Granth 10 Likhat 109: 15 Jeth 2018 Bikarmi Bibi Gurdaee de Ghar Dhangali Jammu

੧੫ ਜੇਠ ੨੦੧੮ ਬਿਕ੍ਰਮੀ ਬੀਬੀ ਗੁਰਦਈ ਦੇ ਘਰ ਧੰਗਾਲੀ ਜੰਮੂ

ਸਚਖੰਡ ਦਵਾਰਾ ਹਰਿ ਹਰਿ ਖ਼ਾਲਕ, ਘਰ ਸਾਚਾ ਸਚ ਸੁਹਾਇੰਦਾ। ਨੂਰੀ ਨੂਰ ਬਣ ਬਣ ਪਾਲਕ, ਪ੍ਰਿਤਪਾਲਕ ਵੇਖ ਵਖਾਇੰਦਾ। ਮੁਰਸ਼ਦ ਮੁਰੀਦ ਵੇਖੇ ਬਾਲਕ, ਆਪਣਾ ਪਰਦਾ ਆਪ ਉਠਾਇੰਦਾ। ਨਿਰਗੁਣ ਸਰਗੁਣ ਬਣ ਬਣ ਸਾਲਸ, ਲੋਕਮਾਤ ਸਤਿ ਕਮਾਇੰਦਾ। ਪੀਰ ਪੈਗ਼ੰਬਰ ਲਾਏ ਆਲਸ, ਸਚ ਸਵੰਬਰ ਆਪ ਰਚਾਇੰਦਾ। ਜਗਤ ਮਿਟਾਏ ਝੂਠੀ ਨਾਲਸ਼, ਨਾਅਰਾ ਹੱਕ ਇਕ ਲਗਾਇੰਦਾ। ਜੀਵ ਬਣਾਏ ਜਨ ਖ਼ਾਲਸ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਵੇਖ ਵਖਾਇੰਦਾ। ਖ਼ਾਲਕ ਖ਼ਲਕ ਰੂਪ ਭਗਵਾਨ, ਮਖਲੂਕ ਆਪਣੀ ਬਣਤ ਬਣਾਈਆ। ਸ਼ਾਹ ਪਾਤਸ਼ਾਹ ਰਹੀਮ ਰਹਿਮਾਨ, ਰਹਿਮਤ ਆਪਣੀ ਸੇਵ ਕਮਾਈਆ। ਸਾਬਰ ਸਿਦਕ ਸਬਰ ਈਮਾਨ, ਸੋਭਤ ਹਰਿ ਹਰਿ ਵਡ ਵਡਿਆਈਆ। ਕ਼ੁਦਰਤ ਕ਼ਾਦਰ ਕਰਤਾ ਵੇਖ ਨਿਸ਼ਾਨ, ਜਗਤ ਨਿਸ਼ਾਨਾ ਆਪ ਝੁਲਾਈਆ। ਸ਼ਬਦ ਅਗੰਮੀ ਧੁਰ ਪੈਗ਼ਾਮ, ਅਲਾਹੀ ਕਲਾਮ ਆਪ ਸੁਣਾਈਆ। ਆਬੇ ਹਯਾਤ ਮਦਿ ਪਿਆਲਾ ਜਾਮ, ਕਾਇਆ ਕਾਅਬਾ ਆਪ ਪਿਆਈਆ। ਨਗਰ ਖੇੜਾ ਵੇਖ ਗਰਾਮ, ਗਿਰਹਾ ਆਪਣੀ ਫੋਲ ਫੋਲਾਈਆ। ਪੰਜ ਤੱਤ ਕਾਇਆ ਵੇਖੇ ਨਜਾਮ, ਨਜਮੋ ਨਸਕ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਹਰਿ ਤੌਫੀਕ, ਖ਼ਾਲਕ ਆਪਣਾ ਬਲ ਰਖਾਇੰਦਾ। ਮੁਰਸ਼ਦ ਮੁਰੀਦ ਬਣ ਰਫ਼ੀਕ਼, ਸਗਲਾ ਸੰਗ ਨਿਭਾਇੰਦਾ। ਆਦਿ ਜੁਗਾਦਿ ਲਾਸ਼ਰੀਕ, ਵਾਹਵਾ ਆਪਣਾ ਨਾਉਂ ਧਰਾਇੰਦਾ। ਪੀਰ ਪੈਗ਼ੰਬਰ ਰੱਖ ਉਡੀਕ, ਨੇਤਰ ਨੈਣ ਸਰਬ ਤਰਸਾਇੰਦਾ। ਆਪਣਾ ਅੱਖਰ ਲਿਖੇ ਬਾਰੀਕ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਆਪ ਚਲਾਏ ਆਪਣੀ ਰੀਤ, ਕੁਰਾ ਕਾਇਆ ਫੋਲ ਫੋਲਾਇੰਦਾ। ਕ਼ਾਦਰ ਕ਼ੁਦਰਤ ਦੱਸ ਹਦੀਸ, ਕਲਮਾ ਨਬੀ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਇੰਦਾ। ਮਹਿਬਾਨ ਬੀਦੋ ਰੰਗ ਅਪਾਰਾ, ਅਲਾਹੀ ਨੂਰ ਆਪ ਰੰਗਾਇੰਦਾ। ਬੀ ਖ਼ੈਰ ਯਾ ਅੱਲਾ ਏਕਾ ਨਾਅਰਾ, ਨੂਰ ਅਲਾਹੀ ਆਪ ਲਗਾਇੰਦਾ। ਹੱਕ ਮੁਕਾਮੇ ਹੋ ਉਜਿਆਰਾ, ਸਾਚੀ ਨੌਬਤ ਨਾਮ ਵਜਾਇੰਦਾ। ਗ਼ਫ਼ਲਤ ਲਾਹੇ ਸਰਬ ਸੰਸਾਰਾ, ਉਲਫ਼ਤ ਆਪਣੀ ਆਪ ਜਣਾਇੰਦਾ। ਸਾਚਾ ਹੁਜਰਾ ਕਰ ਤਿਆਰਾ, ਸਾਚਾ ਸਯਦਾ ਆਪ ਕਰਾਇੰਦਾ। ਸਚ ਮਹਿਰਾਬੇ ਕਰ ਪਸਾਰਾ, ਸਚ ਮਸੱਲੇ ਹੇਠ ਵਿਛਾਇੰਦਾ। ਨੂਰੀ ਅੱਲਾ ਖੇਲ ਨਿਆਰਾ, ਨਿਰਗੁਣ ਧਾਰਾ ਆਪ ਚਲਾਇੰਦਾ। ਬਿਸਮਲ ਰੂਪ ਕਰ ਪਸਾਰਾ, ਇਸਮ ਆਪਣਾ ਆਪ ਦ੍ਰਿੜਾਇੰਦਾ। ਆਜ਼ਮ ਹੋ ਸ਼ਾਹ ਸਿਕਦਾਰਾ, ਸ਼ਖ਼ਸ਼ੀਅਤ ਅਵਰ ਨਾ ਕੋਇ ਜਣਾਇੰਦਾ। ਤਅਜ਼ੀਮ ਅਜ਼ੀਮ ਕਰ ਉਜਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਭੇਵ ਚੁਕਾਏ ਪਰਵਰਦਿਗਾਰ, ਖ਼ਾਕੀ ਖ਼ਾਕ ਨਾ ਕੋਇ ਵਖਾਇੰਦਾ। ਅੱਲਾ ਹੂ ਹੂ ਬੋਲ ਜੈਕਾਰ, ਨਾਅਰਾ ਹੱਕ ਹੱਕ ਲਗਾਇੰਦਾ। ਸ਼ਾਹ ਨਵਾਬ ਬਣ ਸਿਕਦਾਰ, ਰੂਪ ਅਨੂਪ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਇੰਦਾ। ਰੰਗ ਰੰਗੀਲਾ ਸ਼ਾਹ ਨਵਾਬ, ਸ਼ਹਿਨਸ਼ਾਹ ਵਡੀ ਵਡਿਆਈਆ। ਸਾਚੇ ਤਖ਼ਤ ਬੈਠ ਜਨਾਬ, ਜ਼ੋਰ ਜ਼ਬਰ ਆਪ ਵਖਾਈਆ। ਸੀਸ ਨਵਾਇਣ ਕੋਟਨ ਕੋਟ ਮਾਹਤਾਬ, ਆਫ਼ਤਾਬ ਨੈਣ ਨਾ ਕੋਇ ਉਠਾਈਆ। ਨਿਰਗੁਣ ਵਜਾਏ ਨਿਰਗੁਣ ਰਬਾਬ, ਸਤਿ ਸਤਾਰ ਆਪ ਹਲਾਈਆ। ਆਪਣਾ ਬਣੇ ਆਪ ਅਹਿਬਾਬ, ਸੰਗਮ ਸਾਚਾ ਮੇਲ ਮਿਲਾਈਆ। ਆਪੇ ਗਾਏ ਸਦਾਏ ਬਾਂਗ, ਉਚੀ ਕੂਕ ਕੂਕ ਸੁਣਾਈਆ। ਆਪੇ ਵਰਤੇ ਆਪਣਾ ਸਵਾਂਗ, ਸਵਾਂਗੀ ਆਪਣਾ ਰੂਪ ਵਟਾਈਆ। ਆਪੇ ਰੱਖੇ ਮਿਲਣ ਦੀ ਸਾਚੀ ਤਾਂਘ, ਜੁਗ ਜੁਗ ਆਪਣਾ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਲਾਹੀ ਨੂਰ ਆਪ ਧਰਾਈਆ। ਅਲਾਹੀ ਨੂਰ ਬਿਸਮਲ ਧਾਰ, ਸੋ ਪੁਰਖ ਨਿਰੰਜਣ ਆਪ ਧਰਾਇੰਦਾ। ਇਲ ਲਿੱਲਾ ਰੂਪ ਸੱਚੀ ਸਰਕਾਰ, ਇਸ਼ਟ ਦੇਵ ਆਪ ਪਰਗਟਾਇੰਦਾ। ਐਨਲਹਕ ਬੋਲ ਜੈਕਾਰ, ਹੱਕ ਹਕ਼ੀਕ਼ਤ ਵੇਖ ਵਖਾਇੰਦਾ। ਮੰਗੇ ਦਰਸ ਇਕ ਦੀਦਾਰ, ਦੀਦ ਈਦ ਚੰਦ ਚੜ੍ਹਾਇੰਦਾ। ਬਕਰੀਦ ਨਾ ਦੱਸੇ ਕੋਇ ਵਿਹਾਰ, ਛੁਰੀ ਹੱਥ ਨਾ ਕੋਇ ਫੜਾਇੰਦਾ। ਪੀਰ ਪੈਗ਼ੰਬਰ ਕਰ ਉਜਿਆਰ, ਲੋਕਮਾਤ ਹੁਕਮ ਜਣਾਇੰਦਾ। ਜੀਵਾਂ ਜੰਤਾਂ ਦਏ ਅਧਾਰ, ਸਾਬਤ ਈਮਾਨ ਇਕ ਵਖਾਇੰਦਾ। ਸ਼ਰਅ ਸ਼ਰੀਅਤ ਹੱਕ ਪਿਆਰ, ਨਿਰਗੁਣ ਨਿਰਗੁਣ ਆਪ ਵਖਾਇੰਦਾ। ਲਾ ਹੱਕ ਖੇਲੇ ਖੇਲ ਅਗੰਮ ਅਪਾਰ, ਰੂਪ ਅਨੂਪ ਧਰਾਇੰਦਾ। ਜੁਗ ਜੁਗ ਹੁਕਮ ਦੇਵੇ ਹੁਕਮਰਾਨ, ਹਾਕਮ ਹੁਕਮ ਆਪ ਸੁਣਾਇੰਦਾ। ਲੋਕਮਾਤ ਕਰ ਪਰਧਾਨ, ਚੌਦਾਂ ਤਬਕ ਵੰਡ ਵੰਡਾਇੰਦਾ। ਚੌਦਾਂ ਸਦੀਆਂ ਦੱਸੇ ਨਿਸ਼ਾਨ, ਧਰਤ ਧਵਲ ਆਪ ਝੁਲਾਇੰਦਾ। ਏਕਾ ਹੁਕਮ ਧੁਰ ਫ਼ਰਮਾਨ, ਤੀਸ ਬਤੀਸ ਆਪ ਸੁਣਾਇੰਦਾ। ਕਲਮਾ ਕਲਾਮ ਹਦੀਸ ਕ਼ੁਰਾਨ, ਸ਼ਰਅ ਸ਼ਰਾਇਤ ਆਪ ਵਖਾਇੰਦਾ। ਅੰਤਮ ਲੇਖਾ ਮੰਗੇ ਆਣ, ਇਕ ਮੁਹੰਮਦ ਹਰਿ ਸਮਝਾਇੰਦਾ। ਚਾਰ ਯਾਰੀ ਬਣੇ ਨਾਦਾਨ, ਜਗਤ ਨਿਧਾਨਾ ਵੇਖ ਵਖਾਇੰਦਾ। ਨਿਰਗੁਣ ਆਏ ਵਿਚ ਜਹਾਨ, ਸਰਗੁਣ ਸਭ ਦਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਖ਼ੁਦ ਖ਼ੁਦਾਵੰਦ ਆਪ ਅਖਵਾਇੰਦਾ। ਖ਼ੁਦਾਵੰਦ ਖ਼ਾਲਕ ਮਖ਼ਲੂਕ ਰੰਗ, ਰੰਗ ਰੰਗੀਲਾ ਸਾਚਾ ਮਾਹੀਆ । ਮੁਕਾਮੇ ਹੱਕ ਇਕ ਪਲੰਘ, ਆਲਮੀਨ ਆਪ ਟਿਕਾਈਆ। ਉਪਰ ਬੈਠ ਸੂਰਾ ਸਰਬੰਗ, ਏਕਾ ਅਲਿਫ਼ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰ ਨੂਰ ਨੂਰ ਨੂਰ ਅਲਾਹੀਆ। ਨੂਰ ਅਲਾਹੀ ਜਲਵਾ ਜਲਾਲ, ਜਾਗਰਤ ਜੋਤ ਆਪ ਜਗਾਇੰਦਾ। ਆਪਣਾ ਉਪਜਾਏ ਆਪ ਖ਼ਿਆਲ, ਆਪਣਾ ਮਤਾ ਆਪ ਪਕਾਇੰਦਾ। ਕੌਣ ਖੇਲ ਹੱਕ ਹਲਾਲ, ਹੱਕ ਹਕ਼ੀਕ਼ਤ ਵੇਖ ਵਖਾਇੰਦਾ। ਕਵਣ ਪਾਇਆ ਮਾਇਆ ਜਾਲ, ਕਵਣ ਬੰਧਨ ਰੂਪ ਵਟਾਇੰਦਾ। ਕੌਣ ਪੁੱਠੀ ਲੁਹਾਏ ਖਾਲ, ਸ਼ਮਸ਼ ਤਬਰੇਜ਼ ਕੌਣ ਅਖਵਾਇੰਦਾ। ਕਵਣ ਮਨਸੂਰ ਸੂਲੀ ਚੜ੍ਹੇ ਹੋ ਬੇਹਾਲ, ਫ਼ਤਵਾ ਸ਼ਰੀਅਤ ਕਵਣ ਲਗਾਇੰਦਾ। ਕਵਣ ਤੱਕੇ ਨੂਰੀ ਇਕ ਜਲਾਲ, ਭੈ ਅਵਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਰਸ਼ਦ ਮੁਰੀਦ ਮੇਲ ਮਿਲਾਇੰਦਾ। ਮੁਰਸ਼ਦ ਮੁਰੀਦ ਮੇਲਾ ਸਚ ਦਰਗਾਹ, ਦਰਗਹਿ ਸਾਚੀ ਆਪ ਜਣਾਈਆ। ਖ਼ਾਲਕ ਦੇਵੇ ਸਦ ਪਨਾਹ, ਸਿਰ ਆਪਣਾ ਹੱਥ ਟਿਕਾਈਆ। ਕਰ ਕਿਰਪਾ ਬਖ਼ਸ਼ੇ ਸਰਬ ਗੁਨਾਹ, ਜੋ ਸਯਦਾ ਸੀਸ ਝੁਕਾਈਆ। ਪੰਚਮ ਰੰਗ ਦਏ ਰੰਗਾ, ਪੰਚਮ ਵੇਲਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੰਧਨ ਆਪੇ ਪਾਈਆ। ਏਕਾ ਬੰਧਨ ਜਗਤ ਨਮਾਜ਼, ਨਮਾਜ਼ੀ ਆਪਣਾ ਖੇਲ ਖਿਲਾਇੰਦਾ। ਵੁਜ਼ੂ ਕਰਾਏ ਸੁਣਾਏ ਬਾਂਗ, ਵਾਹਦ ਆਪਣਾ ਰਾਗ ਅਲਾਇੰਦਾ। ਸਵਾਂਗੀ ਵਰਤੇ ਆਪਣਾ ਸਵਾਂਗ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਹਰਿ ਸਮਰਥ, ਦੀਨ ਅਲਾਹੀ ਆਪ ਜਣਾਇੰਦਾ। ਕੰਨਾਂ ਉਪਰ ਰਖਾਏ ਹੱਥ, ਤੋਬਾ ਤੋਬਾ ਸਰਬ ਸਮਝਾਇੰਦਾ। ਫਿਰ ਸੀਸ ਝੁਕਾਏ ਨੀਵਾਂ ਕਰੇ ਮੱਥ, ਜਗਤ ਗੁਨਾਹ ਸਰਬ ਬਖ਼ਸ਼ਾਇੰਦਾ। ਡੌਲਿਆਂ ਉਪਰ ਰੱਖੇ ਹੱਥ, ਮਾਣ ਅਭਿਮਾਨ ਨਾ ਕੋਇ ਜਣਾਇੰਦਾ। ਗੋਡਿਆਂ ਉਪਰ ਜਾਏ ਢੱਠ, ਕੀਤੀ ਭੁਲ ਬਖ਼ਸ਼ਾਇੰਦਾ। ਧਰਤੀ ਖ਼ਾਕ ਰੱਖੇ ਨੱਕ, ਲੋਕਲਾਜ ਸਰਬ ਗਵਾਇੰਦਾ। ਹਉਂ ਬੰਦਾ ਤੇਰਾ ਪਾਕੀ ਪਾਕ, ਖ਼ਾਕੀ ਖ਼ਾਕ ਡੇਰਾ ਢਾਹਿੰਦਾ। ਬਣ ਸਾਚਾ ਸੱਜਣ ਸਾਕ, ਤੇਰਾ ਨਾਤਾ ਮੋਹਿ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸ਼ਰੀਅਤ ਇਕ ਜਣਾਇੰਦਾ। ਸਚ ਸ਼ਰੀਅਤ ਸਚ ਨਿਮਾਜ਼, ਨਿਵਨ ਸੋ ਅੱਖਰ ਆਪ ਜਣਾਈਆ। ਮਿਲੇ ਮੇਲ ਗ਼ਰੀਬ ਨਵਾਜ਼, ਗ਼ਰੀਬ ਨਿਮਾਣੀ ਗਲੇ ਲਗਾਈਆ। ਕੂੜ ਕੁੜਿਆਰਾ ਧੋਵੇ ਦਾਗ਼, ਮਾਟੀ ਲੋਟਾ ਦਏ ਗਵਾਹੀਆ। ਵਿਚ ਰਖਾਇਆ ਏਕਾ ਆਬ, ਜੂਠੀ ਝੂਠੀ ਮੈਲ ਮਿਟਾਈਆ। ਨੇਤਰ ਮੇਟ ਅੰਤਰ ਮੰਗੇ ਆਬੇਹਯਾਤ, ਨਾਭ ਕਵਲ ਧਿਆਨ ਲਗਾਈਆ। ਸੁਨ ਸਮਾਧ ਸੁਣਾਏ ਬਾਂਗ, ਹੁਜਰੇ ਬਹਿ ਬਹਿ ਸਾਚਾ ਮਾਹੀਆ। ਦਿਵਸ ਰੈਣ ਰਹੇ ਯਾਦ, ਭੁਲ ਕਦੇ ਨਾ ਜਾਈਆ। ਸੋਵਤ ਜਾਗਤ ਸੁਣ ਫ਼ਰਯਾਦ, ਆਲਸ ਨਿੰਦਰਾ ਹੋਏ ਸਹਾਈਆ। ਏਕਾ ਦੇਵੇ ਸਾਚੀ ਦਾਦ, ਸਚ ਕਲਾਮ ਬੇਪਰਵਾਹੀਆ। ਜਗਤ ਜਹਾਨਾ ਛੁੱਟੇ ਸਾਕ, ਸਾਕਤ ਕੋਇ ਨਜ਼ਰ ਨਾ ਆਈਆ। ਮੁਰਸ਼ਦ ਹੋਏ ਪਾਕੀ ਪਾਕ, ਮੁਰੀਦ ਦੀਦ ਈਦ ਚੰਦ ਰੁਸ਼ਨਾਈਆ। ਜਮਾਲ ਬਾਤਨੀ ਮਾਰੇ ਝਾਕ, ਜਲਵਾ ਨੂਰ ਨੂਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰਨ ਪੀਰ ਆਪ ਹੋ ਜਾਈਆ। ਪੀਰਨ ਪੀਰਾ ਬੇਪਰਵਾਹ, ਬੇਐਬ ਨਾਮ ਖ਼ੁਦਾਇਆ। ਮੁਰਸ਼ਦ ਵੇਖੇ ਥਾਉਂ ਥਾਂ, ਮੱਕਾ ਕਾਅਬਾ ਕਾਇਆ ਕ਼ੁਦਰਤ ਵੇਖ ਵਖਾਇਆ। ਜਿਸ ਜਨ ਜਣਾਏ ਆਪਣਾ ਨਾਂ, ਘਰ ਘਰ ਮੇਲਾ ਲਏ ਮਿਲਾਇਆ। ਵਰਨ ਬਰਨ ਕੋਈ ਜਾਣੇ ਨਾ, ਮੁਸਲਿਮ ਹਿੰਦੂ ਸਿਖ ਈਸਾਈ ਏਕਾ ਘਰ ਬਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦਿ ਜੁਗਾਦਿ ਸਦਾ ਮਿਹਰਬਾਨ, ਮਹਿਬਾਨ ਆਪਣਾ ਰੂਪ ਧਰਾਇਆ। ਦਰਗਹਿ ਸਾਚੀ ਝੁਲਾਏ ਸਚ ਨਿਸ਼ਾਨ ਲੋਕਮਾਤ ਕਰੇ ਆਪ ਨਿਆਂ, ਜੁਗ ਚੌਕੜੀ ਵੇਖ ਵਖਾਇਆ। ਕੋਈ ਰਹਿਣ ਨਾ ਦੇੇਵੇ ਜੋ ਖਾਏ ਸੂਰ ਗਾਂ, ਏਕਾ ਖੰਡਾ ਨਾਮ ਚਮਕਾਇਆ। ਸਰਬ ਜੀਆਂ ਦਾ ਪਿਤਾ ਹਰਿ ਹਰਿ ਮਾਂ, ਲੱਖ ਚੁਰਾਸੀ ਜੀਵ ਜੰਤ ਪੂਤ ਸਪੂਤ ਆਪ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਖ਼ਾਲਕ ਖ਼ਲਕ ਕਰੇ ਸਫ਼ਾਇਆ। ਰਾਮ ਨਾਮ ਸਚ ਫੁਲਵਾੜੀ, ਲੋਕਮਾਤ ਉਪਾਈਆ। ਹਰਿਜਨ ਰੱਖੀ ਇਕ ਕਿਆਰੀ, ਲੱਖ ਚੁਰਾਸੀ ਪਤਝੜ ਰਿਹਾ ਵਖਾਈਆ। ਮਿਲੇ ਮੇਲ ਜੋਤ ਨਿਰੰਕਾਰੀ, ਜੋਤੀ ਜੋਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫਲ ਫੁੱਲ ਵੇਖ ਵਖਾਈਆ। ਫਲ ਫੁੱਲ ਲੱਗੇ ਡਾਲ੍ਹ, ਪਤ ਡਾਲ੍ਹੀ ਆਪ ਸੁਹਾਇੰਦਾ। ਸਚ ਬਾਗ਼ੀਚਾ ਸਚਖੰਡ ਸੱਚੀ ਧਰਮਸਾਲ, ਘਰ ਸਾਚੇ ਆਪ ਲਗਾਇੰਦਾ। ਅੰਮ੍ਰਿਤ ਰਸ ਦਏ ਪਿਆਲ, ਰਸ ਰਸੀਆ ਮੁਖ ਚੁਆਇੰਦਾ। ਸੁਣੇ ਮੁਰੀਦਾਂ ਆਪੇ ਹਾਲ, ਹਾਲ ਮੁਰੀਦਾਂ ਆਪੇ ਗਾਇੰਦਾ। ਕਰੇ ਖੇਲ ਮਹਾਕਾਲ, ਡੌਰੂ ਮਰਦੰਗ ਨਾਮ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਫੁਲਵਾੜੀ ਆਪ ਮਹਿਕਾਇੰਦਾ। ਜਨ ਫੁਲਵਾੜੀ ਰਹੀ ਮਹਿਕ, ਕਲੀ ਕਲੀ ਆਪ ਮਹਿਕਾਈਆ। ਕੰਡਿਆਂ ਅੰਦਰ ਰਹੀ ਟਹਿਕ, ਰੂਪ ਰੰਗ ਰਹੀ ਵਖਾਈਆ। ਲੱਖ ਚੁਰਾਸੀ ਰਹੀ ਸਹਿਕ, ਸਿਰ ਦਿਸੇ ਨਾ ਕੋਇ ਸਹਾਈਆ। ਪੁਰਖ ਅਬਿਨਾਸ਼ੀ ਸਾਚਾ ਨਾਇਕ, ਨਰ ਨਰਾਇਣ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਖੜੀਆਂ ਵੇਖੇ ਥਾਉਂ ਥਾਈਂਆ। ਪੰਖੜੀਆਂ ਲਾਈ ਬਹਾਰ, ਰੁੱਤ ਰੁੱਤੜੀ ਮਾਤ ਸੁਹਾਈਆ। ਗੁਰਮੁਖ ਵਿਰਲਾ ਵਿਰਲਾ ਦਿਸੇ ਵਿਚ ਸੰਸਾਰ, ਲੱਖ ਚੁਰਾਸੀ ਜੀਵ ਜੰਤ ਕੋਟਨ ਕੋਟ ਰੂਪ ਧਰਾਈਆ। ਬਿਨ ਸਤਿਗੁਰ ਉਤਰੇ ਨਾ ਕੋਇ ਪਾਰ, ਮੰਝਧਾਰ ਬੇੜਾ ਰਿਹਾ ਰੁੜ੍ਹਾਈਆ। ਰਸਨਾ ਖਾ ਖਾ ਥੱਕੀ ਮੁਰਦਾਰ, ਮੁਰਦਾ ਸਭ ਨੂੰ ਦਏ ਕਰਾਈਆ। ਜੇਹਵਾ ਲਕ ਲਕ ਹੋਏ ਹਲਕਾਰ, ਹਲਕ ਸਭ ਦਾ ਦਏ ਸੁਕਾਈਆ। ਜੂਠ ਝੂਠ ਉਚੀ ਕੂਕ ਕੂਕ ਕਰੇ ਪੁਕਾਰ, ਜੂਠੇ ਝੂਠੇ ਭਾਂਡੇ ਭੰਨ ਵਖਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਰਿਹਾ ਲਲਕਾਰ, ਕਾਮੀ ਕਰੋਧੀ ਕੁਸ਼ਟੀ ਕੋਇ ਰਹਿਣ ਨਾ ਪਾਈਆ। ਅਚਰਜ ਖੇਲ ਕੀਆ ਕਰਤਾਰ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਜਿਸ ਮਸਤਕ ਤਿਸ ਲਿਆ ਭਾਲ, ਭਾਗ ਆਪਣੀ ਵੰਡ ਵੰਡਾਈਆ। ਜਗ ਜੀਵਣ ਦਾਤਾ ਚੁਕਾਏ ਭੈ ਕਾਲ, ਭੌ ਅਵਰ ਨਾ ਕੋਇ ਵਖਾਈਆ। ਏਕਾ ਨਾਮ ਦੇਵੇ ਸੱਚਾ ਧਨ ਮਾਲ, ਸਾਚੇ ਮੰਦਰ ਆਪ ਟਿਕਾਈਆ। ਸੋਹੰ ਸ਼ਬਦ ਸ਼ਾਹ ਕਰੇ ਕੰਗਾਲ, ਕੰਗਾਲੋਂ ਸ਼ਾਹ ਆਪ ਬਣਾਈਆ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਚਰਨ ਪ੍ਰੀਤੀ ਨਿਭੇ ਨਾਲ, ਜੋ ਜਨ ਚਰਨ ਧਿਆਨ ਲਗਾਈਆ। ਆਪ ਉਠਾਏ ਆਪਣੇ ਬਾਲ ਅਞਾਣ, ਬਿਰਧ ਬਾਲ ਜਵਾਨ ਏਕਾ ਰੂਪ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆ ਘਰ ਦੇਵੇ ਮਾਣ, ਘਰ ਘਰ ਵਿਚ ਹੋਏ ਸਹਾਈਆ।