੧੨ ਜੇਠ ੨੦੧੮ ਬਿਕ੍ਰਮੀ ਕਥਾ ਸਿੰਘ ਜੀਵਨ ਸਿੰਘ ਦੇ ਘਰ ਪਿੰਡ ਮੋਇਲ ਜੰਮੂ
ਸੋ ਪੁਰਖ ਨਿਰੰਜਣ ਸਰਬ ਗੁਣਵੰਤ, ਆਦਿ ਜੁਗਾਦਿ ਵਡੀ ਵਡਿਆਈਆ। ਹਰਿ ਪੁਰਖ ਨਿਰੰਜਣ ਮਹਿਮਾ ਅਗਣਤ, ਅਲਖ ਅਲਖਣਾ ਲਿਖਿਆ ਨਾ ਜਾਈਆ। ਏਕੰਕਾਰਾ ਸੋਭਾਵੰਤ, ਦਰ ਘਰ ਸਾਚੇ ਸੋਭਾ ਪਾਈਆ। ਆਦਿ ਨਿਰੰਜਣ ਨੂਰ ਨੁਰਾਨਾ ਸਾਚਾ ਕੰਤ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਬਣਾਏ ਆਪਣੀ ਬਣਤ, ਸਾਚਾ ਘਾੜਨ ਲਏ ਘੜਾਈਆ। ਸ੍ਰੀ ਭਗਵਾਨ ਆਪੇ ਗਾਏ ਆਪਣਾ ਮੰਤ, ਨਿਸ਼ ਅੱਖਰ ਆਪ ਪ੍ਰਗਟਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਲੇਖਾ ਜਾਣੇ ਆਦਿ ਅੰਤ, ਅੰਤ ਆਦਿ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਆਪ ਪ੍ਰਗਟਾਈਆ। ਨਿਰਗਣ ਰੂਪ ਹਰਿ ਨਿਰੰਕਾਰਾ, ਅਜੂਨੀ ਰਹਿਤ ਆਪ ਧਰਾਇੰਦਾ। ਆਪਣੀ ਇਛਿਆ ਭਰ ਭੰਡਾਰਾ, ਸਾਚੀ ਭਿਛਿਆ ਪੂਰ ਕਰਾਇੰਦਾ। ਆਪਣਾ ਖੋਲ੍ਹ ਆਪ ਦੁਆਰਾ, ਸਚਖੰਡ ਸਾਚਾ ਨਾਉਂ ਧਰਾਇੰਦਾ। ਨਿਰਮਲ ਦੀਆ ਕਰ ਉਜਿਆਰਾ, ਨੂਰ ਨੂਰਾਨਾ ਡਗਮਗਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸਾਚੇ ਤਖ਼ਤ ਸੋਭਾ ਪਾਇੰਦਾ। ਹੁਕਮੀ ਹੁਕਮ ਕਰ ਵਰਤਾਰਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਸ਼ਬਦ ਅਨਾਦੀ ਸੁਤ ਦੁਲਾਰਾ, ਪੂਤ ਸਪੂਤਾ ਏਕਾ ਜਾਇੰਦਾ। ਕਰੇ ਖੇਲ ਅਗੰਮ ਅਪਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੂਪ ਆਪ ਪ੍ਰਗਟਾਇੰਦਾ। ਆਪਣਾ ਰੂਪ ਆਪੇ ਧਰ, ਹਰਿ ਹਰਿ ਆਪੇ ਵੇਖ ਵਖਾਈਆ। ਆਪੇ ਪੁਰਖ ਨਾਰੀ ਨਰ, ਨਰ ਨਰਾਇਣ ਵਡੀ ਵਡਿਆਈਆ। ਆਪੇ ਵਸੇ ਆਪਣੇ ਘਰ, ਸਚਖੰਡ ਦੁਆਰਾ ਸੋਭਾ ਪਾਈਆ। ਆਪੇ ਘਾੜਣ ਲਏ ਘੜ, ਘਰ ਘਰ ਵਿਚ ਲਏ ਪ੍ਰਗਟਾਈਆ। ਲੇਖਾ ਜਾਣੇ ਥਿਰ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਜੋਤ ਪਰਕਾਸ਼ਾ ਥਿਰ ਘਰ ਵੇਖੇ ਪੁਰਖ ਅਬਿਨਾਸ਼ਾ, ਆਪਣਾ ਸ਼ਬਦ ਆਪਣਾ ਰੂਪ ਧਰਾਈਆ। ਹਰਿ ਕਾ ਰੂਪ ਸਦਾ ਅਬਿਨਾਸ਼, ਆਦਿ ਅੰਤ ਖੇਲ ਖਿਲਾਇੰਦਾ। ਥਿਰ ਘਰ ਸਾਚੇ ਕਰ ਪਰਕਾਸ਼, ਨੂਰੋ ਨੂਰ ਨੂਰ ਪ੍ਰਗਟਾਇੰਦਾ। ਨਿਰਗੁਣ ਅੰਦਰ ਨਿਰਗੁਣ ਕਰ ਕਰ ਵਾਸ, ਨਿਰਗੁਣ ਆਪਣੀ ਕਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਥਿਰ ਦਰਬਾਰਾ, ਏਕੰਕਾਰ ਆਪ ਸੁਹਾਈਆ। ਸ਼ਬਦੀ ਸ਼ਬਦ ਸੁਤ ਦੁਲਾਰਾ, ਪੂਤ ਸਪੂਤਾ ਇਕ ਉਠਾਈਆ। ਏਕਾ ਹੁਕਮ ਧੁਰ ਫ਼ਰਮਾਨਾ, ਧੁਰਦਰਗਾਹੀ ਆਪ ਜਣਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਭੇਵ ਖੁਲ੍ਹਾਏ ਏਕਾ ਵਾਰਾ, ਰਵ ਸਸ ਨੂਰ ਚਮਕਾਈਆ। ਜੋਤੀ ਜਾਤਾ ਹੋ ਉਜਿਆਰਾ, ਨਿਰਗੁਣ ਸਰਗੁਣ ਮੇਟੇ ਧਾੜਾ, ਵਿਸ਼ਨ ਬ੍ਰਹਮਾ ਸ਼ਿਵ ਕਰ ਪਸਾਰਾ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਏਕਾ ਹੁਕਮ ਇਕ ਵਰਤਾਰਾ, ਏਕਾ ਕਰਤਾ ਕਰਨੇਹਾਰਾ, ਏਕਾ ਕ਼ੁਦਰਤ ਵੇਖੇ ਅਗੰਮ ਅਪਾਰਾ, ਕ਼ਾਦਰ ਆਪਣੀ ਖੇਲ ਖਿਲਾਈਆ। ਏਕਾ ਵਸਤ ਨਾਮ ਸਚ ਸਤਾਰਾ, ਏਕਾ ਵੰਡੇ ਸਚ ਭੰਡਾਰਾ, ਏਕਾ ਦੇਵਣਹਾਰ ਸੰਸਾਰਾ, ਵਡ ਸੰਸਾਰੀ ਇਕ ਅਖਵਾਈਆ। ਏਕਾ ਜਲ ਥਲ ਮਹੀਅਲ ਪਾਵੇ ਸਾਰਾ, ਏਕਾ ਗਗਨ ਮੰਡਲ ਹੋਏ ਉਜਿਆਰਾ, ਏਕਾ ਜ਼ਿਮੀਂ ਅਸਮਾਨ ਲਾਏ ਅਖਾੜਾ, ਨਟੂਆ ਆਪਣਾ ਸਵਾਂਗ ਵਰਤਾਈਆ। ਏਕਾ ਲੱਖ ਚੁਰਾਸੀ ਘਾੜਣ ਘੜੇ ਬਣ ਠਠਿਆਰਾ, ਏਕਾ ਪੰਜ ਤੱਤ ਮੇਲਾ ਕਰੇ ਏਕਾ ਦਵਾਰਾ, ਏਕਾ ਮਨ ਮਤ ਬੁਧ ਦਏ ਸਹਾਰਾ, ਏਕਾ ਜੂਨੀ ਜੂਨ ਉਪਾਈਆ। ਏਕਾ ਵੰਡਣ ਵੰਡ ਵੰਡੇ ਗਿਰਧਾਰਾ, ਉਤਭੁਜ ਸੇਤਜ ਜੇਰਜ ਅੰਡ ਰੂਪ ਕਰੇ ਪਸਾਰਾ, ਈਸ਼ ਜੀਵ ਰੂਪ ਧਰਾਈਆ। ਏਕਾ ਬ੍ਰਹਮ ਹੋਏ ਆਧਾਰਾ, ਪਾਰਬ੍ਰਹਮ ਕਰੇ ਖੇਲ ਆਪਣੀ ਵਾਰਾ, ਨੂਰ ਜ਼ਹੂਰ ਆਪ ਧਰਾਈਆ। ਏਕਾ ਸ਼ਬਦ ਨਾਦ ਧੁਨਕਾਰਾ, ਏਕਾ ਗਾਵੇ ਗਾਵਣਹਾਰਾ, ਸਚਖੰਡ ਬੈਠਾ ਸਾਚਾ ਮਾਹੀਆ। ਥਿਰ ਘਰ ਖੋਲ੍ਹੇ ਬੰਦ ਕਿਵਾੜਾ, ਪਵਣ ਪਵਣੀ ਦਏ ਸਹਾਰਾ, ਘਟ ਘਟ ਆਪਣਾ ਰੂਪ ਧਰਾਈਆ। ਲੇਖਾ ਜਾਣੇ ਲਿਖਣਹਾਰਾ, ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰਾ, ਦਰ ਸੇਵਕ ਸੇਵਾ ਸਚ ਸਮਝਾਈਆ। ਆਦਿ ਪੁਰਖ ਹੋ ਉਜਿਆਰਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਕਰ ਪਸਾਰਾ, ਤ੍ਰੈਭਵਣ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਬੇਪਰਵਾਹ, ਆਪਣੀ ਕਾਰ ਆਪ ਕਮਾਈਆ। ਲੱਖ ਚੁਰਾਸੀ ਦੁਕਾਨ ਕਿਰਿਆ, ਕਿਰਤਮ ਆਪਣੀ ਖੇਲ ਖਿਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਆਪੇ ਫੜਿਆ, ਹੁਕਮੀ ਹੁਕਮ ਆਪ ਸੁਣਾਇੰਦਾ। ਘਟ ਘਟ ਅੰਦਰ ਆਪੇ ਵੜਿਆ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਨਾਉਂ ਰਖਾਏ ਨਰਾਇਣ ਨਰਿਆ, ਨਰ ਹਰਿ ਆਪਣਾ ਬਲ ਜਣਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਪੁਰਖ ਅਬਿਨਾਸ਼ੀ ਆਪਣਾ ਅੱਖਰ ਆਪੇ ਪੜ੍ਹਿਆ, ਬ੍ਰਹਮਾ ਵੇਤਾ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਸਚਖੰਡ ਦੁਆਰਾ ਖੋਲ੍ਹ ਦਰ, ਦਰਵਾਜ਼ਾ ਆਪ ਸੁਹਾਇੰਦਾ। ਦਰ ਦਰਵਾਜ਼ਾ ਹਰਿ ਹਰਿ ਖੋਲ੍ਹ, ਲੱਖ ਚੁਰਾਸੀ ਦਏ ਜਣਾਈਆ। ਘਟ ਘਟ ਅੰਦਰ ਆਪੇ ਬੋਲ, ਆਪਣੀ ਬੂਝ ਬੁਝਾਈਆ। ਏਕਾ ਕੰਡਾ ਤੋਲੇ ਤੋਲ, ਤੋਲਣਹਾਰਾ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਦਿ ਰਹੇ ਅਡੋਲ, ਥਿਰ ਘਰ ਆਪਣਾ ਆਸਣ ਲਾਈਆ। ਏਕਾ ਵਸਤ ਰੱਖੇ ਕੋਲ, ਜੀਵਾਂ ਜੰਤਾਂ ਆਪ ਵਰਤਾਈਆ। ਭਾਗ ਲਗਾਏ ਉਪਰ ਧਰਨੀ ਧਰਤ ਧਵਲ, ਧਵਲਾ ਆਪਣਾ ਭਾਰ ਉਠਾਈਆ। ਲੱਖ ਚੁਰਾਸੀ ਬਖ਼ਸ਼ੇ ਅੰਮ੍ਰਿਤ ਆਤਮ ਕਵਲ, ਨਾਭੀ ਕਵਲ ਆਪ ਟਿਪਕਾਈਆ। ਬ੍ਰਹਮ ਰੂਪ ਹੋ ਹੋ ਰਿਹਾ ਮਵਲ, ਪਾਰਬ੍ਰਹਮ ਪੱਤ ਡਾਲੀ ਆਪਣਾ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਘਾੜਣ ਘੜ, ਵਿਸ਼ਨ ਬ੍ਰਹਮਾ ਸ਼ਿਵ ਏਕਾ ਤੱਤ ਜਣਾਈਆ। ਏਕਾ ਤੱਤ ਹਰਿ ਗਿਆਨ, ਹਰਿ ਹਰਿ ਆਪਣਾ ਆਪ ਜਣਾਇੰਦਾ। ਏਕਾ ਰੂਪ ਸ੍ਰੀ ਭਗਵਾਨ, ਰੂਪ ਰੰਗ ਆਪ ਵਖਾਇੰਦਾ। ਏਕਾ ਮੰਦਰ ਸਚ ਮਕਾਨ, ਸਚਖੰਡ ਦੁਆਰੇ ਸੋਭਾ ਪਾਇੰਦਾ। ਏਕਾ ਵੇਖੇ ਮਾਰ ਧਿਆਨ, ਦੋ ਜਹਾਨਾਂ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੁਣਨ ਸਾਚੇ ਕਾਨ, ਪੁਰਖ ਅਬਿਨਾਸ਼ੀ ਰਾਗ ਅਲਾਇੰਦਾ। ਲੱਖ ਚੁਰਾਸੀ ਕਰ ਪਰਧਾਨ, ਲੋਕਮਾਤ ਨਾਚ ਨਚਾਇੰਦਾ। ਜੁਗਾ ਜੁਗੰਤਰ ਖੇਲ ਕਰੇ ਮਹਾਨ, ਜੁਗ ਚੌਕੜੀ ਵੰਡ ਵੰਡਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਵੇ ਦਾਨ, ਜੀਆ ਦਾਨ ਝੋਲੀ ਪਾਇੰਦਾ। ਕਰੇ ਖੇਲ ਹਰਿ ਮਹਾਨ, ਭੇਵ ਅਭੇਦਾ ਆਪ ਛੁਪਾਇੰਦਾ। ਨੌਂ ਸੌ ਚਰਾਨਵੇ ਚੌਕੜੀ ਜੁਗ ਦੇਵੇ ਧੁਰ ਫ਼ਰਮਾਨ, ਗੁਰ ਅਵਤਾਰ ਮਾਤ ਪ੍ਰਗਟਾਇੰਦਾ। ਭਗਤ ਭਗਵੰਤ ਮਿਲਾਏ ਆਣ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸੰਤ ਸਾਜਣ ਲਏ ਪਛਾਣ, ਦੂਈ ਦਵੈਤੀ ਪਰਦਾ ਲਾਇੰਦਾ। ਗੁਰਮੁਖਾਂ ਬਖ਼ਸ਼ੇ ਚਰਨ ਧਿਆਨ, ਚਰਨ ਚਰਨੋਦਕ ਮੁਖ ਚੁਆਇੰਦਾ। ਗੁਰਸਿਖ ਨੇਤਰ ਲੋਚਣ ਦਰਸ਼ਨ ਪੇਖੇ ਆਣ, ਨਿਜ ਨੇਤਰ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਵੇਸ ਵਟਾਇੰਦਾ। ਜੁਗ ਜੁਗ ਵੇਸ ਵਟਾਇਆ, ਅਲਖ ਅਗੋਚਰ ਅਗੰਮ ਅਪਾਰ। ਗੁਰ ਗੁਰ ਆਪਣਾ ਨਾਉਂ ਧਰਾਇਆ, ਸ਼ਬਦੀ ਨਾਮ ਬੋਲ ਜੈਕਾਰ। ਜੀਵਾਂ ਜੰਤਾਂ ਮਾਰਗ ਲਾਇਆ, ਏਕਾ ਮਾਰਗ ਏਕੰਕਾਰ। ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਸਮਝਾਇਆ, ਆਤਮ ਬ੍ਰਹਮ ਕਰ ਉਜਿਆਰ। ਪਾਰਬ੍ਰਹਮ ਹਰ ਘਟ ਵੇਖ ਵਖਾਇਆ, ਡੂੰਘੀ ਕਵਰੀ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਜੁਗ ਜੁਗ ਖੇਲ ਖਿਲਾਇਆ, ਸਤਿਜੁਗ ਤ੍ਰੇਤਾ ਦੁਆਪਰ ਉਤਰੇ ਪਾਰ। ਕਲਜੁਗ ਅੰਤਮ ਵੇਖ ਵਖਾਇਆ, ਇਕ ਇਕੱਲਾ ਏਕੰਕਾਰ। ਜੋਤੀ ਜਾਮਾ ਰੂਪ ਧਰਾਇਆ ਨਿਹਕਲੰਕ ਸੱਚੀ ਸਰਕਾਰ। ਕੋਟਨ ਕੋਟੀ ਜੀਵ ਵੇਖ ਵਖਾਇਆ, ਆਪ ਆਪਣੀ ਕਿਰਪਾ ਧਾਰ। ਗੁਰਮੁਖ ਸਾਚੇ ਲਏ ਜਗਾਇਆ, ਆਲਸ ਨਿੰਦਰਾ ਜਗਤ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਚਰਨ ਪਿਆਰ। ਚਰਨ ਪਿਆਰ ਜਗਤ ਜੁਗ ਜੀਉਣ, ਜੁਗ ਦਾਤਾ ਆਪ ਸਮਝਾਈਆ। ਗੁਰਮੁਖ ਨਾਮ ਨਿਧਾਨ ਪਿਆਉਣ, ਅੰਮਿਉਂ ਰਸ ਆਪਣਾ ਆਪ ਚਖਾਈਆ। ਬਲਿਹਾਰੀ ਬਲਿਹਾਰ ਗੁਰ ਥਿਉਣ, ਥਾਨ ਥਨੰਤਰ ਦਏ ਵਡਿਆਈਆ। ਸਾਚਾ ਬੀਜ ਕਾਇਆ ਬਿਉਣ, ਪੱਤ ਡਾਲੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸਮਝਾਈਆ। ਹਰਿਜਨ ਹਰਿ ਹਰਿ ਆਪ ਜਣਾਇਆ, ਜਾਗਰਤ ਜੋਤ ਜਗਾ। ਕਾਇਆ ਮੰਦਰ ਵੇਖ ਵਖਾਇਆ, ਨੌਂ ਦਰ ਖੋਜ ਖੁਜਾ। ਮਾਇਆ ਮਮਤਾ ਮੋਹ ਮਿਟਾਇਆ, ਹਉਮੇ ਹੰਗਤਾ ਗੜ੍ਹ ਤੁੜਾ। ਦਰ ਦਰ ਮੰਗਤਾ ਲੇਖੇ ਪਾਇਆ, ਏਕਾ ਵਸਤ ਦਏ ਵਰਤਾ। ਸਾਚੀ ਸੰਗਤ ਮੇਲ ਮਿਲਾਇਆ, ਸਗਲਾ ਸੰਗ ਆਪ ਰਖਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਬ੍ਰਹਮ ਦਏ ਦਿੜ੍ਰਾ। ਆਤਮ ਬ੍ਰਹਮ ਕਾਇਆ ਮੰਦਰ, ਹਰਿ ਸਾਚਾ ਸਚ ਜਣਾਈਆ। ਮਿਟੇ ਅੰਧੇਰਾ ਡੂੰਘੀ ਕੰਦਰ, ਅਗਿਆਨ ਅੰਧੇਰ ਗਵਾਈਆ। ਬਜਰ ਕਪਾਟੀ ਤੋੜੇ ਜੰਦਰ, ਦੂਈ ਦਵੈਤੀ ਪਰਦਾ ਦਏ ਉਠਾਈਆ। ਮਨੂਆ ਮਨ ਬੰਨ੍ਹੇ ਬੰਦਰ, ਦਹਿ ਦਿਸ਼ ਨਾ ਉਠ ਉਠ ਧਾਈਆ। ਕਰੇ ਪਰਕਾਸ਼ ਅੰਧੇਰੇ ਖੰਡਰ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਵਡਿਆਈਆ। ਹਰਿਜਨ ਅੰਦਰ ਜੋਤ ਪਰਕਾਸ਼, ਨੂਰੋ ਨੂਰ ਨੂਰ ਧਰਾਇੰਦਾ। ਮੇਲ ਮਿਲਾਵਾ ਪੁਰਖ ਅਬਿਨਾਸ਼, ਪੁਰਖ ਅਬਿਨਾਸ਼ੀ ਮੇਲ ਮਿਲਾਇੰਦਾ। ਲੇਖਾ ਜਾਣੇ ਸਰਬ ਗੁਣਤਾਸ, ਗੁਣਵੰਤਾ ਗੁਣ ਵਖਾਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸ, ਜਿਸ ਜਨ ਆਪਣੇ ਰੰਗ ਰੰਗਾਇੰਦਾ। ਆਵਣ ਜਾਵਣ ਕਰੇ ਬੰਦ ਖਲਾਸ, ਜਮ ਕੀ ਫਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਜਮ ਕੀ ਫਾਸੀ ਤੋੜੇ ਫੰਦ, ਸਤਿਗੁਰ ਪੂਰੇ ਹੱਥ ਵਡਿਆਈਆ। ਨਾਮ ਡੋਰੀ ਦੇਵੇ ਬੰਨ੍ਹ, ਬੰਨ੍ਹਣਹਾਰ ਬੇਪਰਵਾਹੀਆ। ਏਕਾ ਰਾਗ ਸੁਣਾਏ ਕੰਨ, ਸ਼ਬਦੀ ਨਾਦ ਵਜਾਈਆ। ਭਰਮ ਭੁਲੇਖਾ ਕੱਢੇ ਜਨ, ਜਿਸ ਸਿਰ ਆਪਣਾ ਹੱਥ ਟਿਕਾਈਆ। ਕਰੇ ਪਰਕਾਸ਼ ਕਾਇਆ ਤਨ, ਅੰਧ ਅੰਧੇਰ ਰਹਿਣ ਨਾ ਪਾਈਆ। ਭਾਂਡਾ ਭਰਮ ਭੌ ਦੇਵੇ ਭੰਨ, ਸਾਖਿਆਤ ਰੂਪ ਵਟਾਈਆ। ਦਿਸ ਨਾ ਆਏ ਜੀਵ ਅੰਨ੍ਹ, ਨੇਤਰ ਦਿਬ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ। ਜਾਗਰਤ ਜੋਤ ਜਗਾਏ ਜਗਦੀਸ਼ਰ, ਈਸ਼ ਜੀਵ ਉਠਾਇਆ। ਲੇਖਾ ਜਾਣੇ ਭਗਤ ਤਪੀਸ਼ਰ, ਤਪੋ ਬਨ ਨਾ ਕੋਇ ਤਪਾਇਆ। ਮੇਲ ਮਿਲਾਇਆ ਹਰਿ ਰਖੀਸ਼ਰ, ਰੇਖ ਲਿਖੀ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਨਾਮ ਦ੍ਰਿੜਾਇਆ। ਸਾਚਾ ਮੰਤਰ ਨਾਮ ਜਨ ਏਕ, ਦੂਸਰ ਅਵਰ ਨਾ ਕੋਇ ਵਡਿਆਈਆ। ਆਦਿ ਜੁਗਾਦਿ ਕਰੇ ਬੁੱਧ ਬਬੇਕ, ਜਿਸ ਜਨ ਆਪਣੀ ਬੂਝ ਬੁਝਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤੱਤ ਨਾ ਕੋਇ ਜਲਾਈਆ। ਜੂਠ ਝੂਠ ਨਾ ਕਰੇ ਭੇਖ, ਸਚ ਸੁੱਚ ਵੱਜੇ ਵਧਾਈਆ। ਨਿਜ ਘਰ ਬੈਠਾ ਰਿਹਾ ਵੇਖ, ਨਿਜ ਆਤਮ ਤਾੜੀ ਲਾਈਆ। ਆਦਿ ਜੁਗਾਦਿ ਰਹੇ ਹਮੇਸ਼, ਸਤਿਗੁਰ ਪੂਰਾ ਸੋ ਅਖਵਾਈਆ। ਮੁਛ ਦਾੜ੍ਹੀ ਨਾ ਰੱਖੇ ਕੇਸ, ਸੀਸ ਜਗਦੀਸ਼ ਨਾ ਮੂੰਡ ਮੁੰਡਾਈਆ। ਆਤਮ ਬ੍ਰਹਮ ਦਏ ਆਦੇਸ਼, ਪਾਰਬ੍ਰਹਮ ਸੱਚੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰੀਜਨ ਹਰਿ ਹਰਿ ਲਏ ਸਮਝਾਈਆ। ਹਰੀ ਹਰਿ ਹਰਿ ਹਰਿ ਪੇਖਣਾ, ਪੇਖਤ ਦੀਨ ਦਿਆਲ। ਨਿਜ ਆਤਮ ਅੰਦਰ ਵੇਖਣਾ, ਕਾਇਆ ਬੈਠਾ ਸੱਚੀ ਧਰਮਸਾਲ। ਦੇਵੇ ਨਾਮ ਸ਼ਬਦ ਸੰਦੇਸ਼ਣਾ, ਅਨਹਦ ਵਜਾਏ ਤਾਲ। ਜੋਤੀ ਜੋਤ ਹੋ ਪਰਵੇਸ਼ਣਾ, ਜਲਵਾ ਨੂਰ ਦਏ ਜਮਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਸਾਚੇ ਲਏ ਭਾਲ। ਜੁਗ ਜੁਗ ਹਰਿਜਨ ਭਾਲਦਾ, ਨਿਰਗੁਣ ਸਰਗੁਣ ਵੇਖ ਵਿਚਾਰ। ਲੇਖਾ ਜਾਣੇ ਸ਼ਾਹ ਕੰਗਾਲ ਦਾ, ਊਚ ਨੀਚ ਦਏ ਆਧਾਰ। ਚਾਰੇ ਵਰਨਾਂ ਸੁਰਤ ਸੰਭਾਲਦਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨਿਰਗੁਣ ਲਏ ਅਵਤਾਰ। ਨਿਰਗੁਣ ਗੁਰ ਨਿਰਗੁਣ ਅਵਤਾਰਾ, ਸ਼ਾਹ ਪਾਤਸ਼ਾਹ ਨਿਰਗੁਣ ਅਖਵਾਈਆ। ਨਿਰਗੁਣ ਸ਼ਾਹ ਨਿਰਗੁਣ ਸਿਕਦਾਰਾ, ਨਿਰਗੁਣ ਸ਼ਹਿਨਸ਼ਾਹ ਵਡੀ ਵਡਿਆਈਆ। ਨਿਰਗੁਣ ਭਗਤ ਸਤਿ ਭੰਡਾਰਾ, ਨਿਰਗੁਣ ਸੰਤ ਸਾਜਣ ਲਏ ਮਿਲਾਈਆ। ਨਿਰਗੁਣ ਗੁਰਮੁਖ ਕਰੇ ਉਜਿਆਰਾ, ਨਿਰਗੁਣ ਗੁਰਸਿਖ ਲਏ ਤਰਾਈਆ। ਨਿਰਗੁਣ ਲੇਖਾ ਜਾਣੇ ਆਪਣੀ ਵਾਰਾ, ਥਿਤ ਵਾਰ ਨਾ ਕੋਇ ਵਖਾਈਆ। ਨਿਰਗੁਣ ਭੇਵ ਨਾ ਪਾਏ ਵੇਦ ਚਾਰਾ, ਪੁਰਾਨ ਅਠਾਰਾਂ ਰਹੇ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਵਡ ਦੇਵੀ ਦੇਵ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਭਗਤ ਭਗਵੰਤ ਦਏ ਜਣਾਈਆ। ਭਗਤ ਭਗਵੰਤ ਸਦਾ ਅਭੇਦ, ਭੇਵ ਨਾ ਕੋਇ ਰਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਲਿਖ ਲਿਖ ਥੱਕੇ ਲੇਖ, ਲੇਖਾ ਲੇਖ ਨਾ ਪੂਰ ਕਰਾਈਆ। ਕਲਜੁਗ ਅੰਤਮ ਨਰ ਹਰਿ ਨਰਾਇਣ ਹਰਿਜਨ ਸਾਚੇ ਲਏ ਵੇਖ, ਰੂਪ ਅਨੂਪ ਆਪ ਧਰਾਈਆ। ਮੇਲ ਮਿਲਾਵਾ ਦਸ ਦਸਮੇਸ਼, ਦਰ ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ ਹਰਿਜਨ ਸਾਚਾ ਸੰਗ ਨਿਭਾਈਆ। ਬਾਰਸ਼ ਹੋਏ ਨਾ ਮਿਟੇ ਪਿਆਸ, ਕਰੋੜ ਛਿਆਨਵਾਂ ਰਿਹਾ ਕੁਰਲਾਈਆ। ਮੇਘ ਮੇਘਲਾ ਦਾਸੀ ਦਾਸ, ਬੈਠੇ ਸੀਸ ਝੁਕਾਈਆ। ਰਾਹ ਤੱਕੇ ਪ੍ਰਿਥਮੀ ਆਕਾਸ਼, ਨੇਤਰ ਨੈਣ ਉਠਾਈਆ। ਜਿਸ ਜਨ ਅੰਦਰ ਸਤਿਗੁਰ ਪੂਰਾ ਕਰੇ ਵਾਸ, ਤਿਸ ਤ੍ਰਿਸ਼ਨਾ ਜਗਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਘ ਦਏ ਸਮਝਾਈਆ। ਸਾਚਾ ਮੇਘ ਅੰਮ੍ਰਿਤ ਧਾਰ, ਗੁਰ ਸਤਿਗੁਰ ਆਪ ਬਰਸਾਇੰਦਾ। ਜਿਸ ਜਨ ਕਿਰਪਾ ਕਰੇ ਅਪਾਰ, ਜਗਤ ਤ੍ਰਿਸ਼ਨਾ ਭੁੱਖ ਮਿਟਾਇੰਦਾ। ਮਿੰਟ ਸਕਿੰਟ ਨਾ ਕਰੇ ਵਿਚਾਰ, ਘੰਟੇ ਪਹਿਰ ਨਾ ਕੋਇ ਰਖਾਇੰਦਾ। ਛਿੰਨ ਭੰਗਰ ਜਾਏ ਤਾਰ, ਜਿਸ ਆਪਣਾ ਦਰਸ ਵਖਾਇੰਦਾ। ਅੱਜ ਮੀਂਹ ਵਰਸੇ ਜੇ ਮੂਸਲਾ ਧਾਰ, ਘੰਟੇ ਦੋ ਘੰਟੇ ਅੰਦਰ ਬਾਹਰ ਪਿੰਡ ਵਿਚੋਂ ਆਪ ਕਢਾਇੰਦਾ। ਸੁੱਕੀ ਧਰਤੀ ਰੋਵੇ ਫੇਰ ਜ਼ਾਰੋ ਜ਼ਾਰ, ਜਗਤ ਤਪਸ਼ ਨਾ ਕੋਇ ਬੁਝਾਇੰਦਾ। ਉਤੇ ਹੇਠੇ ਕੂੜੇ ਕੁੜਿਆਰ, ਸਾਚਾ ਧਰਮ ਨਾ ਕੋਇ ਕਮਾਇੰਦਾ। ਨਾਰੀ ਨਰ ਹੋਇਆ ਵਿਭਚਾਰ, ਕਾਮ ਕਰੋਧ ਲੋਭ ਮੋਹ ਹੰਕਾਰ ਸਰਬ ਸਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਤ੍ਰਿਸ਼ਨਾ ਤ੍ਰਿਸ਼ਨਾ ਵਿਚ ਭਰਾਇੰਦਾ। ਲੱਗੀ ਅੱਗ ਕਾਇਆ ਤਨ, ਮੇਘ ਮੀਂਹ ਨਾ ਸਕੇ ਬੁਝਾਈਆ। ਸਤਿਗੁਰ ਪੂਰਾ ਜਿਸ ਦਰਸ ਦੇਵੇ ਉਪਰ ਸ਼ਾਹ ਰਗ, ਤਿਸ ਤ੍ਰਿਸ਼ਨਾ ਤ੍ਰਿਪਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਘ ਮੇਘ ਆਪ ਬਰਸਾਈਆ। ਮੇਘ ਵਰਸਾਏ ਮੇਘ ਨਾਥ, ਮੇਘਨ ਰੂਪ ਵਟਾਇਆ। ਲਖ ਲਖ ਘੱਲੇ ਜਗਤ ਪਾਤ, ਆਪਣਾ ਲਿਖਿਆ ਨਾ ਕੋਇ ਵਖਾਇਆ। ਕਾਇਆ ਅੰਦਰ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚੜ੍ਹਾਇਆ। ਪੱਟੀ ਪੜ੍ਹੀ ਨਾ ਕਿਸੇ ਜਮਾਤ, ਹਰਫ਼ ਅਲਿਫ਼ ਨਜ਼ਰ ਨਾ ਆਇਆ। ਨੁਕਤਾ ਨੂਨ ਨਾ ਮਿਲੀ ਸੌਗਾਤ, ਹਮਜ਼ਾ ਹਵਸ ਨਾ ਕੋਇ ਮਿਟਾਇਆ। ਜੋ ਜਨ ਅੰਦਰ ਵੇਖੇ ਮਾਰ ਝਾਤ, ਹਰਿ ਮੰਦਰ ਸਤਿਗੁਰ ਏਕਾ ਮੇਘ ਰਿਹਾ ਬਰਸਾਇਆ। ਕਲਜੁਗ ਅਗਨੀ ਬੁਝੇ ਆਗ, ਦੂਜੀ ਤਪਸ਼ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਇਲ ਏਕਾ ਰੰਗ ਰੰਗਾਇੰਦਾ। ਮੋਇਲ ਹੋਏ ਸਾਂਤਕ ਸਤਿ, ਜੋ ਜਨ ਆਏ ਸਰਨਾਈਆ। ਜਿਸ ਮੇਲ ਮਿਲਾਏ ਕਮਲਾਪਤ, ਤਿਸ ਅੰਤਰ ਮੇਘ ਬਰਸਾਈਆ। ਤਿਸ ਉਬਲੇ ਬਹੱਤਰ ਨਾੜ ਨਾ ਰਤ, ਰਤੀ ਰਤ ਨਾ ਕੋਇ ਸੁਕਾਈਆ। ਚਾਰੋਂ ਕੁੰਟ ਵੇਖੇ ਕਾਲੀ ਘਟ, ਜਗਤ ਅੰਧੇਰਾ ਛਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਨਘੋਰ ਬਾਦਲ ਰਿਹਾ ਵਖਾਈਆ। ਘਨਘੋਰ ਬਾਦਲ ਪਾਏ ਸ਼ੋਰ, ਅਨਹਦ ਸੇਵਾ ਨਾਲ ਕਮਾਈਆ। ਗੁਰਮੁਖ ਆਤਮ ਨਾਚੇ ਮੋਰ, ਪੰਖੀ ਪੰਖੜੀਆਂ ਆਪ ਰਖਾਈਆ। ਪਵਣ ਠੰਡੀ ਪਾਏ ਜ਼ੋਰ, ਉਨੰਜਾ ਪਵਣ ਆਪ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਘ ਗੁਰਸਿਖ ਕਾਇਆ ਅੰਦਰ ਆਪ ਬਰਸਾਈਆ। ਅੰਮ੍ਰਿਤ ਮੇਘ ਬਰਸੇ ਸਾਂਤਕ ਸਤਿ, ਬੂੰਦਾ ਬਾਂਦੀ ਆਪ ਲਗਾਈਆ। ਜਿਸ ਜਨ ਦੇਵੇ ਧੀਰਜ ਜਤ, ਸੋ ਜਨ ਸਾਚਾ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅਗਨੀ ਕਲਜੁਗ ਰਿਹਾ ਜਲਾਈਆ। ਕਲਜੁਗ ਆਪਣਾ ਤਪੇ ਅੰਗਿਆਰ, ਤ੍ਰੈਗੁਣ ਤਪਾਇਆ। ਪੰਜ ਤੱਤ ਬਣਾ ਭਠਿਆਲ, ਜੋਤੀ ਲੰਬੂ ਏਕਾ ਲਾਇਆ। ਨਵ ਨੌਂ ਚਾਰ ਹੋਇਆ ਬੇਹਾਲ, ਰਾਜ ਰਾਜਾਨ ਰਿਹਾ ਕੁਰਲਾਇਆ। ਜਿਸ ਜਨ ਉਪਰ ਹੋਏ ਆਪ ਮਿਹਰਵਾਨ, ਤਿਸ ਜਨ ਸਾਚਾ ਮੇਘ ਦਏ ਬਰਸਾਇਆ। ਜਲ ਮੀਨ ਕਰੇ ਪਰਵਾਨ, ਮੀਨ ਜਲ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਮੇਘ ਦੇਵੇ ਬਰਸ, ਗੁਰਸਿਖਾਂ ਹਿਰਦੇ ਅੰਦਰ ਵਸ, ਜਗਤ ਤਪਸ਼ ਰਹਿਣ ਨਾ ਪਾਇਆ।
