Granth 10 Likhat 077: 5 Chet 2018 Bikarmi Harbans Singh de Greh Thikri Channa Jila Karnal

੫ ਚੇਤ ੨੦੧੮ ਬਿਕ੍ਰਮੀ ਹਰਬੰਸ ਸਿੰਘ ਦੇ ਗ੍ਰਹਿ ਠੀਕਰੀ ਛੰਨਾਂ ਜ਼ਿਲਾ ਕਰਨਾਲ

ਸਰਬ ਕਲ ਹਰਿ ਸਮਰਥ, ਇਕ ਇਕੱਲਾ ਭੇਵ ਨਾ ਆਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਸ਼ਬਦ ਅਗੰਮੀ ਚਲਾਏ ਰਥ, ਨਿਰਵੈਰ ਪੁਰਖ ਸੇਵ ਕਮਾਇੰਦਾ। ਆਪ ਪਰਗਟਾਏ ਦਇਆ ਕਮਾਏ ਆਪਣੀ ਵਥ, ਸਚ ਸਮਗਰੀ ਆਪਣੇ ਹੱਥ ਰਖਾਇੰਦਾ। ਸਚਖੰਡ ਦਵਾਰਾ ਏਕੰਕਾਰਾ ਸਚ ਮਹੱਲੇ ਰਿਹਾ ਵਸ, ਸਚ ਸਿੰਘਾਸਣ ਆਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਿਲਾਇੰਦਾ। ਸਚਖੰਡ ਦਵਾਰਾ ਹਰਿ ਕਰ ਪਸਾਰਾ, ਦਰ ਘਰ ਸਾਚਾ ਆਪ ਸੁਹਾਈਆ। ਪੁਰਖ ਅਕਾਲ ਹੋ ਉਜਿਆਰਾ, ਅਨਭਵ ਆਪਣਾ ਪਰਕਾਸ਼ ਧਰਾਈਆ। ਅਲਖ ਅਗੋਚਰ ਖੇਲ ਨਿਆਰਾ, ਜੋਤੀ ਨੂਰ ਡਗਮਗਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਈਆ। ਹੁਕਮੀ ਹੁਕਮ ਸ਼ਬਦ ਵਰਤਾਰਾ, ਧੁਰ ਫ਼ਰਮਾਨਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਖੇਲ ਤਮਾਸ਼ਾ, ਪੁਰਖ ਅਬਿਨਾਸ਼ਾ ਆਪ ਕਰਾਈਆ। ਪੁਰਖ ਅਬਿਨਾਸ਼ੀ ਖੇਲ ਨਿਰਾਲੀ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪ ਕਰਾਇੰਦਾ। ਲੇਖਾ ਜਾਣੇ ਦੋ ਜਹਾਨ ਦੋ ਜਹਾਨਾਂ ਵਾਲੀ, ਆਪਣਾ ਭੇਵ ਆਪ ਖੁਲ੍ਹਾਇੰਦਾ। ਜੁਗਾ ਜੁਗੰਤਰ ਚਾਲ ਨਿਰਾਲੀ, ਦਿਸ ਕਿਸੇ ਨਾ ਆਇੰਦਾ। ਦੀਨ ਦੁਨੀ ਏਕਾ ਵਾਲੀ, ਦਰਦ ਦੁਖ ਭੈ ਭੰਜਨ ਆਪਣੀ ਕਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਸਚਖੰਡ ਦਵਾਰੇ ਸੋਭਾ ਪਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਛੱਪਰ ਛੰਨ ਨਾ ਕੋਇ ਛੁਹਾਈਆ। ਸੋ ਪੁਰਖ ਨਿਰੰਜਣ ਬੈਠਾ ਏਕਾ ਕੰਤ, ਹਰਿ ਪੁਰਖ ਨਿਰੰਜਣ ਨਾਰੀ ਨਰ ਨਰਾਇਣ ਰੂਪ ਵਟਾਈਆ। ਏਕੰਕਾਰਾ ਮਹਿਮਾ ਅਗਣਤ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਆਦਿ ਨਿਰੰਜਣ ਜੋਬਨਵੰਤ, ਨੂਰ ਨੁਰਾਨਾ ਬੇਪਰਵਾਹੀਆ। ਅਬਿਨਾਸ਼ੀ ਕਰਤਾ ਲੇਖਾ ਜਾਣੇ ਆਦਿ ਅੰਤ, ਮਧ ਆਪਣਾ ਬੰਧਨ ਪਾਈਆ। ਸ੍ਰੀ ਭਗਵਾਨ ਆਪ ਪਰਗਟਾਏ ਆਪਣਾ ਮੰਤ, ਨਾਉਂ ਨਿਰੰਕਾਰਾ ਆਪ ਰਖਾਈਆ। ਪਾਰਬ੍ਰਹਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਦਏ ਵਡਿਆਈਆ। ਸਚਖੰਡ ਦਵਾਰ ਸੁਹੰਜਣਾ, ਹਰਿ ਸਾਚਾ ਆਪ ਸੁਹਾਇੰਦਾ। ਦੀਪਕ ਜੋਤ ਪਰਕਾਸ਼ ਕਰੇ ਆਦਿ ਨਿਰੰਜਣਾ, ਨੂਰ ਨੁਰਾਨਾ ਡਗਮਗਾਇੰਦਾ। ਨਿਰਗੁਣ ਨਿਰਗੁਣ ਬਣੇ ਸਾਚਾ ਸੱਜਣਾ, ਸਗਲਾ ਸੰਗ ਵਖਾਇੰਦਾ। ਨਾ ਘੜਿਆ ਨਾ ਭੱਜਣਾ, ਘੜਨ ਭੰਨਣਹਾਰ ਆਪਣੀ ਕਲ ਵਰਤਾਇੰਦਾ। ਥਿਰ ਘਰ ਨਿਵਾਸੀ ਆਪੇ ਜਾਣੇ ਆਪਣਾ ਸਾਚਾ ਮਜਨਾ, ਸਰ ਸਰੋਵਰ ਏਕਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪ ਵਡਿਆਇੰਦਾ। ਸਚਖੰਡ ਦਵਾਰਾ ਸਾਚੀ ਧਾਰ, ਪੁਰਖ ਅਕਾਲ ਆਪ ਚਲਾਈਆ। ਨਾ ਕੋਈ ਦਿਸੇ ਚਾਰ ਦੀਵਾਰ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸੂਰਜ ਚੰਨ ਨਾ ਕੋਇ ਉਜਿਆਰ, ਮੰਡਲ ਮੰਡਪ ਨਾ ਕੋਇ ਸੁਹਾਈਆ। ਗਗਨ ਪਾਤਾਲ ਨਾ ਕੋਇ ਆਧਾਰ, ਲੋਆਂ ਪੁਰੀਆਂ ਨਾ ਬੰਧਨ ਪਾਈਆ। ਕਰੇ ਖੇਲ ਅਪਰ ਅਪਾਰ, ਇਕ ਇਕੱਲਾ ਸੱਚਾ ਸ਼ਹਿਨਸ਼ਾਹੀਆ। ਆਪਣੀ ਇਛਿਆ ਆਪ ਵਿਚਾਰ, ਆਪਣਾ ਬਲ ਆਪ ਧਰਾਈਆ। ਮਾਤ ਪਿਤ ਨਾ ਕੋਇ ਪਿਆਰ, ਪੂਤ ਸਪੂਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਵੜ, ਆਸਣ ਸਿੰਘਾਸਣ ਆਪ ਸੁਹਾਈਆ। ਸਚਖੰਡ ਦਵਾਰੇ ਆਪੇ ਵੜਿਆ, ਨਿਰਗੁਣ ਰੂਪ ਪੁਰਖ ਅਗੰਮ। ਘਾੜਤ ਘੜਨ ਨਾ ਕਿਸੇ ਘੜਿਆ, ਮਾਤਾ ਕੁੱਖ ਨਾ ਪਿਆ ਜੰਮ। ਆਪਣੇ ਪੌੜੇ ਆਪੇ ਚੜ੍ਹਿਆ, ਪਾਰਬ੍ਰਹਮ ਪ੍ਰਭ ਆਪਣਾ ਬੇੜਾ ਬੰਨ੍ਹ। ਆਪਣਾ ਅਖਸ਼ਰ ਆਪੇ ਪੜ੍ਹਿਆ, ਆਪੇ ਰਿਹਾ ਮੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਨਿਵਾਸੀ ਇਕ ਭਗਵਨ। ਸ੍ਰੀ ਭਗਵਾਨ ਸਚਖੰਡ ਦਵਾਰ ਸੁਹਾਇੰਦਾ, ਸੋਭਾਵੰਤ ਏਕੰਕਾਰ। ਤਖ਼ਤ ਨਿਵਾਸੀ ਤਖ਼ਤ ਉਪਾਇੰਦਾ, ਆਪ ਆਪਣੀ ਕਿਰਪਾ ਧਾਰ। ਪਾਵਾ ਚੂਲ ਨਾ ਕੋਇ ਰਖਾਇੰਦਾ, ਨਾ ਕੋਈ ਬਾਢੀ ਕਰੇ ਵਿਚਾਰ। ਨੇਤਰ ਲੋਚਣ ਨੈਣ ਦਿਸ ਕਿਸੇ ਨਾ ਆਇੰਦਾ, ਅਨਡਿਠ ਖੇਲ ਕਰੇ ਕਰਤਾਰ। ਕਾਗਦ ਕ਼ਲਮ ਭੇਵ ਨਾ ਪਾਇੰਦਾ, ਲਿਖ ਲਿਖ ਕੋਇ ਨਾ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਖੋਲ੍ਹੇ ਇਕ ਕਿਵਾੜ। ਸਚਖੰਡ ਦਵਾਰਾ ਖੋਲ੍ਹਿਆ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦ। ਆਦਿ ਜੁਗਾਦਿ ਰਹੇ ਅਡੋਲਿਆ, ਨਿਰਗੁਣ ਰੂਪ ਹੋ ਵਿਸਮਾਦ। ਆਪਣਾ ਨਾਉਂ ਨਿਰੰਕਾਰ ਆਪੇ ਬੋਲਿਆ, ਆਪ ਜਣਾਏ ਬੋਧ ਅਗਾਧ। ਆਪਣੇ ਕੰਡੇ ਆਪੇ ਤੋਲਿਆ, ਆਪ ਆਪਾ ਵਿਚੋਂ ਕਾਢ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਇਕ ਵਜਾਏ ਸਾਚਾ ਨਾਦ। ਸਾਚਾ ਨਾਦ ਸਚਖੰਡ ਨਿਵਾਸੀ, ਏਕਾ ਏਕ ਉਪਾਈਆ। ਆਪਣੇ ਮੰਡਲ ਆਪੇ ਪਾਵੇ ਰਾਸੀ, ਪਾਰਬ੍ਰਹਮ ਵਡੀ ਵਡਿਆਈਆ। ਨਿਰਗੁਣ ਜੋਤ ਜੋਤ ਪਰਕਾਸੀ, ਅਨਭਵ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਦੇਸ਼ ਨਰ ਨਰੇਸ਼ ਆਪ ਸੁਣਾਈਆ। ਸਚ ਸੰਦੇਸ਼ ਹਰਿ ਨਿਰੰਕਾਰਾ, ਆਪਣਾ ਆਪ ਉਪਾਇੰਦਾ। ਆਪਣਾ ਨਾਉਂ ਕਰ ਉਜਿਆਰਾ, ਆਪੇ ਵੇਖ ਵਖਾਇੰਦਾ। ਸਚਖੰਡ ਖੰਡ ਸਚ ਏਕਾ ਕਾਰਾ, ਥਿਰ ਘਰ ਆਪਣਾ ਰੂਪ ਧਰਾਇੰਦਾ। ਸ਼ਬਦ ਅਨਾਦੀ ਸਤਿ ਜੈਕਾਰਾ, ਸਤਿ ਬ੍ਰਹਿਮਾਦੀ ਆਪ ਬਣਾਇੰਦਾ। ਏਕਾ ਦੇਵੇ ਸਾਚੀ ਦਾਦੀ, ਵਸਤ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਦਵਾਰਾ ਆਪਣਾ ਆਪ ਜਣਾਇੰਦਾ। ਥਿਰ ਘਰ ਦਵਾਰਾ ਕਰ ਤਿਆਰ, ਘਰ ਘਰ ਵਿਚ ਲਏ ਪਰਗਟਾਈਆ। ਸਚਖੰਡ ਸੋਹੇ ਹਰਿ ਨਿਰੰਕਾਰ, ਥਿਰ ਘਰ ਸਾਚਾ ਸ਼ਬਦ ਬਹਾਈਆ। ਪਿਤਾ ਪੂਤ ਏਕਾ ਧਾਰ, ਨਿਰਾਕਾਰ ਆਪ ਚਲਾਈਆ। ਲਿਖਣ ਪੜ੍ਹਨ ਤੋਂ ਵਸਿਆ ਬਾਹਰ, ਲੇਖਾ ਲੇਖ ਨਾ ਕੋਇ ਵਖਾਈਆ। ਆਪਣੀ ਕਰਨੀ ਕਰੇ ਕਰਨਹਾਰ, ਕਰਤਾ ਪੁਰਖ ਆਪਣੇ ਹੱਥ ਰੱਖੇ ਵਡਿਆਈਆ। ਆਪਣੀ ਇਛਿਆ ਬਣ ਵਰਤਾਰ, ਸਾਚੀ ਭਿਛਿਆ ਇਕ ਦਰਸਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈ ਤ੍ਰੈ ਮੇਲਾ ਏਕਾ ਥਾਈਂਆ। ਏਕਾ ਬੰਧਨ ਹਰਿ ਨਿਰੰਕਾਰ, ਸ਼ਬਦੀ ਡੋਰੀ ਤੰਦ ਬੰਧਾਈਆ। ਅੰਤਰ ਆਤਮ ਇਕ ਧੁੰਨਕਾਰ, ਸ਼ਬਦ ਅਨਾਦੀ ਨਾਦ ਸੁਣਾਈਆ। ਧੁਰ ਫ਼ਰਮਾਨਾ ਬੋਲ ਜੈਕਾਰ, ਸਾਚਾ ਰਾਣਾ ਆਪ ਸਮਝਾਈਆ। ਭੁਲ ਨਾ ਜਾਣਾ ਬਣ ਗਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਵਿਸ਼ਨ ਬ੍ਰਹਮਾ ਸ਼ਿਵ ਨਾ ਭੁੱਲਣਾ, ਹਰਿ ਸਾਚਾ ਸਚ ਜਣਾਇੰਦਾ। ਏਕਾ ਕੰਡੇ ਤੁਲਣਾ, ਹਰਿ ਹਰਿ ਆਪਣਾ ਕੰਡਾ ਇਕ ਵਖਾਇੰਦਾ। ਚਰਨ ਪ੍ਰੀਤੀ ਘੋਲ ਘੁਲਨਾ, ਘੋਲੀ ਘੋਲ ਏਹ ਸਮਝਾਇੰਦਾ। ਆਦਿ ਅੰਤ ਪਾਏ ਮੁਲਨਾ, ਅਮੁਲ ਆਪਣੀ ਖੇਲ ਖਿਲਾਇੰਦਾ। ਤ੍ਰੈ ਤ੍ਰੈਗੁਣ ਤ੍ਰੈ ਤ੍ਰੈ ਵੇਸ ਲੱਖ ਚੁਰਾਸੀ ਫਲਨਾ ਫੁਲਨਾ, ਫੁਲ ਫੁਲਵਾੜੀ ਪੱਤ ਡਾਲ੍ਹ ਆਪ ਮਹਿਕਾਇੰਦਾ। ਲੋਕਮਾਤ ਪੰਜ ਤਤ ਨਿਸ਼ਾਨ ਝੁਲਣਾ, ਸਾਚੀ ਸੇਵਾ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਏਕਾ ਹਰਿ, ਧੁਰ ਫ਼ਰਮਾਨਾ ਆਪ ਜਣਾਇੰਦਾ। ਧੁਰ ਫ਼ਰਮਾਨਾ ਹਰਿ ਜਣਾਇਆ, ਲੇਖਾ ਲਿਖਤ ਵਿਚ ਨਾ ਆਈਆ। ਵਿਸ਼ਨ ਬ੍ਰਹਮਾ ਸ਼ਿਵ ਉਠਾਇਆ, ਦੇ ਮਤ ਰਿਹਾ ਸਮਝਾਈਆ। ਲੱਖ ਚੁਰਾਸੀ ਘਾੜਨ ਲਏ ਘੜਾਇਆ, ਤ੍ਰੈਗੁਣ ਮਾਇਆ ਬੰਧਨ ਪਾਈਆ। ਪੰਜ ਤੱਤ ਲਏ ਉਪਾਇਆ, ਤਤਵ ਤਤ ਇਕ ਰਖਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾਇਆ, ਨਿਰਗੁਣ ਆਪਣਾ ਰੂਪ ਵਟਾਈਆ। ਸਰਗੁਣ ਮੇਲਾ ਸਹਿਜ ਸੁਭਾਇਆ, ਆਤਮ ਜੋਤੀ ਬ੍ਰਹਮ ਟਿਕਾਈਆ। ਕਾਇਆ ਮੰਦਰ ਅੰਦਰ ਡੂੰਘੀ ਕੰਦਰ ਡੇਰਾ ਲਾਇਆ, ਘਰ ਘਰ ਵਿਚ ਸੋਭਾ ਪਾਈਆ। ਸ਼ਬਦ ਅਨਾਦਿ ਧੁੰਨ ਆਪ ਵਜਾਇਆ, ਅਨਹਦ ਸਾਚੀ ਸੇਵ ਵਖਾਈਆ। ਨੌਂ ਦਵਾਰੇ ਖੋਜ ਖੁਜਾਇਆ, ਜਗਤ ਤ੍ਰਿਸ਼ਨਾ ਵਿਚ ਫਿਰਾਈਆ। ਆਸਾ ਮਨਸਾ ਮੇਲ ਮਿਲਾਇਆ, ਪੰਚਮ ਏਕਾ ਰੰਗ ਵਖਾਈਆ। ਸਾਚਾ ਢੋਲਾ ਆਪਣਾ ਸੋਹਲਾ ਆਪਣੇ ਹੱਥ ਰਖਾਇਆ, ਦੂਸਰ ਦੇਵੇ ਨਾ ਕੋਇ ਵਡਿਆਈਆ। ਨਾਮ ਵਿਚੋਲਾ ਵਿਚ ਬਹਾਇਆ, ਉਪਰ ਆਪਣਾ ਪਰਦਾ ਪਾਈਆ। ਕਾਇਆ ਚੋਲਾ ਵੇਖ ਵਖਾਇਆ, ਹੱਡ ਮਾਸ ਨਾੜੀ ਰਤ ਬੂੰਦ ਰਕਤ ਦਏ ਵਡਿਆਈਆ। ਪਰਦਾ ਉਹਲਾ ਨਾ ਸਕੇ ਕੋਇ ਚੁਕਾਇਆ, ਅੰਧ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਘਾੜਨ ਘੜ, ਨਿਰਗੁਣ ਅੰਦਰ ਬੈਠਾ ਵੜ, ਸਰਗੁਣ ਆਪਣੇ ਕਾਰੇ ਲਾਈਆ। ਨਿਰਗੁਣ ਸਰਗੁਣ ਬੰਨ੍ਹੇ ਧਾਰ, ਪੰਜ ਤਤ ਕਾਇਆ ਖੇਲ ਖਿਲਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ, ਤਾਰ ਸਤਾਰ ਆਪ ਹਿਲਾਇੰਦਾ। ਬ੍ਰਹਮਾ ਦੇਵੇ ਸ਼ਬਦ ਆਧਾਰ, ਏਕਾ ਨਾਦ ਸੁਣਾਇੰਦਾ। ਆਪਣਾ ਅੱਖਰ ਵੇਦ ਚਾਰ, ਵੇਦ ਚਾਰ ਏਕਾ ਅਖਰ ਗੁਣ ਗਾਇੰਦਾ। ਏਕਾ ਅੱਖਰ ਸਤਿ ਭੰਡਾਰ, ਸਤਿ ਭੰਡਾਰ ਵਿਸ਼ਨੂੰ ਝੋਲੀ ਪਾਇੰਦਾ। ਏਕਾ ਅੱਖਰ ਦਏ ਸੰਘਾਰ, ਸ਼ੰਕਰ ਏਕਾ ਅੱਖਰ ਮੁੱਲ ਰਖਾਇੰਦਾ। ਪੁਰਖ ਅਬਿਨਾਸ਼ੀ ਹੋ ਤਿਆਰ, ਸਾਚਾ ਮਾਰਗ ਆਪ ਲਗਾਇੰਦਾ। ਲੱਖ ਚੁਰਾਸੀ ਵਿਚ ਸੰਸਾਰ, ਈਸ਼ ਜੀਵ ਮੇਲ ਮਿਲਾਇੰਦਾ। ਬ੍ਰਹਮ ਪਾਰਬ੍ਰਹਮ ਨਾਰ ਭਤਾਰ, ਕੰਤ ਸੁਹਾਗੀ ਖੇਲ ਖਿਲਾਇੰਦਾ। ਵੰਡਣ ਵੰਡ ਵੰਡਾਏ ਆਪ ਕਰਤਾਰ, ਸਾਚਾ ਹਿੱਸਾ ਆਪਣੇ ਹੱਥ ਰਖਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਰ ਵਿਚਾਰ, ਜੁਗ ਚੌਕੜੀ ਬੰਧਨ ਪਾਇੰਦਾ। ਨਿਰਗੁਣ ਸਰਗੁਣ ਹੋਏ ਉਜਿਆਰ, ਗੁਰ ਅਵਤਾਰ ਖੇਲ ਖਿਲਾਇੰਦਾ। ਸ਼ਬਦ ਨਾਮ ਕਰ ਪੁਕਾਰ, ਆਪਣਾ ਰੂਪ ਆਪ ਦਰਸਾਇੰਦਾ। ਭਗਤ ਭਗਵੰਤ ਲਏ ਉਭਾਰ, ਸੰਤ ਸਾਜਣ ਮੇਲ ਮਿਲਾਇੰਦਾ। ਗੁਰਮੁਖਾਂ ਖੋਲ੍ਹ ਬੰਦ ਕਿਵਾੜ, ਦੂਈ ਦਵੈਤੀ ਮੇਟ ਮਿਟਾਇੰਦਾ। ਗੁਰਸਿਖਾਂ ਬਖ਼ਸ਼ੇ ਚਰਨ ਪਿਆਰ, ਚਰਨ ਧੂੜੀ ਮਸਤਕ ਟਿੱਕਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਏਕਾ ਹਰਿ, ਅਕਲ ਕਲ ਆਪਣੀ ਖੇਲ ਖਿਲਾਇੰਦਾ। ਅਕਲ ਕਲ ਹਰਿ ਧਾਰ, ਧਰਨੀ ਧਰਤ ਧਵਲ ਵੇਖ ਵਖਾਈਆ। ਜੁਗਾ ਜੁਗੰਤਰ ਲੈ ਅਵਤਾਰ, ਸਤਿਜੁਗ ਤ੍ਰੇਤਾ ਦਵਾਪਰ ਆਪ ਹੰਢਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗਾਇਣ ਆਪਣੀ ਵਾਰ, ਗੀਤਾ ਗਿਆਨ ਆਪ ਸਮਝਾਈਆ। ਅੰਜੀਲ ਕ਼ੁਰਾਨ ਕਰਨ ਪੁਕਾਰ, ਤੀਸ ਬਤੀਸਾ ਦਏ ਦੁਹਾਈਆ। ਖਾਣੀ ਬਾਣੀ ਇਕ ਵਿਚਾਰ, ਬੋਧ ਅਗਾਧ ਭੇਵ ਖੁਲ੍ਹਾਈਆ। ਧੁਰ ਦੀ ਬਾਣੀ ਬਾਣ ਮਾਰੇ ਨਿਆਰ, ਤੀਰ ਨਿਰਾਲਾ ਆਪ ਚਲਾਈਆ। ਗੁਰ ਸਤਿਗੁਰ ਪਾਵੇ ਸਾਚੀ ਸਾਰ, ਦੂਸਰ ਅਵਰ ਨਾ ਕੋਇ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਜੁਗ ਕਰਤਾ ਆਪਣਾ ਬੰਧਨ ਆਪੇ ਪਾਈਆ। ਸਾਚਾ ਬੰਧਨ ਹਰਿ ਨਿਰੰਕਾਰ, ਜੁਗ ਚੌਕੜੀ ਆਪ ਰਖਾਇੰਦਾ। ਪਰਗਟ ਹੋ ਵਿਚ ਸੰਸਾਰ, ਲੋਕਮਾਤ ਵੇਖ ਵਖਾਇੰਦਾ। ਭਗਤ ਭਗਵੰਤ, ਜਾਏ ਪੈਜ ਸੁਆਰ, ਦੁਸ਼ਟ ਹੰਕਾਰੀ ਮੇਟ ਮਿਟਾਇੰਦਾ। ਗ਼ਰੀਬ ਨਿਮਾਣਿਆਂ ਲਏ ਉਭਾਰ, ਮਾਇਆ ਮਮਤਾ ਮੋਹ ਚੁਕਾਇੰਦਾ। ਹਉਮੇਂ ਹੰਗਤਾ ਗੜ੍ਹ ਤੋੜ ਹੰਕਾਰ, ਸਾਚੀ ਸੰਗਤਾ ਮੇਲ ਮਿਲਾਇੰਦਾ। ਕਲਜੁਗ ਅੰਤਮ ਖੇਲ ਅਪਾਰ, ਜੋਤੀ ਜਾਮਾ ਭੇਖ ਵਟਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਧੂਆਂਧਾਰ, ਸੱਤਾਂ ਦੀਪਾਂ ਚੰਦ ਨਾ ਕੋਇ ਚੜ੍ਹਾਇੰਦਾ। ਸ੍ਰਿਸ਼ਟ ਸਬਾਈ ਹੋਈ ਵਿਭਚਾਰ, ਘਰ ਘਰ ਕਾਮ ਕਰੋਧ ਲੋਭ ਮੋਹ ਹੰਕਾਰ ਡੇਰਾ ਲਾਇੰਦਾ। ਆਤਮ ਅੰਤਰ ਨਾ ਕਰੇ ਕੋਇ ਵਿਚਾਰ, ਬ੍ਰਹਮ ਪਾਰਬ੍ਰਹਮ ਨਾ ਕੋਇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਦਵਾਰਾ ਇਕ ਸੁਹਾਇੰਦਾ। ਸਚਖੰਡ ਦਵਾਰ ਸੁਹਾਵਣਾ, ਹਰਿ ਸਾਚਾ ਸਚ ਸੁਹਾਈਆ। ਜੁਗ ਜੁਗ ਆਪਣਾ ਵੇਸ ਵਟਾਵਣਾ, ਨਿਰਗੁਣ ਸਰਗੁਣ ਰੂਪ ਧਰਾਈਆ। ਕਲਜੁਗ ਅੰਤਮ ਭੇਵ ਖੁਲ੍ਹਾਵਣਾ, ਜੋਤੀ ਜੋਤ ਕਰ ਰੁਸ਼ਨਾਈਆ। ਕਿਲਾ ਕੋਟ ਨਾ ਕੋਇ ਵਖਾਵਣਾ, ਸਾਢੇ ਤਿੰਨ ਹੱਥ ਏਕਾ ਮੰਦਰ ਆਪ ਵਡਿਆਈਆ। ਖੜਗ ਖੰਡਾ ਹੱਥ ਨਾ ਕੋਇ ਚਮਕਾਵਣਾ, ਨਾਮ ਖੰਡਾ ਇਕ ਰਖਾਈਆ। ਬ੍ਰਹਿਮੰਡਾਂ ਵੰਡ ਵੰਡਾਵਣਾ, ਜੇਰਜ ਅੰਡਾਂ ਵੇਖੇ ਥਾਉਂ ਥਾਈਂਆ। ਭੇਖ ਪਖੰਡਾ ਆਪ ਗਵਾਵਣਾ, ਜਗਤ ਵਿਕਾਰਾ ਮੇਟੇ ਝੂਠੀ ਛਾਹੀਆ। ਸਾਚਾ ਛੰਦ ਇਕ ਸੁਣਾਵਣਾ, ਪੁਰਖ ਅਕਾਲ ਦੀਨ ਦਿਆਲ ਜੈ ਜੈਕਾਰ ਕਰੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਰੂਪ ਅਨੂਪ ਆਪ ਧਰਾਈਆ। ਰੂਪ ਅਨੂਪਾ ਸ਼ਾਹੋ ਭੂਪਾ, ਸੋ ਪੁਰਖ ਨਿਰੰਜਣ ਆਪ ਧਰਾਇੰਦਾ। ਵਸਣਹਾਰਾ ਚਾਰੇ ਕੂੰਟਾਂ, ਦਹਿ ਦਿਸ਼ਾ ਫੇਰੀ ਪਾਇੰਦਾ। ਜਨ ਭਗਤਾਂ ਉਪਰ ਆਪੇ ਤੁਠਾ, ਦੇ ਦਰਸ ਆਤਮ ਅੰਤਰ ਤ੍ਰਿਖਾ ਬੁਝਾਇੰਦਾ। ਅੰਮ੍ਰਿਤ ਆਤਮ ਦੇਵੇ ਘੁੱਟਾ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੋਕਮਾਤ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖਣ ਆਇਆ, ਨਿਰਗੁਣ ਨਿਰਵੈਰ ਪੁਰਖ ਅਕਾਲ। ਚਾਰੇ ਵਰਨਾਂ ਲਏ ਉਠਾਇਆ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਕਰ ਪਿਆਰ। ਨੌਂ ਖੰਡ ਪ੍ਰਿਥਮੀ ਮੇਲ ਮਿਲਾਇਆ, ਸਤਾਂ ਦੀਪਾਂ ਏਕਾ ਧਾਰ। ਊਚ ਨੀਚ ਕੋਈ ਰਹਿਣ ਨਾ ਪਾਇਆ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਬਹਾਏ ਇਕ ਦਰਬਾਰ। ਏਕਾ ਹੁਕਮ ਧੁਰ ਫ਼ਰਮਾਨਾ ਆਪ ਸੁਣਾਇਆ, ਸੋ ਪੁਰਖ ਨਿਰੰਜਣ ਹੋਇਆ ਖ਼ਬਰਦਾਰ। ਹੰ ਬ੍ਰਹਮ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਲਏ ਉਠਾਇਆ, ਸੋਇਆ ਰਹੇ ਨਾ ਕੋਇ ਵਿਚ ਸੰਸਾਰ। ਨਾਦ ਬ੍ਰਹਿਮਾਦਿ ਆਪ ਵਜਾਇਆ, ਸ਼ਬਦੀ ਸ਼ਬਦ ਏਕੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਕਰੇ ਕਰਾਏ ਸਾਚੀ ਕਾਰ। ਕਲਜੁਗ ਕਾਰ ਕਮਾਇੰਦਾ, ਖ਼ਾਲਕ ਖ਼ਲਕ ਰੂਪ ਭਗਵਾਨ। ਮੁਕਾਮੇ ਹੱਕ ਵੇਖ ਵਖਾਇੰਦਾ, ਲੱਖ ਚੁਰਾਸੀ ਜੀਵ ਸ਼ੈਤਾਨ। ਐਨਲਹਕ ਨਾਅਰਾ ਲਾਇੰਦਾ, ਤੌਫ਼ੀਕ਼ ਖ਼ੁਦਾਏ ਇਕ ਮਿਹਬਾਨ। ਲਾਸ਼ਰੀਕ ਖੇਲ ਖਿਲਾਇੰਦਾ, ਲੇਖਾ ਜਾਣੇ ਦੋ ਜਹਾਨ। ਰਾਮ ਨਾਮ ਆਪ ਪਰਗਟਾਇੰਦਾ, ਘਟ ਘਟ ਹੋਇਆ ਜਾਣੀ ਜਾਣ। ਜੋਤੀ ਜਾਮਾ ਭੇਖ ਵਟਾਇੰਦਾ, ਸ਼ਾਹੋ ਭੂਪ ਵਡ ਸੁਲਤਾਨ। ਕੋਟਨ ਕੋਟੀ ਜੀਵ ਤਰਾਇੰਦਾ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੰਚਮ ਮੇਟੇ ਝੂਠ ਦੁਕਾਨ। ਪੰਚਮ ਨਾਤਾ ਤੋੜਨਾ, ਪੰਚ ਵਿਕਾਰਾ ਰਹਿਣ ਨਾ ਪਾਈਆ। ਪੰਚਮ ਸ਼ਬਦ ਸ਼ਬਦੀ ਸੰਗ ਜੋੜਨਾ, ਸੁਰਤ ਸ਼ਬਦ ਮੇਲ ਮਿਲਾਈਆ। ਕਰੇ ਪਰਕਾਸ਼ ਅੰਧ ਘੋਰਨਾ, ਅੰਧ ਅੰਧੇਰਾ ਦਏ ਗਵਾਈਆ। ਕੂੜੀ ਕਿਰਿਆ ਪਾਏ ਸ਼ੋਰਨਾ, ਸਚ ਸੁੱਚ ਆਪ ਪਰਗਟਾਈਆ। ਕਲਜੁਗ ਆਪਣੀ ਹੱਥੀਂ ਲੋਕਮਾਤ ਵਿਚੋਂ ਤੋਰਨਾ, ਵੇਲਾ ਅੰਤ ਦਏ ਮੁਕਾਈਆ। ਸਤਿਜੁਗ ਸਾਚਾ ਹਰਿਜਨ ਸਾਚੇ ਬੌਹੜਨਾ, ਮੇਲ ਮਿਲਾਵਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੇ ਹੱਥ ਰੱਖ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਧਾਰ ਨਿਰੰਕਾਰ ਵਿਚ ਸੰਸਾਰ, ਜੋਤੀ ਸ਼ਬਦੀ ਸ਼ਬਦ ਜੋਤ ਜੋਤ ਜੋਤ ਰੁਸ਼ਨਾਈਆ।