Granth 10 Likhat 073: 3 Chet 2018 Bikarmi Chanda Singh de Greh Partap Nagar

੩ ਚੇਤ ੨੦੧੮ ਬਿਕ੍ਰਮੀ ਚੰਦਾ ਸਿੰਘ ਦੇ ਗ੍ਰਹਿ ਪਰਤਾਪ ਨਗਰ

ਹੁਕਮੇ ਅੰਦਰ ਖੇਲ ਨਿਰੰਕਾਰ, ਆਦਿ ਜੁਗਾਦਿ ਕਰਾਇਆ। ਹੁਕਮੇ ਅੰਦਰ ਆਪੇ ਆਪ ਹੋਏ ਸਿਰਜਣਹਾਰ, ਆਪ ਆਪਣਾ ਹੁਕਮ ਮਨਾਇਆ। ਹੁਕਮੇ ਅੰਦਰ ਖੰਡ ਬ੍ਰਹਿਮੰਡ ਕਰ ਤਿਆਰ, ਲੋਆਂ ਪੁਰੀਆਂ ਬਣਤ ਬਣਾਇਆ। ਹੁਕਮੇ ਅੰਦਰ ਰਵ ਸਸ ਉਜਿਆਰ, ਹੁਕਮੇ ਅੰਦਰ ਮੰਡਲ ਮੰਡਪ ਦਏ ਸੁਹਾਇਆ। ਹੁਕਮੇ ਅੰਦਰ ਜੋਤੀ ਸ਼ਬਦੀ ਧਾਰ, ਹੁਕਮੇ ਅੰਦਰ ਨਿਰਵੈਰ ਨਿਰਾਕਾਰ ਪੁਰਖ ਅਗੰਮ ਆਪਣੀ ਖੇਲ ਖਿਲਾਇਆ। ਹੁਕਮੇ ਅੰਦਰ ਸ਼ਾਹ ਭੂਪ ਬਣ ਸਿਕਦਾਰ, ਤਖ਼ਤ ਨਿਵਾਸੀ ਸਚ ਸਿੰਘਾਸਣ ਸੋਭਾ ਪਾਇਆ। ਹੁਕਮੇ ਅੰਦਰ ਰਾਓ ਰੰਕ ਬਣ ਭਿਖਾਰ, ਦਰ ਦਰਵੇਸ਼ ਅਲਖ ਜਗਾਇਆ। ਹੁਕਮੇ ਅੰਦਰ ਜੋਧਾ ਸੂਰਬੀਰ ਦਾਤਾਰ, ਦੋ ਜਹਾਨਾਂ ਵੇਸ ਧਰਾਇਆ। ਹੁਕਮੇ ਅੰਦਰ ਸਤਿ ਸਤਿਵਾਦੀ ਕਰੇ ਕਰਾਏ ਸਾਚੀ ਕਾਰ, ਕਰਤਾ ਪੁਰਖ ਸੇਵ ਕਮਾਇਆ। ਹੁਕਮੇ ਅੰਦਰ ਗੁਪਤ ਜ਼ਾਹਰ ਅੰਦਰ ਬਾਹਰ, ਆਪਣਾ ਪਰਦਾ ਆਪ ਰਖਾਇਆ। ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਲਏ ਉਭਾਰ, ਬੰਸ ਸਰਬੰਸਾ ਰੂਪ ਵਟਾਇਆ। ਹੁਕਮੇ ਅੰਦਰ ਆਪਣੀ ਇਛਿਆ ਤ੍ਰੈਗੁਣ ਨਾਰ, ਤ੍ਰੈਗੁਣ ਅਤੀਤਾ ਆਪ ਰਖਾਇਆ। ਹੁਕਮੇ ਅੰਦਰ ਤੱਤਵ ਤਤ ਕਰ ਪਸਾਰ, ਹੁਕਮੇ ਅੰਦਰ ਪਾਰਬ੍ਰਹਮ ਬ੍ਰਹਮ ਆਪਣੀ ਵੰਡ ਵੰਡਾਇਆ। ਹੁਕਮੇ ਅੰਦਰ ਧਰਤ ਧਵਲ ਆਕਾਸ਼, ਹੁਕਮੇ ਅੰਦਰ ਪਰਕਾਸ਼ ਪਰਕਾਸ਼ ਆਪ ਵਖਾਇਆ। ਹੁਕਮੇ ਅੰਦਰ ਲੱਖ ਚੁਰਾਸੀ ਦਏ ਸਹਾਰ, ਹੁਕਮੇ ਅੰਦਰ ਘਟ ਘਟ ਜੋਤ ਜਗਾਇਆ। ਹੁਕਮੇ ਅੰਦਰ ਨਾਦ ਅਨਾਦ ਸੁਣਾਏ ਧੁਰ ਫ਼ਰਮਾਨ, ਸ਼ਬਦ ਬੋਧ ਅਗਾਧੀ ਆਪ ਅਲਾਇਆ। ਹੁਕਮੇ ਅੰਦਰ ਰਹੇ ਵਿਸਮਾਦ, ਵਿਸਮਾਦੀ ਆਪਣਾ ਰੂਪ ਛੁਪਾਇਆ। ਹੁਕਮੇ ਅੰਦਰ ਆਪਣਾ ਕਰੇ ਲਾਡ, ਨਿਰਗੁਣ ਸਰਗੁਣ ਵੇਖ ਵਖਾਇਆ। ਹੁਕਮੇ ਅੰਦਰ ਲੇਖਾ ਜਾਣੇ ਆਦਿ ਜੁਗਾਦਿ, ਜੁਗ ਜੁਗ ਆਪਣੀ ਕਲ ਵਰਤਾਇਆ। ਹੁਕਮੇ ਅੰਦਰ ਅਲਖ ਅਗੋਚਰ ਅਗੰਮ ਅਪਾਰ, ਨਿਰਗੁਣ ਸਰਗੁਣ ਦਏ ਆਧਾਰ, ਸਰਗੁਣ ਨਿਰਗੁਣ ਆਪਣਾ ਰੂਪ ਦਰਸਾਇਆ। ਹੁਕਮੇ ਅੰਦਰ ਗੁਰ ਅਵਤਾਰ, ਹੁਕਮੇ ਅੰਦਰ ਜੁਗ ਜੁਗ ਬੰਧਨ ਪਾਇਆ। ਹੁਕਮੇ ਅੰਦਰ ਭਗਤ ਭਗਵੰਤ ਪਾਵੇ ਸਾਰ, ਹੁਕਮੇ ਅੰਦਰ ਸੰਤ ਸਾਜਣ ਲਏ ਮਿਲਾਇਆ। ਹੁਕਮੇ ਅੰਦਰ ਗੁਰਮੁਖ ਗੁਰ ਗੁਰ ਏਕਾ ਬਖ਼ਸ਼ੇ ਸਚ ਪਿਆਰ, ਸਚ ਸੁੱਚ ਨਾਤਾ ਜੋੜ ਜੁੜਾਇਆ। ਹੁਕਮੇ ਅੰਦਰ ਜੰਗਲ ਜੂਹ ਉਜਾੜ ਪਹਾੜ, ਹੁਕਮੇ ਅੰਦਰ ਉਚੇ ਟਿੱਲੇ ਪਰਬਤ ਰਿਹਾ ਸੁਹਾਇਆ। ਹੁਕਮੇ ਅੰਦਰ ਸਮੁੰਦ ਸਾਗਰ ਵਹਾਏ ਧਾਰ, ਹੁਕਮੇ ਅੰਦਰ ਜਲ ਥਲ ਮਹੀਅਲ ਆਪਣਾ ਰੂਪ ਸਮਾਇਆ। ਹੁਕਮੇ ਅੰਦਰ ਸ਼ਾਹ ਪਾਤਸ਼ਾਹ ਬਣੇ ਸਿਕਦਾਰ, ਹੁਕਮੇ ਅੰਦਰ ਖ਼ਾਕੀ ਖ਼ਾਕ ਖ਼ਾਕ ਵਖਾਇਆ। ਹੁਕਮੇ ਅੰਦਰ ਸ਼ਾਸਤਰ ਸਿਮਰਤ ਵੇਦ ਸੁਣਾਏ ਸਾਚੀ ਧਾਰ, ਹੁਕਮੇ ਅੰਦਰ ਆਪਣਾ ਭੇਵ ਆਪ ਜਣਾਇਆ। ਹੁਕਮੇ ਅੰਦਰ ਕਰੇ ਸ਼ੰਗਾਰ, ਹੁਕਮੇ ਅੰਦਰ ਪਰਦਾ ਇਕ ਰਖਾਇਆ। ਹੁਕਮੇ ਅੰਦਰ ਕਾਮ ਕਰੋਧ ਲੋਭ ਮੋਹ ਹੰਕਾਰ ਕਰ ਤਿਆਰ, ਹੁਕਮੇ ਅੰਦਰ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸੰਗ ਨਿਭਾਇਆ। ਹੁਕਮੇ ਅੰਦਰ ਮਨ ਮਤ ਬੁਧ ਦਏ ਆਧਾਰ, ਹੁਕਮੇ ਅੰਦਰ ਆਪਣੀ ਜੋਤੀ ਆਪਣੀ ਅੰਸ ਆਪਣਾ ਰੂਪ ਵਟਾਇਆ। ਹੁਕਮੇ ਅੰਦਰ ਨਾਮ ਖੰਡਾ ਚੰਡ ਪਰਚੰਡ ਕਟਾਰ, ਬ੍ਰਹਿਮੰਡ ਖੰਡ ਆਪ ਚਮਕਾਇਆ। ਹੁਕਮੇ ਅੰਦਰ ਤੀਰ ਤਰਕਸ਼ ਕਮਾਨ, ਚਿਲਾ ਭੱਥਾ ਆਪ ਰਖਾਇਆ। ਹੁਕਮੇ ਅੰਦਰ ਚਾਰ ਕੁੰਟ ਦਹਿ ਦਿਸ਼ਾ ਫਿਰੇ ਬੀਆਬਾਨ, ਹੁਕਮੇ ਅੰਦਰ ਆਸਣ ਸਿੰਘਾਸਣ ਰਿਹਾ ਸੁਹਾਇਆ। ਹੁਕਮੇ ਅੰਦਰ ਬਣਿਆ ਰਹੇ ਬਾਲ ਅਞਾਣ, ਹੁਕਮੇ ਅੰਦਰ ਨੌਜਵਾਨ ਆਪਣਾ ਬਲ ਰਖਾਇਆ। ਹੁਕਮੇ ਅੰਦਰ ਆਪ ਝੁਲਾਏ ਆਪਣਾ ਸਚ ਨਿਸ਼ਾਨ। ਸਤਿ ਸਤਿਵਾਦੀ ਹੱਥ ਰਖਾਇਆ। ਹੁਕਮੇ ਅੰਦਰ ਜੁਗ ਚੌਕੜੀ ਮੰਨਦਾ ਰਿਹਾ ਆਣ, ਆਪ ਆਪਣਾ ਸੀਸ ਝੁਕਾਇਆ। ਹੁਕਮੇ ਅੰਦਰ ਦੇਂਦਾ ਰਿਹਾ ਦਾਨ, ਹੁਕਮੇ ਅੰਦਰ ਝੋਲੀ ਰਿਹਾ ਭਰਾਇਆ। ਹੁਕਮੇ ਅੰਦਰ ਹੁੰਦਾ ਰਿਹਾ ਕ਼ੁਰਬਾਨ, ਹੁਕਮੇ ਅੰਦਰ ਸੀਸ ਜਗਦੀਸ ਭੇਟ ਵਖਾਇਆ। ਹੁਕਮੇ ਅੰਦਰ ਤੀਰਥ ਤਟ ਜਗਤ ਅਸ਼ਨਾਨ, ਹੁਕਮੇ ਅੰਦਰ ਦੁਰਮਤ ਮੈਲ ਧਵਾਇਆ। ਹੁਕਮੇ ਅੰਦਰ ਚੌਦਾਂ ਹੱਟ ਮਕਾਨ, ਹੁਕਮੇ ਅੰਦਰ ਚੌਦਾਂ ਲੋਕ ਚੌਦਾਂ ਤਬਕ ਬੈਠੇ ਰਾਹ ਤਕਾਇਆ। ਹੁਕਮੇ ਅੰਦਰ ਹੁਕਮ ਫ਼ਰਮਾਨ, ਫ਼ਰਮਾਨ ਹੁਕਮ ਵੇਖ ਵਖਾਇਆ। ਸਭ ਤੋਂ ਬਾਹਰ ਇਕ ਭਗਵਾਨ, ਆਦਿ ਅੰਤ ਸੱਚਾ ਸ਼ਹਿਨਸ਼ਾਹਿਆ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਧਾਰਾ ਰੂਪ ਧਰਾਇਆ। ਨਿਰਗੁਣ ਸਰਗੁਣ ਖੇਲ ਮਹਾਨ, ਸਰਗੁਣ ਨਿਰਗੁਣ ਏਕਾ ਘਰ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇਆ। ਸਾਚਾ ਹੁਕਮ ਧੁਰ ਫ਼ਰਮਾਨਾ, ਹੁਕਮੀ ਹੁਕਮ ਆਪ ਚਲਾਇੰਦਾ। ਸ਼ਾਹੋ ਭੂਪ ਬਣ ਸਾਚਾ ਰਾਣਾ, ਦੋ ਜਹਾਨਾਂ ਵੇਖ ਵਖਾਇੰਦਾ। ਜੁਗਾ ਜੁਗੰਤਰ ਵਰਤੇ ਭਾਣਾ, ਕਲਜੁਗ ਵੇਲਾ ਵਕ਼ਤ ਸੁਹਾਇੰਦਾ। ਨਿਰਗੁਣ ਪਹਿਰੇ ਨਿਰਗੁਣ ਬਾਣਾ, ਨਿਰਗੁਣ ਆਪਣਾ ਬਲ ਰਖਾਇੰਦਾ। ਸਰਗੁਣ ਕਿਰਿਆ ਕਰ ਨਾ ਬਣੇ ਅਞਾਣਾ, ਜੋਬਨ ਜਗਤ ਨਾ ਕੋਇ ਹੰਢਾਇੰਦਾ। ਆਦਿ ਅੰਤ ਏਕਾ ਰੂਪ ਸਮਾਨਾ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਆਪੇ ਜਾਣੇ ਆਪਣਾ ਆਵਣ ਜਾਣਾ, ਆਵਣ ਜਾਵਣ ਆਪਣੀ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸੁਣਾਇੰਦਾ। ਆਦਿ ਪੁਰਖ ਆਦਿ ਸ਼ਬਦ ਜਣਾਇਆ, ਹੁਕਮੀ ਹੁਕਮ ਵਰਤਾਰ। ਨਿਰਗੁਣ ਸਰਗੁਣ ਵੇਖ ਵਖਾਇਆ, ਜੁਗਾ ਜੁਗੰਤਰ ਕਾਰ। ਜੁਗ ਚੌਕੜੀ ਵੇਸ ਵਟਾਇਆ, ਗੁਰ ਸ਼ਬਦ ਰੂਪ ਅਵਤਾਰ। ਕਲਜੁਗ ਅੰਤਮ ਭੇਵ ਖੁਲ੍ਹਾਇਆ, ਨਿਰਗੁਣ ਜੋਤ ਕਰ ਉਜਿਆਰ। ਆਪਣਾ ਪਰਦਾ ਦਏ ਉਠਾਇਆ, ਪੁਰਖ ਅਬਿਨਾਸ਼ੀ ਮੀਤ ਮੁਰਾਰ। ਬੇਅੰਤ ਬੇਅੰਤ ਬੇਅੰਤ ਚਾਰ ਜੁਗ ਜਸ ਰਹੇ ਗਾਇਆ, ਅੰਤ ਆਪਣਾ ਦੱਸੇ ਆਪ ਕਰਤਾਰ। ਸਭ ਨੂੰ ਰੱਖਦਾ ਰਿਹਾ ਹੇਠ ਛਾਇਆ, ਸਮਰਥ ਪੁਰਖ ਸੱਚੀ ਸਰਕਾਰ। ਘੱਲਦਾ ਰਿਹਾ ਬਣ ਕੇ ਦਾਈ ਦਾਇਆ, ਸੇਵਕ ਸੇਵਾ ਕਰੇ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਰਤੇ ਸਚ ਵਰਤਾਰ। ਆਪਣਾ ਹੁਕਮ ਜਣਾਇੰਦਾ, ਧੁਰ ਫ਼ਰਮਾਨ ਅਗੰਮ। ਆਪਣੀ ਸੇਵਾ ਆਪ ਲਗਾਇੰਦਾ, ਆਪ ਵਖਾਏ ਆਪਣਾ ਕੰਮ। ਲੋਕਮਾਤ ਵੇਸ ਵਟਾਇੰਦਾ, ਨਾ ਮਰੇ ਨਾ ਪਏ ਜੰਮ। ਮਾਤ ਕੁੱਖ ਨਾ ਡੇਰਾ ਲਾਇੰਦਾ, ਪਵਣ ਸਵਾਸ ਨਾ ਲਏ ਦਮ। ਜੀਵ ਜਹਾਨ ਨਾ ਨਾਉਂ ਰਖਾਇੰਦਾ, ਹਰਖ ਸੋਗ ਨਾ ਖ਼ੁਸ਼ੀ ਗ਼ਮ। ਏਕਾ ਆਪਣਾ ਡੰਕ ਵਜਾਇੰਦਾ, ਪੰਜ ਤੱਤ ਨਗਾਰਾ ਵੇਖੇ ਕਾਇਆ ਚਮ। ਏਕਾ ਆਪਣਾ ਨੂਰ ਉਪਜਾਇੰਦਾ, ਨਾਤਾ ਤੋੜੇ ਸੂਰਜ ਚੰਨ। ਏਕਾ ਆਪਣਾ ਜ਼ਹੂਰ ਵਖਾਇੰਦਾ, ਸ਼ਾਹ ਤੂਰ ਬੇੜਾ ਬੰਨ੍ਹ। ਸ਼ਾਹ ਗ਼ਫ਼ੂਰ ਆਪ ਅਖਵਾਇੰਦਾ, ਤੰਬੂਰ ਰਬਾਬ ਵਜਾਏ ਤਨ। ਹਾਜ਼ਰ ਹਜ਼ੂਰ ਵੇਸ ਵਟਾਇੰਦਾ, ਆਪਣਾ ਹੁਕਮ ਆਪੇ ਮੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਨ। ਹੁਕਮ ਮੰਨਿਆ ਹਰਿ ਨਿਰੰਕਾਰ, ਵੇਲਾ ਵਕ਼ਤ ਆਪ ਸੁਹਾਈਆ। ਹੁਕਮੇ ਅੰਦਰ ਹੋ ਤਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਹੁਕਮੇ ਅੰਦਰ ਸਚ ਸਨੇਹੜਾ ਦੇਂਦਾ ਰਿਹਾ ਸਾਚਾ ਯਾਰ, ਮਿਤਰ ਪਿਆਰਾ ਬਣ ਬਣ ਮਾਹੀਆ। ਗੋਬਿੰਦ ਕੂਕ ਕੂਕ ਗਿਆ ਪੁਕਾਰ, ਕਲਜੁਗ ਅੰਤਮ ਆਵੇ ਸੱਚਾ ਸ਼ਹਿਨਸ਼ਾਹੀਆ। ਨਿਹਕਲੰਕ ਆਪਣਾ ਡੰਕ ਕਰੇ ਉਜਿਆਰ, ਮੇਰਾ ਬੰਕ ਦਏ ਸੁਹਾਈਆ। ਮੈਂ ਛੋਟਾ ਬਾਲਾ ਕਰੇ ਪਿਆਰ, ਪਿਤਾ ਪੂਤ ਇਕ ਵਡਿਆਈਆ। ਆਪਣਾ ਸੋਹਲਾ ਗਾਏ ਏਕੰਕਾਰ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਹੌਲਾ ਕਰੇ ਸ੍ਰਿਸ਼ਟ ਭਾਰ, ਦ੍ਰਿਸ਼ਟ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਸਚ ਸੰਦੇਸ਼, ਗੁਰ ਗੁਰ ਸ਼ਬਦੀ ਗਿਆ ਸਮਝਾਈਆ। ਆਪਣਾ ਭਾਣਾ ਹਰਿ ਸਮਝਾਇਆ, ਗੁਰ ਗੋਬਿੰਦ ਕਰ ਤਿਆਰ। ਹੁਕਮੇ ਅੰਦਰ ਵੇਸ ਵਟਾਇਆ, ਕਲ ਕਲਕੀ ਲਏ ਅਵਤਾਰ। ਵੇਦ ਕਤੇਬ ਭੇਵ ਕਿਸੇ ਨਾ ਆਇਆ, ਪੜ੍ਹ ਪੜ੍ਹ ਥੱਕੇ ਜੀਵ ਗਵਾਰ। ਆਪਣਾ ਲੇਖਾ ਆਪਣੇ ਹੱਥ ਰਖਾਇਆ, ਅੰਤ ਕੰਤ ਹਰਿ ਨਿਰੰਕਾਰ। ਆਪਣਾ ਹੁਕਮ ਆਪ ਵਰਤਾਇਆ, ਸ਼ਾਹ ਪਾਤਸ਼ਾਹ ਬਣ ਸੱਚੀ ਸਰਕਾਰ। ਆਪਣਾ ਤਾਜ ਸੀਸ ਟਿਕਾਇਆ, ਤਖ਼ਤ ਨਿਵਾਸੀ ਏਕੰਕਾਰ। ਓਅੰਕਾਰ ਵੇਖ ਵਖਾਇਆ, ਸ੍ਰਿਸ਼ਟ ਸਬਾਈ ਪਾਵੇ ਸਾਰ। ਸੰਤ ਸੁਹੇਲੇ ਲਏ ਮਿਲਾਇਆ, ਗੁਰਮੁਖ ਸਾਚੇ ਕਰ ਪਿਆਰ। ਗੁਰਸਿਖ ਏਕਾ ਹੁਕਮ ਦ੍ਰਿੜਾਇਆ, ਸੋਹੰ ਸ਼ਬਦ ਭਗਤ ਜੈਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਜੋਤ ਜੋਤ ਜੋਤ ਜੋਤ ਚਮਤਕਾਰ।