Granth 10 Likhat 106: 14 Jeth 2018 Bikarmi Karam Singh de Ghar Dhangali Jammu

੧੪ ਜੇਠ ੨੦੧੮ ਬਿਕ੍ਰਮੀ ਕਰਮ ਸਿੰਘ ਦੇ ਘਰ ਧੰਗਾਲੀ ਜੰਮੂ

ਗੁਰਸਿਖ ਸੱਚਾ ਸਾਹ ਸਵਾਰਾ, ਸ਼ਬਦ ਘੋੜੇ ਤੰਗ ਕਸਾਈਆ। ਚਰਨ ਰਕਾਬੇ ਦੇਵੇ ਆਪਣੀ ਵਾਰਾ, ਸਚ ਸਿੰਘਾਸਣ ਸੋਭਾ ਪਾਈਆ। ਨੌਂ ਖੰਡ ਪ੍ਰਿਥਮੀ ਖੇਲ ਨਿਆਰਾ, ਖ਼ਾਲਕ ਖ਼ਲਕ ਵਿਚ ਕਰਾਈਆ। ਹਰਿਜਨ ਫਿਰੇ ਵਿਚ ਸੰਸਾਰਾ, ਚਾਰ ਕੁੰਟ ਭੁਆਈਆ। ਲੋਆਂ ਪੁਰੀਆਂ ਬੋਲ ਜੈਕਾਰਾ, ਘਟ ਘਟ ਰਿਹਾ ਸੁਣਾਈਆ। ਕਰੋੜ ਤੇਤੀਸਾ ਦਏ ਹੁਲਾਰਾ, ਸੁਰਪਤ ਰਾਜਾ ਇੰਦ ਉਠਾਈਆ। ਛੋਟਾ ਬਾਲਾ ਹੋ ਤਿਆਰਾ, ਦਰ ਆਇਆ ਵਾਹੋ ਦਾਹੀਆ। ਪੁਰਖ ਅਬਿਨਾਸ਼ੀ ਕਰ ਸ਼ੰਗਾਰਾ, ਸਾਚੇ ਅਸਵ ਦਿਤਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਰੀ ਇਕ ਅਖਵਾਈਆ। ਗੁਰਸਿਖ ਅਸਵਾਰ ਹੋਏ ਸਵਾਰ, ਅਸਵ ਆਪਣਾ ਆਪ ਦੌੜਾਈਆ। ਪਵਣ ਉਨੰਜਾ ਨਾ ਪਾਵੇ ਸਾਰ, ਕੋਹ ਕਰੋੜੀ ਲੇਖਾ ਲਿਖ ਨਾ ਸਕੇ ਰਾਈਆ। ਸਾਹਿਬ ਸੁਲਤਾਨ ਦਏ ਸਹਾਰ, ਸ਼ਾਹ ਪਾਤਸ਼ਾਹ ਦਇਆ ਕਮਾਈਆ। ਸ਼ੰਕਰ ਛੱਪਰ ਛੰਨ ਲਏ ਉਠਾਲ, ਸੋਇਆ ਅੰਤ ਰਹਿਣ ਨਾ ਪਾਈਆ। ਗੁਰਸਿਖ ਬਾਲਾ ਆਇਆ ਬਣ ਜਵਾਨ, ਸੂਰਬੀਰ ਨਾਉਂ ਧਰਾਈਆ। ਨਾਲ ਲਿਆਇਆ ਸਤ ਰੰਗ ਨਿਸ਼ਾਨ, ਸਤਿ ਸਤਿ ਪੁਰਖ ਨਿਰੰਜਣ ਬਣਤ ਬਣਾਈਆ। ਸ੍ਰਿਸ਼ਟ ਸਬਾਈ ਦਏ ਗਿਆਨ, ਏਕਾ ਗੁਣ ਸਮਝਾਈਆ। ਪਰਗਟ ਹੋਇਆ ਸ੍ਰੀ ਭਗਵਾਨ, ਗੁਰਮੁਖਾਂ ਦਏ ਵਡਿਆਈਆ। ਨਵ ਨੌਂ ਚਾਰ ਚੁਕਾਏ ਕਾਣ, ਆਪਣੀ ਕੀਤੀ ਆਪ ਉਲਟਾਈਆ। ਆਪਣਾ ਬਣਾਏ ਫੇਰ ਵਿਧਾਨ, ਸਾਚੀ ਬਣਤ ਆਪ ਬਣਾਈਆ। ਸਚ ਸਿੰਘਾਸਣ ਬਹਿ ਦੇਵੇ ਫ਼ਰਮਾਨ, ਧੁਰ ਫ਼ਰਮਾਨ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸਾਚੇ ਘੋੜੇ ਲਏ ਚੜ੍ਹਾਈਆ। ਗੁਰਮੁਖ ਘੋੜੇ ਗਿਆ ਚੜ੍ਹ, ਸਤਿ ਪੁਰਖ ਨਿਰੰਜਣ ਆਪ ਚੜ੍ਹਾਇਆ। ਪੁਰੀ ਬ੍ਰਹਮ ਗਿਆ ਵੜ, ਪਾਰਬ੍ਰਹਮ ਪ੍ਰਭ ਮੇਲ ਮਿਲਾਇਆ। ਬ੍ਰਹਮਾ ਵੇਖੇ ਉਠ ਉਠ ਖੜ, ਕੌਣ ਦਵਾਰੇ ਮੇਰੇ ਆਇਆ। ਮੈਂ ਲੱਖ ਚੁਰਾਸੀ ਘਾੜਨ ਰਿਹਾ ਘੜ, ਮੇਰਾ ਘਾੜਨ ਕੌਣ ਭੰਨ ਵਖਾਇਆ। ਮੈਂ ਵਿਦਿਆ ਆਪਣੀ ਗਿਆ ਪੜ੍ਹ, ਵੇਦ ਸ਼ਾਸਤਰ ਰੂਪ ਧਰਾਇਆ। ਕੌਣ ਮੇਰਾ ਕੀਤਾ ਦੇਵੇ ਹਰਿ, ਹਾਰ ਜਿਤ ਕੌਣ ਦਏ ਵਖਾਇਆ। ਮੈਂ ਨਿਰਭੌ ਹੋ ਕੇ ਚੁਕਾਇਆ ਡਰ, ਆਪਣੇ ਘਰ ਆਸਣ ਲਾਇਆ। ਮੈਂ ਅਨਭੋੇਲ ਲਿਆ ਫੜ, ਪੁਰਖ ਅਬਿਨਾਸ਼ੀ ਤੇਰਾ ਭੇਵ ਕਿਸੇ ਨਾ ਪਾਇਆ। ਤੇਰਾ ਗੁਰਸਿਖ ਤੇਰਾ ਅੱਖਰ ਆਇਆ ਪੜ੍ਹ, ਮੇਰਾ ਅੱਖਰ ਦਿਤਾ ਮਿਟਾਇਆ। ਮੈਂ ਸਰਨ ਸਰਨਾਈ ਡਿਗਾ ਦੜ, ਵਾਹ ਵਾ ਤੇਰਾ ਸ਼ੁਕਰ ਮਨਾਇਆ। ਮੇਰੀ ਆਪਣੇ ਘਰ ਲਾਉਣੀ ਜੜ੍ਹ, ਲੱਖ ਚੁਰਾਸੀ ਦੇਣੀ ਜੜ੍ਹ ਉਖੜਾਇਆ। ਮੇਰਾ ਨੂਰ ਆਪਣੇ ਅੰਦਰ ਲੈਣਾ ਧਰ, ਲੱਖ ਚੁਰਾਸੀ ਨੂਰ ਅਗਨੀ ਤੱਤ ਜਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਘੋੜੇ ਆਪ ਬਹਾਇਆ। ਗੁਰਸਿਖ ਚੜ੍ਹ ਚੜ੍ਹ ਘੋੜੇ ਚੜ੍ਹਿਆ ਚਾ, ਵਾਗ ਆਪਣੇ ਹੱਥ ਉਠਾਈਆ। ਪੁਰਖ ਅਬਿਨਾਸ਼ੀ ਦਏ ਸਲਾਹ, ਸਾਚਾ ਰਾਹ ਦਏ ਵਖਾਈਆ। ਇੰਦਰ ਸ਼ੰਕਰ ਫੜ ਫੜ ਬਾਂਹ, ਆਪਣੀ ਗੋਦ ਬਹਾਈਆ। ਬ੍ਰਹਮੇ ਏਕਾ ਅੱਖਰ ਦਏ ਸੁਣਾ, ਅੰਤ ਆਖਰ ਕਰੇ ਪੜ੍ਹਾਈਆ। ਹੁਕਮ ਮਿਲਿਆ ਧੁਰ ਦਰਗਾਹ, ਵੇਲਾ ਸਭ ਦਾ ਰਿਹਾ ਚੁਕਾਈਆ। ਸਚਖੰਡ ਨਿਵਾਸੀ ਲੋਕਮਾਤ ਪਰਗਟ ਹੋਇਆ ਸੱਚਾ ਸ਼ਹਿਨਸ਼ਾਹ, ਦੋ ਜਹਾਨਾਂ ਸ਼ਹਿਨਸ਼ਾਹੀ ਦਏ ਬਦਲਾਈਆ। ਆਪਣੇ ਹੁਕਮਰਾਨ ਆਪਣੇ ਹੁਕਮ ਦਏ ਬਹਾ, ਹੁਕਮੀ ਹੁਕਮ ਆਪ ਸੁਣਾਈਆ। ਆਦਿ ਜੁਗਾਦਿ ਕਰਦਾ ਆਇਆ ਸਚ ਨਿਆਂ ਹਰਿ ਕਾ ਭੇਵ ਕੋਇ ਨਾ ਪਾਈਆ। ਗੁਰਸਿਖ ਬਹਾਏ ਸਾਚੇ ਥਾਂ, ਥਾਂਨ ਥਨੰਤਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੇ ਘੋੜੇ ਆਪ ਚੜ੍ਹਾਈਆ। ਗੁਰਸਿਖ ਚੜ੍ਹਿਆ ਘੋੜ ਕਸ ਪਲਾਣਾ, ਸ਼ਬਦ ਪਲਾਕ ਇਕ ਲਗਾਇੰਦਾ। ਮਿਟੌਦਾ ਜਾਏ ਰਾਜਾ ਰਾਣਾ, ਸ਼ਾਹ ਸੁਲਤਾਨਾ ਖਾਕ ਮਿਲਾਇੰਦਾ। ਗੌਂਦਾ ਜਾਏ ਏਕਾ ਗਾਣਾ, ਵਿਸ਼ਨੂੰ ਭਗਵਾਨ ਆਪ ਪੜ੍ਹਾਇੰਦਾ। ਦਰਗਹਿ ਸਾਚੀ ਮਿਲਿਆ ਸਚ ਟਿਕਾਣਾ, ਰਾਹ ਵਿਚ ਨਾ ਕੋਇ ਅਟਕਾਇੰਦਾ। ਸਤਿ ਸਰੂਪੀ ਸਚ ਬਬਾਣਾ, ਸਾਚਾ ਘੋੜਾ ਰੂਪ ਵਟਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨਾ, ਆਪ ਆਪਣਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਅਸਵ ਜਿਸ ਚੜ੍ਹਾਇੰਦਾ। ਅਸਵ ਘੋੜਾ ਸਾਚਾ ਰਾਕੀ, ਸੋ ਪੁਰਖ ਨਿਰੰਜਣ ਆਪ ਬਣਾਇਆ। ਗੁਰਮੁਖਾਂ ਵਖਾਏ ਖੋਲ੍ਹ ਆਤਮ ਤਾਕੀ, ਆਪਣਾ ਪਰਦਾ ਆਪ ਉਠਾਇਆ। ਕਿਸੇ ਦਿਸ ਨਾ ਆਵੇ ਜੀਵ ਖ਼ਾਕੀ, ਦੋਏ ਦੋਏ ਲੋਚਣ ਦਰਸ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਸਾਚਾ ਰਾਹ ਰਿਹਾ ਵਖਾਇਆ। ਸਾਚਾ ਰਾਕੀ ਹਰਿ ਕਾ ਨਾਉਂ, ਹਰਿਜਨ ਸਾਚੇ ਆਪ ਚੜ੍ਹਾਈਆ। ਫਿਰ ਫਿਰ ਵੇਖੇ ਨਗਰ ਖੇੜੇ ਗਰਾਉਂ, ਟਿੱਲੇ ਪਰਬਤ ਫੋਲ ਫੋਲਾਈਆ। ਗੁਰਸਿਖ ਫੜ ਫੜ ਚੜ੍ਹਾਏ ਬਾਹੋਂ, ਮਨਮੁਖ ਨੇੜ ਕੋਇ ਨਾ ਆਈਆ। ਅੱਗੇ ਪਿਛੇ ਫਿਰੇ ਸਿਰ ਰੱਖੇ ਠੰਡੀ ਛਾਉਂ, ਠਗ ਚੋਰ ਯਾਰ ਲੁਟ ਕੋਇ ਨਾ ਜਾਈਆ। ਕਰੇ ਪਿਆਰ ਜਿਉਂ ਬਾਲਕ ਮਾਉਂ, ਪਿਤਾ ਪੂਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘੋੜਾ ਇਕ ਰਖਾਈਆ। ਸਾਚਾ ਘੋੜਾ ਚਾਰ ਪੌੜ, ਚਾਰ ਯੁਗਾਂ ਆਪ ਲਗਾਇੰਦਾ। ਜੁਗਾ ਜੁਗੰਤਰ ਰਿਹਾ ਦੌੜ, ਆਪਣਾ ਪੰਧ ਆਪ ਮੁਕਾਇੰਦਾ। ਅੰਤਮ ਭੰਨੇ ਰੀਠਾ ਕੌੜ, ਕਲਜੁਗ ਜੀਵ ਵੇਖ ਵਖਾਇੰਦਾ। ਗੁਰਸਿਖ ਘਰ ਜਾਏ ਬੌਹੜ, ਆਪ ਆਪਣਾ ਸੀਸ ਝੁਕਾਇੰਦਾ। ਹਰਿਜਨ ਉਠਾਏ ਆਪਣੀ ਮੌਰ, ਆਪਣੀ ਪੀਠ ਭਾਰ ਰਖਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਕਰ ਕਰ ਗ਼ੌਰ, ਕੋਈ ਗੈਰ ਮੇਰੇ ਸੰਗ ਰਹਿਣ ਨਾ ਪਾਇੰਦਾ। ਬ੍ਰਹਿਮੰਡਾਂ ਕਰ ਕੇ ਆਇਆ ਸੈਰ, ਲੋਕਮਾਤ ਵੇਖ ਵਖਾਇੰਦਾ। ਚਾਰ ਕੁੰਟ ਵਰਤੇ ਕਹਿਰ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਕਲਜੁਗ ਪਾਪਾਂ ਵਗੇ ਹੜ ਗਹਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਪਿਤਾ ਪੁੱਤਰ ਪਿਆ ਵੈਰ, ਭਾਈ ਭਾਈ ਨਾ ਮੇਲ ਮਿਲਾਇੰਦਾ। ਭੈਣ ਭਰਾਵਾਂ ਦੇਵੇ ਜ਼ਹਿਰ, ਮਾਇਆ ਮਮਤਾ ਖੇਲ ਖਿਲਾਇੰਦਾ। ਨਾਰੀ ਕੰਤ ਭੁਲਾਏ ਕਰ ਕਰ ਹੇਰ ਫੇਰ, ਸਚ ਸੁੱਚ ਨਾ ਕੋਇ ਜਣਾਇੰਦਾ। ਕਲਜੁਗ ਅੰਤਮ ਪਰਗਟ ਹੋਇਆ ਸਿੰਘ ਸ਼ੇਰ ਦਲੇਰ, ਲੱਖ ਚੁਰਾਸੀ ਵੇਖ ਵਖਾਇੰਦਾ। ਆਪਣਾ ਘੋੜਾ ਫੜ ਲਿਆਇਆ ਘੇਰ, ਗੁਰਸਿਖਾਂ ਹੱਥ ਫੜਾਇੰਦਾ। ਚੜ੍ਹਨਾ ਛੇਤੀ ਨਾ ਲਾਉਣੀ ਦੇਰ, ਵੇਲਾ ਗਿਆ ਹੱਥ ਨਾ ਆਇੰਦਾ। ਚਾਰੋਂ ਕੁੰਟ ਹੋਣਾ ਹਨੇਰ, ਰਾਹ ਖੇੜਾ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਅਸਵਾਰ ਆਪ ਕਰਾਇੰਦਾ। ਗੁਰਸਿਖ ਅਸਵਾਰ ਉਠ ਕਮਰਕਸ, ਕਲਜੁਗ ਵੇਲਾ ਅੰਤਮ ਆਈਆ। ਸਤਿਗੁਰ ਮਾਰਗ ਰਿਹਾ ਦੱਸ, ਸਾਚਾ ਮਾਰਗ ਇਕ ਸਮਝਾਈਆ। ਕਿਸੇ ਨਾ ਰਹਿਣਾ ਕਿਸੇ ਦੇ ਵਸ, ਸਗਲਾ ਸੰਗ ਨਾ ਕੋਇ ਰਖਾਈਆ। ਗੁਰਸਿਖ ਗੁਰ ਗੁਰ ਮਿਲੇ ਹੱਸ ਹੱਸ, ਬਾਕੀ ਰੋਵੇ ਸਰਬ ਲੋਕਾਈਆ। ਹੁਣ ਕਹਿੰਦੇ ਮੂਰਖ ਮੂਰਖਾਂ ਨਾਲ ਗਏ ਫਸ, ਮੂਰਖ ਬਣਿਆ ਬੇਪਰਵਾਹੀਆ। ਮੂਰਖਾਂ ਕੋਲੋਂ ਦੂਰ ਦੁਰਾਡਾ ਗਿਆ ਨੱਸ, ਮੂਰਖ ਆਪਣਾ ਰੂਪ ਛੁਪਾਈਆ। ਜਿਸ ਜਨ ਹਿਰਦੇ ਅੰਦਰ ਗਿਆ ਵਸ, ਸਾਚੀ ਸੂਰਤ ਦਏ ਵਖਾਈਆ। ਅੰਤਮ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਗੁਰਸਿਖਾਂ ਦੇਵੇ ਆਪ ਸ਼ਾਬਾਸ਼, ਜੋ ਘੋੜਿਆਂ ਉਪਰ ਬੈਠੇ ਆਸਣ ਲਾਈਆ। ਲੇਖਾ ਚੁੱਕੇ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਪਾਰ ਕਰਾਈਆ। ਜਿਥੇ ਰੱਖੇ ਆਪਣਾ ਵਾਸ, ਗੁਰਮੁਖ ਰੱਖੇ ਚਰਨ ਕਵਲ ਸੱਚੀ ਸਰਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣ ਬਣ ਦਾਸੀ ਦਾਸ ਕਰੇ ਬੰਦ ਖਲਾਸ, ਖ਼ਲਾਸਾ ਆਪਣਾ ਨਾ ਕਿਸੇ ਸਮਝਾਈਆ।