੨੪ ਚੇਤ ੨੦੧੯ ਬਿਕਰਮੀ ਭਾਨ ਸਿੰਘ ਨਾਨਕ ਪੁਰਾ ਜ਼ਿਲਾ ਕਰਨਾਲ
ਸਤਿ ਸਤਿਵਾਦੀ ਸਾਚਾ ਨਾਮ, ਸੋ ਪੁਰਖ ਨਿਰੰਜਣ ਆਪ ਪਰਗਟਾਇੰਦਾ। ਹੰ ਬ੍ਰਹਮ ਖੇਲ ਮਹਾਨ, ਆਤਮ ਅੰਤਰ ਪਰਦਾ ਲਾਹਿੰਦਾ। ਨਿਰਗੁਣ ਸਰਗੁਣ ਸਚ ਨਿਸ਼ਾਨ, ਦਰਗਹਿ ਸਾਚੀ ਧਾਮ ਵਖਾਇੰਦਾ। ਬਿਨ ਅੱਖਰ ਦੇਵੇ ਗਿਆਨ, ਅਖ਼ਸ਼ਰ ਰੂਪ ਨਾ ਕੋਇ ਵਟਾਇੰਦਾ। ਬਿਨ ਨੇਤਰ ਦੇਵੇ ਧਿਆਨ, ਧਿਆਨ ਧਿਆਨ ਵਿਚ ਰਖਾਇੰਦਾ। ਬਿਨ ਮੰਗਿਆਂ ਦੇਵੇ ਮਾਣ, ਨਿਮਾਣਿਆਂ ਗਲੇ ਲਗਾਇੰਦਾ। ਬਿਨ ਬੋਲਿਆਂ ਜਾਣੇ ਰਾਮ, ਰਾਮ ਆਪਣਾ ਨਾਉਂ ਧਰਾਇੰਦਾ। ਬਿਨ ਦੀਪਕ ਮਿਟੇ ਅੰਧੇਰੀ ਸ਼ਾਮ, ਜੋਤੀ ਨੂਰ ਡਗਮਗਾਇੰਦਾ। ਬਿਨ ਕਾਸਦ ਦੇਵੇ ਪੈਗ਼ਾਮ, ਸਚ ਸੰਦੇਸ਼ਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਰਖਾਇੰਦਾ। ਸਾਚਾ ਨਾਮ ਆਦਿ ਅੰਤ, ਹਰਿ ਜੂ ਏਕਾ ਏਕ ਜਣਾਈਆ। ਕੋਟਨ ਕੋਟ ਨਾਉਂ ਮਹਿਮਾ ਕਰਨ ਅਗਣਤ, ਅੱਖਰ ਅੱਖਰ ਨਾਲ ਮਿਲਾਈਆ। ਹਰਿ ਕਾ ਭੇਵ ਜਾਣੇ ਗੁਰਮੁਖ ਵਿਰਲਾ ਸੰਤ, ਜਿਸ ਜਨ ਆਪਣੀ ਬੂਝ ਬੁਝਾਈਆ। ਏਕਾ ਨਾਮ ਏਕਾ ਮੰਤ, ਮੰਤਰ ਇਕੋ ਨਾਮ ਦ੍ਰਿੜਾਈਆ। ਏਕਾ ਨਾਰ ਏਕਾ ਕੰਤ, ਪੁਰਖ ਅਬਿਨਾਸ਼ੀ ਇਕ ਅਖਵਾਈਆ। ਏਕਾ ਧਾਮ ਸੋਭਾਵੰਤ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਏਕਾ ਬੋਧ ਗਿਆਨ ਹੋਏ ਪੰਡਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਏਕਾ ਨਾਮ ਵਖਾਈਆ। ਏਕੋ ਨਾਮ ਹਰਿ ਹਰਿ ਨਾਦ, ਅਨਾਦੀ ਨਾਦ ਵਜਾਇੰਦਾ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਖੇਲ ਕਰਾਇੰਦਾ। ਆਪ ਪਰਗਟਾਏ ਆਦਿ ਜੁਗਾਦਿ, ਜੁਗ ਜੁਗ ਵੇਸ ਕਰਾਇੰਦਾ। ਭੇਵ ਖੁਲ੍ਹਾਏ ਸੰਤਨ ਸਾਧ, ਸਾਚੀ ਸਾਧਨਾ ਆਪ ਕਰਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਵਟਾਇੰਦਾ। ਗੁਰਮੁਖ ਸੱਜਣ ਆਪੇ ਲਾਧ, ਗੁਰ ਗੁਰ ਆਪਣਾ ਨਾਉਂ ਦ੍ਰਿੜਾਇੰਦਾ। ਜਗਤ ਅੰਧੇਰੇ ਵਿਚੋਂ ਕਾਢ, ਸਾਚੇ ਮਾਰਗ ਆਪੇ ਲਾਇੰਦਾ। ਆਤਮ ਸੇਜਾ ਕਰੇ ਲਾਡ, ਸੁਹੰਜਣੀ ਸੇਜ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਇਕੋ ਨਾਮ ਵਖਾਇੰਦਾ। ਇਕੋ ਨਾਮ ਹਰਿ ਹਰਿ ਜਾਪ, ਰਸਨਾ ਜਿਹਵਾ ਕਹਿਣ ਨਾ ਸਕੇ ਰਾਈਆ। ਜੁਗਾ ਜੁਗੰਤ ਵਡ ਪਰਤਾਪ, ਗੁਰ ਅਵਤਾਰ ਰਹੇ ਜਸ ਗਾਈਆ। ਕੋਟਨ ਕੋਟ ਮੇਟੇ ਸੰਤਾਪ, ਸੰਸਾ ਰੋਗ ਰਹਿਣ ਨਾ ਪਾਈਆ। ਮੇਲ ਮਿਲਾਏ ਕਮਲਾਪਾਤ, ਘਰ ਮੇਲਾ ਸੱਚੇ ਮਾਹੀਆ। ਹਰਿ ਕਾ ਨਾਉਂ ਰੂਪ ਰੰਗ ਰੇਖ ਨਾ ਕੋਈ ਪਾਤ, ਜ਼ਾਤ ਅਜ਼ਾਤੀ ਆਪਣੀ ਧਾਰ ਰਖਾਈਆ। ਆਤਮ ਪਰਮਾਤਮ ਬੰਧਾਏ ਨਾਤ, ਸਾਚਾ ਨਾਤਾ ਜੋੜ ਜੁੜਾਈਆ। ਸੋ ਪੁਰਖ ਨਿਰੰਜਣ ਹੰ ਬ੍ਰਹਮ ਸੁਣਾਏ ਗਾਥ, ਆਤਮ ਪਰਮਾਤਮ ਕਰੇ ਪੜ੍ਹਾਈਆ। ਈਸ਼ ਜੀਵ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਲੇਖਾ ਜਾਣੇ ਅਨਾਥੀ ਨਾਥ, ਨਾਥ ਅਨਾਥੀ ਵਡ ਵਡਿਆਈਆ। ਹਰਿ ਕਾ ਨਾਉਂ ਸਦਾ ਸਮਰਾਥ, ਸਮਰਥ ਪੁਰਖ ਆਪ ਪਰਗਟਾਈਆ। ਸਾਚੇ ਭਗਤਾਂ ਦੇਵੇ ਆਪਣੀ ਵਥ, ਦੂਸਰ ਹੱਥ ਨਾ ਕਿਸੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਆਪ ਉਪਜਾਈਆ। ਏਕਾ ਨਾਉਂ ਆਤਮ ਪਰਮਾਤਮ ਨਿਰਗੁਣ ਸਰਗੁਣ ਧਾਰ, ਹੰ ਬ੍ਰਹਮ ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਸਰਗੁਣ ਗੁਰ ਗੁਰ ਲੈ ਅਵਤਾਰ, ਸ਼ਬਦੀ ਸ਼ਬਦ ਢੋਲਾ ਗਾਏ ਸੱਚਾ ਮਾਹੀਆ। ਪੁਰਖ ਪੁਰਖੋਤਮ ਏਕਾ ਤਾਰ, ਏਕਾ ਗੀਤ ਇਕ ਸੰਗੀਤ ਰਾਗ ਰੰਗ ਇਕ ਰਖਾਈਆ । ਸਚਖੰਡ ਨਿਵਾਸੀ ਵਸਣਹਾਰਾ ਧਾਮ ਨਿਆਰ, ਏਕੰਕਾਰ ਸਤਿ ਤਰਾਨਾ ਬੋਲ ਜੈਕਾਰ, ਜੈ ਜੈਕਾਰ ਆਪਣੇ ਨਾਉਂ ਸੁਣਾਈਆ। ਥਿਰ ਘਰ ਖੇਲ ਅਗੰਮ ਅਪਾਰ, ਤੰਦੀ ਤੰਦ ਨਾ ਕੋਇ ਸਤਾਰ, ਰਾਗੀ ਰਾਗ ਲਏ ਉਚਾਰ, ਢੋਲਕ ਛੈਣਾ ਸਾਜ ਨਾ ਕੋਇ ਵਜਾਈਆ। ਪੰਜ ਤਤ ਨਾ ਕੋਇ ਆਧਾਰ, ਮਨਮਤ ਬੁਧ ਨਾ ਕੋਇ ਵਿਚਾਰ, ਰਸਨਾ ਜਿਹਵਾ ਨਾ ਕੋਇ ਸ਼ਿੰਗਾਰ, ਸ਼ਰਅ ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਹਰਿ ਕਾ ਨਾਉਂ ਦੱਸੇ ਸਚ ਦਰਬਾਰ, ਵਰਨ ਬਰਨ ਨਾ ਕੋਇ ਆਧਾਰ, ਦੀਨ ਮਜ਼੍ਹਬ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਇਕੋ ਨਾਮ ਪਰਗਟਾਈਆ। ਆਦਿ ਅੰਤ ਇਕੋ ਨਾਮ, ਹਰਿ ਹਰਿ ਆਪ ਪਰਗਟਾਇੰਦਾ । ਜੁਗਾ ਜੁਗੰਤਰ ਜਨ ਭਗਤਾਂ ਦੇਵੇ ਸਾਚਾ ਜਾਮ, ਅੰਮਿਉਂ ਰਸ ਆਪਣਾ ਨਾਮ ਪਿਆਇੰਦਾ। ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਦੇਵੇ ਸਤਿ ਪੈਗ਼ਾਮ, ਆਪਣੀ ਸਿਖਿਆ ਸਚ ਸਮਝਾਇੰਦਾ। ਨਿਹਕਰਮੀ ਕਰੇ ਕਰਾਏ ਸਾਚਾ ਕਾਮ, ਕਰਮ ਕਾਂਡ ਵੰਡ ਨਾ ਕੋਇ ਵੰਡਾਇੰਦਾ। ਸਰਗੁਣ ਨਿਰਗੁਣ ਦੇਵਣਹਾਰਾ ਦਾਨ, ਸਾਚਾ ਦਾਨ ਵਸਤ ਅਮੋਲਕ ਆਪ ਵਰਤਾਇੰਦਾ। ਜਗਤ ਨੇਤਰ ਨੈਣ ਦਿਸੇ ਨਾ ਕੋਇ ਨਿਸ਼ਾਨ, ਹਰਿ ਕਾ ਨਾਮ ਨਜ਼ਰ ਕਿਸੇ ਨਾ ਆਇੰਦਾ। ਜਗਤ ਜਿਹਵਾ ਬੱਤੀ ਦੰਦ ਜੀਵ ਜੰਤ ਸਾਰੇ ਗਾਣ, ਅੱਖਰ ਅੱਖਰ ਜੋੜ ਜੁੜਾਇੰਦਾ। ਜਿਸ ਜਨ ਉਪਰ ਹੋਏ ਆਪ ਮਿਹਰਵਾਨ, ਏਕਾ ਦੇਵੇ ਸਾਚਾ ਦਾਨ, ਆਤਮ ਅੰਤਰ ਨਾਮ ਨਿਧਾਨਾ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਏਕਾ ਹੱਟ ਰਖਾਇੰਦਾ। ਸਾਚਾ ਨਾਉਂ ਕਾਇਆ ਹੱਟ, ਡੂੰਘੀ ਕੰਦਰ ਆਪ ਰਖਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਰਸਨਾ ਜਿਹਵਾ ਮਣਕਾ ਮਣਕਾ ਮਾਲਾ ਰਹੇ ਰਟ, ਜਗਤ ਜੀਵਣ ਜੁਗਤ ਹੱਥ ਕਿਸੇ ਨਾ ਆਈਆ। ਨੌਂ ਨੌਂ ਚਾਰ ਚਾਰ ਚਾਰ ਕੁੰਟ ਰਹੇ ਨੱਠ, ਬਣ ਬਣ ਪਾਂਧੀ ਪੰਧ ਨਾ ਕੋਇ ਮੁਕਾਈਆ। ਫਿਰ ਫਿਰ ਥੱਕੇ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਨੈਣ ਨਜ਼ਰ ਕੋਇ ਨਾ ਪਾਈਆ। ਚਾਰ ਦੀਵਾਰੀ ਜਗਤ ਖੇੜਾ ਮੰਦਰ ਮਸਜਿਦ ਸ਼ਿਵਦੁਆਲਾ ਮੱਠ, ਸਤਿ ਸਰੂਪ ਸ਼ਾਹੋ ਭੂਪ ਬਿਨ ਰੰਗ ਰੂਪ ਸਤਿ ਸਰੂਪੀ ਨਜ਼ਰ ਕਿਸੇ ਨਾ ਆਈਆ। ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਉਚੇ ਟਿੱਲੇ ਪਰਬਤ ਕਰ ਕੇ ਬੈਠੇ ਹਠ, ਧੂਣੀ ਤਾ ਤਾ ਅਗਨ ਤਪਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪਣਾ ਨਾਉਂ ਸਾਚੇ ਮੰਦਰ ਬੈਠਾ ਰੱਖ, ਸਿਰ ਆਪਣਾ ਹੱਥ ਟਿਕਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਕਰ ਕਿਰਪਾ ਜਿਸ ਦੇਵੇ ਦੱਸ, ਸੋ ਜਨ ਖੋਜਣ ਬਨ ਕਦੇ ਨਾ ਜਾਈਆ। ਗ੍ਰਹਿ ਮੰਦਰ ਅੰਦਰ ਹੋਏ ਪ੍ਰਕਾਸ਼, ਪ੍ਰਕਾਸ਼ਵਾਨ ਆਪਣਾ ਨੂਰ ਧਰਾਈਆ। ਸੋ ਪੁਰਖ ਨਿਰੰਜਣ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਹੰ ਬ੍ਰਹਮ ਰੱਖੇ ਪਾਸ, ਆਤਮ ਪਰਮਾਤਮ ਹੋਏ ਨਾ ਕਦੇ ਨਿਰਾਸ, ਨਿਰਇਛਤ ਆਪਣਾ ਭੇਵ ਆਪ ਖੁਲ੍ਹਾਈਆ। ਸਾਚਾ ਰਾਮ ਸਾਚਾ ਨਾਮ ਸਾਚਾ ਕਾਮ ਸਾਚਾ ਸ਼ਾਮ, ਮੁਕੰਦ ਮਨੋਹਰ ਲਖ਼ਮੀ ਨਰਾਇਣ ਆਪਣੀ ਤਾਰ ਸਿਤਾਰ ਸਾਚੀ ਬੰਸਰੀ ਨਾਮ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਵਰਤਾਈਆ। ਏਕਾ ਨਾਮ ਸ੍ਰੀ ਭਗਵੰਤ, ਆਦਿ ਜੁਗਾਦਿ ਆਪ ਵਰਤਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਮਹਿਮਾ ਗਾਇਣ ਅਗਣਤ, ਲਿਖ ਲਿਖ ਲੇਖ ਨਾ ਕੋਇ ਸਮਝਾਇੰਦਾ। ਪੀਰ ਪੈਗ਼ੰਬਰ ਸਾਰੇ ਕਹਿਣ ਹਰਿ ਬੇਅੰਤ, ਬੇਐਬ ਪਰਵਰਦਿਗਾਰ ਹੱਥ ਕਿਸੇ ਨਾ ਆਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰ ਕਰ ਗਿਆਨਤ, ਨਿਉਂ ਨਿਉਂ ਸਯਦਾ ਸੀਸ ਝੁਕਾਇੰਦਾ। ਤੇਰਾ ਨਾਉਂ ਕੋਇ ਨਾ ਜਾਣੇ ਆਦਿ ਅੰਤ, ਬੇਅੰਤ ਤੇਰਾ ਭੇਵ ਕੋਇ ਨਾ ਪਾਇੰਦਾ। ਤੇਰੀ ਮਹਿਮਾ ਗਾ ਗਾ ਥੱਕੇ ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਸੰਤ, ਸਤਿ ਕਹਿ ਕਹਿ ਸਰਬ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਦੇਵਣਹਾਰਾ ਵਰ, ਨਾਮ ਨਾਮਾ ਆਪ ਵਰਤਾਇੰਦਾ। ਨਾਮ ਨਾਮਾ ਵਸਤ ਅਮੋਲਕ, ਅਮੁਲ ਆਪ ਵਰਤਾਈਆ । ਗੁਰਮੁਖਾਂ ਰੱਖੇ ਕਾਇਆ ਗੋਲਕ, ਘਰ ਘਰ ਵਿਚ ਦਏ ਵਖਾਈਆ । ਅਨਹਦ ਨਾਦ ਅਨਾਦੀ ਵੱਜੇ ਢੋਲਕ, ਵਜਾਵਣਹਾਰਾ ਨਜ਼ਰ ਨਾ ਆਈਆ। ਨਾਦ ਸੁਣਾਏ ਬਿਨ ਰਸਨਾ ਜਿਹਵਾ ਅਣਬੋਲਤ, ਅਣਬੋਲਤ ਕਰੇ ਪੜ੍ਹਾਈਆ। ਏਕਾ ਨਾਮ ਵਖਾਏ ਅਡੋਲਤ, ਅਡੋਲ ਅਡੁੱਲ ਕਦੇ ਨਾ ਜਾਈਆ। ਸਚ ਦੁਆਰਾ ਸਾਚਾ ਖੋਜਤ, ਹਰਿ ਜੂ ਸਾਚਾ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਆਪਣਾ ਨਾਉਂ ਸਮਝਾਈਆ। ਆਦਿ ਅੰਤ ਏਕਾ ਨਾਮ, ਹਰਿ ਹਰਿ ਆਪ ਜਣਾਇੰਦਾ। ਨਿਰਗੁਣ ਨਿਰਗੁਣ ਕਹੇ ਸਤਿਨਾਮ, ਨਾਮ ਸਤਿ ਸਰਗੁਣ ਰੂਪ ਵਖਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਕਰੇ ਭਗਵਾਨ, ਭਗਵਨ ਆਪਣਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤਮ ਆਪਣਾ ਨਾਮ ਆਪ ਪਰਗਟਾਇੰਦਾ। ਅੰਤਮ ਆਪਣਾ ਨਾਉਂ ਕਰ ਪਰਗਟ, ਪਰਮ ਪੁਰਖ ਖੇਲ ਖਲਾਈਆ। ਨਾਨਕ ਨਿਰਗੁਣ ਗਿਆ ਰਟ, ਰਸਨਾ ਜਿਹਵਾ ਸੋਹੰ ਢੋਲਾ ਗਾਈਆ। ਗੋਬਿੰਦ ਗੁਰ ਕਹੇ ਪੁਰਖ ਸਮਰਥ, ਪਿਤਾ ਪੂਤ ਵੇਸ ਵਟਾਈਆ। ਤੀਰ ਕਮਾਨ ਮੇਰਾ ਭੱਥਾ, ਸਾਚਾ ਚਿਲਾ ਸੋਹੰ ਨਾਉਂ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਗਾਇਣ ਜਸ, ਆਤਮ ਪਰਮਾਤਮ ਏਕਾ ਘਰ ਵੱਜੇ ਵਧਾਈਆ। ਜੁਗ ਚੌਕੜੀ ਵੇਖਿਆ ਹੱਸ ਹੱਸ, ਕੋਟਨ ਕੋਟ ਨਾਉਂ ਧਰਾਈਆ। ਕਲਜੁਗ ਅੰਤਮ ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੇ ਹੱਥ ਰੱਖੇ ਵਡਿਆਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਨਾਮ ਅਗੰਮੀ ਡੋਰੀ ਪਾਏ ਨੱਥ, ਨਜ਼ਰ ਕਿਸੇ ਨਾ ਆਈਆ। ਸਚ ਦੁਆਰੇ ਇਕ ਇਕੱਠ, ਸਚਖੰਡ ਨਿਵਾਸੀ ਆਪ ਕਰਾਈਆ। ਸਤਿਜੁਗ ਸਾਚਾ ਮਾਰਗ ਦੱਸ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਪੜ੍ਹਾਈਆ। ਸੋਹੰ ਜਪਣਾ ਸਾਚਾ ਜਾਪ, ਜਾਪ ਆਪਣਾ ਨਾਉਂ ਵਖਾਈਆ। ਆਤਮ ਪਰਮਾਤਮ ਬਣਾਏ ਵਡ ਪਰਤਾਪ, ਵਡ ਪਰਤਾਪੀ ਹੋਏ ਸਹਾਈਆ। ਗੁਰਮੁਖ ਜਾਣੇ ਆਪਣਾ ਆਪ, ਹਰਿ ਜੂ ਆਪਾ ਬੂਝ ਬੁਝਾਈਆ। ਨਾਤਾ ਤੁਟੇ ਤ੍ਰੈਗੁਣ ਤਾਪ, ਅਗਨੀ ਤਤ ਨਾ ਕੋਇ ਜਲਾਈਆ। ਜਨਮ ਜਨਮ ਦਾ ਮਿਟੇ ਪਾਪ, ਕਰਮ ਕਰਮ ਰਹੇ ਨਾ ਰਾਈਆ। ਆਤਮ ਪਰਮਾਤਮ ਮੇਲਾ ਜਿਉਂ ਪੂਤ ਮਾਈ ਬਾਪ, ਪੁਰਖ ਅਕਾਲ ਆਪਣੀ ਗੋਦ ਸੁਹਾਈਆ। ਈਸ਼ ਜੀਵ ਸੱਜਣ ਸਾਕ, ਸਗਲਾ ਸੰਗ ਆਪ ਰਖਾਈਆ। ਪਾਰਬ੍ਰਹਮ ਖੋਲ੍ਹੇ ਤਾਕ, ਨੂਰੀ ਜਲਵਾ ਦਏ ਦਰਸਾਈਆ। ਆਤਮ ਸੇਜਾ ਸਾਚੇ ਮੰਦਰ ਸੁਰਤੀ ਸ਼ਬਦ ਬੋਲੇ ਇਕ ਵਾਕ, ਸੋਹੰ ਢੋਲਾ ਸੱਚਾ ਗਾਈਆ। ਗੁਰਮੁਖ ਉਤਰੇ ਆਪਣੇ ਘਾਟ ਮੰਜਧਾਰ ਨਾ ਕੋਇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਏਕਾ ਨਾਮ ਵਖਾਈਆ। ਏਕਾ ਨਾਉਂ ਹਰਿ ਕਾ ਰੰਗ, ਰੰਗ ਰੰਗੀਲਾ ਆਪ ਰੰਗਾਇੰਦਾ। ਏਕਾ ਧਾਮ ਸਚ ਪਲੰਘ, ਸਚ ਸਿੰਘਾਸਣ ਇਕ ਸੁਹਾਇੰਦਾ। ਏਕਾ ਨਾਉਂ ਇਕ ਮਰਦੰਗ, ਹਰਿ ਮਰਦੰਗਾ ਆਪ ਵਜਾਇੰਦਾ। ਏਕਾ ਸੂਰਬੀਰ ਸਰਬੰਗ, ਬਲਧਾਰੀ ਆਪਣਾ ਬਲ ਰਖਾਇੰਦਾ। ਏਕਾ ਘਟ ਘਟ ਅੰਦਰ ਜਾਏ ਲੰਘ, ਲੱਖ ਚੁਰਾਸੀ ਅੰਦਰ ਡੇਰਾ ਲਾਇੰਦਾ। ਏਕਾ ਕਰੇ ਖੰਡ ਖੰਡ, ਖੰਡਾ ਖੜਗ ਨਾਮ ਉਠਾਇੰਦਾ। ਏਕਾ ਵਸਣਹਾਰਾ ਵਿਚ ਬ੍ਰਹਿਮੰਡ, ਬ੍ਰਹਿਮੰਡ ਖੰਡ ਆਪਣੀ ਧਾਰ ਚਲਾਇੰਦਾ। ਏਕਾ ਗਾਵਣਹਾਰਾ ਛੰਦ, ਗੀਤ ਗੋਬਿੰਦ ਇਕ ਅਲਾਇੰਦਾ। ਏਕਾ ਜੁਗ ਚੌਕੜੀ ਮੇਟਣਹਾਰਾ ਪੰਧ, ਬਣ ਪਾਂਧੀ ਫੇਰਾ ਪਾਇੰਦਾ। ਏਕਾ ਜਨ ਭਗਤਾਂ ਦੇਵੇ ਸੱਚਾ ਅਨੰਦ, ਅਨੰਦ ਅਨੰਦ ਵਿਚ ਵਖਾਇੰਦਾ। ਏਕਾ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਦਇਆ ਕਮਾਇੰਦਾ। ਏਕਾ ਕਲਜੁਗ ਅੰਤਮ ਮੇਟੇ ਭੇਖ ਪਖੰਡ, ਕੂੜੀ ਕਿਰਿਆ ਧੱਕਾ ਲਾਇੰਦਾ। ਏਕਾ ਲੱਖ ਚੁਰਾਸੀ ਵੇਖੇ ਨਾਰ ਦੁਹਾਗਣ ਰੰਡ, ਨਵ ਨੌਂ ਆਪਣਾ ਫੇਰਾ ਪਾਇੰਦਾ। ਏਕਾ ਲਹਿਣਾ ਦੇਣਾ ਜਾਣੇ ਸੂਰਜ ਚੰਦ, ਆਦਿ ਜੁਗਾਦਿ ਜੁਗ ਜੁਗ ਆਪਣੇ ਹੁਕਮ ਫਿਰਾਇੰਦਾ। ਏਕਾ ਲੱਖ ਚੁਰਾਸੀ ਤੋੜਣਹਾਰਾ ਫੰਦ, ਫੰਦੀ ਆਪਣੀ ਆਪ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅੰਤਮ ਦੇਵੇ ਸੱਚਾ ਵਰ, ਆਪਣਾ ਨਾਉਂ ਆਪ ਸਮਝਾਇੰਦਾ। ਸਾਚਾ ਨਾਉਂ ਹੰ ਬ੍ਰਹਮ, ਸੋ ਪੁਰਖ ਨਿਰੰਜਣ ਆਪ ਜਣਾਈਆ। ਸੋ ਪੁਰਖ ਨਿਰੰਜਣ ਨਾ ਮਰੇ ਨਾ ਪਏ ਜੰਮ, ਹੰ ਬ੍ਰਹਮ ਜੀਵ ਜੰਤ ਆਪਣਾ ਖੇਲ ਵਖਾਈਆ। ਆਤਮ ਪਰਮਾਤਮ ਪਵਣ ਸਵਾਸੀ ਇਕੋ ਦਮ, ਏਕਾ ਰਸਨਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨਾਂ ਕਰੇ ਸਚ ਪੜ੍ਹਾਈਆ।
