੫ ਜੇਠ ੨੦੧੭ ਬਿਕ੍ਰਮੀ ਤੇਜ ਭਾਨ ਦੇ ਘਰ ਸ਼ੇਖ਼ਸਰ ਜ਼ਿਲਾ ਜੰਮੂ
ਸਤਿ ਪੁਰਖ ਨਿਰੰਜਣ ਸਤਿ ਸਤਿ ਧਾਰ, ਸਤਿ ਸਤਿਵਾਦੀ ਆਪ ਚਲਾਇੰਦਾ। ਅਗੰਮ ਅਗੰਮੜੀ ਖੇਲ ਅਪਾਰ, ਅਗੰਮ ਅਗੰਮੜੀ ਖੇਲ ਖਿਲਾਇੰਦਾ। ਅਲੱਖ ਅਲੱਖਣਾ ਅਲੱਖ ਜੈਕਾਰ, ਅਲੱਖ ਅਗੋਚਰ ਆਪ ਲਗਾਇੰਦਾ। ਸਚਖੰਡ ਨਿਵਾਸੀ ਹੋ ਤਿਆਰ, ਦਰ ਘਰ ਸਾਚੇ ਬਣਤ ਬਣਾਇੰਦਾ। ਸ਼ਬਦ ਅਨਾਦਿ ਸੱਚੀ ਧੁਨਕਾਰ, ਥਿਰ ਘਰ ਸਾਚੇ ਆਪ ਸੁਣਾਇੰਦਾ। ਸੋ ਪੁਰਖ ਨਿਰੰਜਣ ਮੀਤ ਮੁਰਾਰ, ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ। ਏਕੰਕਾਰਾ ਨਿਰਾਕਾਰ, ਨਿਰਗੁਣ ਆਪਣਾ ਰੂਪ ਦਰਸਾਇੰਦਾ। ਆਦਿ ਨਿਰੰਜਣ ਵੇਖ ਪਸਾਰ, ਆਪ ਆਪਣਾ ਪਰਦਾ ਲਾਹਿੰਦਾ। ਅਬਿਨਾਸ਼ੀ ਕਰਤਾ ਵਸੇ ਸਚ ਸੱਚੇ ਦਰਬਾਰ, ਘਰ ਮਹੱਲਾ ਇਕ ਸੁਹਾਇੰਦਾ। ਸ੍ਰੀ ਭਗਵਾਨ ਸਿਰਜਣਹਾਰ, ਦਰਗਹਿ ਸਾਚੀ ਵੇਸ ਵਟਾਇੰਦਾ। ਪਾਰਬ੍ਰਹਮ ਪ੍ਰਭ ਰਾਜ ਰਾਜਾਨ, ਸ਼ਾਹ ਸੁਲਤਾਨ ਨਾਉਂ ਧਰਾਇੰਦਾ। ਤਖ਼ਤ ਤਾਜ ਵਡ ਮਿਹਰਵਾਨ, ਦੋ ਜਹਾਨਾਂ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਸੱਚੀ ਰਚਨਾ ਰਚ ਕਰਤਾਰ, ਘਰ ਮੰਦਰ ਸੋਭਾ ਪਾਈਆ। ਨਿਰਗੁਣ ਨਿਰਗੁਣ ਕਰ ਪਿਆਰ, ਨਿਰਗੁਣ ਆਪਣੇ ਅੰਗ ਲਗਾਈਆ। ਨਿਰਗੁਣ ਸੇਜਾ ਸੁੱਤਾ ਪੈਰ ਪਸਾਰ, ਨਿਰਗੁਣ ਆਪਣੀ ਲਏ ਅੰਗੜਾਈਆ। ਨਿਰਗੁਣ ਖੇਲ ਅਗੰਮ ਅਪਾਰ, ਨਿਰਗੁਣ ਵੇਖੇ ਬੇਪਰਵਾਹੀਆ। ਨਿਰਗੁਣ ਦਾਤਾ ਦੇਵਣਹਾਰ, ਸਰਗੁਣ ਭਿਛਿਆ ਰਿਹਾ ਪਾਈਆ। ਨਿਰਗੁਣ ਵਣਜ ਕਰੇ ਵਾਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਹਿ ਸਾਚੀ ਏਕਾ ਘਰ, ਸਤਿ ਪੁਰਖ ਨਿਰੰਜਣ ਬੈਠਾ ਵੜ, ਦੂਸਰ ਸੰਗ ਨਾ ਕੋਇ ਰਖਾਈਆ। ਸਤਿ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹ, ਸ਼ਾਹ ਸ਼ਹਾਨਾ ਆਪ ਅਖਵਾਇੰਦਾ। ਤਖ਼ਤ ਨਿਵਾਸੀ ਬੈਠਾ ਡੇਰਾ ਲਾ, ਰੂਪ ਰੰਗ ਨਾ ਕੋਈ ਜਣਾਇੰਦਾ। ਅਬਿਨਾਸ਼ੀ ਕਰਤਾ ਜੋਤ ਜਗਾ, ਨਿਰਗੁਣ ਦੀਵਾ ਬਾਤੀ ਇਕ ਟਿਕਾਇੰਦਾ। ਤਖ਼ਤ ਤਾਜ ਆਪ ਸੁਹਾ, ਰਾਜ ਜੋਗ ਆਪ ਕਮਾਇੰਦਾ। ਦਰ ਦਰਬਾਣਾ ਬੈਠਾ ਸੀਸ ਝੁਕਾ, ਦਰ ਦਰਵੇਸ਼ਾ ਆਪ ਕਰਾਇੰਦਾ। ਧੁਰ ਫ਼ਰਮਾਣਾ ਹੁਕਮ ਸੁਣਾ, ਆਪਣਾ ਮਾਰਗ ਆਪੇ ਲਾਇੰਦਾ। ਸੋ ਪੁਰਖ ਨਿਰੰਜਣ ਆਪ ਜਗਾ, ਆਪਣੀ ਕਲ ਆਪ ਵਰਤਾਇੰਦਾ। ਹਰਿ ਪੁਰਖ ਨਿਰੰਜਣ ਦੇਵੇ ਸਚ ਸਲਾਹ, ਸਾਚੀ ਸਿਖਿਆ ਝੋਲੀ ਪਾਇੰਦਾ। ਏਕੰਕਾਰਾ ਬਣਾਏ ਮਲਾਹ, ਸਾਚਾ ਖੇਵਟ ਖੇਟਾ ਭਾਰ ਉਠਾਇੰਦਾ। ਆਦਿ ਨਿਰੰਜਣ ਗਣਤ ਗਿਣਾ, ਆਪ ਆਪਣੀ ਵੰਡ ਵੰਡਾਇੰਦਾ। ਸ੍ਰੀ ਭਗਵਾਨ ਆਪ ਵਖਾਏ ਆਪਣਾ ਥਾਂ, ਧਰਤ ਧਵਲ ਨਾ ਕੋਈ ਜਣਾਇੰਦਾ। ਸਾਚਾ ਮੰਦਰ ਰਿਹਾ ਸੁਹਾ, ਛੱਪਰ ਛੰਨ ਨਾ ਕੋਈ ਉਪਾਇੰਦਾ। ਸਚ ਸਿੰਘਾਸਣ ਲਿਆ ਡਾਹ, ਪਾਵਾ ਚੂਲ ਨਾ ਕੋਈ ਜੁੜਾਇੰਦਾ। ਪੁਰਖ ਅਬਿਨਾਸ਼ੀ ਉਪਰ ਬੈਠਾ ਬੇਪਰਵਾਹ, ਆਪ ਆਪਣਾ ਤਖ਼ਤ ਸੁਹਾਇੰਦਾ। ਨਿਰਗੁਣ ਦਾਤਾ ਆਪ ਅਖਵਾ, ਆਪ ਆਪਣੀ ਕਲ ਵਰਤਾਇੰਦਾ। ਆਪਣੀ ਇਛਿਆ ਭਿਛਿਆ ਝੋਲੀ ਲਏ ਪਾ, ਪਾਰਬ੍ਰਹਮ ਸਾਚੀ ਸੇਵ ਕਮਾਇੰਦਾ। ਸਾਚੀ ਸੇਵਾ ਕਰੇ ਆਪ ਖ਼ੁਦਾ, ਨੂਰੋ ਨੂਰ ਡਗਮਗਾਇੰਦਾ। ਆਪਣਾ ਜਲਵਾ ਆਪ ਵਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਸਚ ਬਿਬਾਣਾ, ਆਪੇ ਰੱਖੇ ਸਾਚਾ ਰਾਣਾ, ਦੂਸਰ ਭੇਵ ਨਾ ਕੋਈ ਜਣਾਇੰਦਾ। ਨਾ ਕੋਈ ਦੂਸਰ ਨਾ ਦਵਾਰ, ਦਰ ਦਰਵੇਸ਼ ਨਾ ਕੋਈ ਅਖਵਾਇੰਦਾ। ਇਕ ਇਕੱਲਾ ਏਕੰਕਾਰ, ਥਿਰ ਘਰ ਆਸਣ ਲਾਇੰਦਾ। ਜਗਤ ਜੁਗ ਜੋਤ ਜਗਾਏ ਅਗੰਮ ਅਪਾਰ, ਪ੍ਰਭ ਸਾਚੇ ਸਚ ਵਡਿਆਈਆ। ਸਚਖੰਡ ਸੋਹੇ ਬੰਕ ਦਵਾਰ, ਗਗਨ ਮੰਡਲ ਨਾ ਕੋਈ ਰੁਸ਼ਨਾਈਆ। ਰਵ ਸਸ ਨਾ ਕੋਈ ਸਤਾਰ, ਬ੍ਰਹਮਾ ਵਿਸ਼ਨ ਸ਼ਿਵ ਨਾ ਸੀਸ ਝੁਕਾਈਆ। ਕਰੋੜ ਤੇਤੀਸਾ ਨਾ ਕੋਈ ਆਧਾਰ, ਸੁਰਪਤ ਰਾਜਾ ਇੰਦ ਨਾ ਮਿਲੇ ਸਾਚਾ ਮਾਹੀਆ। ਗਣ ਗੰਧਰਬ ਨਾ ਕੋਈ ਪੁਕਾਰ, ਗੀਤ ਗੋਬਿੰਦ ਨਾ ਕੋਈ ਅਲਾਈਆ। ਲੱਖ ਚੁਰਾਸੀ ਨਾ ਕੋਈ ਪਸਾਰ, ਤ੍ਰੈਗੁਣ ਮਾਇਆ ਨਾ ਜੜਤ ਜੜਾਈਆ। ਪੰਜ ਤਤ ਨਾ ਕੋਈ ਅਧਾਰ, ਨਿਰਗੁਣ ਸਰਗੁਣ ਨਾ ਕੋਇ ਦਰਸਾਈਆ। ਜੰਗਲ ਜੂਹ ਨਾ ਕੋਈ ਪਹਾੜ, ਜਲ ਥਲ ਮਹੀਅਲ ਨਜ਼ਰ ਕੋਈ ਨਾ ਆਈਆ। ਨੌ ਖੰਡ ਨਾ ਕੋਈ ਅਖਾੜ, ਸੱਤ ਦੀਪ ਨਾ ਵੰਡ ਵੰਡਾਈਆ। ਸਾਧ ਸੰਤ ਨਾ ਗੁਰ ਪੀਰ ਅਵਤਾਰ, ਸੀਸ ਛਤਰ ਨਾ ਕੋਇ ਝੁਲਾਈਆ। ਚੌਦਾਂ ਵਿਦਿਆ ਨਾ ਕੋਈ ਵਿਚਾਰ, ਰਸਨਾ ਜਿਹਵਾ ਨਾ ਕੋਈ ਪੜ੍ਹਾਈਆ। ਚਾਰੇ ਵੇਦ ਨਾ ਕੋਈ ਲਿਖਾਰ, ਪੁਰਾਨ ਅਠਾਰਾਂ ਨਾ ਕੋਈ ਗਾਈਆ। ਅੰਜੀਲ ਕੁਰਾਨ ਨਾ ਕੋਈ ਵਿਚਾਰ, ਗੀਤਾ ਗਿਆਨ ਨਾ ਕੋਈ ਦ੍ਰਿੜਾਈਆ। ਖਾਣੀ ਬਾਣੀ ਨਾ ਕੋਈ ਪਸਰ ਪਸਾਰ, ਇਸ਼ਟ ਦੇਵ ਨਾ ਕੋਈ ਮਨਾਈਆ। ਅਸ਼ਟਭੁਜ ਨਾ ਸਿੰਘ ਅਸਵਾਰ, ਚੱਕਰ ਗਦਾ ਨਾ ਕੋਈ ਹਿਲਾਈਆ। ਚਾਰ ਜੁਗ ਨਾ ਕੋਈ ਧਾਰ, ਚਾਰ ਕੁੰਟ ਨਾ ਕੋਈ ਵਖਾਈਆ। ਦਹਿ ਦਿਸ਼ਾ ਨਾ ਕੋਈ ਪਸਾਰ, ਉਤਰ ਪੂਰਬ ਪੱਛਮ ਦੱਖਣ ਵੰਡ ਨਾ ਕੋਈ ਵੰਡਾਈਆ। ਮਨ ਮਤ ਬੁੱਧ ਨਾ ਕੋਈ ਵਿਚਾਰ, ਨੌ ਦਰ ਨਾ ਖੋਜ ਖੁਜਾਈਆ। ਦਸਵੇਂ ਨੂਰ ਨਾ ਕੋਈ ਉਜਿਆਰ, ਸੁੰਨ ਸਮਾਧ ਨਾ ਕੋਈ ਸਮਾਈਆ। ਅਠਸਠ ਤੀਰਥ ਨਾ ਵਹੇ ਧਾਰ, ਗੰਗਾ ਗੋਦਾਵਰੀ ਨਾ ਧਾਰ ਵਹਾਈਆ। ਗੁਰ ਦਰ ਮੰਦਰ ਮਸਜਿਦ ਮੱਠ ਨਾ ਪਾਵੇ ਕੋਈ ਸਾਰ, ਚਾਰ ਦੀਵਾਰ ਨਾ ਕੋਈ ਜਣਾਈਆ। ਖੇਲੇ ਖੇਲ ਬਾਜ਼ੀਗਰ ਨਟ ਵਿਚ ਸੰਸਾਰ, ਹਰਿ ਨਿਰੰਕਾਰ ਨਿਰਗੁਣ ਬੈਠਾ ਸਾਚੇ ਤਖ਼ਤ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਅਪਾਰਾ, ਨਿਰਗੁਣ ਕਰੇ ਕਰਾਏ ਬੇਪਰਵਾਹੀਆ। ਸਚਖੰਡ ਦਵਾਰਾ ਹਰਿ ਹਰਿ ਵਸਿਆ, ਪਾਰਬ੍ਰਹਮ ਹਰਿ ਕਰਤਾਰ। ਨਾ ਕੋਈ ਰੈਣ ਅੰਧੇਰੀ ਦਿਸੇ ਮੱਸਿਆ, ਨਾ ਕੋਈ ਚੰਦ ਹੋਏ ਉਜਿਆਰ। ਨਾ ਕੋਈ ਤੀਰ ਨਿਰਾਲਾ ਕਿਸੇ ਕਸਿਆ, ਨਾ ਕੋਈ ਰਾਮ ਰਾਵਣ ਮਾਰੇ ਮਾਰ। ਨਾ ਕੋਈ ਚਾਰ ਕੁੰਟ ਫਿਰੇ ਨੱਸਿਆ, ਨਾ ਕੋਈ ਜੋਧਾ ਸੂਰਬੀਰ ਬਲੀ ਬਲਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਸਚ ਦਵਾਰੇ ਕਰੇ ਖੇਲ ਅਗੰਮ ਅਪਾਰੇ, ਏਕਾ ਖੇਲ ਸੂਰਾ ਸਰਬਗਿਆ। ਸੂਰਾ ਸਰਬਗ ਸਰਬ ਗੁਣ ਦਾਤਾ, ਮਹਿਮਾ ਅਕਥ ਕਥੀ ਨਾ ਜਾਈਆ। ਆਪੇ ਵੇਖੇ ਖੇਲ ਤਮਾਸ਼ਾ, ਨਿਰਗੁਣ ਸਰਗੁਣ ਰੂਪ ਵਟਾਈਆ। ਆਪਣਾ ਨੂਰ ਕਰੇ ਪਰਕਾਸ਼ਾ, ਤ੍ਰੈ ਤ੍ਰੈ ਮੇਲਾ ਸਹਿਜ ਸੁਭਾਈਆ। ਆਪ ਬੁਝਾਏ ਆਪਣੀ ਪਿਆਸਾ, ਅੰਮ੍ਰਿਤ ਧਾਰ ਆਪ ਵਹਾਈਆ। ਆਪੇ ਪਾਏ ਸਾਚੀ ਰਾਸਾ, ਸਾਂਗੋ ਪਾਂਗ ਸੇਜ ਆਪ ਹੰਢਾਈਆ। ਆਪੇ ਪੂਰੀ ਕਰੇ ਆਪਣੀ ਆਸਾ, ਆਪ ਆਪਣੀ ਰਚਨ ਰਚਾਈਆ। ਆਪੇ ਲੱਖ ਚੁਰਾਸੀ ਕਰ ਕਰ ਵਾਸਾ, ਨਿਝ ਘਰ ਬੈਠਾ ਮੁਖ ਛੁਪਾਈਆ। ਆਪੇ ਹੋਏ ਦਾਸੀ ਦਾਸਾ, ਸੇਵਕ ਸੇਵਾ ਆਪ ਅਖਵਾਈਆ। ਆਪੇ ਕਰੇ ਪੰਚਮ ਸਚ ਪਰਕਾਸ਼ਾ, ਦੇਵੇ ਮਾਤ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਸ਼ਬਦ ਬ੍ਰਹਿਮਾਦਿ, ਸਾਚਾ ਨਾਦ ਆਪ ਵਜਾਈਆ। ਸਾਚਾ ਨਾਦ ਹਰਿ ਨਿਰੰਕਾਰ, ਏਕਾ ਆਪ ਵਜਾਇੰਦਾ। ਲੱਖ ਚੁਰਾਸੀ ਕਰ ਤਿਆਰ, ਘੜ ਭਾਂਡੇ ਵੇਖ ਵਖਾਇੰਦਾ। ਅੰਦਰ ਧਰ ਨਾਮ ਭੰਡਾਰ, ਆਪਣੀ ਹੱਥੀਂ ਬੰਦ ਕਰਾਇੰਦਾ। ਜੀਵ ਜੰਤ ਨਾ ਪਾਵੇ ਸਾਰ, ਜੁਗਾ ਜੁਗੰਤ ਸਰਬ ਕੁਰਲਾਇੰਦਾ। ਭਗਤ ਭਗਵੰਤ ਕਰੇ ਖੇਲ ਅਪਾਰ, ਨਿਰਗੁਣ ਸਰਗੁਣ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣੀ ਕਲ ਆਪ ਵਰਤਾਇੰਦਾ। ਆਦਿ ਬ੍ਰਹਮਾ ਸ਼ਬਦ ਉਪਾਇਆ, ਪਾਰਬ੍ਰਹਮ ਵੱਡੀ ਵਡਿਆਈਆ। ਨਿਰਗੁਣ ਚਾਰੇ ਕੂਟਾਂ ਗਾਇਆ, ਚਾਰੇ ਮੁਖ ਆਪ ਸਲਾਹੀਆ। ਨਿਰਗੁਣ ਵਾਜਾ ਸਚ ਵਜਾਇਆ, ਸਚ ਸਤਾਰ ਆਪ ਹਿਲਾਈਆ। ਨਿਰਗੁਣ ਪਰਦਾ ਦਏ ਗਵਾਇਆ , ਨੂਰੋ ਨੂਰ ਕਰ ਰੁਸ਼ਨਾਈਆ। ਨਿਰਗੁਣ ਰਾਜਾ ਬਣ ਕੇ ਆਇਆ, ਸ਼ਾਹ ਸੁਲਤਾਨ ਵਡ ਵਡਿਆਈਆ। ਨਿਰਗੁਣ ਸਾਜਣ ਸਾਜ ਵਖਾਇਆ, ਲੱਖ ਚੁਰਾਸੀ ਬਣਤ ਬਣਾਈਆ। ਨਿਰਗੁਣ ਸਰਗੁਣ ਜੋੜ ਜੁੜਾਇਆ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਨਾਲ ਰਲਾਈਆ। ਨਿਰਗੁਣ ਸਾਚਾ ਹੁਕਮ ਸੁਣਾਇਆ, ਬ੍ਰਹਮਾ ਵਿਸ਼ਨ ਸ਼ਿਵ ਸਮਝਾਈਆ। ਚਾਰ ਜੁਗ ਜੁਗ ਗੇੜ ਵਖਾਇਆ, ਕੋਹਲੂ ਚੱਕੀ ਚੱਕ ਫਿਰਾਈਆ। ਗੁਰ ਪੀਰ ਅਵਤਾਰ ਸਾਚੀ ਸੇਵਾ ਲਾਇਆ, ਜੁਗ ਜੁਗ ਸਾਚਾ ਹੁਕਮ ਸੁਣਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਏਕਾ ਮਾਰਗ ਲਾਇਆ, ਮਨੂ ਮਨਵੰਤਰ ਆਪਣੇ ਵਿਚ ਟਿਕਾਈਆ। ਕਲਜੁਗ ਅੰਤਮ ਵੇਖੇ ਖੇਲ ਸਬਾਇਆ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਕਲਜੁਗ ਅਗਨੀ ਅੱਗ ਤਪਾਇਆ, ਚਾਰੋਂ ਕੁੰਟ ਆਪ ਵਖਾਈਆ। ਆਪ ਆਪਣਾ ਰੂਪ ਲਏ ਵਟਾਇਆ, ਨਿਰਗੁਣ ਨਿਰਗੁਣ ਇਕ ਖ਼ੁਦਾਈਆ। ਸਾਲਸ ਸਾਲਸ ਬਣ ਕੇ ਘਰ ਘਰ ਫੇਰਾ ਪਾਇਆ, ਰੂਪ ਰੇਖ ਨਾ ਕੋਈ ਵਖਾਈਆ। ਦਰ ਦਰਵੇਸ਼ ਨਰ ਨਰੇਸ਼ ਹੋ ਹੋ ਅਲੱਖ ਜਗਾਇਆ, ਆਪਣੀ ਖੇਲ ਖਿਲਾਈਆ। ਰੁਤੜੀ ਰੁੱਤ ਦਏ ਸੁਹਾਇਆ, ਅਬਿਨਾਸ਼ੀ ਅਚੁਤ ਵਡ ਵਡਿਆਈਆ। ਏਕਾ ਦਿਵਸ ਮਾਤ ਧਰਾਇਆ, ਵਦੀ ਸੁਦੀ ਮੁਖ ਸ਼ਰਮਾਈਆ। ਅਮਾਵਸ ਚੰਨ ਨਾ ਕੋਈ ਚੜ੍ਹਾਇਆ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪਹਿਲਾ ਮੰਦਰ ਹਰਿ ਸੁਹਾਇਆ, ਸਚਖੰਡ ਦਵਾਰ ਵੱਜੀ ਵਧਾਈਆ। ਦੂਜਾ ਜੰਦਰ ਤੋੜ ਤੁੜਾਇਆ, ਆਪਣਾ ਪਰਦਾ ਦਏ ਗਵਾਈਆ। ਤੀਜਾ ਸੁੱਤ ਲਏ ਉਪਜਾਇਆ, ਹਰਿ ਸ਼ਬਦੀ ਨਾਉਂ ਧਰਾਈਆ। ਚੌਥੇ ਘਰ ਘਰ ਬਹਿ ਬਹਿ ਆਪ ਸੁਬਾਇਆ, ਚੌਥਾ ਪਦ ਦਏ ਵਖਾਈਆ। ਪੰਚਮ ਮਿਲ ਮਿਲ ਮੰਗਲ ਗਾਇਆ, ਏਕਾ ਦੂਜਾ ਦੂਜਾ ਏਕਾ ਰੰਗ ਸਮਾਈਆ। ਪੰਚਮ ਸ਼ਬਦ ਆਪ ਅਲਾਇਆ, ਪੰਚਮ ਰਾਗ ਰਾਗਨੀ ਰਹੇ ਸੀਸ ਝੁਕਾਈਆ। ਪੰਚਮ ਲੇਖਾ ਲੇਖ ਲਿਖਾਇਆ, ਚਾਰ ਵੇਦ ਭੇਵ ਨਾ ਰਾਈਆ। ਪੰਚਮ ਘੋੜੇ ਆਪ ਚੜ੍ਹਾਇਆ, ਸਾਚੀ ਡੋਰ ਹੱਥ ਉਠਾਈਆ। ਪੰਚਮ ਪੰਚ ਸੁਲਤਾਨਾ ਫੇਰਾ ਪਾਇਆ, ਘਰ ਪੰਚਮ ਵੱਜੀ ਵਧਾਈਆ। ਲੋਕਮਾਤ ਹੋ ਰੁਸ਼ਨਾਇਆ, ਪੰਚਮ ਜੇਠ ਖ਼ੁਸ਼ੀ ਮਨਾਈਆ। ਬ੍ਰਹਮਾ ਵਿਸ਼ਨ ਸ਼ਿਵ ਦਰ ਦੁਆਰ ਬੈਠੇ ਸੀਸ ਝੁਕਾਇਆ, ਗੱਲ ਪੱਲੂ ਰਹੇ ਵਿਖਾਈਆ। ਕਰੋੜ ਤੇਤੀਸਾ ਨੇਤਰ ਨੀਰ ਵਹਾਇਆ, ਸੁਰਪਤ ਰਾਜਾ ਇੰਦ ਮੰਗੇ ਵਰ ਬੇਪਰਵਾਹੀਆ। ਪੁਰਖ ਅਬਿਨਾਸ਼ੀ ਰਿਹਾ ਸਮਝਾਇਆ, ਸਾਚਾ ਸ਼ਬਦ ਇਕ ਅਲਾਈਆ। ਕਲਜੁਗ ਅੰਤਮ ਦਏ ਮਿਟਾਇਆ, ਜਗਤ ਅੰਧੇਰ ਰਹੇ ਨਾ ਰਾਈਆ। ਪੁਰਖ ਅਬਿਨਾਸ਼ੀ ਫੇਰਾ ਪਾਇਆ, ਨਿਰਗੁਣ ਸਰਗੁਣ ਕਰ ਰੁਸ਼ਨਾਈਆ। ਬਲ ਬਾਵਨ ਭੇਖ ਦਏ ਚੁਕਾਇਆ, ਭੋਲੇ ਭਾਓ ਸਰਬ ਲੋਕਾਈਆ। ਰਾਵਣ ਗੜ੍ਹ ਦਏ ਤੁੜਾਇਆ, ਰਾਮ ਰਾਮਾ ਰੂਪ ਵਟਾਈਆ। ਕੰਸ ਹੰਕਾਰੀ ਦਏ ਖਪਾਇਆ, ਕਲਜੁਗ ਜ਼ੋਰੂ ਜ਼ਰ ਨਾ ਕੋਈ ਧਰਾਈਆ। ਮੋਰ ਮੁਕਟ ਸੀਸ ਟਿਕਾਇਆ, ਏਕਾ ਹੁਕਮ ਦਏ ਸੁਣਾਈਆ। ਜੂਠ ਝੂਠ ਸੁੰਭ ਨਿਸੁੰਭ ਰਹਿਣ ਨਾ ਪਾਇਆ, ਅਸ਼ਟਭੁਜ ਆਪਣੀ ਕਲ ਵਖਾਈਆ। ਏਕਾ ਚੱਕਰ ਦਏ ਫਿਰਾਇਆ, ਚੱਕਰ ਸੁਦਰਸ਼ਨ ਨਿਉਂ ਨਿਉਂ ਸੀਸ ਝੁਕਾਈਆ। ਸਾਚੀ ਗਦਾ ਲਏ ਉਠਾਇਆ, ਨੌ ਖੰਡ ਪ੍ਰਿਥਮੀ ਆਪਣੀ ਉਂਗਲ ਲਏ ਟਿਕਾਈਆ। ਦੋ ਜਹਾਨਾਂ ਗੇੜਾ ਦਏ ਦਵਾਇਆ, ਦਿਵਸ ਰੈਣ ਆਪ ਭਵਾਇਆ। ਸੂਰਜ ਚੰਨ ਰਹੇ ਕੁਰਲਾਇਆ, ਤੱਤੀ ਅਗਨੀ ਰਹੀ ਸਰਬ ਜਲਾਈਆ। ਪੰਚਮ ਜੇਠੀ ਹਰਿ ਹਰਿ ਫੇਰਾ ਪਾਇਆ, ਪੰਚਮ ਬਖ਼ਸ਼ੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਦੇਵੇ ਸਾਚਾ ਮਾਣਾ, ਹਰਿਜਨ ਬਖ਼ਸ਼ੇ ਸਚ ਧਿਆਨਾ, ਆਤਮ ਉਪਜਾਏ ਬ੍ਰਹਮ ਗਿਆਨਾ, ਮੇਲ ਮਿਲਾਏ ਗੁਣ ਨਿਧਾਨਾ, ਅਵਗੁਣ ਨਾ ਕੋਇ ਜਣਾਈਆ। ਪੰਚਮ ਜੇਠ ਹਰਿ ਕਾ ਦਵਾਰ, ਹਰਿ ਸਾਚਾ ਸਚ ਸੁਹਾਇੰਦਾ। ਭਗਤਨ ਕਰੇ ਸਚ ਪਿਆਰ, ਦਰ ਘਰ ਸਾਚਾ ਵੇਖ ਵਖਾਇੰਦਾ। ਧੰਨ ਸੁਲੱਖਣੀ ਹੋਈ ਨਾਰ, ਨਰ ਹਰਿ ਏਕਾ ਕੰਤ ਮਨਾਇੰਦਾ। ਨਾਤਾ ਤੁਟਾ ਜਗਤ ਸੰਸਾਰ, ਵਿਭਚਾਰ ਜਗਤ ਵਿਕਾਰ ਨੇੜ ਨਾ ਆਇੰਦਾ। ਤਨ ਬਸਤਰ ਹੋਏ ਸਚ ਸ਼ਿੰਗਾਰ, ਨੇਤਰ ਨੈਣਾਂ ਕੱਜਲ ਨਾਮ ਪਾਇੰਦਾ। ਸਾਲੂ ਰੰਗੇ ਅਪਰ ਅਪਾਰ, ਲਾਲ ਗੁਲਾਲਾ ਰੰਗ ਵਖਾਇੰਦਾ। ਕੰਗਨ ਪਾਏ ਹਰਿ ਨਿਰੰਕਾਰ, ਲਾਲ ਮਹਿੰਦੀ ਹੱਥ ਵਖਾਇੰਦਾ। ਸਾਚੀ ਸਖੀ ਕਰ ਤਿਆਰ, ਘਰ ਸਾਚੇ ਮੇਲ ਮਿਲਾਇੰਦਾ। ਚਾਰੇ ਪਦ ਹੋਏ ਕਹਾਰ, ਚੌਥੇ ਘਰ ਆਪ ਬਹਾਇੰਦਾ। ਪੰਚਮ ਮਿਲਿਆ ਪੀਆ ਭਤਾਰ, ਨਾਰ ਮੁਟਿਆਰ ਆਪ ਪਰਨਾਇੰਦਾ। ਸਾਚੀ ਸਖੀਆਂ ਮੰਗਲਾਚਾਰ, ਜਗਤ ਵੇਦ ਇਕ ਸੁਣਾਇੰਦਾ। ਸ਼ਬਦ ਅਨਾਦ ਵੱਜੇ ਧੁਨਕਾਰ, ਧੁਨੀ ਨਾਦ ਆਪ ਸੁਣਾਇੰਦਾ। ਗਾਵਤ ਗਾਵਤ ਗਾਏ ਆਪ ਨਿਰੰਕਾਰ, ਸਾਚਾ ਸੋਹਲਾ ਆਪ ਅਲਾਇੰਦਾ। ਢੋਲਾ ਰਿਹਾ ਬੋਲ ਜੈਕਾਰ, ਸੋਹੰ ਬੋਲਾ ਆਪ ਸੁਣਾਇੰਦਾ। ਸਾਚਾ ਤੋਲਾ ਬਣ ਸੰਸਾਰ, ਨਾਮ ਘਸਵੱਟੀ ਹੱਥ ਰਖਾਇੰਦਾ। ਆਪਣੀ ਦ੍ਰਿਸ਼ਟ ਸੁਹਾਗਾ ਦੇਵੇ ਡਾਰ, ਕੰਚਨ ਆਪਣੇ ਰੰਗ ਰੰਗਾਇੰਦਾ। ਗੁਰਮੁਖਾਂ ਕਰੇ ਸਚ ਪਿਆਰ, ਸਚ ਸੁਹੰਜਣੀ ਸੇਜ ਸੁਹਾਇੰਦਾ। ਇਕ ਵਖਾਏ ਸਚ ਦਰਬਾਰ, ਜਗਤ ਨਾਤਾ ਤੋੜ ਤੁੜਾਇੰਦਾ। ਜੁਗ ਜੁਗ ਜੋਤ ਜਗੇ ਅਪਾਰ, ਦੀਵਾ ਬਾਤੀ ਨਾ ਕੋਈ ਰਖਾਇੰਦਾ। ਕਮਲਾਪਾਤੀ ਮੀਤ ਮੁਰਾਰ, ਘਰ ਮੰਦਰ ਆਪ ਵਖਾਇੰਦਾ। ਚਤੁਰਭੁਜ ਆਪਣੀਆਂ ਭੁਜਾਂ ਰਿਹਾ ਪਸਾਰ, ਇਸ਼ਟ ਆਪਣਾ ਰੂਪ ਵਟਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਸਚਖੰਡ ਦਵਾਰਾ ਆਪ ਸੁਹਾਇੰਦਾ। ਪੰਚਮ ਜੇਠੀ ਦਿਵਸ ਵਿਚਾਰ, ਨੇਤਰ ਨੈਣੀ ਰੂਪ ਵਖਾਇੰਦਾ। ਜੁਗ ਜੁਗ ਵਿਛੜੇ ਮੇਲੇ ਯਾਰ, ਸਤਿਜੁਗ ਤ੍ਰੇਤਾ ਦੁਆਪਰ ਪੂਰਬ ਲਹਿਣਾ ਝੋਲੀ ਪਾਇੰਦਾ। ਸਾਚੀ ਸੇਵਾ ਕਰੇ ਕਰਤਾਰ, ਭਗਤ ਵਛਲ ਆਪਣਾ ਨਾਉਂ ਧਰਾਇੰਦਾ। ਫੜ ਫੜ ਪਾਥਰ ਜਾਏ ਤਾਰ, ਸਤੀ ਅਹਲਿਆ ਚਰਨ ਛੁਹਾਇੰਦਾ। ਰਾਮ ਨਾਮ ਬਲੀ ਬਲਕਾਰ, ਗੜ੍ਹ ਹੰਕਾਰੀ ਤੋੜ ਤੁੜਾਇੰਦਾ। ਭੀਲਣੀ ਕੁਲੱਖਣੀ ਕਰੇ ਪਾਰ, ਮੁਖ ਆਪਣੇ ਭੋਗ ਲਗਾਇੰਦਾ। ਗ਼ਰੀਬ ਨਿਮਾਣਿਆਂ ਪਾਵੇ ਸਾਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਬਿਦਰ ਸੁਦਾਮਾ ਦਏ ਤਾਰ, ਦ੍ਰੋਪਦ ਲੱਜਿਆ ਆਪ ਰਖਾਇੰਦਾ। ਅਰਜਨ ਰਥ ਚਲਾਏ ਵਿਚ ਸੰਸਾਰ, ਰਥ ਰਥਵਾਹੀ ਆਪ ਅਖਵਾਇੰਦਾ। ਪੰਜੇ ਪਾਂਡੋ ਕਰ ਪਿਆਰ, ਪੰਚਮ ਆਪਣੇ ਰੰਗ ਰੰਗਾਇੰਦਾ। ਜਗਤ ਹੰਕਾਰੀ ਕਰ ਖਵਾਰ, ਦਰਯੋਧਨ ਦੁਸ਼ਟ ਮੁਕਾਇੰਦਾ। ਕਲਜੁਗ ਅੰਤਮ ਹੋ ਉਜਿਆਰ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਨਾਨਕ ਵਜਾਏ ਨਿਰਗੁਣ ਧਾਰ, ਸਤਿ ਸਤਿ ਸਰੰਗੀ ਹੱਥ ਫੜਾਇੰਦਾ। ਅਰਜਨ ਬਣਿਆ ਲੇਖ ਲਿਖਾਰ, ਬੋਧ ਅਗਾਧ ਸ਼ਬਦ ਜਣਾਇੰਦਾ। ਗੁਰੂ ਗੋਬਿੰਦ ਕਰ ਪਿਆਰ, ਪੰਚਮ ਨਾਤਾ ਜੋੜ ਜੁੜਾਇੰਦਾ। ਅੰਮ੍ਰਿਤ ਖੰਡਾ ਤੇਜ ਕਟਾਰ, ਸੀਸ ਦਸਤਾਰ ਆਪ ਸੁਹਾਇੰਦਾ। ਸਾਚੇ ਘੋੜੇ ਹੋ ਅਸਵਾਰ, ਸਾਚੇ ਮਾਰਗ ਆਪ ਰਖਾਇੰਦਾ। ਵੇਲੇ ਅੰਤਮ ਕਰੇ ਪੁਕਾਰ, ਪ੍ਰਭ ਅਬਿਨਾਸ਼ੀ ਰਾਹ ਤਕਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪਣਾ ਮੇਲ ਮਿਲਾਇੰਦਾ। ਸ਼ਬਦ ਸੁਣਾਏ ਸੱਚੀ ਧੁਨਕਾਰ, ਆਪ ਆਪਣਾ ਹੁਕਮ ਜਣਾਇੰਦਾ। ਚੌਥੇ ਜੁਗ ਖੇਲ ਅਪਾਰ, ਕਲਜੁਗ ਅੰਤਮ ਹਰਿ ਹਰਿ ਆਪ ਕਰਾਇੰਦਾ। ਪ੍ਰਗਟ ਹੋਵੇ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਇੰਦਾ। ਸੰਬਲ ਨਗਰੀ ਧਾਮ ਨਿਆਰ, ਸਾਢੇ ਤਿੰਨ ਹੱਥ ਰਚਨ ਰਚਾਇੰਦਾ। ਏਕਾ ਦੀਪਕ ਕਰ ਉਜਿਆਰ, ਤੇਲ ਬਾਤੀ ਨਾ ਕੋਇ ਪਾਇੰਦਾ। ਸ਼ਬਦ ਡੰਕਾ ਵਜਾਏ ਸਰਬ ਸੰਸਾਰ, ਰਾਓ ਰੰਕਾਂ ਆਪ ਉਠਾਇੰਦਾ। ਪੰਚਮ ਜੇਠ ਪਾਵੇ ਸਾਰ, ਨਿਰਗਣ ਸਰਗੁਣ ਮੇਲ ਮਿਲਾਇੰਦਾ। ਜਗਤ ਜਲੰਦੇ ਜਾਏ ਠਾਰ, ਪਾਪੀ ਗੰਦੇ ਮੇਟ ਮਿਟਾਇੰਦਾ। ਆਪਣੇ ਬੰਦੇ ਕਰੇ ਪਿਆਰ, ਆਤਮ ਅੰਧੇ ਦਰ ਦੁਰਕਾਇੰਦਾ। ਚੰਦ ਨੌ ਚੰਦ ਚੜ੍ਹੇ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠ ਦਿਵਸ ਅਪਾਰ। ਪ੍ਰਗਟ ਹੋਇਆ ਆਪ ਨਿਰੰਕਾਰ, ਸਰਗੁਣ ਰੂਪ ਵਿਚ ਸੰਸਾਰ, ਸੰਸਾਰ ਸਾਗਰ ਵੇਖ ਵਖਾਈਆ। ਸੰਸਾਰ ਸਾਗਰ ਡੂੰਘੀ ਕੰਦਰ, ਜਗਤ ਅੰਧੇਰਾ ਛਾਇਆ। ਲੱਖ ਚੁਰਾਸੀ ਭੌਂਦੀ ਬੰਦਰ, ਮਨ ਮਨੂਆ ਨਾ ਕਿਸੇ ਬੰਧਾਇਆ। ਘਰ ਘਰ ਨਾ ਤੋੜਿਆ ਕਿਸੇ ਜੰਦਰ, ਤ੍ਰੈਗੁਣ ਮਾਇਆ ਬੰਧਨ ਪਾਇਆ। ਸਦਾ ਵਸੇਰਾ ਡੂੰਘੀ ਕੰਦਰ, ਗਿਆਨ ਦੀਪ ਨਾ ਕੋਈ ਜਗਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਮਿਲਾਇਆ। ਦਿਵਸ ਸੁਭਾਗਾ ਪੰਚਮ ਜੇਠ, ਲੋਕਮਾਤ ਵਡਿਆਈਆ। ਗ਼ਰੀਬ ਨਿਮਾਣੇ ਰੱਖੇ ਸਾਇਆ ਹੇਠ, ਜੋ ਜਨ ਆਏ ਸਰਨਾਈਆ। ਲੱਖ ਚੁਰਾਸੀ ਭੰਨੇ ਕੌੜੇ ਰੀਠ, ਮਿੱਠਾ ਰਸ ਨਾ ਕੋਈ ਵਖਾਈਆ। ਅੰਤਮ ਚਿੜੀਆਂ ਚੁਗਿਆ ਖੇਤ, ਚਾਰੋਂ ਕੁੰਟ ਸ੍ਰਿਸ਼ਟੀ ਸ੍ਰਿਸ਼ਟ ਦਏ ਦੁਹਾਈਆ। ਮਾਇਆ ਮਮਤਾ ਹੋਏ ਪ੍ਰੀਤ, ਜਗਤ ਜੀਵ ਨਾ ਸਕੇ ਕੋਈ ਬਚਾਈਆ। ਹਰਿ ਹਰਿ ਮਿਲਿਆ ਨਾ ਨੇਤਨ ਨੇਤ, ਨੇਤਰ ਨੈਣ ਨਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਸਾਚਾ ਤਾਰਿਆ, ਕਰ ਕਿਰਪਾ ਆਪ ਭਗਵਾਨ। ਲੱਖ ਚੁਰਾਸੀ ਗੇੜ ਨਿਵਾਰਿਆ, ਆਵਣ ਜਾਵਣ ਚੁੱਕੀ ਕਾਨ। ਇਕ ਵਸਾਏ ਸਚ ਦਵਾਰਿਆ, ਦਰ ਘਰ ਸਾਚੇ ਸਚ ਮਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਚਤਰ ਸੁਜਾਨ। ਹਰਿਜਨ ਚਤੁਰ ਸੁਜਾਨ, ਮੂਰਖ ਮੂੜ੍ਹੇ ਧੰਦੇ ਲਾਈਆ। ਜਿਸ ਜਨ ਬਖ਼ਸ਼ੇ ਚਰਨ ਧਿਆਨ, ਮਨ ਸ਼ੈਤਾਨ ਰਹਿਣ ਨਾ ਪਾਈਆ। ਆਤਮ ਉਪਜੇ ਇਕ ਗਿਆਨ, ਗੀਤਾ ਗਿਆਨ ਦਏ ਗਵਾਹੀਆ। ਮੇਲ ਮਿਲਾਏ ਸਾਚੇ ਰਾਮ, ਸੀਤਾ ਸੁਰਤੀ ਰਾਮ ਪਰਨਾਈਆ। ਏਕਾ ਸ਼ਬਦ ਸੁਣਾਏ ਕਾਨ, ਓਅੰ ਸੋਹੰ ਰੂਪ ਇਕ ਦਰਸਾਈਆ। ਇਕ ਵਖਾਏ ਸਚ ਨਿਸ਼ਾਨ, ਸਤਿਗੁਰ ਪੂਰਾ ਆਪ ਝੁਲਾਈਆ। ਏਕਾ ਪਾਏ ਆਪਣੀ ਆਣ, ਰਾਏ ਧਰਮ ਨਾ ਦਏ ਸਜਾਈਆ। ਵੇਲੇ ਅੰਤ ਕਰੇ ਪਛਾਣ, ਹਰਿਜਨ ਸਾਚੇ ਆਪਣੀ ਗੋਦ ਬਹਾਈਆ। ਸਤਿਗੁਰ ਪੂਰਾ ਸਦ ਮਿਹਰਵਾਨ, ਨਾ ਮਰੇ ਨਾ ਜਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਕਲਜੁਗ ਅੰਤਮ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਦਿਵਸ ਪੰਚਮ ਦਿਹਾੜਾ, ਗੁਰਮੁਖ ਵੇਖੇ ਸਾਚਾ ਲਾੜਾ, ਕਰੇ ਪਰਕਾਸ਼ ਬਹੱਤਰ ਨਾੜਾ, ਕਾਇਆ ਮੰਦਰ ਸਚ ਅਖਾੜਾ, ਗੋਪੀ ਕਾਹਨ ਆਪ ਨਚਾਈਆ। ਗੋਪੀ ਕਾਹਨ ਹਰਿ ਹਰਿ ਮੇਲਾ, ਸੁਰਤੀ ਸ਼ਬਦ ਮਿਲਾਇੰਦਾ। ਲੇਖਾ ਜਾਣੇ ਗੁਰੂ ਗੁਰ ਚੇਲਾ, ਚੇਲਾ ਗੁਰ ਰੰਗ ਸਮਾਇੰਦਾ। ਆਦਿ ਜੁਗਾਦੀ ਸੱਜਣ ਸੁਹੇਲਾ, ਨਿਤ ਨਵਿਤ ਆਪਣਾ ਵੇਸ ਵਟਾਇੰਦਾ। ਆਪੇ ਜਾਣੇ ਆਪਣਾ ਵਕਤ ਵੇਲਾ, ਵੇਦ ਕਤੇਬ ਨਾ ਕੋਈ ਲਿਖਾਇੰਦਾ। ਕਲਜੁਗ ਅੰਤਮ ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਨਿਰਗੁਣ ਨੂਰ ਜੋਤ ਜਗਾਇੰਦਾ। ਆਪੇ ਵਸੇ ਧਾਮ ਨਵੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠ ਦਿਵਸ ਸੁਭਾਗਾ, ਗੁਰਮੁਖ ਵਿਰਲਾ ਸੋਇਆ ਜਾਗਾ, ਜਿਸ ਜਨ ਆਪ ਜਗਾਇੰਦਾ। ਗੁਰਸਿਖ ਸਾਚਾ ਜਾਗਿਆ, ਜਗਾਵਣਹਾਰ ਆਪ ਨਿਰੰਕਾਰ। ਸਚ ਸਰਨਾਈ ਏਕਾ ਲਾਗਿਆ, ਨਾਤਾ ਤੋੜ ਸਰਬ ਸੰਸਾਰ। ਹੰਸ ਬਣਿਆ ਦਰ ਘਰ ਸਾਚੇ ਕਾਗਿਆ, ਚਾਰੋਂ ਕੁੰਟ ਇਕ ਉਡਾਰ। ਮਨ ਸਿਮਰਤ ਇਕ ਵੈਰਾਗਿਆ, ਭਗਤੀ ਭਗਤ ਭਰੇ ਭੰਡਾਰ। ਦੁਰਮਤ ਮੈਲ ਧੋਵੇ ਦਾਗਿਆ, ਮਾਨਸ ਜਨਮ ਦਏ ਸਵਾਰ। ਆਪ ਚੜ੍ਹਾਏ ਸਚ ਜਹਾਜਿਆ, ਬੇੜਾ ਪਾਰ ਕਰਾਏ ਵਿਚ ਮੰਝਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਾਏ ਪਾਰ। ਪਾਰ ਕਿਨਾਰਾ ਦਿਸੇ ਘਾਟ, ਪੱਤਨ ਬੈਠਾ ਸਾਚਾ ਮਾਹੀਆ। ਕਲਜੁਗ ਅੰਤਮ ਨੇੜੇ ਆਈ ਵਾਟ, ਪਾਂਧੀ ਭੁੱਲੇ ਜਗਤ ਰਾਹੀਆ। ਬਿਨ ਹਰਿ ਕੋਈ ਨਾ ਸੋਏ ਆਤਮ ਸੇਜਾ ਖਾਟ, ਸਾਚੀ ਸੇਜ ਨਾ ਕੋਈ ਹੰਢਾਈਆ। ਕਲਜੁਗ ਸਵਾਂਗੀ ਨਟੂਆ ਖੇਲ ਕਰੇ ਨਾਟ, ਘਰ ਘਰ ਆਪਣਾ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਵਖਾਏ ਏਕਾ ਹਾਟ, ਦਰ ਦਰਵਾਜ਼ਾ ਆਪ ਵਖਾਈਆ। ਏਕਾ ਹਾਟ ਹਰਿ ਹਰਿ ਖੋਲ੍ਹਿਆ, ਨੌ ਖੰਡ ਪ੍ਰਿਥਮੀ ਬੋਲ ਜੈਕਾਰਾ। ਏਕਾ ਅੱਖਰ ਹਰਿ ਹਰਿ ਬੋਲਿਆ, ਸੋਹੰ ਸ਼ਬਦ ਸਚ ਜੈਕਾਰਾ। ਗਿਆਨ ਕੰਡੇ ਸਾਚੇ ਤੋਲਿਆ, ਤੋਲਣਹਾਰ ਆਪ ਨਿਰੰਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਕਰੇ ਪਿਆਰਾ। ਹਰਿਜਨ ਰਸੀਆ ਹਰਿ ਰੰਗ ਰਤੜਾ, ਕੰਚਨ ਰੰਗ ਸਮਾਏ। ਪੁਰਖ ਅਬਿਨਾਸ਼ੀ ਨਾ ਠੰਡਾ ਨਾ ਤੱਤੜਾ, ਸੀਤਲ ਧਾਰ ਰਖਾਏ। ਆਪਣੇ ਦਰ ਬੈਠਾ ਆਪਣੇ ਰੰਗ ਰਤੜਾ, ਰੰਗ ਰੰਗੀਲਾ ਮੋਹਣ ਮਾਧਵ ਆਪ ਅਖਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠ ਵੀਹ ਸਦ ਬਿਕ੍ਰਮੀ ਸਤਾਰਾ, ਸਚ ਬਹਾਰਾ ਆਪ ਲਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਨਾਰੀ ਨਾਰਾ, ਬਿਰਧ ਬਾਲ ਜਵਾਨਾ, ਏਕਾ ਰੂਪ ਦਰਸਾਈਆ।
