੧੬ ਚੇਤ ੨੦੧੯ ਬਿਕ੍ਰਮੀ ਸੁਰਜਨ ਸਿੰਘ ਦੇ ਗ੍ਰਹਿ ਪਿੰਡ ਭੁੱਚਰ ਜ਼ਿਲਾ ਅੰਮ੍ਰਿਤਸਰ
ਸਤਿਗੁਰ ਪੂਰਾ ਹਰਿ ਸਰਬੰਗ, ਜਨ ਭਗਤਾਂ ਦਇਆ ਕਮਾਇੰਦਾ। ਸਾਚੇ ਸੰਤਾਂ ਦੇਵੇ ਇਕ ਅਨੰਦ, ਅਨੰਦ ਆਪਣਾ ਰਸ ਚਖਾਇੰਦਾ। ਗੁਰਮੁਖਾਂ ਸੇਜ ਸੁਹਾਏ ਇਕ ਪਲੰਘ, ਆਤਮ ਸੇਜਾ ਸੋਭਾ ਪਾਇੰਦਾ। ਜਨ ਭਗਤਾਂ ਸਾਚੇ ਮੰਦਰ ਵਜਾਏ ਮਰਦੰਗ, ਨਾਮ ਮਰਦੰਗਾ ਹੱਥ ਉਠਾਇੰਦਾ। ਦੋ ਜਹਾਨਾਂ ਮੇਟੇ ਪੰਧ, ਪਾਂਧੀ ਆਪਣਾ ਪੰਧ ਮੁਕਾਇੰਦਾ। ਨਿਰਗੁਣ ਸਰਗੁਣ ਸੁਣਾਏ ਛੰਦ, ਗੀਤ ਗੋਬਿੰਦ ਆਪੇ ਗਾਇੰਦਾ। ਜਨਮ ਜਨਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸੁਆਮੀ ਆਪਣਾ ਬੰਧਨ ਪਾਇੰਦਾ। ਕਰੇ ਪਰਕਾਸ਼ ਸਾਚਾ ਚੰਦ, ਨੂਰ ਨੁਰਾਨਾ ਨੂਰ ਧਰਾਇੰਦਾ। ਜਗਤ ਵਿਕਾਰਾ ਖੰਡ ਖੰਡ, ਨਾਮ ਖੰਡਾ ਇਕ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਵੇਖ ਵਖਾਇੰਦਾ। ਭਗਤਨ ਮੇਲਾ ਆਦਿ ਜੁਗਾਦਿ, ਹਰਿ ਭਗਵਨ ਆਪ ਕਰਾਈਆ। ਸਾਚੇ ਸੰਤਾਂ ਦੇਵੇ ਦਾਦ, ਸਾਚੀ ਵਸਤ ਆਪਣੇ ਹੱਥ ਰਖਾਈਆ। ਗੁਰਮੁਖ ਸੱਜਣ ਲੱਖ ਚੁਰਾਸੀ ਵਿਚੋਂ ਲਾਧ, ਨਿਰਗੁਣ ਸਰਗੁਣ ਜੋੜ ਜੁੜਾਈਆ। ਗੁਰਸਿਖ ਮਾਰੇ ਇਕ ਅਵਾਜ਼, ਬਿਨ ਰਸਨਾ ਜਿਹਵਾ ਆਪ ਸੁਣਾਈਆ। ਲੇਖਾ ਜਾਣੇ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਗਲੇ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਸਾਜਣ ਸਾਜ, ਜੁਗ ਜੁਗ ਆਪਣਾ ਭੇਵ ਚੁਕਾਈਆ। ਤ੍ਰੈਗੁਣ ਆਪਣਾ ਰਚ ਰਚ ਕਾਜ਼, ਨੌਂ ਖੰਡ ਪ੍ਰਿਥਮੀ ਵੇਖੇ ਥਾਉਂ ਥਾਈਂਆ। ਲੱਖ ਚੁਰਾਸੀ ਆਪ ਚਲਾਏ ਜਹਾਜ਼, ਸਾਚਾ ਬੇੜਾ ਆਪਣੇ ਕੰਧ ਉਠਾਈਆ । ਗੁਰਸਿਖ ਵਿਰਲੇ ਰੱਖੇ ਲਾਜ, ਜਿਸ ਜਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਭਗਤ ਭਗਵੰਤ, ਆਪਣੀ ਧਾਰ ਚਲਾਇੰਦਾ। ਲੇਖਾ ਜਾਣੇ ਸਾਚੇ ਸੰਤ, ਹਰਿ ਸੱਜਣ ਦਇਆ ਕਮਾਇੰਦਾ। ਗੁਰਮੁਖ ਮਹਿਮਾ ਗਾਏ ਅਗਣਤ, ਅਗਣਤ ਕਲ ਆਪਣੀ ਖੇਲ ਵਖਾਇੰਦਾ। ਗੁਰਸਿਖਾਂ ਦੇਵੇ ਏਕਾ ਮੰਤ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਮਾਨਸ ਜਨਮ ਬਣਾਏ ਬਣਤ, ਆਪ ਆਪਣੀ ਬੂਝ ਬੁਝਾਇੰਦਾ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਵੇਖ ਵਖਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਚਾਰ ਵੇਦ ਅੰਤ ਕਿਸੇ ਨਾ ਆਇੰਦਾ। ਲੇਖਾ ਜਾਣੇ ਖਾਣੀ ਬਾਣੀ ਉਤਭੁਜ ਸੇਤਜ ਜੇਰਜ ਅੰਡਤ, ਘਟ ਘਟ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਧੁਰਦਰਗਾਹੀ ਸਾਚਾ ਮੰਤਰ ਸਾਚੇ ਭਗਤਾਂ ਆਪ ਸੁਣਾਇੰਦਾ। ਸਾਚਾ ਮੰਤਰ ਸਾਚਾ ਨਾਦ, ਅਨਾਦੀ ਆਪ ਜਣਾਈਆ। ਵੇਖਣਹਾਰਾ ਬ੍ਰਹਮ ਬ੍ਰਹਿਮਾਦ, ਆਪਣੀ ਖੋਜ ਆਪੇ ਖੋਜ ਖੁਜਾਈਆ । ਲੱਖ ਚੁਰਾਸੀ ਸਾਜਣ ਸਾਜ, ਘਰ ਘਰ ਵਸੇ ਸੱਚਾ ਮਾਹੀਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਦੋ ਜਹਾਨ ਸ੍ਰੀ ਭਗਵਾਨ ਰੱਖੇ ਲਾਜ, ਲਾਜਾਵੰਤ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਹੋਏ ਸਹਾਈਆ। ਗੁਰਸਿਖ ਸੱਚੇ ਦਇਆਵਾਨ, ਦੀਨਨ ਆਪਣੀ ਦਇਆ ਕਮਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਭੇਵ ਅਭੇਦ ਆਪਣੇ ਹੱਥ ਰਖਾਇੰਦਾ। ਕਲਜੁਗ ਤ੍ਰੇਤਾ ਦੁਆਪਰ ਸਤਿਜੁਗ ਆਪੇ ਵੇਖੇ ਆਣ, ਜੁਗ ਜੁਗ ਆਪਣਾ ਰੂਪ ਵਟਾਇੰਦਾ। ਨੌਂ ਖੰਡ ਪ੍ਰਿਥਮੀ ਦੇਵੇ ਨਾਮ ਨਿਧਾਨ, ਖਾਣੀ ਬਾਣੀ ਆਪਣਾ ਰਾਹ ਚਲਾਇੰਦਾ। ਵੇਦ ਪੁਰਾਨ ਜਗਤ ਨਿਸ਼ਾਨ, ਅੰਜੀਲ ਕੁਰਾਨ ਸਚ ਨਿਸ਼ਾਨਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਜੀਵ ਜੰਤ ਆਪ ਸਮਝਾਇੰਦਾ। ਜੀਵ ਜੰਤ ਸੰਤ ਸਾਧ, ਹਰਿ ਸਤਿਗੁਰ ਦਇਆ ਕਮਾਈਆ। ਸ਼ਬਦ ਅਗੰਮੀ ਦੇਵੇ ਦਾਦ, ਜੁਗ ਜੁਗ ਆਪਣੀ ਆਪ ਵਰਤਾਈਆ। ਨਿਰਗੁਣ ਸਰਗੁਣ ਚਲਾਏ ਜਹਾਜ਼, ਸਾਚਾ ਚੱਪੂ ਨਾਮ ਲਗਾਈਆ। ਸ਼ਾਹੋ ਭੂਪ ਰਾਜਨ ਰਾਜ, ਹੁਕਮੀ ਹੁਕਮ ਧੁਰ ਫ਼ਰਮਾਣਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਤਾ ਪੁਰਖ ਬੇਪਰਵਾਹ ਆਦਿ ਜੁਗਾਦੀ ਸਿਫ਼ਤ ਸਲਾਹ, ਸਲਾਹਗੀਰ ਗੁਰ ਅਵਤਾਰ ਪੀਰ ਪੈਗ਼ੰਬਰ ਨਾਲ ਮਿਲਾਈਆ। ਪੀਰ ਪੈਗ਼ੰਬਰ ਸ਼ਬਦ ਸਲਾਹ, ਜੁਗ ਜੁਗ ਆਪ ਜਣਾਇੰਦਾ। ਗੁਰ ਅਵਤਾਰ ਨਾਲ ਮਿਲਾ, ਜੋਤੀ ਜਾਤਾ ਡਗਮਗਾਇੰਦਾ। ਰਹਿਬਰ ਬਣ ਆਪ ਖ਼ੁਦਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਘਰ ਘਰ ਨਾਅਰਾ ਦਏ ਲਗਾ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਜੁਗ ਜੁਗ ਵੇਸ ਆਪ ਵਟਾ, ਪੰਜ ਤੱਤ ਚੋਲਾ ਆਪ ਹੰਢਾਇੰਦਾ। ਲਿਖ ਲਿਖ ਲੇਖਾ ਦਏ ਸਮਝਾ, ਖਾਣੀ ਬਾਣੀ ਰਾਹ ਚਲਾਇੰਦਾ। ਅੰਤਮ ਸਭ ਦਾ ਪੰਧ ਦਏ ਮੁਕਾ, ਲੋਕਮਾਤ ਰਹਿਣ ਕੋਇ ਨਾ ਪਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਇਕੋ ਓਟ ਗਏ ਤਕਾ, ਬਿਨ ਪੁਰਖ ਅਕਾਲ ਸਿਰ ਹੱਥ ਨਾ ਕੋਇ ਟਿਕਾਇੰਦਾ। ਹਰਿ ਕਾ ਢੋਲਾ ਗਏ ਗਾ, ਕਾਇਆ ਚੋਲਾ ਸਰਬ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਜਗਤ ਬਸੰਤਰ ਆਪ ਬੁਝਾਇੰਦਾ। ਜਗਤ ਬਸੰਤਰ ਬੁਝੇ ਅੱਗ, ਅਗਨੀ ਤੱਤ ਰਹਿਣ ਨਾ ਪਾਈਆ। ਕਿਰਪਾ ਕਰੇ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਸਰਗੁਣ ਹੋ ਪਰਗਟ, ਪਰਮ ਪੁਰਖ ਵੇਸ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਚਲਾਇਆ ਹੱਟ, ਬਣ ਹਟਵਾਣਾ ਸੇਵ ਕਮਾਈਆ। ਕਲਜੁਗ ਅੰਤਮ ਕਰੇ ਖੇਲ ਪੁਰਖ ਸਮਰਥ, ਪਾਰਬ੍ਰਹਮ ਬੇਪਰਵਾਹੀਆ। ਨਿਰਗੁਣ ਨਿਰਾਕਾਰ ਅਜੂਨੀ ਰਹਿਤ ਪੁਰਖ ਅਕਾਲ ਦੀਨ ਦਿਆਲ ਆਪਣਾ ਨੂਰ ਕਰ ਪਰਕਾਸ਼, ਜੋਤੀ ਜੋਤ ਜੋਤ ਨੂਰ ਰੁਸ਼ਨਾਈਆ। ਜਨ ਭਗਤਾਂ ਹੋਵੇ ਦਾਸੀ ਦਾਸ, ਗੁਰਮੁਖਾਂ ਬਣ ਸੇਵਕ ਸੇਵ ਕਮਾਈਆ। ਜਨਮ ਜਨਮ ਦੀ ਪੂਰੀ ਕਰੇ ਆਸ, ਪੂਰਬ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਰੂਪ ਆਪ ਵਟਾਈਆ। ਕਲਜੁਗ ਅੰਤਮ ਰੂਪ ਅਵੱਲਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਵਸਣਹਾਰਾ ਸਚਖੰਡ ਸਚ ਮਹੱਲਾ, ਲੋਕਮਾਤ ਫੇਰਾ ਪਾਇੰਦਾ। ਪਾਵੇ ਸਾਰ ਜਲਾਂ ਥਲਾਂ, ਜਲ ਥਲ ਮਹੀਅਲ ਆਪਣੀ ਧਾਰ ਵਖਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਨੂਰ ਨੂਰ ਵਿਚ ਟਿਕਾਇੰਦਾ। ਕਲਜੁਗ ਅੰਤਮ ਗੁਰਮੁਖਾਂ ਫੜਾਏ ਆਪਣਾ ਪੱਲਾ, ਸ਼ਬਦੀ ਡੋਰ ਨਾਲ ਬੰਧਾਇੰਦਾ। ਦੂਈ ਦਵੈਤੀ ਮੇਟੇ ਸੱਲਾ, ਮਾਇਆ ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਆਪਣੇ ਰੰਗ ਰੰਗਾਇੰਦਾ। ਹਰਿਜਨ ਰੰਗੇ ਸਾਚਾ ਲਾਲ, ਲਾਲਨ ਆਪਣੀ ਦਇਆ ਕਮਾਈਆ। ਗੁਰਮੁਖ ਉਠਾਏ ਅਞਾਣੇ ਬਾਲ, ਬਾਲੀ ਬੁੱਧ ਦਏ ਸਮਝਾਈਆ। ਚਰਨ ਕਵਲ ਵਖਾਏ ਸੱਚੀ ਧਰਮਸਾਲ, ਗ੍ਰਹਿ ਮੰਦਰ ਸੋਭਾ ਪਾਈਆ। ਸਦਾ ਸਹਾਈ ਚਲੇ ਨਾਲ ਨਾਲ, ਵਿਛੜ ਕਦੇ ਨਾ ਜਾਈਆ। ਆਤਮ ਅੰਤਰ ਵੱਜੇ ਤਾਲ, ਧੁੰਨ ਅਨਾਦੀ ਅਨਹਦ ਰਾਗ ਅਲਾਈਆ। ਦੀਆ ਬਾਤੀ ਏਕਾ ਬਾਲ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਨਾਤਾ ਤੋੜ ਸ਼ਾਹ ਕੰਗਾਲ, ਊਚ ਨੀਚ ਡੇਰਾ ਢਾਹੀਆ। ਏਕਾ ਮਾਰਗ ਦਏ ਵਖਾਲ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰਾਹ ਚਲਾਈਆ। ਏਕਾ ਨਾਮ ਦਏ ਸਖਾਲ, ਸਾਚੀ ਸਿਖਿਆ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਆਪਣੇ ਸੰਗ ਮਿਲਾਈਆ। ਹਰਿਜਨ ਮੇਲਾ ਸਗਲਾ ਸਾਥਾ, ਹਰਿ ਜੂ ਆਪਣੀ ਦਇਆ ਕਮਾਇੰਦਾ। ਖੇਲੇ ਖੇਲ ਤ੍ਰੈਲੋਕੀ ਨਾਥਾ, ਤ੍ਰੈਲੋਕੀ ਨੰਦਨ ਭੇਵ ਚੁਕਾਇੰਦਾ। ਭਗਤ ਭਗਵੰਤ ਲਹਿਣਾ ਦੇਣਾ ਜਾਣੇ ਮਸਤਕ ਮਾਥਾ, ਪੂਰਬ ਲੇਖਾ ਆਪਣੇ ਹੱਥ ਰਖਾਇੰਦਾ। ਗੁਰਸਿਖ ਵੇਖੇ ਜਨਮ ਜਨਮ ਦਾ ਘਾਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਅਮੋਲਕ ਆਪ ਵਰਤਾਇੰਦਾ। ਵਸਤ ਅਮੋਲਕ ਨਾਮ ਧਨ, ਸਤਿਗੁਰ ਪੂਰਾ ਆਪ ਵਰਤਾਈਆ। ਵੇਖ ਵਖਾਏ ਜਨਨੀ ਜਨ, ਹਰਿ ਵੱਡਾ ਬੇਪਰਵਾਹੀਆ। ਗੁਰਸਿਖ ਭਾਗ ਲਗਾਏ ਕਾਇਆ ਤਨ, ਪੰਚਮ ਤੱਤ ਤੱਤ ਵਡਿਆਈਆ। ਏਕਾ ਰਾਗ ਸੁਣਾਏ ਕੰਨ, ਅਨਰਾਗੀ ਆਪ ਅਲਾਈਆ। ਮਨ ਵਾਸਨਾ ਕੱਢੇ ਮਨ, ਮਨ ਮਮਤਾ ਦਏ ਚੁਕਾਈਆ। ਕਰੇ ਪਰਕਾਸ਼ ਨੇਤਰ ਅੰਨ, ਅੰਧ ਅੰਧੇਰ ਦਏ ਗਵਾਈਆ। ਨਜ਼ਰੀ ਆਏ ਸ੍ਰੀ ਭਗਵਾਨ, ਮਹਾਰਾਜ ਸ਼ੇਰ ਸਿੰਘ ਹੋਏ ਸਹਾਈਆ। ਸੋਹੰ ਨਾਅਰਾ ਸਤਿ ਜੈਕਾਰਾ ਆਪ ਸੁਣਾਏ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਏਕਾ ਨਾਦ ਸੁਣਾਈਆ। ਕੂੜ ਕੁੜਿਆਰਾ ਦੇਵੇ ਡੰਨ, ਜੂਠ ਝੂਠ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਵਿਰਲੇ ਲਏ ਤਰਾਈਆ। ਗੁਰਮੁਖ ਤਾਰੇ ਆਪ ਪ੍ਰਭ, ਲੱਖ ਚੁਰਾਸੀ ਫੋਲ ਫੋਲਾਇੰਦਾ। ਲੱਖ ਚੁਰਾਸੀ ਵਿਚੋਂ ਲੱਭ, ਆਪਣਾ ਮੇਲ ਮਿਲਾਇੰਦਾ। ਲੇਖਾ ਜਾਣੇ ਸਾਚੀ ਯੱਦ, ਸਾਚਾ ਬੰਸ ਆਪ ਵਡਿਆਇੰਦਾ। ਵੇਖਣਹਾਰਾ ਆਰ ਪਾਰ ਕਿਨਾਰਾ ਹੱਦ, ਸਾਚੇ ਪੱਤਣ ਆਪਣਾ ਡੇਰਾ ਲਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਕਲਜੁਗ ਅੰਤ ਸ੍ਰੀ ਭਗਵੰਤ ਚਰਨ ਦੁਆਰੇ ਆਪੇ ਸੱਦ, ਏਕਾ ਸੱਦਾ ਨਾਮ ਰਖਾਇੰਦਾ। ਅੰਮ੍ਰਿਤ ਰਸ ਆਤਮ ਪਿਆਏ ਸਾਚੀ ਮਦਿ, ਦਿਵਸ ਰੈਣ ਖ਼ੁਮਾਰ ਰਖਾਇੰਦਾ। ਜੀਵਾਂ ਜੰਤਾਂ ਨਾਲੋਂ ਕਰੇ ਅੱਡ, ਆਪ ਆਪਣਾ ਬੰਧਨ ਪਾਇੰਦਾ। ਨਾਤਾ ਤੁਟੇ ਅੰਧੇਰੀ ਖੱਡ, ਡੂੰਘੀ ਕੰਦਰ ਨਾ ਕੋਇ ਭੁਵਾਇੰਦਾ। ਗੁਰਸਿਖ ਗਾਏ ਸੋਹੰ ਛੰਦ, ਆਤਮ ਪਰਮਾਤਮ ਮੇਲ ਮਿਲਾਇੰਦਾ । ਨਿਝ ਆਤਮ ਦੇਵੇ ਨਿਜਾਨੰਦ, ਨਿਜ ਆਪਣਾ ਰਸ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨੇਹਕੰਲਕ ਨਰਾਇਣ ਨਰ, ਗੁਰਸਿਖ ਆਪਣੇ ਅੰਗ ਲਗਾਇੰਦਾ। ਗੁਰਸਿਖ ਅੰਗੀ ਅੰਗੀਕਾਰ, ਆਪਣੇ ਅੰਗਨ ਆਪ ਬਹਾਈਆ। ਨਾਮ ਸਰੰਗੀ ਸਚ ਸਿਤਾਰ, ਬਹੁਰੰਗੀ ਆਪ ਸੁਣਾਈਆ। ਵਰਭੰਡੀ ਖੇਲ ਕਰੇ ਅਪਾਰ, ਬ੍ਰਹਿਮੰਡੀ ਵੇਖੇ ਚਾਈਂ ਚਾਈਂਆ। ਲੱਖ ਚੁਰਾਸੀ ਨਾਰ ਰੰਡੀ ਰੋਵੇ ਜ਼ਾਰੋ ਜ਼ਾਰ, ਹਰਿ ਜੂ ਕੰਤ ਨਜ਼ਰ ਕਿਸੇ ਨਾ ਆਈਆ । ਭੇਖ ਪਖੰਡੀ ਕਰਨ ਖ਼ਵਾਰ, ਦਰ ਦਰ ਘਰ ਘਰ ਬੈਠੇ ਧੂਣੀਆਂ ਤਾਈਆ। ਵਾਸਨਾ ਮੰਦੀ ਜਗਤ ਦੁਆਰ, ਮੰਦਰ ਮਸਜਦ ਮੱਠ ਸਚ ਸੁਗੰਧੀ ਨਜ਼ਰ ਕੋਇ ਨਾ ਆਈਆ । ਪੁਰਖ ਅਬਿਨਾਸ਼ੀ ਕਿਰਪਾ ਨਿਧ ਠਾਕਰ ਸੁਆਮੀ ਸਾਚਾ ਬੰਦੀਖਾਨਾ ਕਰ ਤਿਆਰ, ਕਲਜੁਗ ਵੇਲੇ ਅੰਤ ਏਕਾ ਹੁਕਮ ਸੁਣਾਈਆ। ਚਾਰੋਂ ਕੁੰਟ ਹਾਹਾਕਾਰ, ਨਵ ਨੌਂ ਕਰੇ ਪੁਕਾਰ, ਸਤਿ ਸਤਿ ਨਾ ਕੋਇ ਅਧਾਰ, ਬ੍ਰਹਮ ਮਤ ਨਾ ਕੋਇ ਜਣਾਈਆ। ਪਰਗਟ ਹੋਵੇ ਆਪ ਨਿਰੰਕਾਰ, ਵੇਖੇ ਵਿਗਸੇ ਵੇਖਣਹਾਰ, ਗੁਰਮੁਖ ਸੱਜਣ ਲਏ ਉਭਾਰ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਦੇਵੇ ਮਾਣ ਵਡਿਆਈਆ। ਗੁਰਮੁਖ ਤੇਰਾ ਵੱਡਾ ਮਾਣਾ, ਹਰਿ ਸਤਿਗੁਰ ਆਪਣੇ ਘਰ ਰਖਾਇੰਦਾ। ਤੇਰਾ ਮਾਨਸ ਜਨਮ ਹੋਇਆ ਪਰਵਾਨਾ, ਪ੍ਰਭ ਜੂ ਆਪਣੇ ਲੇਖੇ ਪਾਇੰਦਾ। ਤੇਰਾ ਅੰਤਰ ਆਤਮ ਇਕੋ ਗਾਨਾ, ਸੋਹੰ ਅੱਖਰ ਆਪ ਪੜ੍ਹਾਇੰਦਾ। ਤੇਰਾ ਸੁਹੇਲਾ ਮਰਦ ਮਰਦਾਨਾ, ਪੁਰਖ ਅਬਿਨਾਸ਼ੀ ਏਕਾ ਮਰਦ ਰੂਪ ਵਟਾਇੰਦਾ। ਲੇਖਾ ਜਾਣੇ ਦੋ ਜਹਾਨਾਂ, ਦੋਏ ਦੋਏ ਆਪਣੀ ਖੇਲ ਚਲਾਇੰਦਾ। ਤਖ਼ਤ ਨਿਵਾਸੀ ਤਖ਼ਤੋ ਲਾਹੇ ਰਾਜਾ ਰਾਣਾ, ਸ਼ਾਹ ਸੁਲਤਾਨ ਸੀਸ ਤਾਜ ਨਾ ਕੋਇ ਟਿਕਾਇੰਦਾ। ਲੱਖ ਚੁਰਾਸੀ ਮੰਨਣਾ ਪੈਣਾ ਭਾਣਾ, ਸਦ ਭਾਣੇ ਵਿਚ ਰਖਾਇੰਦਾ। ਗੁਰਮੁਖ ਵਿਰਲਾ ਚਤੁਰ ਸੁਘੜ ਸੁਜਾਨਾ, ਜਿਸ ਜਨ ਆਪਣਾ ਭੇਵ ਖੁਲ੍ਹਾਇੰਦਾ। ਅੱਠੇ ਪਹਿਰ ਦਿਵਸ ਰੈਣ ਚਰਨ ਕਵਲ ਦਏ ਧਿਆਨਾ, ਨੇਤਰ ਨੈਣ ਇਕ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚਾ ਆਪ ਵਡਿਆਇੰਦਾ। ਗੁਰਸਿਖ ਵਡਿਆਈ ਤੇਰੀ ਜਗ, ਜਗ ਜੀਵਣ ਦਾਤਾ ਆਪ ਕਰਾਈਆ। ਤੇਰੀ ਬੁਝੇ ਤ੍ਰੈਗੁਣ ਅੱਗ, ਤੇਰੇ ਅੰਤਰ ਅੰਮ੍ਰਿਤ ਮੇਘ ਬਰਸਾਈਆ। ਮੇਲ ਮਿਲਾਵਾ ਉਪਰ ਸ਼ਾਹ ਰਗ, ਰਘੁਬੰਸ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਆਪਣਾ ਨੂਰ ਆਪਣੇ ਨਾਲ ਮਿਲਾਈਆ। ਪ੍ਰੇਮ ਪਿਆਰ ਸੱਚਾ ਸਵਾਗਤ, ਸਚਖੰਡ ਨਿਵਾਸੀ ਏਕਾ ਏਕ ਰਖਾਈਆ। ਜੁਗ ਜੁਗ ਪਹਿਲੋਂ ਗੁਰ ਅਵਤਾਰਾਂ ਪਾਈ ਆਦਤ, ਆਪਣਾ ਰਾਹ ਚਲਾਈਆ। ਬਿਨ ਰਸਨਾ ਜਿਹਵਾ ਦੱਸ ਦੱਸ ਇਬਾਦਤ, ਨਿਸ਼ਅੱਖਰ ਕਰ ਪੜ੍ਹਾਈਆ। ਲੋਕਮਾਤ ਨਿਰਗੁਣ ਸਰਗੁਣ ਨਿਰਗੁਣ ਕਰਦਾ ਗਿਆ ਸਿਫ਼ਾਰਸ, ਹਰਿ ਕਾ ਨਾਉਂ ਢੋਲਾ ਗਾਈਆ। ਗੁਰਸਿਖ ਤੇਰਾ ਮੇਰਾ ਇਕ ਤੁਆਰਫ਼, ਤਰਫ਼ ਬਤਰਫ਼ ਵੰਡ ਨਾ ਕੋਇ ਵੰਡਾਈਆ। ਬਿਨ ਗੁਰਸਿਖ ਸਤਿਗੁਰ ਪੂਰੇ ਨੂੰ ਦੇਵੇ ਕੋਈ ਨਾ ਢਾਰਸ, ਲੱਖ ਚੁਰਾਸੀ ਕੰਮ ਕਿਸੇ ਨਾ ਆਈਆ। ਇਕ ਦੂਜੇ ਦੇ ਦੋਵੇ ਵਾਰਸ, ਵਸੀਅਤ ਲਿਖ ਲਿਖ ਆਪਣੀ ਹਥੀਂ ਹੱਥ ਫੜਾਈਆ। ਕਲਜੁਗ ਅੰਤ ਨਾ ਮੰਗੇ ਕੋਈ ਆੜ੍ਹਤ, ਸੌਦਾ ਹੋਰ ਨਾ ਕੋਇ ਕਰਾਈਆ। ਜਿਸ ਘੜਿਆ ਤੇਰਾ ਘਾੜਤ, ਸੋ ਤੈਨੂੰ ਵੇਖਣ ਆਈਆ। ਤੂੰ ਰਲ ਕੇ ਮੇਰੀ ਕਰ ਸਿਫ਼ਾਰਸ਼, ਗੁਰਸਿਖ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਗੁਰਸਿਖ ਦਰਸ ਦਰਸ ਗੁਰਸਿਖ ਆਪਣੀ ਆਪਣੇ ਲੇਖੇ ਪਾਈਆ। ਸਤਿਗੁਰ ਘਰ ਨਾ ਕੋਈ ਵੰਡ, ਘੜੀ ਪਲ ਥਿਤ ਵਾਰ ਬਰਸ ਮਾਸ ਨਾ ਕੋਇ ਰਖਾਈਆ। ਵਸਣਹਾਰਾ ਵਿਚ ਬ੍ਰਹਿਮੰਡ, ਘਟ ਘਟ ਆਪਣਾ ਆਸਣ ਲਾਈਆ। ਦੀਨ ਦਿਆਲ ਸਰਬ ਗੁਣਵੰਤਾ ਜਨ ਭਗਤਾਂ ਸਦਾ ਬਖ਼ਸ਼ੰਦ, ਸਿਰ ਆਪਣਾ ਹੱਥ ਟਿਕਾਈਆ। ਜਗਤ ਲੋਚਣ ਭੇਖ ਪਖੰਡ, ਬਿਨ ਸਤਿਗੁਰ ਅੰਤ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਗੁਰਸਿਖਾਂ ਜਗਤ ਰੀਤੀ ਕੋਲੋਂ ਪੱਲਾ ਰਿਹਾ ਛੁਡਾਈਆ।
