Granth 10 Likhat 070: 1 Chet 2018 Bikarmi Pritam SIngh de Greh Karol Bagh Delhi

੧ ਚੇਤਰ ੨੦੧੮ ਬਿਕ੍ਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਕਰੋਲਬਾਗ਼ ਦਿੱਲੀ

ਆਦਿ ਪੁਰਖ ਸਰਬ ਗੁਣਵੰਤ, ਆਦਿ ਜੁਗਾਦਿ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਮਹਿਮਾ ਅਗਣਤ, ਭੇਵ ਅਭੇਦ ਛੁਪਾਇੰਦਾ। ਹਰਿ ਪੁਰਖ ਨਿਰੰਜਣ ਨਾਰੀ ਕੰਤ, ਰੂਪ ਅਨੂਪ ਆਪ ਧਰਾਇੰਦਾ। ਏਕੰਕਾਰਾ ਏਕਾ ਧਾਮ ਸੋਭਾਵੰਤ, ਸਚਖੰਡ ਦਵਾਰੇ ਆਸਣ ਲਾਇੰਦਾ। ਆਦਿ ਨਿਰੰਜਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬਲ ਧਰਾਇੰਦਾ। ਸ੍ਰੀ ਭਗਵਾਨ ਵਡ ਬਲਕਾਰਾ, ਬਲ ਆਪਣਾ ਆਪ ਰਖਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਠਾਂਡੇ ਦਰਬਾਰਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਪਾਰਬ੍ਰਹਮ ਆਪੇ ਜਾਣੇ ਆਪਣੀ ਕਾਰਾ, ਕਰਤਾ ਪੁਰਖ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਆਪ ਵਰਤਾਇੰਦਾ। ਕਲ ਵਰਤੰਤਾ ਹਰਿ ਨਿਰੰਕਾਰਾ, ਮਹਿਮਾ ਅਕਥ ਕਥੀ ਨਾ ਜਾਈਆ। ਸਚਖੰਡ ਨਿਵਾਸੀ ਸਚਖੰਡ ਦਵਾਰੇ ਹੋ ਉਜਿਆਰਾ, ਨਿਰਗੁਣ ਨੂਰ ਡਗਮਗਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਤਖ਼ਤ ਨਿਵਾਸੀ ਸਾਚੇ ਆਸਣ ਸੋਭਾ ਪਾਈਆ। ਹੁਕਮੀ ਹੁਕਮ ਧੁਰ ਫ਼ਰਮਾਨਾ, ਸਾਚਾ ਰਾਣਾ ਆਪ ਜਣਾਈਆ। ਦਰ ਦਰਵੇਸ਼ ਬਣ ਦਰ ਦਰਬਾਨਾ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਸੀਸ ਜਗਦੀਸ ਆਪਣੇ ਅੱਗੇ ਆਪ ਝੁਕਾਈਆ। ਆਦਿ ਅੰਤ ਆਪੇ ਜਾਣੇ ਆਪਣਾ ਭਾਣਾ, ਭਾਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਕਲ ਕਲ ਆਪਣਾ ਨਾਉਂ ਧਰਾਈਆ। ਅਕਲ ਕਲ ਹਰਿ ਹਰਿ ਧਾਰ, ਹਰਿ ਸਾਚਾ ਆਪ ਰਖਾਇੰਦਾ। ਨਿਰਗੁਣ ਨਿਰਗੁਣ ਹੋ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਸੋਭਾ ਪਾਇੰਦਾ। ਆਦਿ ਜੁਗਾਦੀ ਏਕਾ ਕਾਰ, ਕਰਤਾ ਪੁਰਖ ਆਪ ਕਰਾਇੰਦਾ। ਨਾ ਕੋਈ ਦੂਸਰ ਮੀਤ ਮੁਰਾਰ, ਸਗਲਾ ਸੰਗ ਨਾ ਕੋਇ ਜਣਾਇੰਦਾ। ਵਸਣਹਾਰਾ ਧਾਮ ਨਿਆਰ, ਧਾਮ ਅਨਡਿਠ ਆਪਣਾ ਰੂਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮਹਿਮਾ ਆਪ ਗਣਾਇੰਦਾ। ਸਾਚੀ ਮਹਿਮਾ ਹਰਿ ਜਣਾਏ, ਲੇਖਾ ਲੇਖ ਨਾ ਕੋਇ ਲਿਖਾਈਆ। ਨਿਰਮਲ ਜੋਤੀ ਆਪ ਜਗਾਏ, ਆਪ ਆਪਣਾ ਲਏ ਪਰਗਟਾਈਆ। ਮਾਤ ਪਿਤ ਨਾ ਕੋਇ ਬਣਾਏ, ਭੈਣ ਭਾਈ ਸਾਕ ਸੱਜਣ ਸੈਣ ਨਾ ਕੋਇ ਵਡਿਆਈਆ। ਸਾਚੇ ਮੰਦਰ ਆਸਣ ਲਾਏ, ਛੱਪਰ ਛੰਨ ਨਾ ਕੋਇ ਛੁਹਾਈਆ। ਰਵ ਸਸ ਸੂਰਜ ਚੰਨ ਨਾ ਕੋਇ ਚੜ੍ਹਾਏ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਪਰਗਟਾਏ, ਤ੍ਰੈਗੁਣ ਮਾਇਆ ਬੰਧਨ ਨਾ ਕੋਇ ਵਖਾਈਆ। ਪੰਜ ਤਤ ਘਾੜਨ ਨਾ ਕੋਇ ਘੜਾਏ, ਲੱਖ ਚੁਰਾਸੀ ਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਚ ਮਹੱਲੇ ਸੋਭਾ ਪਾਈਆ। ਸਚ ਮਹੱਲਾ ਏਕੰਕਾਰਾ, ਹਰਿ ਹਰਿ ਸਾਚਾ ਆਪ ਜਣਾਇੰਦਾ। ਆਪੇ ਜਾਣੇ ਆਪਣੀ ਧਾਰਾ, ਧਾਰ ਧਾਰ ਵਿਚ ਪਰਗਟਾਇੰਦਾ। ਲੇਖਾ ਜਾਣੇ ਅਗੰਮ ਅਥਾਹ, ਬੇਪਰਵਾਹ ਆਪਣੀ ਖੇਲ ਆਪ ਖਿਲਾਇੰਦਾ। ਖੇਵਟ ਖੇਟਾ ਬਣ ਮਲਾਹ, ਕਰੇ ਖੇਲ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਹੁਕਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਆਪਣਾ ਭੇਵ ਖੋਲ੍ਹਣਹਾਰਾ, ਆਪਣੀ ਦਇਆ ਆਪ ਕਮਾਈਆ। ਆਪਣੇ ਮੰਦਰ ਕਰ ਪਸਾਰਾ, ਨਿਜ ਘਰ ਬੈਠਾ ਆਸਣ ਲਾਈਆ। ਰੂਪ ਰੰਗ ਤੇ ਵਸੇ ਬਾਹਰਾ, ਰੇਖ ਭੇਖ ਨਾ ਕੋਇ ਜਣਾਈਆ। ਤਖ਼ਤ ਨਿਵਾਸੀ ਨਿਰਗੁਣ ਧਾਰਾ, ਸਚ ਸਿੰਘਾਸਣ ਏਕਾ ਜੋਤ ਕਰੇ ਰੁਸ਼ਨਾਈਆ। ਆਪਣੀ ਇਛਿਆ ਸਾਚੀ ਭਿਛਿਆ ਭਰ ਭੰਡਾਰਾ, ਆਪਣੀ ਝੋਲੀ ਅੱਗੇ ਡਾਹੀਆ। ਆਪੇ ਲੇਖਾ ਦੇਵਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਕਲ ਆਪ ਵਰਤਾਈਆ। ਆਪਣੀ ਕਲ ਆਪ ਵਰਤੰਤਾ, ਗੁਣ ਅਵਗੁਣ ਨਾ ਕੋਇ ਜਣਾਇੰਦਾ। ਕਰੇ ਖੇਲ ਸ੍ਰੀ ਭਗਵੰਤਾ, ਰੂਪ ਅਨੂਪ ਆਪ ਵਟਾਇੰਦਾ। ਆਪੇ ਨਾਰੀ ਆਪੇ ਕੰਤਾ, ਆਪੇ ਸਾਚੀ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣੀ ਕਿਰਪਾ ਆਪ ਕਰ, ਹਰਿ ਪਰਦਾ ਆਪ ਉਠਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਦਿ ਪੁਰਖ ਦੀਨ ਦਿਆਲ, ਬੇਅੰਤ ਬੇਅੰਤ ਬੇਅੰਤ ਜੋ ਅਖਵਾਇੰਦਾ। ਆਪੇ ਘਾਲੇ ਆਪਣੀ ਘਾਲ, ਆਪਣਾ ਅੰਤ ਆਪਣੇ ਵਿਚ ਟਿਕਾਇੰਦਾ। ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਜਾਣੀ ਜਾਣ। ਜਾਨਣਹਾਰ ਪੁਰਖ ਸਮਰਥ, ਇਕ ਇਕੱਲਾ ਖੇਲ ਖਿਲਾਇੰਦਾ। ਸਚਖੰਡ ਦਵਾਰੇ ਰਿਹਾ ਵਸ, ਥਿਰ ਘਰ ਸਾਚੇ ਚਰਨ ਛੁਹਾਇੰਦਾ। ਥਿਰ ਘਰ ਮਾਰਗ ਆਪਣਾ ਦੱਸ, ਆਪ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾ ਆਦਿ ਜੁਗਾਦੀ ਇਕ ਨਿਰੰਕਾਰ, ਸਾਚੇ ਦਰ ਆਪ ਸੁਣਾਇੰਦਾ। ਸਾਚਾ ਹੁਕਮ ਧੁਰ ਫ਼ਰਮਾਨਾ, ਹਰਿ ਸਾਚਾ ਆਪਣਾ ਆਪ ਸੁਣਾਇੰਦਾ। ਆਪੇ ਹੋਏ ਸ਼ਾਹ ਪਾਤਸ਼ਾਹ ਰਾਜ ਰਾਜਾਨਾ, ਸੀਸ ਜਗਦੀਸ ਏਕਾ ਸੋਭਾ ਪਾਇੰਦਾ। ਆਪੇ ਰਾਗ ਆਪ ਤਰਾਨਾ, ਨਾਦ ਅਨਾਦੀ ਆਪ ਵਜਾਇੰਦਾ। ਆਪੇ ਪਰਮ ਪੁਰਖ ਹੋਏ ਮਿਹਰਬਾਨਾ, ਦੀਨਨ ਆਪਣੀ ਦਇਆ ਆਪ ਕਮਾਇੰਦਾ। ਆਪੇ ਸਾਚੇ ਮੰਦਰ ਉਚ ਮਹੱਲ ਵਸੇ ਇਕ ਮਕਾਨਾ, ਅਸਥਲ ਦਵਾਰਾ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਘਾੜਨ ਘੜ, ਅੰਦਰ ਵੜ ਮੁਖ ਛੁਪਾਇੰਦਾ। ਸਚਖੰਡ ਦਵਾਰ ਘਾੜਨ ਘੜਿਆ, ਬਾਢੀ ਕੋਇ ਨਾ ਬਣਤ ਬਣਾਈਆ। ਨਿਰਗੁਣ ਪੁਰਖ ਅਕਾਲ ਨਰਾਇਣ ਨਰਿਆ, ਨੂਰੋ ਨੂਰ ਡਗਮਗਾਈਆ। ਆਪਣਾ ਖੇਲ ਆਪੇ ਕਰਿਆ, ਖੇਲਣਹਾਰਾ ਆਪ ਹੋ ਜਾਈਆ। ਏਕਾ ਨਿਰਗੁਣ ਨੂਰ ਉਜਿਆਰ ਆਪਣੇ ਅੰਦਰ ਧਰਿਆ, ਦੀਵਾ ਬਾਤੀ ਨਾ ਕੋਇ ਟਿਕਾਈਆ। ਆਪਣਾ ਨਾਦ ਸ਼ਬਦ ਧੁਨ ਆਪ ਸੁਣਾਏ ਆਪੇ ਸੁਣਨਹਾਰਾ ਹਰਿ ਹਰਿ ਅਨਭਵ ਪਰਕਾਸ਼ ਕਰਾਇੰਦਾ, ਅਗੰਮ ਅਗੰਮੜੀ ਕਾਰ। ਗੁਰ ਗੁਰ ਰੂਪ ਮਾਤ ਧਰਾਇੰਦਾ, ਸ਼ਬਦੀ ਸ਼ਬਦ ਕਰ ਉਜਿਆਰ। ਭਗਤ ਭਗਵੰਤ ਵੇਖ ਵਖਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਸੰਤ ਸੁਹੇਲੇ ਮੇਲ ਮਿਲਾਇੰਦਾ, ਨਾਤਾ ਤੋੜ ਸਰਬ ਸੰਸਾਰ। ਗੁਰਮੁਖ ਆਪਣੀ ਗੋਦ ਬਹਾਇੰਦਾ, ਦਿਵਸ ਰੈਣ ਕਰੇ ਪਿਆਰ। ਗੁਰਸਿਖ ਸਾਚਾ ਸੰਗ ਨਿਭਾਇੰਦਾ, ਵਿਛੜ ਨਾ ਜਾਏ ਮੀਤ ਮੁਰਾਰ। ਜੋ ਜਨ ਆਸਾ ਤ੍ਰਿਸ਼ਨਾ ਮਨ ਰਖਾਇੰਦਾ, ਮੰਗੇ ਮੰਗ ਚਰਨ ਧੂੜ ਸਾਚੀ ਖ਼ਾਕ ਛਾਰ। ਨਰ ਨਿਰੰਕਾਰਾ ਖੇਲ ਅਪਾਰ ਰੂਪ ਅਨੂਪ ਆਪ ਧਰਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਘਟ ਘਟ ਕਰੇ ਆਪ ਵਿਚਾਰ। ਹਰਿ ਸਤਿਗੁਰ ਸੱਚਾ ਸ਼ਹਿਨਸ਼ਾਹ, ਆਦਿ ਜੁਗਾਦਿ ਸਮਾਇਆ। ਗੁਰ ਗੁਰ ਸ਼ਬਦੀ ਬਣ ਮਲਾਹ, ਖੇਵਟ ਖੇਟਾ ਵੇਸ ਵਟਾਇਆ। ਭਗਤ ਭਗਵੰਤ ਲਏ ਉਠਾ, ਆਪ ਆਪਣੀ ਦਇਆ ਕਮਾਇਆ। ਸੰਤਨ ਅੰਤਰ ਆਤਮ ਦਏ ਸਮਝਾ, ਬੋਧ ਗਿਆਨ ਇਕ ਸਮਝਾਇਆ। ਗੁਰਮੁਖ ਕਾਇਆ ਗੁਰ ਲੇਖਾ ਦੇਵੇ ਪਾ, ਸਿਰ ਆਪਣਾ ਹੱਥ ਰਖਾਇਆ। ਗੁਰਸਿਖਾਂ ਜਪਾਏ ਏਕਾ ਨਾਂ, ਨਾਉਂ ਨਿਰੰਕਾਰਾ ਮੂਲ ਵਖਾਇਆ। ਸਦਾ ਸੁਹੇਲਾ ਰੱਖੇ ਸਿਰ ਠੰਡੀ ਛਾਂ, ਸਿਰ ਆਪਣਾ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਜਨਮ ਵੇਖ ਵਖਾਇਆ। ਪੂਰਬ ਜਨਮ ਜਾਣਦਾ, ਹਰਿ ਸੱਚਾ ਸਤਿਗੁਰ ਮੀਤ। ਕਰੇ ਖੇਲ ਸ੍ਰੀ ਭਗਵਾਨ ਦਾ, ਆਦਿ ਜੁਗਾਦੀ ਸਾਚੀ ਰੀਤ। ਆਤਮ ਅੰਤਰ ਬ੍ਰਹਮ ਪਾਰਬ੍ਰਹਮ ਏਕਾ ਰੰਗ ਮਾਣਦਾ, ਲੇਖਾ ਜਾਣੇ ਹਸਤ ਕੀਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਇਕ ਅਤੀਤ। ਖੇਲ ਅਤੀਤ ਯੁੰਜਾਨ ਯੋਗੀ, ਜੁਗਤ ਆਪਣੇ ਹੱਥ ਰਖਾਈਆ। ਭਗਤਾਂ ਅੰਦਰ ਭਗਤੀ ਭੋਗੀ, ਸਾਚਾ ਭੋਗ ਇਕ ਵਖਾਈਆ। ਜਗਤ ਬਿਰਹੋਂ ਵਿਛੋੜਾ ਕੱਟੇ ਰੋਗ ਰੋਗੀ, ਮਾਇਆ ਮਮਤਾ ਮੋਹ ਚੁਕਾਈਆ। ਏਕਾ ਨਾਤਾ ਬਿਧਾਤਾ ਬੰਧਾਏ ਧੁਰ ਸੰਜੋਗੀ, ਸਚ ਸੰਜੋਗ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਲੇਖੇ ਪਾਈਆ। ਪੂਰਬ ਲੇਖ ਮੁਕਾਵਣਾ, ਗੁਰ ਗੋਬਿੰਦ ਕਰ ਪਿਆਰ। ਕਾਇਆ ਨਗਰ ਇਕ ਬਸਾਵਣਾ, ਕਾਇਆ ਦੀਵਾ ਬਾਤੀ ਜੋਤੀ ਕਰ ਉਜਿਆਰ। ਪੰਚਮ ਤਤ ਮੇਟ ਮਿਟਾਵਣਾ, ਰਤੀ ਰਤ ਰਤ ਨਿਕਾਲ। ਬ੍ਰਹਮ ਮਤ ਇਕ ਵਖਾਵਣਾ, ਲੇਖਾ ਚੁੱਕੇ ਸ਼ਾਹ ਕੰਗਾਲ। ਸਮਰਥ ਪੁਰਖ ਦਰਸ ਦਿਖਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਜੀਆ ਦਾਨ। ਜੀਆ ਦਾਨ ਜੀਵਣ ਜੁਗਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਹਰਿਜਨ ਉਠਾਏ ਸਾਚੇ ਭਗਤ, ਭਗਵਨ ਹੱਥ ਵਡਿਆਈਆ। ਆਪ ਸੁਹਾਏ ਆਪਣਾ ਵਕਤ, ਵਾਰ ਥਿਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਦਏ ਪੜ੍ਹਾਈਆ। ਏਕਾ ਅੱਖਰ ਨਿਸ਼ਅਖਰ ਗੁਣ, ਗੁਣਵੰਤਾ ਆਪ ਜਣਾਇੰਦਾ। ਛੱਤੀ ਰਾਗ ਨਾ ਰਿਹਾ ਸੁਣ, ਨਾਦ ਧੁੰਨ ਇਕ ਵਜਾਇੰਦਾ। ਲੱਖ ਚੁਰਾਸੀ ਛਾਣ ਪੁਣ, ਗੁਰਮੁਖ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਅਮੋਲਕ ਇਕ ਵਰਤਾਇੰਦਾ। ਵਸਤ ਅਮੋਲਕ ਹਰਿ ਹਰਿ ਥਾਰ, ਥਿਰ ਘਰ ਸਾਚੇ ਆਪ ਵਰਤਾਈਆ। ਜੁਗਾ ਜੁਗੰਤਰ ਸਾਚੀ ਕਾਰ, ਕਰਤਾ ਪੁਰਖ ਮਾਤ ਕਰਾਈਆ। ਨਿਤ ਨਵਿਤ ਹੋ ਉਜਿਆਰ, ਭਗਤਨ ਮੀਤ ਵੇਸ ਵਟਾਈਆ। ਅਬਿਨਾਸ਼ੀ ਅਚੁਤ ਮੀਤ ਮੁਰਾਰ, ਸਗਲਾ ਸੰਗ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਸੱਚਾ ਸ਼ਹਿਨਸ਼ਾਹੀਆ। ਆਤਮ ਦਰਸ ਆਤਮ ਦਰਸੀ ਆਤਮ ਰੰਗ, ਆਤਮ ਅੰਤਰ ਆਪ ਚੜ੍ਹਾਇੰਦਾ। ਆਤਮ ਸੇਜਾ ਆਤਮ ਪਲੰਘ, ਆਤਮ ਰਸੀਆ ਆਪ ਹੰਢਾਇੰਦਾ। ਆਤਮ ਨਾਦ ਆਤਮ ਮਰਦੰਗ, ਆਤਮ ਤਾਲ ਤਲਵਾੜਾ ਆਪ ਵਜਾਇੰਦਾ। ਆਤਮ ਅੰਤਰ ਏਕਾ ਮੰਗ, ਪਰਮਾਤਮ ਆਤਮ ਏਕਾ ਮੇਲ ਮਿਲਾਇੰਦਾ। ਬਖ਼ਸ਼ਣਹਾਰਾ ਪਰਮਾਨੰਦ, ਨਿਜਾਨੰਦ ਵਿਚ ਸਮਾਇੰਦਾ। ਮੁਖ ਸ਼ਰਮਾਏ ਸੂਰਜ ਚੰਦ, ਨਿਰਗੁਣ ਜੋਤ ਡਗਮਗਾਇੰਦਾ। ਦੂਈ ਦਵੈਤੀ ਮਿਟਾਏ ਕੰਧ, ਬਜਰ ਕਪਾਟੀ ਤੋੜ ਤੁੜਾਇੰਦਾ। ਬਿਨ ਰਸਨਾ ਜਿਹਵਾ ਆਪ ਸੁਣਾਏ ਆਪਣਾ ਛੰਦ, ਬੱਤੀ ਦੰਦ ਨਾ ਕੋਇ ਹਿਲਾਇੰਦਾ। ਅੱਠੇ ਪਹਿਰ ਇਕ ਅਨੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਅਮੋਲਕ ਝੋਲੀ ਪਾਇੰਦਾ। ਵਸਤ ਅਮੋਲਕ ਸਾਚੀ ਦਾਤ, ਗੁਰ ਸਤਿਗੁਰ ਆਪ ਵਰਤਾਈਆ। ਗੁਰਮੁਖ ਕਰੇ ਉਤਮ ਜ਼ਾਤ, ਜ਼ਾਤ ਅਜ਼ਾਤੀ ਮੇਟ ਮਿਟਾਈਆ। ਚਰਨ ਕਵਲ ਬੰਧਾਏ ਸਾਚਾ ਨਾਤ, ਦਰ ਘਰ ਸਾਚੇ ਮਿਲੇ ਵਡਿਆਈਆ। ਇਕ ਸੁਣਾਏ ਅਗੰਮੀ ਗਾਥ, ਲਿਖਣ ਪੜ੍ਹਨ ਵਿਚ ਨਾ ਆਈਆ। ਲਹਿਣਾ ਦੇਣਾ ਚੁੱਕੇ ਪੂਜਾ ਪਾਠ, ਜਿਸ ਮਿਲੇ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਜਣਾਈਆ। ਭੇਵ ਖੁਲ੍ਹਾਏ ਹਰਿ ਨਿਰੰਕਾਰ, ਕਾਇਆ ਮੰਦਰ ਅੰਦਰ ਵੇਖ ਵਖਾਇੰਦਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਪੰਜ ਤਤ ਮਨ ਮਤ ਬੁਧ ਪਰਦਾ ਆਪ ਉਠਾਇੰਦਾ। ਨੌਂ ਦਰ ਵੇਖੇ ਵਾਰੋ ਵਾਰ, ਵੇਖਣਹਾਰਾ ਮੁਖ ਛੁਪਾਇੰਦਾ। ਸੁਖਮਨ ਨਾੜੀ ਟੇਢੀ ਬੰਕ ਟੇਢੀ ਗਾਰ, ਡੂੰਘੀ ਕੰਦਰ ਸੋਭਾ ਪਾਇੰਦਾ। ਈੜਾ ਪਿੰਗਲ ਦਏ ਸਹਾਰ, ਆਪ ਆਪਣੀ ਦਇਆ ਕਮਾਇੰਦਾ। ਅੰਮ੍ਰਿਤ ਆਤਮ ਬਖ਼ਸ਼ੇ ਠੰਡੀ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਨਿਰਗੁਣ ਦੀਆ ਬਾਤੀ ਕਰ ਉਜਿਆਰ। ਅਗਿਆਨ ਅੰਧੇਰ ਮਿਟਾਇੰਦਾ। ਸ਼ਬਦ ਅਨਾਦ ਸੱਚੀ ਧੁਨਕਾਰ, ਅਨਹਦ ਤਾਲ ਆਪ ਵਜਾਇੰਦਾ। ਬਜਰ ਕਪਾਟੀ ਲਾਏ ਪਾੜ, ਦੂਈ ਦਵੈਤੀ ਮੇਟ ਮਿਟਾਇੰਦਾ, ਆਤਮ ਸੇਜਾ ਕਰ ਸ਼ੰਗਾਰ, ਸਚ ਸਿੰਘਾਸਣ ਸੋਭਾ ਪਾਇੰਦਾ। ਸੁਰਤੀ ਸ਼ਬਦੀ ਇਕ ਪਿਆਰ, ਦਰ ਘਰ ਸਾਚੇ ਮੇਲ ਮਿਲਾਇੰਦਾ। ਨਾਰੀ ਕੰਤ ਸੋਹੇ ਇਕ ਦਵਾਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਬ੍ਰਹਮ ਪਾਰਬ੍ਰਹਮ ਮੇਲ ਮਿਲਾਏ ਏਕਾ ਦਵਾਰ, ਮਿਲਿਆ ਮੇਲ ਵਿਛੜ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਮ ਦਵਾਰੀ ਭੇਵ ਚੁਕਾਇੰਦਾ। ਦਸਮ ਦਵਾਰੀ ਪਰਦਾ ਖੋਲ੍ਹ, ਆਪਣੇ ਹੱਥ ਰੱਖੇ ਵਡਿਆਈਆ। ਆਪਣਾ ਨਾਅਰਾ ਆਪੇ ਬੋਲ, ਆਪੇ ਦਏ ਸਮਝਾਈਆ। ਆਪਣੇ ਕੰਡੇ ਆਪੇ ਤੋਲ, ਆਪਣੇ ਲੇਖੇ ਲਏ ਲਗਾਈਆ। ਆਪੇ ਬੈਠਾ ਰਹੇ ਅਡੋਲ, ਗੁਰਮੁਖ ਅਡੋਲ ਅਡੁਲ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਮੇਲਾ ਲਏ ਮਿਲਾਈਆ। ਦਸਮ ਦਵਾਰੀ ਪਰਦਾ ਲਾਹ, ਆਪਣੀ ਦਇਆ ਕਮਾਇੰਦਾ। ਗੁਰਮੁਖ ਸੱਜਣ ਨਾਲ ਮਿਲਾ, ਸੁੰਨ ਅਗੰਮ ਫੇਰਾ ਪਾਇੰਦਾ। ਸੁੰਨ ਅਗੰਮੀ ਡੇਰਾ ਢਾਹ, ਆਪਣਾ ਚਰਨ ਉਠਾਇੰਦਾ। ਥਿਰ ਘਰ ਸਾਚਾ ਲਏ ਖੁਲ੍ਹਾ, ਦਰ ਘਰ ਸਾਚੇ ਸੋਭਾ ਪਾਇੰਦਾ। ਥਿਰ ਘਰ ਦਵਾਰਿਉਂ ਆਪ ਆਪਣਾ ਪਰਦਾ ਉਠਾ, ਰੂਪ ਅਨੂਪ ਆਪ ਪਰਗਟਾਇੰਦਾ। ਸਚਖੰਡ ਦਵਾਰ ਵੇਖੇ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣੀ ਕਲ ਆਪ ਧਰਾਇੰਦਾ। ਤਖ਼ਤ ਨਿਵਾਸੀ ਉਪਰ ਬੈਠ, ਆਪਣਾ ਬੰਕ ਦਏ ਸੁਹਾ, ਬੰਕ ਦਵਾਰੀ ਭੇਵ ਨਾ ਆਇੰਦਾ। ਗੁਰਮੁਖ ਸੱਜਣ ਮੀਤ ਮੁਰਾਰ, ਸੰਤ ਕੰਤ ਭਗਵੰਤ ਚਰਨ ਕਵਲ ਲਏ ਬਹਾ, ਚਰਨ ਚਰਨੋਦਕ ਮੁਖ ਚੁਆਇੰਦਾ। ਜੋਤੀ ਜੋਤ ਲਏ ਮਿਲਾ, ਜੋਤੀ ਜਾਤਾ ਪੁਰਖ ਬਿਧਾਤਾ, ਆਪਣੇ ਰੰਗ ਰੰਗਾਇੰਦਾ। ਬੈਠਾ ਰਹੇ ਇਕ ਇਕਾਂਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰੇ ਸੋਭਾ ਪਾਇੰਦਾ। ਸਚਖੰਡ ਦਵਾਰੇ ਵਸੇ ਠਾਕਰ, ਲੋਕਮਾਤ ਵੇਖ ਵਖਾਈਆ। ਲੋਕਮਾਤ ਪੰਜ ਤਤ ਕਾਇਆ ਚੋਟੀ ਵੇਖੇ ਠਾਕਰ, ਠਗ ਠਗੌਰੀ ਆਪੇ ਪਾਈਆ। ਨਿਰਗੁਣ ਰੂਪ ਅਗੰਮ ਅਥਾਹ ਨਿਰਵੈਰ ਪੁਰਖ ਹਰਿ ਹਰਿ ਠਾਕਰ, ਦਰ ਘਰ ਸਾਚੇ ਸੋਭਾ ਪਾਈਆ। ਤ੍ਰੈਗੁਣ ਬੱਧਾ ਮਾਇਆ ਲੱਧਾ ਜੀਵ ਜੰਤ ਠਾਕਰ, ਠਾਕਰ ਏਕਾ ਰਾਹ ਤਕਾਈਆ। ਸਾਹਿਬ ਸੱਚਾ ਠਾਕਰ, ਜੁਗ ਜੁਗ ਵੇਸ ਵਟਾਈਆ। ਗੁਰਸਿਖ ਨਿਮਾਣਾ ਮੰਨੇ ਭਾਣਾ ਜਗਤ ਠਾਕਰ, ਨੇਤਰ ਨੈਣ ਉਠਾਈਆ। ਸ਼ਾਹ ਪਾਤਸ਼ਾਹ ਸਾਚਾ ਰਾਣਾ ਹਰਿ ਸੌਦਾਗਰ, ਲੋਕਮਾਤ ਮਾਰ ਝਾਤ ਏਕਾ ਵਣਜ ਕਰਾਈਆ। ਪੰਜ ਤਤ ਕਾਇਆ ਚੋਲਾ ਰਤੀ ਰਤ ਵੇਖੇ ਰਤਨਾਗਰ, ਠਾਕਰ ਆਪਣਾ ਪਰਦਾ ਲਾਹੀਆ। ਜਿਸ ਜਨ ਕਰਮ ਕਰੇ ਉਜਾਗਰ, ਆਪ ਆਪਣਾ ਮੇਲ ਮਿਲਾਈਆ। ਚਰਨ ਕਵਲ ਕਵਲ ਚਰਨ ਏਕਾ ਦੇਵੇ ਆਦਰ, ਜਨਮ ਜਨਮ ਦੀ ਤ੍ਰਿਸ਼ਨਾ ਭੁੱਖ ਗਵਾਈਆ। ਮੇਲ ਮਿਲਾਵਾ ਕਰਤਾ ਕ਼ਾਦਰ, ਕਰੀਮ ਰਹੀਮ ਸਿਰ ਆਪਣਾ ਹੱਥ ਟਿਕਾਈਆ। ਸੋ ਠਾਕਰ ਹੋਏ ਬਹਾਦਰ, ਜਿਸ ਠਾਕਰ ਮਿਲਿਆ ਸੱਚਾ ਸ਼ਹਿਨਸ਼ਾਹੀਆ। ਮਨ ਮਨੂਆ ਅੰਦਰ ਰਹੇ ਨਾ ਨਾਜ਼ਰ, ਹੰਕਾਰ ਗੜ੍ਹ ਆਪ ਤੁੜਾਈਆ। ਸਿਦਕ ਸਬੂਰੀ ਦੇਵੇ ਸੱਚੀ ਸਾਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਠਾਕਰ ਜਗਤ ਰਿਹਾ ਠੁਕਰਾਈਆ। ਜਗਤ ਠਾਕਰ ਲੱਗੇ ਠੋਕਰ, ਹਰਿ ਹਰਿ ਸਾਚਾ ਆਪ ਲਗਾਇੰਦਾ। ਬਿਨ ਹਰਿ ਨਾਮੇ ਦਿਸੇ ਚੌਖਰ, ਮਾਣਸ ਜਨਮ ਮੁੱਲ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵੈਦ ਸਾਚੀ ਹਿਕਮਤ, ਕਾਇਆ ਮੰਦਰ ਆਪ ਸਮਝਾਇੰਦਾ। ਸਾਚੀ ਹਿਕਮਤ ਏਕਾ ਮੰਤਰ, ਹਰਿ ਸਾਚਾ ਸਚ ਜਣਾਇੰਦਾ। ਸੋਹੰ ਨਾਮ ਏਕਾ ਨਸਤਰ, ਰਤੀ ਰਤ ਵੇਖ ਵਖਾਇੰਦਾ। ਕਾਇਆ ਚੋਲੀ ਰੰਗੇ ਬਸਤਰ, ਰੰਗ ਮਜੀਠੀ ਆਪ ਚੜ੍ਹਾਇੰਦਾ। ਮਾਣਸ ਜਨਮ ਬਣਾਏ ਬਣਤਰ, ਕਾਗ ਹੰਸ ਰੂਪ ਵਟਾਇੰਦਾ। ਲੇਖਾ ਜਾਣੇ ਜੁਗਾ ਜੁਗੰਤਰ, ਪੂਰਬ ਜਨਮਾਂ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਠਾਕਰ ਹਰਿ ਅਖਵਾਇੰਦਾ। ਹਰਿ ਠਾਕਰ ਅਬਿਨਾਸ, ਆਦਿ ਜੁਗਾਦਿ ਸਮਾਇਆ। ਜਨ ਠਾਕਰ ਹਰਿ ਕਾ ਦਾਸ, ਨਿਉਂ ਨਿਉਂ ਬੈਠਾ ਸੀਸ ਝੁਕਾਇਆ। ਸਾਚਾ ਠਾਕਰ ਸਤਿਗੁਰ ਵਸੇ ਪਾਸ, ਵਿਛੜ ਕਦੇ ਨਾ ਜਾਇਆ। ਜਗਤ ਠਾਕਰ ਕਿਉਂ ਹੋਏ ਉਦਾਸ, ਸਤਿਗੁਰ ਮਾਇਆ ਪਰਦਾ ਦਏ ਚੁਕਾਇਆ। ਨਿਜ ਠਾਕਰ ਨਿਜ ਰੱਖੇ ਵਾਸ, ਨਿਰਧਨ ਸਾਚਾ ਮੇਲ ਮਿਲਾਇਆ। ਜਗਤ ਠਾਕਰ ਰਸਨਾ ਜਿਹਵਾ ਹਲਾਏ ਪਵਣ ਸਵਾਸ, ਹਰਿ ਠਾਕਰ ਰਸਨਾ ਜਿਹਵਾ ਨਾ ਕੋਇ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨਹਾਰਾ ਬੰਦ ਖ਼ਲਾਸ, ਸੋ ਠਾਕਰ ਹਰਿਜਨ ਭਾਇਆ। ਵਾਹ ਵਾ ਠਾਕਰ ਠਾਕਰ ਮੇਲਾ, ਜਗਤ ਠੋਕਰ ਨਾ ਕੋਇ ਲਗਾਈਆ। ਆਪੇ ਗੁਰੂ ਆਪੇ ਗੁਰ ਚੇਲਾ, ਗੋਬਿੰਦ ਗੁਰ ਗਿਆ ਸਮਝਾਈਆ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਘਰ ਸਾਚੇ ਮਿਲੇ ਸਾਚਾ ਮਾਹੀਆ। ਦਰਸ ਦਿਖਾਏ ਇਕ ਇਕੇਲਾ, ਕਲਜੁਗ ਵਿਛੋੜਾ ਪੰਧ ਕਟਾਈਆ। ਅਚਰਜ ਖੇਲ ਆਪਣਾ ਖੇਲਾ, ਵੇਦ ਕਤੇਬ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਨਾਮ ਦਏ ਵਡਿਆਈਆ। ਨਾਮ ਵਡਿਆਈ ਠਾਕਰ ਗੁਣਵੰਤ, ਗੁਣ ਠਾਕਰ ਹਰਿ ਜਣਾਇੰਦਾ। ਜਨ ਠਾਕਰ ਮਿਲੇ ਹਰਿ ਭਗਵੰਤ, ਸੋ ਠਾਕਰ ਸੋਭਾ ਪਾਇੰਦਾ। ਜਨ ਠਾਕਰ ਰਸਨਾ ਜਿਹਵਾ ਮਣੀਆ ਮੰਤ, ਸੋ ਠਾਕਰ ਹਰਿ ਗੁਣ ਗਾਇੰਦਾ। ਜਿਸ ਠਾਕਰ ਮਿਲਿਆ ਏਕਾ ਕੰਤ, ਸੋ ਠਾਕਰ ਸੋਭਾਵੰਤ ਨਾਰ ਕਹਾਇੰਦਾ। ਜਿਸ ਠਾਕਰ ਚੋਲੀ ਚੜ੍ਹਿਆ ਰੰਗ ਬਸੰਤ, ਸੋ ਠਾਕਰ ਮਿਲ ਮਿਲ ਮੰਗਲ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਅੰਤਰ ਇਕ ਗਿਆਨ, ਏਕਾ ਸ਼ਬਦ ਨਾਮ ਦ੍ਰਿੜਾਇੰਦਾ। ਠਾਕਰ ਦੇਵੇ ਇਕ ਗਿਆਨਾ, ਗਹਿਰ ਗੰਭੀਰ ਵਡੀ ਵਡਿਆਈਆ। ਸ਼ਬਦ ਨਾਦ ਧੁਨ ਤਰਾਨਾ, ਗ੍ਰਹਿ ਮੰਦਰ ਆਪ ਸੁਣਾਈਆ। ਮਨ ਵੈਰਾਗੀ ਹੋਇਆ ਨਿਮਾਣਾ, ਪੰਜ ਸ਼ੈਤਾਨ ਰਹਿਣ ਨਾ ਪਾਈਆ। ਆਸਾ ਤ੍ਰਿਸ਼ਨਾ ਪੰਧ ਚੁਕਾਣਾ, ਮਾਇਆ ਮਮਤਾ ਮੋਹ ਦਏ ਮਿਟਾਈਆ। ਏਕਾ ਰਾਗ ਸੁਣਾਏ ਗਾਨਾ, ਆਪ ਆਪਣੀ ਕਰੇ ਸ਼ਨਵਾਈਆ। ਸ਼ਬਦ ਸੰਦੇਸ਼ ਧੁਰ ਫ਼ਰਮਾਨਾ, ਨਰ ਨਰੇਸ਼ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਬੰਧਨ ਵੇਖ ਵਖਾਈਆ। ਜਗਤ ਬੰਧਨ ਵੇਖ ਵਖਾਇੰਦਾ, ਕਿਰਪਾ ਨਿਧ ਗੁਣ ਨਿਧਾਨ। ਹਰਿਜਨ ਸਾਚੇ ਮੇਲ ਮਿਲਾਇੰਦਾ, ਆਤਮ ਅੰਤਰ ਕਰ ਪਰਵਾਨ। ਪੰਜ ਆਬ ਪੰਧ ਮੁਕਾਇੰਦਾ, ਪੰਚਮ ਮੇਟ ਝੂਠ ਦੁਕਾਨ। ਚੌਦਾਂ ਹੱਟ ਫੋਲ ਫੋਲਾਇੰਦਾ, ਅੰਦਰ ਮੰਦਰ ਮਾਰ ਧਿਆਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਰਸ ਦੇਵੇ ਦਾਨ। ਏਕਾ ਜੋਤ ਪਰਗਟੇ ਠਾਕਰ ਘਟ, ਹਰਿ ਸਤਿਗੁਰ ਦਇਆ ਕਮਾਇੰਦਾ। ਕਰੇ ਪਰਕਾਸ਼ ਲਟ ਲਟ, ਰੂਪ ਅਨੂਪ ਰੰਗ ਵਖਾਇੰਦਾ। ਦੂਈ ਦਵੈਤ ਮੇਟੇ ਫੱਟ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਲਹਿਣਾ ਦੇਣਾ ਚੁੱਕੇ ਤੀਰਥ ਤਟ, ਅਠਸਠ ਕਾਇਆ ਮੰਦਰ ਅੰਦਰ ਧਾਰ ਵਹਾਇੰਦਾ। ਰਸਨਾ ਜਿਹਵਾ ਜੋ ਰਹੀ ਰਟ, ਬਿਨ ਰਸਨਾ ਜਿਹਵਾ ਆਪਣਾ ਨਾਮ ਜਪਾਇੰਦਾ। ਪਾਰ ਕਰਾਏ ਚੌਦਾਂ ਲੋਕ ਚੌਦਾਂ ਤਬਕ ਚੌਂਦਾਂ ਹੱਟ, ਪੁਰਖ ਸਮਰਥ ਆਪਣੀ ਦਇਆ ਕਮਾਇੰਦਾ। ਆਪਣੀ ਵਸਤ ਗੁਰਮੁਖ ਅੰਦਰ ਦੇਵੇ ਘੱਤ, ਗੁਰਸਿਖ ਖ਼ਜ਼ਾਨਾ ਆਪ ਭਰਾਇੰਦਾ। ਪੰਜਾਂ ਚੋਰਾਂ ਪਾਏ ਨੱਥ, ਆਪਣੇ ਪੈਰਾਂ ਹੇਠ ਦਬਾਇੰਦਾ। ਸਾਧ ਸੰਗਤ ਹੋਇਆ ਇਕੱਠ, ਸ਼ੁਭ ਦਿਹਾੜਾ ਇਕ ਵਡਿਆਇੰਦਾ। ਪਹਿਲੀ ਚੇਤ ਮੇਲ ਮਿਲਾਇਆ ਬੀਸ ਬਿਕ੍ਰਮੀ ਇਕ ਅੱਠ, ਅਠਾਰਾਂ ਗੁਰਸਿਖ ਚਰਨਾਂ ਹੇਠ ਦਬਾਇੰਦਾ। ਕਾਇਆ ਮੰਦਰ ਅੰਦਰ ਗੇੜੇ ਉਲਟੀ ਲੱਠ, ਗੇੜ ਆਪਣੇ ਹੱਥ ਰਖਾਇੰਦਾ। ਹੰਕਾਰੀ ਬੁਰਜ ਜਾਏ ਢੱਠ, ਮਨ ਕਾ ਮਣਕਾ ਆਪ ਭਵਾਇੰਦਾ। ਤਨ ਪਹਿਨਾਏ ਸਾਚਾ ਪਟ, ਆਪਣੀ ਹੱਥੀਂ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਜੋਤ ਨਾਲ ਪਰਗਟਾਇੰਦਾ। ਏਕਾ ਜੋਤ ਕਰੇ ਉਜਾਲਾ, ਹਰਿ ਸਤਿਗੁਰ ਹੱਥ ਵਡਿਆਈਆ। ਕਲਜੁਗ ਅੰਤਮ ਕਰੇ ਖੇਲ ਨਿਰਾਲਾ, ਨਿਰਗੁਣ ਨਿਰਵੈਰ ਸੱਚਾ ਸ਼ਹਿਨਸ਼ਾਹੀਆ। ਲੇਖਾ ਜਾਣੇ ਸ਼ਾਹ ਕੰਗਾਲਾ, ਸ਼ਾਹ ਕੰਗਾਲ ਏਕਾ ਰੰਗ ਰੰਗਾਈਆ। ਗੁਰਮੁਖ ਗੁਰ ਗੁਰ ਦੀਪਕ ਦੀਆ ਆਪੇ ਬਾਲਾ, ਤੇਲ ਬਾਤੀ ਨਾ ਕੋਇ ਵਖਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਤ੍ਰੈਗੁਣ ਅਤੀਤਾ ਆਪਣਾ ਖੇਲ ਆਪ ਕਰਾਈਆ। ਘਰ ਵਿਚ ਘਰ ਵਖਾਏ ਸੱਚੀ ਧਰਮਸਾਲਾ, ਗ੍ਰਹਿ ਅੰਦਰ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤ ਕਰੇ ਰੁਸ਼ਨਾਈਆ। ਏਕਾ ਜੋਤ ਨਿਰਗੁਣ ਧਾਰ, ਨਿਰਗੁਣ ਨੂਰ ਆਪ ਧਰਾਇੰਦਾ। ਗੁਰਸਿਖਾਂ ਦੇਵੇ ਕਰ ਪਿਆਰ, ਸਤਿਗੁਰ ਸਾਚੀ ਸੇਵ ਕਮਾਇੰਦਾ। ਔਖੀ ਘਾਟੀ ਚੜ੍ਹੇ ਏਕਾ ਵਾਰ, ਸਾਚਾ ਪੌੜਾ ਆਪ ਲਗਾਇੰਦਾ। ਨੇਤਰ ਨੈਣ ਖੋਲ੍ਹ ਕਰੇ ਉਜਿਆਰ, ਨਿਜ ਨੇਤਰ ਆਪ ਖੁਲ੍ਹਾਇੰਦਾ। ਚੌਥੇ ਪਦ ਕਰ ਪਿਆਰ, ਗੁਰਮੁਖ ਸਾਚੇ ਧਾਮ ਸੁਹਾਇੰਦਾ। ਪੰਚਮ ਮੇਲਾ ਮੀਤ ਮੁਰਾਰ, ਪੀਆ ਪ੍ਰੀਤਮ ਆਪਣਾ ਸੰਗ ਰਖਾਇੰਦਾ। ਛੇਵੇਂ ਛੱਪਰ ਛੰਨ ਨਾ ਕੋਇ ਆਧਾਰ, ਹਰਿਜਨ ਦਰ ਘਰ ਸਾਚੇ ਸੋਭਾ ਪਾਇੰਦਾ। ਸਤਵੇਂ ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਮੀਤ ਮੁਰਾਰ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਜੋਤ ਆਪ ਪਰਗਟਾਇੰਦਾ। ਜੋਤੀ ਜਾਤਾ ਖੇਲ ਅਵੱਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਸ ਜਨ ਫੜਾਏ ਆਪਣਾ ਪੱਲਾ, ਪਾਰਬ੍ਰਹਮ ਹੋਏ ਸਹਾਈਆ। ਘਟ ਘਟ ਅੰਦਰ ਵਸਿਆ ਇਕ ਇਕੱਲਾ, ਵੇਖਣਹਾਰਾ ਥਾਉਂ ਥਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪੇ ਜੋਤੀ ਨੂਰ ਧਰ, ਨੂਰ ਨੁਰਾਨਾ ਡਗਮਗਾਈਆ। ਨੂਰ ਨੁਰਾਨਾ ਡਗਮਗਾ, ਅੰਧ ਅੰਧੇਰ ਗਵਾਇੰਦਾ। ਸ਼ਾਹ ਰਗ ਉਪਰ ਬੈਠਾ ਡੇਰਾ ਲਾ, ਸਚ ਸਿੰਘਾਸਣ ਆਸਣ ਸੋਭਾ ਪਾਇੰਦਾ। ਕਮਲਾਪਤ ਬਣੇ ਆਪ ਮਲਾਹ, ਹਰਿਜਨ ਸਾਚੇ ਪਾਰ ਕਰਾਇੰਦਾ। ਪਹਿਲੀ ਚੇਤਰ ਦੇਵੇ ਸਚ ਸਲਾਹ, ਸੋਹੰ ਸ਼ਬਦ ਇਕ ਸਮਝਾਇੰਦਾ। ਫੜ ਫੜ ਆਪਣੇ ਬੇੜੇ ਲਏ ਚੜ੍ਹਾ, ਸਤਿਗੁਰ ਪੂਰਾ ਸੇਵ ਕਮਾਇੰਦਾ। ਜਗਤ ਝੇੜੇ ਦਏ ਮੁਕਾ, ਜਿਸ ਜਨ ਆਪਣੇ ਝੇੜੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਨੂਰ ਨੂਰ ਜੋਤ ਜੋਤ ਜੋਤ ਵਿਚ ਰਖਾਇੰਦਾ। ਜਗਤ ਤ੍ਰਿਸ਼ਨਾ ਭੁੱਖ ਮਿਟੇ ਪਿਆਸ, ਜਿਸ ਜਨ ਸਤਿਗੁਰ ਦਇਆ ਕਮਾਇੰਦਾ। ਏਕਾ ਨਾਮ ਦੇਵੇ ਸਾਚੀ ਰਾਸ, ਅਤੋਟ ਅਤੁਟ ਵਰਤਾਇੰਦਾ। ਲੇਖਾ ਚੁੱਕੇ ਦਸ ਦਸ ਮਾਸ, ਮਾਤ ਗਰਭ ਫੰਦ ਕਟਾਇੰਦਾ। ਘਰ ਮੰਦਰ ਵਖਾਏ ਸਾਚੀ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਵਿਚ ਪਰਭਾਸ, ਨਿਤ ਨਵਿਤ ਸੇਵ ਕਮਾਇੰਦਾ। ਸਦਾ ਸੁਹੇਲਾ ਜਿਸ ਜਨ ਵਸੇ ਪਾਸ, ਸੋ ਜਨ ਆਸ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਣ ਇਕ ਸਮਝਾਇੰਦਾ। ਮਿਟੇ ਪਿਆਸ ਗੁਰ ਸਤਿਗੁਰ ਚਰਨ, ਚਰਨ ਚਰਨੋਦਕ ਮੁਖ ਚੁਆਈਆ। ਅੰਤਰ ਆਤਮ ਖੋਲ੍ਹੇ ਹਰਨ ਫਰਨ, ਨੇਤਰ ਨੈਣ ਇਕ ਖੁਲ੍ਹਾਈਆ। ਭੈ ਚੁੱਕੇ ਮਰਨ ਡਰਨ, ਭੌ ਸੀਸ ਨਾ ਹੋਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ। ਹਰਿ ਕਾ ਨਾਮ ਵਸਤ ਅਮੋਲ, ਗੁਰਮੁਖ ਵੰਡ ਵੰਡਾਈਆ। ਜੋ ਜਨ ਰੱਖੇ ਆਪਣੇ ਕੋਲ, ਜਗਤ ਤ੍ਰਿਸ਼ਨਾ ਭੁੱਖ ਨੇੜ ਨਾ ਆਈਆ। ਸਦਾ ਸਦਾ ਸੁਹੇਲਾ ਰੱਖੇ ਅਡੋਲ, ਅਡੁਲ ਬੇਪਰਵਾਹੀਆ। ਆਪਣਾ ਕਰੇ ਕੀਤਾ ਪੂਰਾ ਕੌਲ, ਕੀਤਾ ਕੌਲ ਭੁਲ ਨਾ ਜਾਈਆ। ਹਰਿਜਨ ਹਿਰਦੇ ਅੰਦਰ ਜਾਏ ਮੌਲ, ਸਤਿ ਸਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਤ੍ਰਿਸ਼ਨਾ ਦਏ ਗਵਾਈਆ। ਜਗਤ ਤ੍ਰਿਸ਼ਨਾ ਹੋਏ ਦੂਰ, ਆਸਾ ਆਸਾ ਵਿਚ ਸਮਾਇੰਦਾ। ਦਰਸ ਦਿਖਾਏ ਹਾਜ਼ਰ ਹਜ਼ੂਰ, ਹਰਿਜਨ ਹਰਿ ਹਰਿ ਵੇਖ ਵਖਾਇੰਦਾ। ਨਾਤਾ ਤੋੜੇ ਕੂੜੋ ਕੂੜ, ਮਾਇਆ ਮਮਤਾ ਮੋਹ ਮਿਟਾਇੰਦਾ। ਜਿਸ ਜਨ ਬਖ਼ਸ਼ੇ ਚਰਨ ਧੂੜ, ਦੁਰਮਤ ਮੈਲ ਆਪ ਗਵਾਇੰਦਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਹਰਿਜਨ ਹਰਿ ਹਰਿ ਆਸਾ ਮਨਸਾ ਪੂਰ, ਜੋ ਜਨ ਏਕਾ ਓਟ ਰਖਾਇੰਦਾ। ਏਕਾ ਓਟ ਰੱਖਣੀ ਆਸ, ਹਰਿ ਸਤਿਗੁਰ ਦਏ ਵਡਿਆਈਆ। ਏਕਾ ਨਾਮ ਕਰੇ ਤ੍ਰਿਪਤਾਸ, ਤ੍ਰੈ ਤ੍ਰੈ ਲੇਖਾ ਮੂਲ ਚੁਕਾਈਆ। ਨਿਜ ਘਰ ਆਤਮ ਕਰੇ ਵਾਸ, ਨਿਜਾਨੰਦ ਰਸ ਚਖਾਈਆ। ਨਿਰਗੁਣ ਸਰਗੁਣ ਹੋਏ ਦਾਸੀ ਦਾਸ, ਸੇਵਕ ਸਾਚੀ ਸੇਵ ਕਮਾਈਆ। ਗੁਰਸਿਖ ਹੋਏ ਨਾ ਕਦੇ ਨਿਰਾਸ, ਜਿਸ ਸਤਿਗੁਰ ਮਿਲਿਆ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਤ੍ਰਿਸ਼ਨਾ ਦਏ ਗਵਾਈਆ। ਜਗਤ ਤ੍ਰਿਸ਼ਨਾ ਜਾਏ ਛੁੱਟ, ਸਤਿਗੁਰ ਪੂਰਾ ਆਪ ਗਵਾਇੰਦਾ। ਆਸਾ ਤ੍ਰਿਸ਼ਨਾ ਵਿਚੋਂ ਕੱਢੇ ਕੁੱਟ, ਸ਼ਬਦ ਖੰਡਾ ਹੱਥ ਚਮਕਾਇੰਦਾ। ਅੰਮ੍ਰਿਤ ਜਾਮ ਪਿਆਏ ਘੁੱਟ, ਸਾਂਤਕ ਸਤਿ ਸਤਿ ਵਰਤਾਇੰਦਾ। ਜਿਸ ਜਨ ਉਪਰ ਜਾਏ ਤੁਠ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਤ੍ਰਿਸ਼ਨਾ ਪੰਧ ਮੁਕਾਇੰਦਾ। ਜਗਤ ਤ੍ਰਿਸ਼ਨਾ ਮੁੱਕੇ ਪੰਧ, ਗੁਰ ਚਰਨ ਸੱਚੀ ਸਰਨਾਈਆ। ਰਸਨਾ ਤਜੌਣਾ ਮਦਿਰਾ ਮਾਸ ਗੰਦ, ਅੰਮ੍ਰਿਤ ਆਤਮ ਜਾਮ ਮੁਖ ਲਗਾਈਆ। ਦੂਈ ਦਵੈਤੀ ਢਾਏ ਭਰਮਾਂ ਕੰਧ, ਮਾਇਆ ਪਰਦਾ ਦਏ ਚੁਕਾਈਆ। ਸ਼ਬਦ ਸੁਣਾਏ ਸੁਹਾਗੀ ਛੰਦ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਮਾਇਆ ਮਮਤਾ ਕਰੇ ਖੰਡ ਖੰਡ, ਆਸਾ ਤ੍ਰਿਸ਼ਨਾ ਦਏ ਜਲਾਈਆ। ਗੁਰਸਿਖ ਸੁਹਾਗਣ ਨਾਰ ਨਾ ਹੋਏ ਰੰਡ, ਜਿਸ ਮਿਲਿਆ ਏਕਾ ਮਾਹੀਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀ ਛੋੜ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਤ੍ਰਿਸ਼ਨਾ ਦਏ ਗਵਾਈਆ। ਜਗਤ ਤ੍ਰਿਸ਼ਨਾ ਮਿਟੇ ਭੁੱਖ, ਭੁੱਖਿਆਂ ਭੁੱਖ ਗਵਾਇੰਦਾ। ਇਕ ਉਪਜਾਏ ਸਾਚਾ ਸੁਖ, ਘਰ ਘਰ ਵਿਚ ਮੇਲ ਮਿਲਾਇੰਦਾ। ਮਾਤ ਗਰਭ ਨਾ ਹੋਏ ਉਲਟਾ ਰੁਖ, ਲੱਖ ਚੁਰਾਸੀ ਫੰਦ ਕਟਾਇੰਦਾ। ਸਫਲ ਕਰਾਏ ਮਾਤ ਕੁੱਖ, ਜੋ ਜਨ ਚਰਨੀ ਸੀਸ ਝੁਕਾਇੰਦਾ। ਉਜਲ ਹੋਏ ਜਗਤ ਮੁਖ, ਮੁਖ ਮੁਖੜਾ ਆਪ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਭੁੱਖ ਆਪ ਗਵਾਇੰਦਾ। ਸਤਿਗੁਰ ਚਰਨ ਹਰਿ ਕਾ ਦਵਾਰ, ਹਰੀ ਹਰਿ ਆਪ ਜਣਾਇੰਦਾ। ਸਤਿਗੁਰ ਚਰਨ ਸਤਿ ਪਿਆਰ, ਸਤਿ ਸਤਿਵਾਦੀ ਸਤਿ ਸਮਝਾਇੰਦਾ। ਸਤਿਗੁਰ ਚਰਨ ਨਾਤਾ ਤੋੜੇ ਜਗਤ ਸੰਸਾਰ, ਜਗਤ ਜੁਗਤ ਇਕ ਵਖਾਇੰਦਾ। ਸਤਿਗੁਰ ਚਰਨ ਮਾਣਸ ਜਨਮ ਪੈਜ ਦਏ ਸਵਾਰ, ਮਾਣਸ ਮਾਨੁਖ ਲੇਖੇ ਲਾਇੰਦਾ। ਸਤਿਗੁਰ ਚਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਰ ਵਖਾਇੰਦਾ। ਸਤਿਗੁਰ ਚਰਨ ਸਾਚਾ ਘਰ, ਸਤਿ ਪੁਰਖ ਨਿਰੰਜਣ ਆਪ ਬਣਾਇੰਦਾ। ਗੁਰਸਿਖ ਚੁੱਕੇ ਝੂਠਾ ਡਰ, ਭੈ ਭਿਆਨਕ ਨਾ ਕੋਇ ਵਖਾਇੰਦਾ। ਆਤਮ ਨੁਹਾਏ ਸਾਚੇ ਸਰ, ਨਿਰਮਲ ਨੀਰ ਆਪ ਵਹਾਇੰਦਾ। ਸੁਰਤ ਸੁਵਾਣੀ ਲਏ ਫੜ, ਸ਼ਬਦ ਸ਼ਬਦੀ ਮੇਲ ਮਿਲਾਇੰਦਾ। ਪੌੜੇ ਪੌੜੇ ਜਾਏ ਚੜ੍ਹ, ਔਂਦਾ ਜਾਂਦਾ ਦਿਸ ਨਾ ਆਇੰਦਾ। ਹਰਿਜਨ ਜਿਸ ਤੇਰਾ ਘਾੜਨ ਲਿਆ ਘੜ, ਸੋ ਤੇਰੀ ਸੇਵ ਕਮਾਇੰਦਾ। ਆਪਣੀ ਕਰਨੀ ਆਪੇ ਰਿਹਾ ਕਰ, ਕਰਤਾ ਪੁਰਖ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਰਖਾਏ ਚਰਨ ਓਟ, ਮਾਇਆ ਮਮਤਾ ਕੱਢੇ ਖੋਟ, ਹਉਮੇ ਹੰਗਤਾ ਆਪ ਗਵਾਇੰਦਾ। ਚਰਨ ਕਵਲ ਸਾਚਾ ਨਾਤਾ, ਗੁਰ ਸਤਿਗੁਰ ਆਪ ਬੰਧਾਈਆ। ਕਲਜੁਗ ਮਿਟੇ ਰੈਣ ਅੰਧੇਰੀ ਰਾਤਾ, ਸਾਚਾ ਚੰਦ ਕਰੇ ਰੁਸ਼ਨਾਈਆ। ਇਕ ਸੁਣਾਏ ਸਾਚੀ ਗਾਥਾ, ਅੰਤਰ ਮੰਤਰ ਕਰੇ ਪੜ੍ਹਾਈਆ। ਮੇਲ ਮਿਲਾਏ ਕਮਲਾਪਾਤਾ, ਕਾਮਲ ਆਪਣੀ ਦਇਆ ਕਮਾਈਆ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਜਿਸ ਸਿਰ ਆਪਣਾ ਹੱਥ ਟਿਕਾਈਆ। ਅੱਗੇ ਰੱਖੇ ਨੇੜੇ ਵਾਟਾ, ਦੂਰ ਦੁਰਾਡਾ ਪੰਧ ਮੁਕਾਈਆ। ਚਿਤਰ ਗੁਪਤ ਨਾ ਖੋਲ੍ਹੇ ਖਾਤਾ, ਰਾਏ ਧਰਮ ਨਾ ਦਏ ਸਜ਼ਾਈਆ। ਲਾੜੀ ਮੌਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਚਰਨ ਦਏ ਵਡਿਆਈਆ। ਹਰਿਜਨ ਨਾਤਾ ਜੋੜ, ਜੋੜੀ ਜੋੜ ਮੇਲ ਮਿਲਾਇੰਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਨਿਰਗੁਣ ਸਰਗੁਣ ਘੋੜਾ ਆਪ ਦੌੜਾਇੰਦਾ। ਮਿੱਠਾ ਰਸ ਕਰੇ ਰੀਠਾ ਕੌੜ, ਮੁਖ ਅੰਮ੍ਰਿਤ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਆਪਣੇ ਹੱਥ ਰਖਾਇੰਦਾ। ਰੱਖੇ ਰੱਖਣਹਾਰ, ਦਇਆ ਕਮਾਇੰਦਾ। ਜੀਵ ਜੰਤ ਨਾ ਕਰੇ ਵਿਚਾਰ, ਖੇਲ ਖਿਲਾਇੰਦਾ। ਜੁਗ ਜੁਗ ਵੇਸ ਅਨੇਕ ਨਿਰੰਕਾਰ, ਲੋਕਮਾਤ ਫੇਰਾ ਪਾਇੰਦਾ। ਏਕਾ ਗੁਰ ਇਕ ਅਵਤਾਰ, ਏਕਾ ਹੁਕਮੀ ਹੁਕਮ ਫਿਰਾਇੰਦਾ। ਲੱਖ ਚੁਰਾਸੀ ਪਾਵਣਹਾਰਾ ਸਾਰ, ਘਟ ਘਟ ਆਪਣਾ ਰੂਪ ਧਰਾਇੰਦਾ। ਗੁਰਮੁਖ ਸਾਜਣ ਕਰੇ ਪਿਆਰ, ਆਪ ਆਪਣੇ ਵੇਖ ਵਖਾਇੰਦਾ। ਜਗਤ ਬਿਗੜੀ ਲਏ ਸੁਆਰ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਕਾਇਆ ਗਗਰੀ ਨਿਰਗੁਣ ਜੋਤ ਕਰੇ ਉਜਿਆਰ, ਨੂਰ ਜ਼ਹੂਰ ਆਪ ਦਰਸਾਇੰਦਾ। ਸਚ ਸਮਗਰੀ ਕਰ ਤਿਆਰ, ਆਪਣੀ ਹੱਥੀਂ ਹਵਨ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਬਿਗਰੀ ਆਪ ਬਣਾਇੰਦਾ। ਜਗ ਬਿਗਰੀ ਜਗ ਜਾਣਿਆ, ਜਾਨਣਹਾਰ ਗੋਪਾਲ। ਭੇਵ ਨਾ ਪਾਏ ਕੋਇ ਸੁਘੜ ਸਿਆਣਿਆ, ਪੁਰਖ ਅਬਿਨਾਸ਼ੀ ਖੇਲ ਨਿਆਰ। ਜਿਸ ਜਨ ਬਖ਼ਸ਼ੇ ਚਰਨ ਧਿਆਨਿਆ, ਆਪ ਆਪਣੀ ਕਿਰਪਾ ਧਾਰ। ਸੋ ਜਨ ਹੋਏ ਪਰਵਾਨਿਆ, ਮਿਲੇ ਮੇਲ ਹਰਿ ਮੀਤ ਮੁਰਾਰ। ਲੇਖਾ ਜਾਣੇ ਦੋ ਜਹਾਨਿਆ, ਖੇਲੇ ਖੇਲ ਵਿਚ ਸੰਸਾਰ। ਗੁਰਮੁਖ ਗੁਰਸਿਖ ਦਰ ਆਏ ਕਰੇ ਪਰਵਾਨਿਆ, ਜਨਮ ਕਰਮ ਪੂਰਬ ਆਪ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਜਨਮ ਜਗਤ ਜਗ ਬਿਗਰੀ, ਸੰਗ ਭਗਤਨ ਲਏ ਉਧਾਰ। ਭਗਤਨ ਰੂਪ ਸਾਧ ਸੰਗਤ, ਹਰਿ ਸਤਿਗੁਰ ਆਪ ਵਡਿਆਇੰਦਾ। ਅੰਦਰੇ ਅੰਦਰ ਚੜ੍ਹੀ ਰੰਗਤ, ਰੰਗਣਹਾਰਾ ਏਕਾ ਰੰਗ ਰੰਗਾਇੰਦਾ। ਜਗਤ ਤ੍ਰਿਸ਼ਨਾ ਮਿਟੀ ਭੁੱਖ ਨੰਗਤ, ਭੁਖਿਆਂ ਨੰਗਿਆਂ ਆਪਣੇ ਗਲੇ ਲਗਾਇੰਦਾ। ਗੁਰਸਿਖ ਗੁਰਮੁਖ ਹਰਿਜਨ ਹਰਿ ਭਗਤ ਦੂਜੇ ਦਰ ਨਾ ਜਾਏ ਮੰਗਤ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਪਹਿਲਾਂ ਤੋੜੇ ਗੜ੍ਹ ਹਉਮੇ ਹੰਗਤ, ਦੂਜਾ ਦਰ ਫੇਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਆਪ ਵਡਿਆਇੰਦਾ। ਸਾਧ ਸੰਗਤ ਭਗਤਨ ਰੂਪ, ਭਗਵਨ ਆਪਣੀ ਦਇਆ ਕਮਾਈਆ। ਕਰੇ ਉਜਿਆਰ ਚਾਰ ਕੂਟ, ਨਵ ਖੰਡ ਇਕ ਰੁਸ਼ਨਾਈਆ। ਨਾਤਾ ਤੋੜੇ ਜੂਠ ਝੂਠ, ਸਚ ਸੁੱਚ ਦਏ ਵਡਿਆਈਆ। ਆਪ ਉਪਜਾਏ ਪੂਤ ਸਪੂਤ, ਸਦਾ ਸੁਹੇਲਾ ਪਿਤਾ ਮਾਈਆ। ਹਰਿ ਕਾ ਨਾਉਂ ਧਾਗਾ ਸੂਤ, ਹਰਿਜਨ ਸਾਚੇ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਏਕਾ ਧਾਮ ਬੈਠੇ ਆਸਣ ਲਾਈਆ। ਭਗਤਨ ਧਾਮ ਭਗਵਨ ਦਾਸ, ਦਾਸੀ ਦਾਸ ਸੇਵ ਕਮਾਇੰਦਾ। ਕਰੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣਾ ਵੇਸ ਵਟਾਇੰਦਾ। ਆਦਿ ਜੁਗਾਦਿ ਨਾ ਜਾਏ ਵਿਨਾਸ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਅੰਤਮ ਆਪ ਹੰਢਾਇੰਦਾ। ਹਰਿਜਨ ਹਿਰਦੇ ਅੰਦਰ ਕਰ ਕਰ ਵਾਸ, ਹਰਿ ਕਾ ਰੂਪ ਆਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਹਰਿ ਹਰਿ ਜਨ ਏਕਾ ਘਰ ਬਹਾਇੰਦਾ।