੧੦ ਚੇਤ ੨੦੧੯ ਬਿਕ੍ਰਮੀ ਦਾਰਾ ਸਿੰਘ ਦੇ ਗ੍ਰਹਿ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਹੁਕਮੇ ਅੰਦਰ ਗੁਣ ਭਰਪੂਰ, ਗੁਣਵੰਤਾ ਖੇਲ ਕਰਾਇੰਦਾ। ਹੁਕਮੇ ਅੰਦਰ ਨਿਰਗੁਣ ਨੂਰ, ਨੂਰ ਨੁਰਾਨਾ ਡਗਮਗਾਇੰਦਾ। ਹੁਕਮੇ ਅੰਦਰ ਲੇਖਾ ਜਾਣੇ ਨੇੜੇ ਦੂਰ, ਦੋ ਜਹਾਨਾਂ ਫੇਰਾ ਪਾਇੰਦਾ। ਹੁਕਮੇ ਅੰਦਰ ਪਰਗਟ ਹੋਏ ਜ਼ਾਹਰ ਜ਼ਹੂਰ, ਜ਼ਾਹਰਾ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਹਰਿ ਹਰਿ ਨਾਉਂ, ਸੋ ਪੁਰਖ ਨਿਰੰਜਣ ਆਪ ਵਰਤਾਈਆ। ਲੇਖਾ ਜਾਣੇ ਅਗੰਮ ਅਥਾਹੋ, ਬੇਪਰਵਾਹ ਵਡੀ ਵਡਿਆਈਆ। ਸਚ ਸੰਦੇਸਾ ਪਿਤਾ ਮਾਉ, ਪੂਤ ਸਪੂਤਾ ਆਪ ਸਮਝਾਈਆ। ਭਗਤ ਭਗਵੰਤ ਜੁਗ ਜੁਗ ਉਠਾਏ ਫੜ ਫੜ ਬਾਂਹੋਂ, ਆਤਮ ਗਿਆਨ ਧਿਆਨ ਲਗਾਈਆ। ਸਰਨ ਸਰਨਾਈ ਦੇਵੇ ਸੱਚਾ ਥਾਉਂ, ਥਾਨ ਥਨੰਤਰ ਇਕ ਵਖਾਈਆ। ਫੜ ਫੜ ਹੰਸ ਬਣਾਏ ਕਾਉਂ, ਸੋਹੰ ਹੰਸਾ ਚੋਗ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪਣਾ ਨਾਮ ਸਮਝਾਈਆ। ਸਾਚਾ ਨਾਮ ਹਰਿ ਨਿਰੰਕਾਰ, ਜੁਗ ਜੁਗ ਆਪ ਜਣਾਇੰਦਾ। ਨਿਰਗੁਣ ਸਰਗੁਣ ਪਾਵੇ ਸਾਰ, ਵੇਸ ਅਨੇਕ ਵਟਾਇੰਦਾ। ਸੇਵਕ ਸੇਵਾ ਗੁਰ ਅਵਤਾਰ, ਲੋਕਮਾਤ ਬੂਝ ਬੁਝਾਇੰਦਾ। ਪੰਜ ਤੱਤ ਕਾਇਆ ਹੋ ਉਜਿਆਰ, ਆਤਮ ਪਰਮਾਤਮ ਜੋੜ ਜੁੜਾਇੰਦਾ। ਨਿਰਮਲ ਦੀਆ ਕਰ ਉਜਿਆਰ, ਕਾਇਆ ਮੰਦਰ ਆਪ ਜਗਾਇੰਦਾ। ਬੰਦ ਤਾਕੀ ਖੋਲ੍ਹ ਕਿਵਾੜ, ਬਜਰ ਕਪਾਟੀ ਕੁੰਡਾ ਲਾਹਿੰਦਾ। ਅਨਹਦ ਸ਼ਬਦ ਸੱਚੀ ਧੁੰਨਕਾਰ, ਗ੍ਰਹਿ ਮੰਦਰ ਆਪ ਸੁਹਾਇੰਦਾ। ਅੰਮ੍ਰਿਤ ਆਤਮ ਠੰਡਾ ਠਾਰ, ਸਰ ਸਰੋਵਰ ਇਕ ਨੁਹਾਇੰਦਾ। ਸਵੱਛ ਸਰੂਪੀ ਦਰਸ ਅਪਾਰ, ਆਤਮ ਸੇਜਾ ਆਪ ਵਖਾਇੰਦਾ। ਕਾਗਦ ਕਲਮ ਨਾ ਲਿਖਣਹਾਰ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਹੁਕਮੇ ਅੰਦਰ ਸਰਬ ਸੰਸਾਰ, ਲੱਖ ਚੁਰਾਸੀ ਬੰਧਨ ਪਾਇੰਦਾ। ਹੁਕਮੇ ਅੰਦਰ ਵੇਦ ਚਾਰ, ਬ੍ਰਹਮਾ ਵੇਤਾ ਮੁਖ ਸਲਾਹਿੰਦਾ। ਹੁਕਮੇ ਅੰਦਰ ਸ਼ਾਸਤਰ ਸਿਮਰਤ ਦਏ ਅਧਾਰ, ਗੀਤਾ ਗਿਆਨ ਗਿਆਨ ਦ੍ਰਿੜਾਇੰਦਾ। ਹੁਕਮੇ ਅੰਦਰ ਅੰਜੀਲ ਕੁਰਾਨ, ਕਾਇਆ ਕੁਰਾ ਵੇਖ ਵਖਾਇੰਦਾ। ਹੁਕਮੇ ਅੰਦਰ ਗੁਰ ਗੁਰ ਬਾਣੀ ਬੋਲ ਜੈਕਾਰ, ਜੈ ਜੈਕਾਰ ਨਾਅਰਾ ਲਾਇੰਦਾ। ਹੁਕਮੇ ਅੰਦਰ ਦੋ ਜਹਾਨ ਵੇਖੇ ਅਖਾੜ, ਲੋਆਂ ਪੁਰੀਆਂ ਨਾਚ ਨਚਾਇੰਦਾ। ਹੁਕਮੇ ਅੰਦਰ ਤ੍ਰੈਗੁਣ ਮਾਇਆ ਅਗਨੀ ਹਾੜ, ਤੱਤਵ ਤੱਤ ਤੱਤ ਜਲਾਇੰਦਾ। ਹੁਕਮੇ ਅੰਦਰ ਸਤਿਗੁਰ ਗੁਰ ਕਰੇ ਪਿਆਰ, ਗੁਰ ਸ਼ਬਦੀ ਬੂਝ ਬੁਝਾਇੰਦਾ। ਹੁਕਮੇ ਮੰਦਰ ਭਗਤ ਭਗਵੰਤ ਲਏ ਉਭਾਰ, ਦੀਨਨ ਆਪਣੀ ਦਇਆ ਕਮਾਇੰਦਾ। ਹੁਕਮੇ ਅੰਦਰ ਸਾਚੇ ਸੰਤਾਂ ਸੁਰਤੀ ਸ਼ਬਦੀ ਸ਼ਬਦੀ ਸੁਰਤ ਲਏ ਉਠਾਲ, ਆਲਸ ਨਿੰਦਰਾ ਆਪੇ ਲਾਹਿੰਦਾ। ਗੁਰਮੁਖਾਂ ਚਲੇ ਨਾਲ ਨਾਲ, ਜੁਗ ਜੁਗ ਵਿਛੜ ਕਦੇ ਨਾ ਜਾਇੰਦਾ। ਗੁਰਸਿਖਾਂ ਮਾਰਗ ਦੱਸੇ ਸੁਖਾਲ, ਸਾਚੀ ਰੀਤੀ ਆਪ ਚਲਾਇੰਦਾ। ਹੁਕਮੇ ਅੰਦਰ ਕਾਲ ਮਹਾਂਕਾਲ, ਜੁਗ ਚੌਕੜੀ ਸੇਵ ਕਮਾਇੰਦਾ। ਹੁਕਮੇ ਅੰਦਰ ਚਿਤਰ ਗੁਪਤ ਆਪਣਾ ਲੇਖਾ ਰਿਹਾ ਵਖਾਲ, ਲਿਖ ਲਿਖ ਲੇਖ ਸਰਬ ਜਣਾਇੰਦਾ। ਹੁਕਮੇ ਅੰਦਰ ਰਾਏ ਧਰਮ ਅਠ ਦਸ ਵਖਾਏ ਜਗਤ ਧਰਮਸਾਲ, ਅਠਾਰਾਂ ਦਸ ਮੇਲ ਮਿਲਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੇੜਾ ਗੇੜੇ ਵਿਚ ਵਖਾਇੰਦਾ। ਜੁਗ ਜੁਗ ਗੇੜਾ ਹਰਿ ਨਿਰੰਕਾਰ, ਜੁਗ ਕਰਤਾ ਆਪ ਰਖਾਈਆ। ਨੌਂ ਨੌਂ ਚਾਰ ਉਤਰੇ ਪਾਰ, ਲੋਕਮਾਤ ਰਹਿਣ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਹਾਰ, ਹਰਿ ਕਾ ਅੰਤ ਕੋਇ ਨਾ ਪਾਈਆ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਗਏ ਪੁਕਾਰ, ਦੋਏ ਜੋੜ ਸੀਸ ਝੁਕਾਈਆ। ਜੁਗ ਜੁਗ ਸਿਖਿਆ ਦੇ ਵਿਚ ਸੰਸਾਰ, ਸਾਚੀ ਸਿਖਿਆ ਇਕ ਵਖਾਈਆ। ਕਾਗਦ ਕਲਮ ਨਾਲ ਪਿਆਰ, ਲਿਖ ਲਿਖ ਸ਼ਾਹੀ ਲੇਖ ਬਣਾਈਆ। ਨਿਰਗੁਣ ਸਰਗੁਣ ਕਰ ਪਸਾਰ, ਅੱਖਰ ਅੱਖਰ ਜੋੜ ਜੁੜਾਈਆ। ਰਸਨਾ ਜਿਹਵਾ ਦੇ ਅਧਾਰ, ਬਾਣੀ ਬਾਣੀ ਰੂਪ ਵਟਾਈਆ। ਸਿਫ਼ਤ ਸਲਾਹੀ ਸਿਫ਼ਤ ਕਰਾਏ ਅਗੰਮ ਅਪਾਰ, ਸੇਵਕ ਸਾਚੀ ਸੇਵ ਲਗਾਈਆ। ਪਹਿਲੋਂ ਦੇਵੇ ਦਰਸ ਦੀਦਾਰ, ਦੂਜੇ ਆਪਣਾ ਰਾਹ ਚਲਾਈਆ। ਤੀਜੇ ਦੇਵੇ ਨੈਣ ਉਘਾੜ, ਚੌਥੇ ਚੌਥੇ ਪਦ ਵਡਿਆਈਆ। ਪੰਚਮ ਨਾਦ ਸ਼ਬਦ ਧੁੰਨਕਾਰ, ਛੇਵੇਂ ਛੱਪਰ ਛੰਨ ਛੁਹਾਈਆ। ਸੱਤਵੇਂ ਸਤਿ ਸਤਿਵਾਦੀ ਕਰ ਪਿਆਰ, ਸਤਿ ਪੁਰਖ ਨਿਰੰਜਣ ਮੇਲ ਮਿਲਾਈਆ। ਨਜ਼ਰੀ ਆਏ ਇਕ ਅਕਾਲ ਅਜੂਨੀ ਰਹਿਤ ਬੇਮਿਸਾਲ, ਜੋਤੀ ਜਾਤਾ ਡਗਮਗਾਈਆ। ਜੁਗ ਚੌਕੜੀ ਹੱਲ ਕਰੇ ਆਪ ਸਵਾਲ, ਦੂਸਰ ਸੰਗ ਨਾ ਕੋਇ ਰਖਾਈਆ। ਭਗਤ ਭਗਵੰਤ ਆਪੇ ਭਾਲ, ਲੱਖ ਚੁਰਾਸੀ ਵਿਚੋਂ ਲਏ ਉਠਾਈਆ। ਦੀਪਕ ਸੰਗ ਦੀਪਕ ਬਾਲ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਲੇਖਾ ਚੁੱਕੇ ਸ਼ਾਹ ਕੰਗਾਲ, ਜਿਸ ਆਪਣੀ ਬੂਝ ਬੁਝਾਈਆ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲ, ਘਰ ਸਤਿਗੁਰ ਵਸੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਦਇਆ ਕਮਾਈਆ। ਦਇਆ ਕਮਾ ਵਜਾਏ ਡੰਕਾ, ਏਕਾ ਨਾਮਾ ਨਾਮ ਜਣਾਇੰਦਾ। ਦੂਈ ਦਵੈਤੀ ਮੇਟੇ ਸ਼ੰਕਾ, ਸ਼ਰਅ ਸ਼ਰੀਅਤ ਨਾ ਕੋਇ ਵਖਾਇੰਦਾ। ਆਪੇ ਫੇਰੇ ਮਨ ਕਾ ਮਣਕਾ, ਮਨ ਵਾਸਨਾ ਨਾ ਕੋਇ ਰਖਾਇੰਦਾ। ਲੇਖਾ ਜਾਣੇ ਜੀਵ ਜਨ ਕਾ, ਘਟ ਏਕਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਆਪ ਉਠਾਇੰਦਾ। ਸਾਚੇ ਭਗਤਾਂ ਦੇਵੇ ਮਾਣ, ਨਿਮਾਣਿਆਂ ਗਲੇ ਲਗਾਈਆ। ਪੂਰਬ ਲਹਿਣਾ ਕਰਮ ਪਛਾਣ, ਨੇਤਰ ਨੈਣਾਂ ਦਏ ਦਰਸਾਈਆ। ਹਰਿ ਕਾ ਲੇਖਾ ਗਾ ਨਾ ਸਕੇ ਜ਼ਬਾਨ, ਬੇਜ਼ਬਾਂ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਹੋਏ ਸਹਾਈਆ। ਹਰਿਜਨ ਸਹਾਇਕ ਹੋਵੇ ਆਪ, ਸਿਰ ਆਪਣਾ ਹੱਥ ਟਿਕਾਇੰਦਾ। ਮਨ ਵਾਸਨਾ ਮੇਟੇ ਪਾਪ, ਅਪਰਾਧੀ ਗਲੇ ਲਗਾਇੰਦਾ। ਰਸਨਾ ਜਿਹਵਾ ਜਪਾਏ ਜਾਪ, ਬੱਤੀ ਦੰਦ ਨਾ ਕੋਇ ਹਿਲਾਇੰਦਾ। ਅੰਦਰ ਵੜ ਵੜ ਕਰੇ ਪਾਠ, ਸਾਚੇ ਮੰਦਰ ਸੋਭਾ ਪਾਇੰਦਾ। ਘਰ ਸਰੋਵਰ ਮਾਰੇ ਠਾਠ, ਅਠਸਠ ਤੀਰਥ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰ, ਆਪਣੀ ਦਇਆ ਕਮਾਈਆ। ਮਨ ਵਾਸਨਾ ਕਰੇ ਖੁਆਰ, ਮਤ ਮਤਵਾਲੀ ਰਹਿਣ ਨਾ ਪਾਈਆ । ਬੁਧ ਬਿਬੇਕੀ ਏਕਾ ਵਾਰ, ਹਰਿ ਜੂ ਹਰਿ ਹਰਿ ਆਪ ਕਰਾਈਆ। ਤ੍ਰੈਗੁਣ ਮਾਇਆ ਸੇਕ ਨਾ ਲਾਏ ਵਿਚ ਸੰਸਾਰ, ਅਗਨੀ ਤੱਤ ਨਾ ਕੋਇ ਜਣਾਈਆ। ਨਾਮ ਅਮੋਲਕ ਵਸਤ ਦਏ ਭੰਡਾਰ, ਸਤਿਗੁਰ ਪੂਰਾ ਆਪ ਵਰਤਾਈਆ। ਗੁਰਸਿਖ ਮੰਗਣ ਨਾ ਜਾਏ ਕਿਸੇ ਦੁਆਰ, ਜਿਸ ਸਤਿਗੁਰ ਪੂਰਾ ਮਿਲਿਆ ਸੱਚਾ ਮਾਹੀਆ। ਏਥੇ ਓਥੇ ਦੋ ਜਹਾਨਾਂ ਪੈਜ਼ ਦਏ ਸੁਆਰ, ਸਮਰਥ ਪੁਰਖ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤਾਂ ਆਪ ਮਿਲਾਈਆ। ਸਾਚੇ ਸੰਤਾਂ ਮੇਲਾ ਜਗ, ਜੀਵਣ ਜੁਗਤ ਆਪ ਜਣਾਇੰਦਾ। ਹੰਸ ਬਣਾਏ ਫੜ ਫੜ ਕੱਗ, ਕਾਗੋਂ ਹੰਸ ਉਡਾਇੰਦਾ। ਦਰਸ ਦਿਖਾਏ ਉਪਰ ਸ਼ਾਹ ਰਗ, ਨੌਂ ਦੁਆਰੇ ਪੰਧ ਮੁਕਾਇੰਦਾ। ਆਤਮ ਸੇਜਾ ਬਹੇ ਸਜ, ਸਚ ਸਿੰਘਾਸਣ ਸੋਭਾ ਪਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਜਾਏ ਭੱਜ, ਨਾਮ ਖੰਡਾ ਇਕ ਵਖਾਇੰਦਾ। ਜਗਤ ਤ੍ਰਿਸਨਾ ਮਨ ਵਾਸਨਾ ਜਾਏ ਭੱਜ, ਅਭਿਮਾਨ ਨਾ ਕੋਇ ਵਧਾਇੰਦਾ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਗੁਰਸਿਖ ਪੜਦਾ ਦੇਵੇ ਕਜ, ਸਿਰ ਆਪਣਾ ਹੱਥ ਟਿਕਾਇੰਦਾ। ਘਰ ਮੰਦਰ ਸਚ ਨਗਾਰਾ ਜਾਵੇ ਵੱਜ, ਅਨਹਦ ਨਾਦੀ ਨਾਦ ਸੁਣਾਇੰਦਾ। ਅੰਮ੍ਰਿਤ ਪਿਆਏ ਪਿਆਲਾ ਰਜ, ਨਿਝਰ ਝਿਰਨਾ ਆਪ ਝਿਰਾਇੰਦਾ। ਸੁਰਤ ਸਵਾਣੀ ਸ਼ਬਦ ਗੁਰੂ ਕਰਾਏ ਹੱਜ, ਘਰ ਮੇਲਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਗੁਰਮੁਖ ਸਚ ਰੰਗਾਏ ਰੰਗ, ਰੰਗਣਹਾਰ ਕਰਤਾਰਾ। ਆਤਮ ਸੇਜਾ ਵੇਖ ਪਲੰਘ, ਮੇਲ ਮਿਲਾਏ ਨਾਰ ਕੰਤ ਭਤਾਰਾ। ਅੱਠੇ ਪਹਿਰ ਇਕ ਮਰਦੰਗ, ਦਿਵਸ ਰੈਣ ਵੱਜੇ ਨਗਾਰਾ। ਕਰੇ ਖੇਲ ਸੂਰਾ ਸਰਬੰਗ, ਪੁਰਖ ਅਬਿਨਾਸ਼ੀ ਏਕੰਕਾਰਾ। ਸੁਖਮਨ ਟੇਢੀ ਬੰਕ ਪਾਰ ਲੰਘ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਸਹਾਰਾ। ਸਚ ਸਹਾਰਾ ਨਾਮ ਓਟ, ਏਕਾ ਏਕ ਜਣਾਈਆ। ਭਾਗ ਲਗਾਏ ਕਾਇਆ ਕੋਟ, ਕੰਚਨਗੜ੍ਹ ਰੂਪ ਵਟਾਈਆ। ਨਿਰਮਲ ਨੂਰ ਜਗਾਏ ਜੋਤ, ਅੰਧ ਅੰਧੇਰ ਦਏ ਗਵਾਈਆ। ਸਤਿਗੁੁਰ ਪੂਰਾ ਇਕੋ ਬਹੁਤ, ਗੁਰ ਗੁਰ ਘਰ ਘਰ ਮੰਗਣ ਕੋਇ ਨਾ ਜਾਈਆ। ਹਰਿਜਨ ਆਪ ਉਠਾਏ ਆਲਣਿਉਂ ਡਿਗੇ ਬੋਟ, ਫੜ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਮੇਲਾ ਚਾਈਂ ਚਾਈਂਆ। ਗੁਰਸਿਖ ਮੇਲਾ ਆਤਮ ਘਰ, ਪਰਮਾਤਮ ਦਇਆ ਕਮਾਇੰਦਾ। ਲੇਖਾ ਜਾਣੇ ਨਾਰੀ ਨਰ, ਨਰ ਨਰਾਇਣ ਵੇਸ ਵਟਾਇੰਦਾ। ਸੁਰਤ ਸਵਾਣੀ ਲਏ ਫੜ, ਸ਼ਬਦੀ ਬੰਧਨ ਆਪੇ ਪਾਇੰਦਾ। ਨਿਰਭੌ ਚੁਕਾਏ ਭੈ ਡਰ, ਸਿਰ ਆਪਣਾ ਹੱਥ ਰਖਾਇੰਦਾ। ਪੰਚ ਵਿਕਾਰਾ ਜਾਏ ਮਰ, ਮਰ ਜੀਵਤ ਆਪਣਾ ਭੇਵ ਚੁਕਾਇੰਦਾ। ਇਕੋ ਨਜ਼ਰੀ ਆਏ ਹਰਿ, ਦੂਜਾ ਇਸ਼ਟ ਨਾ ਕੋਇ ਵਖਾਇੰਦਾ। ਜਿਸ ਜਨ ਉਪਰ ਸਤਿਗੁਰ ਪੂਰਾ ਕਿਰਪਾ ਦਏ ਕਰ, ਤਿਸ ਆਪਣੀ ਬੂਝ ਬੁਝਾਇੰਦਾ। ਜਰਮ ਕਰਮ ਮਰਨ ਡਰਨ ਦੁੱਖ ਜਾਏ ਹਰ, ਆਤਮ ਸੁਖ ਇਕ ਵਖਾਇੰਦਾ। ਦਰਸ ਦਿਖਾਏ ਅੱਗੇ ਖੜ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਬਾਂਹੋਂ ਫੜ, ਤ੍ਰੈਭਵਣ ਧਨੀ ਪਾਰ ਕਰਾਇੰਦਾ। ਥਿਰ ਘਰ ਸਾਚੇ ਆਪੇ ਵੜ, ਸ਼ਬਦੀ ਜੋੜ ਜੁੜਾਇੰਦਾ। ਸਚਖੰਡ ਦੁਆਰ ਪੌੜੇ ਚੜ੍ਹ, ਚੜ੍ਹ ਚੜ੍ਹ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਸਾਚੇ ਭਗਤ ਆਪ ਤਰਾਇੰਦਾ। ਜੁਗ ਜੁਗ ਤਾਰੇ ਹਰਿ ਜੂ ਭਗਤ, ਭਗਤਨ ਆਪਣੀ ਦਇਆ ਕਮਾਈਆ। ਲੇਖੇ ਲਾਏ ਬੂੰਦ ਰਕਤ, ਪੰਜ ਤੱਤ ਦਏ ਵਡਿਆਈਆ। ਨਿਰਗੁਣ ਨਿਰਾਕਾਰ ਆਪ ਜਣਾਏ ਆਪਣੀ ਸ਼ਕਤ, ਸ਼ਰਅ ਸ਼ਰੀਅਤ ਨਾ ਕੋਇ ਰਖਾਈਆ। ਆਪਣੇ ਹੱਥ ਰਖਾਏ ਵੇਲਾ ਵਕਤ, ਥਿਤ ਵਾਰ ਨਾ ਕੋਇ ਸਮਝਾਈਆ। ਆਪੇ ਘੜੇ ਆਪੇ ਭੰਨੇ ਆਪ ਬਣਾਏ ਬਣਤ, ਗੁਰਮੁਖ ਸੱਜਣ ਆਪ ਪਰਗਟਾਈਆ। ਲੇਖਾ ਜਾਣੇ ਆਦਿ ਅੰਤ, ਸ੍ਰੀ ਭਗਵੰਤ ਜੁਗ ਜੁਗ ਆਪਣਾ ਹੁਕਮ ਵਰਤਾਈਆ। ਗੁਰਸਿਖ ਗੁਰ ਗੁਰ ਗੜ੍ਹ ਤੋੜੇ ਹਉਮੇ ਹੰਗਤ, ਮੇਲ ਮਿਲਾਏ ਸਾਚੀ ਸੰਗਤ, ਸੰਗਤ ਹਰਿ ਹਰਿ ਆਪਣਾ ਡੇਰਾ ਲਾਈਆ। ਨਾਤਾ ਤੋੜੇ ਭੁੱਖ ਨੰਗਤ, ਨਾਮ ਭੰਡਾਰਾ ਇਕ ਵਰਤਾਈਆ। ਗੁਰਸਿਖ ਸੱਚਾ ਬੋਧ ਅਗਾਧਾ ਹੋਏ ਪੰਡਤ, ਜਗਤ ਵਿਦਿਆ ਪੜ੍ਹਨ ਕਿਤੇ ਨਾ ਜਾਈਆ। ਨਾਤਾ ਤੁਟੇ ਜੇਰਜ ਅੰਡਤ, ਉਤਭੁਜ ਸੇਤਜ ਨਾ ਕੋਇ ਫਿਰਾਈਆ। ਲੱਖ ਚੁਰਾਸੀ ਹੋਏ ਖੰਡਤ, ਮਾਤ ਗਰਭ ਨਾ ਫੇਰਾ ਪਾਈਆ। ਮਾਨਸ ਜਨਮ ਨਾ ਹੋਏ ਭੰਗਤ, ਸਤਿਗੁਰ ਆਪਣੀ ਗੋਦ ਬਹਾਈਆ। ਪ੍ਰਭ ਅੱਗੇ ਆਦਿ ਜੁਗਾਦਿ ਜੁਗ ਜੁਗ ਸਾਰੇ ਕਰਦੇ ਮਿੰਨਤ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਗੁਰਸਿਖ ਵਿਰਲਾ ਕਰਕੇ ਆਏ ਹਿੰਮਤ, ਜਗਤ ਦੁਆਰਾ ਪੰਧ ਮੁਕਾਈਆ। ਸਤਿਗੁਰ ਪੂਰਾ ਚੌਦਾਂ ਲੋਕਾਂ ਬਾਹਰ ਵਖਾਏ ਆਪਣੀ ਸੰਮਤ, ਚੌਦਾਂ ਤਬਕ ਚਰਨਾਂ ਹੇਠ ਦਬਾਈਆ। ਪੁਰਖ ਅਬਿਨਾਸ਼ੀ ਹਰਿ ਭਗਤਾਂ ਸੰਗ ਸਦਾ ਹੋਏ ਪਰਫੁਲਤ, ਫੁਲ ਫੁਲਵਾੜੀ ਮਾਤ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਆਦਿ ਜੁਗਾਦਿ ਆਪ ਰਹੇ ਅਡੋਲਤ, ਗੁਰਸਿਖ ਅਡੋਲ ਆਪ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਅਨਬੋਲਤ, ਅਗਲਾ ਬੋਲਿਆ ਆਪਣੇ ਲੇਖੇ ਵਿਚ ਛੁਪਾਈਆ।
