Granth 11 Likhat 161: 21 Chet 2019 Bikarmi Saudagar Singh de Greh Thikri Channa Jila Karnal

੨੧ ਚੇਤ ੨੦੧੯ ਬਿਕ੍ਰਮੀ ਸੌਦਾਗਰ ਸਿੰਘ ਦੇ ਗ੍ਰਹਿ ਠੀਕਰੀ ਛੰਨਾ ਜ਼ਿਲਾ ਕਰਨਾਲ

ਦਰ ਦਰਵੇਸ਼ ਤੀਰਥ ਤਟ, ਆਪਣੀ ਦਰਦ ਰਹੇ ਜਣਾਈਆ। ਪੁਰਖ ਅਬਿਨਾਸ਼ੀ ਮੈਲ ਕੱਟ, ਸਗਲਾ ਸੰਗ ਨਾ ਕੋਇ ਨਿਭਾਈਆ। ਕੂੜ ਕੁੜਿਆਰਾ ਰੱਖਿਆ ਹੱਟ, ਸਤਿ ਅਸਤਿ ਹੋਈ ਲੜਾਈਆ। ਨਵ ਨੌਂ ਖੇੜਾ ਦਿਸੇ ਭੱਠ, ਸਾਚੇ ਗ੍ਰਹਿ ਨਾ ਵਡਿਆਈਆ। ਮਨ ਵਾਸਨਾ ਸ੍ਰਿਸ਼ਟ ਸਬਾਈ ਰਹੀ ਨੱਠ, ਆਤਮ ਤ੍ਰਿਪਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਕਿਰਪਾ ਕਰ ਗੁਣ ਨਿਧਾਨ, ਗੁਣ ਅਵਗੁਣ ਨਾ ਕੋਇ ਵਡਿਆਈਆ। ਸ਼ਾਹ ਪਾਤਸ਼ਾਹ ਤੂੰ ਸਚ ਸੁਲਤਾਨ, ਤਖ਼ਤ ਨਿਵਾਸੀ ਬੇਪਰਵਾਹੀਆ। ਸਦਾ ਸੁਹੇਲਾ ਇਕ ਇਕੇਲਾ ਦੇਵਣਹਾਰਾ ਦਾਨ, ਦਾਤਾ ਦਾਨੀ ਇਕ ਅਖਵਾਈਆ। ਨੇਤਰ ਪੇਖਿਆ ਦੋ ਜਹਾਨ, ਪੇਖ ਪੇਖ ਨੈਣ ਰਹੇ ਸ਼ਰਮਾਈਆ। ਧਰਤੀ ਧਵਲ ਨਾ ਮਿਲੇ ਮਾਣ, ਧਰਨੀ ਧੂੜੀ ਖ਼ਾਕ ਖ਼ਾਕ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਦੇ ਵਰ ਸਚ ਭਗਵਾਨ, ਤੇਰੇ ਅੱਗੇ ਇਕ ਅਰਜ਼ੋਈਆ। ਸਾਡਾ ਮਿਟਦਾ ਜਾਏ ਨਿਸ਼ਾਨ, ਨਿਸ਼ਾਨਾ ਮਾਤ ਨਾ ਕੋਇ ਝੁਲਾਈਆ। ਸਾਧ ਸੰਤ ਕਲਜੁਗ ਜੰਤ ਹੋਏ ਬੇਈਮਾਨ, ਸਾਚੀ ਸ਼ਰਅ ਨਾ ਕੋਇ ਵਡਿਆਈਆ । ਕੂੜੀ ਕਿਰਿਆ ਕਰ ਇਸ਼ਨਾਨ, ਦੁਰਮਤ ਮੈਲ ਨਾ ਕੋਇ ਧੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਖਾਲੀ ਝੋਲੀ ਰਹੇ ਵਖਾਈਆ। ਖਾਲੀ ਝੋਲੀ ਕਲਜੁਗ ਅੰਤ, ਵਸਤ ਕੋਇ ਨਜ਼ਰ ਨਾ ਆਈਆ। ਤੇਰੀ ਮਹਿਮਾ ਪ੍ਰਭ ਬੇਅੰਤ, ਬੇਅੰਤ ਤੇਰੀ ਵਡਿਆਈਆ। ਗੜ੍ਹ ਤੁੱਟਾ ਹਉਮੇ ਹੰਗਤ, ਸਾਡੀ ਚਲੇ ਨਾ ਕੋਇ ਚਤੁਰਾਈਆ। ਅਠਸਠ ਭੁੱਖ ਨੰਗਤ, ਸਾਚਾ ਨਾਮ ਧਨ ਹੱਥ ਨਾ ਕੋਇ ਫੜਾਈਆ। ਤਟ ਕਿਨਾਰਾ ਖੰਡਰ ਖੰਡਤ, ਡੂੰਘੀ ਭਵਰ ਰਿਹਾ ਦਰਸਾਈਆ। ਗਿਆਨ ਬੋਧਾ ਨਜ਼ਰ ਨਾ ਆਏ ਕੋਇ ਪੰਡਤ, ਪਿੰਡੀ ਪਿੰਡ ਨਾ ਕੋਇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਅੱਗੇ ਮੰਗ ਮੰਗਾਈਆ। ਤੁਧ ਅੱਗੇ ਸਰਬ ਅਰਦਾਸ, ਨਿਉਂ ਨਿਉਂ ਸੀਸ ਝੁਕਾਇਆ। ਸਚ ਵਸਤ ਨਾ ਕਿਸੇ ਪਾਸ, ਖਾਲੀ ਹੱਥ ਰਹੇ ਵਖਾਇਆ। ਕਲਜੁਗ ਅੰਤਮ ਹੋਣਾ ਨਾਸ, ਜਿਤ ਨਜ਼ਰ ਕੋਇ ਨਾ ਆਇਆ। ਕਰੇ ਨਾ ਕੋਇ ਬੰਦ ਖੁਲਾਸ, ਬੰਦੀਖਾਨਾ ਨਾ ਕੋਇ ਤੁੜਾਇਆ। ਸ਼ਿਵ ਜੀ ਨਜ਼ਰ ਨਾ ਆਏ ਉਪਰ ਕੈਲਾਸ, ਕੇਸ਼ਵ ਤੇਰਾ ਭੇਵ ਕੋਇ ਨਾ ਪਾਇਆ। ਜੁਗ ਚੌਕੜੀ ਰੱਖਦੇ ਰਹੇ ਤੇਰੀ ਆਸ, ਨੇਤਰ ਨੈਣ ਉਠਾਈਆ। ਅੰਤ ਬੁਝਾਏ ਨਾ ਕੋਈ ਪਿਆਸ, ਤ੍ਰਿਸਨਾ ਜਗਤ ਨਾ ਕੋਈ ਮਿਟਾਇਆ। ਬਿਨ ਤੇਰੇ ਹੋਏ ਨਿਰਾਸ, ਆਸਾ ਪੂਰ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨਾਂ ਓਟ ਰਖਾਇਆ। ਤੇਰੇ ਚਰਨਾਂ ਇਕੋ ਓਟ ਦੋਏ ਜੋੜ ਜੋੜ ਨਿਮਸਕਾਰ। ਜਨਮ ਜਨਮ ਦਾ ਕੱਟ ਖੋਟ, ਦੁਰਮਤ ਮੈਲ ਮੈਲ ਉਤਾਰ। ਇਕ ਲਗੌਣੀ ਸਾਚੀ ਚੋਟ, ਸਾਚਾ ਨਾਮ ਜੈ ਜੈਕਾਰ। ਇਕ ਭੰਡਾਰਾ ਦੇਣਾ ਅਤੋਟ, ਨਿਖੁਟ ਨਾ ਜਾਏ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਬਣੀਏ ਅੰਤ ਭਿਖਾਰ। ਬਣੇ ਭਿਖਾਰੀ ਦਰ ਦਰਵੇਸ, ਅਲਫ਼ੀ ਨਜ਼ਰ ਕੋਇ ਨਾ ਆਈਆ। ਤੀਰਥ ਤਟ ਖੁਲ੍ਹੜੇ ਕੇਸ, ਮੀਢੀਂ ਸੀਸ ਨਾ ਕੋਇ ਗੁੰਦਾਈਆ। ਕਲਜੁਗ ਅੰਤ ਚਲੇ ਨਾ ਕੋਇ ਪੇਸ਼, ਚਾਰ ਜੁਗ ਦਾ ਪੇਸ਼ਾ ਰਹਿਣ ਨਾ ਪਾਈਆ। ਨਾ ਕੋਈ ਸਹਾਈ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਗਣੇਸ਼, ਗਣਪਤ ਸੰਗ ਨਾ ਕੋਇ ਨਿਭਾਈਆ। ਨਵ ਨੌਂ ਖਾਲੀ ਦਿਸੇ ਦੇਸ, ਚਾਰ ਚਾਰ ਨਾ ਕੋਇ ਸ਼ਨਵਾਈਆ। ਨਜ਼ਰ ਨਾ ਆਏ ਬਾਸ਼ਕ ਸ਼ੇਸ਼, ਸਾਂਗੋ ਪਾਂਗ ਨਾ ਕੋਇ ਵਖਾਈਆ। ਅੰਤ ਕਰੇ ਨਾ ਕੋਈ ਹੇਤ, ਬੈਠੇ ਮੁਖ ਭੁਵਾਈਆ। ਤੀਰਥ ਤਟ ਕਿਨਾਰਾ ਸੁੰਞਾ ਖੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਮਿਲੇ ਕੋਇ ਨਾ ਢੋਈਆ। ਦੇਣਾ ਵਰ ਹਰਿ ਨਿਰੰਕਾਰ, ਏਕਾ ਮੰਗ ਮੰਗਾਈਆ। ਕਲਜੁਗ ਅੰਤਮ ਆਈ ਹਾਰ, ਬਲ ਬੈਠੇ ਆਪ ਗਵਾਈਆ। ਚਾਰੋਂ ਕੁੰਟ ਧੂੰਆਂਧਾਰ, ਸਾਚਾ ਚੰਦ ਨਜ਼ਰ ਕੋਇ ਨਾ ਆਈਆ। ਅੰਤ ਨਾ ਕਰੇ ਕੋਈ ਪਿਆਰ, ਮਿੱਤਰ ਪਿਆਰਾ ਸੰਗ ਨਾ ਕੋਇ ਰਖਾਈਆ । ਲੇਖਾ ਲਿਖ ਲਿਖ ਮਾਰ ਰਿਹਾ ਮਾਰ, ਤੇਰਾ ਹੁਕਮ ਚਲੇ ਸਚ ਰਜ਼ਾਈਆ। ਪਾਣਾ ਗੰਢਣਹਾਰਾ ਰਵਦਾਸ ਚੁਮਾਰ, ਸਾਡਾ ਚਮੜਾ ਰਿਹਾ ਲਾਹੀਆ। ਤੇਰਾ ਹੁਕਮ ਹੁਕਮ ਵਰਤਾਰ, ਤੇਰੇ ਹੁਕਮੇ ਅੰਦਰ ਤੇਰੀ ਸ਼ਾਹੀਆ। ਤੂੰ ਆਦਿ ਜੁਗਾਦਿ ਖੇਲਣਹਾਰ, ਤੇਰੀ ਖੇਲ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣ ਬਣ ਗਏ ਤੇਰੇ ਸੇਵਾਦਾਰ, ਬਣ ਯਾਚਕ ਸੇਵ ਕਮਾਈਆ। ਅੰਤਮ ਮੰਗਦੇ ਰਹੇ ਦਰ ਦੁਆਰ, ਦੋਏ ਜੋੜ ਜੋੜ ਸਰਨਾਈਆ। ਬੇਅੰਤ ਬੇਅੰਤ ਬੇਅੰਤ ਕਹੇ ਪੁਕਾਰ, ਆਪਣਾ ਪੱਲੂ ਗਏ ਛੁਡਾਈਆ। ਤੇਰਾ ਅੰਤ ਨਾ ਪਾਰਾਵਾਰ, ਆਦਿ ਜੁਗਾਦਿ ਜੁਗਾ ਜੁਗੰਤਰ ਤੇਰੀ ਵਡੀ ਵਡ ਵਡਿਆਈਆ। ਹਉਂ ਪਾਪੀ ਅਪਰਾਧੀ ਗੁਨਾਹਗਾਰ, ਆਪਣਾ ਗੁਣ ਨਾ ਕੋਇ ਜਣਾਈਆ। ਤੂੰ ਸਾਹਿਬ ਸੁਲਤਾਨ ਬਖ਼ਸ਼ਣਹਾਰ, ਬਖ਼ਸ਼ਸ਼ ਰਹਿਮਤ ਤੇਰੀ ਸਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਥਾਵਿਆਂ ਦੇਣਾ ਸੱਚਾ ਥਾਈਂਆ। ਨਿਥਾਵਿਆਂ ਦੇਣਾ ਸੱਚਾ ਥਾਉਂ, ਥਾਨ ਥਨੰਤਰ ਨਜ਼ਰ ਕੋਇ ਨਾ ਆਇੰਦਾ। ਕਲਜੁਗ ਅੰਤ ਭਗਵੰਤ ਪਕੜਨਾ ਬਾਂਹੋਂ, ਤੁਧ ਬਿਨ ਅਵਰ ਨਾ ਕੋਇ ਉਠਾਇੰਦਾ। ਤਖ਼ਤ ਨਿਵਾਸੀ ਕਰਨਾ ਸਚ ਨਿਆਉਂ, ਹੱਕ ਹਕ਼ੀਕ਼ਤ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੁਕਮੇ ਅੰਦਰ ਸਰਬ ਚਲਾਇੰਦਾ।