Granth 11 Likhat 159: 20 Chet 2019 Bikarmi Lal Singh de Greh Dalle Wal Jila Amritsar

੨੦ ਚੇਤ ੨੦੧੯ ਬਿਕ੍ਰਮੀ ਲਾਲ ਸਿੰਘ ਦੇ ਗ੍ਰਹਿ ਡੱਲੇ ਵਾਲ ਜ਼ਿਲਾ ਜਲੰਧਰ

ਸੋ ਪੁਰਖ ਨਿਰੰਜਣ ਸਾਹਿਬ ਸੁਲਤਾਨ, ਸਤਿ ਸਤਿਵਾਦੀ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਵਡ ਮਿਹਰਵਾਨ, ਅਨਭਵ ਆਪਣੀ ਧਾਰ ਚਲਾਇੰਦਾ। ਏਕੰਕਾਰਾ ਸ਼ਾਹ ਸੁਲਤਾਨ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਪੁਰਖ ਬਿਧਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਸ੍ਰੀ ਭਗਵਾਨ ਸਤਿ ਨਿਸ਼ਾਨ, ਦਰਗਾਹ ਸਾਚੀ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਸ਼ਾਹੋ ਭੂਪ ਬਣ ਰਾਜ ਰਾਜਾਨ, ਸਚਖੰਡ ਸਾਚੇ ਸੋਭਾ ਪਾਇੰਦਾ। ਇਕ ਇਕੱਲਾ ਬਣ ਹੁਕਮਰਾਨ, ਧੁਰ ਫ਼ਰਮਾਣਾ ਆਪ ਜਣਾਇੰਦਾ। ਲੇਖਾ ਜਾਣੇ ਦੋ ਜਹਾਨ, ਧੁਰਦਰਗਾਹੀ ਭੇਵ ਨਾ ਆਇੰਦਾ। ਆਪਣੀ ਇਛਿਆ ਕਰ ਗੁਣ ਨਿਧਾਨ, ਸਾਚੀ ਇਛਿਆ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਆਪਣਾ ਖੇਲ ਪੁਰਖ ਸਮਰਥ, ਆਦਿ ਜੁਗਾਦਿ ਆਪਣੇ ਹੱਥ ਰਖਾਈਆ। ਸਚਖੰਡ ਦੁਆਰੇ ਆਪੇ ਵਸ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸਾਚਾ ਮਾਰਗ ਆਪੇ ਦੱਸ, ਬਣ ਪਾਂਧੀ ਆਪ ਚਲਾਈਆ। ਨਿਰਗੁਣ ਨਿਰਗੁਣ ਪੂਰੀ ਕਰੇ ਆਸ, ਆਸਾ ਪੂਰ ਆਪ ਹੋ ਜਾਈਆ। ਗ੍ਰਹਿ ਮੰਦਰ ਇਕ ਪਰਕਾਸ਼, ਬਿਨ ਬਾਤੀ ਤੇਲ ਕਰਾਈਆ। ਕਰੇ ਖੇਲ ਸ਼ਾਹੋ ਸ਼ਾਬਾਸ਼, ਨਰ ਨਰਾਇਣ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਈਆ। ਆਪਣਾ ਭੇਵ ਹਰਿ ਨਿਰੰਕਾਰ, ਇਕ ਇਕੱਲਾ ਆਪਣੇ ਹੱਥ ਰਖਾਇੰਦਾ। ਵੇਸ ਵਟਾਏ ਪੁਰਖ ਨਾਰ, ਨਾਰੀ ਕੰਤ ਆਪ ਹੋ ਜਾਇੰਦਾ। ਪੂਤ ਸਪੂਤਾ ਇਕ ਦੁਲਾਰ, ਸ਼ਬਦੀ ਸੁਤ ਆਪੇ ਜਾਇੰਦਾ। ਦਾਈ ਦਾਇਆ ਅਗੰਮ ਅਪਾਰ, ਬਣ ਸੇਵਕ ਸੇਵ ਕਮਾਇੰਦਾ। ਦੇਵੇ ਵਸਤ ਵਸਤ ਅਪਾਰ, ਅਨਡਿਠ ਆਪ ਵਰਤਾਇੰਦਾ। ਥਿਰ ਘਰ ਖੋਲ੍ਹ ਆਪ ਕਿਵਾੜ, ਘਰ ਘਰ ਵਿਚ ਸੋਭਾ ਪਾਇੰਦਾ। ਛੱਪਰ ਛੰਨ ਨਾ ਕੋਇ ਦੀਵਾਰ, ਸੂਰਜ ਚੰਦ ਨਾ ਕੋਇ ਚੜ੍ਹਾਇੰਦਾ। ਇਕ ਇਕੱਲਾ ਖੇਲ ਅਪਾਰ, ਅਕਲ ਕਲ ਧਾਰੀ ਆਪ ਕਰਾਇੰਦਾ। ਸਾਚੇ ਸੁਤ ਦੇ ਪਿਆਰ, ਸੀਸ ਜਗਦੀਸ ਆਪਣਾ ਹੱਥ ਟਿਕਾਇੰਦਾ। ਸਚ ਮਹੱਲ ਦਏ ਬਹਾਲ, ਉਚ ਅਟੱਲ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਇੰਦਾ। ਨਿਰਗੁਣ ਜੋਤ ਵੇਸ ਅਵੱਲਾ, ਸ਼ਬਦੀ ਧਾਰ ਚਲਾਈਆ। ਸ਼ਬਦ ਗੁਰ ਵਸੇ ਸਚ ਮਹੱਲਾ, ਸਤਿ ਪੁਰਖ ਨਿਰੰਜਣ ਸਤਿਗੁਰ ਸਾਚਾ ਆਪ ਬਹਾਈਆ। ਨਿਰਗੁਣ ਨਾਲ ਨਿਰਗੁਣ ਰਲਾ, ਨਿਰਗੁਣ ਵੰਡ ਨਿਰਗੁਣ ਵੇਖੇ ਚਾਈਂ ਚਾਈਂਆ। ਪੁਰਖ ਅਕਾਲ ਸਚ ਸੰਦੇਸ ਨਰ ਨਰੇਸ਼ ਏਕਾ ਘੱਲਾ, ਭੇਵ ਅਭੇਦ ਆਪ ਖੁਲ੍ਹਾਈਆ। ਬ੍ਰਹਿਮੰਡ ਖੰਡ ਪੁਰੀ ਲੋਆਂ ਅਕਾਸ਼ ਪਰਕਾਸ਼ ਬਿਨ ਤੇਲ ਬਾਤੀ ਦੀਪਕ ਆਪੇ ਬਲਾ, ਨੂਰ ਨੂਰ ਨੂਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਈਆ। ਆਪਣਾ ਖੇਲ ਸ੍ਰੀ ਭਗਵਾਨ, ਹਰਿ ਜੂ ਆਪਣੇ ਹੱਥ ਰਖਾਇੰਦਾ। ਸ਼ਬਦ ਸੁਤ ਵਡ ਬਲਵਾਨ, ਜੋਧਾ ਸੂਰਬੀਰ ਆਪ ਪਰਗਟਾਇੰਦਾ। ਧੁਰ ਫ਼ਰਮਾਣਾ ਵਡ ਪਰਵਾਨ, ਏਕੰਕਾਰਾ ਏਕਾ ਵਾਰ ਸੁਣਾਇੰਦਾ। ਸਤਿ ਸਤਿਵਾਦੀ ਦੇ ਦੇ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਧਾਨ, ਤ੍ਰੈ ਪੰਜ ਮੇਲਾ ਜੋੜ ਜੋੜਾਇੰਦਾ। ਸ਼ਬਦ ਅਗੰਮੀ ਇਕ ਗਿਆਨ, ਬਿਨ ਅੱਖਰ ਆਪ ਪੜ੍ਹਾਇੰਦਾ। ਨੇਤਰ ਨੈਣ ਇਕ ਧਿਆਨ, ਨਿਝ ਨੇਤਰ ਆਪ ਖੁਲ੍ਹਾਇੰਦਾ। ਬੋਧ ਅਗਾਧ ਧੁਰ ਫ਼ਰਮਾਣ, ਪੁਰਖ ਅਬਿਨਾਸ਼ੀ ਆਪ ਸੁਣਾਇੰਦਾ। ਲੱਖ ਚੁਰਾਸੀ ਕਰ ਪਰਧਾਨ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਇੰਦਾ। ਚਾਰੇ ਬਾਣੀ ਦੋ ਜਹਾਨ, ਪਰਾ ਪਸੰਤੀ ਮਧਮ ਬੈਖਰੀ ਸਾਚਾ ਢੋਲਾ ਆਪੇ ਗਾਇੰਦਾ। ਨਿਰਗੁਣ ਸਰਗੁਣ ਖੇਲ ਮਹਾਨ, ਤੱਤਵ ਤੱਤ ਆਪਣੀ ਗੰਢ ਪੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੇ ਰੰਗ ਵਖਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਲੱਖ ਚੁਰਾਸੀ ਦੇ ਅਧਾਰਾ, ਘਟ ਘਟ ਆਪਣਾ ਵੇਸ ਵਟਾਈਆ। ਮੰਦਰ ਅੰਦਰ ਹੋ ਉਜਿਆਰਾ, ਗ੍ਰਹਿ ਗ੍ਰਹਿ ਕਰੇ ਰੁਸ਼ਨਾਈਆ। ਧੁਨ ਅਨਾਦ ਨਾਦੀ ਧਾਰਾ, ਬ੍ਰਹਮ ਬ੍ਰਹਿਮਾਦੀ ਆਪ ਸੁਣਾਈਆ। ਅੰਮ੍ਰਿਤ ਆਤਮ ਠੰਡਾ ਠਾਰਾ, ਨਿਝਰ ਝਿਰਨਾ ਆਪ ਰਖਾਈਆ। ਬਜਰ ਕਪਾਟੀ ਲਾਏ ਤਾਲਾ, ਮਾਇਆ ਪੜਦਾ ਆਪੇ ਪਾਈਆ। ਆਪੇ ਵਸੇ ਡੂੰਘੀ ਗਾਰਾ, ਅੰਧ ਅੰਧੇਰ ਨਾ ਕੋਇ ਚੁਕਾਈਆ। ਆਪੇ ਕਰੇ ਖੇਲ ਨਿਰਾਲਾ, ਆਤਮ ਸੇਜਾ ਇਕ ਸੁਹਾਈਆ। ਆਪੇ ਹੋਏ ਗੁਰ ਗੋਪਾਲਾ, ਗੋਬਿੰਦ ਆਪਣਾ ਰੂਪ ਧਰਾਈਆ। ਆਪੇ ਵਸੇ ਕਾਇਆ ਸੱਚੀ ਧਰਮਸਾਲਾ, ਸਚਖੰਡ ਵਸਣਹਾਰਾ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣੀ ਧਾਰ ਚਲਾਈਆ। ਨਿਰਗੁਣ ਸਰਗੁਣ ਗੁਰ ਗੁਰ ਵੇਸ, ਗੁਰ ਸ਼ਬਦੀ ਖੇਲ ਕਰਾਇੰਦਾ। ਸਚਖੰਡ ਨਿਵਾਸੀ ਏਕੰਕਾਰਾ ਨਰ ਨਰੇਸ਼, ਵੇਸ ਅਤੀਤ ਆਪ ਵਟਾਇੰਦਾ। ਧੁਰ ਫ਼ਰਮਾਣਾ ਧੁਰ ਦਾ ਰਾਣਾ ਸਦਾ ਸਦ ਸੁਣਾਏ ਸੰਦੇਸ, ਨਾਮ ਢੋਲਾ ਸਾਚਾ ਸੋਹਲਾ ਏਕਾ ਗਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਆਪੇ ਵੇਖ, ਕੋਟਨ ਕੋਟ ਆਪਣੇ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਪਾਏ ਬੰਧਨ, ਨਾਮ ਨਿਧਾਨਾ ਲਾਏ ਚੰਦਨ, ਨੇਤਰ ਨੈਣ ਗਿਆਨ ਧਿਆਨ ਸ੍ਰੀ ਭਗਵਾਨ ਆਪਣਾ ਭੇਵ ਖੁਲ੍ਹਾਇੰਦਾ। ਸਾਚਾ ਭੇਵ ਸਰਗੁਣ ਧਾਰ, ਗੁਰ ਗੁਰ ਬੂਝ ਬੁਝਾਈਆ। ਗੁਰ ਗੁਰ ਅੰਤਰ ਹੋ ਉਜਿਆਰ, ਹਰਿ ਜੂ ਆਪਣਾ ਰੂਪ ਵਖਾਈਆ। ਜੁਗਾ ਜੁਗੰਤਰ ਲੈ ਅਵਤਾਰ, ਸਤਿ ਸੰਦੇਸਾ ਦਏ ਸੁਣਾਈਆ। ਪੁਰਖ ਅਕਾਲ ਮੀਤ ਮੁਰਾਰ, ਦੂਸਰ ਅਵਰ ਨਾ ਕੋਇ ਵਡਿਆਈਆ। ਹਰਿ ਕਾ ਨਾਮ ਸਚ ਜੈਕਾਰ, ਚਾਰੇ ਖਾਣੀ ਚਾਰ ਵਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਆਪਣਾ ਖੇਲ ਵਖਾਈਆ। ਆਦਿ ਜੁਗਾਦਿ ਜੁਗਾ ਜੁਗੰਤਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਸਰਗੁਣ ਰੂਪ ਸਤਿਗੁਰ ਜਗਤ ਬੁਝਾਏ ਲੱਗੀ ਬਸੰਤਰ, ਬਿਨ ਸਤਿਗੁਰ ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਸਤਿਗੁਰ ਪੂਰਾ ਸਰਬ ਜੀਆਂ ਬਿਧ ਜਾਣੇ ਅੰਤਰ, ਪੜਦਾ ਉਹਲਾ ਨਾ ਕੋਇ ਰਖਾਇੰਦਾ। ਸਾਚਾ ਨਾਮ ਜਪਾਏ ਮੰਤਰ, ਹਰਿ ਨਾਮੋ ਮੰਤਰ ਆਪ ਦ੍ਰਿੜਾਇੰਦਾ। ਮਾਨਸ ਜਨਮ ਬਣਾਏ ਬਣਤਰ, ਸਿਰ ਆਪਣਾ ਹੱਥ ਟਿਕਾਇੰਦਾ। ਲਹਿਣਾ ਦੇਣਾ ਤੋੜ ਗਗਨ ਗਗਨੰਤਰ, ਗ੍ਰਹਿ ਮੰਦਰ ਅੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁੁਗ ਜੁਗ ਆਪਣਾ ਖੇਲ ਕਰਾਇੰਦਾ। ਜੁਗ ਜੁਗ ਖੇਲ ਸ੍ਰੀ ਭਗਵਾਨ, ਆਪਣਾ ਆਪ ਜਣਾਈਆ। ਭਗਤ ਭਗਵੰਤ ਲਏ ਪਛਾਣ, ਸੰਤ ਸੁਹੇਲੇ ਸਾਚੇ ਸੱਜਣ ਮੇਲ ਮਿਲਾਈਆ। ਗੁਰਮੁਖਾਂ ਦੇਵੇ ਨਾਮ ਦਾਨ, ਨਾਮ ਵਸਤ ਝੋਲੀ ਪਾਈਆ। ਗੁਰਸਿਖ ਗੁਰ ਗੁਰ ਆਪੇ ਵੇਖੇ ਆਣ, ਦੀਨਨ ਆਪਣੀ ਦਇਆ ਕਮਾਈਆ। ਚਰਨ ਕਵਲ ਕਵਲ ਚਰਨ ਬਖ਼ਸ਼ੇ ਇਕ ਧਿਆਨ, ਨੇਤਰ ਨੈਣ ਅਵਰ ਨਾ ਕੋਇ ਰਖਾਈਆ। ਸੋ ਪੁਰਖ ਨਿਰੰਜਣ ਹੰ ਬ੍ਰਹਮ ਨਾਮ ਸਤਿ ਸਤਿ ਸਤਿ ਦੇਵੇ ਇਕ ਗਿਆਨ, ਵਾਹ ਵਾ ਗੁਰੂ ਵਡੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਗੁਰ ਗੁਰ ਆਪਣਾ ਖੇਲ ਕਰਾਈਆ। ਗੁਰ ਸਤਿਗੁਰ ਖੇਲ ਅਵੱਲਾ, ਭੇਵ ਕੋਇ ਨਾ ਪਾਇੰਦਾ। ਬਿਨ ਗੁਰਮੁਖ ਸੱਚੇ ਕੋਈ ਨਾ ਫੜੇ ਪੱਲਾ, ਦੂਸਰ ਨਜ਼ਰ ਕਿਸੇ ਨਾ ਆਇੰਦਾ। ਗੁਰਸਿਖ ਜੋਤੀ ਸਤਿਗੁਰ ਰੱਲਾ, ਸਤਿਗੁਰ ਗੁਰ ਸ਼ਬਦ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਏਕਾ ਹਰਿ, ਸਤਿਗੁਰ ਆਪਣਾ ਭੇਸ ਵਟਾਇੰਦਾ। ਸਤਿਗੁਰ ਭੇਖ ਵਟਾਏ ਪੰਜ ਤੱਤ, ਤੱਤਵ ਤੱਤ ਨਾ ਕੋਇ ਜਣਾਈਆ। ਅੰਤਰ ਰੱਖੇ ਬ੍ਰਹਮ ਮਤ, ਪਾਰਬ੍ਰਹਮ ਬੇਪਰਵਾਹੀਆ। ਸ੍ਰਿਸ਼ਟ ਸਬਾਈ ਮਾਰਗ ਦੇਵੇ ਦੱਸ, ਚਾਰ ਵਰਨ ਕਰੇ ਪੜ੍ਹਾਈਆ। ਜਨ ਭਗਤਾਂ ਅੰਤਰ ਜਾਏ ਵਸ, ਆਪ ਆਪਣਾ ਪੜਦਾ ਲਾਹੀਆ। ਗੁਰਮੁਖਾਂ ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਇਕ ਚਲਾਈਆ। ਪੰਚ ਵਿਕਾਰਾ ਜਾਏ ਢੱਠ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਕਰੇ ਪਰਕਾਸ਼ ਬਿਨ ਰਵ ਸਸ, ਨੂਰ ਨੂਰ ਨੂਰ ਰੁਸ਼ਨਾਈਆ। ਜਨਮ ਜਨਮ ਦੀ ਪੂਰੀ ਕਰੇ ਆਸ, ਜਿਸ ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਪੂਰਾ ਸ਼ਾਹੋ ਸ਼ਾਬਾਸ਼, ਡੁੱਬਦੇ ਪਾਥਰ ਪਾਰ ਕਰਾਈਆ। ਬਿਨ ਸਤਿਗੁਰ ਪੂਰੇ ਅੰਤ ਕੋਈ ਨਾ ਚਲੇ ਸਾਥ, ਸਾਕ ਸੱਜਣ ਸੈਣ ਸਗਲਾ ਸੰਗ ਨਾ ਕੋਇ ਨਿਭਾਈਆ। ਹਰਿ ਕਾ ਨਾਉਂ ਗੁਰ ਕਾ ਮੰਤਰ ਗੁਰਸਿਖ ਤੇਰਾ ਪੂਜਾ ਪਾਠ, ਸਾਚੀ ਸਿਖਿਆ ਗੁਰ ਸਮਝਾਈਆ। ਮਿਟੇ ਅੰਧੇਰਾ ਝੂਠੀ ਰਾਤ, ਕਲਜੁਗ ਰੈਣ ਰਹਿਣ ਨਾ ਪਾਈਆ। ਮੇਲ ਮਿਲਾਵਾ ਹਰਿ ਕਮਲਾਪਾਤ, ਕਵਲ ਨੈਣ ਨੈਣ ਆਪਣੇ ਅੰਗ ਲਗਾਈਆ। ਏਥੇ ਓਥੇ ਦੋ ਜਹਾਨ ਪੁੱਛੇ ਵਾਤ, ਸਤਿਗੁਰ ਪੂਰਾ ਸਦਾ ਸਦਾ ਸਹਾਈਆ। ਸਗਲ ਵਿਸੂਰੇ ਜਾਇਣ ਲਾਥ, ਜੋ ਜਨ ਸਤਿਗੁਰ ਸਾਚੇ ਦਰਸਨ ਪਾਈਆ। ਅੰਤਮ ਉਤਰੇ ਆਪਣੇ ਘਾਟ, ਮੰਝਧਾਰ ਨਾ ਕੋਇ ਰੁੜ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਮੁੱਕੇ ਵਾਟ, ਲੋਕਮਾਤ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਰੇ ਖੇਲ ਬਹੁ ਬਿਧ ਭਾਂਤ, ਨਿਰਗੁਣ ਸਰਗੁਣ ਆਪਣਾ ਰੰਗ ਰੰਗਾਈਆ। ਨਾਤਾ ਤੋੜੇ ਜਾਤ ਪਾਤ, ਵਰਨ ਗੋਤ ਨਾ ਕੋਈ ਦਾਤ, ਆਤਮ ਬ੍ਰਹਮ ਸ੍ਰੀ ਭਗਵਾਨ, ਜੀਵ ਜੰਤ ਸਾਧ ਸੰਤ ਦਏ ਜਣਾਈਆ। ਏਕਾ ਰਾਗ ਸੁਣਾਏ ਕੰਨ, ਪੰਚ ਵਿਕਾਰਾ ਦੇਵੇ ਡੰਨ, ਭਾਂਡਾ ਭਰਮ ਭੌ ਦੇਵੇ ਭੰਨ, ਸਾਂਤਕ ਸਤਿ ਸਤਿ ਕਰਾਈਆ। ਸਾਚਾ ਦੇਵੇ ਨਾਮ ਧੰਨ, ਆਪ ਵਸਾਏ ਬਿਨ ਛੱਪਰੀ ਛੰਨ, ਸਚ ਮਹੱਲ ਅਟੱਲ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਸਦਾ ਸਦਾ ਸਹਾਈਆ। ਸਤਿਗੁਰ ਪੂਰਾ ਦੀਨ ਦਿਆਲ, ਦਇਆਨਿਧ ਆਪਣੀ ਦਇਆ ਕਮਾਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਹਰਿ ਜੂ ਸਗਲਾ ਸੰਗ ਨਿਭਾਇੰਦਾ। ਤ੍ਰੈਗੁਣ ਮਾਇਆ ਕੱਟ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਪੰਚਮ ਪੰਚ ਨਾ ਹੋਏ ਬੇਹਾਲ, ਪੰਚਮ ਨਾਦ ਧੁੰਨ ਸੁਣਾਇੰਦਾ। ਪੰਚਮ ਵੇਖੇ ਗੁਰਸਿਖ ਲਾਲ, ਗੁਰ ਗੁਰ ਆਪਣੀ ਗੋਦ ਬਹਾਇੰਦਾ। ਸਤਿਗੁਰ ਪੂਰਾ ਗੁਰਸਿਖ ਤੇਰੀ ਕਰੇ ਸਦਾ ਪ੍ਰਿਤਪਾਲ, ਬਣ ਸੇਵਕ ਸੇਵ ਕਮਾਇੰਦਾ। ਸਦਾ ਸੁਹੇਲਾ ਇਕ ਇਕੇਲਾ ਚਲੇ ਨਾਲ ਨਾਲ, ਬਣ ਪਾਂਧੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਜੁਗ ਜੁਗ ਗੁਰ ਸਤਿਗੁਰ ਆਪਣਾ ਨਾਉਂ ਰਖਾਇੰਦਾ। ਸਤਿਗੁਰ ਨਾਉਂ ਆਪਣਾ ਰੱਖ, ਗੁਰ ਗੁਰ ਦਏ ਵਡਿਆਈਆ। ਕਲਜੁਗ ਅੰਤਮ ਹੋ ਪਰਤੱਖ, ਨੌਂ ਖੰਡ ਪ੍ਰਿਥਮੀ ਸੱਤ ਦੀਪ ਕਰੇ ਰੁਸ਼ਨਾਈਆ। ਇਕ ਜੈਕਾਰਾ ਬੋਲ ਅਲੱਖ, ਅਲੱਖ ਅਲੱਖਨਾ ਦਏ ਸੁਣਾਈਆ। ਹਰਿਜਨ ਹਰਿ ਜੂ ਕਰ ਕਰ ਵੱਖ, ਵਸਤ ਅਮੋਲਕ ਇਕ ਵਰਤਾਈਆ। ਸਤਿ ਸਤਿਵਾਦੀ ਮਾਰਗ ਦੱਸ, ਦਸਮ ਦੁਆਰਾ ਮੇਲ ਮਿਲਾਈਆ। ਸੁਰਤੀ ਸ਼ਬਦੀ ਮੇਲਾ ਹੱਸ ਹੱਸ, ਹੰਸ ਮੁਖ ਮੁਖ ਸਲਾਹੀਆ। ਗੁਰਮੁਖ ਗੁਰਸਿਖ ਸਤਿਗੁਰ ਗੁਰ ਇਕ ਦੁਆਰੇ ਜਾਇਣ ਵਸ, ਏਕਾ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵੇ ਮਾਣ ਵਡਿਆਈਆ। ਗੁਰਸਿਖ ਗੁਰ ਗੁਰ ਇਕੋ ਰੰਗ, ਸਤਿਗੁਰ ਪੂਰਾ ਆਪ ਚੜ੍ਹਾਈਆ। ਇਕ ਸੇਜ ਇਕ ਪਲੰਘ, ਏਕਾ ਬੈਠਾ ਆਸਣ ਲਾਈਆ। ਏਕਾ ਨਾਮ ਇਕ ਮਰਦੰਗ, ਧੁੰਨ ਨਾਦ ਇਕ ਸੁਣਾਈਆ। ਏਕਾ ਸੂਰਬੀਰ ਸਰਬੰਗ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਏਕਾ ਜੁਗ ਜੁਗ ਵੰਡੇ ਵੰਡ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੇ ਹੱਥ ਰਖਾਈਆ। ਏਕਾ ਘਟ ਘਟ ਗ੍ਰਹਿ ਗ੍ਰਹਿ ਤਨ ਮੰਦਰ ਅੰਦਰ ਦੇਵੇ ਸਚ ਅਨੰਦ, ਨਿਜਾਨੰਦ ਇਕ ਵਖਾਈਆ। ਏਕਾ ਵਾਹਿਗੁਰੂ ਵਾਹ ਵਾ ਗੁਰ ਗੁਰ ਗਾਏ ਛੰਦ, ਬੰਦੀ ਬੰਦ ਬੰਦ ਤੁੜਾਈਆ। ਏਕਾ ਨਾਮ ਖੰਡਾ ਰਖਾਏ ਚੰਡ ਪਰਚੰਡ, ਤਿੱਖੀ ਧਾਰ ਰਖਾਈਆ। ਸਤਿਗੁਰ ਪੂਰਾ ਜਨਮ ਜਨਮ ਦੀ ਟੁੱਟੀ ਦੇਵੇ ਗੰਢ, ਆਪਣੀ ਹੱਥੀਂ ਗੰਢ ਪੁਵਾਈਆ। ਗੁਰਸਿਖ ਨਾਰ ਹੋਏ ਨਾ ਰੰਡ, ਸਤਿਗੁਰ ਕੰਤ ਇਕ ਹੰਢਾਈਆ। ਦੀਨ ਦਿਆਲ ਸਾਹਿਬ ਸਦਾ ਬਖ਼ਸ਼ੰਦ, ਬਖ਼ਸ਼ਸ਼ ਆਪਣੀ ਆਪ ਕਰਾਈਆ। ਜੋ ਜਨ ਦਰ ਦੁਆਰੇ ਮੰਗੇ ਮੰਗ, ਗੁਰੂ ਗੁਰ ਦੇਵਣਹਾਰਾ ਅਭੁੱਲ ਭੁੱਲ ਕਦੇ ਨਾ ਜਾਈਆ। ਲੇਖਾ ਜਾਣੇ ਡੂੰਘੀ ਕੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਸਿਖ ਏਕਾ ਘਰ ਵਸਾਈਆ। ਗੁਰਸਿਖ ਗੁਰ ਗੁਰ ਸਾਚਾ ਘਰ, ਗ੍ਰਹਿ ਮੰਦਰ ਵੱਜੇ ਵਧਾਈਆ। ਸਰਗੁਣ ਅੰਦਰ ਨਿਰਗੁਣ ਵੜ, ਰਲ ਮਿਲ ਆਪਣੀ ਖ਼ੁਸ਼ੀ ਮਨਾਈਆ । ਗੁਰਮੁਖ ਸੇਜਾ ਸਤਿਗੁਰ ਚੜ੍ਹ, ਸਤਿਗੁਰ ਸੇਜਾ ਗੁਰਸਿਖ ਪੱਲੂ ਲਏ ਫੜ, ਫੜਿਆ ਪੱਲੂ ਛੁਟ ਕਦੇ ਨਾ ਜਾਈਆ। ਸਤਿਗੁਰ ਰੂਪ ਨਾ ਪੁਰਖ ਨਾ ਨਾਰੀ ਨਰ, ਨਰ ਨਰਾਇਣ ਏਕਾ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰ ਗੁਰ ਏਕਾ ਨਾਦ ਸੁਣਾਈਆ। ਗੁਰ ਕਾ ਨਾਦ ਗੁਰਸਿਖ ਧੁਨ, ਸ਼ਬਦ ਸ਼ਬਦ ਸ਼ਨਵਾਈਆ। ਹਰਿਜਨ ਵਿਰਲਾ ਲਏ ਸੁਣ, ਜਿਸ ਜਨ ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਛਾਣ ਪੁਣ, ਜੀਵ ਜੰਤ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਗੁਰ ਸਤਿਗੁਰ ਸੱਚਾ ਇਕ ਅਖਵਾਈਆ। ਸਤਿਗੁਰ ਸੱਚਾ ਪੁਰਖ ਸਮਰਥ, ਸਮਰਥ ਹੱਥ ਵਡਿਆਈਆ। ਜੁਗ ਚੌਕੜੀ ਚਲਾਏ ਰਥ, ਨਵ ਨੌਂ ਚਾਰ ਵੇਖ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜ਼ੀਲ ਕੁਰਾਨ ਖਾਣੀ ਬਾਣੀ ਗਾਏ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਗੁਰ ਅਵਤਾਰਾਂ ਮਾਰਗ ਦੱਸ, ਪੀਰ ਪੈਗ਼ੰਬਰਾਂ ਅੰਦਰ ਵਸ, ਦਸਤਗੀਰਾਂ ਆਪਣਾ ਪੱਲੂ ਨਾਮ ਫੜਾਈਆ । ਦੋ ਜਹਾਨ ਸ੍ਰੀ ਭਗਵਾਨ, ਨਿਰਗੁਣ ਸਰਗੁਣ ਵੇਖੇ ਨੱਸ ਨੱਸ, ਚੌਦਾਂ ਲੋਕ ਚੌਦਾਂ ਭਵਨ ਚੌਦਾਂ ਤਬਕ ਚੌਦਾਂ ਵਿਦਿਆ ਆਪਣੇ ਵਿਚ ਛੁਪਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਅਨਡਿਠੜਾ ਦੇਵੇ ਆਪਣਾ ਸਬਕ, ਬਿਨ ਲਿਖਣ ਪੜ੍ਹਨ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਚੇ ਦੇਵੇ ਵਰ, ਏਕਾ ਰਾਮ ਰਾਮ ਨਾਮ ਵਡਿਆਈਆ। ਰਾਮ ਨਾਮ ਹਰਿ ਕਾ ਨਾਉਂ, ਪੰਜ ਤੱਤ ਰਾਮ ਨਜ਼ਰ ਕੋਇ ਨਾ ਆਈਆ। ਸਾਹਿਬ ਦਿਆਲ ਠਾਕਰ ਸੁਆਮੀ ਵਸੇ ਹਰ ਘਟ ਥਾਉਂ, ਘਟ ਘਟ ਆਪਣਾ ਆਸਣ ਲਾਈਆ। ਜੁਗਾ ਜੁਗੰਤਰ ਕਰੇ ਸਚ ਨਿਆਉਂ, ਗੁਰ ਸ਼ਬਦੀ ਵੇਸ ਵਟਾਈਆ। ਭਗਤ ਸੁਹੇਲੇ ਪਕੜੇ ਬਾਂਹੋਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੁਰਖ ਅਕਾਲਾ ਦੀਨ ਦਿਆਲਾ ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਗੁਰਮੁਖ ਵੇਖੇ ਸਾਚਾ ਲਾਲਾ, ਲਾਲਨ ਲਾਲ ਆਪਣੀ ਗੋਦ ਬਹਾਈਆ। ਗੁਰਸਿਖ ਲਾਲ ਲਾਲ ਅਨਮੁਲਾ, ਕਰਤਾ ਕੀਮਤ ਆਪੇ ਪਾਇੰਦਾ। ਲੋਕਮਾਤ ਕਦੇ ਨਾ ਰੁਲਾ, ਖਾਕੀ ਖ਼ਾਕ ਨਾ ਕੋਇ ਮਿਲਾਇੰਦਾ। ਸਾਚੇ ਕੰਡੇ ਨਾਮ ਤੁਲਾ, ਤੋਲਣਹਾਰਾ ਆਪ ਤੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਸ੍ਰੀ ਭਗਵੰਤ ਗੁਰਸਿਖ ਮੇਲਾ ਨਾਰੀ ਕੰਤ, ਆਤਮ ਸੇਜਾ ਗ੍ਰਹਿ ਮੰਦਰ ਅੰਦਰ ਆਪ ਸੁਹਾਇੰਦਾ। ਗ੍ਰਹਿ ਮੰਦਰ ਅੰਦਰ ਸਤਿਗੁਰ ਮੀਤ, ਹਰਿ ਸੱਜਣ ਆਸਣ ਲਾਈਆ। ਸ਼ਬਦ ਅਗੰਮੀ ਢੋਲਾ ਗਾਏ ਗੀਤ, ਤਾਰ ਸਿਤਾਰ ਨਾ ਕੋਇ ਹਿਲਾਈਆ। ਕਰੇ ਖੇਲ ਆਪ ਅਨਡੀਠ, ਅਨਡਿਠੜੀ ਧਾਰ ਚਲਾਈਆ। ਜੀਵਣ ਜੁਗਤ ਦੱਸੇ ਰੀਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਪੱਤਤ ਪਾਪੀ ਕਰ ਪੁਨੀਤ, ਪਵਣ ਏਕਾ ਰਸਨ ਸਵਾਸ ਚਲਾਈਆ। ਉਣੰਜਾ ਗਾਏ ਏਕਾ ਗੀਤ, ਚਾਰ ਨੌਂ ਵੱਜੇ ਵਧਾਈਆ। ਨੌਂ ਨੌਂ ਚਾਰ ਹਰਿ ਜੂ ਜਾਏ ਜੀਤ, ਜਿਤ ਹਾਰ ਆਪਣੇ ਹੱਥ ਰਖਾਈਆ। ਸਦੀ ਚੌਧਵੀ ਜਾਏ ਬੀਤ, ਬੀਸ ਬੀਸਾ ਖ਼ੁਸ਼ੀ ਮਨਾਈਆ। ਗੋਬਿੰਦ ਮੇਲਾ ਇਕ ਅਤੀਤ, ਤ੍ਰੈਗੁਣ ਅਤੀਤਾ ਆਪ ਕਰਾਈਆ। ਸਤਿ ਸਤਿਵਾਦੀ ਸਤਿਜੁਗ ਚਲਾਏ ਸਾਚੀ ਰੀਤ, ਨੌਂ ਖੰਡ ਪ੍ਰਿਥਮੀ ਏਕਾ ਇਸ਼ਟ ਗੁਰੂ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਸ਼ਬਦ ਸ਼ਬਦ ਸਲਾਹੀਆ। ਗੁਰ ਸ਼ਬਦ ਸਾਚਾ ਸੁਤ, ਮਿੱਤਰ ਪਿਆਰਾ ਇਕ ਅਖਵਾਇੰਦਾ। ਘਰ ਘਰ ਕਰੇ ਲੱਖ ਚੁਰਾਸੀ ਹਿਤ, ਜੋ ਜਨ ਧਿਆਨ ਲਗਾਇੰਦਾ। ਨਾ ਕੋਈ ਪੁੱਛੇ ਵਾਰ ਥਿਤ, ਘੜੀ ਪਲ ਨਾ ਵੰਡ ਵੰਡਾਇੰਦਾ। ਵੇਸ ਵਟਾਏ ਨਿਤ ਨਵਿਤ, ਜੁਗ ਜੁਗ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਗੁਰਸਿਖ ਗੁਰ ਗੁਰ ਏਕਾ ਘਰ ਵਸਾਇੰਦਾ।