Granth 07 Likhat 132: 14 Maghar 2015 Bikarmi Harbans Singh de Ghar Pind Thikri Chhana Jila Karnal

੧੪ ਮੱਘਰ ੨੦੧੫ ਬਿਕ੍ਰਮੀ ਹਰਬੰਸ ਸਿੰਘ ਦੇ ਘਰ ਪਿੰਡ ਠੀਕਰੀ ਛੰਨਾ ਜ਼ਿਲਾ ਕਰਨਾਲ

ਬ੍ਰਹਿਮੰਡ ਖੰਡ ਹਰਿ ਵਰਤਾਰ, ਏਕਾ ਏਕ ਸਮਾਇਆ। ਜੇਰਜ ਅੰਡ ਪਾਵੇ ਸਾਰ, ਲੱਖ ਚੁਰਾਸੀ ਡੇਰਾ ਲਾਇਆ। ਵੰਡੇ ਵੰਡ ਧੁਰ ਕਰਤਾਰ, ਏਕਾ ਦ੍ਰਿਸ਼ਟ ਸ਼ਬਦ ਰਖਾਇਆ। ਭੇਖ ਪਖੰਡਾ ਦਏ ਨਿਵਾਰ, ਜੁਗ ਜੁਗ ਵੇਸ ਵਟਾਇਆ। ਮੰਦਰ ਸਾਚੇ ਬੰਕ ਦਵਾਰ, ਹਰਿ ਸੱਜਣ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਆ। ਠਾਂਡਾ ਦਰ ਧੁਰ ਦਰਬਾਰ, ਏਕਾ ਪੁਰਖ ਅਕਾਲਿਆ। ਗੁਰਮੁਖਾਂ ਮੇਲਾ ਮੀਤ ਮੁਰਾਰ, ਸੋਹੇ ਦਰ ਸੱਚੀ ਧਰਮਸਾਲਿਆ। ਨਿਰਗੁਣ ਜੋਤੀ ਕਰ ਉਜਿਆਰ, ਦਿਵਸ ਰੈਣ ਕਰੇ ਪ੍ਰਿਤਪਾਲਿਆ। ਦੇਵੇ ਨਾਮ ਅਤੁਟ ਭੰਡਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬਿਰਧ ਸਮਾਲਿਆ। ਗੁਰਮੁਖ ਸਾਜਣ ਹਰਿ ਹਰਿ ਰੰਗ, ਆਤਮ ਬ੍ਰਹਮ ਜਣਾਈਆ। ਦਰ ਦਵਾਰਾ ਏਕਾ ਮੰਗ, ਏਕਾ ਭਿਛਿਆ ਝੋਲੀ ਪਾਈਆ। ਕਾਇਆ ਚੋਲੀ ਚਾੜ੍ਹੇ ਰੰਗ, ਉਤਰ ਕਦੇ ਨਾ ਜਾਈਆ। ਚਰਨ ਧੂੜ ਨੁਹਾਏ ਸਾਚੀ ਗੰਗ, ਦੀਨ ਦਿਆਲ ਵੱਡੀ ਵਡਿਆਈਆ। ਤਾਲ ਤਲਵਾੜਾ ਵਜਾਏ ਮਰਦੰਗ, ਲੋਆਂ ਪੁਰੀਆਂ ਆਪ ਸੁਣਾਈਆ। ਆਪਣਾ ਦਰ ਆਪੇ ਲੰਘ, ਆਪੇ ਮੁਖ ਵਖਾਈਆ। ਆਤਮ ਸੇਜਾ ਸਤਿ ਪਲੰਘ, ਹਰਿ ਬੈਠਾ ਆਸਣ ਲਾਈਆ। ਅੰਮ੍ਰਿਤ ਧਾਰਾ ਵਹੇ ਗੰਗ, ਏਕਾ ਧਾਰ ਚਲਾਈਆ। ਗ਼ਰੀਬ ਨਿਮਾਣਿਆਂ ਕੱਟਣਹਾਰਾ ਭੁੱਖ ਨੰਗ, ਸਿਰ ਸਿਰ ਹੱਥ ਟਿਕਾਈਆ। ਆਪ ਲਗਾਏ ਆਪਣੇ ਅੰਗ, ਜਿਉਂ ਅੰਗਦ ਅੰਗ ਨਾਨਕ ਸਮਾਈਆ। ਸਦਾ ਸੁਹੇਲਾ ਵਸੇ ਸੰਗ, ਵਿਛੜ ਕਦੇ ਨਾ ਜਾਈਆ। ਅਸਵ ਘੋੜੇ ਕਸੇ ਤੰਗ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੱਜਣ ਮੇਲਾ ਸਾਚਾ ਦਰ, ਗੁਰਮੁਖ ਸਾਚਾ ਵੇਖ ਵਖਾਈਆ। ਹਰਿ ਸੱਜਣ ਹਰਿ ਪਾਇਆ, ਪਾਰਬ੍ਰਹਮ ਕਰਤਾਰ। ਏਕਾ ਦੂਜਾ ਭੇਵ ਚੁਕਾਇਆ, ਵਿਛੜਿਆ ਸੰਸਾਰ। ਦਰ ਦਰਵੇਸ਼ਾ ਵੇਖ ਵਖਾਇਆ, ਸ਼ਾਹ ਸੁਲਤਾਨਾ ਲਏ ਆਧਾਰ। ਗੁਰਮੁਖ ਸਾਚੇ ਆਪ ਜਗਾਇਆ, ਆਪ ਆਪਣੀ ਕਿਰਪਾ ਧਾਰ। ਅੰਤਰ ਆਤਮ ਵੇਖ ਵਖਾਇਆ, ਡੂੰਘੀ ਭਵਰੀ ਹੋ ਉਜਿਆਰ। ਸਵਛ ਸਰੂਪੀ ਦਰਸ ਦਿਖਾਇਆ, ਪੁਰਖ ਅਗੰਮ ਅਗੰਮੜੀ ਕਾਰ। ਨਾਮ ਵੱਥ ਝੋਲੀ ਪਾਇਆ, ਅਤੁਟ ਭਰੇ ਭੰਡਾਰ। ਸਾਚਾ ਰਥ ਆਪ ਚੜ੍ਹਾਇਆ, ਆਪ ਚਲਾਏ ਵਿਚ ਸੰਸਾਰ। ਮਹਿਮਾ ਅਕਥਨਾ ਅਕਥ ਰਖਾਇਆ, ਕਥਨੀ ਕਥ ਕਥ ਗਈ ਹਾਰ। ਸਮਰਥ ਪੁਰਖ ਹੱਥ ਵਡਿਆਇਆ, ਗ਼ਰੀਬ ਨਿਮਾਣੇ ਜਾਏ ਤਾਰ। ਜੋ ਜਨ ਰਹੇ ਸਰਨਾਇਆ, ਲੱਖ ਚੁਰਾਸੀ ਉਤਰੇ ਪਾਰ। ਸ਼ਾਹੋ ਸ਼ਾਬਾਸ਼ ਮੇਲ ਮਿਲਾਇਆ, ਜੋਤ ਪ੍ਰਕਾਸ਼ ਦੀਪ ਉਜਿਆਰ। ਰਸਨ ਸਵਾਸੀ ਲੇਖੇ ਲਾਇਆ, ਜੋ ਜਨ ਹਰਿ ਹਰਿ ਰਹੇ ਉਚਾਰ। ਮਦਿਰਾ ਮਾਸੀ ਦਏ ਸਜਾਇਆ, ਸ਼ਬਦ ਖੰਡਾਂ ਤੇਜ ਕਟਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਾਏ ਪਾਰ। ਸਾਰ ਸਮਾਲੇ ਦਿਵਸ ਰਾਤ, ਹਰਿਜਨ ਵੱਡੀ ਵਡਿਆਈਆ। ਆਪਣੇ ਮੰਦਰ ਆਪੇ ਖੋਲ੍ਹੇ ਤਾਕ, ਵਡ ਦਾਤਾ ਬੇਪਰਵਾਹੀਆ । ਉਚ ਮਹੱਲੇ ਰਿਹਾ ਝਾਕ, ਦਿਸ ਕਿਸੇ ਨਾ ਆਈਆ। ਆਪੇ ਜਾਣੇ ਭਵਿਖਤ ਵਾਕ, ਲਿਖਿਆ ਲੇਖਾ ਨਾ ਕੋਈ ਮਿਟਾਈਆ। ਭਗਤ ਸੁਹੇਲਾ ਸੱਜਣ ਸਾਕ, ਆਪ ਆਪਣਾ ਬੰਧਨ ਪਾਈਆ। ਦੋ ਜਹਾਨਾਂ ਪਾਕੀ ਪਾਕ, ਪਤਿਤ ਪੁਨੀਤ ਆਪ ਕਰਾਈਆ। ਲੇਖੇ ਲਾਏ ਤਨ ਮਾਟੀ ਖ਼ਾਕ, ਜੋ ਜਨ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਮੰਗਲ ਇਕ ਸੁਣਾਈਆ। ਘਰ ਮੰਗਲਾਚਾਰ ਸਾਚੇ ਦਰ, ਆਤਮ ਵੱਜੇ ਵਧਾਈਆ। ਮੇਲ ਮਿਲਾਵਾ ਹਰੀ ਹਰਿ, ਏਕਾ ਬੰਕ ਸੁਹਾਈਆ। ਆਪਣੀ ਕਿਰਪਾ ਆਪੇ ਕਰ, ਆਪੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਠਾਈਆ। ਗੁਰਮੁਖ ਸਾਚੇ ਆਪ ਉਠਾਲ, ਆਪਣਾ ਰੰਗ ਰੰਗਾਇੰਦਾ। ਇਕ ਚਲਾਏ ਧਰਮ ਸੱਚੀ ਧਰਮਸਾਲ, ਕਾਇਆ ਗੜ੍ਹ ਸੁਹਾਇੰਦਾ। ਜੋਤ ਨਿਰੰਜਣ ਕਰ ਰੁਸ਼ਨਾਈ, ਅਗਿਆਨ ਅੰਧੇਰ ਮਿਟਾਇੰਦਾ। ਦੇਵੇ ਨਾਮ ਸੱਚਾ ਧਨ ਮਾਲ, ਸਚ ਖ਼ਜ਼ਾਨਾ ਆਪ ਵਰਤਾਇੰਦਾ। ਤੋੜਣਹਾਰਾ ਜਗਤ ਜੰਜਾਲ, ਹਉਮੇ ਰੋਗ ਕਟਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲ, ਹਰ ਘਟ ਬੈਠਾ ਵੇਖ ਵਖਾਇੰਦਾ। ਆਪ ਆਪਣੇ ਆਪੇ ਭਾਲ, ਜੁਗ ਜੁਗ ਮੇਲ ਮਿਲਾਇੰਦਾ। ਆਦਿ ਜੁਗਾਦਿ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਇੰਦਾ। ਸ਼ਬਦ ਵਜਾਏ ਅਨਾਦੀ ਤਾਲ, ਧੁਰ ਦਰਬਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚਾ ਵੇਖ ਵਖਾਇੰਦਾ। ਵੇਖਣਹਾਰਾ ਨਿਤ ਨਵਿਤ, ਏਕਾ ਏਕੰਕਾਰਿਆ। ਜਿਸ ਜਨ ਹਰਿ ਹਰਿ ਰੱਖਿਆ ਚਿੱਤ, ਦੇਵੇ ਦਰਸ ਅਗੰਮ ਅਪਾਰਿਆ। ਖੇਲੇ ਖੇਲ ਨਿਤ ਨਵਿਤ, ਆਦਿਨ ਅੰਤਾ ਗੁਰ ਅਵਤਾਰਿਆ। ਆਪੇ ਜਾਣੇ ਆਪਣੀ ਥਿਤ, ਦੂਸਰ ਭੇਵ ਨਾ ਕੋਈ ਰਖਾ ਰਿਹਾ। ਸ੍ਰਿਸ਼ਟ ਸਬਾਈ ਮਾਤ ਪਿਤ, ਪਿਤਾ ਪੂਤ ਡੇਰਾ ਲਾ ਰਿਹਾ। ਲੱਖ ਚੁਰਾਸੀ ਆਪੇ ਜਿਤ, ਗੁਰਮੁਖ ਸੰਗ ਨਿਭਾ ਰਿਹਾ। ਕਰੇ ਕਰਾਏ ਸਾਚਾ ਹਿੱਤ, ਘਰ ਸੱਜਣ ਡੇਰਾ ਲਾ ਲਿਆ। ਧਾਮ ਵਖਾਏ ਇਕ ਅਨਡਿਠ, ਦਰਗਹਿ ਸਾਚੀ ਆਪ ਟਿਕਾ ਰਿਹਾ। ਮਨਮੁਖਾਂ ਸੁੱਤਾ ਦੇ ਕਰ ਪਿੱਠ, ਦਿਸ ਕਿਸੇ ਨਾ ਆ ਰਿਹਾ। ਗੁਰਮੁਖਾਂ ਰੱਖੇ ਸਾਇਆ ਹੇਠ, ਆਪ ਆਪਣਾ ਬਿਰਧ ਸਮਾ ਰਿਹਾ। ਕਲਜੁਗ ਅਗਨੀ ਤਪੇ ਜੇਠ, ਹਾੜ ਤੱਤੀ ਵਾ ਆਪ ਲਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਏਕਾ ਪੱਲਾ ਨਾਮ ਫੜਾ ਰਿਹਾ। ਪੱਲਾ ਨਾਮ ਗੁਰਸਿਖ ਫੜ, ਏਕਾ ਲਾਲ ਪਛਾਣਿਆ। ਸਾਚੇ ਮੰਦਰ ਗਿਆ ਚੜ੍ਹ, ਛੁਟਾ ਆਵਣ ਜਾਣਿਆ। ਕਿਲਾ ਕੋਟ ਮਿਲਿਆ ਸਾਚਾ ਗੜ੍ਹ, ਵੇਸ ਵਟਾਏ ਸ੍ਰੀ ਭਗਵਾਨਿਆ। ਪੁਰਖ ਅਬਿਨਾਸ਼ੀ ਅੱਗੇ ਖੜ੍ਹ, ਮੇਲ ਮਿਲਾਏ ਦੋ ਜਹਾਨਿਆ। ਏਕਾ ਅੱਖਰ ਰਿਹਾ ਪੜ੍ਹ, ਸੋ ਪੁਰਖ ਨਿਰੰਜਣ ਵਡ ਵਿਦਵਾਨਿਆ। ਹੰ ਹੰਗਤਾ ਜਾਏ ਸੜ, ਜਿਸ ਪਾਇਆ ਪਦ ਨਿਰਬਾਣਿਆ। ਆਪਣਾ ਘਾੜਣ ਆਪੇ ਘੜ੍ਹ, ਆਪੇ ਵੇਖੇ ਸ਼ਾਹ ਸੁਲਤਾਨਿਆ। ਆਪੇ ਲਾਵਣਹਾਰਾ ਜੜ, ਫੁਲ ਫੁਲਵਾੜੀ ਆਪ ਖਿਲਾਨਿਆ। ਗੁਰਮੁਖ ਸੱਜਣ ਸਾਚੇ ਆਪ ਆਪਣੇ ਦਰ ਬਹਾਨਿਆ। ਵੇਖ ਵਖਾਣੇ ਨਾੜੀ ਨੜ, ਪੰਜ ਤਤ ਕਰੇ ਪਰਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਸ਼ਬਦ ਧੁਰ ਫ਼ਰਮਾਣਿਆ। ਧੁਰ ਫ਼ਰਮਾਣਾ ਸ਼ਬਦੀ ਧਾਰ, ਹਰਿ ਹਰਿ ਆਪ ਉਪਾਈਆ। ਚਰਨ ਕਵਲ ਬਖ਼ਸ਼ੇ ਇਕ ਪਿਆਰ, ਏਕਾ ਦਰ ਬੁਝਾਈਆ। ਸਤਿ ਸੁਤ ਸੁਤ ਦੁਲਾਰ, ਪੂਤ ਸਪੂਤਾ ਮੇਲ ਮਿਲਾਈਆ। ਅਬਿਨਾਸ਼ੀ ਅਚੁੱਤ ਖੇਲ ਅਪਾਰ, ਖੇਲਣਹਾਰ ਦਿਸ ਨਾ ਆਈਆ। ਰੁੱਤ ਬਸੰਤ ਜਗਤ ਬਹਾਰ, ਫੂਲਣ ਬਰਖ਼ਾ ਆਪੇ ਲਾਈਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਵੱਡੀ ਵਡਿਆਈਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਸਗਲਾ ਸੰਗ ਨਿਭਾਈਆ। ਬਾਲ ਅਞਾਣੇ ਆਪ ਉਭਾਰ, ਆਪਣੀ ਬੂਝ ਬੁਝਾਈਆ। ਨੇਤਰ ਲੋਚਣ ਇਕ ਦਵਾਰ, ਏਕਾ ਦਰਸ ਦਿਖਾਈਆ । ਆਪ ਆਪਣਾ ਆਪੇ ਵਾਰ, ਆਪੇ ਭੇਟ ਚੜ੍ਹਾਈਆ। ਆਪੇ ਵਸਿਆ ਸਚ ਦਰਬਾਰ, ਸਚਖੰਡ ਦਵਾਰਾ ਇਕ ਸੁਹਾਈਆ। ਥਿਰ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਸੇਜ ਵਿਛਾਈਆ। ਨਿਰਗੁਣ ਜੋਤੀ ਕਰ ਉਜਿਆਰ, ਰੂਪ ਅਨੂਪ ਸਮਾਈਆ। ਸਾਚੀ ਚੋਟੀ ਚੜ੍ਹ ਸਰਕਾਰ, ਆਦਿ ਅੰਤ ਆਪ ਅਖਵਾਈਆ। ਲੋਕਮਾਤੀ ਕਰ ਉਜਿਆਰ, ਜੁਗ ਜੁਗ ਆਪਣੀ ਜੋਤ ਕਰੇ ਰੁਸ਼ਨਾਈਆ। ਕਲਜੁਗ ਅੰਤਮ ਪਾਵੇ ਸਾਰ, ਲੱਖ ਚੁਰਾਸੀ ਫੋਲ ਫੁਲਾਈਆ। ਗੁਰਮੁਖ ਮੇਲਾ ਚਰਨ ਦਵਾਰ, ਮਨਮੁਖਾਂ ਦਏ ਸਜਾਈਆ। ਸੰਮਤੀ ਸੰਮਤ ਮਾਰੇ ਮਾਰ, ਆਦਿ ਜੁਗਾਦੀ ਵਡ ਵਡਿਆਈਆ। ਅਗੰਮ ਅਗੰਮੀ ਜੋਤ ਨਿਰੰਕਾਰ, ਨਿਰਵੈਰ ਰੂਪ ਆਪ ਹੋ ਜਾਈਆ। ਬ੍ਰਹਿਮੰਡ ਖੰਡ ਕਰੇ ਖ਼ਬਰਦਾਰ, ਸੰਤ ਸੁਹੇਲੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਦਰ, ਦਰ ਮੰਦਰ ਇਕ ਸੁਹਾਈਆ। ਦਰ ਮੰਦਰ ਹਰਿ ਨਿਰੰਕਾਰ, ਏਕਾ ਏਕ ਪਛਾਣਿਆ। ਨਿਰਗੁਣ ਸਰਗੁਣ ਦਏ ਆਧਾਰ, ਏਕਾ ਭੂਪ ਵਖਾਨਿਆ। ਚਾਰੋਂ ਕੁੰਟ ਹੋ ਤਿਆਰ, ਸਤਿ ਸਰੂਪ ਫੇਰਾ ਪਾਨਿਆ। ਜੂਠ ਝੂਠ ਮਾਰੇ ਮਾਰ, ਸ਼ਬਦ ਖੰਡਾ ਤੇਜ ਆਪਣੇ ਹੱਥ ਉਠਾਨਿਆ। ਮਾਇਆ ਮਮਤਾ ਮੋਹ ਤੋੜ ਹੰਕਾਰ, ਹਰਿਜਨ ਦੇਵੇ ਆਤਮ ਬ੍ਰਹਮ ਗਿਆਨਿਆ। ਅੰਮ੍ਰਿਤ ਆਤਮ ਠੰਡੀ ਠਾਰ, ਨਿਝਰ ਝਿਰਨਾ ਕਵਲ ਝਿਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਦਰ, ਘਰ ਮੰਦਰ ਇਕ ਪਛਾਣਿਆ। ਘਰ ਮੰਦਰ ਹਰਿ ਸਾਚਾ ਡੇਰਾ, ਸਗਲਾ ਸੰਗ ਨਿਭਾਈਆ। ਆਪੇ ਵਸਿਆ ਨੇਰਨ ਨੇਰਾ, ਨੇੜ ਦੂਰ ਨਾ ਕੋਈ ਦਿਸਾਈਆ। ਇਕ ਕਰਾਏ ਸੰਞ ਸਵੇਰਾ, ਅੰਧ ਅੰਧੇਰਾ ਰਹਿਣ ਨਾ ਪਾਈਆ। ਬੰਨਣਹਾਰਾ ਜੁਗ ਜੁਗ ਬੇੜਾ, ਪਾਰਬ੍ਰਹਮ ਆਪ ਹੋ ਜਾਈਆ। ਵਸੇ ਕਾਇਆ ਨਗਰ ਖੇੜਾ, ਹਰਿ ਮਿਲਿਆ ਬੇਪਰਵਾਹੀਆ। ਪੰਚ ਵਿਕਾਰ ਦੇਵੇ ਗੇੜਾ, ਉਲਟੀ ਲੱਠ ਗਿੜਾਈਆ। ਅੰਤਮ ਕਰੇ ਹੱਕ ਨਿਬੇੜਾ, ਮਾਨਸ ਜਨਮ ਲੇਖੇ ਲਾਈਆ। ਧਰਮ ਰਾਏ ਖੁਲ੍ਹਾ ਵੇਹੜਾ, ਏਕਾ ਦਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਬੰਸ ਅੰਸ ਸਹੰਸ ਰੂਪ ਆਪ ਦਰਸਾਈਆ।