੨੩ ਫੱਗਣ ੨੦੧੬ ਬਿਕ੍ਰਮੀ ਸਰਵਣ ਸਿੰਘ ਦੇ ਘਰ ਪਿੰਡ ਜਗਾਤੀਆਂ ਜ਼ਿਲਾ ਕਰਨਾਲ
ਸੋ ਪੁਰਖ ਨਿਰੰਜਣ ਏਕਾ ਦਾਤਾ, ਆਦਿ ਜੁਗਾਦਿ ਸਮਾਇੰਦਾ। ਹਰਿ ਪੁਰਖ ਨਿਰੰਜਣ ਸੱਚਾ ਨਾਤਾ, ਜੁਗ ਜੁਗ ਆਪ ਬੰਧਾਇੰਦਾ। ਏਕੰਕਾਰਾ ਪੁਰਖ ਬਿਧਾਤਾ, ਏਕਾ ਰੰਗ ਰੰਗਾਇੰਦਾ। ਆਦਿ ਨਿਰੰਜਣ ਉਤਮ ਜ਼ਾਤਾ, ਵਰਨ ਗੋਤ ਨਾ ਕੋਇ ਵਖਾਇੰਦਾ। ਸ੍ਰੀ ਭਗਵਾਨ ਮੇਟੇ ਅੰਧੇਰੀ ਰਾਤਾ, ਸਾਚਾ ਚੰਦ ਇਕ ਚੜ੍ਹਾਇੰਦਾ। ਅਬਿਨਾਸ਼ੀ ਕਰਤਾ ਇਕ ਇਕਾਂਤਾ, ਸਚ ਸਿੰਘਾਸਣ ਆਸਣ ਲਾਇੰਦਾ। ਪਾਰਬ੍ਰਹਮ ਪਿਤਾ ਮਾਤਾ, ਆਪ ਆਪਣਾ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਅਕਲ ਕਲ ਧਾਰ, ਅਲੱਖ ਅਗੋਚਰ ਅਗੰਮ ਅਪਾਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸੋ ਪੁਰਖ ਨਿਰੰਜਣ ਸੋਭਾਵੰਤ, ਏਕਾ ਰੰਗ ਸਮਾਇਆ। ਹਰਿ ਪੁਰਖ ਨਿਰੰਜਣ ਆਦਿ ਅੰਤ, ਰੂਪ ਅਨੂਪ ਆਪ ਦਰਸਾਇਆ। ਏਕੰਕਾਰਾ ਮਹਿਮਾ ਅਗਣਤ, ਲੇਖਾ ਲੇਖ ਨਾ ਕੋਇ ਜਣਾਇਆ। ਆਦਿ ਨਿਰੰਜਣ ਜੁਗਾ ਜੁਗੰਤ, ਜੋਤ ਨਿਰੰਜਣ ਦਏ ਰੁਸ਼ਨਾਇਆ। ਅਬਿਨਾਸ਼ੀ ਕਰਤਾ ਸਾਚਾ ਕੰਤ, ਕੰਤ ਕੰਤੂਹਲ ਵਡ ਵਡਿਆਇਆ। ਸ੍ਰੀ ਭਗਵਾਨ ਬਣਾਏ ਬਣਤ, ਨਾ ਕੋਈ ਦੂਸਰ ਸੰਗ ਰਖਾਇਆ। ਪਾਰਬ੍ਰਹਮ ਆਪੇ ਜਾਣੇ ਆਪਣਾ ਅੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਖੇਲ ਖਿਲਾਇਆ। ਨਿਰਗੁਣ ਦਾਤਾ ਬੇਪਰਵਾਹ, ਅਜੂਨੀ ਰਹਿਤ ਭੇਵ ਨਾ ਰਾਈਆ। ਕਰਤਾ ਪੁਰਖ ਇਕ ਮਲਾਹ, ਏਕਾ ਬੇੜਾ ਸਚ ਚਲਾਈਆ। ਧੁਰਦਰਗਾਹੀ ਵਸੇ ਸਾਚੇ ਥਾਂ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕਾ ਆਸਣ ਡੇਰਾ ਲਾਈਆ। ਦੋ ਜਹਾਨਾਂ ਕਰੇ ਸਚ ਨਿਆਂ, ਹੁਕਮੀ ਹੁਕਮ ਆਪ ਚਲਾਈਆ। ਖੇਲੇ ਖੇਲ ਅਗੰਮ ਅਥਾਹ, ਅਲੱਖ ਅਲੱਖਣਾ ਵਡ ਵਡਿਆਈਆ। ਥਿਰ ਘਰ ਬੰਕ ਰਿਹਾ ਸੁਹਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਆਪੇ ਹੋਏ ਸ਼ਾਹ ਪਾਤਸ਼ਾਹ, ਸ਼ਹਿਨਸ਼ਾਹ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਹਰਿ ਗੋਪਾਲਾ, ਦੀਨ ਦਿਆਲ ਇਕ ਅਖਵਾਈਆ। ਇਕ ਇਕੱਲਾ ਏਕੰਕਾਰ, ਅਕਲ ਕਲਾ ਅਖਵਾਇੰਦਾ। ਵਸਣਹਾਰਾ ਸਚ ਦੁਆਰ, ਸਚਖੰਡ ਸਾਚੇ ਸੋਭਾ ਪਾਇੰਦਾ। ਥਿਰ ਘਰ ਖੋਲ੍ਹੇ ਆਪ ਕਿਵਾੜ, ਠਾਂਡਾ ਦਰਬਾਰ ਆਪ ਉਪਜਾਇੰਦਾ। ਤਖ਼ਤ ਬੈਠ ਸੱਚੀ ਸਰਕਾਰ, ਆਪ ਆਪਣਾ ਆਸਣ ਲਾਇੰਦਾ। ਦਰ ਦਰਵੇਸ਼ ਹੋਏ ਚੋਬਦਾਰ, ਸੀਸ ਜਗਦੀਸ਼ ਆਪਣਾ ਆਪ ਝੁਕਾਇੰਦਾ। ਵਰਤੇ ਵਰਤਾਵੇ ਹਰਿ ਵਰਤਾਰ, ਆਪ ਆਪਣਾ ਹੁਕਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ ਖੇਲੇ ਖੇਲ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਪਾਵੇ ਰਾਸਾ, ਲੋਆਂ ਪੁਰੀਆਂ ਵੇਖ ਵਖਾਇੰਦਾ। ਲੋਆਂ ਪੁਰੀਆਂ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਵਸਣਹਾਰਾ ਨੇਹਚਲ ਧਾਮ ਅਟੱਲਾ, ਸਚ ਮਹੱਲਾ ਆਪ ਸੁਹਾਇੰਦਾ। ਜਲਾਂ ਥਲਾਂ ਆਪੇ ਰਲਾ, ਜੰਗਲ ਜੂਹ ਉਜਾੜ ਪਹਾੜ ਆਪੇ ਡੇਰਾ ਲਾਇੰਦਾ । ਸ਼ਬਦ ਅਨਾਦੀ ਸਚ ਸੰਦੇਸ਼ ਨਿਰਗੁਣ ਧਾਰਾ ਏਕਾ ਘੱਲਾ, ਬ੍ਰਹਮਾ ਵਿਸ਼ਨ ਸ਼ਿਵ ਆਪ ਸਮਝਾਇੰਦਾ। ਜੋਤੀ ਜੋਤ ਆਪੇ ਰਲਾ, ਨੂਰੋ ਨੂਰ ਡਗਮਗਾਇੰਦਾ। ਨਿਰਗੁਣ ਸਰਗੁਣ ਫੜਾਏ ਪੱਲਾ, ਆਤਮ ਪਰਮਾਤਮ ਰੰਗ ਰੰਗਾਇੰਦਾ। ਆਪੇ ਕਰੇ ਖੇਲ ਵਲ ਛਲਾ, ਅਛੱਲ ਛਲ ਧਾਰੀ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਵੇਸ ਵਟੰਦੜਾ ਪੁਰਖ ਸੁਲਤਾਨ, ਆਦਿ ਜੁਗਾਦਿ ਵੱਡੀ ਵਡਿਆਈਆ। ਲੋਕਮਾਤ ਹੋਏ ਪਰਧਾਨ, ਨਿਰਗੁਣ ਸਰਗੁਣ ਰੂਪ ਵਟਾਈਆ। ਧੁਰਦਰਗਾਹੀ ਇਕ ਫ਼ਰਮਾਣ, ਸਚ ਸਾਚਾ ਸਚ ਜਣਾਈਆ। ਸ਼ਬਦ ਅਨਾਦੀ ਸਚ ਧੁੰਨਕਾਨ, ਧੁਨ ਅਨਾਦੀ ਆਪ ਅਲਾਈਆ। ਬ੍ਰਹਿਮੰਡ ਖੰਡ ਵੇਖੇ ਮਾਰ ਧਿਆਨ, ਜੇਰਜ ਅੰਡ ਉਤਭੁਜ ਸੇਤਜ ਵੇਖ ਵਖਾਈਆ। ਲੱਖ ਚੁਰਾਸੀ ਜਗਤ ਨਿਸ਼ਾਨ, ਚਾਰੋਂ ਕੁੰਟ ਆਪ ਝੁਲਾਈਆ। ਦਹਿ ਦਿਸ਼ਾ ਹੋ ਪਰਧਾਨ, ਖੇਲੇ ਖੇਲ ਬੇਪਰਵਾਹੀਆ। ਦਾਤਾ ਦਾਨੀ ਗੁਣ ਨਿਧਾਨ, ਏਕਾ ਮੰਤਰ ਨਾਮ ਦ੍ਰਿੜਾਈਆ। ਭਗਤਾਂ ਦੇਵੇ ਭਗਤੀ ਦਾਨ, ਭਗਵਨ ਆਪਣਾ ਮੇਲ ਮਿਲਾਈਆ। ਸਤਿ ਵਖਾਏ ਸਚ ਦੁਕਾਨ, ਚੌਦਾਂ ਲੋਕ ਮੁਖ ਭਵਾਈਆ। ਗੁਰਮੁਖ ਬਖ਼ਸ਼ੇ ਇਕ ਧਿਆਨ, ਆਤਮ ਅੰਤਰ ਬੂਝ ਬੁਝਾਈਆ। ਗੁਰਸਿਖਾਂ ਦੇਵੇ ਸਾਚਾ ਦਾਨ, ਸਾਚੀ ਭਿਛਿਆ ਝੋਲੀ ਪਾਈਆ। ਏਕਾ ਸ਼ਬਦ ਰਸਨਾ ਗਾਨ, ਅੱਖਰ ਵੱਖਰ ਆਪ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੇ ਨਾਮ ਰੱਖੇ ਵਡਿਆਈਆ। ਹਰਿ ਹਰਿ ਨਾਉਂ ਅਪਾਰ, ਵੇਦ ਕਤੇਬ ਭੇਵ ਨਾ ਪਾਇੰਦਾ। ਬ੍ਰਹਮਾ ਲਿਖ ਲਿਖ ਗਿਆ ਹਾਰ, ਚਾਰੇ ਵੇਦਾਂ ਮੁਖ ਸਾਲਾਹਿੰਦਾ। ਸਿਫ਼ਤੀ ਸਿਫ਼ਤ ਕਰੇ ਵਿਚਾਰ, ਨੇਤਰ ਨੈਣ ਨਾ ਕੋਇ ਦਰਸਾਇੰਦਾ। ਦੇਵਣਹਾਰ ਇਕ ਨਿਰਾਕਾਰ, ਸਰਗੁਣ ਸਾਚਾ ਮੇਲ ਮਿਲਾਇੰਦਾ। ਸਚਖੰਡ ਨਿਵਾਸੀ ਖੇਲ ਅਪਾਰ, ਸ਼ਾਹੋ ਸ਼ਾਬਾਸ਼ੀ ਆਪ ਖੁਲ੍ਹਾਇੰਦਾ। ਤ੍ਰੈਗੁਣ ਮਾਇਆ ਵਸੇ ਬਾਹਰ, ਪੰਚ ਤਤ ਨਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਇੰਦਾ। ਜੁਗ ਜੁਗ ਖੇਲ ਪੁਰਖ ਅਕਾਲ, ਆਪਣਾ ਆਪ ਕਰਾਇੰਦਾ। ਗੁਰਮੁਖ ਵੇਖੇ ਸਾਚੇ ਲਾਲ, ਲੱਖ ਚੁਰਾਸੀ ਵਿਚੋਂ ਆਪ ਉਠਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਸਚ ਵਣਜਾਰਾ ਵਣਜ ਕਰਾਇੰਦਾ। ਏਕਾ ਦੇਵੇ ਨਾਮ ਸੱਚਾ ਧੰਨ ਮਾਲ, ਸਚ ਖ਼ਜ਼ੀਨਾ ਹੱਥ ਫੜਾਇੰਦਾ। ਲੇਖਾ ਜਾਣੇ ਕਾਲ ਮਹਾਂਕਾਲ, ਜਗਤ ਜੰਜਾਲ ਤੋੜ ਤੁੜਾਇੰਦਾ। ਫਲ ਲਗਾਏ ਕਾਇਆ ਡਾਲ, ਫੁੱਲ ਫਲਵਾੜੀ ਆਪ ਮਹਿਕਾਇੰਦਾ। ਅੰਮ੍ਰਿਤ ਸਰੋਵਰ ਬਖ਼ਸ਼ੇ ਤਾਲ, ਕਾਇਆ ਮੰਦਰ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਖੇਲਣਹਾਰ ਪੁਰਖ ਸਮਰਾਥ, ਏਕਾ ਰੰਗ ਸਮਾਇੰਦਾ। ਜੁਗ ਜੁਗ ਮਹਿਮਾ ਕਥਨਾ ਅਕਾਥ, ਕਥਨੀ ਕਥ ਨਾ ਕੋਇ ਸੁਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਚਲਾਏ ਰਾਥ, ਕਲਜੁਗ ਵੇਲਾ ਅੰਤਮ ਆਇੰਦਾ। ਲੱਖ ਚੁਰਾਸੀ ਬੈਠੀ ਘਾਟ, ਸਾਚਾ ਬੇੜਾ ਨਾ ਕੋਇ ਰਖਾਇੰਦਾ। ਲਹਿਣਾ ਦੇਣਾ ਚੁਕਿਆ ਅਠਸਾਠ, ਤੀਰਥ ਤਾਟ ਨਾ ਕੋਇ ਨੁਹਾਇੰਦਾ। ਘਰ ਘਰ ਜੋਤ ਨਾ ਦਿਸੇ ਕੋਇ ਲਲਾਟ, ਅਗਿਆਨ ਅੰਧੇਰ ਨਾ ਕੋਇ ਗਵਾਇੰਦਾ । ਅਨਹਦ ਸ਼ਬਦ ਨਾ ਵੱਜੇ ਸੱਟ, ਤਨ ਨਗਾਰਾ ਨਾ ਕੋਇ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚਾ ਜੁਗ ਜੁਗ ਧਾਰ, ਸੋ ਪੁਰਖ ਨਿਰੰਜਣ ਆਪ ਚਲਾਈਆ। ਭਗਤਨ ਮੀਤਾ ਏਕੰਕਾਰ, ਰੂਪ ਅਨੂਪ ਆਪ ਵਟਾਈਆ। ਭਗਤ ਵਛਲ ਵਿਚ ਸੰਸਾਰ, ਆਪ ਆਪਣਾ ਖੇਲ ਖਿਲਾਈਆ। ਡੁੱਬਦੇ ਪਾਥਰ ਦੇਵੇ ਤਾਰ, ਜਿਸ ਜਨ ਆਪਣੀ ਦਇਆ ਕਮਾਈਆ। ਹਰਿਜਨ ਬਖ਼ਸ਼ੇ ਸਚ ਪਿਆਰ, ਸਚ ਦੁਆਰਾ ਇਕ ਵਖਾਈਆ। ਮੇਟ ਮਿਟਾਏ ਅੰਧ ਅੰਧਿਆਰ, ਕੂੜ ਕੁੜਿਆਰ ਦਿਸ ਨਾ ਆਈਆ। ਜੋਤ ਨਿਰੰਜਣ ਕਰ ਉਜਿਆਰ, ਘਰ ਘਰ ਵਿਚ ਦਏ ਵਖਾਈਆ। ਸ਼ਬਦ ਅਨਾਦਿ ਸੱਚੀ ਧੁਨਕਾਰ, ਅਨਹਦ ਤਾਲ ਆਪ ਵਜਾਈਆ। ਅੰਮ੍ਰਿਤ ਦੇਵੇ ਠੰਡੀ ਠਾਰ, ਭਰ ਪਿਆਲਾ ਜਾਮ ਪਿਆਈਆ। ਖੋਲ੍ਹ ਵਖਾਏ ਬੰਦ ਕਿਵਾੜ, ਬਜ਼ਰ ਕਪਾਟੀ ਪਰਦਾ ਲਾਹੀਆ। ਘਰ ਸਾਚੇ ਸਚ ਦੇਵੇ ਵਾੜ, ਸੁਰਤੀ ਸ਼ਬਦੀ ਮੇਲ ਮਿਲਾਈਆ। ਨਾਰੀ ਕੰਤ ਸਚ ਪਿਆਰ, ਆਤਮ ਸੇਜਾ ਆਪ ਵਖਾਈਆ। ਮੇਲ ਮਿਲਾਵਾ ਜੋਤ ਨਿਰੰਕਾਰ, ਨਿਰਗੁਣ ਨਿਰਗੁਣ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਆਪਣੀ ਵੰਡ ਵੰਡਾਈਆ। ਸਾਚੀ ਵਸਤ ਹੱਥ ਕਰਤਾਰ, ਗੁਰ ਸਤਿਗੁਰ ਆਪ ਵਰਤਾਇੰਦਾ। ਗੁਰ ਗੁਰ ਪਾਵਣਹਾਰਾ ਸਾਰ, ਲੋਕਮਾਤ ਵੇਸ ਵਟਾਇੰਦਾ। ਗੁਰਮੁਖ ਸਾਜਣ ਜਾਏ ਤਾਰ, ਦੇ ਮਤ ਤਤ ਸਮਝਾਇੰਦਾ। ਗੁਰਸਿਖ ਲੇਖਾ ਆਰ ਪਾਰ, ਮੰਝਧਾਰ ਨਾ ਕੋਇ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਸਿਰ ਆਪਣਾ ਹੱਥ ਰਖਾਇੰਦਾ। ਤਾਰਨਹਾਰ ਏਕੋ ਦੀਨਾ, ਦੀਨਾ ਨਾਥ ਹੋਏ ਸਹਾਈਆ। ਜਨ ਭਗਤਾਂ ਕਰੇ ਠਾਂਡਾ ਸੀਨਾ, ਆਪ ਆਪਣੀ ਬੂਝ ਬੁਝਾਈਆ। ਗੁਰਸਿਖ ਸਹਾਰਾ ਜਿਉਂ ਜਲ ਮੀਨਾ, ਚਾਤ੍ਰਕ ਤ੍ਰਿਖਾ ਆਪ ਬੁਝਾਈਆ। ਕਾਇਆ ਚੋਲੀ ਚਾੜ੍ਹੇ ਰੰਗ ਭੀਨਾ, ਉਤਰ ਕਦੇ ਨਾ ਜਾਈਆ। ਪਾਰ ਕਰਾਏ ਲੋਕਾਂ ਤੀਨਾਂ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਸਾਚੇ ਮੇਲ ਮਿਲਾਈਆ। ਮੇਲ ਮਿਲਾਵਾ ਹਰਿ ਭਗਵਾਨ, ਹਰਿ ਸਾਚਾ ਆਪ ਕਰਾਇੰਦਾ। ਆਤਮ ਅੰਤਰ ਇਕ ਗਿਆਨ, ਏਕਾ ਬ੍ਰਹਮ ਵਖਾਇੰਦਾ। ਘਰ ਵਿਚ ਘਰ ਸਚ ਮਕਾਨ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਦੀਵਾ ਬਾਤੀ ਜੋਤ ਮਹਾਨ, ਕਮਲਾਪਾਤੀ ਆਪ ਟਿਕਾਇੰਦਾ। ਸੁਣਾਵੇ ਗਾਥੀ ਧੁਰ ਫ਼ਰਮਾਣ, ਬੋਧ ਅਗਾਧੀ ਭੇਵ ਖੁਲ੍ਹਾਇੰਦਾ। ਏਕਾ ਨਾਦ ਵਜਾਏ ਸੱਚੀ ਧੁਨਕਾਨ, ਆਤਮ ਅੰਤਰ ਬੂਝ ਬੁਝਾਇੰਦਾ। ਕਰੇ ਪਰਕਾਸ਼ ਕੋਟਨ ਭਾਨ, ਰਵ ਸਸ ਮੁਖ ਸ਼ਰਮਾਇੰਦਾ। ਗੁਰਮੁਖ ਗੁਰਸਿਖ ਕਾਗ ਹੰਸ ਬਣ ਜਾਣ, ਮਾਣ ਸਰੋਵਰ ਜੋ ਜਨ ਨੁਹਾਇੰਦਾ। ਸਤਿਗੁਰ ਪੂਰਾ ਦੇਵੇ ਦਾਨ, ਦਇਆ ਦ੍ਰਿਸ਼ਟੀ ਆਪ ਕਮਾਇੰਦਾ। ਸਰਬ ਜੀਆਂ ਦਾ ਸਾਚਾ ਕਾਹਨ, ਲੱਖ ਚੁਰਾਸੀ ਗੋਪੀ ਆਪ ਨਚਾਇੰਦਾ। ਏਥੇ ਓਥੇ ਏਕਾ ਰਾਮ, ਦੂਸਰ ਰੂਪ ਨਾ ਕੋਈ ਵਟਾਇੰਦਾ। ਗੁਰਮੁਖਾਂ ਦੇਵੇ ਸਾਚਾ ਮਾਣ, ਦਰਗਹਿ ਸਾਚੀ ਆਪ ਸੁਹਾਇੰਦਾ। ਇਕ ਵਖਾਏ ਪਦ ਨਿਰਬਾਣ, ਨਿਰਭੈ ਆਪਣਾ ਨਾਉਂ ਧਰਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਬਹਿ ਬਹਿ ਗਾਣ, ਕੋਟੀ ਕੋਟ ਧਿਆਨ ਲਗਾਇੰਦਾ। ਕਿਸੇ ਹੱਥ ਨਾ ਆਏ ਸ੍ਰੀ ਭਗਵਾਨ, ਭੇਵ ਅਭੇਦਾ ਭੇਵ ਛੁਪਾਇੰਦਾ। ਜੁਗ ਜੁਗ ਲੋਕਮਾਤ ਹੋ ਪਰਧਾਨ, ਆਪ ਆਪਣਾ ਰੂਪ ਵਟਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲਏ ਪਛਾਣ, ਪੂਰਬ ਲਹਿਣਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਫੇਰਾ ਪਾਇੰਦਾ। ਕਲਜੁਗ ਅੰਤਮ ਹਰਿ ਹਰਿ ਧਾਰ, ਨਿਰਗੁਣ ਨਿਰਾਕਾਰ ਚਲਾਈਆ। ਜੋਤੀ ਜਾਮਾ ਖੇਲ ਅਪਾਰ, ਜੋਤੀ ਜੋਤ ਰੁਸ਼ਨਾਈਆ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਸਾਚਾ ਨਾਅਰਾ ਏਕਾ ਲਾਈਆ। ਵਸਣਹਾਰਾ ਧਾਮ ਨਿਆਰ, ਸੰਬਲ ਬੈਠਾ ਰੁੱਤ ਸੁਹਾਈਆ। ਉਚਾ ਟਿੱਲਾ ਪਰਬਤ ਆਪੇ ਪਾੜ, ਆਪ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਵੇਸ, ਨਿਰਗੁਣ ਰੂਪ ਨਰ ਨਰੇਸ਼ ਖੇਲੇ ਖੇਲ ਦਰ ਦਰਵੇਸ਼, ਅਲੱਖ ਅਲੱਖਣਾ ਆਪਣੀ ਅਲੱਖ ਜਗਾਈਆ। ਅਲੱਖ ਅਲੱਖਣਾ ਹਰਿ ਭਗਵਾਨ, ਭੇਵ ਕੋਇ ਨਾ ਪਾਇੰਦਾ। ਦਿਸ ਨਾ ਆਏ ਜ਼ਿਮੀ ਅਸਮਾਨ, ਧਰਤ ਧਵਲ ਨਾ ਕੋਈ ਰਖਾਇੰਦਾ। ਵੇਦ ਪੁਰਾਨ ਸ਼ਾਸਤਰ ਸਿਮਰਤ ਸਾਰੇ ਗਾਣ, ਹਰਿ ਹਰਿ ਆਪਣਾ ਖੇਲ ਖਿਲਾਇੰਦਾ। ਗੁਰ ਪੀਰ ਸਾਧ ਸੰਤ ਅਵਤਾਰ ਆਦਿ ਜੁਗਾਦੀ ਸਚ ਨਿਸ਼ਾਨ, ਲੋਕਮਾਤ ਆਪ ਉਪਜਾਇੰਦਾ। ਇਕ ਇਕੱਲਾ ਦੇਵਣਹਾਰਾ ਧੁਰ ਫ਼ਰਮਾਣ, ਜੁਗ ਜੁਗ ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਰੰਗ ਰੰਗਾਇੰਦਾ। ਚਾਰ ਵਰਨ ਰੰਗ ਅਨਮੋਲ, ਹਰਿ ਸਾਚਾ ਆਪ ਚੜ੍ਹਾਈਆ। ਲੱਖ ਚੁਰਾਸੀ ਏਕਾ ਕੰਡੇ ਦੇਵੇ ਤੋਲ, ਨਾਮ ਕੰਡਾ ਹੱਥ ਉਠਾਈਆ। ਸ਼ਬਦ ਅਗੰਮੀ ਵੱਜੇ ਢੋਲ, ਬ੍ਰਹਿਮੰਡ ਖੰਡ ਆਪ ਸੁਣਾਈਆ। ਆਪਣੀ ਧਾਰਨ ਆਪੇ ਬੋਲ, ਤ੍ਰੈ ਤ੍ਰੈ ਲੇਖਾ ਦਏ ਮੁਕਾਈਆ। ਸਚਖੰਡ ਨਿਵਾਸੀ ਸਚ ਦੁਆਰਾ ਏਕਾ ਖੋਲ੍ਹ, ਏਕਾ ਵਣਜ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਵੇਖਣਹਾਰਾ, ਏਕਾ ਏਕ ਏਕੰਕਾਰਿਆ। ਖੇਲੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਆ ਰਿਹਾ। ਸਤਿ ਸਤਿਵਾਦੀ ਸਾਚੀ ਧਾਰਾ, ਸਤਿ ਸਤਿ ਆਪ ਚਲਾ ਰਿਹਾ। ਪਾਵੇ ਸਾਰਾ ਪੁਰਖ ਨਾਰਾ, ਨਾਉਂ ਨਰਾਇਣ ਆਪ ਧਰਾ ਲਿਆ। ਜਨ ਭਗਤਾਂ ਦੇਵੇ ਨਾਮ ਆਧਾਰਾ, ਆਪ ਆਪਣਾ ਭੇਵ ਖੁਲ੍ਹਾ ਲਿਆ। ਸੰਤਨ ਮੇਲਾ ਮੀਤ ਮੁਰਾਰਾ, ਘਰ ਸੱਜਣ ਵੇਖ ਵਖਾ ਲਿਆ। ਗੁਰਮੁਖਾਂ ਵਖਾਏ ਪਾਰ ਕਿਨਾਰਾ, ਸਾਚਾ ਬੇੜਾ ਆਪ ਚਲਾ ਰਿਹਾ। ਗੁਰਸਿਖ ਸੁਹਾਏ ਬੰਕ ਦੁਆਰਾ, ਬੰਕ ਦੁਆਰੀ ਵੇਸ ਵਟਾ ਲਿਆ। ਵੇਸ ਵਟੰਦੜਾ ਹਰਿ ਹਰਿ ਮੀਤ, ਲੋਕਮਾਤ ਵੇਖ ਵਖਾਈਆ। ਕਰੇ ਕਰਾਏ ਪਤਿਤ ਪੁਨੀਤ, ਪਤਿਤ ਪਾਵਨ ਬੇਪਰਵਾਹੀਆ। ਗੁਰਮੁਖ ਕਾਇਆ ਠੰਡੀ ਸੀਤ, ਅਗਨੀ ਤਤ ਨਾ ਕੋਈ ਜਲਾਈਆ। ਧਾਮ ਵਖਾਏ ਇਕ ਅਨਡੀਠ, ਲਿਖਣ ਪੜ੍ਹਨ ਵਿਚ ਨਾ ਆਈਆ। ਮਾਨਸ ਜਨਮ ਜਾਣਾ ਜੀਤ, ਜਗਤ ਠਗੌਰੀ ਕੋਇ ਨਾ ਪਾਈਆ। ਏਕਾ ਰੰਗ ਰੰਗਾਏ ਹਸਤ ਕੀਟ, ਰਾਓ ਰੰਕ ਨਾ ਕੋਈ ਵਖਾਈਆ। ਸਤਿਜੁਗ ਤੇਰੀ ਸਾਚੀ ਰੀਤ, ਹਰਿ ਸਾਚਾ ਸਚ ਚਲਾਈਆ। ਨਾ ਕੋਈ ਮੰਦਰ ਨਾਂ ਮਸੀਤ, ਸ਼ਿਵਦੁਆਲਾ ਮੱਠ ਨਾ ਕੋਈ ਵਖਾਈਆ। ਕਾਇਆ ਮੰਦਰ ਏਕਾ ਗੀਤ, ਹਰਿ ਮੰਦਰ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਜੁਗ ਜੁਗ ਖੇਲ ਪੁਰਖ ਸੁਲਤਾਨ, ਸਤਿ ਸਤਿਵਾਦੀ ਆਪ ਕਰਾਇੰਦਾ। ਕਲਜੁਗ ਮੇਟੇ ਕੂੜ ਨਿਸ਼ਾਨ, ਸਤਿਜੁਗ ਸਾਚਾ ਮਾਰਗ ਲਾਇੰਦਾ। ਚਾਰ ਵਰਨਾਂ ਇਕ ਗਿਆਨ, ਏਕਾ ਹਰਿ ਹਰਿ ਨਾਮ ਦ੍ਰਿੜਾਇੰਦਾ। ਨਾਤਾ ਤੋੜੇ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਆਸ਼ਾ ਤ੍ਰਿਸ਼ਨਾ ਸਰਬ ਮਿਟ ਜਾਣ, ਜੋ ਜਨ ਸਤਿਗੁਰ ਪੂਰੇ ਦਰਸ਼ਨ ਪਾਇੰਦਾ। ਤੋੜਣਹਾਰਾ ਮਾਣ ਅਭਿਮਾਣ, ਨਿਵਣ ਸੁ ਅੱਖਰ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲੇਖੇ ਲਾਇੰਦਾ। ਹਰਿਜਨ ਲੇਖਾ ਲਿਖਣਹਾਰ, ਏਕਾ ਏਕ ਏਕ ਅਖਵਾਇਆ। ਪੂਰਬ ਲਹਿਣਾ ਕਰਮ ਵਿਚਾਰ, ਨੇਤਰ ਨੈਣਾਂ ਦਰਸ ਦਖਾਇਆ। ਭਵ ਸਾਗਰ ਜਨ ਜਾਏ ਤਾਰ, ਜਨ ਜਨਨੀ ਵੇਖ ਵਖਾਇਆ। ਮੇਲ ਮਿਲਾਵਾ ਧੁਰ ਦਰਬਾਰ, ਦਰ ਦਰਵਾਜ਼ਾ ਇਕ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਫੜ, ਸ਼ਬਦ ਡੋਰੀ ਹੱਥ ਉਠਾਇਆ। ਸ਼ਬਦ ਡੋਰ ਹੱਥ ਕਰਤਾਰ, ਜੁਗ ਜੁਗ ਆਪਣੀ ਸੇਵ ਕਮਾਇੰਦਾ। ਹਰਿਜਨ ਮੇਲੇ ਵਿਚ ਸੰਸਾਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਇੰਦਾ। ਕਾਇਆ ਗੜ੍ਹ ਤੋੜ ਹੰਕਾਰ, ਮਾਇਆ ਮਮਤਾ ਮੋਹ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਰਾਸ, ਆਪੇ ਪਾਏ ਪ੍ਰਿਥਮੀ ਆਕਾਸ਼, ਨਵ ਸਤ ਖੇਲ ਖਿਲਾਇੰਦਾ। ਨਵ ਸਤ ਹਰਿ ਹਰਿ ਡੇਰਾ, ਦਿਸ ਕਿਸੇ ਨਾ ਆਇੰਦਾ। ਲੱਖ ਚੁਰਾਸੀ ਹੇਰਾ ਫੇਰਾ, ਕਰ ਕਰ ਮਾਤ ਭੁਲਾਇੰਦਾ। ਦੇਵਣਹਾਰਾ ਉਲਟਾ ਗੇੜਾ, ਆਪਣੀ ਲੱਠ ਆਪ ਗੜਾਇੰਦਾ। ਸ਼ਾਹ ਸੁਲਤਾਨਾਂ ਮੁੱਕੇ ਝੇੜਾ, ਸੀਸ ਤਾਜ ਨਾ ਕੋਇ ਵਖਾਇੰਦਾ। ਨਾ ਕੋਈ ਵਸੇ ਨਗਰ ਖੇੜਾ, ਸਚ ਗਰਾਂ ਨਾ ਕੋਇ ਸੁਹਾਇੰਦਾ। ਧਰਤ ਮਾਤ ਦਾ ਖੁਲ੍ਹਾ ਵੇਹੜਾ, ਜੁਗ ਜੁਗ ਆਪ ਕਰਾਇੰਦਾ । ਜਨ ਭਗਤਾਂ ਬੰਨ੍ਹਣਹਾਰਾ ਬੇੜਾ, ਖੇਵਟ ਖੇਟਾ ਰੂਪ ਵਟਾਇੰਦਾ। ਕਲਜੁਗ ਅੰਤਮ ਲਾਏ ਉਖੇੜਾ, ਚਾਰੋਂ ਕੁੰਟ ਹਲਾਇੰਦਾ। ਕਰੇ ਕਰਾਏ ਹੱਕ ਨਬੇੜਾ, ਗੁਰ ਸਤਿਗੁਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇੰਦਾ। ਜਾਗਣਹਾਰ ਏਕ ਗੁਰਦੇਵ, ਦੂਸਰ ਅੱਖ ਨਾ ਕੋਇ ਖੁਲ੍ਹਾਈਆ। ਪਾਰਬ੍ਰਹਮ ਅਲੱਖ ਅਭੇਵ, ਭੇਵ ਅਭੇਦਾ ਭੇਵ ਛੁਪਾਈਆ। ਹਰਿਜਨ ਲਗਾਏ ਸਾਚੀ ਸੇਵ, ਆਪ ਆਪਣਾ ਨਾਮ ਸਮਝਾਈਆ। ਜੋ ਜਨ ਗਾਏ ਰਸਨਾ ਜੇਹਵ, ਜਾਗਰਤ ਜੋਤ ਕਰੇ ਰੁਸ਼ਨਾਈਆ। ਕੌਸਤਕ ਮਣੀਆ ਲਾਏ ਥੇਵ, ਤਿਲਕ ਲਲਾਟੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ। ਭਗਤਨ ਮੇਲਾ ਹਰਿ ਗੋਬਿੰਦ, ਸਚਖੰਡ ਵੱਜੇ ਵਧਾਈਆ। ਮੇਟਣਹਾਰਾ ਸਗਲੀ ਚਿੰਦ, ਚਿੰਤਾ ਚਿਖਾ ਦਏ ਗਵਾਈਆ। ਅਬਿਨਾਸ਼ੀ ਕਰਤਾ ਗੁਣੀ ਗਹਿੰਦ, ਗਹਿਰ ਗੰਭੀਰ ਆਪ ਅਖਵਾਈਆ। ਅੰਮ੍ਰਿਤ ਭਰਿਆ ਸਾਗਰ ਸਿੰਧ, ਭਰ ਪਿਆਲਾ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲਾ ਵਡ ਵਡਿਆਈਆ। ਦੀਨ ਦਿਆਲ ਦਰਦ ਦੁੱਖ ਭੈ ਭੰਜਣਾ, ਏਕਾ ਰੰਗ ਸਮਾਇਆ। ਜਨ ਭਗਤਾਂ ਨੇਤਰ ਪਾਏ ਨਾਮ ਅੰਜਣਾ, ਅਗਿਆਨ ਅੰਧੇਰ ਮਿਟਾਇਆ। ਦੋ ਜਹਾਨੀ ਸਾਚਾ ਸੱਜਣਾ, ਲੋਕਮਾਤ ਵੇਖਣ ਆਇਆ। ਚਰਨ ਧੂੜ ਕਰਾਏ ਸਾਚਾ ਮਜਨਾ, ਦੁਰਮਤ ਮੈਲ ਗਵਾਇਆ। ਗੜ੍ਹ ਹੰਕਾਰੀ ਭਾਂਡਾ ਭੱਜਣਾ, ਭਾਂਡਾ ਭਰਮ ਭੌ ਆਪ ਭੰਨਾਇਆ। ਸ਼ਬਦ ਨਗਾਰੇ ਸਾਚੇ ਵੱਜਣਾ, ਤਨ ਮੰਦਰ ਖੇਲ ਕਰਾਇਆ। ਅੰਮ੍ਰਿਤ ਆਤਮ ਪੀ ਪੀ ਰੱਜਣਾ, ਹੰਸ ਕਾਗ ਆਪ ਬਣਾਇਆ। ਜਗਤ ਵਸੂਰੇ ਸਗਲੇ ਲੱਥਣਾ, ਰੋਗ ਸੋਗ ਦਏ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੀ ਸੇਵਾ ਲਾਇਆ। ਹਰਿਜਨ ਸਾਚੀ ਸੇਵਾ ਲੱਗ, ਹਰਿ ਹਰਿ ਰਸਨਾ ਨਾਉਂ ਧਿਆਇੰਦਾ। ਮੇਲ ਮਿਲਾਵਾ ਸੂਰੇ ਸਰਬਗ, ਘਰ ਸਾਚਾ ਵੇਖ ਵਖਾਇੰਦਾ। ਜਗਤ ਬੁਝਾਏ ਲੱਗੀ ਅੱਗ, ਅੰਮ੍ਰਿਤ ਆਤਮ ਮੇਘ ਬਰਸਾਇੰਦਾ। ਦਰਸ ਦਖਾਏ ਉਪਰ ਸ਼ਾਹ ਰਗ, ਨੌ ਦੁਆਰੇ ਪੰਧ ਚੁਕਾਇੰਦਾ। ਹੰਸ ਬਣਾਏ ਬਗਲਾ ਕਗ, ਸੋਹੰ ਹੰਸਾ ਮੋਤੀ ਚੋਗ ਚੁਗਾਇੰਦਾ। ਨਾਮ ਪਿਆਲਾ ਪਿਆਏ ਸਾਚੀ ਮਦਿ, ਦਿਵਸ ਰੈਣ ਖ਼ੁਮਾਰ ਜਣਾਇੰਦਾ। ਧੁਨ ਵਜਾਏ ਅਨਹਦ ਨਦ, ਰਾਗੀ ਰਾਗ ਆਪ ਅਲਾਇੰਦਾ। ਲੱਖ ਚੁਰਾਸੀ ਵਿਚੋਂ ਕੱਢ, ਆਪ ਆਪਣਾ ਮੇਲ ਮਿਲਾਇੰਦਾ। ਪੰਜ ਵਿਕਾਰਾ ਦੇਵੇ ਵੱਢ, ਨਾਮ ਖੰਡਾ ਹੱਥ ਉਠਾਇੰਦਾ। ਕਰੇ ਪਰਕਾਸ਼ ਅੰਧੇਰੀ ਖੱਡ, ਨੂਰ ਨੁਰਾਨਾ ਦੀਪ ਜਗਾਇੰਦਾ। ਦਿਵਸ ਰੈਣ ਲਡਾਏ ਲੱਡ, ਦਸਮ ਦੁਆਰੀ ਵੇਖ ਵਖਾਇੰਦਾ। ਇਕ ਜਣਾਏ ਨਿਰਬਾਣ ਪਦ, ਪਰਮਾਨੰਦ ਆਪ ਜਣਾਇੰਦਾ । ਸਚ ਦੁਆਰੇ ਆਪ ਸੱਦ, ਹਰਿਜਨ ਸਾਚੇ ਵੇਖ ਵਖਾਇੰਦਾ । ਕਲਜੁਗ ਜੂਠਾ ਝੂਠਾ ਭਾਰ ਰਿਹਾ ਲਦ, ਵੇਲੇ ਅੰਤ ਨਾ ਕੋਇ ਉਠਾਇੰਦਾ। ਸੰਗੀ ਸਾਥੀ ਜਾਣ ਛੱਡ, ਸਾਚਾ ਪੱਲੂ ਨਾ ਕੋਇ ਫੜਾਇੰਦਾ। ਅੰਤਮ ਵੇਲਾ ਅੰਤਮ ਆਈ ਹੱਦ, ਬ੍ਰਹਮਾ ਵਿਸ਼ਨ ਸ਼ਿਵ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਸਾਚਾ ਜਾਗਿਆ, ਜਗਾਵਣਹਾਰ ਆਪ ਕਰਤਾਰ। ਮਨ ਉਪਜੇ ਇਕ ਬੈਰਾਗਿਆ, ਏਕਾ ਸ਼ਬਦ ਸੱਚੀ ਲਿਵ ਤਾਰ। ਮੇਲ ਮਿਲਾਵਾ ਮੋਹਣ ਮਾਧਿਆ, ਘਰ ਮੇਲਾ ਮੀਤ ਮੁਰਾਰ। ਲੇਖਾ ਜਾਣੇ ਆਦਿ ਜੁਗਾਦਿਆ, ਜੁਗਾ ਜੁਗੰਤਰ ਪਾਵੇ ਸਾਰ। ਹਰਿਜਨ ਫੜ ਫੜ ਬਾਹੋਂ ਆਪੇ ਕਾfਢਆ, ਅਗਨੀ ਅੱਗ ਲਏ ਉਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰ ਆਪ ਨਿਰੰਕਾਰ। ਵੇਖਣਹਾਰ ਪੁਰਖ ਅਕਾਲਾ, ਦੂਸਰ ਸੰਗ ਨਾ ਕੋਇ ਜਣਾਇੰਦਾ। ਜੁਗਾ ਜੁਗੰਤਰ ਅਵੱਲੜੀ ਚਾਲਾ, ਲੋਕਮਾਤ ਵੇਸ ਵਟਾਇੰਦਾ। ਕਲਜੁਗ ਅੰਤਮ ਖੇਲ ਨਿਰਾਲਾ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਸ਼ਬਦ ਬਣਾਏ ਇਕ ਦਲਾਲਾ, ਪੰਜ ਤਤ ਨਾ ਗੁਰ ਵਖਾਇੰਦਾ। ਕਾਇਆ ਵਸੇ ਸਚ ਸੱਚੀ ਧਰਮਸਾਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਦੀਪਕ ਜੋਤੀ ਏਕਾ ਬਾਲਾ, ਪਰਕਾਸ਼ ਪਰਕਾਸ਼ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਨੇਤਰ ਪੇਖਿਆ, ਪਰਮ ਪੁਰਖ ਕਰਤਾਰ। ਪਿਛਲੀ ਮਿਟੇ ਲਿਖੀ ਰੇਖਿਆ, ਅੱਗੇ ਲਿਖਣਹਾਰ ਨਿਰੰਕਾਰ। ਲੇਖਾ ਜਾਣੇ ਦਰ ਦਰਵੇਸ਼ਿਆ, ਦਰ ਦਰ ਬਣੇ ਆਪ ਭਿਖਾਰ। ਆਪੇ ਸੁੱਤਾ ਬਾਸ਼ਕ ਸੇਜਿਆ, ਸਾਂਗੋ ਪਾਂਗ ਲਏ ਹੁਲਾਰ। ਆਪੇ ਬ੍ਰਹਮਾ ਲਿਖੇ ਵੇਦਿਆ, ਗੁਣ ਦਾਤਾ ਵਡ ਭੰਡਾਰ। ਆਪੇ ਸ਼ੰਕਰ ਵੇਖੇ ਖੁਲ੍ਹੇ ਕੇਸਿਆ, ਜਟਾ ਜੂਟ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਵਿਚ ਸੰਸਾਰ। ਹਰਿ ਸੰਗਤ ਵਡਿਆਈ ਧੰਨ, ਹਰਿ ਸਾਚੇ ਮਾਤ ਬਣਾਈਆ। ਹਰਿ ਸੰਗਤ ਵਡਿਆਈ ਧੰਨ, ਲੋਕਮਾਤ ਮਾਤ ਰੁਸ਼ਨਾਈਆ। ਹਰਿ ਸੰਗਤ ਵਡਿਆਈ ਧੰਨ, ਹਰਿ ਸਾਚੇ ਸਚ ਮਨ ਭਾਈਆ। ਹਰਿ ਸੰਗਤ ਵਡਿਆਈ ਧੰਨ, ਹਰਿ ਰਾਗੀ ਰਾਗ ਸੁਣਾਈਆ। ਹਰਿ ਸੰਗਤ ਵਡਿਆਈ ਧੰਨ, ਗੁਰਸਿਖ ਤੇਰੀ ਛੱਪਰੀ ਛੰਨ ਛੁਹਾਈਆ। ਹਰਿ ਸੰਗਤ ਵਡਿਆਈ ਧੰਨ, ਹਰਿ ਨਾਮ ਕਰੀ ਕੁੜਮਾਈਆ। ਹਰਿ ਸੰਗਤ ਵਡਿਆਈ ਧੰਨ, ਹਰਿ ਹਿਰਦੇ ਰਹੇ ਵਸਾਈਆ। ਹਰਿ ਸੰਗਤ ਵਡਿਆਈ ਧੰਨ, ਘਰ ਸਾਚੇ ਚੜ੍ਹੇ ਚੰਨ, ਸੁੱਕੇ ਰੁੱਖੜੇ ਹਰੇ ਕਰਾਈਆ। ਏਕਾ ਬੇੜਾ ਦੇਵੇ ਬੰਨ੍ਹ, ਨਾਮ ਚੱਪੂ ਇਕ ਲਗਾਈਆ। ਹਰਿ ਸੰਗਤ ਤੇਰਾ ਕਹਿਣਾ ਮੰਨ, ਅੱਗੇ ਅੱਗਾ ਦਏ ਵਧਾਈਆ। ਅੰਧੇਰ ਘੋਰ ਵਿਕਾਰੇ ਦੇਵੇ ਡੰਨ, ਕਿਸ਼ਨਾ ਸ਼ੁਕਲਾ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਗਤ ਕੋਲੋਂ ਮੰਗ ਵਰ, ਗੁਰਸਿਖ ਤੇਰੀ ਝੋਲੀ ਪਾਈਆ। ਹਰਿ ਸੰਗਤ ਤੇਰੀ ਉਤਮ ਜ਼ਾਤ, ਹਰਿ ਸਤਿਗੁਰ ਆਪ ਬਣਾਇੰਦਾ। ਹਰਿ ਸੰਗਤ ਤੇਰੇ ਹੱਥ ਸੱਚੀ ਦਾਤ, ਗੁਰ ਸਤਿਗੁਰ ਮੰਗ ਮੰਗਾਇੰਦਾ। ਹਰਿ ਸੰਗਤ ਤੇਰੀ ਇਕ ਪਰਭਾਤ, ਦਿਵਸ ਰੈਣ ਨਾ ਕੋਇ ਵਖਾਇੰਦਾ। ਹਰਿ ਸੰਗਤ ਤੇਰਾ ਸਾਚਾ ਨਾਤ, ਨਿਰਗੁਣ ਸਰਗੁਣ ਜੋੜ ਜੁੜਾਇੰਦਾ। ਹਰਿ ਸੰਗਤ ਤੇਰੀ ਆਤਮ ਖਾਟ, ਹਰਿ ਸਾਚਾ ਆਸਣ ਲਾਇੰਦਾ। ਹਰਿ ਸੰਗਤ ਚੜ੍ਹਾਏ ਔਖੇ ਘਾਟ, ਗੁਰਸਿਖ ਸਾਚੇ ਪਾਰ ਕਰਾਇੰਦਾ। ਅੱਗੇ ਰੱਖੇ ਨੇੜੇ ਵਾਟ, ਦੁੱਖ ਸੁੱਖ ਵਿਚ ਰੂਪ ਵਟਾਇੰਦਾ। ਪੂਰਾ ਕਰੇ ਪਿਛਲਾ ਘਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਭਿਛਿਆ ਝੋਲੀ ਪਾਇੰਦਾ। ਵੇਖਣਹਾਰ ਹਰਿ ਬ੍ਰਹਿਮੰਡ, ਘਟ ਘਟ ਅੰਦਰ ਫੋਲ ਫੁਲਾਇੰਦਾ। ਤ੍ਰੈਗੁਣ ਮਾਇਆ ਵੰਡੀ ਵੰਡ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜ ਤਤ ਨਾਤਾ ਜੋੜ ਜੁੜਾਇੰਦਾ। ਲੇਖਾ ਜਾਣੇ ਜੇਰਜ ਅੰਡ, ਆਪ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਕਰਮ ਆਪਣੇ ਹੱਥ ਰਖਾਇੰਦਾ। ਪੰਜ ਤਤ ਨਾਤਾ ਕਾਇਆ ਮੰਦਰ, ਮਨ ਮਤ ਬੁੱਧ ਵਿਚ ਟਿਕਾਈਆ। ਜੋਤ ਜਗਾਏ ਅੰਦਰੇ ਅੰਦਰ, ਦਿਸ ਕਿਸੇ ਨਾ ਆਈਆ। ਬੈਠਾ ਰਹੇ ਅੰਧੇਰੀ ਕੰਦਰ, ਆਪ ਆਪਣਾ ਮੁਖ ਛੁਪਾਈਆ। ਆਪੇ ਕੁੱਖੀ ਲਾਇਆ ਜੰਦਰ, ਆਪੇ ਦਏ ਖੁਲ੍ਹਾਈਆ। ਸਰਬ ਜੀਆਂ ਹਰਿ ਸਾਚਾ ਬਖ਼ਸ਼ੰਦੜ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਜੀਵ ਜੰਤ ਜਗ ਭਾਗਾਂ ਮੰਦੜ, ਭਾਵੀ ਭਾਗ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੂਤ ਸਪੂਤਾ ਝੋਲੀ ਪਾਈਆ। ਪੂਤ ਸਪੂਤਾ ਸੁੱਤ ਦੁਲਾਰਾ, ਘਰ ਸਾਚੇ ਸਚ ਸੁਹਾਇਆ। ਦਸ ਦਸ ਮਾਸ ਦਏ ਆਧਾਰਾ, ਆਪ ਆਪਣੀ ਦਇਆ ਕਮਾਇਆ। ਪਵਣ ਸਵਾਸੀ ਇਕ ਸਹਾਰਾ, ਰਸਨਾ ਜਿਹਵਾ ਆਪ ਚਲਾਇਆ। ਸੋ ਪੁਰਖ ਨਿਰੰਜਣ ਖੇਲ ਨਿਆਰਾ, ਹੰ ਬ੍ਰਹਮ ਝੋਲੀ ਆਪ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਗਤ ਸੰਤਾਨ ਹਰਿ ਭਗਵਾਨ, ਆਪਣਾ ਲੇਖਾ ਦਏ ਲਿਖਾਇਆ। ਦੋਏ ਹੱਥ ਚਰਨ ਗੁਰ ਸੇਵ, ਦੁੱਖ ਰੋਗ ਰਹਿਣ ਨਾ ਪਾਈਆ। ਨੇਤਰ ਦਰਸ ਅਲੱਖ ਅਭੇਵ, ਚਿੰਤਾ ਸੋਗ ਮਿਟਾਈਆ। ਰਸਨਾ ਗੌਣਾ ਸਾਚੀ ਜਿਹਵ, ਸੋਹੰ ਸ਼ਬਦ ਸਹਿਜ ਸੁਖਦਾਈਆ। ਕਾਇਆ ਲੱਗੇ ਸਾਚਾ ਮੇਵ, ਪਤ ਡਾਲੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੱਥੋ ਹੱਥ ਸਾਚੀ ਵਸਤ ਫੜਾਈਆ। ਏਕਾ ਹੱਥ ਹਰਿ ਸੰਗਤ ਰੰਗ, ਦੂਜੇ ਭਿਛਿਆ ਝੋਲੀ ਪਾਇੰਦਾ। ਦੋਏ ਜੋੜ ਮੰਗੇ ਮੰਗ, ਅੰਗ ਸੰਗ ਆਪ ਅਖਵਾਇੰਦਾ। ਲੇਖਾ ਜਾਣੇ ਕਾਚੀ ਵੰਗ, ਰਤਨ ਅਮੋਲਕ ਹੀਰਾ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਸਾਚਾ ਵਰ, ਜਗਤ ਰੋਗ ਆਪ ਗਵਾਇੰਦਾ। ਹਰਿ ਸੰਗਤ ਸਚ ਦੁਆਰ, ਆਤਮ ਅੰਤਰ ਰਹੀ ਧਿਆਈਆ। ਰੋਗ ਸੋਗ ਚਿੰਤ ਨਿਵਾਰ ਦੁੱਖ ਦਲਿਦਰ ਦਏ ਗਵਾਈਆ। ਮਾਤ ਪੁੱਤ ਭਰੇ ਭੰਡਾਰ, ਕੁੱਖੀ ਕੁੱਖ ਸੁਹਾਈਆ। ਜੋ ਜਨ ਮੰਗੇ ਸ਼ਬਦ ਆਧਾਰ, ਸ਼ਬਦ ਅਨਾਦਿ ਧੁੰਨ ਸੁਣਾਈਆ। ਜੋ ਜਨ ਮੰਗੇ ਦਰਸ ਅਪਾਰ, ਰਾਤੀਂ ਸੁਤਿਆਂ ਦਰਸ ਦਿਖਾਈਆ। ਜੋ ਜਨ ਮਾਂਗੇ ਚਰਨ ਪਿਆਰ, ਚਰਨ ਧੂੜੀ ਮਸਤਕ ਟਿੱਕਾ ਲਾਈਆ। ਜੋ ਜਨ ਮਾਂਗੇ ਸਚਖੰਡ ਦੁਆਰ, ਸਚਖੰਡ ਨਿਵਾਸੀ ਦਏ ਵਖਾਈਆ। ਜੋ ਜਨ ਮਾਂਗੇ ਲੱਖ ਚੁਰਾਸੀ ਪਾਰ ਕਿਨਾਰ, ਆਵਣ ਜਾਵਣ ਫੰਦ ਕਟਾਈਆ। ਜੋ ਜਨ ਮਾਂਗੇ ਨਿਰਮਲ ਜੋਤ ਉਜਿਆਰ, ਘਰ ਘਰ ਵਿਚ ਦੀਪ ਜਗਾਈਆ। ਜੋ ਜਨ ਮਾਂਗੇ ਅੰਮ੍ਰਿਤ ਠਾਂਡੀ ਠਾਰ, ਭਰ ਪਿਆਲਾ ਜਾਮ ਪਿਆਈਆ। ਜੋ ਜਨ ਮਾਂਗੇ ਨਾਨਕ ਗੁਰ ਠਾਂਡਾ ਦਰਬਾਰ, ਨਾਨਕ ਦਰਸ਼ਨ ਦਏ ਕਰਾਈਆ। ਜੋ ਜਨ ਮਾਂਗੇ ਗੋਬਿੰਦ ਘੋੜ ਅਸਵਾਰ, ਨੀਲੇ ਵਾਲਾ ਨੀਲੀ ਧਾਰੋਂ ਪਾਰ ਵਖਾਈਆ। ਜੋ ਜਨ ਮਾਂਗੇ ਹਰਿ ਸੰਗਤ ਪਿਆਰ, ਗੁਰਸਿਖ ਨਾਤਾ ਜੋੜ ਜੁੜਾਈਆ। ਜੋ ਜਨ ਮਾਂਗੇ ਤਨ ਹੰਕਾਰ, ਮਨ ਕਾ ਮਣਕਾ ਦਏ ਭਵਾਈਆ। ਜੋ ਜਨ ਮਾਂਗੇ ਜੂਠ ਝੂਠ ਸ਼ਿੰਗਾਰ, ਕੂੜ ਕੁੜਿਆਰਾ ਵੇਸ ਵਖਾਈਆ। ਜੋ ਜਨ ਮੰਗੇ ਹਰਿ ਸਾਚਾ ਕੰਤ ਭਤਾਰ, ਆਤਮ ਸੇਜਾ ਦਏ ਮਿਲਾਈਆ। ਹਰਿ ਸੰਗਤ ਤੇਰਾ ਦੁੱਖ ਦਰਦ ਦਏ ਨਿਵਾਰ, ਜੋ ਜਨ ਆਏ ਚਲ ਸਰਨਾਈਆ। ਗੁਰਸਿਖ ਵਸਦਾ ਰਹੇ ਸਦਾ ਦੁਆਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਲੇਖੇ ਲੱਗਾ ਪੁਰਖ ਨਾਰ, ਬਿਰਧ ਬਾਲ ਜਵਾਨ ਮਾਤਾ ਕੁੱਖ ਏਕਾ ਰੰਗ ਰੰਗਾਈਆ। ਆਪੇ ਉਦਰ ਪਾਵੇ ਸਾਰ, ਅਗਨੀ ਤਤ ਨਾ ਕੋਇ ਜਲਾਈਆ। ਵਡਭਾਗੀ ਹਰਿ ਪਾਇਆ ਦੁਆਰ, ਸਤਿਗੁਰ ਪੂਰਾ ਵਿਛੜ ਕਦੇ ਨਾ ਜਾਈਆ। ਅੰਤਮ ਵੇਲੇ ਹੋਏ ਸਹਾਰ, ਆਪ ਆਪਣੀ ਗੋਦ ਉਠਾਈਆ। ਸਚਖੰਡ ਦੁਆਰੇ ਦੇਵੇ ਵਾੜ, ਜੋਤੀ ਜੋਤ ਆਪ ਮਿਲਾਈਆ। ਘੜੀ ਸੁਹੰਜਣੀ ਸਚ ਦਿਹਾੜ, ਘਰ ਪਾਇਆ ਬੇਪਰਵਾਹੀਆ। ਖ਼ੁਸ਼ੀ ਕਰਾਏ ਬਹੱਤਰ ਨਾੜ, ਬੰਦੀ ਬੰਦ ਆਪ ਕਟਾਈਆ। ਗ਼ਰੀਬ ਨਿਮਾਣੇ ਜਾਏ ਤਾਰ, ਆਪ ਆਪਣੇ ਗਲੇ ਲਗਾਈਆ। ਗੁਰਮੁਖ ਤੇਰਾ ਸਚ ਪਿਆਰ, ਲੱਖ ਕਰੋੜੀ ਕੀਮਤ ਕੋਇ ਨਾ ਪਾਈਆ। ਹਰਿ ਸੰਗਤ ਤੇਰਾ ਸਚ ਭੰਡਾਰ, ਲੋਕਮਾਤ ਵਰਤੇ ਵਰਤਾਵੇ ਪੁਰਖ ਅਬਿਨਾਸ਼ੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਆਂ ਜੰਤਾਂ ਦੁਖੜੇ ਹਰ, ਘਰ ਘਰ ਵਿਚ ਸੁਖ ਉਪਜਾਈਆ।
