੧੦ ਜੇਠ ੨੦੧੮ ਬਿਕ੍ਰਮੀ ਗੂਹੜਾ ਰਾਮ ਦੇ ਘਰ ਸ਼ੇਖ਼ਸਰ ਜੰਮੂ
ਭਿੰਨੀ ਰੈਨੜੀਏ ਤੇਰੀ ਠੰਡੀ ਪੌਣ, ਗੁਰਮੁਖਾਂ ਰਹੀ ਜਗਾਈਆ। ਹਰਿ ਕਾ ਰੂਪ ਜਾਣੇ ਕੌਣ, ਬਿਨ ਗੁਰਮੁਖ ਨਜ਼ਰ ਕਿਸੇ ਨਾ ਆਈਆ। ਮਨਮੁਖ ਗੂਹੜੀ ਨੀਂਦੇ ਸੌਣ, ਸੋਇਆਂ ਮਾਤ ਨਾ ਕੋਇ ਉਠਾਈਆ। ਲਾੜੀ ਮੌਤ ਭੰਨੇ ਧੌਣ, ਧਰਨੀ ਧਰਤ ਦਏ ਟਿਕਾਈਆ। ਗੁਰਮੁਖ ਗੁਰ ਗੁਰ ਹਰਿ ਹਰਿ ਰਸਨਾ ਜਿਹਵਾ ਗੌਣ, ਹਿਰਦੇ ਰਾਮ ਨਾਮ ਵਸਾਈਆ। ਦੂਰ ਦੁਰਾਡੇ ਚਲ ਮਨਾਉਣ, ਨੇਤਰ ਲੋਚਣ ਦਰਸ਼ਨ ਪਾਈਆ। ਸਚਖੰਡ ਨਿਵਾਸੀ ਲੋਕਮਾਤ ਅਖਵੌਣ, ਜਿਸ ਮਿਲਿਆ ਬੇਪਰਵਾਹੀਆ। ਕਲਜੁਗ ਮੇਟ ਮਿਟਾਏ ਝੂਠਾ ਰੌਣ, ਰਾਮ ਰਾਮਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਦਏ ਵਡਿਆਈਆ। ਭਿੰਨੜੀ ਰੈਣ ਚੜ੍ਹਿਆ ਚਾਅ, ਹਰਿ ਸੰਗਤ ਦਰਸ਼ਨ ਪਾਇਆ। ਪੁਰਖ ਅਬਿਨਾਸ਼ੀ ਮਿਲਿਆ ਇਕ ਮਲਾਹ, ਲੋਕਮਾਤ ਮੇਲ ਮਿਲਾਇਆ। ਆਪਣਾ ਨਾਉਂ ਦੇਵੇ ਸਚ ਸਲਾਹ, ਸਾਚਾ ਸੋਹਲਾ ਆਪੇ ਗਾਇਆ। ਵਿਛੋੜਾ ਕਟੇ ਦੋ ਜਹਾਂ, ਦੋ ਜਹਾਨਾਂ ਵੇਖ ਵਖਾਇਆ। ਗ਼ਰੀਬ ਨਿਮਾਣਿਆਂ ਪਕੜੇ ਬਾਂਹ, ਆਪ ਆਪਣੀ ਸੇਵਾ ਲਾਇਆ। ਨਿਰਧਨ ਸਰਧਨ ਬਣੇ ਪਿਤਾ ਮਾਂ, ਹਰਿਜਨ ਸੱਚੇ ਗੋਦ ਉਠਾਇਆ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਧਾਮ ਉਪਾਇਆ। ਸਚਖੰਡ ਦੁਆਰੇ ਕਰੇ ਸਚ ਨਿਆਂ, ਸਚ ਸਿੰਘਾਸਣ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਦਏ ਵਡਿਆਇਆ। ਭਿੰਨੜੀ ਰੈਣ ਉਠ ਉਠ ਜਾਗ, ਹਰਿ ਸਤਿਗੁਰ ਆਪ ਜਗਾਇੰਦਾ। ਕਲਜੁਗ ਅੰਤਮ ਲੱਗਾ ਭਾਗ, ਲੋਕਮਾਤ ਖੇਲ ਖਿਲਾਇੰਦਾ। ਤੇਰਾ ਅੰਧੇਰਾ ਦੀਪਕ ਜੋਤ ਜਗੇ ਚਰਾਗ਼, ਤੇਲ ਬਾਤੀ ਨਾ ਕੋਇ ਰਖਾਇੰਦਾ। ਦੁਰਮਤ ਤੇਰਾ ਧੋਵੇ ਦਾਗ਼, ਆਪ ਆਪਣੇ ਰੰਗ ਰੰਗਾਇੰਦਾ। ਤੇਰਾ ਮੇਲਾ ਹਰਿਜਨ ਕੰਤ ਸੁਹਾਗ, ਸੁਹਾਗੀ ਸੁਤ ਆਪ ਸੁਹਾਇੰਦਾ। ਲੇਖਾ ਜਾਣੇ ਜੁਗਾਦਿ ਆਦਿ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਤਿੰਨ ਸੌ ਸੱਠ ਵਿਚੋਂ ਆਪੇ ਕਾਢ, ਆਪਣਾ ਲੇਖਾ ਆਪ ਸਮਝਾਇੰਦਾ। ਤੇਰੇ ਮੰਦਰ ਵੱਜੇ ਨਾਦ, ਤੇਰਾ ਰਾਗ ਆਪ ਅਲਾਇੰਦਾ। ਤੇਰਾ ਪ੍ਰੀਤਮ ਮਾਧਵ ਮਾਧ, ਮੋਹਣ ਆਪਣਾ ਰੂਪ ਧਰਾਇੰਦਾ। ਤੇਰਾ ਮੇਲਾ ਸੰਤਨ ਸਾਧ, ਹਰਿ ਸੰਗਤ ਵੇਖ ਵਖਾਇੰਦਾ। ਕਲਜੁਗ ਅੰਤਮ ਸੁਣੇ ਤੇਰੀ ਫ਼ਰਿਯਾਦ, ਤੇਰਾ ਰੋਣਾ ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਆਪ ਵਡਿਆਇੰਦਾ। ਭਿੰਨੜੀ ਰੈਣ ਉਠ ਉਠ ਨੇਤਰ ਖੋਲ੍ਹ, ਹਰਿ ਸਾਚਾ ਸਚ ਦ੍ਰਿੜਾਈਆ। ਤੇਰੇ ਘਰ ਵੱਜੇ ਢੋਲ, ਹਰਿਜਨ ਸਾਚੇ ਵੇਖ ਵਖਾਈਆ। ਤੇਰਾ ਤੇਰੇ ਮੰਦਰ ਰਿਹਾ ਬੋਲ, ਤੇਰਾ ਤੇਰੀ ਕਰੇ ਸ਼ਨਵਾਈਆ। ਤੇਰਾ ਚੁੱਕੇ ਪਰਦਾ ਓਹਲ, ਸਾਚਾ ਰੂਪ ਦਏ ਦਰਸਾਈਆ। ਤੇਰੇ ਰੰਗ ਜਾਏ ਮੌਲ, ਮੌਲਾ ਆਪਣਾ ਰੂਪ ਵਟਾਈਆ। ਤੇਰਾ ਅੰਮ੍ਰਿਤ ਭਰੇ ਕਵਲ, ਸਾਚਾ ਸਰ ਆਪ ਸੁਹਾਈਆ। ਤੇਰੀ ਵਡਿਆਈ ਉਪਰ ਧਵਲ, ਧਰਨੀ ਧਰਤ ਵੇਖ ਵਖਾਈਆ। ਤੇਰਾ ਭੇਵ ਨਾ ਜਾਣੇ ਕੋਇ ਪੰਡਤ ਪਾਂਧਾ ਰੌਲ, ਗ੍ਰਹਿ ਫੜ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਵੰਡ ਇਕ ਰਖਾਈਆ। ਭਿੰਨੜੀ ਰੈਣ ਤੇਰੀ ਵੰਡੇ ਵੰਡ, ਸੋ ਪੁਰਖ ਨਿਰੰਜਣ ਵੰਡਣ ਆਇਆ। ਤੇਰਾ ਮਾਣ ਰੱਖੇ ਵਿਚ ਬ੍ਰਹਿਮੰਡ, ਬ੍ਰਹਿਮੰਡ ਤੇਰੀ ਧਾਰ ਜਣਾਇਆ। ਤੇਰਾ ਨਾਤਾ ਛੁਟਾ ਦੁਹਾਗਣ ਰੰਡ, ਸੁਹਾਗੀ ਕੰਤ ਇਕ ਮਨਾਇਆ। ਤੇਰਾ ਮੋਹ ਤੁਟਾ ਝੂਠ ਪਖੰਡ, ਮਾਇਆ ਤਨ ਰਹੇ ਨਾ ਰਾਇਆ। ਤੇਰਾ ਵਿਛੋੜਾ ਚੁੱਕਾ ਪੰਧ, ਦੂਰ ਦੁਰਾਡਾ ਪੰਧ ਮੁਕਾਇਆ। ਤੇਰੇ ਘਰ ਸੁਹਾਗੀ ਛੰਦ, ਹਰਿਜਨ ਸਾਚੇ ਬਹਿ ਬਹਿ ਗਾਇਆ। ਤੇਰਾ ਅੰਧੇਰਾ ਗੁਰਮੁਖਾਂ ਪਰਮਾਨੰਦ, ਸੂਰਜ ਚੰਨ ਰਿਹਾ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਆਪ ਸਲਾਹਿਆ। ਭਿੰਨੜੀ ਰੈਣ ਕਰੇ ਪੁਕਾਰ, ਨੇਤਰ ਨੈਣ ਨੀਰ ਵਹਾਈਆ। ਖੁਲ੍ਹੜੇ ਕੇਸ ਰੋਵੇ ਜ਼ਾਰੋ ਜ਼ਾਰ, ਜਗਦੀਸ਼ ਅੱਗੇ ਸੀਸ ਝੁਕਾਈਆ। ਤੂੰ ਸਾਹਿਬ ਸਤਿਗੁਰ ਸੁਣ ਪੁਕਾਰ, ਮੈਂ ਕੁਚੱਜੀ ਕਮਲੀ ਕਾਰ ਕਿਸੇ ਨਾ ਆਈਆ। ਮੇਰਾ ਨਾਤਾ ਜੁੜਿਆ ਸੰਗ ਚੋਰ ਯਾਰ, ਰਾਤੀ ਸੁਤਿਆਂ ਲੁੱਟ ਲੁੱਟ ਝੂਠਾ ਧਨ ਬੰਧਾਈਆ। ਕਲਜੁਗ ਸੰਤ ਸੁੱਤੇ ਪੈਰ ਪਸਾਰ, ਕਲਜੁਗ ਮਾਇਆ ਬੇਅੰਤ ਪਾਈਆ। ਤੂੰ ਰਾਖਾ ਹੋ ਸਿਰਜਣਹਾਰ, ਮੇਰੀ ਪਤਿ ਨਾ ਕੋਇ ਰਖਾਈਆ। ਮੇਰਾ ਵਸਦਾ ਘਰ ਦਿਤਾ ਉਜਾੜ, ਭਰਮੇ ਭੁੱਲੀ ਸਰਬ ਲੋਕਾਈਆ। ਕਲਜੁਗ ਅਗਨੀ ਦਿਤਾ ਸਾੜ, ਰਤੀ ਰਤ ਰਹਿਣ ਨਾ ਪਾਈਆ। ਕਰੀ ਕਿਰਪਾ ਕੀਤਾ ਦਰਸ ਦੀਦਾਰ, ਮੈਂ ਬੈਰਾਗਣ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਅਗਨੀ ਅੱਗ ਬੁਝਾਈਆ । ਹਰਿ ਸਤਿਗੁਰ ਦਇਆ ਕਮਾਇੰਦਾ, ਸ਼ਬਦ ਸੰਦੇਸ਼ਾ ਇਕ ਸੁਣਾ। ਤੇਰਾ ਦਰਦ ਦੁੱਖ ਮਿਟਾਇੰਦਾ, ਦਰਦੀ ਦਰਦ ਲਏ ਵੰਡਾ। ਲੋਕਮਾਤ ਕਲਜੁਗ ਅੰਤਮ ਗੁਰਮੁਖ ਸਾਚੇ ਆਪ ਜਗਾਇੰਦਾ, ਏਕਾ ਨਾਮ ਦਏ ਪੜ੍ਹਾ। ਜੂਠ ਝੂਠ ਮੇਟ ਮਿਟਾਇੰਦਾ, ਮਾਇਆ ਮਮਤਾ ਕਰੇ ਸਵਾਹ। ਵਰਨਾ ਬਰਨਾ ਆਪ ਖਪਾਇੰਦਾ, ਊਚਾਂ ਨੀਚਾਂ ਭੇਵ ਚੁਕਾ। ਰਾਓ ਰੰਕਾਂ ਆਪਣਾ ਧਾਮ ਵਖਾਇੰਦਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ। ਧੁਰ ਫ਼ਰਮਾਨਾ ਹੁਕਮ ਸੁਣਾਇੰਦਾ, ਬ੍ਰਹਮ ਪਾਰਬ੍ਰਹਮ ਵੇਖੇ ਏਕਾ ਥਾਂ। ਆਪਣਾ ਪਰਦਾ ਆਪ ਉਠਾਇੰਦਾ, ਜੋਤੀ ਨੂਰ ਕਰੇ ਰੁਸ਼ਨਾ। ਹਰਿਜਨ ਸਾਚੇ ਵੇਖ ਵਖਾਇੰਦਾ, ਏਕਾ ਪੱਲੂ ਨਾਮ ਫੜਾ। ਵਰਨਾਂ ਬਰਨਾਂ ਏਕਾ ਰੰਗ ਰੰਗਾਇੰਦਾ। ਹਰਿ ਸੰਗਤ ਬਣਾਏ ਭੈਣ ਭਰਾ। ਤੇਰਾ ਫੇਰ ਮੇਲ ਮਿਲਾਇੰਦਾ, ਕਲਜੁਗ ਨਾਤਾ ਦਏ ਜੁੜਾ। ਸੰਗਤ ਤੇਰੇ ਸੰਗ ਰਖਾਇੰਦਾ, ਤੇਰਾ ਦੁੱਖ ਦਏ ਗਵਾ। ਤੇਰਾ ਦੁੱਖ ਹਰਿ ਸੰਗਤ ਚਰਨਾ ਹੇਠ ਦਬਾਇੰਦਾ, ਸਿਰ ਆਪਣਾ ਹੱਥ ਟਿਕਾ। ਭਿੰਨੜੀ ਰੈਣ ਮੇਲ ਮਿਲਾਇੰਦਾ, ਗੁਰਸਿਖਾਂ ਮੇਲਾ ਸਹਿਜ ਸੁਭਾ। ਕਲਜੁਗ ਅੰਤਮ ਖੇਲ ਖਿਲਾਇੰਦਾ, ਚਾਰ ਜੁਗ ਦੇ ਮੇਲੇ ਵਿਛੜੇ ਮੇਲੇ ਭੈਣ ਭਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਦਏ ਸਮਝਾ। ਭਿੰਨੜੀ ਰੈਣ ਸੁਣਿਆ ਬੋਲਾ, ਨਿਉਂ ਨਿਉਂ ਸੀਸ ਝੁਕਾਈਆ। ਕਵਣ ਦੁਆਰੇ ਬੈਠਾ ਤੋਲਾ, ਤੇਰੇ ਹੱਥ ਵਡੀ ਵਡਿਆਈਆ। ਮੈਂ ਸੁਣਨ ਆਈ ਤੇਰਾ ਢੋਲਾ, ਸਚ ਸੰਦੇਸ਼ ਸੁਣ ਸਾਚੇ ਮਾਹੀਆ। ਮੇਰਾ ਚੁੱਕੇ ਪਰਦਾ ਉਹਲਾ, ਦੂਈ ਦਵੈਤ ਰਹਿਣ ਨਾ ਪਾਈਆ। ਕਿਸ਼ਨਾ ਸੁਖਲਾ ਪਖ ਆਪੇ ਫੋਲਾ, ਅੰਧ ਅੰਧੇਰ ਵੇਖ ਵਖਾਈਆ। ਠਗ ਚੋਰ ਪਾਵਣ ਰੌਲਾ, ਗੁਰਮੁਖ ਬੈਠੇ ਧਿਆਨ ਲਗਾਈਆ। ਸਚ ਵਸਤ ਹਰਿ ਤੇਰੇ ਕੋਲਾ, ਦੂਸਰ ਅਵਰ ਨਜ਼ਰ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਏਕਾ ਮੰਗ ਮੰਗਾਈਆ। ਮੰਗੇ ਮੰਗ ਭਿੰਨੜੀ ਰੈਣ, ਦੋਏ ਜੋੜ ਚਰਨ ਨਿਮਸਕਾਰ। ਪੁਰਖ ਅਬਿਨਾਸ਼ੀ ਮੰਨ ਮੇਰਾ ਕਹਿਣ, ਤੇਰੇ ਚਰਨ ਜਾਵਾਂ ਬਲਿਹਾਰ। ਹਰਿ ਸੰਗਤ ਲੇਖਾ ਮੇਰਾ ਚੁੱਕੇ ਲੈਣ ਦੇਣ, ਲੈਣਾ ਦੇਣਾ ਰਹੇ ਨਾ ਵਿਚ ਸੰਸਾਰ। ਤੇਰੇ ਗੁਰਮੁਖ ਲਾੜੀ ਮੌਤ ਨਾ ਖਾਏ ਡਾਇਨ, ਲਏ ਜਨਮ ਨਾ ਦੂਜੀ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣਾ ਵਰ ਸੱਚੀ ਸਰਕਾਰ। ਭਿੰਨੜੀ ਰੈਣ ਹਰਿ ਦੇਵੇ ਵਰ, ਹਰਿ ਸੰਗਤ ਮਾਣ ਰਖਾਈਆ। ਹਰਿਜਨ ਚੁੱਕੇ ਮੌਤ ਡਰ, ਕਾਲ ਗਰਾਸ ਨਾ ਕੋਇ ਖਾਈਆ। ਸਦਾ ਸੁਹੇਲਾ ਖੁਲ੍ਹਾ ਰੱਖੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਹਰਿਜਨ ਸਾਚੇ ਲਏ ਫੜ, ਨਾਰੀ ਪੁਰਸ਼ ਏਕਾ ਰੰਗ ਰੰਗਾਈਆ। ਅਧਵਿਚਕਾਰ ਨਾ ਜਾਏ ਕੋਈ ਰੁੜ੍ਹ, ਜੋ ਜਨ ਰਸਨਾ ਜਿਹਵਾ ਸੋਹੰ ਗਾਈਆ। ਸਚ ਭੰਡਾਰਾ ਦੇਵੇ ਭਰ, ਜੋ ਜਨ ਚਰਨ ਸੀਸ ਝੁਕਾਈਆ। ਆਪਣੀ ਕਰਨੀ ਜਾਏ ਕਰ, ਨਾ ਕੋਈ ਮੇਟੇ ਮੇਟ ਮਿਟਾਈਆ। ਆਦਿ ਜੁਗਾਦ ਨਾ ਜਾਏ ਮਰ, ਜਗ ਕਰਤਾ ਬੇਪਰਵਾਹੀਆ। ਦਰਸ ਵਖਾਏ ਅੱਗੇ ਖੜ੍ਹ, ਗੁਰਮੁਖਾਂ ਵੇਖ ਵਖਾਈਆ। ਜਿਸ ਜਨ ਫੜਾਇਆ ਆਪਣਾ ਲੜ, ਆਦਿ ਅੰਤ ਛੁੱਟ ਕਦੇ ਨਾ ਜਾਈਆ। ਭਿੰਨੜੀ ਰੈਣ ਤੇਰਾ ਘਾੜਨ ਘੜ, ਤੇਰਾ ਰੂਪ ਅਨੂਪ ਵਟਾਈਆ। ਤੇਰੇ ਅੰਤਰ ਆਪਣਾ ਮੰਤਰ ਕਿਰਪਾ ਕਰ, ਤੇਰੀ ਬਸੰਤਰ ਦਏ ਬੁਝਾਈਆ । ਤੇਰੀ ਦੁਰਮਤ ਮੈਲ ਧੋਵੇ ਆਪਣੇ ਸਰ, ਸਰ ਸਰੋਵਰ ਇਕ ਨੁਹਾਈਆ। ਤੇਰਾ ਵਸਦਾ ਰਹੇ ਸਦਾ ਜਨ ਘਰ, ਘਰ ਸੱਜਣ ਮੇਲ ਮਿਲਾਈਆ। ਉਠ ਉਦਮ ਆਹਰ ਕਰ, ਹਰਿ ਸੰਗਤ ਆਈ ਚਾਈਂ ਚਾਈਂਆ। ਨਿਵ ਨਿਵ ਸੀਸ ਜਗਦੀਸ਼ ਹਰਿ ਸੰਗਤ ਪ੍ਰੇਮ ਕਰ, ਪ੍ਰੇਮ ਰੁਤੜੀ ਏਕਾ ਰੰਗ ਵਖਾਈਆ। ਨਿਰਭਉ ਚੁਕਾਏ ਤੇਰਾ ਡਰ, ਭੈ ਭਿਆਨਕ ਹੋਏ ਸਹਾਈਆ। ਝੱਖੜ ਝਾਂਜਾ ਝੁੱਲੇ ਵਿਚ ਸੰਸਾਰ, ਕਲਜੁਗ ਝੂਠੇ ਬਿਰਛ ਬਿਰਖ ਦਏ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਇਕ ਮਨਾਈਆ। ਭਿੰਨੜੀ ਰੈਣ ਮੰਨਿਆ ਮਨ, ਹਰਿ ਹਰਿ ਦਰਸ਼ਨ ਪਾਇਆ। ਗੁਰਮੁਖ ਵੇਖਿਆ ਚੜ੍ਹਿਆ ਚੰਨ, ਘਰ ਸਾਚੇ ਹੋਇਆ ਰੁਸ਼ਨਾਇਆ। ਲੋਕ ਪਰਲੋਕ ਕਹਿੰਦੀ ਫਿਰੇ ਧੰਨ ਧੰਨ, ਧੰਨ ਧੰਨ ਹਰਿ ਹਰਿ ਸ਼ੁਕਰ ਮਨਾਇਆ। ਚਾਰ ਜੁਗ ਜੋ ਦੇਂਦਾ ਆਇਆ ਡੰਨ, ਅੱਜ ਸਿੱਖੀ ਗੁਰਮੁਖ ਸਾਚੇ ਮੇਲ ਮਿਲਾਇਆ। ਚਾਰ ਵਰਨ ਜੋ ਰਾਗ ਸੁਣੌਂਦਾ ਆਇਆ ਕੰਨ, ਅੱਜ ਸੰਦੇਸ਼ਾ ਰਿਹਾ ਸੁਣਾਇਆ। ਲੱਖ ਚੁਰਾਸੀ ਜੋ ਘੜ ਘੜ ਰਿਹਾ ਭੰਨ, ਅੱਜ ਭੱਜੇ ਠੀਕਰ ਆਪ ਆਪਣੀ ਹੱਥੀਂ ਜੋੜ ਜੁੜਾਇਆ। ਜੁਗ ਜੁਗ ਜੋ ਬੇੜਾ ਰਿਹਾ ਬੰਨ੍ਹ, ਅੱਜ ਬੇੜਾ ਨਾਮ ਰਿਹਾ ਵਖਾਇਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਠਗ ਚੋਰ ਰਾਤੀ ਸੁਤਿਆਂ ਮੇਰੇ ਘਰ ਲੌਂਦੇ ਰਹੇ ਸੰਨ੍ਹ। ਜੂਠਾ ਝੂਠਾ ਖੇਲ ਰਚਾਇਆ। ਕਲਜੁਗ ਅੰਤਮ ਪਾਰਬ੍ਰਹਮ ਅਬਿਨਾਸ਼ੀ ਕਰਤਾ ਸੁਣ ਬੇਨੰਤੀ ਗਿਆ ਮੰਨ, ਨਿਰਗੁਣ ਆਪਣਾ ਰੂਪ ਧਰਾਇਆ। ਗੁਰਸਿਖਾਂ ਅੰਦਰ ਚਾੜ੍ਹੇ ਸਾਚਾ ਚੰਨ, ਅੰਧੇਰਾ ਲੋਕਮਾਤ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਵੇਖ ਵਖਾਇਆ। ਭਿੰਨੜੀ ਰੈਣ ਨੇਤਰ ਪੇਖ, ਹਰਿ ਹਰਿ ਖ਼ੁਸ਼ੀ ਮਨਾਈਆ। ਤੂੰ ਸਾਹਿਬ ਸਤਿਗੁਰ ਲਿਖਣਹਾਰਾ ਲੇਖ, ਤੇਰੇ ਹੱਥ ਮੇਰੀ ਵਡਿਆਈਆ। ਜੋਤੀ ਜਾਮਾ ਧਰਿਆ ਭੇਖ, ਤੇਰਾ ਰੂਪ ਨਜ਼ਰ ਕਿਸੇ ਨਾ ਆਈਆ। ਮੁੱਛ ਦਾੜ੍ਹੀ ਨਾ ਤੇਰੇ ਕੇਸ, ਨਾ ਕੋਈ ਮੂੰਡ ਮੁੰਡਾਈਆ। ਜੇ ਕੋਈ ਆਖੇ ਗੁਰੂ ਦਸ਼ਮੇਸ਼, ਭੁਲ ਰਹੇ ਨਾ ਰਾਈਆ। ਜੇ ਕੋਈ ਵੇਖੇ ਕਰਿਆ ਖੇਲ ਵਿਸ਼ਨ ਮਹੇਸ਼, ਸ਼ੰਕਰ ਆਪਣਾ ਰੂਪ ਵਟਾਈਆ। ਜੇ ਕੋਈ ਵੇਖੇ ਰਾਮਾ ਕ੍ਰਿਸ਼ਨਾ ਕਰੇ ਆਦੇਸ਼, ਸੀਤਾ ਸੁਰਤੀ ਲਏ ਪਰਨਾਈਆ। ਜੇ ਕੋਈ ਕਹੇ ਈਸਾ ਮੂਸਾ ਸਤ ਸਮੁੰਦਰ ਮੰਨਿਆ ਨਰ ਨਰੇਸ਼, ਦਰ ਦਰਵੇਸ਼ ਆਪਣੀ ਅਲਖ ਜਗਾਈਆ। ਲੱਖ ਚੁਰਾਸੀ ਸੁੱਤੀ ਨਿਰਗੁਣ ਰਿਹਾ ਵੇਖ, ਆਪਣਾ ਨੈਣ ਇਕ ਉਠਾਈਆ। ਗੁਰਮੁਖ ਗੁਰਸਿਖ ਹਰਿਜਨ ਸੱਜਣ ਆਪਣੇ ਬਸਤਰ ਲਏ ਲਪੇਟ, ਸਚ ਦੋਸ਼ਾਲਾ ਹੱਥ ਉਠਾਈਆ। ਮੈਂ ਬਣ ਨਿਮਾਣੀ ਹੱਥ ਰੱਖਾਂ ਗੁਰਸਿਖਾਂ ਪੈਰਾਂ ਹੇਠ, ਮੇਰੀ ਤਕ਼ਦੀਰ ਦਏ ਬਦਲਾਈਆ। ਨੌਂ ਖੰਡ ਪ੍ਰਿਥਮੀ ਧੁੱਪ ਲੱਗੇ ਜੇਠ, ਗੁਰਮੁਖ ਅੰਮ੍ਰਿਤ ਮੇਘ ਬਰਸਾਈਆ। ਕਲਜੁਗ ਅੰਤਮ ਕਰਨ ਆਇਆ ਹੇਤ, ਰੂਪ ਅਨੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਰੁਤੜੀ ਦਏ ਸੁਹਾਈਆ। ਸਾਚੀ ਰੁਤੜੀ ਰੁੱਤ ਬਸੰਤ, ਭਿੰਨੜੀ ਰੈਣ ਵੱਜੇ ਵਧਾਈਆ। ਨਾਰੀ ਨਰ ਮਿਲਿਆ ਹਰਿ ਹਰਿ ਕੰਤ, ਕੰਤ ਕੰਤੂਹਲ ਖ਼ੁਸ਼ੀ ਮਨਾਈਆ। ਭੇਵ ਨਾ ਪਾਏ ਜੀਵ ਜੰਤ, ਖਾਣੀ ਚਾਰ ਰਹੀ ਕੁਰਲਾਈਆ। ਲੇਖਾ ਜਾਣੇ ਆਦਿ ਅੰਤ, ਇਕ ਇਕੱਲਾ ਸੱਚਾ ਸ਼ਹਿਨਸ਼ਾਹੀਆ। ਜਿਸ ਬਣਾਈ ਮੇਰੀ ਬਣਤ, ਸੂਰਜ ਚੰਨ ਰਿਹਾ ਭੁਆਈਆ। ਘੜੀ ਪਲ ਗਿਣਤੀ ਕਰੇ ਅਗਣਤ, ਲੇਖਾ ਆਪਣਾ ਨਾ ਕਿਸੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੈਣ ਭਿੰਨੜੀ ਆਪ ਵਖਾਈਆ। ਭਿੰਨੀ ਰੈਨੜੀਏ ਤੇਰਾ ਰੰਗ ਅਨੂਪਾ, ਤ੍ਰੈਗੁਣ ਮੂਲ ਚੁਕਾਇਆ। ਭਿੰਨੀ ਰੈਨੜੀਏ ਤੇਰਾ ਸਤਿ ਸਰੂਪਾ, ਸਤਿ ਸਤਿਵਾਦੀ ਵੇਖਣ ਆਇਆ। ਭਿੰਨੀ ਰੈਨੜੀਏ ਤੇਰਾ ਤੱਤ ਅੰਗੀਠਾ, ਅਗਨੀ ਤੱਤ ਦਏ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਵਣ ਪਵਣਾਂ ਵੇਖ ਵਖਾਇਆ। ਭਿੰਨੀ ਰੈਨੜੀਏ ਤੇਰੀ ਪਵਣਾ ਧਾਰ, ਅੰਨ ਪਾਣੀ ਸਮਾਈਆ। ਮੰਗਣ ਮੰਗ ਤੇਰਾ ਖੇਲ ਅਪਾਰ, ਬ੍ਰਹਿਮੰਡ ਖੰਡ ਤੇਰੀ ਵੰਡ ਵੰਡਾਈਆ। ਲੱਖ ਚੁਰਾਸੀ ਤੇਰਾ ਆਧਾਰ, ਜੀਵ ਜੰਤ ਰਹੇ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮੂਲ ਦਏ ਵਖਾਈਆ। ਤੇਰਾ ਮੂਲ ਸਦਾ ਅਨਡਿਠ, ਆਲਸ ਨਾਮ ਰਖਾਈਆ। ਨੀਂਦਰ ਅੰਦਰ ਕਰੇ ਹਿਤ, ਵਿਛੜੇ ਲਏ ਮਿਲਾਈਆ। ਤੇਰਾ ਰੂਪ ਨਾ ਸਕੇ ਕੋਈ ਵੇਖ, ਨੇਤਰ ਖੋਲ੍ਹੇ ਸਰਬ ਲੋਕਾਈਆ। ਜਿਸ ਜਨ ਕਿਰਪਾ ਕਰੇ ਸਦਾ ਹਮੇਸ਼, ਸੋ ਜਨ ਤੇਰੇ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਇਕ ਵਡਿਆਈਆ। ਭਿੰਨੜੀ ਰੈਣ ਆਲਸ ਨਿੰਦਰਾ, ਜਗਤ ਵਿਹਾਰ ਚਲਾਇਆ। ਗੋਪੀ ਕਾਹਨ ਖੇਲੇ ਖੇਲ ਜਿਉਂ ਬਣ ਬਿੰਦਰਾ, ਰੂਪ ਅਨੂਪ ਧਰਾਇਆ। ਆਸਣ ਸਿੰਘਾਸਣ ਸੋਹੇ ਕਰੋੜ ਤੇਤੀਸਾ ਸੁਰਪਤ ਰਾਜਾ ਇੰਦਰਾ, ਇੰਦਰ ਇੰਦਰਾਸਨ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਤੇਰਾ ਰੰਗ, ਗੁਰਮੁਖਾਂ ਦਏ ਜਣਾਇਆ। ਕਲਜੁਗ ਆਲਸ ਨਿੰਦਰਾ ਰੂਪ, ਜੀਵ ਜੰਤ ਸਵਾਈਆ। ਗੁਰਮੁਖ ਵੇਖੇ ਚਾਰੇ ਕੂਟ, ਕਵਣ ਦੁਆਰੇ ਹਰਿ ਹਰਿ ਫੇਰਾ ਪਾਈਆ। ਅੱਠੇ ਪਹਿਰ ਮੰਗੇ ਮੰਗ ਮੇਰਾ ਨਾਤਾ ਤੁਟੇ ਜੂਠ ਝੂਠ, ਸਚ ਸੁੱਚ ਹੋਏ ਕੁੜਮਾਈਆ। ਮੈਂ ਸਾਹਿਬ ਸਤਿਗੁਰ ਦਾ ਬਣਾਂ ਸੱਚਾ ਪੂਤ, ਕਪੂਤ ਆਖੇ ਨਾ ਕੋਇ ਲੋਕਾਈਆ। ਮੇਰਾ ਤਾਣਾ ਪੇਟਾ ਏਕਾ ਸੂਤ, ਪਾਰਬ੍ਰਹਮ ਪ੍ਰਭ ਮੇਰੀ ਬ੍ਰਹਮ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਲਸ ਦਏ ਸਮਝਾਈਆ। ਏਕਾ ਆਲਸ ਝੂਠੀ ਮਾਇਆ, ਮਮਤਾ ਮੋਹ ਰਖਾਈਆ। ਸ੍ਰਿਸ਼ਟ ਸਬਾਈ ਪਾਈ ਛਾਇਆ, ਨਾ ਕੋਈ ਸਕੇ ਸੀਸ ਉਠਾਈਆ। ਗੁਰਮੁਖ ਵਿਰਲਾ ਆਪ ਜਗਾਇਆ, ਜਿਸ ਜਨ ਆਪਣੀ ਬੂਝ ਬੁਝਾਈਆ। ਠਗ ਚੋਰ ਲਏ ਤਰਾਇਆ, ਚੋਰਾਂ ਠੱਗਾਂ ਆਪਣੇ ਲੇਖੇ ਲਾਈਆ। ਆਪਣਾ ਕੌਲ ਦਏ ਸਮਝਾਇਆ, ਕੀਤਾ ਕੌਲ ਭੁਲ ਨਾ ਜਾਈਆ। ਏਕਾ ਬਚਨ ਆਪ ਸਮਝਾਇਆ, ਆਲਸ ਨਿੰਦਰਾ ਦਏ ਵਖਾਈਆ। ਭਿੰਨੜੀ ਰੈਣ ਮੇਲ ਮਿਲਾਇਆ, ਮਿਲਿਆ ਮੇਲ ਸਾਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੀਂਦਰਾ ਤੇਰਾ ਰੂਪ ਗੁਰਮੁਖ ਸਾਚੇ ਦਏ ਵਖਾਈਆ। ਨੀਂਦਰ ਸਾਚਾ ਰੂਪ, ਗੁਰ ਗੁਰਮੁਖ ਦਰਸ਼ਨ ਪਾਇਆ। ਸਿੰਘ ਤਾਰਾ ਤ੍ਰੈ ਜਨਮ ਬਣਿਆ ਰਿਹਾ ਅਵਧੂਤ, ਖ਼ਾਕੀ ਖ਼ਾਕ ਤਨ ਰਮਾਇਆ। ਤ੍ਰੈ ਜਨਮ ਫਿਰਦਾ ਰਿਹਾ ਚਾਰੇ ਕੂਟ, ਹਰਿ ਕਾ ਮੰਦਰ ਨਜ਼ਰ ਨਾ ਆਇਆ। ਸੱਤਵਾਂ ਜਾਮੇ ਤੱਤ ਬੱਧਾ ਆਪਣੇ ਸੂਤ, ਏਕਾ ਗੰਢੀ ਗੰਢ ਪਵਾਇਆ। ਅਠਵਾਂ ਜਾਮੇਂ ਸੁਣਿਆ ਜੋ ਗਿਆ ਰੂਠ, ਮਸਤਕ ਟਿੱਕਾ ਧੂੜੀ ਲਾਇਆ। ਨੌਵਾਂ ਜਨਮ ਬਣਾਇਆ ਪੂਤ ਸਪੂਤ, ਪੂਰਬ ਲਹਿਣਾ ਆਪ ਚੁਕਾਇਆ। ਆਲਸ ਨਿੰਦਰਾ ਵਿਚ ਦੇ ਆਪਣਾ ਸਬੂਤ, ਰਾਤੀ ਸੁਤਿਆਂ ਲਏ ਮਿਲਾਇਆ। ਨੀਂਦਰ ਤੇਰਾ ਸਾਚਾ ਰੂਪ, ਆਪਣਾ ਪ੍ਰੇਮ ਦਏ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਆਪਣੇ ਅੰਗ ਲਗਾਇਆ। ਲੱਗੀ ਅੰਗ ਆਸਾ ਪੂਰ, ਹਰਿ ਸੰਗਤ ਜੋੜ ਜੁੜਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਮਿਲਿਆ ਹਾਜ਼ਰ ਹਜ਼ੂਰ, ਦੂਰ ਨੇੜਾ ਪੰਧ ਮੁਕਾਇਆ। ਜਗਤ ਹੰਕਾਰ ਨਾ ਤੁੱਟਾ ਗ਼ਰੂਰ, ਮਾਣ ਅਭਿਮਾਨ ਆਪ ਚੁਕਾਇਆ। ਗੁਰਮੁਖ ਤੇਰਾ ਦਰਸ਼ਨ ਕਰ ਮੇਰੀ ਆਤਮ ਚੜ੍ਹਿਆ ਸਤਿ ਸਰੂਰ, ਭਿੰਨੜੀ ਰੈਣ ਸ਼ੁਕਰ ਮਨਾਇਆ। ਚਾਰ ਜੁਗ ਤੇਰੇ ਵਿਛੋੜੇ ਕੀਤਾ ਚੂਰ ਚੂਰ, ਬਲਹੀਣ ਬਲ ਨਾ ਕੋਇ ਧਰਾਇਆ। ਮੇਰਾ ਨਾਤਾ ਤੁੱਟਾ ਕੂੜੋ ਕੂੜ, ਹਰਿ ਸੰਗਤ ਤੇਰਾ ਦਰਸ਼ਨ ਪਾਇਆ। ਮੈਂ ਚਤੁਰ ਸੁਘੜ ਸੁਵਾਣੀ ਬਣ ਮੂੜ੍ਹ, ਮੇਰੇ ਮਨ ਕਾ ਭੌ ਮਿਟਾਇਆ। ਮੈਂ ਬਣ ਸਵਾਲਣ ਮੰਗਾਂ ਧੂੜ, ਚਰਨ ਧੂੜ ਵਸਤ ਅਮੋਲਕ ਇਕ ਵਰਤਾਇਆ। ਤੇਰਾ ਹੀਲਾ ਮੇਰੀ ਚੋਲੀ ਰੰਗਣ ਗੂੜ੍ਹ, ਸਾਚੀ ਕਫ਼ਨੀ ਵੇਖ ਵਖਾਇਆ। ਮੈਂ ਮਿਲ ਕੇ ਜਾਣਾ ਜ਼ਰੂਰ, ਘਰ ਤੇਰੇ ਸੱਜਣ ਆਇਆ। ਕਲਜੁਗ ਦੂਰ ਦੁਰਾਡਾ ਰਿਹਾ ਘੂਰ, ਨੇਤਰ ਨੈਣ ਉਠਾਇਆ। ਚੌਦਾਂ ਸਦੀਆਂ ਬੰਨ੍ਹ ਕੇ ਰੱਖਿਆ ਪਾ ਪਾ ਜੂੜ, ਅੰਤਮ ਸੰਗਲ ਦਏ ਕਟਾਇਆ। ਚਾਰ ਕੁੰਟ ਤੇਰਾ ਜਲਵਾ ਤੱਕਾਂ ਨੂਰੋ ਨੂਰ, ਮੇਰਾ ਅੰਧੇਰਾ ਰਹੇ ਨਾ ਰਾਇਆ। ਤੂੰ ਸਰਬ ਕਲਾ ਭਰਪੂਰ, ਲੋਕਮਾਤ ਮਾਤਲੋਕ ਵਿਚ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਸੌਣਾ ਮੇਰਾ ਘਰ, ਏਕਾ ਮੰਗ ਮੰਗਾਇਆ। ਮੰਗੇ ਵਰ ਸੱਜਣ ਮੀਤ, ਗੁਰਮੁਖ ਮੇਲ ਮਿਲਾਈਆ। ਸਤਿਜੁਗ ਚਲੌਣੀ ਸਾਚੀ ਰੀਤ, ਵਾਹ ਵਾ ਤੇਰੀ ਵਡੀ ਵਡਿਆਈਆ। ਮਿਲ ਸੰਗਤ ਗਾਵਾਂ ਤੇਰੇ ਗੀਤ, ਤੇਰਾ ਨਾਮ ਇਕ ਅਲਾਈਆ। ਤੇਰੀ ਚਰਨ ਨਿਭੇ ਪ੍ਰੀਤ, ਸਚ ਪ੍ਰੀਤੀ ਇਕ ਵਖਾਈਆ। ਤੇਰਾ ਰੂਪ ਹਸਤ ਕੀਟ, ਘਟ ਘਟ ਤੂੰ ਹੀ ਨਜ਼ਰੀ ਆਈਆ। ਮੈਂ ਜੂਠਾ ਝੂਠਾ ਪੀਸਣ ਲਿਆ ਪੀਸ, ਕਲਜੁਗ ਚੱਕੀ ਨਾ ਜਾਏ ਚਲਾਈਆ। ਦੇਣਾ ਦਰਸ ਸਾਹਿਬ ਅਨਡੀਠ, ਮੈਂ ਨੱਢੀ ਬੈਠੀ ਰਾਹ ਤਕਾਈਆ। ਸਦਾ ਸੁਹੇਲੇ ਵਸਣਾ ਚੀਤ, ਚਿਤ ਵਿਤ ਠਗੌਰੀ ਕੋਇ ਨਾ ਪਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਤੇਰੀ ਰੱਖੀ ਉਡੀਕ, ਕੋਟਨ ਕੋਟ ਕਾਲ ਬਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦਏ ਵਖਾਈਆ। ਸਾਚਾ ਮਾਰਗ ਦੇਣਾ ਦੱਸ, ਹਰਿ ਜੂ ਹਰਿ ਹਰਿ ਆਪ ਸੁਣਾਇੰਦਾ। ਘਟ ਘਟ ਅੰਦਰ ਆਪੇ ਵਸ, ਆਪਣਾ ਭੇਵ ਖੁਲ੍ਹਾਇੰਦਾ। ਤੇਰਾ ਅੰਧੇਰਾ ਮੇਟੇ ਰੈਣ ਮਸ, ਸਤਿਜੁਗ ਸਾਚਾ ਚੰਨ ਚੜ੍ਹਾਇੰਦਾ। ਹਰਿਜਨ ਮੇਲੇ ਨੱਸ ਨੱਸ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਕਰੇ ਪਰਕਾਸ਼ ਕੋਟਨ ਰਵ ਸਸ, ਨੂਰਨ ਨੂਰਨ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਕਰੇ ਵਸ, ਆਪਣਾ ਹੁਕਮ ਆਪ ਸੁਣਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਮ ਰਾਮਾ ਰਸੀਆ ਰਸ, ਰਸ ਏਕਾ ਨਾਮ ਚਖਾਇੰਦਾ।
