Granth 10 Likhat 105: 14 Jeth 2018 Bikarmi Dhingali Kartar Singh de Ghar Jammu

੧੪ ਜੇਠ ੨੦੧੮ ਬਿਕ੍ਰਮੀ ਧੰਗਾਲੀ ਕਰਤਾਰ ਸਿੰਘ ਦੇ ਘਰ ਜੰਮੂ

ਕਾਇਆ ਗਠੜੀ ਕੰਡਾ ਥੋਹਰ, ਨਜ਼ਰ ਕਿਸੇ ਨਾ ਆਇੰਦਾ। ਰੈਣ ਅੰਧੇਰੀ ਚੁੱਭੇ ਘੋਰ, ਵੇਖ ਕੋਇ ਨਾ ਪਾਇੰਦਾ। ਨਾਲ ਰਲਾਏ ਪੰਜ ਚੋਰ, ਚੋਰੀ ਚੋਰ ਸਦ ਕਮਾਇੰਦਾ। ਜੀਵ ਕੁਰਲਾਏ ਪਾਏ ਸ਼ੋਰ, ਦੁੱਖ ਦਰਦ ਨਾ ਕੋਇ ਮਿਟਾਇੰਦਾ। ਬਿਨ ਸਤਿਗੁਰ ਪੂਰੇ ਸਾਰ ਨਾ ਪਾਏ ਕੋਈ ਹੋਰ, ਨਸਤਰ ਨਾਮ ਨਾ ਕੋਇ ਲਗਾਇੰਦਾ । ਅੰਤਮ ਚਲੇ ਜਗਤ ਕੋਹੜ, ਰੋਗੀ ਰੋਗ ਵਿਚ ਫਸਾਇੰਦਾ। ਜਿਸ ਜਨ ਸਤਿਗੁਰ ਪੂਰਾ ਜਾਏ ਬੌਹੜ, ਕਾਇਆ ਕੰਡਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਡੂੰਘੀ ਭਵਰੀ ਫੋਲ ਫੋਲਾਇੰਦਾ। ਕਲਜੁਗ ਕੰਡਾ ਤਿੱਖੀ ਧਾਰ, ਜੀਵਾਂ ਜੰਤਾਂ ਰਿਹਾ ਤੜਫਾਈਆ। ਕਦੇ ਆਰ ਕਦੇ ਪਾਰ, ਅਧਵਿਚਕਾਰ ਨਜ਼ਰ ਕਿਸੇ ਨਾ ਆਈਆ। ਮਨਮੁਖ ਰੋਵਣ ਜ਼ਾਰੋ ਜ਼ਾਰ, ਦਿਵਸ ਰੈਣ ਚੈਨ ਨਾ ਪਾਈਆ। ਨਾ ਕੋਈ ਖਿਚੇ ਕੱਢੇ ਬਾਹਰ, ਹੱਥ ਕਿਸੇ ਨਾ ਆਈਆ। ਚਾਰੋਂ ਕੁੰਟ ਫਿਰਨ ਦੁਖਿਆਰ, ਅਠਸਠ ਬੈਠੇ ਫੇਰਾ ਪਾਈਆ। ਮੰਦਰ ਮਸਜਦ ਗੁਰਦਵਾਰ ਕਰ ਪੁਕਾਰ, ਆਪਣਾ ਦੁੱਖ ਰਹੇ ਸੁਣਾਈਆ। ਡੂੰਘੀ ਨਸਤਰ ਕੋਈ ਨਾ ਦੇਵੇ ਮਾਰ, ਜਰਾਮ ਦਿਸ ਕੋਇ ਨਾ ਆਈਆ। ਹਾਏ ਹਾਏ ਕਰੇ ਸਰਬ ਸੰਸਾਰ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਗਠੜੀ ਹੰਕਾਰੀ ਸੂਲ ਇਕ ਲਗਾਈਆ। ਹੰਕਾਰੀ ਸੂਲ ਤਿਖਾ ਮੁਖ, ਮਨਮੁਖਾਂ ਰਹੀ ਜਲਾਈਆ। ਅੱਠੇ ਪਹਿਰ ਧੂੰਆਂ ਰਿਹਾ ਧੁਖ, ਦਰਦੀ ਦਰਦ ਨਾ ਕੋਇ ਮਿਟਾਈਆ। ਚਾਰੇ ਕੁੰਟ ਵੇਖਣ ਉਠ ਉਠ, ਕੌਣ ਹੋਏ ਆਣ ਸਹਾਈਆ। ਖਾਣਾ ਪੀਣਾ ਗਿਆ ਛੁੱਟ, ਚਿੰਤਾ ਸੋਗ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਕਾਇਆ ਗਠੜੀ ਵੇਖਣਹਾਰਾ, ਏਕਾ ਰੰਗ ਸਮਾਇੰਦਾ। ਜੁਗਾ ਜੁਗੰਤਰ ਹੋ ਉਜਿਆਰਾ, ਲੋਕਮਾਤ ਵੇਸ ਵਟਾਇੰਦਾ। ਭਗਤਨ ਮੇਲਾ ਵਿਚ ਸੰਸਾਰਾ, ਜੰਗਲ ਜੂਹ ਉਜਾੜ ਪਹਾੜਾ ਫੋਲ ਫੋਲਾਇੰਦਾ। ਨਾਮ ਦੇਵੇ ਇਕ ਸਹਾਰਾ, ਸਾਚਾ ਬਸਤਰ ਤਨ ਛੁਹਾਇੰਦਾ। ਕੰਡਾ ਚੁੱਭੇ ਨਾ ਵਿਚ ਸੰਸਾਰਾ, ਜਗਤ ਦੁੱਖ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਕੱਢੇ ਕੰਡਾ ਵਖਾਏ ਕੰਢਾ, ਕੰਢੀ ਆਪਣਾ ਡੇਰਾ ਲਾਈਆ। ਤ੍ਰੈਭਵਣ ਧਨੀ ਵੰਡਾਏ ਵੰਡਾ, ਤ੍ਰੈ ਤ੍ਰੈ ਦੇਸਾ ਵੇਖ ਵਖਾਈਆ। ਖੋਜ ਖੋਜਾਏ ਬ੍ਰਹਮ ਬ੍ਰਹਿਮੰਡਾ, ਪਾਰਬ੍ਰਹਮ ਬੇਪਰਵਾਹੀਆ। ਭੇਵ ਚੁਕਾਏ ਜੇਰਜ ਅੰਡਾ, ਉਤਭੁਜ ਸੇਤਜ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਕੰਢਾ ਦਏ ਵਖਾਈਆ। ਸਾਚਾ ਕੰਢਾ ਹਰਿ ਕਿਨਾਰਾ, ਕੰਢੀ ਪੱਤਣ ਆਪਣਾ ਲਾਇੰਦਾ। ਪੁਰਖ ਅਗੰਮੜਾ ਹੋ ਉਜਿਆਰਾ, ਅਗੰਮੜੀ ਧਾਰ ਚਲਾਇੰਦਾ। ਲੱਖ ਚੁਰਾਸੀ ਪਾਵੇ ਸਾਰਾ, ਜੀਵਾਂ ਜੰਤਾਂ ਵੇਖ ਵਖਾਇੰਦਾ। ਹਰਿਜਨ ਵਿਰਲਾ ਕਰ ਪਿਆਰਾ, ਆਪ ਆਪਣਾ ਮੇਲ ਮਿਲਾਇੰਦਾ। ਦੀਨਾਂ ਅਨਾਥਾਂ ਦਏ ਸਹਾਰਾ, ਦੀਨਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਿਨਾਰਾ ਆਪ ਸੁਹਾਇੰਦਾ। ਸਚ ਕਿਨਾਰਾ ਅੰਤਮ ਘਾਟ, ਸੋ ਪੁਰਖ ਨਿਰੰਜਣ ਆਪ ਬਣਾਈਆ। ਕੰਢੀ ਬੈਠਾ ਕੱਟੇ ਵਾਟ, ਦੂਰ ਦੁਰਾਡਾ ਪੰਧ ਮੁਕਾਈਆ। ਕਾਇਆ ਗਠੜੀ ਵੇਖੇ ਆਣ ਬਾਟ, ਡੂੰਘੀ ਭਵਰੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਕਾਇਆ ਗਠੜੀ ਗੰਢ ਖੋਲ੍ਹ, ਆਪਣਾ ਪਰਦਾ ਦਏ ਚੁਕਾਈਆ। ਸੂਲਾ ਸੱਥਰ ਵਖਾਏ ਕੋਲ, ਯਾਰੜਾ ਸੱਚਾ ਮਾਹੀਆ। ਉਪਰ ਸੁੱਤਾ ਰਹੇ ਅਡੋਲ, ਕੰਡਾ ਕੋਇ ਚੁਭਣ ਨਾ ਪਾਈਆ। ਏਕਾ ਨਾਮ ਸੁਣਾਏ ਬੋਲ, ਅਨਬੋਲਤ ਸ਼ਬਦ ਅਲਾਈਆ। ਕੰਡੇ ਸੰਗ ਜਾਏ ਮੌਲ, ਪੱਤ ਡਾਲ੍ਹੀ ਫੁਲ ਮਹਿਕਾਈਆ। ਗੁਰਮੁਖ ਸਾਚੇ ਰੱਖੇ ਅਡੋਲ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਕੰਡਾ ਫੁੱਲ ਏਕਾ ਘਰ, ਹਰਿ ਹਰਿ ਆਪ ਉਪਾਇੰਦਾ। ਫੁਲ ਤੋੜੇ ਮਾਲਣ ਬਣ, ਆਪਣੀ ਖਾਰੀ ਆਪ ਟਿਕਾਇੰਦਾ। ਹਾਰ ਪਰੋਏ ਫੁੱਲ ਕਹੇ ਧੰਨ, ਸਾਚੇ ਹੱਟ ਆਪ ਵਕਾਇੰਦਾ। ਛੈਲ ਛਬੀਲਾ ਹਰਿਜਨ ਪਾਏ ਗਲ ਚੜ੍ਹੇ ਚੰਨ, ਜੋਬਨ ਨੂਰ ਨਾਲ ਮਿਲਾਇੰਦਾ। ਕੰਡਾ ਕਿਸੇ ਨਾ ਆਵੇ ਕੰਮ, ਹੱਥੋ ਹੱਥ ਨਾ ਕੋਇ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਲਾਇੰਦਾ । ਕੰਡਾ ਬਣਨ ਮਨਮੁਖ ਜੀਵ, ਸਤਿਗੁਰ ਪੂਰਾ ਹੱਥ ਨਾ ਲਾਈਆ। ਗੁਰਮੁਖਾਂ ਉਤੋਂ ਰਿਹਾ ਥੇਵ, ਪਾਰਬ੍ਰਹਮ ਵਡੀ ਵਡਿਆਈਆ। ਆਪਣੀ ਹੱਥੀਂ ਵੇਚਿਆ ਮੇਵ, ਫਲ ਪਾਕੀ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਮਹਿਕਾਈਆ। ਸਾਚਾ ਫੁਲ ਹਰਿਜਨ ਮੀਤ, ਘਰ ਪੰਖੜੀਆਂ ਆਪ ਖੁਲ੍ਹਾਈਆ। ਹੋ ਹੋ ਭਵਰਾ ਗਾਏ ਗੀਤ, ਵਾਸਨਾ ਸੁਗੰਧ ਵਿਚ ਮਿਲਾਈਆ। ਗੁਰਸਿਖ ਫੁੱਲ ਬੈਠਾ ਰਹੇ ਅਤੀਤ, ਘਰ ਆਪਣੇ ਸੋਭਾ ਪਾਈਆ। ਗੁਰ ਸਤਿਗੁਰ ਨਿਭਾਵਣ ਆਏ ਆਪਣੀ ਪ੍ਰੀਤ, ਕਲਜੁਗ ਕਾਲਾ ਭੌਰਾ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਫੁਲ ਲਏ ਮਹਿਕਾਈਆ। ਕਲਜੁਗ ਕੰਡਾ ਲੱਗਾ ਟਾਹਣੀ, ਪੱਤ ਡਾਲ੍ਹੀ ਮੁਖ ਛੁਪਾਇਆ। ਕੋਇ ਨਾ ਮਿਲਿਆ ਸਾਚਾ ਹਾਣੀ, ਸਾਚਾ ਸੰਗ ਨਾ ਕੋਇ ਰਖਾਇਆ। ਨਾ ਜੋਬਨ ਨਾ ਕੋਇ ਜਵਾਨੀ, ਸਾਚੇ ਦਰ ਨਾ ਕੋਇ ਬਹਾਇਆ। ਕੋਈ ਹੱਥ ਨਾ ਲਾਏ ਰਾਜਾ ਰਾਣੀ, ਦੂਰ ਦੁਰਾਡਾ ਦਏ ਦੁਰਕਾਇਆ। ਉਪਰ ਛਿੜਕੇ ਨਾ ਕੋਈ ਪਾਣੀ, ਸੀਤਲ ਧਾਰ ਨਾ ਕੋਇ ਵਹਾਇਆ। ਕਲਜੁਗ ਅੰਤਮ ਰੋਵੇ ਕਰੇ ਪਛੋਤਾਨੀ, ਨੇਤਰ ਨੈਣਾਂ ਨੀਰ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨਮੁਖਾਂ ਦਏ ਆਪ ਸਜ਼ਾਇਆ। ਮਨਮੁਖ ਕੰਡਾ ਮਨਮੁਖ ਰਿਹਾ ਚੁਭ, ਕਲਜੁਗ ਆਪਣੀ ਖੇਲ ਖਿਲਾਈਆ। ਅੰਦਰੇ ਅੰਦਰ ਰਿਹਾ ਖੁਭ, ਰੋ ਰੋ ਹਾਲ ਸੁਣਾਈਆ। ਮੇਰੀ ਕੋਈ ਨਾ ਲਵੇ ਸੁਧ, ਨਾ ਹੋਏ ਕੋਇ ਸਹਾਈਆ। ਮੇਰੀ ਮਾਰੀ ਗਈ ਬੁੱਧ, ਏਕਾ ਭੁਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪੇ ਪਾਈਆ। ਕਲਜੁਗ ਕੰਡਾ ਤਿਖੀ ਧਾਰ, ਜੀਵਾਂ ਜੰਤਾਂ ਰਿਹਾ ਸਤਾਈਆ। ਰਾਹ ਖੇੜੇ ਜਾਂਦਿਆਂ ਮਾਰੇ ਮਾਰ, ਰਾਤੀ ਸੁੱਤਿਆਂ ਦਏ ਜਗਾਈਆ। ਕੋਈ ਨਾ ਸਕੇ ਸੁਰਤ ਸੰਭਾਲ, ਮਨ ਮਤ ਬੈਠੀ ਪਰਦਾ ਪਾਈਆ। ਫਲ ਫੁਲਵਾੜੀ ਨਾ ਦਿਸੇ ਡਾਲ, ਕੰਡਾ ਖ਼ਾਰ ਸੀਸ ਉਠਾਈਆ। ਕਾਇਆ ਗਠੜੀ ਨਾ ਸਕੇ ਕੋਇ ਸੰਭਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨਮੁਖਾਂ ਦਏ ਸਜ਼ਾਈਆ। ਗੁਰਮੁਖ ਸਾਚਾ ਅਨਮੁਲੜਾ ਫੁੱਲ, ਪੁਰਖ ਅਬਿਨਾਸ਼ੀ ਆਪਣੇ ਹੱਥ ਰਖਾਈਆ। ਬਣ ਬਣ ਮਾਲਨ ਪਾਵੇ ਮੁੱਲ, ਅਮੁਲ ਵਡੀ ਵਡਿਆਈਆ। ਸਾਚੇ ਕੰਡੇ ਤੋਲੇ ਤੋਲ, ਤੋਲਾ ਬਣੇ ਸੱਚਾ ਸ਼ਹਿਨਸ਼ਾਹੀਆ। ਆਪਣੇ ਹੱਥ ਰਖਾਏ ਅਡੋਲ, ਡੋਲ ਕਦੇ ਨਾ ਜਾਈਆ। ਸਦਾ ਸਦਾ ਸਦ ਰੱਖੇ ਕੋਲ, ਆਪ ਆਪਣਾ ਰੰਗ ਚੜ੍ਹਾਈਆ। ਵਾਸਨਾ ਅੰਦਰ ਸੁਗੰਧੀ ਜਾਏ ਮੌਲ, ਸੁਗੰਧ ਵਾਸਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਧਰਿਆ ਸਾਚਾ ਕਵਲ, ਅੰਮ੍ਰਿਤ ਮੇਘ ਆਪ ਬਰਸਾਈਆ। ਅੰਮ੍ਰਿਤ ਮੇਘ ਬਰਸੇ ਬਰਖਾ, ਮੇਘ ਮੇਘਲਾ ਖੇਲ ਖਿਲਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖਾ, ਚਿੰਤਾ ਦੁੱਖ ਨਾ ਕੋਇ ਜਣਾਇੰਦਾ। ਏਕਾ ਦੇਵੇ ਦਰਸੀ ਦਰਸਾ, ਦੇ ਦਰਸ ਦਰਦ ਮਿਟਾਇੰਦਾ। ਸੰਸਾਰੀ ਮੇਟੇ ਹਿਰਸ ਹਿਰਸਾ, ਹਵਸ ਹੋਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਫੁੱਲ ਮਹਿਕਾਇੰਦਾ। ਹਰਿਜਨ ਸਾਚਾ ਫੁੱਲ ਮਾਣਕ ਮੋਤੀ, ਘਰ ਸਾਚੇ ਆਪ ਟਿਕਾਈਆ। ਜਗਦੀ ਰਹੇ ਨਿਰਮਲ ਜੋਤੀ, ਜੋਤ ਨੂਰ ਰੁਸ਼ਨਾਈਆ। ਮਿਲੇ ਮੇਲ ਇਕ ਇਕਲੋਤੀ, ਇਕ ਇਕੱਲਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਅੰਗ ਲਗਾਈਆ। ਹਰਿਜਨ ਫੁੱਲ ਫੂਲਣਹਾਰ, ਇਕ ਇਕ ਮੇਲ ਮਿਲਾਇਆ। ਹਰਿ ਮੰਦਰ ਕਰੇ ਸਚ ਸ਼ੰਗਾਰ, ਦਰ ਸਾਚੇ ਭੇਟ ਚੜ੍ਹਾਇਆ। ਵਾਸਨਾ ਸੁਗੰਧ ਆਏ ਏਕਾ ਵਾਰ, ਵਾਸਨਾ ਵਾਸਨਾ ਵਿਚ ਸਮਾਇਆ। ਮੁਕੇ ਪੰਧ ਸਰਬ ਸੰਸਾਰ, ਦਰ ਘਰ ਸਾਚੇ ਆਸਣ ਲਾਇਆ। ਨਾ ਕੋਈ ਪੱਤ ਨਾ ਕੋਈ ਡਾਲ੍ਹ, ਨਾ ਕੋਈ ਕੰਡਾ ਸਾਥ ਰਖਾਇਆ। ਪੁਰਖ ਅਬਿਨਾਸ਼ੀ ਹੋ ਦਿਆਲ, ਆਪਣੀ ਖਾਰੀ ਆਪੇ ਪਾਇਆ। ਸਚਖੰਡ ਦਵਾਰ ਰੱਖੇ ਸੰਭਾਲ, ਕਾਇਆ ਗਠੜੀ ਪਰੇ ਸੁਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਆਪਣੇ ਘਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਾਲ ਲਾਲਾਂ ਵਿਚ ਰਖਾਇਆ।