Granth 10 Likhat 104: 14 Jeth 2018 Bikarmi Anant Ram de Ghar Pind Bania Jammu

੧੪ ਜੇਠ ੨੦੧੮ ਬਿਕ੍ਰਮੀ ਅਨੰਤ ਰਾਮ ਦੇ ਘਰ ਪਿੰਡ ਬਾਣੀਆਂ ਜੰਮੂ

ਜਿਸ ਲੇਖਾ ਤਿਸ ਪਾਏ ਸਾਰ, ਮਨ ਮਨਸਾ ਪੂਰ ਕਰਾਇੰਦਾ। ਜਿਸ ਸੰਸਾ ਤਿਸ ਦਏ ਨਿਵਾਰ, ਜੋ ਜਨ ਆਸ ਰਖਾਇੰਦਾ। ਕਰ ਕਿਰਪਾ ਜਨ ਲਾਏ ਪਾਰ, ਕਿਰਪਾਨਿਧ ਦਇਆ ਕਮਾਇੰਦਾ। ਆਤਮ ਅੰਤਰ ਦਏ ਵਿਚਾਰ, ਆਤਮ ਬ੍ਰਹਮ ਬੁਝਾਇੰਦਾ। ਹਉਮੇ ਹੰਗਤਾ ਤੋੜ ਹੰਕਾਰ, ਜੂਠ ਝੂਠ ਮੋਹ ਚੁਕਾਇੰਦਾ। ਹਰਿਜਨ ਹਰਿ ਹਰਿ ਇਕ ਪਿਆਰ, ਸਚ ਪ੍ਰੀਤੀ ਇਕ ਵਖਾਇੰਦਾ। ਜੁਗਾ ਜੁਗੰਤਰ ਸਾਚੀ ਕਾਰ, ਗੁਰਦੇਵ ਇਸ਼ਟ ਆਪਣਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਨਰੰਗ ਆਪਣੀ ਖੇਲ ਖਿਲਾਇੰਦਾ। ਅਨਰੰਗ ਹਰਿ ਪੁਰਖ ਬਿਧਾਤਾ, ਭੇਵ ਅਭੇਵ ਨਾ ਕੋਇ ਜਣਾਈਆ। ਬੈਠਾ ਰਹੇ ਇਕ ਇਕਾਂਤਾ, ਸਚਖੰਡ ਦੁਆਰੇ ਸੋਭਾ ਪਾਈਆ। ਜਨ ਭਗਤਾਂ ਮੇਲੇ ਆਪਣਾ ਨਾਤਾ, ਰੂਪ ਅਨੂਪ ਧਰਾਈਆ। ਸਚ ਜਣਾਏ ਸਾਚੀ ਗਾਥਾ, ਘਟ ਮੰਦਰ ਕਰੇ ਪੜ੍ਹਾਈਆ। ਹੋਏ ਸਹਾਈ ਰਘੁਪਤ ਰਘੁਨਾਥਾ, ਰਘੁਬੰਸ ਵਡੀ ਵਡਿਆਈਆ। ਮੇਲ ਮਿਲਾਵਾ ਰਾਮਾ ਪੂਤ ਸਪੂਤਾ ਦਸਰਾਥਾ, ਦਹਿਸਰ ਰਾਵਨ ਮਨ ਹੰਕਾਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਲੇਖਾ ਦਏ ਵਖਾਈਆ। ਜਿਸ ਲੇਖਾ ਤਿਸ ਮੇਲਿਆ, ਕਰ ਕਿਰਪਾ ਗੁਣ ਨਿਧਾਨ। ਏਕਾ ਦਰ ਵਖਾਏ ਗੁਰੂ ਗੁਰ ਚੇਲਿਆ, ਗੁਰ ਚੇਲਾ ਰੂਪ ਸ੍ਰੀ ਭਗਵਾਨ। ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਸਰਗੁਣ ਸੱਜਣ ਸੁਹੇਲਿਆ, ਜੀਆ ਆਤਮ ਦੇਵੇ ਜੀਆ ਦਾਨ। ਰਾਏ ਧਰਮ ਦੀ ਕਟੇ ਜੇਲਿਆ, ਚਿਤਰ ਗੁਪਤ ਲੇਖਾ ਮੰਗੇ ਨਾ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਲਏ ਪਛਾਣ। ਜਿਸ ਲੇਖਾ ਤਿਸ ਮੁਕਿਆ ਪੰਧ, ਲੱਖ ਚੁਰਾਸੀ ਪੰਧ ਨਾ ਕੋਇ ਰਖਾਈਆ। ਹਰਿਜਨ ਤਜਿਆ ਮਦਿਰਾ ਮਾਸ ਗੰਦ, ਮਧਰ ਨੈਣ ਦਰਸ ਵਖਾਈਆ। ਆਤਮ ਉਪਜਾਏ ਪਰਮਾਨੰਦ, ਨਿਜ ਆਤਮ ਕਰੇ ਰਸਾਈਆ। ਦੂਈ ਦਵੈਤੀ ਢਾਏ ਕੰਧ, ਭਾਂਡਾ ਭਰਮ ਭੌ ਭੰਨਾਈਆ। ਗੀਤ ਸੁਣਾਏ ਸੁਹਾਗੀ ਛੰਦ, ਸੋਹੰ ਅੱਖਰ ਕਰੇ ਪੜ੍ਹਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਮਾਤਲੋਕ ਰਹਿਣ ਨਾ ਪਾਈਆ। ਕਰੇ ਪਰਕਾਸ਼ ਅੰਧੇਰੇ ਅੰਧ, ਜੋਤ ਨਿਰੰਜਣ ਕਰ ਰੁਸ਼ਨਾਈਆ। ਜਗਤ ਵਿਹਾਰਾ ਕਰੇ ਖੰਡ ਖੰਡ, ਜਿਸ ਜਨ ਆਪਣੀ ਬੂਝ ਬੁਝਾਈਆ। ਰਾਏ ਧਰਮ ਨਾ ਦੇਵੇ ਦੰਡ, ਲੇਖਾ ਲੇਖ ਦਏ ਮੁਕਾਈਆ। ਪੁਰਖ ਅਬਿਨਾਸ਼ੀ ਸਦਾ ਬਖ਼ਸ਼ੰਦ, ਹਰਿਜਨ ਹਰਿ ਹਰਿ ਲਏ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਅਗਨੀ ਤੱਤ ਹੋਏ ਸਹਾਈਆ। ਜਿਸ ਲੇਖਾ ਤਿਸ ਪਾਇਆ ਮਾਣ, ਹਰਿ ਸੱਜਣ ਮੇਲ ਮਿਲਾਇਆ। ਸ਼ਬਦ ਅਗੰਮੀ ਸੁਣਿਆ ਫ਼ਰਮਾਨ, ਸਤਿ ਸਤਿ ਆਪ ਸੁਣਾਇਆ। ਤੀਰ ਅਨਿਯਾਲਾ ਵੱਜਾ ਬਾਣ, ਗੁਰ ਸ਼ਬਦੀ ਬਾਣ ਚਲਾਇਆ। ਸੱਥ ਲੱਥੇ ਪੰਜ ਸ਼ੈਤਾਨ, ਹਿੰਸਾ ਰੂਪ ਨਾ ਕੋਇ ਵਟਾਇਆ। ਅੰਮ੍ਰਿਤ ਸੋਮਾ ਫੁੱਟੇ ਵਿਚ ਕਾਇਆ ਮਕਾਨ, ਨਿਝਰ ਝਿਰਨਾ ਦਏ ਝਿਰਾਇਆ। ਸਤਿ ਸੰਤੋਖ ਦੇਵੇ ਪੀਣ ਖਾਣ, ਧੀਰਜ ਧੀਰ ਇਕ ਧਰਾਇਆ। ਹਰਖ ਸੋਗ ਮਿਟੇ ਜਹਾਨ, ਜਿਸ ਜਨ ਸਤਿਗੁਰ ਪੂਰਾ ਗਾਇਆ। ਅੰਤਮ ਮੋਖ ਮੁਕਤ ਚਰਨ ਚੁੰਮੇ ਆਣ, ਹਰਿਜਨ ਤੇਰੇ ਦਰ ਸੀਸ ਝੁਕਾਇਆ। ਤੇਰਾ ਨਾਤਾ ਜੁੜਿਆ ਇਕ ਭਗਵਾਨ, ਦੂਸਰ ਓਟ ਨਾ ਕੋਇ ਤਕਾਇਆ। ਅੰਤਮ ਵੇਲੇ ਮੇਲੇ ਆਣ, ਸ਼ਬਦ ਬਬਾਨੇ ਲਏ ਚੜ੍ਹਾਇਆ। ਸਚਖੰਡ ਵਸਾਏ ਸਚ ਮਕਾਨ, ਥਿਰ ਘਰ ਆਸਣ ਇਕ ਰਖਾਇਆ। ਆਵਣ ਜਾਵਣ ਚੁੱਕੇ ਕਾਨ, ਮਾਤ ਗਰਭ ਦਸ ਦਸ ਮਾਸ ਨਾ ਫੇਰ ਤਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਲੇਖਾ ਤਿਸ ਆਪ ਚੁਕਾਇਆ। ਬਿਨ ਮਰਨ ਜਨਮ ਬਦਲਾਏ, ਗੁਰ ਸਤਿਗੁਰ ਹੱਥ ਵਡਿਆਈਆ। ਪਿਛਲਾ ਲੇਖਾ ਦਏ ਮੁਕਾਏ, ਅਗਲਾ ਲੇਖਾ ਆਪ ਬਣਾਈਆ। ਆਪਣੀ ਹੱਥੀਂ ਕ਼ਲਮ ਫਰਾਏ ਨਾ ਕੋਈ ਮੇਟੇ ਮੇਟ ਮਿਟਾਈਆ। ਨਿਹਕਰਮੀ ਸਚ ਕਰਮ ਕਮਾਏ, ਕਰਮ ਕਾਂਡ ਦਏ ਖਪਾਈਆ। ਵਰਨ ਬਰਨ ਇਕ ਰਖਾਏ, ਬ੍ਰਹਮ ਪਾਰਬ੍ਰਹਮ ਸਰਨਾਈਆ। ਸਾਚਾ ਜਨਮ ਫਿਰ ਦਵਾਏ, ਜਿਸ ਜਨ ਆਪਣੀ ਬੂਝ ਬੁਝਾਈਆ। ਸੁਰਤੀ ਸ਼ਬਦੀ ਲਏ ਮਿਲਾਏ, ਸ਼ਬਦ ਸੁਰਤ ਹੋਏ ਕੁੜਮਾਈਆ। ਅਕਾਲ ਮੂਰਤ ਨਜ਼ਰੀ ਆਏ, ਨਿਰਗੁਣ ਆਪਣਾ ਦਰਸ ਵਖਾਈਆ। ਨਾਦ ਤੂਰਤ ਇਕ ਵਜਾਏ, ਰਾਗੀ ਰਾਗ ਆਪ ਸੁਣਾਈਆ। ਪੂਰਬ ਮਨਸਾ ਦਏ ਚੁਕਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਮਾਨਸ ਜਨਮ ਦਏ ਬਦਲਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਹਿਰਦੇ ਅੰਦਰ ਹਰਿ ਵਸਾ, ਜੂਠਾ ਝੂਠਾ ਮੋਹ ਚੁਕਾਇੰਦਾ। ਸਾਚੇ ਮਾਰਗ ਦੇਵੇ ਲਾ, ਸਤੋ ਗੁਣ ਇਕ ਸਮਝਾਇੰਦਾ। ਕਲਜੁਗ ਅਗਨੀ ਤੱਤ ਦਏ ਮਿਟਾ, ਸਾਚਾ ਸੁਤ ਇਕ ਰਖਾਇੰਦਾ। ਬ੍ਰਹਮ ਮਤ ਝੋਲੀ ਪਾ, ਮਨ ਮਤ ਗਵਾਇੰਦਾ। ਏਕਾ ਘਰ ਦਏ ਵਖਾ, ਥਿਰ ਦਰਬਾਰਾ ਆਪ ਸੁਹਾਇੰਦਾ। ਹਰਿਜਨ ਹਰਿ ਹਰਿ ਲਏ ਮਿਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਜਨਮ ਵਿਚ ਮਿਟਾਇੰਦਾ। ਜਨਮ ਮੇਟਿਆ ਦੁੱਖ, ਭਾਂਡਾ ਭਰਮ ਭੌ ਭੰਨਾਇਆ। ਘਰ ਉਪਜੇ ਸਾਚਾ ਸੁਖ, ਗੁਰ ਸਤਿਗੁਰ ਸੱਜਣ ਪਾਇਆ। ਮਾਤ ਗਰਭ ਨਾ ਹੋਵੇ ਉਲਟਾ ਰੁਖ, ਆਵਣ ਜਾਵਣ ਰਹੇ ਨਾ ਰਾਇਆ। ਸੁਫਲ ਹੋਏ ਜਨਣੀ ਕੁੱਖ, ਜਿਸ ਜਨ ਹਰਿ ਹਰਿ ਅੰਗ ਲਗਾਇਆ। ਮਾਨਸ ਦੇਹੀ ਲੇਖੇ ਲਾਏ ਮਾਨੁਖ, ਮਨ ਮਣਕਾ ਦਏ ਭਵਾਇਆ। ਅੰਮ੍ਰਿਤ ਜਾਮ ਪਿਆਏ ਘੁਟ, ਸਰ ਸਰੋਵਰ ਇਕ ਨੁਹਾਇਆ। ਆਵਣ ਜਾਵਣ ਜਾਏ ਛੁਟ, ਜਮ ਕਾ ਭੌ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਨਸ ਮਾਨਸ ਲਏ ਤਰਾਇਆ। ਮਾਨਸ ਪਾਇਆ ਹਰਿ, ਹਰਿ ਮੇਲਾ ਮੇਲ ਮਿਲਾਈਆ। ਘਰ ਵਿਚ ਵੇਖੇ ਆਪਣਾ ਘਰ, ਘਰ ਘਰ ਵਿਚ ਵੱਜੇ ਵਧਾਈਆ। ਨਿਰਭੌ ਚੁਕਾਏ ਝੂਠਾ ਡਰ, ਭੈ ਆਪਣਾ ਇਕ ਸਮਝਾਈਆ। ਗੁਰਮੁਖ ਜੀਵਤ ਜਾਏ ਮਰ, ਨਾਤਾ ਜਗਤ ਮੋਹ ਤੁੜਾਈਆ। ਹਰਿ ਚਰਨ ਸਰਨਾਈ ਜਾਏ ਪੜ, ਜਨਮ ਜਨਮ ਲਏ ਬਦਲਾਈਆ। ਹਰਿ ਸੰਗਤ ਬਹੇ ਏਕਾ ਵਾਰ ਰਲ, ਕਾਗ ਹੰਸ ਰੂਪ ਹੋ ਜਾਈਆ। ਸਚ ਸਿੰਘਾਸਣ ਲਏ ਮੱਲ, ਆਸਣ ਪੁਰਖ ਅਬਿਨਾਸ਼ਣ ਸੋਭਾ ਪਾਈਆ। ਦੀਪਕ ਜੋਤ ਜਾਏ ਜਲ, ਅਗਿਆਨ ਅੰਧੇਰ ਮਿਟਾਈਆ। ਭਾਗ ਲਗਾਏ ਕਾਇਆ ਮਾਟੀ ਖੱਲ, ਪੰਜ ਤੱਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਈ ਦਵੈਤੀ ਮੇਟੇ ਸਲ, ਏਕਾ ਰੰਗ ਰੰਗਾਈਆ। ਮਿਟੇ ਸਲ ਚੁੱਕੇ ਬੰਧਨ, ਪਾਇਆ ਹਰਿ ਨਿਰੰਕਾਰਾ। ਉਪਜੇ ਘਰ ਪਰਮਾਨੰਦਨ, ਸੋਹੇ ਬੰਕ ਦੁਆਰਾ। ਆਤਮ ਮਹਿਕਾਏ ਵਾਂਗ ਚੰਦਨ, ਸਚ ਸੁਗੰਧੀ ਵਿਚ ਸੰਸਾਰਾ। ਸਾਹਿਬ ਦਿਆਲ ਸਦਾ ਬਖ਼ਸ਼ੰਦਨ, ਹਰਿ ਬਖ਼ਸ਼ਸ਼ ਕਰੇ ਬਖ਼ਸ਼ਣਹਾਰਾ। ਪਹਿਲਾ ਜਨਮ ਕਰੇ ਖੰਡਣ, ਦੂਜਾ ਜਨਮ ਗੁਰੂ ਦੁਆਰਾ। ਗੁਰ ਮਾਤ ਗੁਰ ਪਿਤ ਗੁਰ ਸਦਾ ਸਦਾ ਤੋੜੇ ਫੰਦਨ, ਕਰ ਕਿਰਪਾ ਪਾਰ ਉਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਨਸ ਜਨਮ ਹਰਿਜਨ ਆਪ ਸਵਾਰਾ। ਸਚ ਸੁਲਤਾਨ ਸੱਚੀ ਸਰਕਾਰ, ਸਤਿ ਪੁਰਖ ਨਿਰੰਜਣ ਆਪ ਬਣਾਇੰਦਾ। ਸਾਚੇ ਤਖ਼ਤ ਬੈਠ ਨਿਰੰਕਾਰ, ਸਾਚਾ ਅਦਲ ਆਪ ਕਮਾਇੰਦਾ। ਜੁਗਾ ਜੁਗੰਤਰ ਹੋ ਉਜਿਆਰ, ਲੱਖ ਚੁਰਾਸੀ ਮੂਲ ਚੁਕਾਇੰਦਾ। ਕਲਜੁਗ ਅੰਤਮ ਖੇਲ ਅਪਾਰ, ਨਿਰਗੁਣ ਆਪਣਾ ਆਪ ਕਰਾਇੰਦਾ। ਤਖ਼ਤ ਨਿਵਾਸੀ ਬਣ ਸਿਕਦਾਰ, ਲੋਕਮਾਤ ਫੇਰਾ ਪਾਇੰਦਾ। ਚਾਰ ਜੁਗ ਦੀ ਵੇਖੇ ਕਾਰ, ਗੁਰ ਅਵਤਾਰ ਜੋ ਮਾਤ ਘਲਾਇੰਦਾ। ਭੁਲ ਨਾ ਜਾਏ ਅਭੁਲ ਸਿਰਜਣਹਾਰ, ਆਪਣਾ ਲੇਖਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਾਚਾ ਭੇਵ ਜਣਾਇਆ, ਪੁਰਖ ਅਬਿਨਾਸ਼ੀ ਬੇਪਰਵਾਹ । ਸਚਖੰਡ ਨਿਵਾਸੀ ਹੁਕਮ ਸੁਣਾਇਆ, ਧੁਰ ਫ਼ਰਮਾਨਾ ਆਪ ਉਪਾ। ਆਪਣਾ ਮਾਰਗ ਆਪੇ ਲਾਇਆ, ਆਪੇ ਦਏ ਸਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਖਿਲਾ। ਨਿਰਗੁਣ ਚਲਾਇਆ ਆਪਣਾ ਮਿਸ਼ਨ, ਲੱਖ ਚੁਰਾਸੀ ਬਣਤ ਬਣਾਈਆ। ਹੁਕਮ ਨਾਲ ਬਣਾਏ ਰਾਮਾ ਕ੍ਰਿਸ਼ਨ, ਜੁਗ ਜੁਗ ਵੇਸ ਵਟਾਈਆ। ਲੇਖਾ ਜਾਣੇ ਬ੍ਰਹਮਾ ਮਹੇਸ਼ ਵਿਸ਼ਨ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਾ ਇਕ ਜਣਾਈਆ। ਸਾਚਾ ਲਾ ਸ੍ਰੀ ਭਗਵਾਨ, ਏਕਾ ਏਕ ਬਣਾਇਆ। ਲੱਖ ਚੁਰਾਸੀ ਮੇਰਾ ਨਾਂ, ਨਾਉਂ ਨਿਰੰਕਾਰਾ ਆਪ ਸੁਣਾਇਆ। ਪੁਰੀਆਂ ਲੋਆਂ ਹੋਏ ਸਹਾ, ਜਲ ਥਲ ਮਹੀਅਲ ਫੇਰਾ ਪਾਇਆ। ਨੌਂ ਖੰਡ ਪ੍ਰਿਥਮੀ ਵੇਖੇ ਥਾਂ ਥਾਂ, ਗਗਨ ਗਗਨੰਤਰ ਫੋਲ ਫੁਲਾਇਆ। ਆਦਿ ਜੁਗਾਦਿ ਕਰੇ ਸਚ ਨਿਆਂ, ਸਾਚੇ ਤਖ਼ਤ ਆਪ ਸੁਹਾਇਆ। ਠਗ ਚੋਰ ਕੋਈ ਛੱਡੇ ਨਾ, ਜੋ ਬੈਠੇ ਮੁਖ ਭਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਲਗਾਇਆ। ਸਾਚਾ ਮਾਰਗ ਹਰਿ ਅਦਾਲਤ, ਹਰਿ ਵੱਡਾ ਆਪ ਕਰਾਈਆ। ਜੁਗ ਜੁਗ ਕਰੇ ਸਚ ਵਕਾਲਤ, ਭਗਵਨ ਭਗਤੀ ਰੂਪ ਤਰਾਈਆ। ਏਕਾ ਨਾਮ ਦਏ ਜ਼ਮਾਨਤ, ਜ਼ਿਮਨੀ ਹੋਰ ਨਾ ਕੋਇ ਲਿਖਾਈਆ। ਨਿਰਗੁਣ ਸਰਗੁਣ ਕਰੇ ਸਫ਼ਾਰਸ਼, ਦੂਸਰ ਮੰਗੇ ਨਾ ਕੋਇ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਬੈਠਾ ਵੇਖ ਵਖਾਈਆ। ਸਚਖੰਡ ਵਖਾਏ ਧਰਮ ਰਾਜ, ਲੋਕਮਾਤ ਵੱਜੇ ਵਧਾਈਆ। ਨਿਰਗੁਣ ਰਚ ਰਚ ਆਪਣਾ ਕਾਜ, ਲੱਖ ਚੁਰਾਸੀ ਖੇਲ ਖਿਲਾਈਆ। ਬਣ ਹਲਕਾਰਾ ਗੁਰ ਅਵਤਾਰਾ ਮਾਰਦਾ ਰਿਹਾ ਵਾਜ, ਹਰਿਜਨ ਸਚੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਚਲਾਈਆ। ਜੁਗ ਜੁਗ ਹੁਕਮ ਚਲਾਏ ਹੁਕਮਰਾਨ, ਹਾਕਮ ਆਪਣਾ ਨਾਉਂ ਧਰਾਇੰਦਾ। ਫੜ ਫੜ ਮੇਟੇ ਪੰਜ ਸ਼ੈਤਾਨ, ਬੇਈਮਾਨ ਕੋਈ ਰਹਿਣ ਨਾ ਪਾਇੰਦਾ। ਇਕ ਜਣਾਏ ਸਚ ਨਜ਼ਾਮ, ਅਮਾਮ ਅਮਾਮਾ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਸਾਚਾ ਖੇਲ ਖਿਲਾਇੰਦਾ। ਸਤਿਜੁਗ ਸਾਚਾ ਸਚ ਵਿਹਾਰਾ, ਸ਼ਾਹ ਪਾਤਸ਼ਾਹ ਆਪ ਕਰਾਈਆ। ਨਿਰਗੁਣ ਨਿਰਵੈਰ ਬਣ ਸਿਕਦਾਰਾ, ਸਾਚਾ ਹੁਕਮ ਚਲਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਪਨਿਹਾਰਾ, ਸਾਚੀ ਸੇਵ ਸਮਝਾਈਆ। ਲੋਕਮਾਤ ਕੱਢੇ ਆਪ ਵਗਾਰਾ, ਨਿਰਗੁਣ ਸਰਗੁਣ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਾਚਾ ਖੇਲ ਕਰਨੇਹਾਰਾ, ਏਕਾ ਰੂਪ ਧਰਾਇੰਦਾ। ਰਾਮ ਰਮਈਆ ਹੋ ਤਿਆਰਾ, ਰਾਵਣ ਗੜ੍ਹ ਤੁੜਾਇੰਦਾ। ਝੂਠਾ ਛੱਡਿਆ ਤਖ਼ਤ ਸੰਸਾਰਾ, ਸਾਚਾ ਤਖ਼ਤ ਆਪਣੇ ਅੰਦਰ ਆਸਣ ਲਾਇੰਦਾ। ਏਕਾ ਪ੍ਰੇਮ ਕੀਆ ਪਿਆਰਾ, ਹਨੁਮੰਤ ਨਾਉਂ ਧਰਾਇੰਦਾ। ਏਕਾ ਚਰਨ ਕਵਲ ਕੀਆ ਪਿਆਰਾ, ਲਕਸ਼ਮਨ ਆਪਣਾ ਮਾਣ ਦਵਾਇੰਦਾ। ਏਕਾ ਸੀਤਾ ਦਏ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਏਕਾ ਭਰਤ ਬਣਾਏ ਵਣਜਾਰਾ, ਰਾਜ ਜੋਗ ਆਪ ਸਮਝਾਇੰਦਾ। ਏਕਾ ਖੇਲੇ ਖੇਲ ਜੰਗਲ ਜੂਹ ਉਜਾੜ ਪਹਾੜਾ, ਜੀਵ ਜੰਤ ਰਈਅਤ ਆਪਣੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਸਾਚੀ ਧਾਰ ਬੰਨ੍ਹਣਹਾਰਾ ਸਾਚਾ ਕਮਿਸ਼ਨ ਆਪ ਬਣਾਈਆ। ਆਪੇ ਬਣੇ ਸਾਚਾ ਸ਼ਿਸ਼ਨ, ਜਜ ਹੋਰ ਨਾ ਕੋਇ ਬਣਾਈਆ। ਰੂਪ ਵਖਾਏ ਕਾਹਨਾ ਕ੍ਰਿਸ਼ਨ, ਦੋਏ ਦੋਏ ਲੇਖਾ ਆਪ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੂਪ ਧਰਾਈਆ। ਜੁਗ ਜੁਗ ਰੂਪ ਅਵੱਲੜਾ, ਹਰਿ ਸਾਚਾ ਸਚ ਧਰਾਇੰਦਾ। ਕਰੇ ਖੇਲ ਇਕ ਅਨਮੁਲੜਾ, ਅਕਲ ਕਲ ਆਪ ਅਖਵਾਇੰਦਾ। ਸ਼ਬਦੀ ਜੋਤੀ ਪਵਣੀ ਆਪੇ ਰਲੜਾ, ਪਾਣੀ ਪਵਣ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਸ ਵਟਾਇੰਦਾ। ਕਲਜੁਗ ਅੰਤਮ ਵੇਸ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਲੋਕਮਾਤ ਬਣਾਏ ਸਚਖੰਡ ਦੁਆਰਾ, ਨਿਰਗੁਣ ਆਪਣੀ ਜੋਤ ਜਗਾਈਆ। ਹੁਕਮੀ ਹੁਕਮ ਕਰੇ ਵਰਤਾਰਾ, ਸਚ ਸੰਦੇਸ਼ਾ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਲਿਆਏ ਚਰਨ ਦੁਆਰਾ, ਦਰ ਦਰਬਾਨ ਲਏ ਬਹਾਈਆ। ਚਿਤਰ ਗੁਪਤ ਉਠਾਏ ਲਿਖਾਰਾ, ਲੱਖ ਚੁਰਾਸੀ ਲਿਖਿਆ ਨਾਲ ਲਿਆਈਆ। ਰਾਏ ਧਰਮ ਵਖਾਏ ਆਪਣੀ ਧਾਰਾ, ਜੋ ਰਖਿਆ ਲਾ ਬਣਾਈਆ। ਜਮ ਜਮਦੂਤ ਆਇਨ ਵਾਰੋ ਵਾਰਾ, ਆਪਣਾ ਜਬੂੜਾ ਹੱਥ ਉਠਾਈਆ। ਪੁਰਖ ਅਬਿਨਾਸ਼ੀ ਏਕਾ ਦੱਸੇ ਧਾਮ ਨਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਸ਼ਹਿਨਸ਼ਾਹੀਆ। ਸਾਚਾ ਹੁਕਮ ਹਰਿ ਫ਼ਰਮਾਨ, ਆਪਣਾ ਆਪ ਸੁਣਾਇੰਦਾ। ਕੱਠੇ ਹੋਣਾ ਸਚ ਮਕਾਨ, ਸਚ ਮਕਾਨਾ ਇਕ ਬਣਾਇੰਦਾ। ਸੰਬਲ ਨਗਰੀ ਸਤਿ ਨਿਸ਼ਾਨ, ਪੁਰਖ ਅਬਿਨਾਸ਼ੀ ਡੇਰਾ ਲਾਇੰਦਾ। ਸੇਵਾ ਕਰੇ ਗੋਬਿੰਦ ਜਵਾਨ, ਗੋਬਿੰਦ ਆਪਣਾ ਬਲ ਰਖਾਇੰਦਾ। ਰਾਮਾ ਕ੍ਰਿਸ਼ਨ ਹੋਏ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ । ਚਾਰ ਜੁਗ ਦਾ ਵੇਖੇ ਨਿਸ਼ਾਨ, ਨਿਸ਼ਾਨਾ ਆਪਣੇ ਹੱਥ ਰਖਾਇੰਦਾ। ਮੇਲ ਮਿਲਾਏ ਗੋਪੀ ਕਾਹਨ, ਸੀਤਾ ਰਾਮ ਵਿਛੜ ਨਾ ਜਾਇੰਦਾ। ਈਸਾ ਮੂਸਾ ਸੱਚੇ ਦਰ ਦਰਬਾਨ, ਦਰ ਦਰਵੇਸ਼ ਆਪ ਸਦਾਇੰਦਾ। ਮੁਹੰਮਦ ਪਕੜੇ ਚਾਰ ਯਾਰੀ ਕਰੇ ਪਰਵਾਨ, ਯਾਰ ਯਾਰੀ ਸੰਗ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਦਾਲਤ ਆਪ ਸੁਹਾਇੰਦਾ। ਸਚ ਅਦਾਲਤ ਬਣਾਏ ਸੋਭਾਵੰਤ, ਸਚਖੰਡ ਨਿਵਾਸ ਵੱਜੀ ਵਧਾਈਆ। ਕਰੇ ਖੇਲ ਸ੍ਰੀ ਭਗਵੰਤ, ਕਲਜੁਗ ਅੰਤਮ ਬੇਪਰਵਾਹੀਆ। ਲੱਖ ਚੁਰਾਸੀ ਵੇਖੇ ਜੀਵ ਜੰਤ, ਭੁਲ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਜਣਾਈਆ। ਆਪਣਾ ਹੁਕਮ ਜਣਾਏ ਹਰਿ ਹਰਿ, ਕਲਜੁਗ ਅੰਤਮ ਵਾਰੀ ਆਈਆ। ਜਗਤ ਵਕਾਰੀ ਆਪੇ ਫੜ ਫੜ, ਏਕਾ ਭੌ ਰਖਾਈਆ। ਜੁਗ ਜੁਗ ਗੁਰ ਅਵਤਾਰ ਮਨਮੁਖ ਮੁਕੌਂਦੇ ਰਹੇ ਲੜ ਲੜ, ਤੀਰ ਕਮਾਨ ਤਲਵਾਰ ਹੱਥ ਉਠਾਈਆ। ਕਲਜੁਗ ਅੰਤਮ ਸ਼ਾਹ ਪਾਤਸ਼ਾਹ ਸਾਚੇ ਤਖ਼ਤ ਬੈਠਾ ਚੜ੍ਹ, ਏਕਾ ਹੁਕਮ ਦਏ ਸੁਣਾਈਆ। ਹੁਕਮੇ ਅੱਗੇ ਕੋਇ ਨਾ ਸਕੇ ਅੜ, ਗੁਰ ਅਵਤਾਰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਦਏ ਸਮਝਾਈਆ। ਧੁਰ ਫ਼ਰਮਾਨਾ ਸੁਣਾਏ ਸਚ ਨਿਸ਼ਾਨ, ਹਰਿ ਸਾਚਾ ਆਪ ਪਰਗਟਾਈਆ। ਲੇਖਾ ਜਾਣੇ ਦੋ ਜਹਾਨ, ਭੇਵ ਅਭੇਦਾ ਆਪ ਖੁਲ੍ਹਾਈਆ। ਵੇਖ ਵਖਾਏ ਆਦਿ ਸ਼ਕਤ ਭਗਵਾਨ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਅਸ਼ਟਭੁਜ ਵੇਖੇ ਮਾਰ ਧਿਆਨ, ਸਿੰਘ ਸ਼ੇਰ ਸ਼ੇਰ ਵਡੀ ਵਡਿਆਈਆ। ਚਾਰ ਜੁਗ ਜੋ ਦੱਸਦਾ ਆਇਆ ਕਹਾਣ, ਆਪਣਾ ਨਾਉਂ ਮਾਤ ਪ੍ਰਗਟਾਈਆ। ਅੰਤਮ ਕਰੇ ਪੁਣ ਛਾਣ, ਲੇਖਾ ਲੇਖਾ ਲਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਪਹਿਲਾ ਮੁਕਦਮਾ ਦੀਵਾਨੀ ਲਏ ਚਲਾਈਆ। ਜਗਤ ਮੁਕੱਦਮਾ ਚਲੇ ਦੀਵਾਨੀ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਰਾਜ ਰਾਜਾਨਾਂ ਆਈ ਹਾਨੀ, ਸਾਚਾ ਪਾਤਸ਼ਾਹ ਨਾ ਕੋਇ ਅਖਵਾਇੰਦਾ। ਮਾਇਆਧਾਰੀ ਪਹਿਲੋਂ ਦੇਣ ਕੁਰਬਾਨੀ, ਗਰੀਬ ਨਿਮਾਣੇ ਗਲੇ ਲਗਾਇੰਦਾ। ਉਚੇ ਮੰਦਰ ਮੇਟੇ ਨਿਸ਼ਾਨੀ, ਕੁੱਲੀ ਕੱਖਾਂ ਆਪ ਪ੍ਰਗਟਾਇੰਦਾ। ਲੱਖ ਚੁਰਾਸੀ ਵੇਖੇ ਜਵਾਨੀ, ਜੋਬਨ ਮਾਤ ਨਾ ਕੋਇ ਹੰਢਾਇੰਦਾ। ਦਰ ਬੱਧੇ ਦੇਵੇ ਠੰਡਾ ਕੋਇ ਨਾ ਪਾਣੀ, ਹੱਥ ਸੀਰ ਨਾ ਕੋਇ ਫੜਾਇੰਦਾ। ਜੋ ਝੂਠੀ ਰਸਨਾ ਪੜ੍ਹਦੇ ਰਹੇ ਬਾਣੀ, ਅੰਤਮ ਬਾਣ ਨਿਰਾਲਾ ਲਾਇੰਦਾ। ਕਿਸੇ ਸੇਜ ਨਾ ਮਿਲੇ ਰਾਜੇ ਰਾਣੀ, ਸ਼ਾਹ ਸੁਲਤਾਨਾ ਖ਼ਾਕ ਮਿਲਾਇੰਦਾ। ਕੋਈ ਦਲੀਲ ਨਾ ਦੇਵੇ ਜਗਤ ਵਿਦਵਾਨੀ, ਜਗਤ ਵਿਦਿਆ ਨਾ ਕੋਇ ਰਖਾਇੰਦਾ। ਬਣ ਵਿਚੋਲਾ ਨਾ ਮਾਰੇ ਭਾਨੀ, ਦੂਸਰ ਅੰਗ ਨਾ ਕੋਇ ਲਗਾਇੰਦਾ। ਲੇਖਾ ਵੇਖਾ ਚਾਰ ਖਾਣੀ, ਧਰਮ ਰਾਏ ਨਾਲ ਰਲਾਇੰਦਾ। ਚਿਤਰ ਗੁਪਤ ਸਭ ਦਾ ਹੋਇਆ ਜਾਨ ਜਾਣੀ, ਇਕ ਇਕ ਲੇਖਾ ਆਪ ਸੁਣਾਇੰਦਾ। ਕਲਜੁਗ ਜੀਵਾਂ ਨਾਤਾ ਬੱਧਾ ਮਾਤ ਪਿਤ ਭੈਣ ਭਾਈ ਨਾਨਾ ਨਾਨੀ, ਨਿਰਗੁਣ ਨਾਮ ਨਾ ਕੋਇ ਧਰਾਇੰਦਾ। ਮਾਇਆ ਰਾਣੀ ਘਰ ਘਰ ਹੋਈ ਪਰਧਾਨੀ, ਮਾਇਆ ਮਮਤਾ ਮੋਹ ਨਾਚ ਨਚਾਇੰਦਾ। ਤੇਰਾ ਦੇਣਾ ਨਾ ਸਕੇ ਕੋਇ ਪਛਾਣੀ, ਮਕ਼ਰੂਜ਼ ਕ਼ਰਜ਼ ਨਾ ਕੋਇ ਲਾਹਿੰਦਾ। ਕਲਜੁਗ ਅੰਤਮ ਵੇਖੇ ਆਪ ਸ੍ਰੀ ਭਗਵਾਨੀ ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਦੀਵਾਨੀ ਦਾਵਾ ਹੋਣਾ ਦਾਇਰ, ਹਾੜ ਸਤਾਰਾਂ ਹਰਿ ਸਮਝਾਈਆ। ਬਚਿਆ ਰਹੇ ਨਾ ਕੋਈ ਨਗਰ ਖੇੜਾ ਪਿੰਡ ਸ਼ਹਿਰ, ਸ਼ਾਹ ਪਾਤਸ਼ਾਹ ਵੇਖੇ ਥਾਉਂ ਥਾਈਂਆ। ਨੌਂ ਖੰਡ ਪ੍ਰਿਥਮੀ ਚਲੇ ਏਕਾ ਮੋਹਰ, ਏਕਾ ਹੁਕਮ ਦਏ ਸੁਣਾਈਆ। ਲੁਕਿਆ ਰਹੇ ਨਾ ਕੋਈ ਅਮੀਰ ਤਮੀਰ, ਹੁਕਮਰਾਨ ਸਾਚਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਮਕਦਮ ਆਪਣੇ ਦਰ ਬੁਲਾਈਆ। ਜਗਤ ਮੁਕੱਦਮ ਆਇਣ ਦਰ, ਹਰਿ ਸਾਚਾ ਸਚ ਬੁਲਾਇੰਦਾ। ਲਿਖੀ ਡਾਇਰੀ ਜੋ ਘਰ ਘਰ, ਆਪਣਾ ਹਿਸਾਬ ਵਖਾਇੰਦਾ। ਆਪਣੀ ਕੀਤੀ ਲੈਣ ਭਰ, ਤੇਰਾ ਇਨਸਾਫ਼ ਮੋਹਿ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਦਾਲਤ ਆਪ ਲਗਾਇੰਦਾ। ਸਚ ਅਦਾਲਤ ਕਰੇ ਸੁਲਤਾਨਾ, ਮਜਿਸਟਰੇਟ ਆਪ ਅਖਵਾਈਆ। ਏਕਾ ਵਾਰ ਦੇਵੇ ਧੁਰ ਫ਼ਰਮਾਨਾ, ਆਪਣੀ ਹੱਥੀਂ ਭਰਾਏ ਹਰਿ ਤਲਬਾਨਾ, ਤਲਬ ਸਾਰੇ ਲਏ ਕਰਾਈਆ। ਦਸ ਬੀਸ ਤੀਸ ਨਾ ਕਰੇ ਕਿਸੇ ਜੁਰਮਾਨਾ, ਜੁਰਮ ਆਪਣਾ ਆਪਣੇ ਹੱਥ ਰਖਾਈਆ। ਨਾ ਕੋਈ ਸਫ਼ਾਰਸ਼ ਆਏ ਚਲ ਮਕਾਨਾ, ਦਰ ਦਵਾਰਾ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰਾਂ ਆਪਣੇ ਦਰ ਆਪੇ ਸੱਦੇ ਅੱਗੇ ਕੱਢ ਵਖਾਏ ਪਰਵਾਨਾ, ਸਾਚਾ ਨਾਉਂ ਕਿਸੇ ਕੋਇ ਨਜ਼ਰ ਨਾ ਆਈਆ। ਲੱਖ ਚੁਰਾਸੀ ਗੌਂਦੀ ਰਹੀ ਗਾਨਾ, ਜਗਤ ਤਾਲ ਰੂਪ ਵਟਾਈਆ। ਕਿਸੇ ਮਿਲਿਆ ਨਾ ਸ੍ਰੀ ਭਗਵਾਨਾ, ਜੋ ਅੰਤ ਲਏ ਛੁਡਾਈਆ। ਕਲਜੁਗ ਜੀਵ ਬੱਧਾ ਦੋ ਜਹਾਨਾਂ, ਦੋਏ ਦੋਏ ਲੇਖਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਦਾਲਤ ਰਿਹਾ ਕਰਾਈਆ। ਸਾਚੀ ਅਦਾਲਤ ਕਰੇ ਹਮੇਸ਼, ਪਾਰਬ੍ਰਹਮ ਵਡੀ ਵਡਿਆਈਆ। ਕਲਜੁਗ ਅੰਤਮ ਫੌਜਦਾਰੀ ਚਲਿਆ ਕੇਸ, ਨੌਂ ਖੰਡ ਪ੍ਰਿਥਮੀ ਪਈ ਲੜਾਈਆ। ਸਾਲਸ ਬਣੇ ਗੁਰ ਦਸਮੇਸ, ਦੂਸਰ ਅਵਰ ਨਾ ਕੋਇ ਵਡਿਆਈਆ। ਮੁਜਰਮ ਬਣਾਏ ਮਸਾਇਕ ਮੁੱਲਾ ਸ਼ੇਖ਼, ਪੀਰ ਦਸਤਗੀਰ ਨਾਲ ਰਲਾਈਆ। ਅੱਲਾ ਰਾਣੀ ਰਹੇ ਵੇਖ, ਮਸਜਦ ਅੰਦਰ ਬੈਠੀ ਮੁਖ ਛੁਪਾਈਆ। ਚਾਰ ਯਾਰ ਬਣਨ ਦਰਵੇਸ਼, ਏਕਾ ਹੁਕਮ ਸੁਣਾਈਆ। ਹਾੜ ਸਤਾਰਾਂ ਫੜ ਕੇ ਕਰਨੀ ਪੇਸ਼, ਪੁਰਖ ਅਬਿਨਾਸ਼ੀ ਏਕਾ ਪੇਸ਼ੀ ਰਿਹਾ ਵਖਾਈਆ। ਅੱਧੀ ਰਾਤ ਹਾੜ ਸਤਾਰਾ ਚਲ ਕੇ ਆਏ ਨਿਰਗੁਣ ਨਾਨਕ ਮੋਢੇ ਧਰ ਕੇ ਖੂੰਡੀ ਖੇਸ, ਰੂਪ ਅਨੂਪ ਵਟਾਈਆ। ਅੱਲਾ ਰਾਣੀ ਤੇਰੀ ਅਦਾਲਤ ਮੈਂ ਲਈ ਵੇਖ, ਆਪਣੀ ਹੱਥੀਂ ਚੱਕੀ ਚਲਾਈਆ। ਗ਼ਰੀਬ ਨਿਮਾਣਿਆਂ ਹੱਥਾਂ ਪੈਰਾਂ ਪਾਏ ਛੇਕ, ਤੇਰਿਆਂ ਸ਼ੇਖ਼ਾਂ ਦਿਤੀ ਸਜ਼ਾਈਆ। ਬਾਲ ਅਞਾਣੇ ਝੂਜੇ ਖੇਤ, ਆਪਣਾ ਆਪ ਗਏ ਕਟਾਈਆ। ਛੋਟੇ ਬਾਲੇ ਨੀਆਂ ਹੇਠਾਂ ਵੇਖ, ਤੇਰੀ ਰਤੀ ਰਤ ਤਰਸ ਨਾ ਆਈਆ। ਤੂੰ ਬਣ ਦੁਹਾਗਣ ਗੁਰਮੁਖਾਂ ਖਾ ਖਾ ਭਰਿਆ ਆਪਣਾ ਪੇਟ, ਹਰਿਜਨ ਸਾਚੇ ਚਰਖੜੀਆਂ ਉਤੇ ਭਵਾਈਆ। ਕਿਸੇ ਪਵਾਈ ਸੀਸ ਤੱਤੀ ਰੇਤ, ਕਿਸੇ ਦੇਗਾਂ ਵਿਚ ਉਬਲਾਈਆ। ਤੇਰੇ ਚਾਰ ਯਾਰ ਤੇਰਾ ਖੇਲ ਰਹੇ ਵੇਖ, ਨਾਲ ਮੁਹੰਮਦ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਚ ਅਦਾਲਤ ਆਪਣੀ ਆਪ ਰਖਾਈਆ। ਸਚ ਅਦਾਲਤ ਕਰੇ ਜੱਜ, ਸਾਚੀ ਜੱਜੀ ਗੁਰਸਿਖ ਤੇਰੇ ਅੰਦਰ ਬਣਾਈਆ। ਤੇਰਾ ਮੱਕਾ ਕਾਅਬਾ ਵੇਖਿਆ ਹੁੰਦਾ ਹੱਜ, ਸ਼ਰਅ ਸ਼ਰੀਅਤ ਫੋਲ ਫੋਲਾਈਆ। ਤੇਰਾ ਪਰਦਾ ਸਕੇ ਨਾ ਕੋਇ ਕਜ, ਹੋਈ ਦੁਹਾਗਣ ਦੇਵੇ ਮਾਤ ਦੁਹਾਈਆ। ਤੇਰਾ ਉਚਾ ਹੁਜਰਾ ਜਾਣਾ ਭੱਜ, ਤੇਰੀ ਮਿਹਰਾਬ ਨਜ਼ਰ ਕੋਇ ਨਾ ਆਈਆ। ਹੁਣ ਵੇਲਾ ਜੇ ਕੋਈ ਸੱਦਣਾ ਤੇ ਲੈ ਸੱਦ, ਸਦੀ ਚੌਧਵੀਂ ਰਹੀ ਵਿਹਾਈਆ। ਚੌਦਾਂ ਸਦੀਆਂ ਜੋ ਦੱਬਦੀ ਰਹੀ ਧਰਤੀ ਵਿਚ ਹੱਡ, ਤੇਰੀਆਂ ਹੱਡੀਆਂ ਦਏ ਸੁਕਾਈਆ। ਮਾਣਸ ਘਤਦੀ ਰਹੀ ਡੂੰਘੀ ਖੱਡ, ਆਪਣਾ ਹੁਕਮ ਚਲਾਈਆ। ਅੱਜ ਬਾਂਧੀ ਬੱਧੀ ਹੋ ਜਾਈਂ ਅੱਡ, ਤੇਰਾ ਸੰਗ ਨਾ ਕੋਇ ਨਿਭਾਈਆ। ਚਾਰ ਯਾਰ ਤੈਨੂੰ ਜਾਇਣ ਛੱਡ, ਆਪਣੀ ਹੱਥੀਂ ਬੰਧਨ ਪਾਈਆ। ਪੀਰ ਪੈਗ਼ੰਬਰਾਂ ਸ਼ਾਹ ਸੁਲਤਾਨਾਂ ਜੋ ਦਵੈਤ ਪਿਆਈ ਮਦਿ, ਏਕਾ ਵਾਰ ਬਾਹਰ ਦਏ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਸੋਹੇ ਤਖ਼ਤ, ਤਖ਼ਤ ਸੁਹਾਨਾ ਆਪ ਬਣਾਈਆ। ਗੋਬਿੰਦ ਜਾਣੇ ਏਕਾ ਵਕ਼ਤ, ਜਿਸ ਹਰਿ ਹਰਿ ਆਪ ਬੁਝਾਈਆ। ਲੱਖ ਚੁਰਾਸੀ ਵਿਚੋਂ ਹਰਿਜਨ ਕੱਢੇ ਸਾਚੇ ਭਗਤ, ਭਾਰਤ ਖੰਡ ਵੱਜੀ ਵਧਾਈਆ। ਨੌਂ ਨੌਂ ਤੇਰਾ ਲੇਖਾ ਚੁੱਕੇ ਬੂੰਦ ਰਕਤ, ਰਕਤ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦਏ ਸੁਣਾਈਆ। ਸਾਚਾ ਹੁਕਮ ਸੁਣਾਇਆ ਦਸ ਦਸਮੇਸ, ਹਰਿ ਸ਼ਬਦੀ ਸ਼ਬਦ ਅਲਾਇੰਦਾ। ਕਲਜੁਗ ਅੰਤਮ ਲੱਖ ਚੁਰਾਸੀ ਲੇਖਾ ਏਕਾ ਵਾਰ ਕਰਨਾ ਪੇਸ਼, ਬਾਕੀ ਕੋਇ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਏਕਾ ਨੇਤਰ ਲਏ ਪੇਖ, ਵਰਕਾ ਵਰਕਾ ਨਾ ਕੋਇ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਹਾੜ ਸਤਾਰਾਂ ਦਏ ਖੁਲ੍ਹਾਈਆ।