Granth 10 Likhat 085: Pahili Jeth 2018 Bikarmi Jethuwal Darbar

ਪਹਿਲੀ ਜੇਠ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ

ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ, ਹਰਿ ਜੋਤ ਨੂਰ ਉਜਿਆਰ। ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ, ਅਲਖ ਅਗੋਚਰ ਅਗੰਮ ਅਪਾਰ। ਏਕੰਕਾਰਾ ਰੂਪ ਧਰਾਇੰਦਾ, ਅਜੂਨੀ ਰਹਿਤ ਬੇਐਬ ਪਰਵਰਦਿਗਾਰ। ਆਦਿ ਨਿਰੰਜਣ ਡਗਮਗਾਇੰਦਾ, ਨੂਰੀ ਜਲਵਾ ਸਾਂਝਾ ਯਾਰ। ਅਬਿਨਾਸ਼ੀ ਕਰਤਾ ਰੰਗ ਰੰਗਾਇੰਦਾ, ਰੂਪ ਰੰਗ ਨਾ ਰੱਖੇ ਕੋਈ ਕਰਤਾਰ। ਸ੍ਰੀ ਭਗਵਾਨ ਸੰਗ ਨਿਭਾਇੰਦਾ, ਸਗਲਾ ਸਾਥੀ ਧੁਰ ਦਰਬਾਰ। ਪਾਰਬ੍ਰਹਮ ਆਪਣਾ ਕਰਮ ਆਪ ਕਮਾਇੰਦਾ, ਨਿਹਕਰਮੀ ਕਰਮ ਵਿਚਾਰ। ਨਿਰਵੈਰ ਆਪਣੀ ਕਲ ਧਰਾਇੰਦਾ, ਅਕਲ ਕਲ ਹੋ ਤਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚੀ ਸਰਕਾਰ। ਸਚ ਸਰਕਾਰ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਸਾਚੇ ਤਖ਼ਤ ਬੈਠ ਅਗੰਮ ਅਥਾਹ, ਅਗੰਮ ਅਗੰਮੜੀ ਕਾਰ ਕਮਾਈਆ। ਧੁਰ ਫ਼ਰਮਾਨਾ ਹੁਕਮ ਜਣਾ, ਸਚ ਸੰਦੇਸ਼ਾ ਆਪ ਅਲਾਈਆ। ਨਰ ਨਰੇਸ਼ ਬਣ ਮਿਹਰਵਾਂ, ਮਿਹਰਵਾਨ ਦਇਆ ਕਮਾਈਆ। ਤਖ਼ਤ ਨਿਵਾਸੀ ਤਖ਼ਤ ਦਏ ਸੁਹਾ, ਸਾਚੇ ਤਖ਼ਤ ਆਸਣ ਲਾਈਆ। ਨਿਰਗੁਣ ਨਿਰਗੁਣ ਵੇਖੇ ਸਾਚਾ ਥਾਂ, ਦਰ ਆਪਣਾ ਆਪ ਸੁਹਾਈਆ। ਆਪਣਾ ਨੂਰ ਆਪ ਪ੍ਰਗਟਾ, ਜੋਤੀ ਜੋਤ ਜੋਤ ਰੁਸ਼ਨਾਈਆ। ਆਪਣੇ ਮੰਦਰ ਸੋਭਾ ਪਾ, ਸਾਚੇ ਧਾਮ ਦਏ ਵਡਿਆਈਆ । ਸਚਖੰਡ ਦੁਆਰਾ ਨਾਉਂ ਧਰਾ, ਸਚਖੰਡ ਨਿਵਾਸੀ ਆਪਣਾ ਬੰਧਨ ਪਾਈਆ। ਚਾਰੋਂ ਕੁੰਟ ਆਪਣਾ ਆਪ ਆਪਣੇ ਰੰਗ ਰੰਗਾ, ਆਪੇ ਵੇਖੇ ਸੱਚਾ ਮਾਹੀਆ। ਆਪਣੀ ਕਰਨੀ ਆਪ ਕਰਾ, ਕਰੇ ਖੇਲ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਲਏ ਪ੍ਰਗਟਾਈਆ। ਸਚਖੰਡ ਨਿਵਾਸੀ ਸਤਿਜੁਗ ਸੁਲਤਾਨਾ, ਗਹਿਰ ਗੰਭੀਰ ਅਖਵਾਇਆ। ਸਤਿ ਸਰੂਪ ਨੌਜਵਾਨਾ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇਆ। ਆਦਿ ਜੁਗਾਦਿ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਇਆ। ਜੋਧਾ ਸੂਰ ਮਰਦ ਮਰਦ ਮਰਦਾਨਾ, ਬੀਰ ਬੀਰ ਆਪ ਹੋ ਜਾਇਆ। ਨਾਮ ਖੰਡਾ ਚੰਡ ਪਰਚੰਡ ਸਤਿ ਸਰੂਪ ਤੀਰ ਕਮਾਨਾ, ਸਤਿ ਸਤਿਵਾਦੀ ਆਪ ਰਖਾਇਆ। ਨਿਰਗੁਣ ਨਿਰਾਕਾਰ ਨਿਰਵੈਰ ਰਖਾਏ ਇਕ ਨਿਸ਼ਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਿਸ਼ਾਨਾ ਦਏ ਸਮਝਾਇਆ। ਸਚ ਨਿਸ਼ਾਨਾ ਨਿਰਾਕਾਰ, ਸਾਚੇ ਤਖ਼ਤ ਆਪ ਲਗਾਈਆ। ਜੋਤੀ ਨੂਰ ਹੋ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਕਰੇ ਖੇਲ ਸੱਚਾ ਸ਼ਾਹਕਾਰ, ਆਪਣਾ ਘਾੜਤ ਆਪ ਘੜਾਈਆ। ਬਾਢੀ ਬਣੇ ਨਿਰਾਧਾਰ, ਦੂਸਰ ਸੰਗ ਨਾ ਕੋਇ ਰਖਾਈਆ। ਏਕਾ ਮੰਦਰ ਛੱਪਰ ਛੰਨ ਲਏ ਉਸਾਰ, ਦਹਿ ਦਿਸ਼ਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਲਏ ਪ੍ਰਗਟਾਈਆ। ਘਰ ਵਿਚ ਘਰ ਉਜਾਲਾ, ਸਚਖੰਡ ਆਪ ਸੁਹਾਇਆ। ਸਚਖੰਡ ਅੰਦਰ ਜੋਤ ਸਰੂਪੀ ਦੀਪ ਮਾਲਾ, ਨੂਰ ਥਿਰ ਘਰ ਆਪ ਟਿਕਾਈਆ। ਨੂਰੀ ਲਲਾਟ ਖੇਲ ਨਿਰਾਲਾ, ਪੁਰਖ ਅਬਿਨਾਸ਼ੀ ਆਪ ਵਖਾਇਆ। ਦੋਹਾਂ ਵਿਚੋਲਾ ਬਣ ਅਕਾਲਾ, ਅਕਲ ਕਲ ਆਪਣਾ ਬੰਧਨ ਪਾਇਆ। ਵਸਣਹਾਰਾ ਆਪਣੀ ਧਰਮ ਸੱਚੀ ਧਰਮਸਾਲਾ, ਧੁਰ ਦੀ ਧਾਰ ਆਪ ਬੰਧਾਇਆ। ਚਲੇ ਚਲਾਏ ਅਵੱਲੜੀ ਚਾਲਾ, ਆਦਿ ਅੰਤ ਭੇਵ ਨਾ ਕਿਸੇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਸੁਹਾਇਆ। ਸਾਚਾ ਮੰਦਰ ਘਰ ਕਰ ਤਿਆਰ, ਗ੍ਰਹਿ ਆਪਣਾ ਰੰਗ ਰੰਗਾਈਆ। ਆਪਣੇ ਤਖ਼ਤ ਬੈਠ ਸੱਚੀ ਸਰਕਾਰ, ਸਚਖੰਡ ਦੁਆਰਾ ਰਿਹਾ ਸੁਹਾਈਆ। ਚਰਨ ਕਵਲ ਲਗਾਏ ਥਿਰ ਦਰਬਾਰ, ਧੂੜੀ ਧੂੜ ਧੂੜ ਵਖਾਈਆ। ਚਰਨ ਕਵਲ ਆਪਣਾ ਵੇਖੇ ਆਪਣੀ ਵਾਰ, ਨੇਤਰ ਨੈਣ ਨੈਣ ਖੁਲ੍ਹਾਈਆ। ਨੈਣ ਨੈਣ ਵੇਖਣਹਾਰ, ਨਿਰਗੁਣ ਨਿਰਗੁਣ ਇਕ ਸੁਹਾਈਆ। ਕਵਣ ਕਵਣ ਸਾਚੀ ਵਿਚਾਰ, ਪਿਆਰ ਪਿਆਰ ਨਾਲ ਬੰਧਾਈਆ। ਪਿਆਰ ਕਰੇ ਸਚ ਵਿਹਾਰ, ਥਿਰ ਦਰਬਾਰ ਦਏ ਵਡਿਆਈਆ। ਥਿਰ ਦਰਬਾਰ ਬੈਠ ਨਿਰਾਕਾਰ, ਆਪਣੀ ਕਾਰ ਆਪ ਕਰਾਈਆ। ਆਪਣੀ ਇਛਿਆ ਕਰ ਸ਼ਿੰਗਾਰ, ਸਾਚਾ ਰੂਪ ਆਪ ਵਟਾਈਆ। ਤਖ਼ਤ ਨਿਵਾਸੀ ਹੋ ਤਿਆਰ, ਆਪਣਾ ਬਲ ਆਪ ਪ੍ਰਗਟਾਈਆ। ਆਪਣੀ ਭੁਜਾਂ ਲਏ ਪਸਾਰ, ਮਰਦ ਮਰਦਾਨਾ ਸੂਰਬੀਰ ਵਡੀ ਵਡਿਆਈਆ। ਆਪਣਾ ਤੇਜ ਲਏ ਉਭਾਰ, ਨੂਰ ਨੂਰ ਨੂਰ ਰੁਸ਼ਨਾਈਆ। ਆਪਣੇ ਸੀਸ ਰੱਖੇ ਆਪਣੀ ਸਚ ਦਸਤਾਰ, ਏਕਾ ਤਾਜ ਨਾਮ ਰਖਾਈਆ। ਏਕਾ ਕਾਜ ਰਚੇ ਆਪ ਕਰਤਾਰ, ਸਚਖੰਡ ਬਣਤ ਆਪ ਬਣਾਈਆ। ਆਪੇ ਬਣੇ ਭਰਤਾ ਆਪੇ ਪੁਰਖ ਸਮਰਥ ਹੋਏ ਨਿਰਾਕਾਰ, ਆਪ ਆਪਣਾ ਰੰਗ ਰੰਗਾਈਆ। ਆਪੇ ਥਿਰ ਘਰ ਆਪਣਾ ਨੂਰ ਬਣਾਏ ਜੋਤ ਨਾਰ ਮੁਟਿਆਰ, ਜੋਬਨਵੰਤ ਜੋਬਨ ਇਕ ਸਮਝਾਈਆ। ਸਾਚਾ ਮੇਲਾ ਕਰੇ ਕਰਨੇਹਾਰ, ਆਪਣਾ ਬੰਧਨ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਗਨ ਲਏ ਮਨਾਈਆ। ਸਾਚਾ ਸਗਨ ਹਰਿ ਹਰਿ ਕੰਤ, ਸਚਖੰਡ ਦੁਆਰੇ ਆਪ ਮਨਾਇੰਦਾ। ਥਿਰ ਘਰ ਚੜ੍ਹੇ ਰੂਪ ਬਸੰਤ, ਪੁਰਖ ਅਬਿਨਾਸ਼ੀ ਆਪ ਚੜ੍ਹਾਇੰਦਾ। ਸਚਖੰਡ ਦੁਆਰੇ ਹੋਵੇ ਸਾਚੀ ਮੰਤ, ਸ੍ਰੀ ਭਗਵਾਨ ਆਪ ਜਣਾਇੰਦਾ। ਥਿਰ ਘਰ ਵੇਖੇ ਏਕਾ ਨਾਰੀ ਰੰਗੇ ਏਕਾ ਰੰਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਆਪ ਰੰਗਾਇੰਦਾ। ਨਾਰੀ ਕੰਤ ਨਰਾਇਣ , ਸਚਖੰਡ ਦੁਆਰਾ ਇਕ ਵਡਿਆਇਆ। ਥਿਰ ਘਰ ਉਪਜੇ ਇਕ ਵੈਰਾਗ, ਵਾਹ ਵਾਹ ਪੁਰਖ ਅਬਿਨਾਸ਼ੀ ਪਾਇਆ। ਜੋਤੀ ਜਾਤਾ ਜਗਾਏ ਚਿਰਾਗ਼, ਨੂਰ ਜ਼ਹੂਰ ਆਪ ਕਰਾਇਆ। ਆਪੇ ਸੋਇਆ ਆਪੇ ਰਿਹਾ ਜਾਗ, ਵੇਖਣਹਾਰ ਆਪ ਹੋ ਜਾਇਆ। ਆਪੇ ਸੁਣੇ ਆਪੇ ਗਾਏ ਆਪਣਾ ਰਾਗ, ਆਪੇ ਨਾਦੀ ਨਾਦ ਵਜਾਇਆ। ਆਪੇ ਲੇਖਾ ਜਾਣੇ ਅੰਤ ਆਦਿ, ਆਦਿ ਆਪਣਾ ਖੇਲ ਰਚਾਇਆ। ਆਪੇ ਦੇਵੇ ਆਪਣੀ ਦਾਦ, ਸਾਚੀ ਵਸਤ ਝੋਲੀ ਪਾਇਆ। ਆਪਣੇ ਵਿਚੋਂ ਆਇਆ ਕਾਢ, ਧਾਰ ਧਾਰ ਵਿਚੋਂ ਲਏ ਪ੍ਰਗਟਾਇਆ। ਨਾਰੀ ਕੰਤ ਉਪਜੇ ਇਕ ਵੈਰਾਗ, ਸਤਿ ਵੈਰਾਗ ਇਕ ਸਮਝਾਇਆ । ਸੁਤ ਦੁਲਾਰਾ ਹਰਿ ਨਿਰੰਕਾਰਾ ਆਪ ਆਪਣਾ ਆਪੇ ਲਾਧ, ਪੂਤ ਸਪੂਤਾ ਲਏ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਘਰ ਵਸਾਇਆ। ਨਿਰਗੁਣ ਵਸਾਇਆ ਘਰ ਮਹੱਲਾ, ਪੁਰਖ ਅਬਿਨਾਸ਼ੀ ਵਡੀ ਵਡਿਆਈਆ। ਲੇਖਾ ਜਾਣੇ ਇਕ ਅਕੱਲਾ, ਦੂਸਰ ਅਵਰ ਨਾ ਸੰਗ ਰਲਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਆਪਣੀ ਕਰੇ ਸਚ ਕੁੜਮਾਈਆ। ਆਪਣੇ ਦਰ ਫੜਾਇਆ ਆਪੇ ਪੱਲਾ, ਆਪੇ ਹੋਏ ਸਹਾਈਆ। ਆਪਣੇ ਅੰਤਰ ਆਪੇ ਰਲਾ, ਜੋਤੀ ਜੋਤ ਆਪ ਅਖਵਾਈਆ। ਸਚ ਸੰਦੇਸ਼ ਏਕਾ ਘੱਲਾ, ਏਕਾ ਸ਼ਬਦੀ ਸ਼ਬਦ ਉਠਾਈਆ। ਦੀਪਕ ਜੋਤ ਏਕਾ ਬਲਾ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਦਿ ਆਪਣੇ ਅੰਤ ਨਾਲ ਮਿਲਾਈਆ। ਆਦਿ ਪੁਰਖ ਹਰਿ ਖੇਲ ਖਿਲਾਇਆ, ਜੋਤੀ ਸ਼ਬਦੀ ਧਾਰ। ਵੰਸੀ ਵਿਸ਼ਨੂੰ ਰੂਪ ਧਰਾਇਆ, ਬ੍ਰਹਮਾ ਕਵਲ ਦਏ ਅਧਾਰ। ਸ਼ੰਕਰ ਸੰਗ ਆਪ ਰਖਾਇਆ, ਲੇਖਾ ਜਾਣੇ ਸੁੰਨ ਅਗੰਮੀ ਧੂਆਂਧਾਰ। ਤਿੰਨਾਂ ਬੰਧਨ ਏਕਾ ਪਾਇਆ, ਹੁਕਮੀ ਹੁਕਮ ਨਾਮ ਵਰਤਾਰ। ਤ੍ਰੈਗੁਣ ਮਾਇਆ ਰੰਗ ਚੜ੍ਹਾਇਆ, ਕਰੇ ਖੇਲ ਸੱਚੀ ਸਰਕਾਰ। ਆਪਣਾ ਮਾਰਗ ਦਏ ਵਖਾਇਆ, ਨੇਤਰ ਨੈਣ ਖੋਲ੍ਹ ਕਿਵਾੜ। ਸਾਚਾ ਨੇਤਰ ਦਏ ਸਮਝਾਇਆ, ਪੰਜ ਤੱਤ ਦਏ ਉਖਾੜ। ਸਾਚਾ ਬੰਧਨ ਦਏ ਪਾਇਆ, ਹੱਡ ਮਾਸ ਨਾੜੀ ਰਕਤ ਬੂੰਦ ਨਾੜ। ਮਨ ਮਤ ਬੁਧ ਦਏ ਟਿਕਾਇਆ, ਕਰੇ ਖੇਲ ਅਪਾਰ। ਆਪਣੀ ਅੰਸ ਆਪਣਾ ਬੰਸ ਆਪੇ ਲਏ ਵਖਾਇਆ, ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਸਾਚੀ ਖੇਲ ਖਿਲਾਵਣਹਾਰਾ, ਏਕਾ ਰੰਗ ਸਮਾਇਆ। ਤ੍ਰੈ ਤ੍ਰੈ ਮੀਤਾ ਵਸਣਹਾਰਾ ਠਾਂਡੇ ਦਰਬਾਰਾ, ਸਚਖੰਡ ਸਾਚੇ ਆਸਣ ਲਾਇਆ। ਥਿਰ ਘਰ ਖੋਲ੍ਹ ਆਪ ਕਿਵਾੜਾ, ਆਪਣਾ ਬੰਕ ਵਡਿਆਇਆ। ਵਿਸ਼ਨ ਬ੍ਰਹਮਾ ਸ਼ਿਵ ਦਏ ਆਧਾਰਾ, ਏਕਾ ਹੁਕਮ ਸੁਣਾਇਆ। ਲੱਖ ਚੁਰਾਸੀ ਕਰ ਪਿਆਰਾ, ਨਾਰੀ ਨਾਰਾ ਰੂਪ ਧਰਾਇਆ। ਤ੍ਰੈਗੁਣ ਮਾਇਆ ਭਰ ਭੰਡਾਰਾ, ਪੰਚਮ ਜੋੜ ਜੁੜਾਇਆ। ਪੰਜ ਪੰਜ ਮੇਲਾ ਏਕਾ ਵਾਰਾ, ਏਕਾ ਘਰ ਵਸਾਇਆ। ਘਾੜਤ ਘੜੇ ਬਣ ਠਠਿਆਰਾ, ਘਾੜਣ ਘੜਨਹਾਰ ਦਿਸ ਨਾ ਆਇਆ। ਏਕਾ ਸ਼ਬਦ ਏਕਾ ਨਾਅਰਾ, ਇਕ ਜੈਕਾਰਾ ਦਏ ਸੁਣਾਇਆ। ਏਕਾ ਤਤਵ ਏਕਾ ਤੱਤ ਇਕ ਆਧਾਰਾ, ਬ੍ਰਹਮ ਮਤ ਇਕ ਰਖਾਇਆ। ਏਕਾ ਕਮਲਾਪਤ ਕਰੇ ਸਰਬ ਪਿਆਰਾ, ਸ੍ਰਿਸ਼ਟ ਸਬਾਈ ਨਾਰੀ ਰੂਪ ਵਟਾਇਆ। ਜੁਗ ਚੌਕੜੀ ਲਗਾਏ ਮਾਤ ਅਖਾੜਾ, ਨਟੂਆ ਆਪਣਾ ਨਾਚ ਨਚਾਇਆ। ਚਾਰੇ ਜੁਗਾਂ ਖੋਲ੍ਹ ਕਿਵਾੜਾ, ਚਾਰੇ ਵੇਦਾਂ ਬੋਲ ਜੈਕਾਰਾ, ਬ੍ਰਹਮਾ ਵੇਤਾ ਆਪ ਪੜ੍ਹਾਇਆ। ਚਾਰੇ ਬਾਣੀ ਦਏ ਹੁਲਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪਣੇ ਹੱਥ ਰਖਾਇਆ। ਚਾਰ ਜੁਗ ਦੀ ਸਾਚੀ ਧਾਰ, ਸੋ ਪੁਰਖ ਨਿਰੰਜਣ ਆਪ ਚਲਾਈਆ। ਵੰਡੇ ਵੰਡ ਵੰਡਣਹਾਰ, ਸਾਚੀ ਵੰਡਣ ਇਕ ਸਮਝਾਈਆ। ਸਤਿ ਪੁਰਖ ਲੋਆਂ ਪੁਰੀਆਂ ਮਹੱਲ ਉਸਾਰ, ਜੇਰਜ ਅੰਡ ਉਤਭੁਜ ਸੇਤਜ ਬਣਤ ਬਣਾਈਆ। ਰਵ ਸਸ ਕਰ ਚਮਕਾਰ, ਮੰਡਲ ਮੰਡਪ ਦਏ ਵਡਿਆਈਆ। ਧਰਤ ਧਵਲ ਦਏ ਆਧਾਰ, ਜਲ ਬਿੰਬ ਰੂਪ ਸਮਾਈਆ। ਲੱਖ ਚੁਰਾਸੀ ਕਰ ਪਸਾਰ, ਆਤਮ ਜੋਤ ਨੂਰ ਰੁਸ਼ਨਾਈਆ। ਗ੍ਰਹਿ ਗ੍ਰਹਿ ਅੰਦਰ ਨਾਦ ਧੁਨਕਾਰ, ਸ਼ਬਦੀ ਰਾਗ ਅਲਾਈਆ। ਘਰ ਘਰ ਅੰਮ੍ਰਿਤ ਕਰ ਤਿਆਰ, ਨਾਭੀ ਕਵਲ ਆਪ ਟਿਕਾਈਆ। ਘਰ ਘਰ ਵੇਖੇ ਬੰਕ ਦੁਆਰ, ਟੇਢੀ ਬੰਕ ਸੁਹਾਈਆ। ਘਰ ਘਰ ਵੇਖੇ ਅੰਧ ਅੰਧਿਆਰ, ਡੂੰਘੀ ਭਵਰੀ ਭੇਵ ਕੋਇ ਨਾ ਪਾਈਆ। ਘਰ ਘਰ ਅੰਦਰ ਨਿਰਗੁਣ ਜੋਤ ਉਜਿਆਰ, ਜੋਤ ਨਿਰੰਜਣ ਸੇਵਾ ਲਾਈਆ। ਘਰ ਘਰ ਅੰਦਰ ਕਰੇ ਪਸਾਰ, ਪਾਰਬ੍ਰਹਮ ਪ੍ਰਭ ਵੰਡ ਵੰਡਾਈਆ। ਘਰ ਘਰ ਅੰਦਰ ਈਸ਼ ਜੀਵ ਖੇਲ ਨਿਆਰ, ਜਗਤ ਜਗਦੀਸ਼ ਰਿਹਾ ਖਿਲਾਈਆ। ਘਰ ਘਰ ਸੇਜਾ ਕਰ ਤਿਆਰ, ਸਾਚੀ ਸੇਜ ਰਿਹਾ ਸੁਹਾਈਆ। ਘਰ ਘਰ ਨਾਰੀ ਕੰਤ ਭਤਾਰ, ਘਰ ਘਰ ਸੁਰਤੀ ਸ਼ਬਦ ਹੰਢਾਈਆ। ਘਰ ਘਰ ਅਕਾਲ ਮੂਰਤੀ ਨੂਰ ਹੋ ਤਿਆਰ, ਨੂਰਤ ਤੂਰਤ ਇਕ ਦਰਸਾਈਆ। ਘਰ ਘਰ ਮੰਦਰ ਸੋਹੇ ਦਰਬਾਰ, ਘਰ ਮਿਲੇ ਸਾਚਾ ਮਾਹੀਆ। ਘਰ ਕਰੇ ਸੱਚਾ ਸ਼ਿੰਗਾਰ, ਗਣਤ ਸੁਣਤ ਆਪ ਪੜ੍ਹਾਈਆ। ਘਰ ਘਰ ਮਿਲੇ ਮਿਲਣੇਹਾਰ, ਮੇਲ ਮਿਲਾਵਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਘਾੜਣ ਘੜ, ਘਟ ਘਟ ਅੰਦਰ ਬੈਠਾ ਵੜ, ਆਪਣੇ ਪੌੜੇ ਆਪੇ ਚੜ੍ਹ, ਸਾਚਾ ਮੰਦਰ ਆਪ ਸੁਹਾਈਆ। ਸਾਚਾ ਮੰਦਰ ਸੁਹਾਇਆ, ਕਰ ਕਿਰਪਾ ਗੁਣ ਨਿਧਾਨ। ਆਪਣਾ ਆਸਣ ਆਪੇ ਲਾਇਆ, ਸਾਚੇ ਤਖ਼ਤ ਸ੍ਰੀ ਭਗਵਾਨ। ਆਪਣਾ ਹੁਕਮ ਆਪ ਸੁਣਾਇਆ, ਸ਼ਬਦ ਅਗੰਮੀ ਧੁਰ ਫ਼ਰਮਾਨ। ਬੋਧ ਅਗਾਧ ਆਪ ਅਖਵਾਇਆ, ਲੇਖਾ ਜਾਣੇ ਦੋ ਜਹਾਨ। ਕਾਗਦ ਕ਼ਲਮ ਨਾ ਕੋਇ ਰਖਾਇਆ, ਲੇਖਾ ਜਾਣੇ ਨਾ ਕੋਇ ਨਿਸ਼ਾਨ। ਰੂਪ ਅਨੂਪ ਆਪ ਧਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪੇ ਹੋਇਆ ਮਿਹਰਵਾਨ। ਮਿਹਰਵਾਨ ਹੋਇਆ ਹਰਿ ਠਾਕਰ, ਆਪਣੀ ਦਇਆ ਆਪ ਕਮਾਇੰਦਾ। ਕਾਇਆ ਅੰਦਰ ਵਸਿਆ ਸਾਚੇ ਸਾਗਰ, ਸਿੰਧ ਆਪਣਾ ਰੂਪ ਧਰਾਇੰਦਾ। ਲੇਖਾ ਜਾਣੇ ਪੰਜ ਤੱਤ ਗਾਗਰ, ਤ੍ਰੈਗੁਣ ਪਰਦਾ ਆਪ ਹੰਢਾਇੰਦਾ। ਲੱਖ ਚੁਰਾਸੀ ਕਰੇ ਉਜਾਗਰ, ਆਪਣੇ ਧੰਦੇ ਲਾਇੰਦਾ। ਕਰੇ ਖੇਲ ਕਰਤਾ ਕ਼ਾਦਰ, ਕ਼ੁਦਰਤ ਆਪਣੀ ਬਣਤ ਬਣਾਇੰਦਾ। ਆਪਣਾ ਅੱਖਰ ਰੱਖੇ ਦਾਦਰ, ਦਾਰੂਦ ਨਾ ਕਿਸੇ ਜਣਾਇੰਦਾ। ਆਤਮ ਬ੍ਰਹਮ ਪਿਸਰ ਮਾਦਰ, ਆਪ ਆਪਣੀ ਗੋਦ ਸੁਹਾਇੰਦਾ। ਸਿਦਕ ਸਬੂਰੀ ਜਾਏ ਸਾਬਰ, ਸਤਿ ਸੰਤੋਖ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਜੁਗ ਆਪਣਾ ਬੰਧਨ ਪਾਇੰਦਾ। ਜੁਗ ਬੰਧਨ ਹਰਿ ਪਾਏ ਗੰਢ, ਆਪਣੀ ਬਣਤ ਬਣਾਈਆ। ਆਪਣਾ ਨਾਉਂ ਆਪੇ ਵੰਡ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਬਿਨ ਮੇਰੇ ਨਾਉਂ ਸ੍ਰਿਸ਼ਟ ਸਬਾਈ ਦੁਹਾਗਣ ਹੋਏ ਰੰਡ, ਸਾਚਾ ਕੰਤ ਨਾ ਕੋਇ ਹੰਢਾਈਆ। ਲੱਖ ਚੁਰਾਸੀ ਤੁੱਟੀ ਕੋਇ ਨਾ ਦੇਵੇ ਗੰਢ, ਜਨਮ ਜਨਮ ਵਿਚ ਭਵਾਈਆ । ਜੁਗ ਜੁਗ ਦੇਵਣਹਾਰਾ ਦੰਡ, ਇਕ ਇਕੱਲਾ ਸੱਚਾ ਸ਼ਹਿਨਸ਼ਾਹੀਆ। ਕਦੇ ਨਾ ਸੋਏ ਦੇ ਕਰ ਕੰਡ, ਜੋ ਚਰਨ ਧਿਆਨ ਲਗਾਈਆ। ਪਾਵੇ ਸਾਰ ਜੇਰਜ ਅੰਡ, ਉਤਭੁਜ ਸੇਤਜ ਭੁਲ ਨਾ ਜਾਈਆ। ਵਸਣਹਾਰਾ ਵਿਚ ਬ੍ਰਹਿਮੰਡ, ਲੋਆਂ ਪੁਰੀਆਂ ਚਰਨਾਂ ਹੇਠ ਦਬਾਈਆ। ਜੁਗ ਜੁਗ ਮੇਟੇ ਭੇਖ ਪਖੰਡ, ਕੂੜੀ ਕਿਰਿਆ ਦਏ ਗਵਾਈਆ। ਸਦਾ ਜਣਾਏ ਆਪਣਾ ਪਰਮਾਨੰਦ, ਪਰਮ ਪੁਰਖ ਵਡੀ ਵਡਿਆਈਆ। ਲੋਕਮਾਤ ਅਵਤਾਰ ਗੁਰ ਲੈ ਕੇ ਆਉਣ ਸੁਹਾਗੀ ਛੰਦ, ਧੁਰ ਦੀ ਪੱਲੇ ਗੰਢ ਬੰਧਾਈਆ। ਸਾਧ ਸੰਤ ਖ਼ੁਸ਼ੀ ਕਰਨ ਬੰਦ ਬੰਦ, ਮੇਰਾ ਨਾਉਂ ਰਸਨਾ ਗਾਈਆ। ਮੇਰਾ ਨਾਉਂ ਸੂਰਜ ਚੰਨ, ਕੋਹ ਕਰੋੜੀ ਰਹੇ ਧਿਆਈਆ। ਮਾਤ ਗਰਭ ਜੋ ਆਏ ਸੋ ਭਰਦਾ ਮੇਰਾ ਦੰਡ, ਬਚਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦਏ ਸਮਝਾਈਆ। ਹਰਿ ਹਰਿ ਖੇਲ ਖਿਲਾਇਆ, ਨਿਰਗੁਣ ਸਰਗੁਣ ਧਾਰ। ਲੱਖ ਚੁਰਾਸੀ ਰਚਨ ਰਚਾਇਆ, ਕਰਿਆ ਖੇਲ ਅਪਰ ਅਪਾਰ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਇਆ, ਕਰੇ ਖੇਲ ਸੱਚੀ ਸਰਕਾਰ। ਗੁਰ ਅਵਤਾਰ ਵੇਸ ਵਟਾਇਆ, ਸ਼ਬਦੀ ਸ਼ਬਦ ਕਰ ਜੈਕਾਰ। ਭਗਤ ਭਗਵੰਤ ਲਏ ਮਨਾਇਆ, ਆਪ ਆਪਣੀ ਕਿਰਪਾ ਧਾਰ। ਸੰਤ ਸਾਜਣ ਲਏ ਮਿਲਾਇਆ, ਸਾਚੀ ਸਿਖਿਆ ਦਏ ਵਿਚਾਰ। ਗੁਰਮੁਖ ਗੁਰ ਗੁਰ ਲਏ ਜਗਾਇਆ, ਮੁਖ ਸਲਾਹੇ ਏਕਾ ਵਾਰ। ਸਿਖ ਸਾਜਣ ਲਏ ਮਿਲਾਇਆ, ਡੁਬਦੇ ਪਾਥਰ ਲਾਏ ਪਾਰ। ਹੰਕਾਰੀਆਂ ਗੜ੍ਹ ਤੁੜਾਇਆ, ਗੜ੍ਹ ਤੋੜੇ ਤੋੜਣਹਾਰ। ਗ਼ਰੀਬ ਨਿਮਾਣਿਆਂ ਗਲੇ ਲਗਾਇਆ, ਜੁਗਾ ਜੁਗੰਤਰ ਸਾਚੀ ਕਾਰ। ਨਿਰਗੁਣ ਕੰਤ ਲੋਕਮਾਤ ਹੰਢਾਇਆ, ਆਪੇ ਆਇਆ ਆਪਣੀ ਵਾਰ। ਵਾਰ ਦੋ ਮੇਲ ਮਿਲਾਇਆ, ਦੋ ਦੋ ਦੋ ਦੋ ਹੋ ਉਜਿਆਰ। ਕਲਜੁਗ ਅੰਤਮ ਰੂਪ ਧਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਹਰਿ ਕਰਤਾਰਾ ਖੇਲ ਖਿਲਾਇੰਦਾ, ਖ਼ਾਲਕ ਖ਼ਲਕ ਰੂਪ ਭਗਵਾਨ। ਆਪਣਾ ਸਤਾਰਾ ਆਪ ਚਮਕਾਇੰਦਾ, ਨਾਤਾ ਤੋੜ ਜ਼ਿਮੀਂ ਅਸਮਾਨ। ਆਪਣਾ ਜੈਕਾਰਾ ਆਪ ਚਲਾਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਆਪਣੀ ਧਾਰਾ ਆਪ ਚਲਾਇੰਦਾ, ਜੁਗ ਚੌਕੜੀ ਮੇਟੇ ਆਪ ਨਿਸ਼ਾਨ। ਗੁਰ ਅਵਤਾਰਾਂ ਮੇਲ ਮਿਲਾਇੰਦਾ, ਪੀਰ ਪੈਗ਼ੰਬਰਾਂ ਵੇਖੇ ਆਪੇ ਆਣ। ਮੁਲਾ ਮੁਸਾਇਕ ਸੇਖ਼ ਆਪ ਜਗਾਇੰਦਾ, ਲੇਖਾ ਜਾਣੇ ਕੁਰਾ ਕ਼ੁਰਾਨ। ਕੁਤਬ ਗੌਂਸ ਆਪ ਰਖਾਇੰਦਾ, ਚਾਰੋਂ ਕੁੰਟ ਵੇਖੇ ਮਾਰ ਧਿਆਨ। ਨੌਂ ਖੰਡ ਪ੍ਰਿਥਮੀ ਬੰਕ ਫੋਲ ਫੁਲਾਇੰਦਾ, ਲੇਖਾ ਜਾਣੇ ਸ਼ਰਅ ਈਮਾਨ। ਚਾਰ ਯਾਰੀ ਸੰਗ ਮੁਹੰਮਦ ਏਕਾ ਕਲਮਾ ਆਪ ਪੜ੍ਹਾਇੰਦਾ, ਏਕਾ ਹੁਕਮ ਧੁਰ ਫ਼ਰਮਾਨ। ਏਕਾ ਤੂਰਤ ਨਾਮ ਵਜਾਇੰਦਾ, ਲੇਖਾ ਜਾਣੇ ਦੋ ਜਹਾਨ। ਸੁਹਬਤ ਜਗਤ ਸਰਬ ਮੁਕਾਇੰਦਾ, ਨਾਤਾ ਤੁੱਟੇ ਬੇਈਮਾਨ। ਉਲਫ਼ਤ ਵਿਚ ਕਦੇ ਨਾ ਆਇੰਦਾ, ਤੀਸ ਬਤੀਸਾ ਗਾਏ ਗਾਇਣ। ਗ਼ਫ਼ਲਤ ਸਭ ਦੀ ਆਪ ਮਿਟਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਭਗਵਾਨ ਖੇਲ ਖਿਲਾਇਆ, ਪੁਰਖ ਅਬਿਨਾਸ਼ੀ ਅਗੰਮ ਅਪਾਰ। ਜੋਤੀ ਜਾਮਾ ਭੇਖ ਵਟਾਇਆ, ਨਿਰਗੁਣ ਨਿਰਵੈਰ ਹੋ ਤਿਆਰ। ਕੋਟਨ ਕੋਟੀ ਜੁਗ ਚੌਕੜੀ ਆਪਣੇ ਚਰਨਾਂ ਹੇਠ ਦਬਾਇਆ, ਕਰੇ ਖੇਲ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਦੱਸੇ ਆਪ ਅਹਿਵਾਲ। ਸਚ ਹਵਾਲਾ ਦੱਸਣਾ, ਨਿਰਗੁਣ ਸਰਗੁਣ ਧਾਰ। ਸਰਗੁਣ ਅੰਦਰ ਵਸਣਾ, ਨਿਰਗੁਣ ਨੂਰ ਉਜਿਆਰ। ਨਿਰਗੁਣ ਹੋ ਹੋ ਹੱਸਣਾ, ਸਰਗੁਣ ਖ਼ਬਰਦਾਰ। ਕਲਜੁਗ ਵੇਖੇ ਰੈਣ ਅੰਧੇਰੀ ਮੱਸਣਾ, ਚਾਰੋਂ ਕੁੰਟ ਕੁੰਟ ਅੰਧਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਸਾਚੀ ਖੇਲ ਸਤਿ ਸਤਿ ਧਾਰਾ, ਹਰਿ ਸਤਿਗੁਰ ਆਪ ਚਲਾਈਆ। ਸਤਿ ਸਤਿ ਕਰੇ ਖੇਲ ਨਿਆਰਾ, ਸਤਿ ਸਤਿਵਾਦੀ ਬੇਪਰਵਾਹੀਆ। ਸਤਿ ਸਤਿ ਵਸੇ ਸਭ ਤੋਂ ਬਾਹਰਾ, ਸਤਿ ਸਤਿ ਪਰਗਟ ਆਸਣ ਲਾਈਆ। ਸਤਿ ਸਤਿ ਹੋਏ ਗੁਪਤ ਜ਼ਾਹਰਾ, ਸਤਿ ਸਤਿ ਅੰਦਰ ਬਾਹਰ ਸਮਾਈਆ। ਸਤਿ ਸਤਿ ਪੁਰਖ ਸਤਿ ਸਤਿ ਨਾਰਾ, ਸਤਿ ਸਤਿ ਸਾਚੀ ਸੇਜ ਹੰਢਾਈਆ। ਸਤਿ ਸਤਿ ਘਰ ਸਤਿ ਸਤਿ ਦਰਬਾਰਾ, ਸਤਿ ਸਤਿ ਕਰੇ ਸੱਚਾ ਸ਼ਹਿਨਸ਼ਾਹੀਆ। ਸਤਿ ਸਤਿ ਘਾੜਤ ਘੜੇ ਸੱਚਾ ਠਠਿਆਰਾ, ਸਤਿ ਸਤਿ ਘੜਿਆ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਸਾਤਾ ਆਪਣੇ ਨਾਲ ਮਿਲਾਈਆ। ਕਲਜੁਗ ਸਾਤਾ ਹੋਇਆ ਸਿਫ਼ਰਾ, ਸਿਫ਼ਰਾ ਮੂਲ ਨਾ ਕੋਇ ਚੁਕਾਇਆ। ਸਿਫ਼ਰੇ ਨਾਲ ਬੰਧਾਇਆ ਆਪਣਾ ਨਾਤਾ, ਨਾਤਾ ਸਾਤਾ ਜੋੜ ਜੁੜਾਇਆ। ਦੋਹਾਂ ਵਿਚੋਲਾ ਬਣ ਪੁਰਖ ਬਿਧਾਤਾ, ਆਪਣਾ ਖੇਲ ਖਿਲਾਇਆ। ਨਿਰਗੁਣ ਕਰੇ ਸਰਗੁਣ ਪੂਰਾ ਘਾਟਾ, ਸਰਗੁਣ ਘਾਟਾ ਨਿਰਗੁਣ ਕੋਲੋਂ ਮੰਗਣ ਆਇਆ। ਚਾਰੋਂ ਕੁੰਟ ਦਿਸੇ ਖ਼ਾਲੀ ਬਾਟਾ, ਨਾਮ ਭੰਡਾਰਾ ਨਾ ਕੋਇ ਵਰਤਾਇਆ। ਚੌਦਾਂ ਲੋਕ ਫੋਲੇ ਹਾਟਾ, ਚੌਦਾਂ ਤਬਕ ਰਿਹਾ ਕੁਰਲਾਇਆ। ਨੌਂ ਖੰਡ ਪ੍ਰਿਥਮੀ ਚੀਥੜ ਪਾਟਾ, ਤਨ ਸ਼ਿੰਗਾਰ ਨਾ ਕੋਇ ਕਰਾਇਆ। ਲੱਖ ਚੁਰਾਸੀ ਰਸਨਾ ਦੱਸੇ ਨਾ ਸਾਚੀ ਗਾਥਾ, ਗਾ ਗਾ ਰਸਨਾ ਹਰਿ ਨਾ ਕਿਸੇ ਪਾਇਆ। ਜਗਤ ਦਲਿਦ੍ਰ ਕਿਸੇ ਨਾ ਲਾਥਾ, ਜੀਵ ਜੰਤ ਰਹੇ ਕੁਰਲਾਇਆ। ਧਰਨੀ ਰੋਵੇ ਖੁਲ੍ਹਾ ਝਾਟਾ, ਸੀਸ ਮੇਂਢੀ ਨਾ ਕੋਇ ਗੁੰਦਾਇਆ। ਬ੍ਰਹਮ ਰੋਵੇ ਤੇਰੀ ਆਤਮ ਬ੍ਰਹਮ ਖਾਟਾ, ਪਾਰਬ੍ਰਹਮ ਮਿਲਣ ਕਿਸੇ ਨਾ ਆਇਆ। ਚਾਰ ਜੁਗ ਵਾਂਹਦੀ ਰਹੀ ਅਠਸਠ ਤਾਟਾ, ਸੁਰਤ ਸੁਵਾਣੀ ਰੋ ਰੋ ਨੀਰ ਰਹੀ ਵਹਾਇਆ। ਜਿਸ ਨੂੰ ਗੁਰੂ ਅਵਤਾਰ ਕਹਿੰਦੇ ਗਏ ਪਿਤਾ ਮਾਤਾ, ਸੋ ਪੁਰਖ ਹੱਥ ਕਿਸੇ ਨਾ ਆਇਆ। ਜਿਸ ਦੀਆਂ ਗਾਉਂਦੇ ਰਹੇ ਗਾਥਾ, ਗਾ ਗਾ ਰਾਗ ਨਾ ਕਦੇ ਸੁਣਾਇਆ। ਜਿਸ ਦੀਆਂ ਜਗੌਂਦੇ ਰਹੇ ਲਾਟਾਂ, ਜੋਤੀ ਨੂਰ ਨਾ ਕੋਇ ਜਣਾਇਆ। ਜਿਸ ਦੀਆਂ ਤੀਰਥ ਤੱਟਾਂ ਕੱਟਦੇ ਰਹੇ ਵਾਟਾਂ, ਦੁਰਮਤ ਮੈਲ ਨਾ ਕੋਇ ਧਵਾਇਆ। ਜਿਸ ਦੇ ਪਿਛੇ ਕੱਟੀਆਂ ਜਾਗ ਜਾਗ ਕੇ ਰਾਤਾਂ, ਰਾਤੀ ਸੁੱਤਿਆਂ ਘਰ ਨਾ ਫੇਰਾ ਪਾਇਆ। ਜਿਸ ਦੇ ਪਿਛੇ ਬਣੀ ਰਹੀ ਜਗਤ ਨਾਰ ਕਮਜ਼ਾਤਾ, ਸੋ ਕੰਤ ਨਾ ਗੋਦ ਸੁਹਾਇਆ। ਕਲਜੁਗ ਤੇਰੇ ਅੰਤ ਸ੍ਰੀ ਭਗਵੰਤ ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਜੋਤ ਗੁਰਸਿਖ ਸੰਤ ਰੰਗ ਪਛਾਤਾ, ਜਿਸ ਅੱਗੇ ਆਪਣਾ ਸੀਸ ਭੇਟ ਚੜ੍ਹਾਇਆ। ਸਿੰਘ ਸ਼ੇਰ ਹੋ ਸ਼ੇਰ ਨੌਂ ਸੌ ਚੁਰਾਨਵਾਂ ਚੌਕੜੀ ਜੁਗ ਦਾ ਪੂਰਾ ਕਰਨ ਆਇਆ ਘਾਟਾ, ਕਿਸੇ ਘਰ ਨਾ ਮੰਗਣ ਜਾਇਆ। ਆਪਣੇ ਹੱਥ ਰਖਾਇਆ ਅੰਮ੍ਰਿਤ ਬਾਟਾ, ਗੁਰਮੁਖਾਂ ਦਏ ਜਾਮ ਪਿਆਇਆ। ਰਾਤੀਂ ਸੁਤਿਆਂ ਜਾ ਜਾ ਪੁਛੇ ਵਾਤਾਂ, ਆਪ ਆਪਣਾ ਪੰਧ ਮੁਕਾਇਆ। ਚਾਰ ਜੁਗ ਲੁਕਿਆ ਰਿਹਾ ਵਿਚ ਜ਼ਾਤਾਂ ਪਾਤਾਂ, ਅੰਤਮ ਪਰਦਾ ਪਾੜ ਵਖਾਇਆ। ਚਾਰ ਜੁਗ ਵਿਕਦਾ ਰਿਹਾ ਵਿਚ ਹਾਟਾਂ, ਆਪਣਾ ਅੱਖਰ ਨਾਮ ਲਿਖਾਇਆ। ਕਲਜੁਗ ਅੰਤਮ ਕਰੇ ਖੇਲ ਪੁਰਖ ਸਮਰਾਥਾ, ਸਾਚੀ ਨਈਆ ਦਏ ਚਲਾਇਆ। ਨਾ ਕੋਈ ਪੂਜਾ ਨਾ ਕੋਈ ਪਾਠਾ, ਨਾ ਕੋਈ ਤੀਰਥ ਨਾ ਕੋਈ ਤਾਟਾ, ਨਾ ਕੋਈ ਵਣਜਾਰਾ ਨਾ ਕੋਈ ਹਾਟਾ, ਨਾ ਕੋਈ ਦਰ ਦਰ ਮੰਗਣ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਨਾਉਂ ਦਏ ਜਣਾਇਆ। ਏਕਾ ਨਾਉਂ ਹਰਿ ਚਾਰ ਜੁਗ ਰੰਗ, ਸੋ ਪੁਰਖ ਨਿਰੰਜਣ ਆਪ ਚੜ੍ਹਾਈਆ। ਖੰਡ ਬ੍ਰਹਿਮੰਡ ਵਜਾਏ ਆਪ ਮਰਦੰਗ, ਵਿਸ਼ਨ ਬ੍ਰਹਮਾ ਸ਼ਿਵ ਰਹੇ ਜਸ ਗਾਈਆ। ਗੁਰਸਿਖਾਂ ਅੰਦਰ ਆਪ ਲੰਘ, ਆਪਣਾ ਨਾਮ ਦਏ ਟਿਕਾਈਆ। ਆਪੇ ਸੋਏ ਆਤਮ ਸੇਜ ਪਲੰਘ, ਗੁਰਸਿਖ ਖੋਜਣ ਬਣ ਨਾ ਜਾਈਆ। ਆਪੇ ਕੱਟਦਾ ਰਹੇ ਭੁੱਖ ਨੰਗ, ਗੁਰਮੁਖ ਤ੍ਰਿਸ਼ਨਾ ਭੁੱਖ ਬੁਝਾਈਆ। ਆਪਣਾ ਮਾਨਸ ਜਨਮ ਕਰਿਆ ਭੰਗ, ਗੁਰਸਿਖ ਮਾਨਸ ਜਨਮ ਲਏ ਤਰਾਈਆ। ਆਪੇ ਬਣ ਕੇ ਛਲਿਆ ਜਲ ਤਰੰਗ, ਗੁਰਸਿਖ ਜਲ ਕਵਲ ਲਏ ਮਹਿਕਾਈਆ। ਆਪੇ ਬਣ ਕੇ ਭੱਜਾ ਕਾਚੀ ਵੰਗ, ਗੁਰਸਿਖ ਕੰਗਣ ਆਪਣੇ ਹੱਥ ਲਟਕਾਈਆ। ਆਪੇ ਖੇਲ ਕਰਿਆ ਵਿਚ ਵਰਭੰਡ, ਪਾਰਬ੍ਰਹਮ ਪ੍ਰਭ ਰੂਪ ਵਟਾਈਆ। ਗੁਰਸਿਖ ਤੇਰੀ ਆਤਮ ਰਹੇ ਨਾ ਰੰਡ, ਜੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਈਆ। ਲੱਖ ਚੁਰਾਸੀ ਕੱਟੇ ਫੰਦ, ਜੋ ਇਕ ਵਾਰ ਨੇਤਰ ਦਰਸ਼ਨ ਪਾਈਆ। ਰਾਏ ਧਰਮ ਨਾ ਦੇਵੇ ਦੰਡ, ਚਿਤਰ ਗੁਪਤ ਨਾ ਹਿਸਾਬ ਵਖਾਈਆ। ਲਾੜੀ ਮੌਤ ਨਾ ਮੰਗੇ ਮੰਗ, ਵਟਨਾ ਬੰਦੀ ਨਾ ਕੋਇ ਵਖਾਈਆ। ਜਿਸ ਜਨ ਗਾਇਆ ਬੱਤੀ ਦੰਦ, ਸਤਿਗੁਰ ਪੂਰਾ ਹੋਏ ਸਹਾਈਆ। ਸੋਹੰ ਸ਼ਬਦ ਸੁਹਾਗੀ ਛੰਦ, ਗੁਰਸਿਖ ਨਾ ਮਰੇ ਨਾ ਜਾਈਆ। ਤੇਰੀ ਪੂਜਾ ਕਰਨ ਸੂਰਜ ਚੰਦ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣੇ ਹੱਥ ਰੱਖੀ ਵਡਿਆਈਆ। ਆਪਣੇ ਰੱਖ ਵਡਿਆਈ ਹੱਥ, ਹਰਿ ਕਰਤੇ ਖੇਲ ਖਿਲਾਇਆ। ਲੱਖ ਚੁਰਾਸੀ ਨਾਲੋਂ ਕਰ ਕੇ ਅੱਡ, ਆਪਣਾ ਮੇਲ ਮਿਲਾਇਆ। ਕਲਜੁਗ ਸਾਥ ਦੇਣੇ ਛੱਡ, ਬਿਨ ਸਤਿਗੁਰ ਪੂਰੇ ਨਾ ਕੋਇ ਸਹਾਇਆ। ਜਗਤ ਭੋਗ ਬਲਾਸ ਰਸ ਦਿਸੇ ਹੱਡ, ਅੰਮ੍ਰਿਤ ਰਸ ਨਾ ਕੋਇ ਚਖਾਇਆ। ਦੂਈ ਦਵੈਤੀ ਹਉਮੇ ਹੰਗਤਾ ਵਿਚੋਂ ਦੇਣੀ ਕੱਢ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇਆ। ਜਗਤ ਤ੍ਰਿਸ਼ਨਾ ਦੇਣੀ ਬੱਧ, ਬੱਧਕ ਫਾਂਦਕੀ ਰਿਹਾ ਧਿਆਨ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਅੰਤ ਆਪਣਾ ਗੇੜਾ ਲਏ ਦਸਾਇਆ। ਘਰ ਵਿਚ ਘਰ ਆਪ ਵਸਾਉਣਾ, ਗੁਰਮੁਖ ਤੇਰਾ ਬੰਕ ਦੁਆਰ। ਸਰਗੁਣ ਅੰਦਰ ਨਿਰਗੁਣ ਡੇਰਾ ਲਾਉਣਾ, ਜੋਤੀ ਜੋਤ ਨੂਰ ਉਜਿਆਰ। ਸ਼ਬਦ ਅਨਾਦ ਧੁਨ ਸਾਚਾ ਗਾਉਣਾ, ਅੱਠੇ ਪਹਿਰ ਸੱਚੀ ਧੁਨਕਾਰ। ਪੰਚਮ ਸਖ਼ੀਆਂ ਗੀਤ ਅਲਾਉਣਾ, ਵਾਹ ਵਾ ਮੰਗਲਾਚਾਰ। ਘਰ ਗੋਬਿੰਦ ਮੀਤ ਮੁਰਾਰਾ ਪੌਣਾ, ਅੰਦਰ ਬੈਠਾ ਸਾਂਝਾ ਯਾਰ। ਬਜਰ ਕਪਾਟੀ ਪਰਦਾ ਲਾਹੁਣਾ, ਦੂਈ ਦਵੈਤੀ ਦੇਵੇ ਪਾੜ। ਆਤਮ ਸੇਜਾ ਆਪ ਸੁਹਾਉਣਾ, ਪਲੰਘ ਰੰਗੀਲਾ ਘੜੇ ਆਪ ਸੱਚੀ ਸਰਕਾਰ। ਬਾਢੀ ਹੋ ਹੋ ਸੇਵ ਕਮਾਉਣਾ, ਸਿੰਘ ਸ਼ੇਰ ਹੋ ਤਿਆਰ। ਏਕਾ ਵਾਰ ਫੜ ਲਟਕਾਉਣਾ, ਉਖੜ ਜਾਏ ਨਾ ਦੂਜੀ ਵਾਰ। ਲੱਖ ਚੁਰਾਸੀ ਵਿਚੋਂ ਗੁਰਸਿਖ ਸੁੱਕਾ ਕਾਠ ਫੜ ਕੇ ਲੌਹਣਾ, ਰੰਦਾ ਮਾਰੇ ਏਕਾ ਵਾਰ। ਆਪਣੇ ਵਿਚ ਜੋੜ ਜੁੜਾਉਣਾ, ਚੂਲ ਚੂਲ ਨਾਲ ਕਰੇ ਪਿਆਰ। ਸਾਚਾ ਸੂਤਰ ਨਾਮ ਲਗਾਉਣਾ, ਤਿੱਖੀ ਰੱਖੀ ਧਾਰ। ਆਪਣੇ ਪ੍ਰੇਮ ਪਿਆਰ ਦੇ ਨਾਲ ਰਲੌਣਾ, ਆਪੇ ਖਿਚੇ ਵਿਚੋਂ ਧਾਰ। ਆਪਣੀ ਆਸਾ ਉਤੇ ਵਿਛੌਣਾ ਪਾਉਣਾ, ਕਿਰਪਾ ਕਰੇ ਸ੍ਰੀ ਭਗਵਾਨ। ਹੱਥ ਫੇਰਕੇ ਟੋਹ ਵਖੌਣਾ, ਗੁਰਮੁਖ ਅੰਗ ਦੁੱਖੇ ਨਾ ਬਾਲ ਅਞਾਣ। ਅੰਤ ਆਪਣੀ ਹੱਥੀਂ ਚੁੱਕ ਵਿਚ ਬਹਾਉਣਾ, ਉਤੇ ਦੇਣਾ ਸਚ ਰੁਮਾਲ। ਨਾਨਕ ਗਾਇਆ ਪੂਰ ਕਰਾਉਣਾ, ਪ੍ਰੇਮ ਪਟੋਲਾ ਦੇਵੇ ਸ਼ਾਹ ਕੰਗਾਲ। ਗੁਰਸਿਖ ਤੇਰੀ ਪੰਜ ਤੱਤ ਦਮਾ ਕੱਟਣਹਾਰ ਆਪ ਅਖਵਾਉਣਾ, ਆਦਿ ਜੁਗਾਦਿ ਕਰੇ ਸਦਾ ਪ੍ਰਿਤਪਾਲ। ਆਪਣੇ ਮੋਢੇ ਕੰਧ ਆਪੇ ਚੁਕਣ ਆਉਣਾ, ਆਪਣੇ ਦਰ ਦੁਆਰੇ ਦੇਵੇ ਮਾਣ। ਵੇਲੇ ਅੰਤ ਜੇ ਗੁਰਸਿਖ ਲੁਕਣ ਲੱਗੇ ਲੁਕਣ ਨਾ ਦੇਣਾ, ਲੱਖ ਚੁਰਾਸੀ ਵਿਚੋਂ ਲੈਣਾ ਭਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਚਰਨ ਬਖ਼ਸ਼ੇ ਤੇਰਾ ਮਾਣ। ਗੁਰਸਿਖ ਤੇਰਾ ਮਾਣ ਸਚਖੰਡ, ਸਚਖੰਡ ਨਿਵਾਸੀ ਆਪ ਕਰਾਇੰਦਾ। ਨਾਤਾ ਤੋੜ ਭੇਖ ਪਖੰਡ, ਸਾਚਾ ਰੰਗ ਆਪ ਰੰਗਾਇੰਦਾ। ਆਪਣਾ ਨੂਰ ਤੇਰਾ ਚੰਦ, ਤੇਰਾ ਚੰਦ ਲੋਕਮਾਤ ਚਮਕਾਇੰਦਾ। ਤੇਰੀ  ਕਿਰਿਆ ਕੂੜ ਆਪਣੀ ਝੋਲੀ ਪਾਏ ਗੰਦ, ਆਪਣਾ ਅੰਮ੍ਰਿਤ ਤੇਰੇ ਮੁਖ ਚੁਆਇੰਦਾ। ਤੇਰੇ ਜਨਮ ਜਨਮ ਦਾ ਦੁੱਖੜਾ ਕੱਟੇ ਬੰਦ ਬੰਦ, ਸੁਹਾਗੀ ਛੰਦ ਤੇਰੇ ਅੰਤਰ ਆਤਮ ਆਪ ਜਣਾਇੰਦਾ। ਤੇਰੀ ਜਨਮ ਜਨਮ ਦੀ ਆਤਮਾ ਸੁਹਾਗਣ ਕਰੇ ਰੰਡ, ਜਗਤ ਰੰਡੇਪਾ ਪੰਧ ਮੁਕਾਇੰਦਾ। ਚਾਰ ਜੁਗ ਗੁਰ ਅਵਤਾਰ ਗੁਰਸਿਖਾਂ ਦੇਂਦੇ ਰਹੇ ਨਾਮ ਗੰਢ, ਸਚ ਸੁਨੇਹੁੜਾ ਆਪ ਘਲਾਇੰਦਾ। ਕਲਜੁਗ ਅੰਤਮ ਆਪਣੇ ਨਾਲ ਕਰੇ ਕਾਰਜ ਅਨੰਦ, ਅਨੰਦ ਅਨੰਦ ਅਨੰਦ ਅਨੰਦ ਵਿਚ ਸਮਾਇੰਦਾ। ਐਥੇ ਓਥੇ ਮੁਕਿਆ ਪੰਧ, ਜਿਸ ਜਨ ਮਿਲਿਆ ਸਾਹਿਬ ਗੁਰੂ ਬਖ਼ਸ਼ੰਦ, ਪਿਛਲਾ ਲੇਖਾ ਆਪਣੇ ਹੱਥੀਂ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਨਿਸ਼ਾਨ ਆਪ ਝੁਲਾਇੰਦਾ।