੨ ਚੇਤ ੨੦੧੮ ਬਿਕ੍ਰਮੀ ਲਾਲ ਸਿੰਘ ਦੇ ਗ੍ਰਹਿ ਪਰਤਾਪ ਨਗਰ ਨਵੀਂ ਦਿੱਲੀ
ਸੋ ਪੁਰਖ ਨਿਰੰਜਣ ਹਰਿ ਕਰਤਾਰਾ, ਆਦਿ ਜੁਗਾਦਿ ਸਮਾਇੰਦਾ। ਸੋ ਪੁਰਖ ਨਿਰੰਜਣ ਪਰਵਰਦਿਗਾਰਾ, ਨੂਰੋ ਨੂਰ ਡਗਮਗਾਇੰਦਾ। ਸੋ ਪੁਰਖ ਨਿਰੰਜਣ ਰਾਮ ਅਪਾਰਾ, ਆਪ ਆਪਣਾ ਬਲ ਰਖਾਇੰਦਾ। ਸੋ ਪੁਰਖ ਨਿਰੰਜਣ ਸਾਂਝਾ ਯਾਰਾ, ਇਕ ਇਕੱਲਾ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਵਸੇ ਧਾਮ ਨਿਆਰਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਸੋ ਪੁਰਖ ਨਿਰੰਜਣ ਖੋਲ੍ਹੇ ਬੰਦ ਕਿਵਾੜਾ, ਥਿਰ ਦਵਾਰਾ ਆਪ ਖੁਲ੍ਹਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਦਰਗਹਿ ਸਾਚੀ ਆਸਣ ਲਾਇੰਦਾ। ਰਾਜ ਰਾਜਾਨਾ ਏਕੰਕਾਰਾ, ਅਕਲ ਕਲ ਆਪਣਾ ਵੇਸ ਵਟਾਇੰਦਾ। ਸੋ ਪੁਰਖ ਨਿਰੰਜਣ ਦਰ ਦਰਵੇਸ਼ ਬਣ ਦਰਬਾਨਾ, ਅਲਖ ਨਿਰੰਜਣ ਆਪਣਾ ਸੀਸ ਆਪ ਝੁਕਾਇੰਦਾ। ਸੋ ਪੁਰਖ ਨਿਰੰਜਣ ਵਰਤਣਹਾਰਾ ਧੁਰ ਫ਼ਰਮਾਨਾ, ਹੁਕਮੀ ਹੁਕਮ ਹੁਕਮ ਸੁਣਾਇੰਦਾ। ਆਪੇ ਜਾਣੇ ਆਪਣੀ ਧਾਰਾ, ਦੂਸਰ ਸੰਗ ਨਾ ਕੋਇ ਰਲਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰਾ, ਅਕਾਲ ਮੂਰਤ ਅਜੂਨੀ ਰਹਿਤ ਭੇਵ ਕੋਇ ਨਾ ਪਾਇੰਦਾ। ਸੋ ਪੁਰਖ ਨਿਰੰਜਣ ਆਪ ਆਪਣਾ ਕਰੇ ਪਿਆਰਾ ਲੇਖਾ ਜਾਣੇ ਨਾਰੀ ਕੰਤ ਭਤਾਰਾ, ਸਾਚੀ ਸੇਜ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਆਪ ਉਪਾਏ ਸੁਤ ਦੁਲਾਰਾ, ਸ਼ਬਦ ਸ਼ਬਦੀ ਨਾਉਂ ਉਪਜਾਇੰਦਾ। ਸੋ ਪੁਰਖ ਨਿਰੰਜਣ ਦੇਵਣਹਾਰਾ ਵਸਤ ਥਾਰਾ, ਆਪਣੀ ਵਸਤ ਆਪ ਪਰਗਟਾਇੰਦਾ। ਸੋ ਪੁਰਖ ਨਿਰੰਜਣ ਆਪਣਾ ਰੂਪ ਆਪਾ ਵਿਚੋਂ ਕਰ ਨਿਆਰਾ, ਆਪ ਆਪਣਾ ਰੰਗ ਰੰਗਾਇੰਦਾ। ਸੋ ਪੁਰਖ ਨਿਰੰਜਣ ਵਿਸ਼ਨ ਵਿਸ਼ਵ ਦਏ ਆਧਾਰਾ, ਵਾਸਤਕ ਆਪ ਵਖਾਇੰਦਾ। ਸੋ ਪੁਰਖ ਨਿਰੰਜਣ ਆਪਣੀ ਇਛਿਆ ਭਰ ਭੰਡਾਰਾ, ਆਪਣਾ ਅੰਮ੍ਰਿਤ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਆਪਣੇ ਮੰਦਰ ਕਰੇ ਖੇਲ ਨਿਆਰਾ, ਨੇਤਰ ਨੈਣ ਦਿਸ ਕਿਸੇ ਨਾ ਆਇੰਦਾ। ਸੋ ਪੁਰਖ ਨਿਰੰਜਣ ਆਪਣੀ ਫੁਲ ਫੁਲਵਾੜੀ ਵੇਖੇ ਗੁਲ ਗੁਲਜ਼ਾਰਾ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਸੋ ਪੁਰਖ ਨਿਰੰਜਣ ਆਪਣੀ ਪੈਜ ਆਪ ਸੁਆਰਾ, ਆਪਣਾ ਪਰਦਾ ਆਪ ਚੁਕਾਇੰਦਾ। ਸੋ ਪੁਰਖ ਨਿਰੰਜਣ ਪਾਰਬ੍ਰਹਮ ਬ੍ਰਹਮ ਦਏ ਆਧਾਰਾ, ਕਵਲ ਕਵਲਾ ਆਪ ਖੁਲ੍ਹਾਇੰਦਾ। ਸੋ ਪੁਰਖ ਨਿਰੰਜਣ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਪ ਆਪਣਾ ਖੇਲ ਵਖਾਇੰਦਾ। ਸੋ ਪੁਰਖ ਨਿਰੰਜਣ ਸਾਚੀ ਧਾਰ, ਸਤਿ ਸਤਿਵਾਦੀ ਆਪ ਚਲਾਈਆ। ਸੋ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰ, ਦਰ ਦਵਾਰਾ ਇਕ ਉਪਾਈਆ। ਸੋ ਪੁਰਖ ਨਿਰੰਜਣ ਨਿਰਗੁਣ ਦੀਵਾ ਬਾਤੀ ਵਖਾਏ ਸਚ ਸੱਚੀ ਧਰਮਸਾਲ, ਦਰਗਹਿ ਸਾਚੀ ਆਪ ਟਿਕਾਈਆ। ਸੋ ਪੁਰਖ ਨਿਰੰਜਣ ਆਦਿ ਜੁਗਾਦੀ ਦੀਨ ਦੀਆਲ, ਦੀਨਨ ਨਾਥ ਵਡੀ ਵਡਿਆਈਆ। ਸੋ ਪੁਰਖ ਨਿਰੰਜਣ ਆਪਣੀ ਕਰੇ ਆਪ ਪ੍ਰਿਤਪਾਲ, ਪ੍ਰਿਤਪਾਲਕ ਸੱਚਾ ਸ਼ਹਿਨਸ਼ਾਹੀਆ। ਸੋ ਪੁਰਖ ਨਿਰੰਜਣ ਆਪਣੀ ਘਾਲ ਆਪੇ ਘਾਲ, ਆਪੇ ਵੇਖੇ ਥਾਉਂ ਥਾਈਆ। ਸੋ ਪੁਰਖ ਨਿਰੰਜਣ ਨਿਰਗੁਣ ਰੂਪ ਸ਼ਬਦ ਦਲਾਲ, ਸਚ ਸਾਚੀ ਸੇਵ ਕਮਾਈਆ। ਸੋ ਪੁਰਖ ਨਿਰੰਜਣ ਵਿਸ਼ਨੂੰ ਬਣਾਏ ਆਪਣਾ ਲਾਲ, ਆਪ ਆਪਣੀ ਗੋਦ ਸੁਹਾਈਆ। ਸੋ ਪੁਰਖ ਨਿਰੰਜਣ ਬ੍ਰਹਮਾ ਵੇਤਾ ਰਲਾਏ ਨਾਲ, ਪਾਰਬ੍ਰਹਮ ਵਡੀ ਵਡਿਆਈਆ। ਸੋ ਪੁਰਖ ਨਿਰੰਜਣ ਸੁੰਨ ਅਗੰਮ ਸੁਰਤ ਸੰਭਾਲ, ਆਪਣਾ ਭੇਵ ਆਪ ਖੁਲ੍ਹਾਈਆ। ਸੋ ਪੁਰਖ ਨਿਰੰਜਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ੰਕਰ ਦਏ ਵਡਿਆਈਆ। ਸੋ ਪੁਰਖ ਨਿਰੰਜਣ ਤ੍ਰੈ ਤ੍ਰੈ ਅਤੀਤਾ, ਤ੍ਰੈਭਵਨ ਧਨੀ ਅਖਵਾਇੰਦਾ। ਸੋ ਪੁਰਖ ਨਿਰੰਜਣ ਠਾਂਡਾ ਸੀਤਾ, ਦਰ ਘਰ ਸਾਚੇ ਸੋਭਾ ਪਾਇੰਦਾ। ਸੋ ਪੁਰਖ ਨਿਰੰਜਣ ਏਕਾ ਮੀਤਾ, ਏਕੰਕਾਰਾ ਸੰਗ ਰਖਾਇੰਦਾ। ਸੋ ਪੁਰਖ ਨਿਰੰਜਣ ਬੈਠਾ ਰਹੇ ਆਪ ਅਤੀਤਾ, ਮਹੱਲ ਅਟਲ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਆਪਣੇ ਅੱਗੇ ਧਰ, ਧੁਰ ਫ਼ਰਮਾਨਾ ਆਪ ਜਣਾਇੰਦਾ। ਸੋ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪ ਅਖਵਾਇੰਦਾ। ਸੋ ਪੁਰਖ ਨਿਰੰਜਣ ਬਣ ਮਲਾਹ, ਨਿਰਗੁਣ ਆਪਣਾ ਬੇੜਾ ਆਪ ਚਲਾਇੰਦਾ। ਸੋ ਪੁਰਖ ਨਿਰੰਜਣ ਅਲਖ ਅਗੋਚਰ ਅਗੰਮ ਅਥਾਹ, ਬੇਪਰਵਾਹ ਆਪਣੀ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਆਪੇ ਪਿਤਾ ਆਪੇ ਮਾਂ, ਸੁਤ ਦੁਲਾਰਾ ਆਪਣੀ ਗੋਦ ਸੁਹਾਇੰਦਾ। ਸੋ ਪੁਰਖ ਨਿਰੰਜਣ ਆਪਣੀ ਰਚਨਾ ਆਪ ਰਚਾ, ਹਰਿ ਹਰਿ ਆਪੇ ਵੇਖ ਵਖਾਇੰਦਾ। ਸੋ ਪੁਰਖ ਨਿਰੰਜਣ ਆਪਣਾ ਮੰਗਲ ਆਪੇ ਗਾ, ਨਾਦ ਨਿਰੰਕਾਰਾ ਆਪ ਪਰਗਟਾਇੰਦਾ। ਸੋ ਪੁਰਖ ਨਿਰੰਜਣ ਆਪੇ ਵਸੇ ਸਾਚੇ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਆਪਣਾ ਅੰਜਣ ਆਪੇ ਪਾ, ਪਰਕਾਸ਼ ਪਰਕਾਸ਼ ਵਿਚ ਰਖਾਇੰਦਾ। ਸੋ ਪੁਰਖ ਨਿਰੰਜਣ ਆਪਣਾ ਸੱਜਣ ਆਪ ਅਖਵਾ, ਆਪ ਆਪਣਾ ਮੇਲ ਮਿਲਾਇੰਦਾ। ਸੋ ਪੁਰਖ ਨਿਰੰਜਣ ਆਪਣਾ ਬੰਧਨ ਆਪੇ ਪਾ, ਬੰਦੀ ਛੋੜ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣੀ ਕਲ ਆਪਣੇ ਹੱਥ ਰਖਾਇੰਦਾ। ਸੋ ਪੁਰਖ ਨਿਰੰਜਣ ਸ੍ਰੀ ਭਗਵੰਤ, ਇਕ ਇਕੱਲਾ ਖੇਲ ਖਿਲਾਇੰਦਾ। ਲੇਖਾ ਜਾਣੇ ਆਦਿ ਅੰਤ, ਆਦਿ ਅੰਤ ਆਪਣੇ ਵਿਚ ਛੁਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬਣਾਏ ਬਣਤ, ਘੜਨ ਭੰਨਣਹਾਰਾ ਪੁਰਖ ਸਮਰਥ ਭੇਵ ਕੋਇ ਨਾ ਪਾਇੰਦਾ। ਇਕ ਜਣਾਏ ਸ਼ਬਦ ਮੰਤ, ਨਾਮ ਨਿਧਾਨਾ ਝੋਲੀ ਪਾਇੰਦਾ। ਭੇਵ ਚੁਕਾਏ ਨਾਰੀ ਕੰਤ, ਕੰਤ ਕੰਤੂਲ ਸੇਜ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਹਰਿ ਸੰਦੇਸ਼, ਨਰ ਨਰੇਸ਼ ਸ਼ਬਦ ਸੁਣਾਇੰਦਾ। ਨਰ ਨਰੇਸ਼ ਹਰਿ ਨਿਰੰਕਾਰਾ, ਨਿਰਗੁਣ ਆਪਣਾ ਬਲ ਵਖਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਸਾਚੇ ਤਖ਼ਤ ਸੋਭਾ ਪਾਈਆ। ਤ੍ਰੈ ਤ੍ਰੈ ਮੇਲਾ ਏਕਾ ਵਾਰਾ, ਏਕਾ ਘਰ ਵੱਜੇ ਵਧਾਈਆ। ਏਕਾ ਨਾਦ ਏਕਾ ਸ਼ਬਦ ਏਕਾ ਧੁੰਨਕਾਰਾ, ਏਕਾ ਰਿਹਾ ਸੁਣਾਈਆ। ਏਕਾ ਇਸ਼ਟ ਏਕਾ ਦੇਵ ਏਕਾ ਜੋਤ ਨੂਰ ਉਜਿਆਰਾ, ਏਕਾ ਸੀਸ ਜਗਦੀਸ਼ ਸੋਭਾ ਪਾਈਆ। ਏਕਾ ਚਰਨ ਕਵਲ ਕਰੇ ਨਿਮਸਕਾਰਾ, ਏਕਾ ਮਸਤਕ ਧੂੜ ਟਿੱਕਾ ਲਾਈਆ। ਏਕਾ ਵਸੇ ਸਭ ਤੋਂ ਬਾਹਰਾ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਏਕਾ ਬ੍ਰਹਮਾ ਵਿਸ਼ਨ ਸ਼ਿਵ ਕਰੇ ਪਿਆਰਾ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਆਪ ਸਮਝਾਈਆ। ਸੋ ਪੁਰਖ ਨਿਰੰਜਣ ਨਿਰਗੁਣ ਆਪਣਾ ਗੁਣ ਜਣਾਇੰਦਾ, ਲੇਖਾ ਲੇਖ ਨਾ ਕੋਇ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਆਪ ਉਪਾਇੰਦਾ, ਆਪ ਆਪਣੀ ਦਇਆ ਕਮਾਈਆ। ਆਪਣਾ ਰੰਗ ਆਪ ਰੰਗਾਇੰਦਾ, ਉਤਰ ਕਦੇ ਨਾ ਜਾਈਆ। ਆਪਣੇ ਦਰ ਆਪ ਬਹਾਇੰਦਾ, ਦਰ ਦਰਵੇਸ਼ ਸੇਵ ਕਮਾਈਆ। ਧੁਰ ਫ਼ਰਮਾਨਾ ਇਕ ਜਣਾਇੰਦਾ, ਭੁਲ ਕੋਇ ਨਾ ਜਾਈਆ। ਪੁਰਖ ਅਬਿਨਾਸ਼ੀ ਵੇਖ ਵਖਾਇੰਦਾ, ਸਾਚੇ ਤਖ਼ਤ ਬੈਠਾ ਸੱਚਾ ਮਾਹੀਆ। ਸਚਖੰਡ ਦਵਾਰ ਸੋਭਾ ਪਾਇੰਦਾ, ਥਿਰ ਘਰ ਦਵਾਰਾ ਚਰਨ ਕਵਲ ਸੁਹਾਈਆ। ਅਲਖ ਅਗੋਚਰ ਅਗੰਮ ਅਪਾਰਾ, ਵਸਣਹਾਰਾ ਧਾਮ ਨਿਆਰਾ, ਮਹੱਲ ਅਟਲ ਉਚ ਮੁਨਾਰ ਨਿਰਮਲ ਦੀਆ ਬਾਤੀ ਕਮਲਾਪਾਤੀ ਜੋਤੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਏਕਾ ਘਰ ਵਖਾਈਆ। ਸਾਚਾ ਘਰ ਹਰਿ ਵਖਾਇੰਦਾ, ਕਰ ਕਿਰਪਾ ਗੁਣ ਨਿਧਾਨ। ਵਿਸ਼ਨੂੰ ਨੇਤਰ ਆਪਣੇ ਬੰਦ ਕਰਾਇੰਦਾ, ਆਤਮ ਨੇਤਰ ਮਾਰ ਧਿਆਨ। ਬ੍ਰਹਮਾ ਚਾਰੋਂ ਕੁੰਟ ਵਖਾਇੰਦਾ, ਪੁਰਖ ਅਬਿਨਾਸ਼ੀ ਹੋ ਮਿਹਰਬਾਨ। ਦਹਿ ਦਿਸ਼ਾ ਆਪ ਭਵਾਇੰਦਾ, ਨਾ ਕੋਈ ਜ਼ਿਮੀਂ ਨਾ ਅਸਮਾਨ। ਮੰਡਲ ਮੰਡਪ ਨਾ ਕੋਇ ਰਖਾਇੰਦਾ, ਸੂਰਜ ਚੰਨ ਨਾ ਕੋਇ ਨਿਸ਼ਾਨ। ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ, ਇਕ ਇਕੱਲਾ ਬੈਠਾ ਸਚ ਮਕਾਨ। ਦੀਵਾ ਬਾਤੀ ਨਾ ਕੋਇ ਟਿਕਾਇੰਦਾ, ਜੋਤੀ ਜੋਤ ਨੂਰ ਮਹਾਨ। ਆਪਣਾ ਬਲ ਆਪ ਰਖਾਇੰਦਾ, ਦਾਤਾ ਜੋਧਾ ਸੂਰਬੀਰ ਬਲਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਉਠਾਏ ਬਾਲ ਨਾਦਾਨ। ਬਾਲ ਨਾਦਾਨ ਉਠਾਇਆ, ਪੁਰਖ ਅਬਿਨਾਸ਼ੀ ਬੇਪਰਵਾਹ। ਵਿਸ਼ਨੂੰ ਆਪਣੇ ਅੰਗ ਲਗਾਇਆ, ਅੰਗੀਕਾਰ ਕਰੇ ਪਕੜੇ ਬਾਂਹ। ਬ੍ਰਹਮਾ ਏਕਾ ਭੇਵ ਖੁਲ੍ਹਾਇਆ, ਨਿਸ਼ ਅੱਖਰ ਦਏ ਪੜ੍ਹਾ। ਆਪਣਾ ਮੰਤਰ ਨਾਮ ਦ੍ਰਿੜਾਇਆ, ਏਕਾ ਤਤਵ ਤਤ ਸਮਝਾ। ਤਾਰ ਸਤਾਰ ਆਪ ਹਿਲਾਇਆ, ਅਲਖ ਅਗੋਚਰ ਬੇਪਰਵਾਹ। ਨਾਦ ਅਨਾਦੀ ਨਾਦ ਵਜਾਇਆ, ਧੁਨ ਆਤਮਕ ਨਾਦ ਅਲਾ। ਆਪਣਾ ਪਰਦਾ ਆਪ ਚੁਕਾਇਆ, ਸਿਰ ਆਪਣਾ ਹੱਥ ਟਿਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਸਲਾਹ। ਸਾਚੀ ਵਸਤ ਹਰਿ ਹਰਿ ਨਾਮ, ਹਰਿ ਆਪਣਾ ਆਪ ਜਣਾਇੰਦਾ। ਕਰਤਾ ਪੁਰਖ ਪੂਰਾ ਕਰੇ ਆਪਣਾ ਕਾਮ, ਕਰਨੀ ਕਿਰਤ ਆਪ ਕਮਾਇੰਦਾ। ਚਰਨ ਕਵਲ ਚਰਨਾਮਿਤ ਪਿਆਏ ਸਾਚਾ ਜਾਮ, ਅਮਿਉਂ ਰਸ ਏਕਾ ਮੁਖ ਚੁਆਇੰਦਾ। ਨਾਮ ਡੋਰੀ ਪਾਏ ਆਣ, ਪੱਲੂ ਕੋਇ ਨਾ ਫੇਰ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਆਪ ਚੁਕਾਇੰਦਾ। ਹਰਿ ਹਰਿ ਭੇਵ ਚੁਕਾਇਆ, ਕਰ ਕਿਰਪਾ ਹਰਿ ਮਿਹਰਬਾਨ। ਅੱਖਰ ਵੱਖਰ ਸ਼ਬਦ ਪੜ੍ਹਾਇਆ, ਸ਼ਬਦੀ ਸ਼ਬਦ ਗਿਆਨ। ਬ੍ਰਹਮਾ ਵੇਤਾ ਸੇਵਾ ਲਾਇਆ, ਸੇਵਕ ਸੇਵਾ ਕਰੇ ਮਹਾਨ। ਚਾਰੇ ਵੇਦਾਂ ਚਾਰੇ ਮੁਖ ਸਾਲਾਹਿਆ, ਏਕਾ ਗਾਏ ਗਾਨ। ਵਿਸ਼ਨ ਨਿਉਂ ਨਿਉਂ ਸੀਸ ਝੁਕਾਇਆ, ਪ੍ਰਭ ਵੇਖਣਹਾਰਾ ਦੋ ਜਹਾਨ। ਦੋਹਾਂ ਵਿਚੋਲਾ ਭੇਵ ਨਾ ਰਾਇਆ, ਕਰੇ ਖੇਲ ਸ੍ਰੀ ਭਗਵਾਨ। ਤੀਜਾ ਨੈਣ ਆਪ ਉਠਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਬੈਠ ਹੋਇਆ ਨਿਗਹਬਾਨ। ਨਿਗਹਬਾਨ ਦੀਨ ਦਿਆਲ ਹਰਿ ਠਾਕਰ, ਗਹਿਰ ਗੰਭੀਰ ਵਡੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਬਣਾਇਆ ਦਰ ਸੌਦਾਗਰ, ਵਸਤ ਅਮੋਲਕ ਝੋਲੀ ਪਾਈਆ। ਨਿਹਕਰਮੀ ਕਰਮ ਕੀਆ ਉਜਾਗਰ, ਕਰਮ ਕਾਂਡ ਨਾ ਕੋਇ ਵਖਾਈਆ। ਆਪਣੇ ਅੰਦਰ ਦੇਵੇ ਆਦਰ, ਸਾਚੇ ਮੰਦਰ ਸੋਭਾ ਪਾਈਆ। ਸਤਿ ਪ੍ਰੀਤੀ ਦੇਵੇ ਚਾਦਰ, ਏਕਾ ਪਰਦਾ ਹੱਥ ਰਖਾਈਆ। ਕਰੇ ਖੇਲ ਹਰਿ ਕਰਤਾ ਕ਼ਾਦਰ, ਬੇਪਰਵਾਹ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਵਿਸ਼ਨ ਬ੍ਰਹਮਾ ਆਪ ਜਗਾ, ਨਿਸ਼ਅਖਰ ਆਪ ਜਣਾਇੰਦਾ। ਭੋਲਾ ਨਾਥ ਲਏ ਉਠਾ, ਸ਼ੰਕਰ ਸ਼ੰਕਰ ਮੇਲ ਮਿਲਾਇੰਦਾ। ਅੰਤਰ ਮੰਤਰ ਬੂਝ ਬੁਝਾ, ਜਗਤ ਜੁਗਤ ਸੰਗ ਰਖਾਇੰਦਾ। ਚਰਨ ਧੂੜੀ ਮਸਤਕ ਟਿੱਕਾ ਲਾ, ਤ੍ਰਿਲੋਕੀ ਤ੍ਰਿਸ਼ੂਲ ਰੂਪ ਧਰਾਇੰਦਾ। ਏਕਾ ਖ਼ਾਕੀ ਖ਼ਾਕ ਰਹੇ ਰਮਾ, ਖ਼ਲਕਤ ਖ਼ਾਕ ਰੂਪ ਜਣਾਇੰਦਾ। ਬਾਸ਼ਕ ਤਸ਼ਕਾ ਗਲ ਲਟਕਾ, ਕੰਠ ਮਾਲਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਮੇਲਾ ਏਕਾ ਦਰ, ਆਪ ਫੜਾਏ ਸਾਚਾ ਲੜ, ਸਾਚੇ ਪੌੜੇ ਵੇਖੇ ਚੜ੍ਹ, ਵੇਖਣਹਾਰਾ ਦਿਸ ਨਾ ਆਇੰਦਾ। ਤਿੰਨਾਂ ਅੰਦਰ ਵੜਿਆ ਆਪ, ਨਿਰਗੁਣ ਆਪਣੀ ਦਇਆ ਕਮਾਈਆ। ਸੋ ਪੁਰਖ ਨਿਰੰਜਣ ਜਪਾਏ ਜਾਪ, ਹੰ ਬ੍ਰਹਮ ਕਰੇ ਪੜ੍ਹਾਈਆ। ਆਪਣਾ ਵਖਾਏ ਸਤਿ ਪਰਤਾਪ, ਆਦਿ ਜੁਗਾਦਿ ਨਾ ਮਰੇ ਨਾ ਜਾਈਆ। ਜੁਗਾ ਜੁਗੰਤਰ ਪੁਛੇ ਵਾਤ, ਸਿਰ ਸਮਰਥ ਹੱਥ ਟਿਕਾਈਆ। ਚਰਨ ਕਵਲ ਬੰਧਾਏ ਏਕਾ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਆਪੇ ਰੱਖੇ ਆਪਣੇ ਘਾਟ, ਸਚ ਕਿਨਾਰਾ ਇਕ ਦਰਸਾਈਆ। ਆਪੇ ਦੂਰ ਦੁਰਾਡਾ ਪੰਧ ਮੁਕਾਏ ਵਾਟ, ਨੇਰਨ ਨੇਰ ਆਪਣਾ ਦਰ ਸਮਝਾਈਆ। ਆਪੇ ਸਚ ਸੁਹੰਜਣੀ ਸੋਹੇ ਖਾਟ, ਸਚ ਸਿੰਘਾਸਣ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਵਖਾਏ ਏਕਾ ਘਰ, ਏਕਾ ਮੰਦਰ ਦਏ ਵਡਿਆਈਆ। ਏਕਾ ਮੰਦਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬਣਾਏ ਬਣਤ, ਘੜਨ ਘਾੜਨਹਾਰ ਆਪਣੀ ਸੇਵ ਕਮਾਇੰਦਾ। ਆਪਣੀ ਚਾੜ੍ਹੇ ਏਕਾ ਰੰਗਤ, ਨਾਮ ਰੰਗੀਲਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਆਪਣੇ ਹੱਥ ਵਰਤਾਇੰਦਾ। ਸਾਚੀ ਵਸਤ ਹਰਿ ਨਿਰੰਕਾਰਾ, ਇਕ ਇਕੱਲਾ ਇਕ ਸਮਝਾਈਆ। ਤਿੰਨਾਂ ਵਿਚੋਲਾ ਸਿਰਜਣਹਾਰਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਨਿਰਗੁਣ ਭਰੇ ਭੰਡਾਰਾ, ਅਤੋਟ ਅਤੁਟ ਵਖਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਹਰਿ ਕਾ ਭੇਵ ਕੋਇ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਦਰਵੇਸ਼ ਬਣੇ ਭਿਖਾਰਾ, ਦੋਏ ਜੋੜ ਸੀਸ ਝੁਕਾਈਆ। ਦਾਤਾ ਕਰਤਾ ਦੇਵੇ ਦੇਵਣਹਾਰਾ, ਦੀਨਨ ਨਾਥ ਅਨਾਥਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਵਸਤ ਅਮੋਲਕ ਬ੍ਰਹਮਾ ਵਿਸ਼ਨ ਸ਼ਿਵ ਪਾਈ ਸਾਚੀ ਗੋਲਕ, ਰੂਪ ਰੰਗ ਨਾ ਰੇਖ ਕੋਇ ਵਖਾਈਆ। ਵਸਤ ਅਮੋਲਕ ਹਰਿ ਅਨਮੁਲ, ਆਪਣਾ ਨਾਉਂ ਸਮਝਾਈਆ। ਆਦਿ ਜੁਗਾਦਿ ਨਾ ਸਕੇ ਤੁਲ, ਕ਼ੀਮਤ ਕੋਇ ਨਾ ਹੋਰ ਵਖਾਈਆ। ਜੁਗਾ ਜੁਗੰਤਰ ਰਹੇ ਅਡੋਲ, ਡੁਲ ਕਦੇ ਨਾ ਜਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਅੰਦਰ ਤੇਰਾ ਰੂਪ ਹੋ ਹੋ ਗਿਆ ਮੌਲ, ਮੌਲਾ ਆਪਣੀ ਖੇਲ ਖਿਲਾਈਆ। ਆਪਣੀ ਇਛਿਆ ਭਰਿਆ ਕਵਲ, ਅੰਮ੍ਰਿਤ ਆਪਣਾ ਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਈਆ। ਆਪਣਾ ਪਰਦਾ ਆਪ ਉਠਾਇੰਦਾ, ਪਾਰਬ੍ਰਹਮ ਸ੍ਰੀ ਭਗਵਾਨ। ਰੂਪ ਅਨੂਪ ਆਪ ਦਰਸਾਇੰਦਾ, ਜੋਤੀ ਜਾਤਾ ਹੋ ਮਿਹਰਬਾਨ। ਆਪਣਾ ਦਰ ਆਪ ਵਖਾਇੰਦਾ, ਦਰ ਦਰਬਾਰਾ ਖੋਲ੍ਹ ਖੋਲ੍ਹ ਸ੍ਰੀ ਭਗਵਾਨ। ਏਕੰਕਾਰਾ ਨਜ਼ਰੀ ਆਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਹਰਿ ਸੁਣਾਇੰਦਾ, ਏਕਾ ਅੱਖਰ ਬੋਲ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਸੇਵ ਲਗਾਇੰਦਾ, ਸ਼ਬਦ ਅਗੰਮੀ ਕੰਡੇ ਤੋਲ। ਆਪਣਾ ਘਾੜਨ ਆਪ ਘੜਾਇੰਦਾ, ਨਾਮ ਬਣਾਏ ਵਿਚ ਵਿਚੋਲ। ਆਪਣਾ ਭੰਡਾਰ ਵਿਸ਼ਨ ਤੇਰੇ ਹੱਥ ਰਖਾਇੰਦਾ, ਸਾਚਾ ਕਰੇ ਕੌਲ। ਬ੍ਰਹਮਾ ਤੇਰੀ ਵੰਡ ਵੰਡਾਇੰਦਾ, ਲੱਖ ਚੁਰਾਸੀ ਜਾਣਾ ਮੌਲ। ਸ਼ੰਕਰ ਤੇਰਾ ਹੱਥ ਆਪ ਉਠਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਉਪਰ ਧੌਲ। ਲੱਖ ਚੁਰਾਸੀ ਘਾੜਨ ਘੜਨਾ, ਹਰਿ ਸਾਚੇ ਸਚ ਜਣਾਇਆ। ਤ੍ਰੈਗੁਣ ਤ੍ਰੈ ਤ੍ਰੈ ਪੱਲਾ ਫੜਨਾ, ਰਜੋ ਤਮੋ ਸਤੋ ਅੰਗ ਲਗਾਇਆ। ਸਾਚੀ ਭਿਛਿਆ ਏਕਾ ਵਰਨਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਸੁਣਾਇਆ। ਸਾਚੀ ਸੇਵਾ ਲੱਖ ਚੁਰਾਸੀ ਘਾੜਨ, ਘਾੜਨ ਘੜਤ ਆਪ ਘੜਾਈਆ। ਪੁਰਖ ਅਬਿਨਾਸ਼ੀ ਕਰੇ ਤਾੜਨ, ਆਲਸ ਨਿੰਦਰਾ ਨਾ ਕੋਇ ਵਖਾਈਆ। ਆਪੇ ਜਾਣੇ ਆਪਣਾ ਕਾਰਨ, ਹਰਿ ਕਰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦਏ ਸਮਝਾਈਆ। ਸੁਣਿਆ ਹੁਕਮ ਹਰਿ ਫ਼ਰਮਾਨਾ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਇੰਦਾ। ਤੂੰ ਸ਼ਾਹ ਪਾਤਸ਼ਾਹ ਸਾਚਾ ਰਾਣਾ, ਹਉਂ ਦਰਵੇਸ਼ ਸੇਵ ਕਮਾਇੰਦਾ। ਆਦਿ ਜੁਗਾਦਿ ਸਿਰ ਮੰਨੇ ਤੇਰਾ ਭਾਣਾ, ਤੇਰਾ ਭਾਣਾ ਮੋਹੇ ਸੁਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਉਂ ਬਾਲ ਇਆਣਾ ਮੰਗ ਮੰਗਾਇੰਦਾ। ਬਾਲ ਇਆਣਾ ਬਾਲੀ ਬੁਧ, ਵਿਸ਼ਨੂੰ ਮੰਗ ਮੰਗਾਇੰਦਾ। ਕਵਣ ਧਾਰ ਕਰੇ ਕਾਰਜ ਸੁੱਧ, ਕਵਣ ਰੂਪ ਰੰਗ ਰੇਖ ਮਿਲਾਇੰਦਾ। ਕਵਣ ਵੇਲਾ ਬਖ਼ਸ਼ੇ ਆਪਣੀ ਸੁਧ, ਕਵਣ ਧਾਮ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਦਰ ਮੋਹੇ ਸਾਚਾ ਘਰ ਇਕ ਸੁਹਾਇੰਦਾ। ਬ੍ਰਹਮਾ ਉਠ ਉਠ ਨੇਤਰ ਰੋਏ, ਚਾਰ ਕੁੰਟ ਨੈਣ ਉਠਾਈਆ। ਤੇਰਾ ਤੇਰੀ ਸੇਵਾ ਵਿਚ ਕਦੇ ਨਾ ਸੋਏ, ਆਲਸ ਨਿੰਦਰਾ ਨਾ ਕੋਇ ਵਖਾਈਆ। ਕਵਣ ਵੇਲਾ ਕਵਣ ਵਕ਼ਤ ਬ੍ਰਹਮ ਪਾਰਬ੍ਰਹਮ ਤੇਰੇ ਜੇਹਾ ਹੋਏ, ਤੇਰਾ ਤੇਰੇ ਵਿਚ ਸਮਾਈਆ। ਕਵਣ ਵਸਤ ਕਵਣ ਦਾਤ ਕਵਣ ਘਰ ਦੇਵੇ ਢੋਏ, ਕਵਣ ਦਰ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਝੋਲੀ ਪਾਈਆ। ਸ਼ੰਕਰ ਕਰੇ ਗਿਰਿਆਜ਼ਾਰੀ, ਖ਼ੁਲੜੇ ਕੇਸ ਰਿਹਾ ਵਖਾਈਆ। ਕਰਾਂ ਖੇਲ ਅਪਰ ਅਪਾਰੀ, ਲੋਕਮਾਤ ਵੱਜੇ ਵਧਾਈਆ। ਵਿਸ਼ਨੂੰ ਤੇਰਾ ਬਣਿਆ ਭੰਡਾਰੀ, ਬ੍ਰਹਮਾ ਸ੍ਰਿਸ਼ਟ ਕਰੇ ਉਜਿਆਰੀ, ਲੱਖ ਚੁਰਾਸੀ ਘਾੜਨ ਲਏ ਘੜਾਈਆ। ਅੰਤਮ ਕਰਾਂ ਸਰਬ ਖ਼ਵਾਰੀ, ਲੁਕਿਆ ਰਹੇ ਨਾ ਕੋਇ ਨਰ ਨਾਰੀ, ਨਰ ਨਰਾਇਣ ਤੇਰੀ ਓਟ ਤਕਾਈਆ। ਕਵਣ ਵੇਲਾ ਕਵਣ ਵਕ਼ਤ ਦਰਸ ਦਿਖਾਏ ਆਪਣੀ ਵਾਰੀ, ਆਸ ਪਿਆਸ ਮੇਰੀ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਓਟ ਤੇਰੀ ਤਕਾਈਆ। ਪੁਰਖ ਅਬਿਨਾਸ਼ੀ ਹਰਿ ਸਮਝਾਇੰਦਾ, ਅਗੰਮ ਅਗੰਮੜਾ ਅਗੰਮੜੀ ਕਾਰ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਸੇਵ ਲਗਾਇੰਦਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਰਹਿਣਾ ਖ਼ਬਰਦਾਰ। ਜੁਗ ਜੁਗ ਗੇੜਾ ਆਪ ਦਵਾਇੰਦਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਲਏ ਉਧਾਰ। ਲੱਖ ਚੁਰਾਸੀ ਤੇਰੀ ਝੋਲੀ ਪਾਇੰਦਾ, ਚਾਰੇ ਖਾਣੀ ਕਰ ਤਿਆਰ। ਜੇਰਜ ਅੰਡਜ ਸੇਤਜ ਉਤਭੁਜ ਆਪਣੇ ਰੰਗ ਰੰਗਾਇੰਦਾ, ਰੰਗਣਹਾਰਾ ਏਕੰਕਾਰ। ਚਾਰੇ ਵੇਦਾਂ ਸੰਗ ਨਿਭਾਇੰਦਾ, ਚਾਰੇ ਬਾਣੀ ਲਏ ਉਧਾਰ। ਚਾਰ ਵਰਨਾਂ ਰਾਹ ਵਖਾਇੰਦਾ, ਚਾਰ ਯਾਰੀ ਕਰ ਸ਼ੰਗਾਰ। ਚੌਕੜੀ ਜੁਗ ਆਪ ਹੰਢਾਇੰਦਾ, ਗੁਰ ਅਵਤਾਰ ਹੋ ਉਜਿਆਰ। ਭਗਤ ਭਗਵੰਤ ਵੇਖ ਵਖਾਇੰਦਾ, ਨਿਰਗੁਣ ਸਰਗੁਣ ਵੇਖ ਵਿਚਾਰ। ਸ਼ਬਦੀ ਨਾਦ ਆਪ ਵਜਾਇੰਦਾ, ਸੰਤ ਸਾਜਣ ਲਏ ਉਭਾਰ। ਗੁਰਮੁਖ ਗੁਰ ਗੁਰ ਮੇਲ ਮਿਲਾਇੰਦਾ, ਸ਼ਬਦੀ ਸੁਰਤੀ ਇਕ ਆਧਾਰ। ਗੁਰਸਿਖ ਸਾਚੀ ਗੋਦ ਸੁਹਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਮੂਰਖ ਮੂੜ੍ਹ ਝੂਠੇ ਧੰਦੇ ਲਾਇੰਦਾ, ਨਾਤਾ ਜੋੜ ਕਾਮ ਕਰੋਧ ਲੋਭ ਮੋਹ ਹੰਕਾਰ। ਮਾਇਆ ਮਮਤਾ ਗੜ੍ਹ ਬਣਾਇੰਦਾ, ਮਨ ਮਨੂਆ ਕਰ ਸਿਕਦਾਰ। ਮਤ ਮਤਵਾਲੀ ਦਹਿ ਦਿਸ਼ਾ ਆਪ ਫਿਰਾਇੰਦਾ, ਬੁਧ ਬਬੇਕ ਜਾਏ ਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਸਮਝਾਏ ਏਕਾ ਵਾਰ। ਲੱਖ ਚੁਰਾਸੀ ਗੇੜ ਗਿੜਾਇਆ, ਚਾਰ ਜੁਗ ਖੇਲ ਖਿਲਾਈਆ। ਵੇਸ ਅਨੇਕ ਆਪ ਧਰਾਇਆ, ਨਿਰਗੁਣ ਸਰਗੁਣ ਰੂਪ ਵਟਾਈਆ। ਵੇਦ ਸ਼ਾਸਤਰ ਸਿਮਰਤ ਪੁਰਾਨ ਆਪੇ ਗਾਇਆ, ਗੀਤਾ ਗਿਆਨ ਆਪ ਸੁਣਾਈਆ। ਅੰਜੀਲ ਕ਼ੁਰਾਨ ਦਏ ਸਾਲਾਹਿਆ, ਤੀਸ ਬਤੀਸਾ ਵਡ ਵਡਿਆਈਆ। ਖਾਣੀ ਬਾਣੀ ਨਾਲ ਰਲਾਇਆ, ਸ਼ਬਦ ਅਗੰਮੀ ਧਾਰ ਚਲਾਈਆ। ਜੁਗ ਚੌਕੜੀ ਵੇਖ ਵਖਾਇਆ, ਬ੍ਰਹਮਾ ਵਿਸ਼ਨ ਸ਼ਿਵ ਨਾਲ ਰਲਾਈਆ। ਵਿਸ਼ਨੂੰ ਪੱਲਾ ਲਏ ਫੜਾਇਆ, ਹਰਿ ਭਗਵਨ ਬੇਪਰਵਾਹੀਆ। ਪਾਰਬ੍ਰਹਮ ਬ੍ਰਹਮ ਲਏ ਸਮਝਾਇਆ, ਨਵ ਖੰਡ ਪ੍ਰਿਥਮੀ ਵੇਖ ਵਖਾਈਆ। ਸ਼ੰਕਰ ਗੜ੍ਹ ਹੰਕਾਰੀ ਦਏ ਤੁੜਾਇਆ, ਜੋ ਘੜਿਆ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਆਪ ਦਰਸਾਈਆ। ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਵਣਾ, ਹਰਿ ਸਾਚਾ ਸਚ ਜਣਾਇੰਦਾ। ਲੱਖ ਚੁਰਾਸੀ ਤੇਰਾ ਖੇਲ ਖਿਲਾਵਣਾ, ਖ਼ਾਲਕ ਖ਼ਲਕ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਹੋ ਹੋ ਗਾਵਣਾ, ਢੋਲਾ ਸੋਹਲਾ ਆਪ ਜਣਾਇੰਦਾ। ਅੰਮ੍ਰਿਤ ਕਵਲਾ ਆਪ ਭਰਾਵਣਾ, ਨਾਭੀ ਝਿਰਨਾ ਇਕ ਵਖਾਇੰਦਾ। ਲੱਖ ਚੁਰਾਸੀ ਫੁਲ ਫੁਲਵਾੜੀ ਮਾਤ ਫੁਲ ਏਕਾ ਖਿਲਾਵਨਾ, ਰੁਤ ਬਸੰਤੀ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸੁਣ ਕਰ ਧਿਆਨ, ਹਰਿ ਸਾਚੇ ਸਚ ਜਣਾਇਆ। ਜੁਗ ਚੌਕੜੀ ਮਿਟੇ ਨਿਸ਼ਾਨ, ਥਿਰ ਕੋਇ ਰਹਿਣ ਨਾ ਪਾਇਆ। ਗੁਰ ਅਵਤਾਰ ਪੀਰ ਮੰਗਣ ਏਕਾ ਦਾਨ, ਪੁਰਖ ਅਬਿਨਾਸ਼ੀ ਨਾਮ ਵਸਤ ਝੋਲੀ ਪਾਇਆ। ਅੰਤ ਮਿਟਦਾ ਜਾਏ ਸਭ ਨਿਸ਼ਾਨ, ਪੰਜ ਤੱਤ ਚੋਲਾ ਕੋਇ ਦਿਸ ਨਾ ਆਇਆ। ਈਸ਼ ਜੀਵ ਜਗਦੀਸ ਪਾਰਬ੍ਰਹਮ ਕਰੇ ਖੇਲ ਬੇਪਰਵਾਹਿਆ। ਜੁਗਾ ਜੁਗੰਤਰ ਖੇਲ ਮਹਾਨ, ਸਤਿਜੁਗ ਤ੍ਰੇਤਾ ਪੰਧ ਮੁਕਾਇਆ। ਦਵਾਪਰ ਅੰਤਮ ਆਈ ਹਾਣ, ਕਲਜੁਗ ਆਪਣਾ ਰੂਪ ਵਟਾਇਆ। ਚਾਰੋਂ ਕੁੰਟ ਉਠਿਆ ਜੋਧਾ ਸੂਰਬੀਰ ਬਲਵਾਨ, ਕਾਲਾ ਸੂਸਾ ਤਨ ਛੁਹਾਇਆ। ਨਾਲ ਮਿਲਾਇਆ ਪੰਜ ਸ਼ੈਤਾਨ, ਦਹਿ ਦਿਸ਼ਾ ਵੇਖ ਵਖਾਇਆ। ਸਾਬਤ ਰਹਿਣ ਨਾ ਦੇਵੇ ਕਿਸੇ ਈਮਾਨ, ਜਗਤ ਵਿਦਿਆ ਰਹੀ ਕੁਰਲਾਇਆ। ਚੌਦਾਂ ਵਿਦਿਆ ਹੋਈ ਹੈਰਾਨ, ਚੌਦਾਂ ਤਬਕਾਂ ਪਰਦਾ ਆਪ ਹਿਲਾਇਆ। ਚੌਦਾਂ ਲੋਕਾਂ ਜਾਣੇ ਖੇਲ ਸ੍ਰੀ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਫ਼ਰਮਾਨ। ਜੁਗ ਚੌਕੜੀ ਪਾਰ ਕਿਨਾਰ, ਨਵ ਨੌਂ ਆਪ ਕਰਾਈਆ। ਸਤ ਸਤ ਨਾ ਕੋਇ ਸਹਾਰਾ, ਸਤਿ ਸਤਿਵਾਦੀ ਵੇਖ ਵਖਾਈਆ। ਬੋਧ ਅਗਾਧੀ ਸ਼ਬਦ ਜੈਕਾਰਾ, ਬ੍ਰਹਮ ਬ੍ਰਹਿਮਾਦੀ ਨਾਦ ਵਜਾਈਆ। ਵੇਖੇ ਵਿਗਸੇ ਕਰੇ ਵਿਚਾਰਾ, ਵੇਖਣਹਾਰਾ ਇਕ ਖ਼ੁਦਾਈਆ। ਮੁਕਾਮੇ ਹੱਕ ਵਸੇ ਸਾਂਝਾ ਯਾਰਾ, ਪਰਵਰਦਿਗਾਰ ਨੂਰ ਇਲਾਹੀਆ। ਵਿਸ਼ਨ ਬ੍ਰਹਮਾ ਸ਼ਿਵ ਹਰਿ ਕਾ ਖੇਲ ਅਪਰ ਅਪਾਰਾ, ਅੰਤ ਭੇਵ ਨਾ ਕੋਇ ਜਣਾਈਆ। ਬੇਅੰਤ ਬੇਅੰਤ ਬੇਅੰਤ ਗਾਇਣ ਗੁਰ ਅਵਤਾਰਾ, ਭਗਵੰਤ ਭਗਤ ਸੰਤ ਬੈਠੇ ਧਿਆਨ ਲਗਾਈਆ। ਵਸਣਹਾਰਾ ਸਚਖੰਡ ਧਾਮ ਮਹੱਲ ਅਟਲ ਉਚ ਮੁਨਾਰਾ, ਸੋ ਪੁਰਖ ਨਿਰੰਜਣ ਇਕ ਅਖਵਾਈਆ। ਕਲਜੁਗ ਅੰਤਮ ਲੈ ਅਵਤਾਰਾ, ਨਿਹਕਲੰਕਾ ਨਾਉਂ ਰਖਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਵੇ ਸਾਰਾ, ਰਵ ਸਸ ਆਪਣੀ ਕਿਰਨ ਜੋਤ ਚਮਕਾਈਆ। ਸੁਰਪਤ ਰਾਜਾ ਇੰਦ ਕਰੋੜ ਤੇਤੀਸ ਗਣ ਗੰਧਰਬ ਦਏ ਹੁਲਾਰਾ, ਸੋਇਆ ਕੋਇ ਰਹਿਣ ਨਾ ਪਾਈਆ। ਲੋਕਮਾਤ ਵੇਖੇ ਵੇਖਣਹਾਰਾ, ਨੂਰ ਨੂਰਾਨਾ ਡਗਮਗਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਵਾਰਾ, ਸੀਸ ਤਾਜ ਨਾ ਕੋਇ ਟਿਕਾਈਆ। ਗ਼ਰੀਬ ਨਿਮਾਣਿਆਂ ਪਾਵੇ ਸਾਰਾ, ਨਿਰਧਨ ਸਰਧਨ ਵੇਖੇ ਥਾਉਂ ਥਾਈਆ। ਸ਼ਤਰੀ ਬ੍ਰਹਿਮਣ ਸ਼ੂਦਰ ਵੈਸ਼ ਦੇਵੇ ਇਕ ਸਹਾਰਾ, ਦਰ ਘਰ ਸਾਚਾ ਇਕ ਸਮਝਾਈਆ। ਪੁਰਖ ਅਕਾਲ ਏਕਾ ਇਸ਼ਟ ਏਕੰਕਾਰਾ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਆਪ ਸਮਝਾਈਆ। ਕਲਜੁਗ ਵੇਲਾ ਅੰਤਮ ਆਵਣਾ, ਹਰਿ ਸਾਚਾ ਸਚ ਸਮਝਾਇੰਦਾ। ਵਿਸ਼ਨੂੰ ਤੇਰਾ ਮੇਲ ਮਿਲਾਵਣਾ, ਲੋਕਮਾਤ ਵੇਖ ਵਖਾਇੰਦਾ। ਬ੍ਰਹਮੇ ਤੇਰਾ ਬ੍ਰਹਮ ਪਰਗਟਾਵਣਾ, ਪਾਰਬ੍ਰਹਮ ਆਪਣਾ ਪਰਦਾ ਚੁਕਾਇੰਦਾ। ਸ਼ੰਕਰ ਤੇਰਾ ਤ੍ਰਸ਼ੂਲ ਤੇਰੇ ਹੱਥੋਂ ਸੁਟਾਵਣਾ, ਅੰਤਮ ਤੇਰਾ ਪੰਧ ਮੁਕਾਇੰਦਾ। ਨਵ ਖੰਡ ਪ੍ਰਿਥਮੀ ਫੇਰਾ ਪਾਵਣਾ, ਸੱਤਾਂ ਦੀਪਾਂ ਚਰਨਾਂ ਹੇਠ ਦਬਾਇੰਦਾ। ਖ਼ਾਲਕ ਖ਼ਲਕ ਵੇਖ ਵਖਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਦੇਸ਼ ਆਪ ਸੁਣਾਵਣਾ। ਸਚ ਸੰਦੇਸ਼ ਜਣਾਇਆ, ਪੁਰਖ ਅਬਿਨਾਸ਼ੀ ਬੇਪਰਵਾਹ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਪੰਧ ਦਏ ਮੁਕਾਇਆ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਬਣੇ ਰਹੇ ਮਲਾਹ। ਲੇਖਾ ਲੇਖੇ ਲਏ ਲਗਾਇਆ, ਲੇਖਾ ਲਿਖਣਹਾਰਾ ਸੱਚਾ ਸ਼ਹਿਨਸ਼ਾਹ। ਕਲਜੁਗ ਅੰਤਮ ਵੇਸ ਵਟਾਇਆ, ਜੋਤੀ ਜਾਮਾ ਭੇਖ ਵਟਾ। ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਇਆ, ਪੰਜ ਤਤ ਘਾੜਨ ਨਾ ਲਿਆ ਕੋਇ ਘੜਾ। ਬ੍ਰਹਮ ਪਾਰਬ੍ਰਹਮ ਆਪਣੀ ਗੋਦ ਬਹਾਇਆ, ਸਿਰ ਆਪਣਾ ਹੱਥ ਟਿਕਾ। ਵਿਸ਼ਨੂੰ ਤੇਰਾ ਸੰਗ ਨਿਭਾਇਆ, ਕੀਤਾ ਕੌਲ ਪੂਰਾ ਦਏ ਕਰਾ। ਸ਼ੰਕਰ ਤੇਰਾ ਪੰਧ ਮੁਕਾਇਆ, ਅੰਤਮ ਸੰਸਾ ਦਏ ਗਵਾ। ਤਿੰਨਾਂ ਵਿਚੋਲਾ ਬਣ ਕੇ ਆਇਆ, ਆਦਿ ਜੁਗਾਦੀ ਸੱਚਾ ਸ਼ਹਿਨਸ਼ਾਹ। ਸੀਸ ਜਗਦੀਸ ਤਾਜ ਸੁਹਾਇਆ, ਤਖ਼ਤ ਨਿਵਾਸੀ ਇਕ ਅਖਵਾ। ਕਲਜੁਗ ਕੂੜ ਕੁੜਿਆਰਾ ਡੇਰਾ ਢਾਇਆ, ਚਾਰ ਕੁੰਟ ਸ੍ਰਿਸ਼ਟ ਸਬਾਈ ਰੋਵੇ ਮਾਰੇ ਧਾਹ। ਅਠਸਠ ਤੀਰਥ ਨਾ ਕੋਇ ਸੁਹਾਇਆ, ਜਮਨਾ ਗੰਗਾ ਸੁਰਸਤੀ ਗੋਦਾਵਰੀ ਕਰ ਕਰ ਬੈਠੀ ਨਾ। ਗੁਰ ਦਰ ਮੰਦਰ ਮਸਜਿਦ ਅਗਨ ਤਪਾਇਆ, ਸਾਂਤਕ ਸਤਿ ਨਾ ਸਕੇ ਕੋਇ ਵਰਤਾ। ਸਾਧਾਂ ਸੰਤਾਂ ਕੰਤ ਭਗਵੰਤ ਨਾ ਕਿਸੇ ਹੰਢਾਇਆ, ਨਾਰ ਦੁਹਾਗਣ ਖੁਲ੍ਹੇ ਕੇਸ ਰਹੀ ਵਖਾ। ਹਰਿ ਮੰਦਰ ਅੰਦਰ ਡੇਰਾ ਕਿਸੇ ਨਾ ਲਾਇਆ, ਸਤਿਗੁਰ ਬਣੇ ਨਾ ਕਿਸੇ ਮਲਾਹ। ਮਾਇਆ ਮਮਤਾ ਮੋਹ ਵਧਾਇਆ, ਆਸਾ ਤ੍ਰਿਸ਼ਨਾ ਘਰ ਘਰ ਬੈਠੀ ਪੀਹੜਾ ਡਾਹ। ਮਨਮੁਖ ਜੀਵਾਂ ਕਾਇਆ ਸਾਲੂ ਇਕ ਰੰਗਾਇਆ, ਕਾਲਾ ਰੰਗ ਚੜ੍ਹਾਇਆ ਨਾਲ ਮਿਲਾਈ ਸਵਾਹ। ਸਾਚਾ ਚੰਦ ਨਜ਼ਰ ਨਾ ਆਇਆ, ਨੌਂ ਖੰਡ ਪ੍ਰਿਥਮੀ ਅੰਧੇਰਾ ਗਿਆ ਛਾ। ਰਾਜ ਰਾਜਾਨ ਰਹੇ ਕੁਰਲਾਇਆ, ਉਚੀ ਆਪਣੀ ਬਾਂਹ ਉਠਾ। ਅੰਜੀਲ ਕ਼ੁਰਾਨ ਦਏ ਦੁਹਾਇਆ, ਪੀਰ ਦਸਤਗੀਰ ਪੱਲਾ ਸਕੇ ਨਾ ਕੋਇ ਫੜਾ। ਕਾਇਆ ਨਿਜਾਤ ਨਾ ਕੋਇ ਦਿਵਾਇਆ, ਮੁਖ ਨਕ਼ਾਬ ਨਾ ਸਕੇ ਕੋਇ ਉਠਾ। ਆਬ ਹਯਾਤ ਭਰ ਪਿਆਲਾ ਨਾ ਕਿਸੇ ਪਿਆਇਆ, ਸੰਗ ਮੁਹੰਮਦ ਚਾਰ ਯਾਰ ਬੈਠੇ ਨੈਣ ਸ਼ਰਮਾ। ਅੱਲਾ ਰਾਣੀ ਨੇਤਰ ਨੈਣ ਨਾ ਕੋਇ ਉਠਾਇਆ, ਉਚੀ ਕੂਕ ਕੂਕ ਏਕਾ ਤੱਕੇ ਤੇਰਾ ਰਾਹ। ਕਲਜੁਗ ਜੀਵਾਂ ਝੂਠੀ ਕਿਰਿਆ ਮੋਹੇ ਜਲਾਇਆ, ਸਦੀ ਚੌਧਵੀਂ ਲੱਗੀ ਤੱਤੀ ਭਾਹ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਲੇਖਾ ਦਏ ਮੁਕਾਇਆ, ਜਿਸ ਤੇਰੀ ਬਣਤ ਲਈ ਬਣਾ। ਲੋਕਮਾਤ ਵੇਖ ਵਖਾਇਆ, ਵੇਖਣਹਾਰਾ ਇਕ ਖ਼ੁਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਜੁਗਾ ਜੁਗੰਤਰ ਆਪੇ ਜਾਣੇ ਆਪਣਾ ਮੰਤਰ, ਨਮੋ ਦੇਵ ਵਾਸਤਕ ਰੂਪ ਬਣੇ ਬੇਪਰਵਾਹ। ਵਿਸ਼ਨ ਬ੍ਰਹਮਾ ਸ਼ਿਵ ਰੱਖਣੀ ਆਸ, ਹਰਿ ਏਕਾ ਅੱਖਰ ਦ੍ਰਿੜਾਇਆ। ਕਲਜੁਗ ਅੰਤ ਬੁਝਾਏ ਪਿਆਸ, ਪੀਆ ਪ੍ਰੀਤਮ ਦਇਆ ਕਮਾਇਆ। ਨਿਰਗੁਣ ਜੋਤ ਕਰੇ ਪਰਕਾਸ਼, ਪਰਮ ਪੁਰਖ ਵਡ ਵਡਿਆਇਆ। ਘਟ ਮੰਦਰ ਪਾਏ ਰਾਸ, ਗੋਪੀ ਕਾਹਨ ਆਪ ਨਚਾਇਆ। ਲੱਖ ਚੁਰਾਸੀ ਵੇਖੇ ਵੇਖਣਹਾਰਾ ਪਵਣ ਸਵਾਸ, ਅੰਦਰ ਮੰਦਰ ਖੋਜ ਖੁਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਰਘਰਾਇਆ। ਹਰਿ ਸਾਚਾ ਖੇਲ ਖਿਲਾਇੰਦਾ, ਨਿਰਗੁਣ ਨਿਰਗੁਣ ਜਾਮਾ ਧਾਰ। ਗੁਰਮੁਖ ਸਾਚੇ ਆਪ ਉਠਾਇੰਦਾ, ਲੱਖ ਚੁਰਾਸੀ ਕਰ ਵਿਚਾਰ। ਸੁਰਤੀ ਸ਼ਬਦ ਮੇਲ ਮਿਲਾਇੰਦਾ, ਮੇਲ ਮਿਲਾਏ ਨਾਰੀ ਕੰਤ ਭਤਾਰ। ਆਤਮ ਸੇਜਾ ਆਪ ਸੁਹਾਇੰਦਾ, ਸਚ ਸੁਵਾਣੀ ਕਰ ਪਿਆਰ। ਅੰਮ੍ਰਿਤ ਆਤਮ ਠੰਡਾ ਪਾਣੀ ਆਪ ਪਿਆਇੰਦਾ, ਕਿਰਪਾ ਕਰ ਪਹਿਲੀ ਵਾਰ। ਆਪਣੀ ਅਕਥ ਕਹਾਣੀ ਆਪ ਸੁਣਾਇੰਦਾ, ਅਨਹਦ ਸ਼ਬਦ ਸੱਚੀ ਧੁੰਨਕਾਰ। ਹਰਿ ਕਾ ਨਾਉਂ ਛੱਤੀ ਰਾਗ ਭੇਵ ਨਾ ਪਾਇੰਦਾ, ਉਚੀ ਕੂਕ ਕੂਕ ਕਰਨ ਪੁਕਾਰ। ਵੇਦ ਪੁਰਾਨ ਸਰਬ ਜਸ ਗਾਇੰਦਾ, ਚਾਰ ਜੁਗ ਜੈ ਜੈਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪਣੇ ਹੱਥ ਰੱਖੇ ਨਿਰੰਕਾਰ। ਆਪਣਾ ਨਾਉਂ ਆਪਣੇ ਹੱਥ ਰੱਖ, ਜੁਗ ਜੁਗ ਆਪਣੇ ਨਾਮ ਕਰੇ ਵਡਿਆਈਆ । ਕਲਜੁਗ ਅੰਤਮ ਰਸਨਾ ਜਿਹਵਾ ਪੜ੍ਹ ਪੜ੍ਹ ਹਰਿ ਕਾ ਨਾਮ ਰਹੇ ਦੱਸ, ਹਰਿ ਨਾਮ ਨਾ ਕੋਇ ਮਿਲਾਈਆ। ਜਗਤ ਮੰਦਰ ਬਹਿ ਬਹਿ ਰਹੇ ਹੱਸ, ਕਾਇਆ ਮੰਦਰ ਸੋਭਾ ਕੋਇ ਨਾ ਪਾਈਆ। ਤੀਰਥ ਤੱਟਾਂ ਪੈਂਡਾ ਮੁਕੌਂਦੇ ਰਹੇ ਨੱਸ ਨੱਸ, ਘਰ ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਣਾਏ ਆਪਣਾ ਜਸ, ਸੋ ਜਨ ਮਿਲੇ ਵਡਿਆਈਆ। ਹਰਿ ਜਸ ਭਗਤਾਂ ਆਪ ਸਮਝਾਇੰਦਾ, ਜੁਗਾ ਜੁਗੰਤਰ ਕਾਰ। ਸਿਰ ਆਪਣਾ ਹੱਥ ਰਖਾਇੰਦਾ, ਪੁਰਖ ਅਗੰਮਾ ਏਕੰਕਾਰ। ਕੋਟਨ ਕੋਟ ਜਨਮ ਦੇ ਪਾਪ ਗਵਾਇੰਦਾ, ਪੂਰਬ ਕਰਮਾਂ ਲਏ ਵਿਚਾਰ। ਮਾਣਸ ਮਾਨੁਖ ਆਪਣੇ ਲੇਖੇ ਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਬਖ਼ਸ਼ੇ ਚਰਨ ਪਿਆਰ। ਚਰਨ ਪਿਆਰ ਮਸਤਕ ਧੂੜ, ਗੁਰਮੁਖ ਵਿਰਲੇ ਟਿੱਕਾ ਲਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਆਪ ਆਪਣੀ ਬੂਝ ਬੁਝਾਈਆ। ਨਾਤਾ ਤੋੜੇ ਕੂੜੋ ਕੂੜ, ਸਚ ਸੁੱਚ ਦਏ ਵਡਿਆਈਆ। ਗੁਰਮੁਖ ਸੱਜਣ ਦਾਤਾ ਸੂਰ, ਸੂਰਬੀਰ ਆਪ ਅਖਵਾਈਆ। ਜਿਸ ਜਨ ਬਖ਼ਸ਼ੇ ਆਪਣਾ ਨੂਰ, ਜੋਤ ਨਿਰੰਜਣ ਡਗਮਗਾਈਆ। ਅੰਤਮ ਕਲਜੁਗ ਗੁਰਸਿਖਾਂ ਘਰ ਘਰ ਵਖਾਏ ਕੋਹਤੂਰ, ਗੁਰਸਿਖ ਮੂਸਾ ਰੂਪ ਵਟਾਈਆ। ਪਰਗਟ ਹੋਇਆ ਹਾਜ਼ਰ ਹਜ਼ੂਰ, ਹਰਿ ਕੀ ਪੌੜੀ ਦਏ ਚੜ੍ਹਾਈਆ। ਆਪਣਾ ਲਹਿਣਾ ਦੇਣਾ ਮੁਕਾਏ ਜ਼ਰੂਰ, ਜ਼ੇਰ ਜ਼ਬਰ ਨਾ ਕੋਇ ਰੂਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਉਠਾਈਆ। ਹਰਿਜਨ ਆਪ ਉਠਾਇਆ, ਕਰ ਕਿਰਪਾ ਗੁਣ ਨਿਧਾਨ। ਅੰਤਰ ਆਤਮ ਦਰਸ ਦਿਖਾਇਆ, ਦਰ ਦਵਾਰ ਕਰ ਪਰਵਾਨ। ਜਗਤ ਤ੍ਰਿਸ਼ਨਾ ਭੁੱਖ ਮਿਟਾਇਆ, ਇਕ ਵਖਾਇਆ ਸਚ ਨਿਸ਼ਾਨ। ਕਾਹਨਾ ਕ੍ਰਿਸ਼ਨਾ ਆਪਣਾ ਰੂਪ ਜਣਾਇਆ, ਰਾਮ ਰੂਪ ਸ੍ਰੀ ਭਗਵਾਨ। ਨਾਨਕ ਗੋਬਿੰਦ ਖੇਲ ਖਿਲਾਇਆ, ਈਸਾ ਮੂਸਾ ਚਤੁਰ ਸੁਜਾਨ। ਸੰਗ ਮੁਹੰਮਦ ਨੂਰ ਧਰਾਇਆ, ਚਾਰ ਯਾਰੀ ਹੋ ਮਿਹਰਵਾਨ। ਆਲਮੀਨ ਇਕ ਖ਼ੁਦਾਇਆ, ਖ਼ਾਲਕ ਖੇਲੇ ਖੇਲ ਮਹਾਨ। ਰਾਮ ਨਾਮ ਇਕ ਸਮਝਾਇਆ, ਆਤਮ ਪਰਮਾਤਮ ਸਚ ਗਿਆਨ। ਮੰਤਰ ਨਾਮ ਸਤਿ ਦ੍ਰਿੜਾਇਆ, ਏਕਾ ਮੰਤਰ ਵੇਖ ਵਖਾਨ। ਵਾਹ ਵਾ ਗੁਰੂ ਫ਼ਤਿਹ ਗਜਾਇਆ, ਗੁਰ ਬਿਨ ਕੋਇ ਨਾ ਉਤਰੇ ਪਾਰ ਵਿਚ ਜਹਾਨ। ਕਲਜੁਗ ਅੰਤਮ ਪਾਰਬ੍ਰਹਮ ਪਤਿ ਪਰਮੇਸ਼ਵਰ ਗੁਰਸਿਖਾਂ ਪੂਰਬ ਲਹਿਣਾ ਦਏ ਚੁਕਾਇਆ, ਨਿਰਗੁਣ ਸਰਗੁਣ ਵੇਖੇ ਆਣ। ਪੂਜਾ ਪਾਠ ਨਾ ਕੋਇ ਕਰਾਇਆ, ਏਕਾ ਬਖ਼ਸ਼ੇ ਚਰਨ ਧਿਆਨ। ਰਾਏ ਧਰਮ ਨੇੜ ਨਾ ਆਇਆ, ਚਿਤਰ ਗੁਪਤ ਹੋਏ ਹੈਰਾਨ। ਲਾੜੀ ਮੌਤ ਨਾ ਲਏ ਪਰਨਾਇਆ, ਜਿਸ ਸਿਰ ਹੱਥ ਧਰੇ ਭਗਵਾਨ। ਨਿਹਕਰਮੀ ਆਪਣਾ ਕਰਮ ਕਮਾਇਆ, ਗੁਰਸਿਖਾਂ ਦੇਵੇ ਜੀਆ ਦਾਨ। ਆਪਣੀ ਸੁਰਤੀ ਆਪਣੇ ਸ਼ਬਦ ਮਿਲਾਇਆ, ਸੁਰਤੀ ਸ਼ਬਦੀ ਏਕਾ ਘਰ ਮਕਾਨ। ਸਾਚੇ ਮੰਦਰ ਆਪ ਵਸਾਇਆ, ਆਤਮ ਸੇਜਾ ਮਾਰ ਧਿਆਨ। ਗੁਰਮੁਖ ਸਤ ਸਰੋਵਰ ਆਪ ਨੁਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਕਰ ਪਛਾਣ। ਕਲਜੁਗ ਅੰਤ ਪਛਾਣ, ਜੁਗ ਜੁਗ ਵਿਛੜੇ ਮੀਤ। ਵਿਸ਼ਨ ਬ੍ਰਹਮਾ ਸ਼ਿਵ ਹਰਿ ਖੇਲੇ ਖੇਲ ਦੋ ਜਹਾਨ, ਏਕਾ ਗਾਵਣ ਸੁਹਾਗੀ ਗੀਤ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਵੇਲਾ ਆਇਆ ਹਾਣ, ਨਾ ਕੋਈ ਸਾਕ ਸੱਜਣ ਸੈਣ ਦਿਸੇ ਮੀਤ। ਅੰਧੇਰਾ ਹੋਇਆ ਸਾਚੇ ਭਾਨ, ਪਰਕਾਸ਼ ਦਿਸੇ ਨਾ ਕੋਇ ਅਨਡੀਠ। ਕੂੜ ਕੁੜਿਆਰੇ ਚਾਰੋਂ ਕੁੰਟ ਆਪਣਾ ਰੰਗ ਵਖਾਣ, ਜੀਵਾਂ ਜੰਤਾ ਵੇਖੇ ਨੀਤ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਅੰਤਮ ਕਲਜੁਗ ਕਰੇ ਖੇਲ ਮਹਾਕਾਲ, ਕਾਲ ਕਲ ਹੋਏ ਅਧੀਨ। ਵੇਲਾ ਅੰਤ ਜੰਤ ਪਛਤਾਣ, ਬ੍ਰਹਮ ਤੜਫੇ ਬਿਨ ਪਾਰਬ੍ਰਹਮ ਜਿਉਂ ਜਲ ਮੀਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਲੇਖਾ ਚੁਕਾਏ ਬ੍ਰਹਮਾ ਵਿਸ਼ਨ ਤੀਨੋਂ ਤੀਨ। ਬੰਦੇ ਸਾਰੇ ਰੱਬ ਦੇ, ਕੋਈ ਨਾ ਕਹੇ ਮੇਰਾ। ਦੋ ਜਹਾਨ ਕਰੇ ਕੰਮ ਝਬ ਦੇ, ਮੇਟੇ ਜਗਤ ਝੇੜਾ। ਫੌਜੀ ਫੌਜੀਆਂ ਨਾਲ ਫਬਦੇ, ਪੁਰਖ ਅਬਿਨਾਸ਼ੀ ਕਰੇ ਖੁਲ੍ਹਾ ਵੇਹੜਾ। ਲੇਖਾ ਜਾਣੇ ਆਰ ਪਾਰ ਹੱਦ ਦੇ, ਨੌਂ ਖੰਡ ਪ੍ਰਿਥਮੀ ਵੇਖੇ ਏਕਾ ਖੇੜਾ। ਇਕ ਦੂਜੇ ਨੂੰ ਪਏ ਸੱਦਦੇ, ਵੇਲੇ ਅੰਤ ਬੰਨ੍ਹੇ ਕੌਣ ਬੇੜਾ। ਅੰਤਮ ਆਪਣਾ ਘਰ ਆਪੇ ਛੱਡਦੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਖੰਡ ਪ੍ਰਿਥਮੀ ਲਾਏ ਇਕ ਉਖੇੜਾ। ਕਾਂਗੋ ਕਾਂਗ ਚੜ੍ਹੇ ਹੜ, ਚਾਰ ਕੁੰਟ ਦੁਹਾਈਆ। ਵੀਹ ਸੌ ਚੌਦਾਂ ਬਿਕ੍ਰਮੀ ਪੰਦਰਾਂ ਕਤਕ ਬਾਈ ਸੌ ਕੋਸ ਵੇਖਿਆ ਏਕਾ ਗੜ੍ਹ, ਰਵਾਲਸਰ ਲੇਖ ਲਿਖਾਈਆ। ਆਪਣੀ ਵਾਰੀ ਆਪੇ ਜਾਣ ਝੜ, ਏਕਾ ਸ਼ਮਅ ਅਗਨ ਜਲਾਈਆ। ਇਕ ਦੂਜੇ ਦਾ ਫੜਨ ਲੜ, ਪੱਲੂ ਗੰਢ ਨਾ ਕੋਇ ਵਖਾਈਆ। ਜਿਸ ਘਾੜਨ ਲਿਆ ਘੜ, ਸੋ ਭਾਂਡਾ ਭੰਨ ਵਖਾਈਆ। ਫੌਜੀ ਫੌਜੀਆਂ ਨਾਲ ਸਦਾ ਲੜਨ, ਦੂਜੀ ਅਵਰ ਨਾ ਕੋਇ ਸਿਖਲਾਈਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਖ਼ਾਕੀ ਖ਼ਾਕ ਵਖਾਈਆ। ਇਕ ਦੂਜੇ ਅੱਗੇ ਜਾਣ ਅੜ, ਮੇਲ ਮਿਲਾਪ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਕਰ, ਲਿਖਿਆ ਲੇਖਾ ਪੂਰਾ ਦਏ ਕਰਾਈਆ।
