੨ ਚੇਤਰ ੨੦੧੮ ਬਿਕ੍ਰਮੀ ਕਰਤਾਰ ਸਿੰਘ ਦੇ ਗ੍ਰਹਿ ਸ਼ਕੂਰ ਬਸਤੀ ਦਿੱਲੀ
ਇਕ ਇਕੱਲਾ ਏਕੰਕਾਰ, ਅਕਲ ਕਲ ਧਾਰ ਚਲਾਇੰਦਾ। ਕ਼ਾਦਰ ਕ਼ੁਦਰਤ ਕਰੇ ਪਿਆਰ, ਦੋ ਜਹਾਨਾਂ ਵੇਖ ਵਖਾਇੰਦਾ। ਤ੍ਰੈ ਤ੍ਰੈ ਲੋਆਂ ਹੋ ਉਜਿਆਰ, ਤ੍ਰੈ ਤ੍ਰੈ ਆਪਣਾ ਬੰਧਨ ਪਾਇੰਦਾ। ਚੌਥੇ ਸੁਹਾਏ ਬੰਕ ਦਵਾਰ, ਬੰਕ ਦਵਾਰੀ ਸੋਭਾ ਪਾਇੰਦਾ। ਪੰਚਮ ਮੇਲਾ ਮੀਤ ਮੁਰਾਰ, ਪੰਚਮ ਪੰਚ ਰੰਗ ਰੰਗਾਇੰਦਾ। ਛੇਵੇਂ ਸ਼ਾਸਤਰ ਸਿਮਰਤ ਕਰੇ ਖ਼ਵਾਰ, ਏਕਾ ਆਪਣਾ ਨਾਉਂ ਵਡਿਆਇੰਦਾ। ਸਤਵੇਂ ਸਤਿ ਸਤਿਵਾਦੀ ਸਾਚੀ ਕਾਰ, ਕਰਤਾ ਪੁਰਖ ਆਪ ਕਮਾਇੰਦਾ। ਅੱਠਾਂ ਤੱਤਾਂ ਵੇਖਣਹਾਰਾ ਵਾਰੋ ਵਾਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਨਵ ਖੰਡ ਪ੍ਰਿਥਮੀ ਜਾਣੇ ਨੌਂ ਦਵਾਰ, ਨਵ ਨਵ ਆਪਣਾ ਪਰਦਾ ਲਾਹਿੰਦਾ। ਦਹਿ ਦਿਸ਼ ਏਕਾ ਨਾਮ ਨਾਮ ਕਰੇ ਜੈਕਾਰ, ਜਗਤ ਜੁਗਤ ਆਪਣੇ ਹੱਥ ਰਖਾਇੰਦਾ। ਨਿਰਗੁਣ ਨਿਰਗੁਣ ਨਿਰਗੁਣ ਮੇਲਾ ਮੀਤ ਮੁਰਾਰ, ਨਿਰਗੁਣ ਚੇਲਾ ਨਿਰਗੁਣ ਗੁਰ ਰੂਪ ਧਰਾਇੰਦਾ। ਨਿਰਗੁਣ ਮੰਦਰ ਨਿਰਗੁਣ ਘਰ ਬਾਰ, ਨਿਰਗੁਣ ਆਸਣ ਸਿੰਘਾਸਣ ਸੋਭਾ ਪਾਇੰਦਾ। ਨਿਰਗੁਣ ਰਾਜਾ ਨਿਰਗੁਣ ਸਿਕਦਾਰ, ਨਿਰਗੁਣ ਸ਼ਾਹੋ ਭੂਪ ਅਖਵਾਇੰਦਾ। ਨਿਰਗੁਣ ਹੁਕਮ ਨਿਰਗੁਣ ਵਰਤਾਰ, ਨਿਰਗੁਣ ਧੁਰ ਫ਼ਰਮਾਨਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰਾ ਆਪ ਪਰਗਟਾਇੰਦਾ। ਸਾਚੀ ਧਾਰਾ ਹਰਿ ਗੋਬਿੰਦ, ਗੋਬਿੰਦ ਗੜ੍ਹ ਸੁਹਾਈਆ। ਹਰਿਜਨ ਜਣਾਏ ਬਣਾਏ ਆਪਣੀ ਬਿੰਦ, ਪਿਤਾ ਪੂਤ ਵਡੀ ਵਡਿਆਈਆ। ਨਾਮ ਸਰੋਵਰ ਧਾਰ ਵਹਾਏ ਸਾਗਰ ਸਿੰਧ, ਗਹਿਰ ਗੰਭੀਰ ਸੱਚਾ ਸ਼ਹਿਨਸ਼ਾਹੀਆ। ਲੇਖ ਚੁਕਾਏ ਸੁਰਪਤ ਇੰਦ, ਸ਼ੰਕਰ ਬ੍ਰਹਮਾ ਪੰਧ ਮੁਕਾਈਆ। ਦੀਨਾਂ ਨਾਥ ਗੁਣੀ ਗਹਿੰਦ, ਗੁਣ ਅਵਗੁਣ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮਾਰਗ ਆਪੇ ਲਾਈਆ। ਸਾਚਾ ਮਾਰਗ ਹਰਿ ਹਰਿ ਰਾਹ, ਹਰਿ ਕਾ ਪੌੜਾ ਆਪ ਬਣਾਇੰਦਾ। ਸਤਿ ਸਰੂਪੀ ਸ਼ਬਦ ਮਲਾਹ, ਗੁਰ ਸਤਿਗੁਰ ਨਾਉਂ ਧਰਾਇੰਦਾ। ਨਵ ਨਵ ਖੇੜਾ ਦਏ ਵਸਾ, ਝੂਠਾ ਝੇੜਾ ਆਪ ਮੁਕਾਇੰਦਾ। ਬੰਨ੍ਹ ਬੰਨ੍ਹ ਬੇੜਾ ਦਏ ਚਲਾ, ਏਕਾ ਚੱਪੂ ਨਾਮ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਧਰਾਇੰਦਾ। ਆਪਣਾ ਨਾਉਂ ਰੱਖ ਆਪ, ਆਪਣੇ ਹੱਥ ਰੱਖੇ ਵਡਿਆਈਆ। ਆਪਣਾ ਨਾਉਂ ਬਣਾਏ ਸਾਚਾ ਜਾਪ, ਜੀਵ ਜਪਤ ਜਪਤ ਸੁਖ ਪਾਈਆ। ਆਪਣਾ ਨਾਉਂ ਕਰਾਏ ਵਡ ਪਰਤਾਪ, ਪਾਰਬ੍ਰਹਮ ਬੇਪਰਵਾਹੀਆ। ਆਪਣੇ ਨਾਉਂ ਗਵਾਏ ਜਗਤ ਸੰਤਾਪ, ਸੰਸਾ ਰੋਗ ਰਹੇ ਨਾ ਰਾਈਆ। ਆਪਣੇ ਨਾਉਂ ਮਿਟਾਏ ਕੋਟਨ ਪਾਪ, ਪਤਿਤ ਪਾਪੀ ਲਏ ਤਰਾਈਆ। ਆਪਣੇ ਨਾਉਂ ਮਿਟਾਏ ਅੰਧੇਰੀ ਰਾਤ, ਸਤਿ ਸਤਿਵਾਦੀ ਚੰਦ ਚੜ੍ਹਾਈਆ। ਆਪਣੇ ਨਾਉਂ ਖੁਲ੍ਹਾਏ ਹਾਟ, ਲੱਖ ਚੁਰਾਸੀ ਏਕਾ ਵਣਜ ਵਖਾਈਆ। ਆਪਣਾ ਨਾਉਂ ਬਣਾਏ ਤੀਰਥ ਤਾਟ, ਸਰ ਸਰੋਵਰ ਮਜਨ ਇਕ ਨੁਹਾਈਆ। ਆਪਣਾ ਨਾਉਂ ਸੁਣਾਏ ਆਪਣੀ ਗਾਥ, ਅੰਤਰ ਮੰਤਰ ਇਕ ਪੜ੍ਹਾਈਆ। ਆਪਣਾ ਨਾਉਂ ਭੇਵ ਖੁਲ੍ਹਾਏ ਤ੍ਰਿਲੋਕੀ ਨਾਥ, ਲੋਆਂ ਪੁਰੀਆਂ ਵੇਖ ਵਖਾਈਆ। ਆਪਣਾ ਨਾਉਂ ਚਲਾਏ ਏਕਾ ਰਾਥ, ਹਰਿਜਨ ਸਾਚੇ ਲਏ ਚੜ੍ਹਾਈਆ। ਆਪਣਾ ਨਾਉਂ ਬਣਾਏ ਪੂਜਾ ਪਾਠ, ਏਕਾ ਢੋਲਾ ਸਾਚਾ ਗਾਈਆ। ਆਪਣਾ ਨਾਉਂ ਜਣਾਏ ਤੀਰਥ ਤਪ ਜਤ ਸਤਿ ਹਾਠ, ਸਤਿ ਸੰਤੋਖ ਰੂਪ ਧਰਾਈਆ। ਆਪਣਾ ਨਾਉਂ ਰਖਾਏ ਉਤਮ ਜ਼ਾਤ, ਵਰਨ ਬਰਨ ਨਾ ਵੰਡ ਵੰਡਾਈਆ। ਆਪਣਾ ਨਾਉਂ ਬਣਾਏ ਪਿਤਾ ਮਾਤ, ਹਰਿਜਨ ਸਾਚੇ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪਣੇ ਹੱਥ ਰਖਾਈਆ। ਆਪਣਾ ਨਾਉਂ ਬਣਾਏ ਗੁਰਦੇਵ, ਇਸ਼ਟ ਰੂਪ ਆਪ ਅਖਵਾਈਆ। ਆਪਣਾ ਨਾਉਂ ਪਰਗਟਾਏ ਅਲਖ ਅਭੇਵ, ਅਲਖ ਅਲਖਨਾ ਸੱਚਾ ਸ਼ਹਿਨਸ਼ਾਹੀਆ। ਆਪਣਾ ਨਾਉਂ ਲਗਾਏ ਸੇਵ, ਸ੍ਰਿਸ਼ਟ ਸਬਾਈ ਵੇਖੇ ਥਾਉਂ ਥਾਈਆ। ਆਪਣਾ ਨਾਉਂ ਧਰਾਏ ਰਸਨਾ ਜਿਹਵ, ਜੀਵ ਜੰਤ ਹਰਿ ਜਸ ਗਾਈਆ। ਆਪਣਾ ਨਾਉਂ ਵਖਾਏ ਅੰਮ੍ਰਿਤ ਫਲ ਸਾਚਾ ਮੇਵ, ਮਿੱਠਾ ਰਸ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਚਲਾਈਆ। ਆਪਣਾ ਨਾਉਂ ਕਰੇ ਪਰਤਖ, ਪਾਰਬ੍ਰਹਮ ਭੇਵ ਨਾ ਆਇੰਦਾ। ਆਪਣਾ ਨਾਉਂ ਕਰੇ ਵੱਖ, ਰੂਪ ਅਨੂਪ ਆਪ ਧਰਾਇੰਦਾ। ਆਪਣਾ ਨਾਉਂ ਗੁਰਮੁਖਾਂ ਅੰਦਰ ਦੇਵੇ ਰੱਖ, ਸਾਚੇ ਮੰਦਰ ਆਪ ਟਿਕਾਇੰਦਾ। ਆਪਣਾ ਨਾਉਂ ਆਪੇ ਦੱਸ, ਸਾਚੇ ਮਾਰਗ ਆਪੇ ਪਾਇੰਦਾ। ਆਪਣਾ ਨਾਉਂ ਵਖਾਏ ਅੰਮ੍ਰਿਤ ਰਸ, ਨਿਝਰ ਝਿਰਨਾ ਆਪ ਝਿਰਾਇੰਦਾ। ਆਪਣਾ ਨਾਉਂ ਦੇਵੇ ਹੱਸ ਹੱਸ, ਜਿਸ ਜਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਇਕ ਵਖਾਇੰਦਾ। ਆਪਣਾ ਨਾਉਂ ਕਰੇ ਬਲਵਾਨ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਆਪਣਾ ਨਾਉਂ ਝੁਲਾਏ ਨਿਸ਼ਾਨ, ਦੋ ਜਹਾਨਾਂ ਆਪ ਹਿਲਾਈਆ। ਆਪਣਾ ਨਾਉਂ ਬਣਾਏ ਸਚ ਵਿਧਾਨ, ਸਾਚਾ ਮੰਡਲ ਇਕ ਸਮਝਾਈਆ। ਆਪਣਾ ਨਾਉਂ ਜਣਾਏ ਇਕ ਗਿਆਨ, ਗ੍ਰਹਿ ਮੰਤਰੀ ਆਪਣਾ ਨਾਉਂ ਰਖਾਈਆ। ਆਪਣਾ ਨਾਉਂ ਆਪੇ ਦੇਵੇ ਹਰਿ ਜੂ ਆਣ, ਬਿਨ ਹਰਿ ਅਵਰ ਨਾ ਕੋਇ ਸਮਝਾਈਆ। ਆਪਣਾ ਨਾਉਂ ਰੱਖੇ ਆਣ, ਨਵ ਨੌਂ ਡੰਕ ਵਜਾਈਆ। ਆਪਣਾ ਨਾਉਂ ਧੁਰ ਫ਼ਰਮਾਨ, ਧੁਰ ਦੀ ਬਾਣੀ ਰੂਪ ਵਟਾਈਆ। ਆਪਣਾ ਨਾਉਂ ਆਪ ਕਰੇ ਪਰਧਾਨ, ਲੋਕਮਾਤ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਵੇਖ ਵਖਾਈਆ। ਆਪਣਾ ਨਾਉਂ ਕਰੇ ਪਰਸਿਧ, ਅਬਿਨਾਸ਼ੀ ਕਰਤਾ ਏਕੰਕਾਰਿਆ। ਆਪਣਾ ਨਾਉਂ ਆਪ ਪਰਗਟਾਏ ਆਪਣੀ ਕਰ ਕਰ ਬਿਧ, ਰੂਪ ਰੰਗ ਰੇਖ ਨਾ ਕੋਇ ਵਖਾ ਰਿਹਾ। ਆਪਣਾ ਨਾਉਂ ਦਾਸੀ ਦਾਸ ਕਰਾਏ ਨੌਂ ਨਿਧ, ਅਠਾਰਾਂ ਸਿਧ ਮੁਖ ਸ਼ਰਮਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਆਪ ਪਰਗਟਾ ਲਿਆ। ਆਪਣਾ ਨਾਉਂ ਕਰੇ ਉਜਿਆਰਾ, ਹਰਿ ਸਾਚਾ ਸਚ ਵਡਿਆਈਆ। ਆਪਣੇ ਨਾਉਂ ਕਰੇ ਪਸਾਰਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਰੰਗ ਰੰਗਾਈਆ। ਆਪਣਾ ਨਾਉਂ ਬੋਲੇ ਜੈਕਾਰਾ, ਜੈ ਜੈਕਾਰ ਆਪ ਸੁਣਾਈਆ। ਆਪਣਾ ਨਾਉਂ ਬਣਾਏ ਸੱਚਾ ਹਥਿਆਰਾ, ਚੰਡ ਪਰਚੰਡ ਆਪ ਚਮਕਾਈਆ। ਆਪਣਾ ਨਾਉਂ ਆਪਣੇ ਹੱਥ ਰਖਾਏ ਨਿਰੰਕਾਰਾ, ਸਚ ਕਟਾਰਾ ਮੇਲ ਮਿਲਾਈਆ। ਰਾਜ ਜੋਗ ਜੋਗ ਰਾਜ ਏਕਾ ਧਾਰਾ, ਚਰਨ ਕਵਲਾਂ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਹ ਆਪ ਪਰਗਟਾਈਆ।
