Granth 10 Likhat 107: 14 Jeth 2018 Bikarmi Mela Ram de Ghar Dhangali Jammu

੧੪ ਜੇਠ ੨੦੧੮ ਬਿਕ੍ਰਮੀ ਮੇਲਾ ਰਾਮ ਦੇ ਘਰ ਧੰਗਾਲੀ ਜੰਮੂ

ਤਾਰਾ ਸਿੰਘ ਦਾ ਘੋੜਾ ਹਿਨਕੇ ਮੰਗੇ ਦਾਣਾ, ਸ਼ੋਰ ਰਿਹਾ ਮਚਾਈਆ। ਪਹਿਲੋਂ ਖਾਵਾਂ ਰਾਜਾ ਰਾਣਾ, ਸ਼ਾਹ ਸੁਲਤਾਨਾਂ ਦਿਆਂ ਖਪਾਈਆ। ਫੇਰ ਢਾਵਾਂ ਉਚ ਮਕਾਨਾ, ਉਚਾ ਟਿੱਲਾ ਕੋਇ ਰਹਿਣ ਨਾ ਪਾਈਆ। ਫਿਰ ਮਿਟਾਵਾਂ ਝੂਠਾ ਗਾਣਾ, ਧੀਆਂ ਭੈਣਾਂ ਜੋ ਨਾਚ ਰਹੇ ਕਰਾਈਆ। ਫਿਰ ਮਿਟਾਵਾਂ ਪੀਣਾ ਖਾਣਾ, ਮਦਿਰਾ ਮਾਸ ਜੋ ਜਨ ਰਸਨ ਰਹੇ ਲਗਾਈਆ। ਫੇਰ ਵਰਤਾ ਆਪਣਾ ਭਾਣਾ, ਹੋਣੀ ਨਾਰ ਪੁਰਖ ਅਬਿਨਾਸ਼ੀ ਅੱਗੇ ਸੀਸ ਝੁਕਾਈਆ। ਤੂੰ ਸ਼ਾਹ ਪਾਤਸ਼ਾਹ ਸੱਚਾ ਸੁਲਤਾਨਾ, ਤੇਰੇ ਚਲਾਂ ਹੁਕਮ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਰਖਾਈਆ। ਸਾਚੀ ਸੇਵਾ ਮੇਰੀ ਰੱਖ, ਗੁਰਸਿਖ ਅਸਵ ਮੰਗ ਮੰਗਾਇੰਦਾ। ਗੁਰਮੁਖ ਆਪਣੇ ਲੋਕਮਾਤ ਕਰ ਪਰਤੱਖ, ਮੈਂ ਘਰ ਘਰ ਵੇਖ ਵਖਾਇੰਦਾ। ਮੇਰਾ ਆਸਣ ਰਹੇ ਨਾ ਸਖ, ਗੁਰਸਿਖ ਸਾਚੇ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਗ ਮੰਗਾਇੰਦਾ। ਏਕਾ ਮੰਗ ਮੰਗੇ ਘੋੜਾ, ਹਰਿ ਹਰਿ ਅੱਗੇ ਸੀਸ ਝੁਕਾਈਆ। ਗੁਰਸਿਖ ਮਿਲੇ ਮੇਲ ਮੇਰਾ ਜੋੜਾ, ਲੋਕਮਾਤ ਵੱਜੇ ਵਧਾਈਆ। ਮੈਂ ਚਾਈਂ ਚਾਈਂ ਆਵਾਂ ਦੌੜਾ, ਤੇਰਾ ਚਰਨ ਰਾਹ ਤਕਾਈਆ। ਵੇਖੀਂ ਦਰ ਕਰੀਂ ਨਾ ਸੌੜਾ, ਭੁਲ ਕਦੇ ਨਾ ਜਾਈਆ। ਮੈਂ ਅੱਖੀਂ ਵੇਖ ਕੇ ਚਲਿਆ ਤੇਰੇ ਸੱਸੇ ਉਪਰ ਹੋੜਾ, ਸੱਸਾ ਤੇਰਾ ਕਿਲਾ ਨਿਰਗੁਣ ਸਰਗੁਣ ਵਿਚ ਬਹਾਈਆ। ਹੰ ਬ੍ਰਹਮ ਲਗਾਇਆ ਪੌੜਾ, ਪਹਿਲਾ ਪੌੜਾ ਦਵਾਂ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸ ਪੂਰ ਕਰਾਈਆ। ਸਤਿਗੁਰ ਪੂਰਾ ਦੀਨ ਦਿਆਲ, ਦਇਆਵਾਨ ਦਇਆ ਕਮਾਇੰਦਾ। ਉਠ ਜਾ ਵੇਖ ਮੇਰੇ ਗੁਰਸਿਖ ਲਾਲ, ਲੋਕਮਾਤ ਰਾਹ ਦਸਾਇੰਦਾ। ਜੁਗ ਜੁਗ ਬੈਠੇ ਬਣ ਕੰਗਾਲ, ਝੂਠਾ ਧਨ ਨਾ ਕੋਇ ਰਖਾਇੰਦਾ। ਮੈਂ ਸੌਦਾ ਕਰਾਂ ਬਣ ਦਲਾਲ, ਰਸੀਦ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਰ ਸਮਝਾਇੰਦਾ। ਅਸਵ ਘੋੜਾ ਕਰੇ ਨਿਮਸਕਾਰ ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਆਪਣੇ ਪ੍ਰੇਮ ਮੈਨੂੰ ਸ਼ੰਗਾਰ, ਦੇ ਸੱਚਾ ਏਕਾ ਦਾਨ। ਮੈਂ ਜਾਵਾਂ ਵਿਚ ਸੰਸਾਰ, ਗੁਰਮੁਖ ਵੇਖਾਂ ਨੌਜਵਾਨ। ਸਿੰਘ ਤਾਰਾ ਰਿਹਾ ਪੁਕਾਰ, ਅੱਠੇ ਪਹਿਰ ਵੇਖੇ ਮਾਰ ਧਿਆਨ। ਮੈਂ ਫੜ ਕਰਾਂ ਅਸਵਾਰ, ਆਪਣੇ ਉਪਰ ਚੁੱਕਾ ਭਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰਸਿਖ ਬਖ਼ਸ਼ਣਾ ਸ਼ਾਹ ਅਸਵਾਰ। ਹਰਿ ਘੌੜਾ ਨੌਜਵਾਨ ਅੱਗੇ ਆਏ ਖੜ, ਸੋਲਾਂ ਕਲੀਆਂ ਆਸਣ ਪਾਈਆ। ਸਿੰਘ ਤਾਰਾ ਬਿਰਧ ਅਵਸਥਾ ਵੇਖ ਨਾ ਜਾਏ ਡਰ, ਆਪਣਾ ਮੁਖ ਲਏ ਭਵਾਈਆ। ਮੈਂ ਨਿਉਂ ਨਿਉਂ ਨਿਉਂ ਅੱਗੇ ਕਰਾਂ ਆਪਣਾ ਧੜ, ਚਰਨ ਧੂੜ ਮਸਤਕ ਟਿੱਕਾ ਲਾਈਆ। ਮੇਰਾ ਕੋਈ ਨਾ ਫਰਕੇ ਫਰ, ਸੀਲ ਸੰਤੋਖ ਇਕ ਜਣਾਈਆ। ਤੂੰ ਕਰ ਕਿਰਪਾ ਦਿਤਾ ਧਰ, ਮੈਂ ਆਵਾਂ ਵਾਹੋ ਦਾਹੀਆ। ਤੇਰਾ ਪੁਚਾਵਾਂ ਤੇਰੇ ਘਰ, ਤੇਰਾ ਤੇਰੀ ਸੇਵ ਕਮਾਈਆ। ਹੋਏ ਸੁਭਾਗ ਮਿਲੇ ਹਰਿ ਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘੋੜੇ ਉਪਰ ਆਪ ਚੜ੍ਹਾਈਆ। ਮਾਰੇ ਪੌੜ ਖੋਪਰੀ ਲੱਥੇ, ਦੂਈ ਦਵੈਤੀ ਦਏ ਮਿਟਾਈਆ। ਕਰੇ ਪਰਕਾਸ਼ ਜਗਤ ਰਥੇ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਮੇਲ ਮਿਲਾਏ ਜਿਉਂ ਜਟ ਧੰਨੇ, ਭੋਲੇ ਭਾਉ ਹੋਏ ਸਹਾਈਆ। ਸਤਿਗੁਰ ਪੂਰਾ ਏਕਾ ਮੰਨੇ, ਰੁੱਸੀ ਰਹੇ ਸਰਬ ਲੋਕਾਈਆ। ਭਾਗ ਲਗਾਵੇ ਛੱਪਰ ਛੰਨੇ, ਨਾਮ ਛੱਪਰ ਛੰਨ ਆਪ ਛੁਹਾਈਆ। ਬਣ ਬਾਢੀ ਦੂਸਰ ਨਾਲ ਕਦੇ ਨਾ ਮੰਨੇ, ਦੂਜਾ ਘਰ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਦਬਾਈਆ। ਪਹਿਲਾ ਪੌੜ ਮਸਤਕ ਉਤੇ ਦਏ ਰੱਖ, ਉਪਰ ਆਪਣਾ ਭਾਰ ਰਖਾਈਆ। ਘਰ ਵਿਚੋਂ ਘਰ ਕਰ ਪਰਤੱਖ, ਘਰ ਆਪਣਾ ਦਏ ਵਖਾਈਆ। ਸਾਚੀ ਵਸਤ ਫੜਾਏ ਹੱਥ, ਨਾਮ ਅਮੋਲਕ ਬੇਪਰਵਾਹੀਆ। ਮਹਿਮਾ ਸੁਣਾਏ ਅਕਥਨਾ ਅਕਥ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਆਪਣਾ ਮਾਰਗ ਜਾਏ ਦੱਸ, ਭਰਮ ਭੁਲੇਖਾ ਸਰਬ ਕਢਾਈਆ। ਸਾਚਾ ਨੂਰ ਕਰ ਪਰਕਾਸ਼, ਅੰਧ ਅੰਧੇਰਾ ਦਏ ਮਿਟਾਈਆ। ਆਤਮ ਸੇਜਾ ਕਰ ਭੋਗ ਬਲਾਸ, ਗੁਰਮੁਖ ਗੁਰ ਗੁਰ ਨਾਰੀ ਕੰਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਈਆ। ਸਾਚਾ ਪੌੜ ਰੱਖੇ ਚੋਟੀ, ਦਇਆਵਾਨ ਦਇਆ ਕਮਾਇੰਦਾ। ਜਗਤ ਕੱਢੇ ਵਾਸਨਾ ਖੋਟੀ, ਵਾਹ ਵਾ ਆਪਣਾ ਰੰਗ ਰੰਗਾਇੰਦਾ। ਗੁਰਸਿਖ ਨਾ ਖਾਏ ਮਾਸ ਬੋਟੀ, ਮਦਿਰਾ ਪਾਣ ਨਾ ਕੋਇ ਪਿਆਇੰਦਾ। ਕਰ ਕਿਰਪਾ ਪਰਗਟਾਏ ਨਿਰਮਲ ਜੋਤੀ, ਜੋਤ ਜੋਤ ਜਗਾਇੰਦਾ। ਗੁਰਸਿਖ ਆਤਮ ਰਹੇ ਨਾ ਸੋਤੀ, ਸੋਈ ਸੁਵਾਣੀ ਆਪ ਉਠਾਇੰਦਾ। ਫੜਕੇ ਆਇਆ ਏਕਾ ਸੋਟੀ, ਸੋਹੰ ਡੰਡਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਗੁਰਸਿਖ ਘਰ ਘਰ ਵੇਖ ਵਖਾਇੰਦਾ। ਬਾਲੀ ਬੁਧ ਬ੍ਰਹਮ ਵਿਚਾਰ, ਹਰਿ ਸਰਨ ਸੱਚੀ ਸਰਨਾਈਆ। ਪੁਰਖ ਅਬਿਨਾਸ਼ੀ ਪਾਏ ਸਾਰ, ਬਾਲ ਅਵਸਥਾ ਦਏ ਵਡਿਆਈਆ। ਘਟ ਨੂਰ ਹੋਏ ਉਜਿਆਰ, ਸੂਝ ਬੂਝ ਆਪ ਜਣਾਈਆ। ਕਲਜੁਗ ਮਾਇਆ ਪੋਹ ਨਾ ਸਕੇ ਵਿਚ ਸੰਸਾਰ, ਜਗਤ ਧਰੋ ਨਾ ਕੋਇ ਕਮਾਈਆ। ਏਕਾ ਮੋਹ ਬਖ਼ਸ਼ੇ ਸੰਗਤ ਪਿਆਰ, ਮਾਤ ਪਿਤ ਵਖਾਏ ਸਰਬ ਭੈਣ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੋਟੀ ਬਾਲੀ ਗੋਦ ਬਹਾਈਆ। ਛੋਟੀ ਬਾਲੀ ਬਾਲ ਅਞਾਣ, ਤਨ ਮਨ ਚਾਉ ਘਨੇਰਾ। ਘਰ ਮਿਲੇ ਮੇਰਾ ਸ੍ਰੀ ਭਗਵਾਨ, ਦਰ ਆਏ ਪਾਏ ਫੇਰਾ। ਮੇਰਾ ਮਾਣਸ ਜਨਮ ਕਰੇ ਪਰਵਾਨ, ਚੁੱਕੇ ਜਮ ਕਾ ਝੇੜਾ। ਬ੍ਰਹਮ ਦੇਵੇ ਜੀਆ ਦਾਨ, ਪਾਰਬ੍ਰਹਮ ਕਰ ਕਰ ਆਪਣੀ ਮਿਹਰਾਂ। ਚਰਨ ਧੂੜੀ ਕਰਾਏ ਸੱਚਾ ਅਸ਼ਨਾਨ, ਦਰਸ ਵਖਾਏ ਨੇਰਨ ਨੇਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਚੁਕਾਏ ਮੇਰਾ ਤੇਰਾ। ਬਾਲ ਅਞਾਣੀ ਸੁਘੜ ਸੁਚੱਜੀ, ਤਨ ਮਨ ਵੈਰਾਗਿਆ। ਚਾਈਂ ਚਾਈਂ ਫਿਰੇ ਭੱਜੀ, ਮੇਰਾ ਘਰ ਹੋਏ ਸੁਭਾਗਿਆ। ਮੇਰੀਆਂ ਪਕੜੇ ਦੋਏ ਬਾਂਹੀ, ਬਿਨ ਮਾਤ ਪਿਤ ਰੱਖੇ ਲਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਗ਼ਰੀਬ ਨਵਾਜਿਆ। ਬਾਲ ਅਞਾਣੀ ਉਤਮ ਜ਼ਾਤ, ਮਿਲੀ ਮਾਣ ਵਡਿਆਈਆ। ਪੁਰਖ ਅਬਿਨਾਸ਼ੀ ਦੇ ਕੇ ਜਾਏ ਨਾਮ ਦਾਤ, ਸੌਹਰੇ ਪੇਈਏ ਸਦਾ ਸੰਗ ਰਖਾਈਆ। ਆਵੇ ਜਾਵੇ ਪੁਛੇ ਵਾਤ, ਨਿਤ ਨਵਿਤ ਫੇਰਾ ਪਾਈਆ। ਬਣਿਆ ਰਹੇ ਪਿਤਾ ਮਾਤ, ਬਾਲ ਅਞਾਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਗੱਲ ਲੱਗੀ ਚੰਗੀ, ਜੇਹੜੀ ਆਖੇ ਪਾਤਸ਼ਾਹ ਮੇਰੇ ਘਰ ਫੇਰਾ ਪਾਈਆ।