੧੫ ਚੇਤ ੨੦੧੩ ਬਿਕ੍ਰਮੀ ਨਿਰੰਜਣ ਸਿੰਘ ਦੇ ਗ੍ਰਹਿ ਪਿੰਡ ਬਦੋਵਾਲ ਜ਼ਿਲਾ ਲੁਧਿਆਣਾ
ਹਰਿਜਨ ਮਾਤ ਵਡਿਆਈਆ, ਦੇਵਣਹਾਰ ਦਾਤਾਰ। ਆਪੇ ਵੇਖ ਵਖਾਈਆ, ਵੇਖ ਵਖਾਏ ਪਰਖਣਹਾਰ। ਦਰ ਦਵਾਰਾ ਬੰਕ ਸੁਹਾਈਆ, ਲੇਖਾ ਲਿਖੇ ਲਿਖਣਹਾਰ। ਆਪ ਆਪਣੇ ਅੰਕ ਸਮਾਈਆ, ਬਖ਼ਸ਼ੇ ਚਰਨ ਕਵਲ ਪਿਆਰ। ਸਾਜਣ ਮੀਤ ਸਰਬ ਸੁਖਦਾਈਆ, ਦੇਵੇ ਨਾਮ ਸ਼ਬਦ ਭੰਡਾਰ। ਅਚਰਜ ਕਲਜੁਗ ਰੀਤ ਚਲਾਈਆ, ਏਕਾ ਰੰਗਣ ਰੰਗ ਰੰਗੇ ਕਰਤਾਰ। ਗੁਰਮੁਖ ਸਾਚੇ ਕਾਇਆ ਤੀਰਥ ਇਕ ਵਖਾਈਆ, ਮੰਗੇ ਮੰਗ ਦਰ ਦਵਾਰ। ਸੀਤਲ ਧਾਰਾ ਅੰਮ੍ਰਿਤ ਮੁਖ ਚੁਆਈਆ, ਜਗਤ ਤ੍ਰਿਸ਼ਨਾ ਦਏ ਨਿਵਾਰ। ਆਪ ਆਪਣੀ ਗੋਦ ਉਠਾਈਆ, ਸਾਚਾ ਦੇਵੇ ਨਾਮ ਹੁਲਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੜ ਫੜ ਬਾਹੋਂ ਲਾਏ ਪਾਰ। ਸੋਹੇ ਬੰਕ ਦਵਾਰ, ਚਰਨ ਛੁਹਾਇਆ। ਚਰਨ ਕਵਲ ਪ੍ਰਭ ਸਾਚੀ ਧਾਰ, ਰਾਓ ਰੰਕਾਂ ਭੇਵ ਮਿਟਾਇਆ। ਮਿਟੇ ਭੇਵ ਵਿਚ ਸੰਸਾਰ, ਏਕਾ ਰੰਗ ਰਿਹਾ ਵਖਾਇਆ। ਏਕਾ ਰੰਗ ਏਕੰਕਾਰ, ਸਚ ਮਹੱਲਾ ਰਿਹਾ ਵਸਾਇਆ। ਸਚ ਮਹੱਲਾ ਜੋਤ ਨਿਰੰਕਾਰ, ਸ਼ਬਦ ਪੱਲਾ ਰਿਹਾ ਫੜਾਇਆ। ਸ਼ਬਦ ਪੱਲਾ ਮੀਤ ਮੁਰਾਰ, ਔਖੀ ਘਾਟੀ ਰਿਹਾ ਚੜ੍ਹਾਇਆ। ਔਖੀ ਘਾਟੀ ਡੂੰਘੀ ਗਾਰ, ਬਜਰ ਕਪਾਟੀ ਪੜਦਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਹਰਿਜਨ ਵੇਖ ਸਚ ਘਰ, ਸਾਚੀ ਹਾਟੀ ਸਾਚਾ ਵਣਜ ਕਰਾਇਆ। ਵਣਜ ਕਰਾਏ ਲੇਖੇ ਲਾਏ ਕਾਇਆ ਚਾਮ, ਸੱਜਣ ਸੈਣ ਸਈਆ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਰਿਹਾ ਕਟਾਈਆ।।