Granth 11 Likhat 160: 20 Chet 2019 Bikarmi Harbans Singh de Greh Thikri Channa Jila Karnal

੨੦ ਚੇਤ ੨੦੧੯ ਬਿਕ੍ਰਮੀ ਹਰਬੰਸ ਸਿੰਘ ਦੇ ਗ੍ਰਹਿ ਠੀਕਰੀ ਛੰਨਾ ਜ਼ਿਲਾ ਕਰਨਾਲ

ਸਤਿ ਪੁਰਖ ਨਿਰੰਜਣ ਬੇਪਰਵਾਹ, ਹਰਿ ਹਰਿ ਆਪਣੀ ਧਾਰ ਚਲਾਇੰਦਾ। ਨਿਰਗੁਣ ਸਰਗੁਣ ਬਣ ਮਲਾਹ, ਖੇਵਟ ਖੇਟਾ ਖੇਲ ਕਰਾਇੰਦਾ। ਦੋ ਜਹਾਨਾਂ ਵੇਸ ਵਟਾ, ਅਨਭਵ ਆਪਣਾ ਨੂਰ ਧਰਾਇੰਦਾ। ਅਜੂਨੀ ਰਹਿਤ ਆਪ ਅਖਵਾ, ਨਿਰਭੌ ਨਿਰਵੈਰ ਆਪਣਾ ਭੇਵ ਆਪ ਖੁਲ੍ਹਾਇੰਦਾ। ਜੁਗ ਚੌਕੜੀ ਪੰਧ ਮੁਕਾ, ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਵੇਖ ਵਖਾ, ਸਚਖੰਡ ਨਿਵਾਸੀ ਆਪਣਾ ਪੜਦਾ ਲਾਹਿੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਫੇਰਾ ਪਾ, ਗਗਨ ਪਾਤਾਲਾਂ ਏਕਾ ਨੈਣ ਉਠਾਇੰਦਾ। ਖਾਣੀ ਬਾਣੀ ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜ਼ੀਲ ਕੁਰਾਨ ਜਾਣੇ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਜੁਗਾ ਜੁਗੰਤਰ ਬੁਝਾਏ ਬਸੰਤਰ, ਸਰਬ ਜੀਆਂ ਬਿਧ ਜਾਣੇ ਅੰਤਰ, ਨਿਰਗੁਣ ਰੂਪ ਕਿਸੇ ਵਸੇ ਨਾ ਘਟ, ਘਟ ਘਟ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਸਤਿ ਸਤਿਵਾਦੀ ਦੀਨ ਦਿਆਲਾ, ਦਇਆਨਿਧ ਵਡ ਵਡਿਆਈਆ। ਆਦਿ ਜੁਗਾਦਿ ਮਧ ਚਲੇ ਅਵੱਲੜੀ ਚਾਲਾ, ਭੇਵ ਕੋਇ ਨਾ ਪਾਈਆ। ਗੁਰ ਅਵਤਾਰ ਸ਼ਬਦੀ ਸ਼ਬਦ ਰਾਹ ਦਏ ਸੁਖਾਲਾ, ਸਾਚੀ ਸਿਖਿਆ ਇਕ ਸਮਝਾਈਆ। ਆਤਮ ਪਰਮਾਤਮ ਸਦਾ ਸੁਹੇਲਾ ਚਲੇ ਨਾਲ ਨਾਲਾ, ਵਿਛੜ ਕਦੇ ਨਾ ਜਾਈਆ। ਭਗਤ ਭਗਵੰਤ ਬਣ ਦਲਾਲਾ, ਦੋ ਜਹਾਨਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਅਵੱਲੜਾ, ਕਰੇ ਕਰਾਏ ਕਰਨੇਹਾਰ। ਨਿਰਗੁਣ ਸਰਗੁਣ ਫੜਾਏ ਪਲੜਾ, ਲੱਖ ਚੁਰਾਸੀ ਪਾਏ ਸਾਰ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਸੰਦੇਸ ਏਕਾ ਘਲੜਾ, ਬੋਧ ਅਗਾਧੀ ਬੋਲ ਜੈਕਾਰ। ਕਾਇਆ ਮੰਦਰ ਅੰਦਰ ਆਤਮ ਪਰਮਾਤਮ ਆਪੇ ਰਲੜਾ, ਬ੍ਰਹਮ ਪਾਰਬ੍ਰਹਮ ਵੇਖੇ ਵੇਖਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲ ਕਰੇ ਅਪਾਰ। ਜੁਗ ਜੁਗ ਖੇਲ ਕਰੇ ਅਪਾਰਾ, ਕਰਤਾ ਪੁਰਖ ਵਡੀ ਵਡਿਆਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਜੀਵ ਜੰਤ ਕਰੇ ਪੜ੍ਹਾਈਆ। ਦੋ ਜਹਾਨਾ ਸ੍ਰੀ ਭਗਵਾਨਾ ਨਿਰਗੁਣ ਸਰਗੁਣ ਦਏ ਇਸ਼ਾਰਾ, ਸ਼ਰਅ ਵੰਡ ਨਾ ਕੋਇ ਵੰਡਾਈਆ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਅੰਤ ਨਾ ਕੋਇ ਮੁਕਾਈਆ। ਅਲੱਖ ਅਗੋਚਰ ਅਗੰਮ ਅਪਾਰਾ, ਭੇਵ ਅਭੇਦਾ ਆਪਣੇ ਹੱਥ ਰਖਾਈਆ । ਚਾਰ ਵੇਦ ਰੋਵਣ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਪੁਰਾਨ ਅਠਾਰਾਂ ਕਰਨ ਪੁਕਾਰਾ, ਸ਼ਾਸਤਰ ਸਿਮਰਤ ਨਾਲ ਮਿਲਾਈਆ। ਗੀਤਾ ਗਿਆਨ ਨਾ ਕੋਇ ਕਿਨਾਰਾ, ਅਠ ਦਸ ਕੁਰਲਾਈਆ। ਅੰਜ਼ੀਲ ਕੁਰਾਨ ਸਰਬ ਕੁਰਲਾਣ, ਤੀਸ ਬਤੀਸਾ ਜਗਤ ਹਦੀਸਾ ਸਚ ਅਮਾਮ ਪੈਗ਼ਾਮ ਪੈਗ਼ੰਬਰ ਸਰਬ ਸੁਣਾਈਆ। ਨਾਮ ਸਤਿ ਸਤਿ ਵਣਜ਼ਾਰਾ, ਸ਼ਬਦੀ ਸ਼ਬਦ ਡੰਕ ਅਪਾਰਾ, ਆਪ ਵਜਾਏ ਵਜਾਵਣਹਾਰਾ ਗੁਰ ਗੁਰ ਮੇਲਾ ਸਹਿਜ ਸੁਭਾਈਆ। ਆਪਣੀ ਇਛਿਆ ਦਏ ਭੰਡਾਰਾ, ਭਗਤ ਭਗਵੰਤ ਸਤਿ ਵਰਤਾਰਾ, ਸਤਿ ਸਤਿਵਾਦੀ ਵਸਤ ਅਮੋਲਕ ਇਕ ਵਰਤਾਈਆ। ਸੰਤਨ ਮੇਲਾ ਉਚ ਦਰਬਾਰਾ, ਘਰ ਵਿਚ ਖੋਲ੍ਹੇ ਆਪ ਕਿਵਾੜਾ, ਬੰਦ ਤਾਕੀ ਕੁੰਡਾ ਲਾਹੀਆ । ਗੁਰਮੁਖ ਤਾਰ ਸੱਚੀ ਧੁੰਨਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਈਆ। ਸਾਚਾ ਖੇਲ ਪੁਰਖ ਸਮਰਥ, ਆਦਿ ਜੁਗਾਦਿ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਹੋ ਪਰਗਟ, ਨਿਰਗੁਣ ਸਾਚਾ ਖੇਲ ਵਖਾਇੰਦਾ। ਵੇਖਣਹਾਰਾ ਨੌਂ ਖੰਡ ਪ੍ਰਿਥਮੀ ਦੀਪ ਸਤ, ਸਤਿ ਸਤਿਵਾਦੀ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਭੇਵ ਚੁਕਾਇੰਦਾ। ਕਲਜੁਗ ਅੰਤਮ ਭੇਵ ਅਵੱਲਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਨਿਰਗੁਣ ਸਰਗੁਣ ਫੜਾਏ ਪੱਲਾ, ਅਨਡਿਠ ਨਜ਼ਰ ਕਿਸੇ ਨਾ ਆਈਆ। ਸਚ ਸਿੰਘਾਸਣ ਏਕਾ ਮੱਲਾ, ਭਗਤ ਦੁਆਰੇ ਦਏ ਵਡਿਆਈਆ। ਜੋਤੀ ਸ਼ਬਦੀ ਆਪੇ ਰੱਲਾ, ਜੋਤੀ ਜਾਤਾ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਭਗਤਨ ਮੀਤਾ, ਆਪਣੀ ਦਇਆ ਕਮਾਇੰਦਾ। ਲੇਖਾ ਜਾਣੇ ਹਸਤ ਕੀਟਾ, ਊਚ ਨੀਚ ਆਪਣਾ ਰੂਪ ਦਰਸਾਇੰਦਾ। ਕਰਨਹਾਰਾ ਮਿੱਠਾ ਰੀਠਾ, ਕੂੜ ਕੁੜਿਆਰਾ ਆਪ ਮਿਟਾਇੰਦਾ। ਸਦਾ ਸੁਹੇਲਾ ਠਾਂਡਾ ਸੀਤਾ, ਸਤਿਗੁਰ ਆਪਣਾ ਨਾਉਂ ਧਰਾਇੰਦਾ। ਜੁਗ ਚੌਕੜੀ ਚਲਾਏ ਰੀਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਕਲਜੁਗ ਅੰਤਮ ਪਾਵੇ ਸਾਰ, ਨੌਂ ਨੌਂ ਚਾਰ ਪੰਧ ਮੁਕਾਈਆ। ਲੇਖਾ ਜਾਣ ਗੁਰ ਅਵਤਾਰ, ਪੂਰਬ ਲਹਿਣਾ ਝੋਲੀ ਪਾਈਆ। ਪੀਰ ਪੈਗ਼ੰਬਰ ਦਏ ਸਹਾਰ, ਚਰਨ ਕਵਲ ਬਖ਼ਸ਼ੇ ਇਕ ਸਰਨਾਈਆ। ਭਗਤ ਭਗਵੰਤ ਦੇ ਸਹਾਰ, ਸਿਰ ਆਪਣਾ ਹੱਥ ਟਿਕਾਈਆ। ਸੰਤ ਸਾਜਣ ਲਏ ਉਭਾਰ, ਘਰ ਮੰਦਰ ਸਹਿਜ ਸੁਭਾਈਆ। ਗੁਰਮੁਖ ਸਾਚਾ ਕਰ ਤਿਆਰ, ਗੁਰ ਸਤਿਗੁਰ ਗੋਦ ਬਹਾਈਆ। ਗੁਰਸਿਖ ਵੇਖੇ ਆਪਣੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਸਾਹਿਬ ਦਿਆਲ ਠਾਕਰ ਸੁਆਮੀ ਹੋਏ ਦਿਆਲ, ਦਇਆਨਿਧ ਵਡੀ ਵਡਿਆਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਇਕ ਸਮਝਾਈਆ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਸਤਿਗੁਰ ਬੈਠਾ ਦਿਵਸ ਰੈਣ ਵੇਖੇ ਚਾਈਂ ਚਾਈਂਆ। ਅਠਸਠ ਤੀਰਥ ਗ੍ਰਹਿ ਮੰਦਰ ਦਏ ਵਖਾਲ, ਜਗਤ ਨਹਾਵਣ ਨਾ ਕੋਇ ਨਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਗੁਰਮੁਖ ਦੇਵੇ ਮਾਣ ਵਡਿਆਈਆ। ਗੁਰਮੁਖ ਮਾਣ ਬ੍ਰਹਮ ਮਤ, ਪਾਰਬ੍ਰਹਮ ਜਣਾਇੰਦਾ। ਆਤਮ ਅੰਤਰ ਏਕਾ ਤੱਤ, ਤੱਤਵ ਆਪਣਾ ਨਾਉਂ ਰਖਾਇੰਦਾ। ਸਤਿ ਸੰਤੋਖ ਦੇਵੇ ਧੀਰਜ ਜਤ, ਮਨ ਮਣਕਾ ਆਪ ਭੁਵਾਇੰਦਾ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰੱਤ ਨਾ ਕੋਇ ਤਪਾਇੰਦਾ। ਜਾਨਣਹਾਰਾ ਮਿਤ ਗਤ, ਗਤ ਮਿਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਆਪਣੇ ਰੰਗ ਰੰਗਾਇੰਦਾ। ਗੁਰਮੁਖ ਰੰਗ ਅਪਰ ਅਪਾਰ, ਅਨਡਿਠੜਾ ਆਪ ਚੜ੍ਹਾਈਆ। ਨੇਤਰ ਪੇਖੇ ਨਾ ਕੋਇ ਸੰਸਾਰ, ਲੋਚਣ ਨਜ਼ਰ ਕਿਸੇ ਨਾ ਆਈਆ। ਜਨਮ ਜਨਮ ਦਏ ਸੁਆਰ, ਮਰਨ ਮਰਨ ਦਏ ਕਟਾਈਆ। ਵਰਨ ਬਰਨ ਕਰ ਖੁਆਰ, ਸਾਚੀ ਸਰਨ ਆਪ ਸਮਝਾਈਆ। ਧਰਨੀ ਧਰ ਏਕੰਕਾਰ, ਅਕਲ ਕਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਸਾਚਾ ਭੇਵ ਪੁਰਖ ਅਕਾਲ, ਆਦਿ ਅੰਤ ਜਣਾਇੰਦਾ। ਗੁਰਮੁਖ ਸੱਜਣ ਵੇਖੇ ਲਾਲ, ਆਪ ਆਪਣੀ ਗੋਦ ਬਹਾਇੰਦਾ। ਕਲਜੁਗ ਅੰਤਮ ਮਾਰਗ ਦੇਵੇ ਇਕ ਸੁਖਾਲ, ਸ਼ਾਸਤਰ ਸਿਮਰਤ ਵੇਦ ਭੇਵ ਨਾ ਪਾਇੰਦਾ। ਮਾਣ ਤੋੜ ਕਾਲ ਮਹਾਂਕਾਲ, ਕਾਲਖ ਟਿੱਕਾ ਮਸਤਕ ਲਾਹਿੰਦਾ। ਸਤਿਗੁਰ ਸਾਹਿਬ ਹੋ ਦਿਆਲ, ਦੀਨਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਸਿਰ ਰੱਖੇ ਹੱਥ ਪੁਰਖ ਸਮਰਥ, ਸਮਰਥ ਵਡੀ ਵਡਿਆਈਆ। ਆਪਣਾ ਨਾਉਂ ਜਣਾਏ ਅਕਥ, ਕਥਨੀ ਕਥ ਨਾ ਸਕੇ ਰਾਈਆ। ਕਲਜੁਗ ਅੰਤ ਚਲਾਏ ਰਥ, ਸਾਚਾ ਬੇੜਾ ਆਪ ਉਠਾਈਆ। ਪੰਧ ਮੁਕਾਏ ਨੱਠ ਨੱਠ, ਦੋ ਜਹਾਨਾਂ ਲੋਆਂ ਪੁਰੀਆਂ ਚਰਨਾਂ ਹੇਠ ਦਬਾਈਆ। ਹਿਰਦੇ ਅੰਦਰ ਆਪੇ ਵਸ, ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਭੇਵ ਅਭੇਦਾ ਦੇਵੇ ਖੋਲ੍ਹ, ਹਰਿ ਜੂ ਹਰਿ ਹਰਿ ਦਇਆ ਕਮਾਇੰਦਾ। ਗੁਰਮੁਖ ਤੋਲੇ ਆਪਣੇ ਤੋਲ, ਨਾਮ ਕੰਡਾ ਇਕ ਰਖਾਇੰਦਾ। ਆਤਮ ਪਰਮਾਤਮ ਧਾਰਾ ਸਾਚੀ ਬੋਲ, ਬ੍ਰਹਮ ਪਾਰਬ੍ਰਹਮ ਸਮਝਾਇੰਦਾ। ਨਿਰਗੁਣ ਸਰਗੁਣ ਵਸੇ ਕੌਲ, ਵਿਛੜ ਕਦੇ ਨਾ ਜਾਇੰਦਾ। ਸਦਾ ਸੁਹੇਲਾ ਰੱਖੇ ਆਪ ਅਡੋਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਤ ਆਪ ਵਡਿਆਇੰਦਾ। ਜਨ ਭਗਤਾਂ ਦੇਵੇ ਨਾਮ ਦਾਤ, ਹਰਿ ਨਾਮਾ ਆਪ ਵਰਤਾਇੰਦਾ। ਕਲ ਮਿਟੇ ਅੰਧੇਰੀ ਰਾਤ, ਸਤਿ ਸਤਿ ਸਤਿ ਪਰਗਟਾਇੰਦਾ। ਏਕਾ ਅੱਖਰ ਪਰਗਟਾਏ ਗਾਥ, ਹੰ ਬ੍ਰਹਮ ਆਪ ਸਮਝਾਇੰਦਾ। ਸੋ ਪੁਰਖ ਨਿਰੰਜਣ ਦੇਵੇ ਸਾਥ, ਸਗਲਾ ਸੰਗ ਆਪ ਹੋ ਜਾਇੰਦਾ। ਹਰਿਜਨ ਮੇਲਾ ਸਾਚੇ ਘਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਆਪ ਵਡਿਆਇੰਦਾ। ਗੁਰਮੁਖ ਤੇਰਾ ਵੱਡਾ ਮਾਣ, ਹਰਿ ਸੰਗਤ ਸੰਗ ਸਮਾਈਆ। ਕਲਜੁਗ ਅੰਤ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਮਿਲਿਆ ਮੇਲ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਈਆ । ਸਚਖੰਡ ਦਾ ਸਚ ਨਿਸ਼ਾਨ, ਲੋਕਮਾਤ ਦਏ ਝੁਲਾਈਆ। ਚਾਰ ਵਰਨ ਦਾ ਇਕ ਧਿਆਨ, ਏਕਾ ਇਸ਼ਟ ਪਰਗਟਾਈਆ। ਚਾਰ ਬਾਣੀ ਇਕ ਬਿਆਨ, ਚਾਰੇ ਖਾਣੀ ਦਏ ਸਮਝਾਈਆ। ਚਾਰੋਂ ਕੁੰਟ ਇਕ ਗਿਆਨ, ਚਾਰ ਵਰਨ ਆਪ ਜਣਾਈਆ। ਚਾਰ ਯਾਰੀ ਮੇਟ ਨਿਸ਼ਾਨ, ਚੌਥੇ ਜੁਗ ਪੰਧ ਮੁਕਾਈਆ। ਜਨ ਭਗਤਾਂ ਨਿਝ ਆਤਮ ਨਿਝ ਘਰ ਦਰਸਨ ਦੇਵੇ ਆਣ, ਦਰਦੀ ਆਪਣਾ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਦਾ ਸਦਾ ਸਲਾਹੀਆ। ਗੁਰਸਿਖ ਸਦਾ ਸਲਾਹਵਣ ਯੋਗ, ਹਰਿ ਸਤਿਗੁਰ ਆਪ ਸਲਾਹਿੰਦਾ। ਜਨਮ ਜਨਮ ਦਾ ਕੱਟ ਕੱਟ ਰੋਗ, ਅਨਰਾਗੀ ਆਪਣਾ ਮੇਲ ਮਿਲਾਇੰਦਾ। ਮੇਲ ਮਿਲਾਵਾ ਧੁਰ ਸੰਜੋਗ, ਧੁਰ ਸੰਜੋਗੀ ਆਪ ਅਖਵਾਇੰਦਾ। ਨਾਤਾ ਤੋੜ ਚੌਦਾਂ ਲੋਕ, ਤ੍ਰੈਭਵਣ ਧਨੀ ਆਪਣਾ ਰੰਗ ਰੰਗਾਇੰਦਾ। ਕਾਇਆ ਬੰਕ ਵੇਖੇ ਸਾਚਾ ਕਿਲਾ ਕੋਟ, ਗ੍ਰਹਿ ਮੰਦਰ ਆਪ ਵਡਿਆਇੰਦਾ। ਸੰਤਨ ਨਗਾਰੇ ਲੱਗੇ ਚੋਟ, ਨਾਦ ਅਨਾਦੀ ਆਪ ਸੁਣਾਇੰਦਾ। ਆਲ੍ਹਣਿਉਂ ਡਿਗੇ ਉਠਾਏ ਬੋਟ, ਸਾਚੀ ਗੋਦ ਆਪ ਸੁਹਾਇੰਦਾ। ਮੇਲ ਮਿਲਾਵਾ ਨਿਰਮਲ ਜੋਤ, ਨੂਰ ਨੂਰ ਨੂਰ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਵਡਿਆਇੰਦਾ । ਗੁਰਸਿਖ ਵਡਿਆਈ ਲੋਕਮਾਤ, ਹਰਿ ਸਾਚਾ ਸਚ ਜਣਾਇੰਦਾ। ਨਾਮ ਨਿਧਾਨਾ ਇਕੋ ਦਾਤ, ਏਕਾ ਦਾਨ ਵਰਤਾਇੰਦਾ। ਕਲ ਮਿਟੇ ਅੰਧੇਰੀ ਰਾਤ, ਭਗਤਨ ਸਾਚਾ ਚੰਦ ਚੜ੍ਹਾਇੰਦਾ। ਦੋ ਜਹਾਨਾਂ ਵੇਖੇ ਖਾਤ, ਡੂੰਘਾ ਖਾਤਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਵਡਿਆਇੰਦਾ। ਗੁਰਮੁਖ ਵੱਡਾ ਸਚਖੰਡ, ਹਰਿ ਸਾਚਾ ਦਏ ਵਡਿਆਈਆ। ਲੇਖਾ ਚੁੱਕੇ ਕੋਟ ਬ੍ਰਹਿਮੰਡ, ਬ੍ਰਹਿਮਾਂਡ ਨਜ਼ਰ ਕੋਇ ਨਾ ਆਈਆ। ਚਰਨਾਂ ਹੇਠ ਰਖਾਏ ਸੂਰਜ ਚੰਦ, ਮੰਡਲ ਮੰਡਪ ਪੰਧ ਮੁਕਾਈਆ। ਅੱਖਰ ਅੱਖਰ ਨਾ ਕੋਇ ਛੰਦ, ਬਿਨ ਅੱਖਰ ਕਰੇ ਪੜ੍ਹਾਈਆ। ਦੂਈ ਦਵੈਤੀ ਬਜਰ ਕਪਾਟੀ ਨਾ ਕੋਈ ਪੱਥਰ, ਸਿਲਾ ਰੂਪ ਨਾ ਕੋਇ ਵਟਾਈਆ। ਆਤਮ ਸੇਜਾ ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਆਪ ਵਖਾਏ ਆਪਣਾ ਸੱਥਰ, ਦੂਜਾ ਸੱਥਰ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਦੇਵੇ ਵਡਿਆਈਆ। ਕਲਜੁਗ ਵਡਿਆਈ ਅੰਤ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਆਤਮ ਪਰਮਾਤਮ ਨਾਉਂ ਮਣੀਆ ਮੰਤ, ਮਨ ਕਾ ਮਣਕਾ ਆਪ ਭੁਵਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਆਪ ਸਮਝਾਇੰਦਾ। ਪਾਰਸ ਕਰੇ ਸਾਚੇ ਸੰਤ, ਕੰਚਨ ਆਪਣਾ ਰੂਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਆਪ ਤਰਾਇੰਦਾ । ਗੁਰਸਿਖ ਤੇਰਾ ਵੇਖ ਤੇਜ, ਦੋ ਜਹਾਨ ਨੈਣ ਉਠਾਈਆ। ਪੁਰਖ ਅਬਿਨਾਸ਼ੀ ਸ਼ਬਦ ਸੁਨੇਹੜਾ ਰਿਹਾ ਭੇਜ, ਗੁਰ ਅਵਤਾਰ ਦੇਣ ਗਵਾਹੀਆ। ਭਗਤ ਭਗਵਾਨ ਸੁੰਞੀ ਹੋਣ ਨਾ ਦੇਵੇ ਸੇਜ, ਕੰਤ ਕੰਤੂਹਲ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰਾ ਨੂਰ ਆਪ ਚਮਕਾਈਆ। ਗੁਰਸਿਖ ਤੇਰਾ ਨੂਰ ਨੁਰਾਨਾ, ਪੀਰ ਪੈਗ਼ੰਬਰ ਵੇਖ ਵਖਾਇੰਦਾ। ਚੌਦਾਂ ਤਬਕ ਕਰਨ ਸਲਾਮਾ, ਸੱਯਦਾ ਸੀਸ ਸਰਬ ਝੁਕਾਇੰਦਾ। ਈਸਾ ਮੂਸਾ ਮੁਹੰਮਦ ਜ਼ਬਰਾਈਲ ਮੇਕਾਈਲ ਅਸਰਾਈਲ ਅਸਰਾਫ਼ੀਲ ਦੇਦਾਂ ਰਿਹਾ ਪੈਗ਼ਾਮਾ, ਕਲਮਾ ਨਬੀ ਨਬੀ ਪੜ੍ਹਾਇੰਦਾ। ਕਲਜੁਗ ਅੰਤਮ ਪਰਵਰਦਿਗਾਰ ਖੇਲ ਕਰੇ ਮਹਾਨਾ, ਬੇਐਬ ਨਜ਼ਰ ਕਿਸੇ ਨਾ ਆਇੰਦਾ। ਮੁਰਸ਼ਦ ਮੁਰੀਦ ਸੁਣਾਏ ਗਾਣਾ, ਧੁਰ ਫ਼ਰਮਾਣਾ ਆਪ ਅਲਾਇੰਦਾ। ਤੀਰਥ ਤਟ ਹੋਏ ਹੈਰਾਨਾ, ਕਰੇ ਖੇਲ ਸ੍ਰੀ ਭਗਵਾਨਾ, ਦੂਜਾ ਸੰਗ ਨਾ ਕੋਇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਆਪਣੀ ਖੇਲ ਕਰਾਇੰਦਾ। ਤੀਰਥ ਤਟ ਮਾਰਨ ਧਾਹ, ਨੇਤਰ ਨੈਣਾਂ ਨੀਰ ਵਹਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਖੁਲ੍ਹੜੇ ਕੇਸ ਰਹੀ ਵਖਾ, ਭੋਲਾ ਨਾਥ ਨਾ ਨੈਣ ਉਠਾਈਆ। ਤ੍ਰਿਬੈਣੀ ਨੈਣੀ ਕੋਈ ਨਾ ਵੇਖੇ ਆ, ਸੰਗਮ ਫੇਰਾ ਕੋਇ ਨਾ ਪਾਈਆ। ਦੁਰਮਤ ਮੈਲ ਸਕੇ ਨਾ ਕੋਈ ਧੁਵਾ, ਨਿਰਮਲ ਨੀਰ ਨਾ ਕੋਇ ਕਰਾਈਆ। ਚਾਰੋਂ ਕੁੰਟ ਹੋਏ ਹੈਰਾਂ, ਧੀਰਜ ਧੀਰ ਨਾ ਕੋਇ ਧਰਾਈਆ। ਕਲਜੁਗ ਅੰਤਮ ਸਾਡਾ ਮਿਟਦਾ ਜਾਏ ਨਿਸ਼ਾਂ, ਸਚ ਨਿਸ਼ਾਨਾ ਨਾ ਕੋਇ ਝੁਲਾਈਆ। ਅੰਤ ਪਕੜੇ ਨਾ ਕੋਈ ਬਾਂਹ, ਰਵਦਾਸ ਕਸੀਰਾ ਭੇਟ ਨਾ ਕੋਇ ਚੜ੍ਹਾਈਆ। ਏਥੇ ਓਥੇ ਮਿਲੇ ਨਾ ਕੋਈ ਥਾਂ, ਦੋ ਜਹਾਨਾਂ ਨਜ਼ਰ ਕੋਇ ਨਾ ਆਈਆ। ਉਚੀ ਕੂਕ ਰਹੇ ਕੁਰਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਤੀਰਥ ਤਟ ਰਹੇ ਰੋ, ਨੇਤਰ ਨੈਣ ਨੀਰ ਵਹਾਇਆ। ਨੌਂ ਖੰਡ ਪ੍ਰਿਥਮੀ ਮਿਲੇ ਨਾ ਢੋਆ ਢੋ, ਸਾਚਾ ਸੰਗ ਨਾ ਕੋਇ ਨਿਭਾਇਆ। ਨਿਰਗੁਣ ਸਰਗੁਣ ਟੁੱਟਾ ਮੋਹ, ਮਾਇਆ ਮਮਤਾ ਪੜਦਾ ਪਾਇਆ। ਆਤਮ ਪਰਮਾਤਮ ਸਕੇ ਨਾ ਛੋਹ, ਜਗਤ ਅੰਧੇਰਾ ਨਾ ਕੋਇ ਗਵਾਇਆ। ਸਾਚੀ ਕਰੇ ਨਾ ਕੋਇ ਲੋ, ਨੇਤਰ ਗਿਆਨ ਨਾ ਕੋਇ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਵੇਸ ਆਪ ਧਰਾਇਆ। ਤੀਰਥ ਤਟ ਹੋ ਇਕੱਠੇ, ਸਾਰੇ ਦੇਣ ਦੁਹਾਈਆ। ਕਲਜੁਗ ਅੰਤਮ ਮੂੰਹ ਦੇ ਭਾਰ ਢੱਠੇ, ਨਾ ਸਕੇ ਕੋਇ ਉਠਾਈਆ। ਪਰਗਟ ਹੋਇਆ ਪੁਰਖ ਸਮਰਥੇ, ਜਿਨ੍ਹ ਸਾਡੀ ਬਣਤ ਬਣਾਈਆ। ਜਿਉਂ ਭਾਵੇ ਤਿਉਂ ਸਾਨੂੰ ਰੱਖੇ, ਸਾਡੀ ਚਲੇ ਨਾ ਕੋਇ ਚਤੁਰਾਈਆ। ਸਾਡੇ ਭਾਂਡੇ ਹੋਏ ਸਖੇ, ਅੰਮ੍ਰਿਤ ਨਜ਼ਰ ਕਿਤੇ ਨਾ ਆਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਚੀਰ ਲੱਥੇ, ਉਤੇ ਪੜਦਾ ਕੋਇ ਨਾ ਪਾਈਆ। ਸਾਧ ਸੰਤ ਜਗਤ ਵਿਕਾਰ ਵਿਚ ਫਸੇ, ਤੱਟ ਬੈਠੇ ਡੇਰਾ ਲਾਈਆ। ਕੂੜ ਕੁੜਿਆਰਾ ਕੰਢੇ ਉਤੇ ਹੱਸੇ, ਸਚ ਸੁੱਚ ਨਜ਼ਰ ਕਿਸੇ ਨਾ ਆਈਆ। ਕਾਮ ਕਰੋਧ ਲੋਭ ਮੋਹ ਹੰਕਾਰ ਅੰਦਰ ਵੜ ਵੜ ਨੱਚੇ, ਨਟੂਆ ਆਪਣਾ ਸਾਂਗ ਵਰਤਾਈਆ। ਗੁਰਮੁਖ ਵਿਰਲਾ ਕੋਈ ਬਚੇ, ਜਿਸ ਸਤਿਗੁਰ ਆਪਣੀ ਗੋਦ ਬਹਾਈਆ। ਕਲਜੁਗ ਅੰਤਮ ਭਾਂਡੇ ਕੱਚੇ, ਥਿਰ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਗੰਗਾ ਉਠੀ ਨੇਤਰ ਖੋਲ੍ਹ, ਆਪਣਾ ਨੈਣ ਖੁਲ੍ਹਾਈਆ। ਜਮਨਾ ਕਹੇ ਇਕੋ ਬੋਲ, ਕੂਕ ਕੂਕ ਸੁਣਾਈਆ। ਸੁਰਸਤੀ ਕਹੇ ਮੇਰੇ ਕੁਛ ਨਾ ਕੋਲ, ਖਾਲੀ ਹੱਥ ਰਹੀ ਵਖਾਈਆ। ਗੋਦਾਵਰੀ ਕਹੇ ਗੋਬਿੰਦ ਮੇਰੇ ਕੋਲੋਂ ਉਠ ਗਿਆ ਅਡੋਲ, ਮੈਂ ਕੋਝੀ ਕਮਲੀ ਸਾਰ ਨਾ ਪਾਈਆ। ਭੋਲਾ ਨਾਥ ਸੁੱਤਾ ਰਹਿ ਗਿਆ ਅਨਭੋਲ, ਸ਼ੰਕਰ ਨੈਣ ਨਾ ਕੋਇ ਖੁਲ੍ਹਾਈਆ। ਕਲਜੁਗ ਅੰਤਮ ਸਾਰਿਆਂ ਨਾਲ ਮਾਰ ਗਿਆ ਰੌਲ, ਭੇਵ ਕਿਸੇ ਨਾ ਆਈਆ। ਦਰ ਦਰ ਆ ਕੇ ਤੋਲ ਗਿਆ ਤੋਲ, ਸਾਚਾ ਕੰਡਾ ਹੱਥ ਉਠਾਈਆ। ਸਾਡੇ ਖਾਲੀ ਕਰ ਗਿਆ ਖੋਲ, ਵਸਤ ਵਿਚ ਰਹਿਣ ਨਾ ਪਾਈਆ। ਉਚੀ ਸੁਣਾ ਕੇ ਗਿਆ ਇਕੋ ਬੋਲ, ਔਣਾ ਚਲ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਆਪ ਵਡਿਆਈਆ। ਜਮਨਾ ਗੰਗਾ ਸੁਰਸਤੀ ਗੋਦਾਵਰੀ ਰੋਵਣ ਅੱਥ, ਨੇਤਰ ਨੈਣਾਂ ਨੀਰ ਵਹਾਇਆ। ਤੀਰਥ ਤਟ ਬੈਠੇ ਸੱਥਰ ਘਤ, ਵੇਲੇ ਅੰਤ ਨਾ ਕੋਇ ਸਹਾਇਆ। ਕਲਜੁਗ ਮਾਰੀ ਸਭ ਦੀ ਮਤ, ਬੁਧੀ ਸਤਿ ਨਾ ਕੋਇ ਰਖਾਇਆ। ਚਾਰੋਂ ਕੁੰਟ ਖਾਲੀ ਹੱਟ, ਵਸਤ ਹੱਥ ਕਿਸੇ ਨਾ ਆਇਆ। ਕੂੜੀ ਕਿਰਿਆ ਰਹੀ ਨੱਚ, ਕਲਜੁਗ ਡੌਰੂ ਡੰਕਾ ਨਾਲ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਕਲਜੁਗ ਤੇਰੀ ਕੂੜੀ ਧਾਰ, ਸੋ ਪੁਰਖ ਨਿਰੰਜਣ ਪਾਰ ਕਰਾਈਆ। ਨਿਰਗੁਣ ਸਰਗੁਣ ਲਏ ਅਵਤਾਰ, ਜੋਤੀ ਜਾਤਾ ਭੇਖ ਵਟਾਈਆ। ਸੰਤ ਸੁਹੇਲੇ ਲਏ ਵਿਚਾਰ, ਗੁਰ ਚੇਲੇ ਮੇਲ ਮਿਲਾਈਆ। ਨਾਤਾ ਤੋੜ ਤੀਰਥ ਤਟ ਕਿਨਾਰ, ਆਪਣਾ ਦੁਆਰ ਦਏ ਸਮਝਾਈਆ। ਦੇਵੇ ਮਾਣ ਵਿਚ ਸੰਸਾਰ, ਵਡ ਸੰਸਾਰੀ ਦਇਆ ਕਮਾਈਆ। ਜਿਸ ਦਾ ਗੁਰ ਪੀਰ ਅਵਤਾਰ ਮੰਗਦੇ ਰਹੇ ਦੀਦਾਰ, ਸੋ ਸਾਹਿਬ ਸਤਿਗੁਰ ਲੋਕਮਾਤ ਫੇਰਾ ਪਾਈਆ । ਸਾਨੂੰ ਅੰਤਮ ਆਈ ਹਾਰ, ਤੀਰਥ ਤਟ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਰਿਹਾ ਪਰਗਟਾਈਆ। ਤੀਰਥ ਤਟ ਸਾਰੇ ਕਹਿਣ ਏਕਾ ਮਤਾ ਪਕਾਇਆ। ਚਲੋ ਚਲ ਕੇ ਵੇਖੀਏ ਨੈਣ, ਪੁਰਖ ਅਕਾਲ ਕਵਣ ਵੇਸ ਵਟਾਇਆ। ਗੁਰਮੁਖਾਂ ਚੁਕਾਏ ਲਹਿਣ ਦੇਣ, ਆਪਣਾ ਨਾਉਂ ਝੋਲੀ ਪਾਇਆ। ਸਾਡਾ ਬਣੇ ਨਾ ਕੋਈ ਸਾਕ ਸੈਣ, ਸੱਜਣ ਕੋਇ ਨਜ਼ਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਤੀਰਥ ਤਟ ਕਰਨ ਵਿਚਾਰ, ਨੇਤਰ ਨੈਣ ਨੈਣ ਸ਼ਰਮਾਈਆ। ਕਿਸ ਬਿਧ ਜਾਈਏ ਸਚ ਦਰਬਾਰ, ਸਚ ਵਸਤ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਕਰਿਆ ਵਿਭਚਾਰ, ਦੁਰਮਤ ਮੈਲ ਨਾ ਕੋਇ ਧੁਵਾਈਆ। ਆਪਣਾ ਆਪ ਗਏ ਹਾਰ, ਹਰਿ ਕੀ ਪੌੜੀ ਦੂਜੇ ਕਿਸੇ ਨਾ ਸਕੇ ਚੜ੍ਹਾਈਆ। ਜੀਵ ਜੰਤ ਮਾਰੇ ਠਾਰ ਠਾਰ, ਠੋਕਰ ਨਾਮ ਨਾ ਕਿਸੇ ਲਗਾਈਆ। ਮਾਨਸ ਹੋਏ ਅੰਤ ਖੁਆਰ, ਜਗਤ ਖੁਵਾਰੀ ਨਾ ਕੋਇ ਚੁਕਾਈਆ। ਆਪਣਾ ਆਪ ਗਏ ਹਾਰ, ਸਾਡਾ ਬਲ ਨਜ਼ਰ ਕੋਇ ਨਾ ਆਈਆ। ਇਕ ਇਕੱਲਾ ਪਰਗਟ ਹੋਇਆ ਹਰਿ ਨਿਰੰਕਾਰ, ਸਭ ਦਾ ਲਹਿਣਾ ਗਿਆ ਮੁਕਾਈਆ। ਲੱਖ ਚੁਰਾਸੀ ਕਰੇ ਭਾਲ, ਗੁਰਮੁਖ ਆਪਣੇ ਲਏ ਜਗਾਈਆ। ਚਾਰ ਜੁਗ ਦੇ ਵਿਛੜੇ ਮੇਲੇ ਆਪਣੇ ਨਾਲ, ਜਨਮ ਜਨਮ ਲੇਖਾ ਦਏ ਚੁਕਾਈਆ। ਗੁਰਸਿਖਾਂ ਪਿਛੇ ਆਪਣੀ ਘਾਲ ਰਿਹਾ ਘਾਲ, ਨਿਰਗੁਣ ਨਿਰਵੈਰ ਪੁਰਖ ਅਕਾਲ ਘਰ ਘਰ ਆਏ ਦਰਸ ਦਿਖਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਹਰਿ ਜੂ ਵੱਡਾ ਮਾਹੀਆ। ਚਰਨ ਧੂੜ ਏਕਾ ਵਾਰ ਦਏ ਨੁਹਾਲ, ਦੂਜੀ ਵਾਰ ਮੈਲ ਨਾ ਲਾਗੇ ਰਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਕਾਲ ਫਾਸ ਰਿਹਾ ਕਟਾਈਆ। ਚਲੋ ਚਲ ਕੇ ਕਰੀਏ ਸਾਰੇ ਸਵਾਲ, ਪ੍ਰਭ ਚਰਨਾਂ ਸੀਸ ਟਿਕਾਈਆ। ਸਾਨੂੰ ਫੇਰ ਕਦੋਂ ਕਰੇ ਬਹਾਲ, ਸਿਰ ਸਾਡੇ ਹੱਥ ਟਿਕਾਈਆ। ਅਸੀਂ ਤੇਰੇ ਨਿੱਕੇ ਬਾਲ, ਨਿੱਕੀ ਨਿੱਕੀ ਚਾਲ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਜਗਾਈਆ। ਵੇਖੋ ਗੁਰਸਿਖ ਗਿਆ ਜਾਗ, ਹਰਿ ਸਤਿਗੁਰ ਆਪ ਜਗਾਇੰਦਾ। ਘਰ ਸਾਚੇ ਲੱਗਾ ਭਾਗ, ਵਡ ਭਾਗੀ ਆਪ ਲਗਾਇੰਦਾ। ਜਨਮ ਜਨਮ ਦਾ ਧੋਵੇ ਦਾਗ਼, ਨਿਰਮਲ ਨੀਰ ਨੀਰ ਪਿਆਇੰਦਾ। ਹੰਸ ਬਣਾਏ ਫੜ ਫੜ ਕਾਗ, ਹੰਸ ਮੁਖ ਮੁੱਖ ਸਲਾਹਿੰਦਾ। ਲੇਖਾ ਜਾਣੇ ਆਦਿ ਜੁਗਾਦਿ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਇਕੋ ਨਾਦ, ਪਾਰਬ੍ਰਹਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਇਕੋ ਦਾਨ, ਗੁਰਸਿਖ ਦੂਜੇ ਘਰ ਮੰਗਣ ਨਾ ਜਾਇੰਦਾ।