੬ ਚੇਤ ੨੦੧੮ ਬਿਕ੍ਰਮੀ ਨਿਰੰਜਣ ਸਿੰਘ ਦੇ ਗ੍ਰਹਿ ਲੁਧਿਆਣਾ
ਪਾਰਬ੍ਰਹਮ ਅਬਿਨਾਸ਼ੀ ਕਰਤਾ ਬੇਅੰਤ ਬੇਪਰਵਾਹ, ਆਦਿ ਅੰਤ ਜੁਗਾ ਜੁਗੰਤ ਜਾਗਰਤ ਜੋਤ ਜੋਤ ਰੁਸ਼ਨਾਈਆ। ਅਲਖ ਅਗੋਚਰ ਅਗੰਮ ਅਥਾਹ, ਵੇਖਣਹਾਰਾ ਦੋ ਜਹਾਂ, ਬ੍ਰਹਿਮੰਡ ਖੰਡ ਲੋਆਂ ਪੁਰੀਆਂ ਜੇਰਜ ਅੰਡਾਂ ਵੇਖ ਵਖਾਈਆ। ਸਚਖੰਡ ਨਿਵਾਸੀ ਇਕ ਜਪਾਏ ਆਪਣਾ ਨਾਉਂ, ਵਸਣਹਾਰਾ ਸਭਨੀ ਥਾਂ, ਜਲ ਥਲ ਮਹੀਅਲ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਡੂੰਘੀ ਕੰਦਰ ਆਸਣ ਲਾਈਆ। ਜੁਗਾ ਜੁਗੰਤਰ ਵੇਸ ਵਟਾ, ਨਿਰਗੁਣ ਸਰਗੁਣ ਮੇਲੇ ਸਹਿਜ ਸੁਭਾ, ਆਤਮ ਅੰਤਰ ਬੂਝ ਬੁਝਾ, ਘਰ ਘਰ ਵਿਚ ਮੇਲ ਮਿਲਾਈਆ। ਭਗਤ ਭਗਵੰਤ ਲੇਖਾ ਦਏ ਚੁਕਾ, ਨਿਰਮਲ ਜੋਤੀ ਦੀਪ ਟਿਕਾ, ਸ਼ਬਦ ਅਨਾਦੀ ਧੁਨ ਵਜਾ, ਅਨਹਦ ਏਕਾ ਰਾਗ ਸੁਣਾਈਆ। ਅੰਧ ਅੰਧੇਰਾ ਦਏ ਗਵਾ, ਅੰਮ੍ਰਿਤ ਆਤਮ ਜਾਮ ਪਿਆ, ਸਤਿ ਸਰੂਪੀ ਰਿਹਾ ਸਮਾ, ਵਿਸਮਾਦੀ ਵਿਸਮਾਦ ਆਪਣਾ ਖੇਲ ਖਿਲਾਈਆ। ਸੰਤ ਸਾਜਣ ਲਏ ਉਠਾ, ਸ਼ਬਦ ਅਗੰਮੀ ਨਾਦ ਵਜਾ, ਬ੍ਰਹਮ ਬ੍ਰਹਿਮਾਦਿ ਖੋਜ ਖੁਜਾ, ਦੂਈ ਦਵੈਤੀ ਪਰਦਾ ਲਾਹੀਆ। ਗੁਰਮੁਖ ਰੰਗ ਲਏ ਰੰਗਾ, ਰੰਗਣਹਾਰ ਇਕ ਸ਼ਹਿਨਸ਼ਾਹ, ਤਖ਼ਤ ਨਿਵਾਸੀ ਸਾਚੇ ਤਖ਼ਤ ਬੈਠਾ ਆਸਣ ਲਾ, ਨਿਰਵੈਰ ਪੁਰਖ ਅਕਾਲ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਵੇਖੇ ਨੈਣ ਖੁਲ੍ਹਾ, ਆਪ ਆਪਣੀ ਦੱਯਾ ਕਮਾ, ਦਿਵਸ ਰੈਣ ਏਕਾ ਖੇਲ ਖਿਲਾ, ਆਠ ਪਹਿਰ ਇਕ ਰੰਗ ਰੰਗਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾ, ਗੁਰ ਅਵਤਾਰ ਰੂਪ ਧਰਾ, ਭਗਤ ਭਗਵੰਤ ਸਾਧ ਸੰਤ ਲੇਖਾ ਆਪਣੇ ਹੱਥ ਰਖਾ, ਗੁਰਮੁਖ ਗੁਰਸਿਖ ਬੇੜਾ ਲਏ ਬੰਨ੍ਹਾ, ਜੁਗ ਕਰਤਾ ਖੇਵਟ ਖੇਟ ਸਾਚਾ ਮਾਹੀਆ। ਸਤਿਜੁਗ ਤ੍ਰੇਤਾ ਦਵਾਪਰ ਲਿਆ ਹੰਢਾ, ਵੇਦ ਪੁਰਾਨ ਸ਼ਾਸਤਰ ਸਿਮਰਤ ਹਰਿ ਜਸ ਗਾ, ਗੀਤਾ ਗਿਆਨ ਇਕ ਵਖਾ, ਅੰਜੀਲ ਕ਼ੁਰਾਨਾ ਪਰਦਾ ਲਾਹ, ਤੀਸ ਬਤੀਸਾ ਆਪ ਸਮਝਾਈਆ। ਖਾਣੀ ਬਾਣੀ ਮਾਰਗ ਪਾ, ਨਵ ਖੰਡ ਪ੍ਰਿਥਮੀ ਵੇਖੇ ਥਾਉਂ ਥਾਂ, ਸੱਤਾਂ ਦੀਪਾਂ ਵੰਡ ਵੰਡਾ, ਚਾਰ ਕੁੰਟ ਦਹਿ ਦਿਸ਼ਾ ਫੇਰਾ ਪਾਈਆ। ਚੌਦਾਂ ਲੋਕ ਰੂਪ ਧਰਾ, ਚੌਦਾਂ ਤਬਕਾਂ ਨੂਰ ਰੁਸ਼ਨਾ, ਜ਼ਿਮੀਂ ਅਸਮਾਨਾ ਵੇਖਣਹਾਰਾ ਆਦਿ ਜੁਗਾਦਿ ਕਰੇ ਸਚ ਨਿਆਂ, ਜੁਗਾ ਜੁਗੰਤਰ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਗੰਮ ਅਗੰਮੜਾ ਅਲਖ ਅਗੋਚਰ ਅਲਖ ਅਲਖਨਾ ਆਪਣੀ ਖੇਲ ਖਿਲਾਈਆ। ਸਾਚੀ ਖੇਲ ਖਿਲਾਵਣਹਾਰਾ, ਇਕ ਇਕੱਲਾ ਏਕੰਕਾਰਾ, ਦੋ ਜਹਾਨਾਂ ਪਾਵੇ ਸਾਰਾ, ਤ੍ਰੈਭਵਨ ਵਡੀ ਵਡਿਆਈਆ। ਗੁਰ ਅਵਤਾਰ ਹੋ ਉਜਿਆਰਾ, ਨਾਮ ਸ਼ਬਦ ਬੋਲ ਜੈਕਾਰਾ, ਲੱਖ ਚੁਰਾਸੀ ਦਏ ਸਹਾਰਾ, ਜੀਵਾਂ ਜੰਤਾਂ ਆਪ ਸਮਝਾਈਆ। ਨਾਮ ਸਤਿ ਸਤਿ ਭੰਡਾਰਾ, ਆਪ ਵਰਤਾਏ ਵਰਤਾਵਣਹਾਰਾ, ਊਚਾਂ ਨੀਚਾਂ ਰਾਓ ਰੰਕਾਂ ਕਰੇ ਇਕ ਪਿਆਰਾ, ਸ਼ਾਹ ਹਕੀਰਾਂ ਏਕਾ ਰੰਗ ਰੰਗਾਈਆ। ਏਕਾ ਦਿਸੇ ਧਾਮ ਨਿਆਰਾ, ਜੋਤੀ ਨੂਰ ਹਰਿ ਨਿਰੰਕਾਰਾ, ਵੇਦ ਕਤੇਬਾਂ ਵਸੇ ਬਾਹਰਾ, ਭੇਵ ਅਭੇਦਾ ਆਪਣਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਰੂਪ ਅਨੂਪ ਸ਼ਾਹੋ ਭੂਪ, ਸਤਿ ਸਰੂਪ ਸਤਿ ਸਤਿਵਾਦੀ ਆਪਣਾ ਆਪ ਪਰਗਟਾਈਆ। ਸਤਿ ਸਰੂਪ ਹਰਿ ਸਮਾਇਆ, ਸਚਖੰਡ ਵੱਜੇ ਵਧਾਈਆ। ਥਿਰ ਘਰ ਬੈਠਾ ਚਰਨ ਟਿਕਾਇਆ, ਚਰਨ ਕਵਲ ਸੱਚੀ ਸਰਨਾਈਆ। ਸਚ ਸਿੰਘਾਸਣ ਸੋਭਾ ਪਾਇਆ, ਪੁਰਖ ਅਬਿਨਾਸ਼ੀ ਸੱਚਾ ਸ਼ਹਿਨਸ਼ਾਹੀਆ। ਧੁਰ ਫ਼ਰਮਾਨਾ ਹੁਕਮ ਜਣਾਇਆ, ਹੁਕਮੀ ਹੁਕਮ ਖੇਲ ਖਿਲਾਈਆ। ਸ਼ਬਦ ਦਰਬਾਨ ਦਰ ਆਪ ਰਖਾਇਆ, ਪੂਤ ਸਪੂਤਾ ਆਪੇ ਜਾਈਆ। ਆਪਣਾ ਨੂਰ ਕਰ ਰੁਸ਼ਨਾਇਆ, ਸਚ ਜ਼ਹੂਰ ਇਕ ਪਰਗਟਾਈਆ। ਬੇਐਬ ਪਰਵਰਦਿਗਾਰ ਨਾਉਂ ਖ਼ੁਦਾਇਆ, ਇਲਾਹੀ ਨੂਰ ਇਕ ਧਰਾਈਆ। ਕਲਜੁਗ ਅੰਤਮ ਵੇਸ ਅਵੱਲੜਾ ਆਪ ਕਰਾਇਆ, ਇਕ ਇਕੱਲੜਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਵੇਸ ਧਰ, ਨਿਰਗੁਣ ਸਰਗੁਣ ਖੇਲ ਕਰ, ਲੱਖ ਚੁਰਾਸੀ ਵੇਖ ਵਖਾਈਆ। ਨਿਰਗੁਣ ਸਰਗੁਣ ਖੇਲ ਕਰਤਾਰਾ, ਕਰਤਾ ਪੁਰਖ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰਾ, ਹਰਿ ਪੁਰਖ ਨਿਰੰਜਣ ਆਪ ਆਪਣੀ ਕਲ ਰਖਾਇੰਦਾ। ਏਕੰਕਾਰਾ ਕਰ ਪਸਾਰਾ, ਆਦਿ ਨਿਰੰਜਣ ਜੋਤ ਉਜਿਆਰਾ, ਸ੍ਰੀ ਭਗਵਾਨ ਸਾਂਝਾ ਯਾਰਾ, ਅਬਿਨਾਸ਼ੀ ਕਰਤਾ ਪਾਵੇ ਸਾਰਾ, ਪਾਰਬ੍ਰਹਮ ਪ੍ਰਭ ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਕਲਜੁਗ ਅੰਤਮ ਵੇਸ ਵਟਾਇੰਦਾ। ਕਲਜੁਗ ਅੰਤਮ ਹਰਿ ਭਗਵਾਨ, ਆਪਣੀ ਰਚਨਾ ਆਪ ਰਚਾਈਆ। ਜੋਤੀ ਜਾਮਾ ਖੇਲ ਮਹਾਨ, ਲਿਖਣ ਪੜ੍ਹਨ ਵਿਚ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਬ੍ਰਹਮ ਵੇਤਾ ਬਾਲ ਨਾਦਾਨ, ਰੋ ਰੋ ਨੇਤਰ ਨੈਣਾਂ ਨੀਰ ਵਹਾਈਆ। ਵਿਸ਼ਨੂੰ ਮੰਗੇ ਏਕਾ ਦਾਨ, ਪੁਰਖ ਅਬਿਨਾਸ਼ੀ ਅੱਗੇ ਝੋਲੀ ਡਾਹੀਆ। ਸ਼ੰਕਰ ਤੁਟੇ ਅੰਤਮ ਮਾਣ, ਪੁਰਖ ਅਬਿਨਾਸ਼ੀ ਆਪਣੀ ਖੇਲ ਖਿਲਾਈਆ। ਪਰਗਟ ਹੋਵੇ ਜੋਧਾ ਸੂਰ ਬਲੀ ਬਲਵਾਨ, ਨਾਮ ਖੰਡਾ ਤੇਜ਼ ਪਰਚੰਡਾ, ਬ੍ਰਹਿਮੰਡਾਂ ਖੰਡਾਂ ਆਪ ਚਮਕਾਈਆ। ਸਤਿ ਉਠਾਏ ਇਕ ਨਿਸ਼ਾਨ, ਲੇਖਾ ਜਾਣੇ ਦੋ ਜਹਾਨ, ਦੀਨ ਦੁਨੀ ਆਪਣੀ ਖੇਲ ਖਿਲਾਈਆ। ਖ਼ਾਲਕ ਖ਼ਲਕ ਵੇਖੇ ਆਣ, ਏਕਾ ਨਾਅਰਾ ਧੁਰ ਫ਼ਰਮਾਨ, ਹਕ ਹਕ਼ੀਕ਼ਤ ਲਾ ਸ਼ਰੀਕਤ ਏਕਾ ਕਲਮਾ ਆਪ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਬਲ ਆਪ ਧਰਾਈਆ। ਆਪਣਾ ਬਲ ਆਪੇ ਧਰ, ਧਰਨੀ ਧਰਤ ਧਵਲ ਦਏ ਵਡਿਆਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਖੇਲ ਖਿਲਾਈਆ। ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਲਏ ਫੜ, ਬਚਿਆ ਕੋਇ ਰਹਿਣ ਨਾ ਪਾਈਆ। ਕਿਲਾ ਕੋਟ ਤੋੜ ਹੰਕਾਰੀ ਗੜ੍ਹ, ਹਉਮੇ ਹੰਗਤਾ ਦਏ ਮਿਟਾਈਆ। ਹਰਿਜਨ ਜਨ ਹਰਿ ਹਰਿ ਆਪ ਫੜਾਏ ਆਪਣਾ ਲੜ, ਏਕਾ ਪੱਲੂ ਨਾਮ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਦਰ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਕਾਇਆ ਮੰਦਰ ਅੰਦਰ ਡੂੰਘੀ ਕੰਦਰ ਮਹੱਲ ਅਟਲ ਉਚ ਮੁਨਾਰ ਆਪ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਗੁਰ ਗੁਰ ਸ਼ਬਦ ਨਿਰਗੁਣ ਧਾਰ ਨਿਰਗੁਣ ਪਿਆਰ ਨਿਰਗੁਣ ਨਿਰਗੁਣ ਮੇਲ ਮਿਲਾਈਆ।
