨਿਵਾਜਾ ਤਖ਼ਤ ਸੁਲਤਾਨੀ ਰਾਜਨ ਰਾਜਾ, ਆਪ ਆਪਣਾ ਰਿਹਾ ਖੁਲ੍ਹਾਈਆ। ਜੁਗ ਵਿਛੜੇ ਜਗ ਮਾਰੇ ਵਾਜਾਂ, ਸੋਈ ਸੁਰਤੀ ਰਹੀ ਉਠਾਈਆ। ਨਾਮ ਸਤਿ ਸਤਿਨਾਮ ਚਲਾਏ ਸਚ ਜਹਾਜ਼ਾ, ਵਾਹਿਗੁਰੂ ਗੁਰੂ ਗੁਰ ਫਤਿਹ ਗਜਾਈਆ। ਅੰਤਮ ਖੇਲੇ ਖੇਲ ਦੇਸ ਮਾਝਾ, ਹਰਿ ਗੋਬਿੰਦ ਲੇਖ ਚੁਕਾਈਆ। ਅਸਵ ਘੋੜਾ ਏਕਾ ਤਾਜਾ, ਆਪ ਆਪਣਾ ਰਿਹਾ ਦੌੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਆਪੇ ਕਰ, ਕਰ ਕਿਰਪਾ ਮੇਲ ਮਿਲਾਈਆ।