੨੩ ਚੇਤ ੨੦੧੯ ਬਿਕਰਮੀ ਅਰਜਣ ਸਿੰਘ ਦੇ ਗ੍ਰਹਿ ਬਲੋਚ ਪੁਰਾ ਜ਼ਿਲਾ ਕਰਨਾਲ
ਸਚਖੰਡ ਨਿਵਾਸੀ ਸਾਜਣ ਸਾਜ, ਦਰਗਹਿ ਸਾਚੀ ਧਾਮ ਸੁਹਾਇੰਦਾ। ਨਿਰਗੁਣ ਨਿਰੰਕਾਰਾ ਜਾਣੇ ਆਪਣਾ ਕਾਜ, ਪੁਰਖ ਅਕਾਲ ਖੇਲ ਕਰਾਇੰਦਾ। ਭੂਪਤ ਭੂਪ ਰਾਜਨ ਰਾਜ, ਸ਼ਾਹ ਸੁਲਤਾਨ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਮਹੱਲਾ ਇਕ ਸੁਹਾਇੰਦਾ। ਸਚਖੰਡ ਦੁਆਰਾ ਭੂਪਨ ਭੂਪ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਰੇਖ ਰੰਗ ਨਾ ਕੋਇ ਰੂਪ, ਹਰਿ ਪੁਰਖ ਨਿਰੰਜਣ ਬੇਪਰਵਾਹੀਆ। ਏਕੰਕਾਰਾ ਆਪਣਾ ਦੇਵੇ ਆਪ ਸਬੂਤ, ਦੂਸਰ ਦੇਵੇ ਨਾ ਕੋਇ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਆਪ ਸੁਹਾਈਆ। ਸਚਖੰਡ ਦੁਆਰੇ ਏਕੰਕਾਰਾ, ਅਕਲ ਕਲ ਆਪਣੀ ਖੇਲ ਕਰਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਹੋ ਉਜਿਆਰਾ, ਅਜੂਨੀ ਰਹਿਤ ਡਗਮਗਾਇੰਦਾ। ਤਖ਼ਤ ਨਿਵਾਸੀ ਬਣ ਸਿਕਦਾਰਾ, ਧੁਰ ਫ਼ਰਮਾਣਾ ਹੁਕਮ ਅਲਾਇੰਦਾ। ਆਦਿ ਜੁਗਾਦੀ ਜਾਣੇ ਕਾਰਾ, ਕਰਤਾ ਪੁਰਖ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਆਸਣ ਲਾਇੰਦਾ। ਸਚਖੰਡ ਦੁਆਰਾ ਸਾਚਾ ਆਸਣ, ਸਤਿ ਸਤਿਵਾਦੀ ਆਪ ਲਗਾਈਆ। ਪਾਰਬ੍ਰਹਮ ਪੁਰਖ ਅਬਿਨਾਸ਼ਣ, ਪ੍ਰਭ ਸੱਜਣ ਸੱਚਾ ਮਾਹੀਆ। ਦਾਤਾ ਦਾਨੀ ਸ਼ਾਹੋ ਸ਼ਾਬਾਸ਼ਣ, ਸ਼ਹਿਨਸ਼ਾਹ ਵਡੀ ਵਡਿਆਈਆ। ਸਾਚੇ ਮੰਡਲ ਪਾਵੇ ਰਾਸਣ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਮਹੱਲਾ ਇਕ ਇਕੱਲਾ, ਪੁਰਖ ਅਗੰਮਾ ਆਪ ਸੁਹਾਈਆ। ਪੁਰਖ ਅਗੰਮ ਅਗੰਮ ਅਥਾਹ, ਆਪਣੀ ਧਾਰਾ ਆਪ ਚਲਾਇੰਦਾ। ਸਚਖੰਡ ਦੁਆਰੇ ਬੈਠ ਸੱਚਾ ਸ਼ਹਿਨਸ਼ਾਹ, ਧੁਰ ਫ਼ਰਮਾਣਾ ਹੁਕਮ ਅਲਾਇੰਦਾ। ਨਿਰਗੁਣ ਨਿਰਗੁਣ ਬਣ ਮਲਾਹ, ਖੇਵਟ ਖੇਟਾ ਰੂਪ ਵਟਾਇੰਦਾ। ਥਿਰ ਘਰ ਨਿਵਾਸੀ ਦੇਵੇ ਸਚ ਸਲਾਹ, ਸ਼ਬਦੀ ਸ਼ਬਦ ਸ਼ਬਦ ਅਲਾਇੰਦਾ। ਆਪੇ ਜਾਣੇ ਆਪਣਾ ਰਾਹ, ਮਾਰਗ ਆਪਣੇ ਹੱਥ ਰਖਾਇੰਦਾ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣੀ ਧਾਰ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਆਪ ਵਡਿਆਇੰਦਾ। ਸਚਖੰਡ ਦੁਆਰਾ ਸੋਭਾਵੰਤ, ਸਤਿਗੁਰ ਪੂਰਾ ਆਪ ਸੁਹਾਈਆ। ਪੁਰਖ ਅਬਿਨਾਸ਼ੀ ਲੇਖਾ ਜਾਣੇ ਨਾਰ ਕੰਤ, ਨਰ ਨਰਾਇਣ ਵਡੀ ਵਡਿਆਈਆ। ਸ਼ਬਦੀ ਸ਼ਬਦ ਬਣਾਏ ਬਣਤ, ਪਿਤਾ ਪੂਤ ਵੇਸ ਵਟਾਈਆ। ਆਪਣੀ ਮਹਿਮਾ ਜਾਣੇ ਬੇਅੰਤ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪਣਾ ਪਰਦਾ ਆਪ ਉਠਾਈਆ। ਸਚਖੰਡ ਨਿਵਾਸੀ ਪਰਦਾ ਚੁੱਕ, ਦਰਗਹਿ ਸਾਚੀ ਖੇਲ ਕਰਾਇੰਦਾ। ਨਿਰਗੁਣ ਨਿਰਵੈਰ ਆਪੇ ਉਠ, ਅਸੁਤੇ ਪ੍ਰਕਾਸ਼ ਆਪ ਕਰਾਇੰਦਾ। ਆਪਣਾ ਨਾਉਂ ਰੱਖ ਅਬਿਨਾਸ਼ੀ ਅਚੁਤ, ਚੇਤਨ ਆਪਣੀ ਧਾਰ ਜਣਾਇੰਦਾ। ਆਪ ਪਰਗਟਾਏ ਸਾਚਾ ਸੁਤ, ਸ਼ਬਦੀ ਸ਼ਬਦ ਨਾਉਂ ਰਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੁਹਾਏ ਰੁੱਤ, ਫੁੱਲ ਫਲਵਾੜੀ ਆਪ ਮਹਿਕਾਇੰਦਾ। ਤ੍ਰੈਗੁਣ ਮਾਇਆ ਪੰਜ ਤਤ ਕਰਾਏ ਹਿੱਤ, ਪੰਚਮ ਨਾਤਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਆਪਣੀ ਧਾਰਾ ਆਪ ਚਲਾਇੰਦਾ। ਸਚਖੰਡ ਨਿਵਾਸੀ ਸਾਚੀ ਧਾਰ, ਏਕੰਕਾਰ ਆਪ ਚਲਾਈਆ । ਤ੍ਰੈ ਤ੍ਰੈ ਮੇਲਾ ਅਗੰਮ ਅਪਾਰ, ਪੰਚਮ ਨਾਤਾ ਜੋੜ ਜੁੜਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਸ਼ਬਦੀ ਸ਼ਬਦ ਸ਼ਬਦ ਹੁਕਮ ਸੁਣਾਈਆ। ਲੱਖ ਚੁਰਾਸੀ ਕਰ ਤਿਆਰ, ਘੜ ਭਾਂਡੇ ਵੇਖ ਵਖਾਈਆ। ਗ੍ਰਹਿ ਗ੍ਰਹਿ ਅੰਦਰ ਹੋ ਉਜਿਆਰ, ਦੀਆ ਬਾਤੀ ਆਪ ਟਿਕਾਈਆ। ਧੁਰ ਫ਼ਰਮਾਣਾ ਨਾਦ ਧੁੰਨ ਜੈਕਾਰ, ਅਨਹਦ ਰਾਗੀ ਰਾਗ ਅਲਾਈਆ। ਅੰਮ੍ਰਿਤ ਸਰੋਵਰ ਠੰਡਾ ਠਾਰ, ਦਰ ਦਰ ਆਪਣਾ ਬੰਕ ਸੁਹਾਈਆ। ਬੋਧ ਅਗਾਧਾ ਇਕ ਜੈਕਾਰ, ਪਾਰਬ੍ਰਹਮ ਬ੍ਰਹਮਵੇਤਾ ਕਰੇ ਪੜ੍ਹਾਈਆ। ਏਕਾ ਅੱਖਰ ਵੇਦ ਚਾਰ, ਨਿਸ਼ਅੱਖਰ ਰੂਪ ਸਮਾਈਆ। ਨਿਰਗੁਣ ਸਰਗੁਣ ਕਰ ਤਿਆਰ, ਤ੍ਰੈਗੁਣ ਅਤੀਤਾ ਵੇਖੇ ਚਾਈਂ ਚਾਈਂਆ। ਵੰਡੇ ਵੰਡ ਅਪਰ ਅਪਾਰ, ਵੰਡਣਹਾਰਾ ਇਕ ਅਖਵਾਈਆ। ਬ੍ਰਹਿਮੰਡ ਖੰਡ ਕਰ ਤਿਆਰ, ਲੋਆਂ ਪੁਰੀਆਂ ਆਪਣੀ ਰਚਨ ਰਚਾਈਆ। ਰਵ ਸਸ ਕਰ ਉਜਿਆਰ, ਮੰਡਲ ਮੰਡਪ ਸੋਭਾ ਪਾਈਆ। ਜ਼ਿਮੀਂ ਅਸਮਾਨਾਂ ਦੇ ਸਹਾਰ, ਜਲ ਥਲ ਮਹੀਅਲ ਡੇਰਾ ਲਾਈਆ। ਨਿਰਗੁਣ ਸਰਗੁਣ ਦਏ ਅਧਾਰ, ਪੰਜ ਤਤ ਕਰੇ ਕੁੜਮਾਈਆ। ਮਨ ਮਤ ਬੁਧ ਕਰ ਪਸਾਰ, ਗ੍ਰਹਿ ਬੰਕ ਆਪ ਵਡਿਆਈਆ। ਆਤਮ ਪਰਮਾਤਮ ਖੇਲ ਨਿਆਰ, ਬ੍ਰਹਮ ਪਾਰਬ੍ਰਹਮ ਏਕਾ ਘਰ ਵਸਾਈਆ। ਸਾਚੀ ਸੇਜਾ ਕਰ ਤਿਆਰ, ਤਖ਼ਤ ਨਿਵਾਸੀ ਏਕਾ ਤਖ਼ਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਵੰਡ ਆਪਣੇ ਹੱਥ ਰਖਾਈਆ। ਸਾਚੀ ਵੰਡ ਹਰਿ ਨਿਰੰਕਾਰਾ, ਇਕ ਇਕੱਲਾ ਆਪ ਬਣਾਇੰਦਾ । ਖਾਣੀ ਬਾਣੀ ਖੋਲ੍ਹ ਕਿਵਾੜਾ, ਭੇਵ ਅਭੇਦਾ ਆਪ ਜਣਾਇੰਦਾ। ਸ਼ਾਸਤਰ ਸਿਮਰਤ ਬਣ ਲਿਖਾਰਾ, ਬੋਧ ਗਿਆਨ ਆਪ ਦ੍ਰਿੜਾਇੰਦਾ। ਗੀਤਾ ਗਿਆਨ ਦੇ ਆਧਾਰਾ, ਅੰਜੀਲ ਕੁਰਾਨਾ ਰੰਗ ਰੰਗਾਇੰਦਾ। ਮੁਕਾਮੇ ਹੱਕ ਹੱਕ ਨਗਾਰਾ, ਨੌਬਤ ਆਪਣੇ ਨਾਮ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡਣ ਆਪਣੇ ਹੱਥ ਰਖਾਇੰਦਾ। ਸਾਚੀ ਵੰਡ ਲੋਕਮਾਤ, ਸੋ ਪੁਰਖ ਨਿਰੰਜਣ ਆਪ ਕਰਾਈਆ। ਜੁਗ ਚੌਕੜੀ ਦੇਵੇ ਦਾਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਬੰਧਨ ਪਾਈਆ। ਪੰਜ ਤਤ ਕਾਇਆ ਜੋੜ ਨਾਤ, ਆਤਮ ਪਰਮਾਤਮ ਲਏ ਮਿਲਾਈਆ। ਗੁਰ ਅਵਤਾਰ ਬਣ ਬਣ ਸੱਜਣ ਸਾਕ, ਨਿਰਗੁਣ ਸਰਗੁਣ ਵੇਸ ਵਟਾਈਆ। ਬੰਦ ਕਿਵਾੜਾ ਖੋਲ੍ਹ ਤਾਕ, ਆਪਣਾ ਪਰਦਾ ਦਏ ਚੁਕਾਈਆ। ਸ਼ਬਦ ਅਗੰਮੀ ਏਕਾ ਗਾਥ, ਰਸਨਾ ਜਿਹਵਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡਣ ਆਪ ਵੰਡਾਈਆ। ਸਾਚੀ ਵੰਡ ਵੰਡਣਹਾਰਾ, ਸਚਖੰਡ ਸਾਚੇ ਡੇਰਾ ਲਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਜੁਗ ਚੌਕੜੀ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਦਏ ਹੁਲਾਰਾ, ਆਤਮ ਪਰਮਾਤਮ ਖੇਲ ਕਰਾਇੰਦਾ। ਈਸ਼ ਜੀਵ ਦੇ ਸਹਾਰਾ, ਜਗਦੀਸ਼ ਰੰਗ ਚੜ੍ਹਾਇੰਦਾ। ਰਾਗ ਰਾਗਨੀ ਬੋਲ ਜੈਕਾਰਾ, ਜੈ ਜੈ ਆਪਣੇ ਨਾਉਂ ਕਰਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਨਿਤ ਨਵਿਤ ਵੇਸ ਵਟਾਇੰਦਾ। ਅਲੱਖ ਅਗੰਮ ਅਗੋਚਰ ਬੇਪਰਵਾਹ ਪਰਵਰਦਿਗਾਰਾ, ਬੇਐਬ ਆਪਣਾ ਨਾਉਂ ਧਰਾਇੰਦਾ। ਹੱਕ ਹਕ਼ੀਕ਼ਤ ਬੋਲ ਨਾਅਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਕਰਨੀ ਕਰਨੀ ਕਰਤਾ ਕਰੇ ਨਿਰੰਕਾਰ, ਨਿਰਗੁਣ ਆਪਣਾ ਖੇਲ ਕਰਾਈਆ। ਵੰਡੇ ਵੰਡ ਅਪਰ ਅਪਾਰ, ਲੇਖਾ ਲਿਖ ਲਿਖ ਨਾ ਕੋਇ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੇ ਹੱਥ ਰੱਖੇ ਕਰਤਾਰ, ਦੂਸਰ ਓਟ ਨਾ ਕੋਇ ਤਕਾਈਆ। ਬਣ ਰਥਵਾਹੀ ਸੇਵਾ ਕਰੇ ਅਗੰਮ ਅਪਾਰ, ਨਿਰਗੁਣ ਸਰਗੁਣ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਹੁਕਮ ਵਰਤਾਈਆ। ਸਚਖੰਡ ਨਿਵਾਸੀ ਧੁਰ ਫ਼ਰਮਾਣਾ, ਏਕੰਕਾਰ ਏਕਾ ਵਾਰ ਜਣਾਇੰਦਾ। ਸ਼ਬਦੀ ਸੁਤ ਸੁਤ ਬਲਵਾਨਾ, ਬਲਧਾਰੀ ਆਪ ਪਰਗਟਾਇੰਦਾ। ਬ੍ਰਹਮ ਬ੍ਰਹਿਮਾਦ ਇਕ ਤਰਾਨਾ, ਤੁਰਯਾ ਰਾਗ ਆਪ ਅਲਾਇੰਦਾ। ਲੇਖਾ ਜਾਣੇ ਦੋ ਜਹਾਨਾਂ, ਦੋਏ ਦੋਏ ਆਪਣਾ ਰੂਪ ਵਟਾਇੰਦਾ। ਨਿਰਗੁਣ ਸਰਗੁਣ ਹੋ ਪਰਧਾਨਾ, ਲੱਖ ਚੁਰਾਸੀ ਬੂਝ ਬੁਝਾਇੰਦਾ। ਜੁਗ ਚੌਕੜੀ ਕਰੇ ਖੇਲ ਮਹਾਨਾ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਧਾਰ ਆਪ ਚਲਾਇੰਦਾ। ਨਿਰਗੁਣ ਸਰਗੁਣ ਸਾਚੀ ਧਾਰ, ਸਤਿ ਸਤਿਵਾਦੀ ਆਪ ਚਲਾਈਆ। ਪੰਜ ਤਤ ਕਰ ਤਿਆਰ, ਤਤਵ ਆਪਣਾ ਭੇਵ ਚੁਕਾਈਆ। ਆਤਮ ਪਰਮਾਤਮ ਦੇ ਆਧਾਰ, ਸੁਰਤੀ ਸ਼ਬਦ ਸ਼ਬਦ ਮਿਲਾਈਆ। ਨਾਦ ਧੁਨ ਧੁਨ ਜੈਕਾਰ, ਧੁਨ ਆਤਮਕ ਕਰੇ ਸ਼ਨਵਾਈਆ। ਨਿਰਮਲ ਦੀਆ ਏਕਾ ਬਾਲ, ਜੋਤੀ ਜੋਤ ਜੋਤ ਰੁਸ਼ਨਾਈਆ। ਘਰ ਮੰਦਰ ਖੋਲ੍ਹ ਕਿਵਾੜ, ਗ੍ਰਹਿ ਬੰਕ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਖੇਲੇ ਖੇਲ ਬੇਪਰਵਾਹੀਆ। ਪੰਜ ਤਤ ਗੁਰ ਅਵਤਾਰ, ਤਨ ਕਾਇਆ ਆਪ ਵਡਿਆਇੰਦਾ। ਅੰਦਰ ਵੜ ਆਪ ਨਿਰੰਕਾਰ, ਨਿਰਗੁਣ ਆਪਣੀ ਖੇਲ ਕਰਾਇੰਦਾ। ਹੁਕਮੀ ਹੁਕਮ ਸਤਿ ਵਰਤਾਰ, ਸਤਿ ਸਤਿਵਾਦੀ ਆਪ ਜਣਾਇੰਦਾ। ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖੇ ਵੇਖਣਹਾਰ, ਨੇਤਰ ਨੈਣ ਨਜ਼ਰ ਕਿਸੇ ਨਾ ਆਇੰਦਾ। ਹੁਕਮੇ ਅੰਦਰ ਹੋ ਤਿਆਰ, ਹੁਕਮੇ ਬੰਧਨ ਏਕਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਖ਼ਤ ਨਿਵਾਸੀ ਸੱਚਾ ਸ਼ਾਹ, ਧੁਰ ਫ਼ਰਮਾਣਾ ਇਕ ਜਣਾਇੰਦਾ। ਧੁਰ ਫ਼ਰਮਾਣਾ ਗ਼ਰੀਬ ਨਿਵਾਜ਼, ਆਦਿ ਅੰਤ ਇਕ ਜਣਾਈਆ। ਸਤਿਜੁਗ ਸਾਚਾ ਸਾਜਣ ਸਾਜ, ਨਿਰਗੁਣ ਸਰਗੁਣ ਵੇਖ ਵਖਾਈਆ। ਸੀਸ ਜਗਦੀਸ਼ ਸੁਹਾਏ ਤਾਜ, ਪੰਚਮ ਆਪਣਾ ਰਾਹ ਵਖਾਈਆ। ਦੋ ਜਹਾਨ ਚਲਾਏ ਜਹਾਜ਼, ਬੇੜਾ ਆਪਣੇ ਕੰਧ ਉਠਾਈਆ। ਗੁਰ ਅਵਤਾਰ ਦੇਵੇ ਦਾਜ, ਨਾਮ ਵਸਤ ਅਮੋਲਕ ਝੋਲੀ ਪਾਈਆ। ਘਰ ਘਰ ਆਪਣਾ ਰਚ ਰਚ ਕਾਜ, ਕਰਤਾ ਪੁਰਖ ਵੇਖ ਵਖਾਈਆ। ਦਿਵਸ ਰੈਣ ਸ਼ਬਦ ਅਗੰਮੀ ਮਾਰੇ ਅਵਾਜ਼, ਤੰਦ ਸਿਤਾਰ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡ ਆਪ ਕਰਾਈਆ। ਸਾਚੀ ਵੰਡ ਹਰਿ ਕਰਤਾਰ, ਆਦਿ ਅੰਤ ਆਪ ਕਰਾਇੰਦਾ। ਲੇਖਾ ਜਾਣੇ ਜੁਗ ਚਾਰ, ਜੁਗ ਚੌਕੜੀ ਬੰਧਨ ਪਾਇੰਦਾ। ਨੌਂ ਨੌਂ ਖੋਲ੍ਹ ਕਿਵਾੜ, ਨੌਂ ਰਸ ਰਸ ਵਖਾਇੰਦਾ। ਚਾਰ ਕੁੰਟ ਹੋ ਉਜਿਆਰ, ਚੌਥੇ ਪਦ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਆਪਣਾ ਭੇਵ ਚਾਰ ਜੁਗ, ਪ੍ਰਭ ਆਪਣੇ ਹੱਥ ਰਖਾਈਆ। ਗੁਰ ਅਵਤਾਰਾਂ ਸੰਦੇਸ਼ਾ ਦੇਂਦਾ ਰਿਹਾ ਲੁਕ ਲੁਕ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਅੰਤਮ ਆਪਣੀ ਗੋਦੀ ਲਏ ਚੁੱਕ, ਲੋਕਮਾਤ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਏਕੰਕਾਰਾ, ਸਚਖੰਡ ਦੁਆਰੇ ਆਸਣ ਲਾਇੰਦਾ। ਗੁਰ ਅਵਤਾਰ ਮੰਗਣ ਦਰ ਭਿਖਾਰਾ, ਖ਼ਾਲੀ ਝੋਲੀ ਸਰਬ ਵਖਾਇੰਦਾ। ਦੇਵਣਹਾਰਾ ਵਡ ਦਾਤਾਰਾ, ਦਾਨੀ ਆਪਣਾ ਨਾਉਂ ਧਰਾਇੰਦਾ। ਏਕਾ ਵਸਤ ਦੇਵੇ ਹਰਿ ਥਾਰਾ, ਅਤੋਟ ਅਤੁਟ ਰਖਾਇੰਦਾ। ਗੁਰ ਅਵਤਾਰ ਦੇ ਸਹਾਰਾ, ਸਿਰ ਆਪਣਾ ਹੱਥ ਰਖਾਇੰਦਾ। ਹਰਿ ਕਾ ਨਾਉਂ ਵਣਜ ਵਪਾਰਾ, ਲੋਕਮਾਤ ਹੱਟ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਸਮਝਾਇੰਦਾ। ਸਾਚੀ ਸੇਵਾ ਵਿਚ ਜਹਾਨ, ਦੋ ਜਹਾਨਾਂ ਵਾਲੀ ਆਪ ਜਣਾਈਆ। ਗੁਰ ਅਵਤਾਰਾਂ ਦੇਵੇ ਧੁਰ ਫ਼ਰਮਾਣ, ਸਚ ਸੰਦੇਸ਼ਾ ਇਕ ਸੁਣਾਈਆ। ਨਿਉਂ ਨਿਉਂ ਸੀਸ ਜਗਦੀਸ਼ ਸਰਬ ਝੁਕਾਣ, ਦੋਏ ਜੋੜ ਜੋੜ ਸ਼ਰਨਾਈਆ। ਤੂੰ ਸਾਹਿਬ ਸੱਚਾ ਸੁਲਤਾਨ, ਬੇਅੰਤ ਤੇਰੀ ਵਡਿਆਈਆ। ਤੂੰ ਆਦਿ ਜੁਗਾਦੀ ਹੁਕਮਰਾਨ, ਸਚ ਤੇਰੀ ਸ਼ਹਿਨਸ਼ਾਹੀਆ। ਤੂੰ ਵਸੇਂ ਸਚਖੰਡ ਸੱਚੇ ਮਕਾਨ, ਸਾਚੇ ਤਖ਼ਤ ਆਸਣ ਲਾਈਆ। ਹਉਂ ਬਾਲਕ ਬਾਲ ਅਞਾਣ, ਲੋਕਮਾਤ ਤੇਰੀ ਸੇਵ ਕਮਾਈਆ। ਤੂੰ ਵੇਖਣਾ ਮਾਰ ਧਿਆਨ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਗੁਰ ਅਵਤਾਰਾਂ ਏਕਾ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਮਾਰਗ ਆਪੇ ਲਾਈਆ। ਆਪਣਾ ਮਾਰਗ ਜੁਗ ਜੁਗ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਨਿਰਗੁਣ ਸਰਗੁਣ ਵੇਖੇ ਲੁਕ ਲੁਕ, ਆਪਣਾ ਪਰਦਾ ਨਾ ਆਪ ਚੁਕਾਇੰਦਾ। ਭਗਤ ਭਗਵੰਤ ਗੁਰਮੁਖ ਵਿਰਲੇ ਆਪਣੀ ਗੋਦੀ ਲਏ ਚੁੱਕ, ਨਿਰਗੁਣ ਸਰਗੁਣ ਦਇਆ ਕਮਾਇੰਦਾ। ਕਰ ਖੇਲ ਅਬਿਨਾਸ਼ੀ ਅਚੁਤ, ਚੇਤਨ ਆਪਣੀ ਧਾਰ ਜਣਾਇੰਦਾ। ਸੰਤ ਸੁਹਾਏ ਸਾਚੀ ਰੁੱਤ, ਰੁੱਤ ਰੁਤੜੀ ਆਪ ਮਹਿਕਾਇੰਦਾ। ਗੁਰਮੁਖ ਅੰਤਰ ਆਪੇ ਉਠ, ਆਪਣਾ ਦਰਸ ਕਰਾਇੰਦਾ। ਗੁਰਸਿਖਾਂ ਉਪਰ ਹਰਿ ਜੂ ਤੁਠ, ਭੇਵ ਅਭੇਦ ਚੁਕਾਇੰਦਾ। ਪਾਵੇ ਸਾਰ ਕਾਇਆ ਕੋਟ, ਕਿਲਾ ਬੰਕ ਆਪ ਕਰਾਇੰਦਾ। ਤਨ ਨਗਾਰੇ ਲੱਗੇ ਚੋਟ, ਨਾਮ ਡੰਕਾ ਇਕ ਵਜਾਇੰਦਾ। ਗੁਰ ਸ਼ਬਦ ਰਖਾਏ ਸਾਚੀ ਓਟ, ਗੁਰ ਅਵਤਾਰ ਰਾਹ ਚਲਾਇੰਦਾ। ਮੇਲ ਮਿਲਾਵਾ ਨਿਰਮਲ ਜੋਤ, ਜੋਤੀ ਜੋਤ ਜੋਤ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਪਰਵਰਦਿਗਾਰ, ਏਕਾ ਆਪਣਾ ਆਪ ਰਖਾਈਆ। ਹੱਕ ਹਕ਼ੀਕ਼ਤ ਪਾਵੇ ਸਾਰ, ਲਾਸ਼ਰੀਕ ਬੇਐਬ ਨਾਉਂ ਖ਼ੁਦਾਈਆ। ਮੁਕਾਮੇ ਹੱਕ ਹੋ ਤਿਆਰ, ਸਚ ਸਿੰਘਾਸਣ ਸੋਭਾ ਪਾਈਆ। ਉਚੀ ਕੂਕ ਕੂਕ ਪੁਕਾਰ, ਕਲਮਾ ਨਬੀ ਕਰੇ ਪੜ੍ਹਾਈਆ। ਆਇਤ ਸ਼ਰਾਇਤ ਇਕ ਵਿਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਵੰਡ ਵੰਡਾਈਆ। ਜੁਗ ਜੁਗ ਵੰਡ ਅਲੱਖ ਅਥਾਹ, ਅਗੋਚਰ ਆਪਣੀ ਕਾਰ ਕਰਾਇੰਦਾ। ਗੁਰ ਅਵਤਾਰਾਂ ਦੇ ਸਲਾਹ, ਏਕਾ ਦੂਆ ਤੀਜਾ ਬੰਧਨ ਪਾਇੰਦਾ। ਚੌਥੇ ਰੰਗ ਲਏ ਰੰਗਾ, ਪੰਚਮ ਆਪਣਾ ਭੇਵ ਚੁਕਾਇੰਦਾ। ਛੇਵੇਂ ਘਰ ਮੇਲਾ ਸਹਿਜ ਸੁਭਾ, ਸਤਿ ਸਤਿਵਾਦੀ ਦਇਆ ਕਮਾਇੰਦਾ। ਅੱਠਾਂ ਤਤਾਂ ਜੋੜ ਜੁੜਾ, ਨੌਂ ਦਰ ਆਪਣਾ ਰਾਹ ਵਖਾਇੰਦਾ। ਲੱਖ ਚੁਰਾਸੀ ਭਰਮ ਭੁਲਾ, ਅਨਭਵ ਆਪਣਾ ਖੇਲ ਕਰਾਇੰਦਾ। ਏਕਾ ਨਾਇਆਂ ਜੋੜ ਜੁੜਾ, ਦਸ ਦਸ ਵੇਖੇ ਸਾਚਾ ਥਾਂ, ਦਹਿ ਦਿਸ਼ਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਜਣਾਇੰਦਾ। ਧੁਰ ਫ਼ਰਮਾਣਾ ਸਚ ਸੰਦੇਸ਼ ਸਤਿਗੁਰ ਪੂਰਾ ਆਪ ਜਣਾਈਆ। ਸਚਖੰਡ ਨਿਵਾਸੀ ਨਰ ਨਰੇਸ਼, ਨਿਰਗੁਣ ਆਪਣੀ ਧਾਰ ਚਲਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪੇ ਵੇਖ, ਨੌਂ ਸੌ ਚੁਰਾਨਵੇ ਚੌਕੜੀ ਪੰਧ ਮੁਕਾਈਆ। ਲੇਖਾ ਜਾਣੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਸ਼ੰਕਰ ਆਪਣਾ ਹੁਕਮ ਮਨਾਈਆ। ਪੀਰ ਪੈਗ਼ੰਬਰ ਔਲੀਏ ਵੇਖੇ ਸ਼ੇਖ਼, ਮੁਲਾਂ ਏਕਾ ਸਬਕ ਕਰੇ ਪੜ੍ਹਾਈਆ। ਨੌਂ ਖੰਡ ਪ੍ਰਿਥਮੀ ਘਟ ਘਟ ਅੰਦਰ ਕਰਨਹਾਰਾ ਹੇਤ, ਨਿਤ ਨਵਿਤ ਵੇਸ ਵਟਾਈਆ। ਕਲਜੁਗ ਅੰਤਮ ਧਾਰੇ ਭੇਖ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਜੁਗ ਚੌਕੜੀ ਲਹਿਣਾ ਰਿਹਾ ਵੇਖ, ਸਚਖੰਡ ਨਿਵਾਸੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਜੁਗ ਚੌਕੜੀ ਆਪ ਕਰਾਇੰਦਾ। ਚਾਰ ਜੁਗ ਦਾ ਜਗਤ ਵਿਹਾਰਾ, ਆਪਣੇ ਲੇਖੇ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਹੁਕਮੀ ਹੁਕਮ ਸਤਿ ਵਰਤਾਰਾ, ਤੇਈ ਅਵਤਾਰਾਂ ਆਪ ਜਣਾਇੰਦਾ। ਈਸਾ ਮੂਸਾ ਸੰਗ ਮੁਹੰਮਦ ਕਰੇ ਖ਼ਬਰਦਾਰਾ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਏਕਾ ਜੋਤੀ ਦਸ ਅਵਤਾਰਾ, ਗੁਰ ਗੁਰ ਏਕਾ ਬੂਝ ਬੁਝਾਇੰਦਾ। ਭਗਤ ਭਗਵੰਤ ਦੇ ਸਹਾਰਾ, ਸਾਚੀ ਸਿਖਿਆ ਇਕ ਸਮਝਾਇੰਦਾ। ਨੌਂ ਖੰਡ ਪ੍ਰਿਥਮੀ ਵੇਖੋ ਕਰੋ ਵਿਚਾਰਾ, ਨੇਤਰ ਨੈਣ ਨੈਣ ਖੁਲ੍ਹਾਇੰਦਾ। ਮਸਜਿਦ ਮੰਦਰ ਮੱਠ ਸ਼ਿਵਦੁਆਲਾ ਹਾਹਾਕਾਰਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਹੱਕ ਹਕ਼ੀਕ਼ਤ ਨਾ ਕਰੇ ਕੋਇ ਪਿਆਰਾ, ਜਗਤ ਸ਼ਰਅ ਸ਼ੈਤਾਨ ਨਾਲ ਲੜਾਇੰਦਾ। ਨਾਮ ਸਤਿ ਨਾ ਕੋਇ ਵਣਜਾਰਾ, ਮਨ ਮਤ ਸਰਬ ਕੁਰਲਾਇੰਦਾ। ਰਾਧਾ ਕ੍ਰਿਸ਼ਨ ਨਾ ਕੋਇ ਆਧਾਰਾ, ਸੁਰਤੀ ਸ਼ਬਦ ਨਾ ਕੋਇ ਮਿਲਾਇੰਦਾ। ਸੀਤਾ ਰਾਮ ਨਾ ਕੋਇ ਪਿਆਰਾ, ਕਲਜੁਗ ਨਟੂਆ ਘਰ ਘਰ ਸਵਾਂਗ ਵਰਤਾਇੰਦਾ। ਹਰਿ ਕਾ ਨਾਉਂ ਨਾ ਕਿਸੇ ਵਿਚਾਰਾ, ਪੰਡਤ ਪਾਂਧਾ ਭਰਮ ਭੁਲਾਇੰਦਾ। ਮੁਲਾਂ ਸ਼ੇਖ਼ ਮੁਸਾਇਕ ਗਲ ਵਿਚ ਪਾਈ ਤਸਬੀ ਮਾਲਾ, ਤਾਲਬ ਤੁਲਬਾ ਨਾ ਕੋਇ ਪੜ੍ਹਾਇੰਦਾ। ਕਰੇ ਖੇਲ ਆਪ ਨਿਰੰਕਾਰਾ, ਲੱਖ ਚੁਰਾਸੀ ਵੇਖ ਵਖਾਇੰਦਾ। ਸਚ ਸੰਦੇਸ਼ਾ ਦੇਵਣਹਾਰਾ, ਧੁਰ ਫ਼ਰਮਾਣਾ ਇਕ ਜਣਾਇੰਦਾ। ਉਠੋ ਵੇਖੋ ਕਰੋ ਧਿਆਨ, ਆਪੋ ਆਪਣੀ ਪਾਓ ਸਾਰਾ, ਸਾਰੰਗ ਧਰ ਭਗਵਾਨ, ਬੀਠਲਾ ਇਕ ਸਮਝਾਇੰਦਾ। ਕਲਜੁਗ ਆਈ ਅੰਤਮ ਵਾਰਾ, ਹਰਿ ਜੂ ਪਾਂਧੀ ਪੰਧ ਮੁਕਾਇੰਦਾ। ਵੇਦ ਵਿਆਸਾ ਬਣ ਲਿਖਾਰਾ, ਲਿਖ ਲਿਖ ਆਪਣਾ ਲੇਖ ਜਣਾਇੰਦਾ। ਈਸਾ ਬਣਿਆ ਦਰ ਭਿਖਾਰਾ, ਪਰਵਰਦਿਗਾਰ ਓਟ ਤਕਾਇੰਦਾ। ਮੁਹੰਮਦ ਚੌਦਾਂ ਤਬਕ ਮਾਰੇ ਨਾਅਰਾ, ਨੇਤਰ ਨੈਣਾਂ ਨੀਰ ਵਹਾਇੰਦਾ। ਨਾਤਾ ਤੁਟੇ ਚਾਰ ਯਾਰਾ, ਚੌਥਾ ਜੁਗ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਇੰਦਾ। ਸਚ ਸੰਦੇਸ਼ਾ ਅੰਤਮ ਵਾਰ, ਹਰਿ ਸਤਿਗੁਰ ਆਪ ਜਣਾਈਆ। ਸਚਖੰਡ ਦਾ ਸਚ ਵਿਹਾਰ, ਲੋਕਮਾਤ ਵਖਾਈਆ। ਨਿਰਗੁਣ ਨਿਰਗੁਣ ਲੈ ਅਵਤਾਰ, ਸਰਗੁਣ ਸਰਗੁਣ ਕਰੇ ਕੁੜਮਾਈਆ। ਸ਼ਬਦੀ ਸ਼ਬਦ ਡੰਕ ਅਪਾਰ, ਦੋ ਜਹਾਨਾਂ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਜਣਾਈਆ। ਸਚ ਸੰਦੇਸ਼ਾ ਪੁਰਖ ਅਬਿਨਾਸ਼, ਆਪਣਾ ਆਪ ਜਣਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਵੇਖੀ ਰਾਸ, ਵੇਲਾ ਅੰਤਮ ਅੰਤ ਆਇੰਦਾ। ਸਚ ਵਸਤ ਨਾ ਕਿਸੇ ਪਾਸ, ਖ਼ਾਲੀ ਹੱਥ ਸਰਬ ਫਿਰਾਇੰਦਾ। ਆਤਮ ਜੋਤ ਨਾ ਕੋਇ ਪ੍ਰਕਾਸ਼, ਜਗਤ ਅੰਧੇਰਾ ਏਕਾ ਛਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਰਖਾਏ ਨਾ ਕੋਇ ਸਾਥ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਪਾਰਬ੍ਰਹਮ ਅੱਗੇ ਦੋਏ ਜੋੜ ਟੇਕਣ ਮਾਥ, ਨੇਤਰ ਨੈਣ ਨੈਣ ਸਰਬ ਨਿਵਾਇੰਦਾ। ਤੂੰ ਸਾਹਿਬ ਪੁਰਖ ਸਮਰਾਥ, ਤੇਰਾ ਅੰਤ ਕੋਇ ਨਾ ਪਾਇੰਦਾ। ਹਉਂ ਗਾ ਗਾ ਗਏ ਗਾਥ, ਬਣ ਸੇਵਕ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪਣੇ ਹੱਥ ਰਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਪਾਰਬ੍ਰਹਮ ਪੁਰਖ ਅਬਿਨਾਸ਼ੀ ਲੋਕਮਾਤ ਰਚਿਆ ਇਕ ਸਵੰਬਰ, ਆਪਣੀ ਅਚਰਜ ਖੇਲ ਕਰਾਈਆ। ਦੋ ਜਹਾਨਾਂ ਸ੍ਰੀ ਭਗਵਾਨਾ ਚੌਦਾਂ ਤਬਕ ਚੌਦਾਂ ਲੋਕ ਮੇਟੇ ਅਡੰਬਰ, ਰਵ ਸਸ ਵਿਸ਼ਨ ਬ੍ਰਹਮਾ ਸ਼ਿਵ ਨੇਤਰ ਨੈਣਾਂ ਨੀਰ ਰਹੇ ਵਹਾਈਆ। ਲੱਖ ਚੁਰਾਸੀ ਮਨ ਵਾਸਨਾ ਫੜੇ ਬੰਦਰ, ਕਲਜੁਗ ਜੂਹ ਅੰਦਰ ਫੇਰਾ ਪਾਈਆ। ਨੌਂ ਖੰਡ ਪ੍ਰਿਥਮੀ ਨਚਾਏ ਬਣ ਕਲੰਦਰ, ਕਲ ਆਪਣੀ ਆਪ ਧਰਾਈਆ। ਲੇਖਾ ਚੁੱਕੇ ਸ਼ਿਵਦੁਆਲਾ ਮੱਠ ਮਸੀਤ ਮੰਦਰ, ਪੁਰਖ ਅਕਾਲ ਏਕਾ ਇਸ਼ਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਸਾਚਾ ਰਾਣਾ ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ, ਏਕਾ ਹੁਕਮ ਜਣਾਈਆ। ਏਕਾ ਹੁਕਮ ਏਕੰਕਾਰਾ, ਅਕਲ ਕਲ ਧਾਰੀ ਆਪ ਜਣਾਇੰਦਾ। ਗੁਰ ਅਵਤਾਰ ਕਰੋ ਵਿਚਾਰਾ, ਹਰਿ ਵਿਚਾਰ ਵਿਚ ਕਦੇ ਨਾ ਆਇੰਦਾ। ਪੀਰ ਪੈਗ਼ੰਬਰ ਰੋਵਣ ਜ਼ਾਰੋ ਜ਼ਾਰਾ, ਨੇਤਰ ਨੀਰ ਸਰਬ ਵਹਾਇੰਦਾ। ਚਾਰੋਂ ਕੁੰਟ ਅੰਧ ਅੰਧਿਆਰਾ, ਚੌਦਸ ਚੰਦ ਨਾ ਕੋਇ ਚੜ੍ਹਾਇੰਦਾ। ਕਲਮਾ ਨਬੀ ਨਾ ਕੋਇ ਪਿਆਰਾ, ਕਾਇਆ ਕਾਅਬਾ ਨਾ ਕੋਇ ਸੁਹਾਇੰਦਾ। ਆਬ ਹਯਾਤ ਨਾ ਠੰਡਾ ਠਾਰਾ, ਭਰ ਪਿਆਲਾ ਨਾ ਕੋਇ ਪਿਆਇੰਦਾ। ਨਾਤਾ ਛੁਟਿਆ ਚਾਰ ਯਾਰਾ, ਯਾਰੀ ਯਾਰ ਨਾ ਕੋਇ ਰਖਾਇੰਦਾ। ਸਦੀ ਚੌਧਵੀਂ ਆਈ ਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਸਰਬ ਰਖਾਇੰਦਾ। ਹੁਕਮੇ ਅੰਦਰ ਨੇਤਨ ਨੇਤ, ਏਕਾ ਖੇਲ ਕਰਾਈਆ। ਸਚਖੰਡ ਦੁਆਰਾ ਪਹਿਲੀ ਚੇਤ, ਇਕ ਨੌਂ ਕਰੀ ਕੁੜਮਾਈਆ। ਇਕ ਇਕ ਦਿਨ ਕਰ ਕਰ ਹੇਤ, ਤੇਈ ਅਵਤਾਰਾਂ ਰਿਹਾ ਸਮਝਾਈਆ। ਤੇਈ ਅਵਤਾਰ ਲਹਿਣਾ ਚੁਕਿਆ ਤੇਈ ਚੇਤ, ਬਾਕੀ ਕੋਇ ਰਹਿਣ ਨਾ ਪਾਈਆ । ਅੱਗੇ ਲਹਿਣਾ ਦੇਣਾ ਵੇਖੇ ਪੀਰ ਪੈਗ਼ੰਬਰ ਮੁਲਾਂ ਸ਼ੇਖ਼, ਰੁੱਤ ਰੁਤੜੀ ਆਪ ਸੁਹਾਈਆ। ਨਿਰਗੁਣ ਸਰਗੁਣ ਖੇਲਣ ਆਇਆ ਖੇਡ, ਆਪਣੀ ਖੇਡ ਨਾ ਕਿਸੇ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਆਪਣਾ ਹੁਕਮ ਈਸਾ ਮੂਸਾ, ਇਲਾਹੀ ਨੂਰ ਆਪ ਜਣਾਇੰਦਾ। ਕਲਜੁਗ ਵੇਖੇ ਕਾਲਾ ਸੂਸਾ, ਤਨ ਬਸਤਰ ਫੋਲ ਫੁਲਾਇੰਦਾ। ਹੱਕ ਹਕ਼ੀਕ਼ਤ ਸਚ ਹਦੀਸਾ, ਹਦੂਦ ਅਰਬਾਂ ਵੰਡ ਵੰਡਾਇੰਦਾ। ਅੰਤਮ ਲਹਿਣਾ ਚੁੱਕੇ ਉਨੀਸਾ, ਏਕਾ ਨਾਇਆ ਬੰਧਨ ਪਾਇੰਦਾ। ਸਭ ਦਾ ਖ਼ਾਲੀ ਹੋਏ ਖ਼ੀਸਾ, ਦਰ ਦਰਵੇਸ਼ ਆਪ ਬਣਾਇੰਦਾ। ਚੌਥੇ ਜੁਗ ਆਪਣੀ ਕਰਨੀ ਵੇਖਣਾ ਸ਼ੀਸ਼ਾ, ਦੂਸਰ ਮੁਖ ਨਾ ਕੋਇ ਡਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਆਪ ਮੁਕਾਇੰਦਾ। ਸਭ ਦਾ ਲਹਿਣਾ ਚੁੱਕੇ ਵਿਚ ਜਹਾਨ, ਲੇਖਾ ਜਾਣੇ ਧੁਰਦਰਗਾਹੀਆ। ਹੱਕ ਹਕ਼ੀਕ਼ਤ ਸਚ ਕਲਾਮ, ਕਲਮਾ ਨਬੀ ਆਪ ਪੜ੍ਹਾਈਆ। ਪੰਚਮ ਜੇਠ ਅੰਤਮ ਇਕੋ ਵਾਰ ਮਨਜ਼ੂਰ ਕਰੇ ਸਲਾਮ, ਸਲਾਮਾ ਅਲੈਕਮ ਫੇਰ ਨਾ ਕੋਇ ਬੁਲਾਈਆ। ਈਸਾ ਮੂਸਾ ਮੁਹੰਮਦ ਦੇ ਕੇ ਜਾਣਾ ਪੈਗ਼ਾਮ, ਅੰਤ ਪੈਗ਼ੰਬਰ ਕਰ ਪੜ੍ਹਾਈਆ। ਪਰਵਰਦਿਗਾਰ ਆਇਆ ਹਜਾਮ, ਸਭ ਦੀਆਂ ਲਬਾਂ ਦਏ ਕਟਾਈਆ। ਕਲਜੁਗ ਅੰਤ ਕਰੇ ਪਹਿਚਾਨ, ਸਦੀ ਚੌਧਵੀਂ ਭੁੱਲ ਨਾ ਜਾਈਆ। ਜਿਸ ਦੇ ਉਤੇ ਰੱਖਦੇ ਰਹੇ ਈਮਾਨ, ਸੋ ਲੋਕਮਾਤ ਫੇਰਾ ਪਾਈਆ। ਜਿਸ ਦੇ ਬਰਦੇ ਰਹੇ ਗੁਲਾਮ, ਬਣ ਸੇਵਕ ਸੇਵ ਕਮਾਈਆ। ਸੋ ਪਰਗਟ ਹੋਇਆ ਇਕ ਅਮਾਮ, ਵਡ ਵੱਡਾ ਸ਼ਹਿਨਸ਼ਾਹੀਆ। ਦਰ ਜਾ ਕੇ ਕਰ ਸਲਾਮ, ਨਿਉਂ ਸਜਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਰਿਹਾ ਮਿਟਾਈਆ। ਲੇਖਾ ਮੁੱਕੇ ਮੁਹੰਮਦ ਯਾਰ, ਯਾਰੀ ਯਾਰ ਨਾ ਕੋਇ ਨਿਭਾਇੰਦਾ। ਸਦੀ ਚੌਧਵੀਂ ਹੋਏ ਖ਼ੁਵਾਰ, ਚੌਦਾਂ ਤਬਕ ਡੇਰਾ ਢਾਹਿੰਦਾ। ਏਕਾ ਹੱਕ ਬੋਲ ਜੈਕਾਰ, ਸ਼ਰਅ ਸ਼ਰੀਅਤ ਇਕ ਵਖਾਇੰਦਾ। ਕਾਇਆ ਕਾਅਬਾ ਖੋਲ੍ਹ ਕਿਵਾੜ, ਨੂਰ ਨੁਰਾਨਾ ਡਗਮਗਾਇੰਦਾ। ਸਾਚਾ ਹੁਜਰਾ ਕਰ ਤਿਆਰ, ਹਜ਼ਰਤ ਆਪਣਾ ਰੂਪ ਦਰਸਾਇੰਦਾ। ਲੇਖਾ ਸਭ ਦਾ ਦਏ ਨਿਵਾਰ, ਅਭੁਲ ਭੁੱਲ ਕਦੇ ਨਾ ਜਾਇੰਦਾ। ਮੁਹੰਮਦ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇੰਦਾ। ਕਰ ਕਿਰਪਾ ਪਰਵਰਦਿਗਾਰ, ਬੇਨਕ਼ਾਬ ਤੇਰਾ ਪਰਦਾ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਸਾਚਾ ਰਾਣਾ ਅੰਤਮ ਲੇਖਾ ਲੇਖੇ ਲਾਇੰਦਾ। ਅੰਤਮ ਲੇਖਾ ਅੰਤ ਕਲ, ਕਲਧਾਰੀ ਆਪ ਲਗਾਈਆ। ਜੁਗ ਚੌਕੜੀ ਕਰਦਾ ਆਇਆ ਵਲ ਛਲ, ਆਪਣਾ ਭੇਵ ਨਾ ਕਿਸੇ ਜਣਾਈਆ। ਸਰਗੁਣ ਅੰਦਰ ਨਿਰਗੁਣ ਰਲ, ਨਿਰਗੁਣ ਸਰਗੁਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਕਲਜੁਗ ਅੰਤ ਅੰਤ ਕਰਾਇੰਦਾ। ਲਹਿਣਾ ਦੇਣਾ ਵਿਚ ਸੰਸਾਰਾ, ਗੁਰ ਅਵਤਾਰਾਂ ਆਪ ਚੁਕਾਇੰਦਾ। ਕਲਜੁਗ ਮੇਟੇ ਅੰਧ ਅੰਧਿਆਰਾ, ਕੂੜੀ ਕਿਰਿਆ ਡੇਰਾ ਢਾਹਿੰਦਾ। ਪੰਜ ਸ਼ੈਤਾਨ ਨਾ ਹੋਏ ਹਲਕਾਰਾ, ਦਰ ਦਰ ਫੇਰਾ ਕੋਇ ਨਾ ਪਾਇੰਦਾ। ਆਸਾ ਤ੍ਰਿਸ਼ਨਾ ਨਾ ਕੋਇ ਭੰਡਾਰਾ, ਹਉਮੇ ਹੰਗਤਾ ਗੜ੍ਹ ਤੁੜਾਇੰਦਾ। ਵਰਨ ਬਰਨ ਨਾ ਹੋਏ ਖ਼ਵਾਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਜਣਾਇੰਦਾ। ਏਕਾ ਮੰਦਰ ਵਖਾਏ ਸਚ ਦੁਆਰਾ, ਹਰਿ ਸਰਨ ਸਰਨਾਈ ਆਪ ਸਮਝਾਇੰਦਾ। ਸ੍ਰਿਸ਼ਟ ਸਬਾਈ ਇਕ ਜੈਕਾਰਾ, ਏਕਾ ਨਾਮ ਆਪ ਪੜ੍ਹਾਇੰਦਾ। ਏਕਾ ਇਸ਼ਟ ਗੁਰਦੇਵ ਕਰੇ ਨਿਮਸਕਾਰਾ, ਏਕਾ ਸਜਦਾ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਧੁਰ ਫ਼ਰਮਾਣਾ ਅੰਤਮ ਵਾਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਪਿਛਲਾ ਲਹਿਣਾ ਚੁੱਕੇ ਵਿਚ ਸੰਸਾਰ, ਲੋਕਮਾਤ ਰਹਿਣ ਨਾ ਪਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਪੁਰਖ ਅਕਾਲ ਏਕਾ ਆਈਆ। ਭਗਤ ਭਗਵੰਤ ਲਏ ਉਠਾਲ, ਸਾਚੇ ਮੰਦਰ ਲਏ ਬਹਾਈਆ। ਸੰਤ ਸੁਹੇਲੇ ਵੇਖੇ ਲਾਲ, ਲਾਲ ਅਨਮੁਲੜੇ ਆਪਣੀ ਗੋਦ ਉਠਾਈਆ। ਗੁਰਮੁਖਾਂ ਬਣੇ ਆਪ ਦਲਾਲ, ਦੋ ਜਹਾਨਾਂ ਸੇਵ ਕਮਾਈਆ। ਗੁਰਸਿਖਾਂ ਨਾਤਾ ਤੋੜ ਕਾਲ ਮਹਾਕਾਲ, ਏਕਾ ਨਾਮ ਬੰਧਨ ਪਾਈਆ। ਮਾਰਗ ਦੱਸ ਇਕ ਸੁਖਾਲ, ਲੱਖ ਚੁਰਾਸੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਧੁਰ ਫ਼ਰਮਾਣਾ ਆਪ ਵਰਤਾਈਆ। ਧੁਰ ਫ਼ਰਮਾਣਾ ਅੰਤਮ ਕਲ, ਹਰਿ ਕਰਤਾ ਆਪ ਵਰਤਾਇੰਦਾ। ਸਚ ਸਿੰਘਾਸਣ ਏਕਾ ਮੱਲ, ਲੋਕਮਾਤ ਖੇਲ ਕਰਾਇੰਦਾ। ਸ਼ਬਦੀ ਜੋਤੀ ਆਪੇ ਰਲ, ਗੋਬਿੰਦ ਮਹੱਲ ਸੁਹਾਇੰਦਾ। ਸੰਬਲ ਡੇਰਾ ਧਾਮ ਅਬਚਲ, ਭੇਵ ਕੋਇ ਨਾ ਪਾਇੰਦਾ। ਵਸਣਹਾਰਾ ਜਲ ਥਲ, ਮਹੀਅਲ ਆਪਣਾ ਰੂਪ ਸਮਾਇੰਦਾ। ਸਚ ਸੰਦੇਸ਼ਾ ਏਕਾ ਘੱਲ, ਗੁਰ ਅਵਤਾਰ ਲੇਖਾ ਲੇਖੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਵਿਚ ਜਹਾਨ, ਹਰਿ ਜੂ ਹਰਿ ਹਰਿ ਆਪ ਲਗਾਈਆ। ਸਚਖੰਡ ਦਾ ਸਤਿ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਈਆ। ਨੌਂ ਖੰਡ ਪ੍ਰਿਥਮੀ ਮੰਨੇ ਆਣ, ਰਾਜ ਰਾਜਾਨ ਕੋਇ ਰਹਿਣ ਨਾ ਪਾਈਆ। ਤਖ਼ਤ ਨਿਵਾਸੀ ਇਕ ਭਗਵਾਨ, ਸਾਚੇ ਤਖ਼ਤ ਸੋਭਾ ਪਾਈਆ। ਹੁਕਮੀ ਹੁਕਮ ਕਰੇ ਹੁਕਮਰਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਲੱਖ ਚੁਰਾਸੀ ਮੰਨੇ ਆਣ, ਅੰਡਜ ਜੇਰਜ ਉਤਭੁਜ ਸੇਤਜ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਚੁੱਕੇ ਕਾਣ, ਅੰਤ ਲੇਖਾ ਦਏ ਚੁਕਾਈਆ। ਸਾਚੇ ਗੁਰਮੁਖ ਕਰ ਪਰਧਾਨ, ਘਰ ਘਰ ਏਕਾ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਦੋ ਜਹਾਨਾਂ ਕਰੇ ਆਪ ਸਫ਼ਾਈਆ। ਕਰੇ ਸਫ਼ਾਈ ਸਿਫ਼ਤ ਸਲਾਹ, ਦੂਜਾ ਸੰਗ ਨਾ ਕੋਇ ਰਖਾਇੰਦਾ। ਆਦਿ ਜੁਗਾਦੀ ਇਕ ਮਲਾਹ, ਜੁਗ ਜੁਗ ਬੇੜਾ ਮਾਤ ਚਲਾਇੰਦਾ। ਸਤਿਜੁਗ ਤਰੇਤਾ ਦੁਆਪਰ ਪਾਰ ਕਰਾ, ਕਲਜੁਗ ਅੰਤਮ ਪੰਧ ਮੁਕਾਇੰਦਾ। ਚਾਰ ਵਰਨਾਂ ਡੇਰਾ ਢਾਹ, ਏਕਾ ਬ੍ਰਹਮ ਵਖਾਇੰਦਾ। ਗ਼ਰੀਬ ਨਿਮਾਣੇ ਆਪ ਉਠਾ, ਰਾਜ ਰਾਜਾਨਾਂ ਖ਼ਾਕ ਮਿਲਾਇੰਦਾ। ਊਚ ਨੀਚ ਬਹਾਏ ਏਕਾ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਏਕਾ ਅੰਮ੍ਰਿਤ ਆਤਮ ਜਾਮ ਦਏ ਪਿਆ, ਅਠਸਠ ਤੀਰਥ ਨਹਾਵਣ ਕੋਇ ਨਾ ਜਾਇੰਦਾ। ਗ੍ਰਹਿ ਮੰਦਰ ਅੰਦਰ ਸ਼ਬਦ ਅਨਾਦੀ ਦਏ ਸੁਣਾ, ਛੱਤੀ ਰਾਗ ਭੇਵ ਚੁਕਾਇੰਦਾ। ਘਟ ਮੰਦਰ ਦੀਪਕ ਜੋਤੀ ਦਏ ਜਗਾ, ਹਵਨ ਦੀਪ ਨਾ ਕੋਇ ਕਰਾਇੰਦਾ। ਸਚ ਮਹੱਲਾ ਦਏ ਵਸਾ, ਕਾਇਆ ਖੇੜਾ ਡੇਰਾ ਲਾਇੰਦਾ। ਉਚ ਅਟੱਲਾ ਸੋਭਾ ਪਾ, ਸੁਹਬਤ ਆਪਣੀ ਆਪ ਸਮਝਾਇੰਦਾ। ਦੋ ਜਹਾਨਾਂ ਨੌਬਤ ਦਏ ਵਜਾ, ਨਾਮ ਡੰਕਾ ਹੱਥ ਰਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਬਦਲਾ, ਸੁਰਪਤ ਇੰਦ ਰਹਿਣ ਨਾ ਪਾਇੰਦਾ। ਰਵ ਸਸ ਕਿਰਨ ਕਿਰਨ ਜੋਤੀ ਜੋਤ ਲਏ ਮਿਲਾ, ਜੋਤੀ ਜਾਤਾ ਜੋਤ ਪਰਗਟਾਇੰਦਾ। ਗੁਰਸਿਖ ਸਾਚੇ ਲਏ ਵਡਿਆ, ਵਡ ਵੱਡਾ ਦਇਆ ਕਮਾਇੰਦਾ। ਬ੍ਰਹਮਾ ਪਾਰਬ੍ਰਹਮ ਆਪਣੇ ਵਿਚ ਮਿਲਾ, ਲੇਖਾ ਲੇਖੇ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਭ ਦਾ ਲੇਖਾ ਆਪ ਚੁਕਾਇੰਦਾ। ਸਭ ਦਾ ਲੇਖਾ ਆਪ ਚੁਕੌਣਾ, ਦੂਸਰ ਸੰਗ ਨਾ ਕੋਇ ਰਖਾਈਆ। ਨਾਮ ਖੰਡਾਂ ਵਿਚ ਬ੍ਰਹਿਮੰਡਾਂ ਆਪ ਚਮਕੌਣਾ, ਨੇਤਰ ਪਰਚੰਡ ਆਪ ਪਰਗਟਾਈਆ। ਗੋਬਿੰਦ ਸੰਗ ਆਪ ਨਿਭੌਣਾ, ਪ੍ਰਿਥਮੀ ਆਕਾਸ਼ ਫੇਰਾ ਪੌਣਾ, ਗਗਨ ਮੰਡਲ ਚਰਨਾਂ ਹੇਠ ਦਬੌਣਾ, ਬ੍ਰਹਮ ਬ੍ਰਹਿਮਾਂਡ ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਢੋਲਾ ਸਭ ਨੇ ਗੌਣਾ, ਸ਼ਬਦ ਵਿਚੋਲਾ ਗੁਰ ਅਖਵੌਣਾ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਨੌਂ ਖੰਡ ਪ੍ਰਿਥਮੀ ਰੌਲਾ ਪੌਣਾ, ਸੱਤਾਂ ਦੀਪਾਂ ਧੀਰ ਨਾ ਕੋਇ ਧਰੌਣਾ, ਭਰਮੇ ਭੁੱਲੀ ਸਰਬ ਲੋਕਾਈਆ। ਪੁਰਖ ਅਬਿਨਾਸ਼ੀ ਵੇਸ ਵਟੌਣਾ, ਨਿਹਕਲੰਕਾ ਨਾਉਂ ਰਖੌਣਾ, ਸੰਬਲ ਆਪਣਾ ਡੇਰਾ ਲਾਈਆ। ਗੁਰਮੁਖ ਵਿਰਲਾ ਆਪ ਜਗੌਣਾ, ਆਤਮ ਅੰਤਰ ਬੂਝ ਬੁਝੌਣਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਰੰਗਾਈਆ। ਸ਼ਬਦ ਅਨਾਦੀ ਨਾਦ ਵਜੌਣਾ, ਬ੍ਰਹਮ ਬ੍ਰਹਿਮਾਦੀ ਭੇਵ ਖੁਲੌਣਾ, ਅਨਭਵ ਆਪਣਾ ਰੂਪ ਦਰਸਾਈਆ। ਸਾਚੇ ਤਖ਼ਤ ਡੇਰਾ ਲੌਣਾ, ਸ਼ਾਹ ਪਾਤਸ਼ਾਹ ਨਾਉਂ ਧਰੌਣਾ, ਸ਼ਹਿਨਸ਼ਾਹੀ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧੁਰ ਫ਼ਰਮਾਣਾ, ਧੁਰ ਦਾ ਰਾਣਾ ਧੁਰ ਦੀ ਧਾਰ ਵਿਚ ਸੰਸਾਰ ਵਡ ਸੰਸਾਰੀ ਆਪ ਵਰਤਾਈਆ। ਜਨਮ ਜਨਮ ਦਾ ਚੁੱਕੇ ਫ਼ਰਕ, ਫ਼ਿਕਰਾ ਏਕਾ ਹਰਿ ਜਣਾਈਆ। ਨਾਤਾ ਤੁਟੇ ਅਠਾਰਾਂ ਦਸ ਅਠਾਈ ਨਰਕ, ਕਲਜੁਗ ਅੰਤ ਰਹਿਣ ਨਾ ਪਾਈਆ। ਮਾਣਸ ਵਿਚੋਂ ਮਾਣਸ ਆਇਆ ਪਰਤ, ਪ੍ਰਤੀਨਿਧ ਦਏ ਵਡਿਆਈਆ। ਲੱਖ ਚੁਰਾਸੀ ਵਿਚੋਂ ਕੱਢਿਆ ਅਰਕ, ਗੁਰਸਿਖ ਏਕਾ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਦਏ ਮਿਟਾਈਆ। ਪੂਰਬ ਲਹਿਣਾ ਕੁੰਡਲੀ ਬਾਰਾਂ ਰਾਸੀ, ਹਰਿ ਜੂ ਹਰਿ ਹਰਿ ਵੇਖ ਵਖਾਇੰਦਾ। ਪਿਛਲੇ ਜਨਮ ਜਨਮ ਉਦਾਸੀ, ਮਨ ਕਾ ਮੋਹ ਨਾ ਕੋਇ ਚੁਕਾਇੰਦਾ। ਮਰੇ ਮਰੇ ਮਰ ਜੰਮੇ ਰਾਏ ਧਰਮ ਦਏ ਫ਼ਾਸੀ, ਜਮ ਫ਼ਾਸ ਨਾ ਕੋਇ ਕਟਾਇੰਦਾ। ਦੇਵਤ ਸੁਰ ਮੁਨ ਜਨ ਕਰਨ ਹਾਸੀ, ਮਾਨੁਖ ਮਾਣਸ ਆਪਣਾ ਆਪ ਨਾ ਕੋਇ ਬਦਲਾਇੰਦਾ। ਵੇਲੇ ਅੰਤ ਸਤਿਗੁਰ ਪੂਰਾ ਮਿਲੇ ਕਿਸੇ ਨਾ ਸਾਥੀ, ਖ਼ਾਲੀ ਹੱਥ ਸਰਬ ਫਿਰਾਇੰਦਾ। ਚਿਤਰ ਗੁਪਤ ਲਹਿਣਾ ਦੇਣਾ ਵਖਾਏ ਬਾਕੀ, ਲਿਖ ਲਿਖ ਲੇਖ ਅੱਗੇ ਟਿਕਾਇੰਦਾ। ਰਾਏ ਧਰਮ ਖੋਲ੍ਹ ਤਾਕੀ, ਕੁੰਭੀ ਰਾਹ ਇਕ ਜਣਾਇੰਦਾ। ਬਿਨ ਸਤਿਗੁਰ ਪੂਰੇ ਵੇਲੇ ਅੰਤ ਕੋਈ ਨਾ ਚਾੜ੍ਹੇ ਫੜ ਕੇ ਘਾਟੀ, ਪਾਰ ਕਿਨਾਰਾ ਨਾ ਕੋਇ ਕਰਾਇੰਦਾ। ਕੋਟਨ ਵਾਰ ਕਾਇਆ ਚੋਲੀ ਲੋਕਮਾਤ ਪਾਟੀ, ਚੋਲਾ ਚੋਲੇ ਨਾਲ ਬਦਲਾਇੰਦਾ। ਜੋ ਜਨ ਸਤਿਗੁਰ ਸੁਣੇ ਸਾਚੀ ਸਾਖ਼ੀ, ਸਾਖ਼ਯਾਤ ਦਰਸ਼ਨ ਪਾਇੰਦਾ। ਤਿਸ ਮਿਟੇ ਅੰਧੇਰੀ ਰਾਤੀ, ਨੇਤਰ ਨੈਣ ਚੰਦ ਚਮਕਾਇੰਦਾ। ਡੂੰਘੀ ਨਰਕ ਨਾ ਸੁੱਟੇ ਕੋਈ ਖਾਤੀ, ਹਰਿ ਜੂ ਆਪਣਾ ਖ਼ਾਤਾ ਆਪ ਰਖਾਇੰਦਾ। ਵੇਲਾ ਅੰਤਮ ਪੁੱਛੇ ਵਾਤੀ, ਜਮ ਨੇੜ ਕੋਇ ਨਾ ਆਇੰਦਾ। ਜੋ ਜਨ ਸਤਿਗੁਰ ਵਿਕੇ ਸਾਚੀ ਹਾਟੀ, ਕਰਤਾ ਕੀਮਤ ਆਪੇ ਪਾਇੰਦਾ। ਪੂਰਬ ਜਨਮ ਦੀ ਕੁੰਡਲੀ ਪਾਟੀ, ਰਾਸੀ ਆਪਣੇ ਹੱਥ ਰਖਾਇੰਦਾ। ਸੋ ਗੁਰਸਿਖ ਗੁਰਸਿਖਾਂ ਦਾ ਬਣ ਜਾਏ ਸਾਥੀ, ਨਰਕ ਵਿਚ ਕਦੇ ਨਾ ਜਾਇੰਦਾ। ਰਾਏ ਧਰਮ ਨਾ ਰਹੇ ਆਕੀ, ਗੁਰਸਿਖ ਚਰਨਾਂ ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੁੰਭੀ ਨਰਕ ਪਾਰ ਕਰਾਇੰਦਾ। ਕੁੰਭੀ ਨਰਕ ਜਾਏ ਛੁਟ, ਗੇੜਾ ਗੇੜ ਨਾ ਕੋਇ ਰਖਾਈਆ। ਜਿਸ ਜਨ ਸਤਿਗੁਰ ਪੂਰਾ ਜਾਏ ਤੁਠ, ਤਿਸ ਰਾਏ ਧਰਮ ਨਾ ਦਏ ਸਜ਼ਾਈਆ। ਏਕਾ ਅੰਮ੍ਰਿਤ ਪਿਆਏ ਸਾਚਾ ਘੁਟ, ਨਿਝਰ ਝਿਰਨਾ ਆਪ ਝਿਰਾਈਆ। ਗੁਰਸਿਖ ਅੰਤਮ ਏਥੋਂ ਜਾਣਾ ਉਠ, ਸਚਖੰਡ ਮਿਲੇ ਵਡਿਆਈਆ। ਆਪ ਉਠਾਏ ਆਹਲਣਿਉਂ ਡਿੱਗੇ ਬੋਟ, ਸਮਰਥ ਪੁਰਖ ਦਇਆ ਕਮਾਈਆ। ਕਰ ਕਿਰਪਾ ਜੁਗ ਜਨਮ ਦੀ ਕੱਢੇ ਵਾਸਨਾ ਖੋਟ, ਆਤਮ ਪਰਮਾਤਮ ਲਏ ਮਿਲਾਈਆ। ਮੇਲ ਮਿਲਾਵਾ ਨਿਰਮਲ ਜੋਤ, ਮਿਲਿਆ ਮੇਲ ਵਿਛੜ ਨਾ ਜਾਈਆ। ਗੁਰਸਿਖਾਂ ਕਲਜੁਗ ਅੰਤ ਸਤਿਗੁਰ ਪੂਰੇ ਇਕੋ ਕੀਤੀ ਛੋਟ, ਬਿਨ ਪੂਜਾ ਪਾਠ, ਬਿਨ ਪੜ੍ਹਿਆਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਮਰਨ ਮਰਨ ਜਨਮ ਫੰਦਨ ਫੰਦ ਦਏ ਕਟਾਈਆ।
