Granth 10 Likhat 091: 10 Jeth 2018 Bikarmi Sardar Singh Mehar Singh Kirpa Ram de Greh Shekhsar Jammu

੧੦ ਜੇਠ ੨੦੧੮ ਬਿਕ੍ਰਮੀ ਸਰਦਾਰ ਸਿੰਘ ਮੇਹਰ ਸਿੰਘ ਕਿਰਪਾ ਰਾਮ ਦੇ ਗ੍ਰਹਿ ਸ਼ੇਖ਼ਸਰ ਜੰਮੂ

ਗੁਰਮੁਖ ਤਸਵੀਰ ਹਰਿ ਹਰਿ ਤਸਬੀ, ਮੁਤੱਅਸਬ ਜਗਤ ਦਏ ਮੁਕਾਈਆ। ਪਾਏ ਨਾਮ ਜ਼ੰਜੀਰ ਲੇਖਾ ਚੁੱਕੇ ਫ਼ਾਰਸੀ ਅਰਬੀ, ਏਕਾ ਅੱਖਰ ਨਾਮ ਵਡਿਆਈਆ। ਅੰਮ੍ਰਿਤ ਆਤਮ ਬਖ਼ਸ਼ੇ ਨੀਰ ਨਾਤਾ ਤੁਟੇ ਗਰਮੀ ਸਰਦੀ, ਸਾਂਤਕ ਸਤਿ ਸਤਿ ਵਰਤਾਈਆ। ਚੋਟੀ ਚਾੜ੍ਹੇ ਫੜ ਅਖ਼ੀਰ, ਸੁਰਤ ਸੁਵਾਣੀ ਹੋਏ ਬਰਦੀ, ਏਕਾ ਬੰਧਨ ਗੁਰ ਗੁਰ ਪਾਈਆ। ਹਉਮੇ ਹੰਗਤਾ ਕੱਢੇ ਪੀੜ, ਜਗਤ ਵੈਰਾਗਣ ਫਿਰੇ ਡਰਦੀ, ਨਾਮ ਖੰਡਾ ਇਕ ਵਖਾਈਆ। ਹਰਿਜਨ ਹਰਿ ਹਰਿ ਦੇਵੇ ਧੀਰ, ਬੂਝ ਬੁਝਾਏ ਆਪਣੇ ਘਰ ਦੀ, ਘਰ ਘਰ ਵਿਚ ਮੇਲ ਮਿਲਾਈਆ। ਦੇਵੇ ਬਦਲ ਤਕਦੀਰ, ਤਦਬੀਰ ਕਲਾ ਰੱਖੇ ਸਦਾ ਚੜ੍ਹਦੀ, ਤਕਸੀਰ ਆਪ ਮਿਟਾਈਆ। ਜਗਤ ਮੌਤ ਬਣ ਦੁਹਾਗਣ ਲੱਖ ਚੁਰਾਸੀ ਨਾਲ ਜੋ ਰਹੀ ਲੜਦੀ, ਹਰਿਜਨ ਤੇਰੇ ਚਰਨਾਂ ਹੇਠ ਦਬਾਈਆ। ਵੇਖੋ ਖੇਲ ਪੁਰਖ ਅਕਾਲ ਏਕਾ ਨਰ ਦੀ, ਸ੍ਰਿਸ਼ਟ ਸਬਾਈ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਸੱਵਿਰ ਬਣੇ ਸਾਚਾ ਮਾਹੀਆ। ਬਣੇ ਮੁਸੱਵਿਰ ਤਖ਼ਤ ਨਿਵਾਸੀ, ਸ਼ਾਹ ਪਾਤਸ਼ਾਹ ਰੂਪ ਵਟਾਇੰਦਾ। ਕਰੇ ਖੇਲ ਪੁਰਖ ਅਬਿਨਾਸ਼ੀ, ਪੁਰਖ ਪੁਰਖੋਤਮ ਵੇਖ ਵਖਾਇੰਦਾ। ਨੂਰ ਨੁਰਾਨਾ ਘਨਕ ਪੁਰ ਵਾਸੀ, ਘਨ ਆਪਣਾ ਰੂਪ ਧਰਾਇੰਦਾ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਬਣਿਆ ਰਿਹਾ ਬਨਵਾਸੀ, ਅੰਤਮ ਆਪਣਾ ਰੂਪ ਪ੍ਰਗਟਾਇੰਦਾ। ਦੋ ਜਹਾਨਾਂ ਵੇਖੇ ਖੇਲ ਤਮਾਸ਼ੀ, ਆਪਣਾ ਖੇਲ ਖਿਲਾਇੰਦਾ। ਹਰਿਜਨ ਹਰਿ ਹਰਿ ਪੂਰੀ ਕਰੇ ਆਸੀ, ਆਸ ਨਿਰਾਸ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਧਰਾਇੰਦਾ। ਆਪੇ ਮੁਸੱਵਿਰ ਦਏ ਧਰਵਾਸਾ, ਤਸਵੀਰ ਤਸਵੀਰ ਵਿਚ ਬਣਾਈਆ। ਕਾਇਆ ਬੰਕ ਕਰ ਪਰਕਾਸ਼ਾ, ਗੜ੍ਹ ਮੰਦਰ ਖੋਜ ਖੁਜਾਈਆ। ਨਿਜ ਆਤਮ ਨਿਜ ਘਰ ਕਰ ਕਰ ਵਾਸਾ, ਨਿਜ ਨੇਤਰ ਦਏ ਖੁਲ੍ਹਾਈਆ। ਲੇਖਾ ਚੁੱਕੇ ਪਵਣ ਸਵਾਸਾ, ਪਵਣ ਪਵਣਾ ਮੇਲ ਮਿਲਾਈਆ। ਭਗਤ ਭਗਵੰਤ ਬਣਿਆ ਰਹੇ ਦਾਸੀ ਦਾਸਾ, ਜਨ ਹਰਿ ਤੇਰੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਖਿੱਚੇ ਤਸਵੀਰ ਬਣ ਮੁਸੱਵਿਰ, ਤਾਲਬ ਤਲਬ ਆਪ ਰਖਾਇੰਦਾ। ਕਰੇ ਖੇਲ ਗਹਿਰ ਗੁਣ ਗਵਰ, ਗੁਣ ਨਿਧਾਨ ਵੇਖ ਵਖਾਇੰਦਾ। ਦੂਸਰ ਕੋਇ ਨਾ ਜਾਣੇ ਅਵਰ, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਲਹਿਣਾ ਚੁੱਕੇ ਕਾਇਆ ਕਵਰ, ਡੂੰਘੀ ਭਵਰੀ ਫੋਲ ਫੁਲਾਇੰਦਾ। ਮਾਣਸ ਜਨਮ ਜਾਏ ਸਵਰ, ਜਿਸ ਜਨ ਅੰਤਰ ਮੇਲ ਮਿਲਾਇੰਦਾ। ਅੱਠੇ ਪਹਿਰ ਬਣਿਆ ਰਹੇ ਭਵਰ, ਗੁਰਮੁਖ ਫੁੱਲ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਇੰਦਾ। ਗੁਰਮੁਖ ਆਪਣੇ ਅੰਦਰ ਵਾੜ, ਅੰਦਰ ਬਾਹਰ ਆਪ ਹੋ ਜਾਈਆ। ਕਰੇ ਖੇਲ ਅਪਰ ਅਪਾਰ, ਅਲਖ ਅਗੋਚਰ ਬੇਪਰਵਾਹੀਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੌਂਦੇ ਰਹੇ ਗੁਰ ਅਵਤਾਰ, ਰਸਨਾ ਜਿਹਵਾ ਮਾਤ ਹਿਲਾਈਆ। ਬੇਅੰਤ ਬੇਅੰਤ ਬੇਅੰਤ ਰਹੇ ਪੁਕਾਰ, ਨਿਉਂ ਨਿਉਂ ਬੈਠੇ ਸੀਸ ਝੁਕਾਈਆ। ਸਚਖੰਡ ਵਸੇ ਇਕ ਨਿਰੰਕਾਰ, ਦਰ ਦਰਬਾਰੇ ਸੋਭਾ ਪਾਈਆ। ਤਖ਼ਤ ਨਿਵਾਸੀ ਹਰਿ ਸਿਕਦਾਰ, ਧੁਰ ਫ਼ਰਮਾਨਾ ਹੁਕਮ ਜਣਾਈਆ। ਥਿਰ ਘਰ ਵੇਖੇ ਆਪ ਕਿਵਾੜ, ਬੰਦ ਦੁਆਰਾ ਆਪ ਖੁਲ੍ਹਾਈਆ। ਨਾ ਕੋਈ ਪੁਰਖ ਨਾ ਕੋਈ ਨਾਰ, ਨਰ ਨਰਾਇਣ ਵਡੀ ਵਡਿਆਈਆ। ਮਹੱਲ ਅਟਲ ਉਚ ਮਨਾਰ, ਸ਼ਾਹ ਪਾਤਸ਼ਾਹ ਬੈਠਾ ਆਸਣ ਲਾਈਆ। ਨਾ ਕੋਈ ਦੀਸੇ ਚੋਬਦਾਰ, ਜਗਦੀਸ਼ ਸੀਸ ਨਾ ਕੋਇ ਝੁਕਾਈਆ। ਨਿਰਗੁਣ ਨਿਰਗੁਣ ਹੋ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਸਰਗੁਣ ਕਰੇ ਆਪਣੀ ਕਾਰ, ਦੋਏ ਦੋਏ ਆਪਣਾ ਖੇਲ ਖਿਲਾਈਆ। ਜੁਗ ਜੁਗ ਇਸ਼ਟ ਧਰੇ ਵਿਚ ਸੰਸਾਰ, ਜੀਵ ਦ੍ਰਿਸ਼ਟ ਆਪ ਸਮਝਾਈਆ। ਬਣੇ ਵਸ਼ਿਸ਼ਟ ਰਾਮਾ ਉਧਾਰ, ਰਾਮ ਰਾਮ ਆਪ ਅਖਵਾਈਆ। ਕਰੇ ਕਾਮ ਡੂੰਘੀ ਗਾਰ, ਨਿਹਕਰਮੀ ਕਰਮ ਵਡਿਆਈਆ। ਬਣੇ ਸ਼ਾਮ ਮੀਤ ਮੁਰਾਰ, ਘਨੱਯਾ ਬੰਸਰੀ ਇਕ ਉਠਾਈਆ। ਨੱਯਾ ਚਲਾਏ ਵਿਚ ਸੰਸਾਰ, ਸਾਚਾ ਸੱਯਾ ਸਾਚਾ ਮਾਹੀਆ। ਬਹੀਆਂ ਪਕੜੇ ਗਿਰਵਰ ਗਿਰਧਾਰ, ਆਪ ਆਪਣੇ ਅੰਗ ਲਗਾਈਆ। ਆਦਿ ਸ਼ਕਤ ਮੱਯਾ ਵੇਖੇ ਏਕਾ ਵਾਰ, ਏਕਾ ਰੂਪ ਅਨੂਪ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਈਆ। ਨਿਰਗੁਣ ਸਰਗੁਣ ਇਸ਼ਟ ਦੇਵ, ਦੇਵ ਆਤਮਾ ਆਪ ਅਖਵਾਇੰਦਾ। ਸਰਬ ਗੁਣਵੰਤਾ ਜਾਣੇ ਸਾਚੀ ਸੇਵ, ਸੇਵਕ ਸੇਵਾ ਨਾਮ ਪ੍ਰਗਟਾਇੰਦਾ। ਹੰ ਬ੍ਰਹਮ ਲਗਾਏ ਸੇਵ, ਸੋਇਮ ਆਪਣੀ ਕਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਪ੍ਰਗਟਾਇੰਦਾ। ਰੂਪ ਅਨੂਪਾ ਸਰਗੁਣ ਧਾਰ, ਪੰਜ ਤੱਤ ਦਏ ਵਡਿਆਈਆ। ਗੁਰ ਗੁਰ ਹਰਿ ਹਰਿ ਲੈ ਅਵਤਾਰ, ਹਰਿ ਹਰਿ ਗੁਰ ਗੁਰ ਰੂਪ ਵਖਾਈਆ। ਪੀਰ ਪੈਗ਼ੰਬਰ ਹੋ ਉਜਿਆਰ, ਨਬੀ ਰਸੂਲ ਵੇਖ ਵਖਾਈਆ। ਕਲਮਾ ਕਲਾਮ ਕਰ ਉਜਿਆਰ, ਉਚੀ ਕੂਕ ਕੂਕ ਅਲਾਈਆ। ਸਾਚੇ ਮੰਦਰ ਖੋਲ੍ਹ ਕਿਵਾੜ, ਏਕਾ ਹੁਜਰਾ ਦਏ ਵਖਾਈਆ। ਨੌਬਤ ਵੱਜੇ ਸਾਂਝੇ ਯਾਰ, ਸਾਖਯਾਤ ਆਪ ਵਜਾਈਆ। ਸੋਹਬਤ ਜਾਣੇ ਸਰਬ ਸੰਸਾਰ, ਲੇਖਾ ਲਿਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਇਸ਼ਟ ਗੁਰ ਵਡਿਆਈਆ। ਇਸ਼ਟ ਗੁਰ ਸਰਬ ਗੁਣ ਦਾਤਾ, ਸਰਗੁਣ ਰੂਪ ਧਰਾਇੰਦਾ। ਗੁਰ ਗੁਰ ਵੇਖੇ ਏਕੋ ਜ਼ਾਤਾ, ਏਕਾ ਬ੍ਰਹਮ ਸਰਬ ਵਖਾਇੰਦਾ। ਏਕਾ ਨਾਮ ਨਰਾਇਣ ਨਾਤਾ, ਬਿਧਾਤਾ ਜੋੜ ਜੁੜਾਇੰਦਾ। ਏਕਾ ਗ੍ਰਹਿ ਏਕਾ ਖਾਟਾ, ਏਕਾ ਮੰਦਰ ਸੋਭਾ ਪਾਇੰਦਾ। ਏਕਾ ਨਾਮ ਅਨਾਦੀ ਅਨਹਦ ਵਾਜਾ, ਅੰਤਰ ਆਤਮ ਆਪ ਵਜਾਇੰਦਾ। ਏਕਾ ਬੋਧ ਇਕ ਅਗਾਧਾ, ਏਕਾ ਸ਼ਬਦ ਰਾਗ ਸੁਣਾਇੰਦਾ। ਏਕਾ ਸਦਾ ਸਦ ਵਿਸਮਾਦਾ, ਬਿਸਮਿਲ ਆਪਣਾ ਰੂਪ ਵਖਾਇੰਦਾ। ਏਕਾ ਖੇਲੇ ਖੇਲ ਆਦਿ ਜੁਗਾਦਾ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਗੁਰਮੁਖ ਵਿਰਲਾ ਲੱਖ ਚੁਰਾਸੀ ਵਿਚੋਂ ਕਾਢਾ, ਜਿਸ ਜਨ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣਾ ਖੇਲ ਖਿਲਾਇੰਦਾ। ਗੁਰ ਗੁਰ ਖੇਲ ਜਗਤ ਜੁਗ, ਜਾਗਰਤ ਜੋਤ ਜੋਤ ਰੁਸ਼ਨਾਈਆ। ਕਲਜੁਗ ਔਧ ਰਹੀ ਪੁਗ, ਨਵ ਨੌਂ ਲੇਖਾ ਰਿਹਾ ਮੁਕਾਈਆ। ਨਾ ਕੋਈ ਹਰਖ ਨਾ ਕੋਈ ਸੋਗ, ਚਿੰਤਾ ਦੁੱਖ ਨਾ ਕੋਇ ਜਣਾਈਆ। ਲੇਖਾ ਜਾਣੇ ਚੌਦਾਂ ਲੋਕ, ਪਰਲੋਕ ਵੇਖੇ ਥਾਉਂ ਥਾਈਂਆ। ਵਿਸ਼ਨ ਬ੍ਰਹਮਾ ਸ਼ਿਵ ਸੁਣਾਏ ਇਕ ਸਲੋਕ, ਭੁਲ ਰਹੇ ਨਾ ਰਾਈਆ। ਲੱਖ ਚੁਰਾਸੀ ਦੇਵੇ ਝੋਕ, ਆਪਣੀ ਬਣਤ ਆਪ ਬਣਾਈਆ। ਅੰਤ ਨਵ ਖੰਡ ਮਿਟਾਏ ਕਿਲਾ ਕੋਟ, ਕੋਟੀ ਕੋਟ ਗੜ੍ਹ ਤੁੜਾਈਆ। ਤਨ ਨਗਾਰੇ ਲਾਏ ਏਕਾ ਚੋਟ, ਗੁਰਮੁਖ ਵਿਰਲਾ ਮਾਤ ਉਠਾਈਆ। ਜੋਤੀ ਸ਼ਬਦੀ ਪਾਰਬ੍ਰਹਮ ਬ੍ਰਹਮ ਓਤ ਪੋਤ, ਪੂਤ ਸਪੂਤਾ ਏਕਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਮੁਖ ਆਪ ਉਪਾਈਆ। ਓਤ ਪੋਤ ਗੁਰਮੁਖ ਨਾਤਾ, ਗੁਰ ਗੁਰ ਮੇਲ ਮਿਲਾਇਆ, ਨਵ ਨੌਂ ਚਾਰ ਤੋੜਿਆ ਜਗਤ ਨਾਤਾ, ਜੁਗ ਜੁਗ ਆਪਣਾ ਖੇਲ ਖਿਲਾਇਆ। ਦਰ ਦਰ ਘਰ ਘਰ ਦੇਵੇ ਸਾਥਾ, ਸਗਲਾ ਸੰਗ ਨਿਭਾਇਆ। ਚੌਕੜੀ ਜੁਗ ਪੁਛਦਾ ਆਇਆ ਵਾਤਾ, ਵੇਸ ਅਨੇਕਾ ਰੂਪ ਵਟਾਇਆ। ਚਾਰ ਚਾਰ ਜਣੌਂਦਾ ਆਇਆ ਆਪਣੀ ਗਾਥਾ, ਆਪ ਆਪਣਾ ਨਾਉਂ ਧਰਾਇਆ। ਕਲਜੁਗ ਅੰਤਮ ਕਰੇ ਖੇਲ ਪੁਰਖ ਸਮਰਾਥਾ, ਸਮਰਥ ਪੁਰਖ ਸੱਚਾ ਸ਼ਹਿਨਸ਼ਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਡਿਆਇਆ। ਹਰਿਜਨ ਸਾਚੇ ਤੇਰੀ ਸਚ ਤਸਵੀਰ, ਹਰਿ ਸਾਚੇ ਵਿਚ ਸਮਾਈਆ। ਕਿਸੇ ਹੱਥ ਨਾ ਆਏ ਪੀਰ ਫ਼ਕੀਰ, ਪੀਰ ਪੈਗ਼ੰਬਰ ਬੈਠੇ ਰਾਹ ਤਕਾਈਆ। ਕਬੀਰ ਕੁਰਲਾਇਆ ਗੰਗਾ ਸੁਟਿਆ ਮਾਰ ਜ਼ੰਜੀਰ, ਤੇਰਾ ਅਖ਼ੀਰ ਤੇਰੇ ਹੱਥ ਵਡਿਆਈਆ। ਤੇਰਾ ਚਰਨ ਚਰਨੋਦਕ ਸਾਚਾ ਨੀਰ, ਹਉਂ ਜਲ ਮੀਨ ਰਹੀ ਤੜਫਾਈਆ। ਮੈਂ ਬਿਰਹੋਂ ਵੈਰਾਗਣ ਮਰਾਂ ਵਿਛੋੜੇ ਤੇਰੀ ਪੀੜ, ਤੇਰਾ ਵਿਛੋੜਾ ਸਹਿ ਨਾ ਸਕਾਂ ਰਾਈਆ। ਏਕਾ ਮਾਰ ਆਪਣੀ ਸਚ ਜ਼ੰਜੀਰ, ਜਗਤ ਜ਼ੰਜੀਰ ਦੇ ਤੁੜਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਿਰਪਾ ਕਰੇ ਵਡ ਪੀਰਨ ਪੀਰ, ਦਸਤਗੀਰ ਹੋਏ ਸਹਾਈਆ। ਆਪਣੀ ਆਪ ਬਦਲੀ ਤਕਬੀਰ, ਤਦਬੀਰ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਸਚ ਤਸਵੀਰ ਰਵਿਦਾਸ ਚਮਰੇਟਾ, ਏਕਾ ਇਸ਼ਟ ਰਖਾਇੰਦਾ। ਵੇਖਣਹਾਰਾ ਗੰਗਾ ਤੱਟ ਥੇਟਾ, ਹੱਥ ਕਸੀਰਾ ਇਕ ਜਣਾਇੰਦਾ। ਲੇਖਾ ਜਾਣੇ ਮਾਂ ਪਿਓ ਬੇਟਾ, ਪਿਤਾ ਪੂਤ ਖੇਲ ਖਿਲਾਇੰਦਾ। ਠੱਗਾਂ ਚੋਰਾਂ ਦੇਵੇ ਨੇਂਤਾ, ਘਰ ਆਇਆਂ ਮਾਣ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਆਇਆ ਠਗ ਤਾਰਿਆ ਬ੍ਰਾਹਮਣ, ਬ੍ਰਹਮ ਆਪਣਾ ਰੂਪ ਦਰਸਾਈਆ। ਰਵਿਦਾਸ ਚਮਾਰਾ ਬਣਿਆ ਜ਼ਾਮਨ, ਜ਼ਾਮਨੀ ਆਪਣੀ ਇਕ ਵਖਾਈਆ। ਪਾਰਬ੍ਰਹਮ ਪ੍ਰਭ ਪਕੜੇ ਦਾਮਨ, ਦੋਹਾਂ ਵਿਚੋਲਾ ਏਕਾ ਮਾਹੀਆ। ਕਲਜੁਗ ਮੇਟੇ ਰੈਣ ਅੰਧੇਰੀ ਸ਼ਾਮਨ, ਨੌਂ ਨੌਂ ਜਨਮ ਲੇਖੇ ਲਾਈਆ। ਆਪਣਾ ਚਰਨ ਕਵਲ ਵਖਾਏ ਸੱਚਾ ਘਰ ਗਰਾਮਨ, ਘਰ ਏਕਾ ਦਏ ਵਡਿਆਈਆ। ਅੰਮ੍ਰਿਤ ਮੇਘ ਬਰਸੇ ਸਾਵਣ, ਅਗਨੀ ਤੱਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਮੁਕਾਈਆ। ਠਗ ਬ੍ਰਾਹਮਣ ਰਲਿਆ ਚੋਰ, ਚੋਰ ਠੱਗਾਂ ਸੰਗ ਰਲਾਇਆ। ਰਵਿਦਾਸ ਤੱਕਿਆ ਅੰਧ ਘੋਰ, ਜੀਵਾਂ ਜੰਤਾਂ ਭੇਵ ਨਾ ਰਾਇਆ। ਪੁਰਖ ਅਬਿਨਾਸ਼ੀ ਚੜ੍ਹਿਆ ਘੋੜ, ਦੋ ਜਹਾਨਾਂ ਵੇਖ ਵਖਾਇਆ। ਭਗਤਨ ਲੱਗੀ ਦਰਸ਼ਨ ਔੜ, ਦੇ ਦਰਸ਼ਨ ਤ੍ਰਿਖ਼ਾ ਬੁਝਾਇਆ। ਠੱਗਾਂ ਰਾਮ ਨਾਮ ਲਾਗਾ ਕੌੜ, ਜਗਤ ਤ੍ਰਿਸ਼ਨਾ ਮੋਹ ਵਧਾਇਆ। ਦੋਹਾਂ ਵਿਚੋਲਾ ਬਣ ਬਣ ਠਗ ਠਗੌਰੀ ਰਿਹਾ ਹੋੜ, ਚਰਨ ਧੂੜੀ ਕੋਟਨ ਕੋਟ ਕੰਗਣ ਰੂਪ ਵਟਾਇਆ। ਕਲਜੁਗ ਅੰਤਮ ਜਾਏ ਬੌਹੜ, ਏਕਾ ਹੁਕਮ ਦਏ ਸੁਣਾਇਆ। ਮੇਰਾ ਭੇਵ ਬ੍ਰਾਹਮਣ ਗੌੜ, ਪੂਤ ਸਪੂਤਾ ਸ਼ਬਦੀ ਜਾਇਆ। ਮੇਰਾ ਨਾਉਂ ਨਾ ਜਾਣੇ ਕੋਈ ਅਵਰ, ਅਵਰਾ ਲੇਖ ਨਾ ਕੋਇ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇਆ। ਆਪਣਾ ਆਪ ਵੇਖਣਹਾਰਾ, ਭਗਤਨ ਦੇਵੇ ਜਗਤ ਵਡਿਆਈਆ। ਬਣ ਮੁਸੱਵਿਰ ਖਿੱਚੇ ਤਸਵੀਰ ਵਿਚ ਸੰਸਾਰਾ, ਸ੍ਰਿਸ਼ਟ ਇਸ਼ਟ ਦਏ ਬਦਲਾਈਆ। ਗੁਰਮੁਖ ਗੁਰ ਗੁਰ ਹੋ ਉਜਿਆਰਾ, ਚਾਰ ਕੁੰਟ ਕਰੇ ਰੁਸ਼ਨਾਈਆ। ਰਾਹ ਤੱਕੇ ਪਰਵਰਦਿਗਾਰਾ, ਨੇਤਰ ਨੈਣ ਨੈਣ ਉਠਾਈਆ। ਕਵਣ ਮੰਜ਼ਲ ਕਵਣ ਮਕਸੂਦ ਕੌਣ ਸੋਹੇ ਦਵਾਰਾ, ਕਵਣ ਪਾਂਧੀ ਪੰਧ ਮੁਕਾਈਆ। ਕਵਣ ਗਾਏ ਬੰਸਰੀ ਅਸਮ ਹਜ਼ਾਰਾ, ਦਰੂਦ ਨੂਰ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰੀ ਤਸਵੀਰ, ਆਪਣਾ ਬੰਧਨ ਪਾਏ ਜ਼ੰਜੀਰ, ਡੋਰ ਆਪਣੇ ਹੱਥ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਬੇਨਜ਼ੀਰ, ਨਿਗਹ ਦਿਸ ਕਿਸੇ ਨਾ ਆਈਆ।