੧੪ ਜੇਠ ੨੦੧੮ ਸੰਤ ਰਾਮ ਦੇ ਘਰ ਪਿੰਡ ਬਾਣੀਆਂ ਜੰਮੂ
ਜੁਗ ਜੁਗ ਰਾਹ ਤੱਕੇ ਧਰਤ, ਧਰਨੀ ਆਪਣੇ ਨੈਣ ਉਠਾਈਆ। ਕਵਣ ਵੇਲਾ ਪਾਰਬ੍ਰਹਮ ਪ੍ਰਭ ਆਏ ਪਰਤ, ਮੇਰੇ ਉਪਰ ਚਰਨ ਟਿਕਾਈਆ। ਮੇਰਾ ਮੇਟੇ ਸੋਗ ਹਰਖ, ਚਿੰਤਾ ਦੁੱਖ ਦਏ ਗਵਾਈਆ। ਲੱਖ ਚੁਰਾਸੀ ਕਰੇ ਪਰਖ, ਹਰਿਜਨ ਸਾਚੇ ਲਏ ਜਗਾਈਆ। ਲੇਖਾ ਜਾਣੇ ਅਰਸ਼ ਫ਼ਰਸ਼, ਗਗਨ ਗਗਨੰਤਰ ਖੋਜ ਖੁਜਾਈਆ। ਗ਼ਰੀਬ ਨਿਮਾਣਿਆਂ ਉਤੇ ਕਰੇ ਤਰਸ, ਸਿਰ ਆਪਣਾ ਹੱਥ ਟਿਕਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਮੇਰਾ ਅਗਨ ਤੱਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹੋਏ ਆਣ ਸਹਾਈਆ। ਜੁਗ ਜੁਗ ਧਰਨੀ ਤੱਕੇ ਰਾਹ, ਨੇਤਰ ਨੈਣ ਨੈਣ ਉਠਾਈਆ। ਕਵਣ ਸੋ ਵੇਲਾ ਕਿਰਪਾ ਕਰੇ ਬੇਪਰਵਾਹ, ਲੋਕਮਾਤ ਲਏ ਅੰਗੜਾਈਆ। ਮੇਰਾ ਦਰਦ ਦੁੱਖ ਦਏ ਮਿਟਾ, ਦੁਖੀਆਂ ਜੀਵਾਂ ਹੋਏ ਸਹਾਈਆ। ਸਾਚਾ ਸੁਖ ਦਏ ਉਪਜਾ, ਆਪਣਾ ਚਰਨ ਕਵਲ ਟਿਕਾਈਆ। ਉਜਲ ਮੁਖ ਦਏ ਕਰਾ, ਕਾਲਖ ਟਿੱਕਾ ਲਾਹੇ ਮੁਖ ਲੱਗੀ ਛਾਹੀਆ। ਸਫ਼ਲ ਕੁੱਖ ਮੇਰੀ ਲਏ ਕਰਾ, ਹਰਿਜਨ ਸਾਚੇ ਲਏ ਉਠਾਈਆ। ਅੰਮ੍ਰਿਤ ਜਾਮ ਦਏ ਪਿਆ, ਮੇਰੀ ਤ੍ਰਿਸ਼ਨਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਹੋਏ ਸਹਾਈਆ। ਧਰਨੀ ਧਵਲ ਕਰੇ ਪੁਕਾਰ, ਨੇਤਰ ਨੈਣਾਂ ਨੀਰ ਵਹਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਜੁਗ ਜੁਗ ਤੇਰਾ ਰਾਹ ਤਕਾਇਆ। ਮੈਂ ਤੱਕਾਂ ਵਾਰੋ ਵਾਰ, ਆਦਿ ਜੁਗਾਦਿ ਵਿਸਰ ਨਾ ਜਾਇਆ। ਤੇਰੇ ਚਰਨਾਂ ਸਚ ਪਿਆਰ, ਤੇਰਾ ਵਿਛੋੜਾ ਨਾ ਮੋਹੇ ਸਖਾਇਆ। ਗਲ ਪੱਲਾ ਰਹੀ ਡਾਰ, ਦੋਏ ਜੋੜ ਸੀਸ ਝੁਕਾਇਆ। ਕਰ ਕਿਰਪਾ ਆਪ ਕਰਤਾਰ, ਤੁਧ ਬਿਨ ਅਵਰ ਨਾ ਕੋਇ ਤਰਾਇਆ। ਮੈਂ ਡੂੰਘੀ ਭਵਰੀ ਡੁੱਬੀ ਗ਼ਾਰ, ਚਾਰੋਂ ਕੁੰਟ ਕਲਜੁਗ ਚਿਕੜ ਨਜ਼ਰੀ ਆਇਆ। ਕੋਇ ਨਾ ਦਰਦੀ ਦਰਦ ਵੰਡੇ ਵਿਚ ਸੰਸਾਰ, ਲੱਖ ਚੁਰਾਸੀ ਜੀਵ ਜੰਤ ਬੈਠੇ ਮੁਖ ਭਵਾਇਆ। ਨਿਰਗੁਣ ਜੋਤ ਕਰ ਉਜਿਆਰ, ਹਰਿਜਨ ਸਾਚੇ ਲਏ ਉਭਾਰ, ਮੇਰਾ ਦੁੱਖੜਾ ਦਏ ਮਿਟਾਇਆ। ਪੁਰਖ ਅਬਿਨਾਸ਼ੀ ਹੋ ਤਿਆਰ, ਕਿਰਪਾ ਕਰੀ ਆਪ ਨਿਰੰਕਾਰ, ਨਿਰਗੁਣ ਨਿਰਗੁਣ ਵੇਸ ਵਟਾਇਆ। ਸੰਤ ਸੁਹੇਲੇ ਕਰ ਤਿਆਰ, ਜੁਗਾਂ ਜੁਗਾਂ ਦੇ ਮੇਲੇ ਵਿਛੜੇ ਯਾਰ, ਆਪ ਆਪਣਾ ਬੰਧਨ ਪਾਇਆ। ਏਕਾ ਦੇਵੇ ਨਾਮ ਆਧਾਰ, ਕਾਇਆ ਮੰਦਰ ਸਤਿ ਜੈਕਾਰ, ਸਾਚਾ ਢੋਲਾ ਇਕ ਸੁਣਾਇਆ। ਆਤਮ ਪਰਮਾਤਮ ਕਰ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੌਲਾ ਕਰੇ ਧਰਨੀ ਭਾਰ, ਧਰਤ ਧਵਲ ਤੇਰੀ ਸੁਣ ਪੁਕਾਰ, ਹਰਿ ਸਾਚਾ ਦਇਆ ਕਮਾਈਆ। ਨਿਰਗੁਣ ਨਿਰਗੁਣ ਲੈ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਰਗੁਣ ਮੀਤਾ ਹੋ ਤਿਆਰ, ਠਾਂਡਾ ਸੀਤਾ ਖੇਲ ਖਿਲਾਈਆ। ਇਕ ਅਤੀਤਾ ਬਖ਼ਸ਼ਣਹਾਰ, ਬਖ਼ਸ਼ਿਸ਼ ਬਖ਼ਸ਼ੇ ਸਾਚਾ ਮਾਹੀਆ। ਲੱਖ ਚੁਰਾਸੀ ਕਰ ਵਿਚਾਰ, ਹਰਿਜਨ ਸਾਚੇ ਲਏ ਮਿਲਾਈਆ । ਲੇਖਾ ਜਾਣੇ ਧੁਰ ਦਰਬਾਰ, ਲੋਆਂ ਪੁਰੀਆਂ ਖੋਜ ਖੁਜਾਈਆ। ਵਿਸ਼ਨ ਬ੍ਰਹਮਾ ਸ਼ਿਵ ਗਾਇਣ ਆਪਣੀ ਵਾਰ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਰਿਹਾ ਸਾਲਾਹੀਆ। ਗਣ ਗੰਧਰਬ ਜੈ ਜੈਕਾਰ, ਕਿਨਰ ਜਛਪ ਨਾਚ ਨਚਾਈਆ। ਪਰਗਟ ਹੋਇਆ ਹਰਿ ਨਿਰੰਕਾਰ, ਰਵ ਸਸ ਸੀਸ ਝੁਕਾਈਆ। ਬਰਖ਼ਾ ਲਾਇਨ ਗੁਰ ਅਵਤਾਰ, ਚਾਰ ਜੁਗ ਦਾ ਰੰਗ ਵਖਾਈਆ। ਭਗਤਨ ਫੜ ਫੜ ਫੂਲਣਹਾਰ, ਦਰ ਦਰ ਆਇਨ ਸੀਸ ਝੁਕਾਈਆ। ਸੰਤਨ ਸੰਗ ਅੰਮ੍ਰਿਤ ਠੰਡਾ ਠਾਰ, ਇਕ ਪਿਆਲਾ ਰਹੇ ਵਖਾਈਆ। ਗੁਰਮੁਖਾਂ ਮਿਲੇ ਸਾਂਝਾ ਯਾਰ, ਵਰਨ ਗੋਤ ਨਾ ਕੋਇ ਬਣਾਈਆ। ਗੁਰਸਿਖ ਸਾਚੇ ਲਏ ਉਭਾਰ, ਦੇ ਮਤ ਆਪ ਸਮਝਾਈਆ। ਧਰਨੀ ਤੇਰਾ ਧਵਲ ਅਧਾਰ, ਧਵਲ ਕਰੇ ਕੁੜਮਾਈਆ। ਚਰਨ ਛੁਹਾਏ ਏਕਾ ਵਾਰ, ਇਕ ਇਕੱਲਾ ਸੱਚਾ ਮਾਹੀਆ। ਛੱਪਰ ਛੰਨ ਸੋਹੇ ਬੰਕ ਦੁਆਰ, ਬੰਕ ਦੁਆਰੀ ਦਏ ਵਡਿਆਈਆ। ਹਰਿ ਭਗਤਾਂ ਕਰੇ ਸਦਾ ਪਿਆਰ, ਜੁਗ ਜੁਗ ਆਪਣਾ ਵੇਸ ਧਰਾਈਆ। ਲੱਖ ਚੁਰਾਸੀ ਵਿਚੋਂ ਲਏ ਉਭਾਰ, ਮਾਣਕ ਮੋਤੀ ਆਪ ਉਠਾਈਆ। ਵਾਸਨਾ ਖੋਟੀ ਕਰੇ ਖੁਆਰ, ਕੂੜੀ ਕਿਰਿਆ ਦਏ ਗਵਾਈਆ। ਏਕਾ ਬ੍ਰਹਮ ਦਏ ਵਿਚਾਰ, ਪਾਰਬ੍ਰਹਮ ਸੱਚੀ ਸਰਨਾਈਆ। ਹਰਿਜਨ ਮੇਲਾ ਹਰਿ ਹਰਿ ਵਿਚ ਸੰਸਾਰ, ਦੂਸਰ ਸੰਗ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਮਾਣ ਵਡਿਆਈਆ। ਧਰਨੀ ਤੇਰਾ ਸਾਚਾ ਮਾਣ, ਹਰਿ ਚਰਨ ਕਵਲ ਛੁਹਾਇਆ। ਆਦਿ ਜੁਗਾਦਿ ਮੇਲਾ ਸ੍ਰੀ ਭਗਵਾਨ, ਨਿਰਗੁਣ ਸਰਗੁਣ ਸੰਗ ਨਿਭਾਇਆ। ਤੇਰੇ ਉਪਰ ਝੁਲਾਏ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਇਆ। ਲੱਖ ਚੁਰਾਸੀ ਜੀਵ ਮੇਟੇ ਬੇਈਮਾਨ, ਨਾਤਾ ਸ਼ੈਤਾਨ ਦਏ ਤੁੜਾਇਆ। ਭਗਤ ਭਗਵੰਤ ਵੇਖੇ ਆਣ, ਆਪ ਆਪਣਾ ਰੂਪ ਵਟਾਇਆ। ਤੇਰੀ ਬੇਨੰਤੀ ਕਰ ਪਰਵਾਨ, ਬਾਵਣ ਆਪਣਾ ਖੇਲ ਖਿਲਾਇਆ। ਸਚ ਸੁਗੰਧੀ ਹਰਿ ਮਿਹਰਵਾਨ, ਗੁਰਸਿਖ ਆਤਮਾ ਵਾਸਨਾ ਦਏ ਭਰਾਇਆ। ਬੰਦੀਖ਼ਾਨਾ ਤੋੜੇ ਬੰਦੀ ਵਿਚ ਜਹਾਨ, ਬੰਧਨ ਕੋਇ ਰਹਿਣ ਨਾ ਪਾਇਆ। ਸਾਚਾ ਛੰਦਨ ਗੌਣਾ ਏਕਾ ਗਾਣ, ਸੋਹੰ ਸ਼ਬਦ ਨਾਮ ਵਖਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਧਿਆਨ, ਧਿਆਨ ਧਿਆਨ ਵਿਚ ਰਖਾਇਆ। ਲੇਖਾ ਜਾਣੇ ਸ੍ਰੀ ਭਗਵਾਨ, ਨਾਨਾ ਆਪਣਾ ਰੂਪ ਵਟਾਇਆ। ਸੋ ਪੁਰਖ ਨਿਰੰਜਣ ਚਤੁਰ ਸੁਜਾਨ, ਹਰਿ ਪੁਰਖ ਨਿਰੰਜਣ ਚਤੁਰਭੁਜ ਆਪ ਅਖਵਾਇਆ। ਏਕੰਕਾਰਾ ਬਲੀ ਬਲਵਾਨ, ਆਦਿ ਨਿਰੰਜਣ ਜੋਤ ਨੂਰ ਸਵਾਇਆ। ਸ੍ਰੀ ਭਗਵਾਨ ਖੇਲੇ ਖੇਲ ਮਹਾਨ, ਅਬਿਨਾਸ਼ੀ ਕਰਤਾ ਭੇਵ ਕਿਸੇ ਨਾ ਪਾਇਆ। ਪਾਰਬ੍ਰਹਮ ਪ੍ਰਭ ਨੌਜਵਾਨ, ਨਾ ਮਰੇ ਨਾ ਜਾਇਆ। ਆਦਿ ਸ਼ਕਤ ਕਰ ਪਰਧਾਨ, ਸਾਚੇ ਮੰਦਰ ਦਏ ਵਡਿਆਇਆ। ਸਚਖੰਡ ਦੁਆਰਾ ਇਕ ਮਕਾਨ, ਸਤਿ ਸਤਿਵਾਦੀ ਆਸਣ ਲਾਇਆ। ਸ਼ਾਹੋ ਭੂਪ ਬਣ ਰਾਜ ਰਾਜਾਨ, ਸ਼ਾਹ ਸੁਲਤਾਨ ਆਪਣਾ ਖੇਲ ਖਿਲਾਈਆ। ਹੁਕਮੀ ਹੁਕਮ ਧੁਰ ਫ਼ਰਮਾਨ, ਧੁਰ ਫ਼ਰਮਾਨਾ ਆਪ ਸੁਣਾਇਆ। ਸ਼ਬਦੀ ਸ਼ਬਦ ਕਰ ਪਰਵਾਨ, ਸੁਤ ਦੁਲਾਰਾ ਏਕਾ ਜਾਇਆ। ਮਾਤਾ ਪਿਤਾ ਬਣ ਮਿਹਰਵਾਨ, ਦਾਈ ਦਾਇਆ ਆਪ ਹੋ ਜਾਇਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਮਾਰ ਧਿਆਨ, ਅੰਸ ਬੰਸ ਸਰਬੰਸ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਸਾਚੀ ਵਸਤ ਅਮੋਲਕ ਏਕਾ ਗੋਲਕ ਆਪ ਭਰਾਇਆ। ਸ਼ਬਦ ਜਣਾਏ ਹਰਿ ਅਨਬੋਲਤ, ਰਸਨਾ ਜਿਹਵਾ ਨਾ ਕੋਇ ਹਿਲਾਇਆ। ਨਾਦ ਅਨਾਦੀ ਸਤਿ ਭੰਡਾਰਾ ਖੋਲਤ, ਸੰਸਾਰੀ ਆਪਣਾ ਕਰਮ ਕਮਾਇਆ। ਆਦਿ ਜੁਗਾਦਿ ਰਹੇ ਅਡੋਲਤ, ਅਡੋਲ ਅਡੁਲ ਆਪਣਾ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰਚਨਾ ਆਪ ਰਚਾਇਆ। ਸਾਚੀ ਰਚਨਾ ਹਰਿ ਹਰਿ ਰਚ, ਲੱਖ ਚੁਰਾਸੀ ਖੇਲ ਰਚਾਇਆ। ਨਿਰਗੁਣ ਅੰਦਰ ਵੜਿਆ ਸੱਚ, ਰੂਪ ਅਨੂਪ ਆਪ ਧਰਾਇਆ। ਕਾਇਆ ਮਾਟੀ ਭਾਗ ਲਗਾਏ ਕੱਚ, ਕੰਚਨ ਆਪਣਾ ਗੜ੍ਹ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਕਾਰਨ ਕਰ, ਜਲ ਜਲ ਆਪਣਾ ਰੂਪ ਵਟਾਇਆ। ਜਲ ਬਿੰਬ ਹਰਿ ਖੇਲ ਨਿਆਰਾ, ਆਪਣੀ ਦਇਆ ਆਪ ਕਮਾਈਆ। ਆਪੇ ਧਰਨੀ ਕਰ ਪਸਾਰਾ, ਧਵਲ ਰੂਪ ਵਟਾਈਆ। ਆਪੇ ਧਵਲ ਚੁੱਕੇ ਭਾਰਾ, ਤ੍ਰੈ ਤ੍ਰੈ ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਤੇਰਾ ਬਣਾਏ ਮਾਤ ਘਰ, ਲੱਖ ਚੁਰਾਸੀ ਉਪਰ ਧਰ, ਤੇਰਾ ਬੰਕ ਸੁਹਾਈਆ। ਲੱਖ ਚੁਰਾਸੀ ਤੇਰੇ ਅੰਦਰ, ਹਰਿ ਹਰਿ ਆਪ ਟਿਕਾਇੰਦਾ। ਨੌਂ ਖੰਡ ਬਣੇ ਤੇਰਾ ਮੰਦਰ, ਨੌਂ ਦੁਆਰੇ ਵੇਖ ਵਖਾਇੰਦਾ। ਲੇਖਾ ਜਾਣੇ ਹਰਿਜਨ ਕੰਦਰ, ਭਗਤਨ ਭੇਵ ਅਭੇਦਾ ਆਪ ਛੁਪਾਇੰਦਾ। ਆਪੇ ਕਰੇ ਅੰਤਮ ਖੰਡਰ, ਆਪਣਾ ਖੇੜਾ ਆਪੇ ਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਲੱਖ ਚੁਰਾਸੀ ਅੰਦਰ ਧਰ, ਸਾਚਾ ਮੰਦਰ ਆਪ ਸੁਹਾਇੰਦਾ। ਧਰਨੀ ਧਰਤ ਧਵਲ ਦੇਵੇ ਦਾਤ, ਨਵ ਨੌਂ ਵੰਡ ਆਪ ਵੰਡਾਈਆ। ਤੇਰਾ ਮੇਲਾ ਕਮਲਾਪਾਤ, ਪਾਰਬ੍ਰਹਮ ਸੱਚੀ ਸਰਨਾਈਆ। ਜੁਗਾ ਜੁਗੰਤਰ ਪੁਛੇ ਵਾਤ, ਭੁਲ ਕਦੇ ਨਾ ਜਾਈਆ। ਤੇਰੀ ਪੱਟੀ ਇਕ ਜਮਾਤ, ਏਕਾ ਅੱਖਰ ਦਏ ਸਮਝਾਈਆ। ਬਿਨ ਚਰਨ ਕਵਲ ਹੋਰ ਨਾ ਮਾਰਨੀ ਕਿਤੇ ਝਾਤ, ਨੇਤਰ ਨੈਣ ਕਿਸੇ ਪਾਸੇ ਨਾ ਉਠਾਈਆ। ਤੇਰਾ ਬਣੇ ਕੰਤ ਸੁਹਾਗ, ਆਪਣੀ ਸਚ ਬਰਾਤ ਬਣਾਈਆ। ਤੇਰੀ ਸੁਹੰਜਣੀ ਹੋਏ ਰਾਤ, ਭਿੰਨੜੀ ਰੈਣ ਮੇਲ ਮਿਲਾਈਆ। ਤੇਰਾ ਸਗਨ ਮਨਾਏ ਆਪਣੀ ਗਾਥ, ਨਾਉਂ ਨਿਰੰਕਾਰਾ ਆਪ ਜਣਾਈਆ। ਤੇਰਾ ਮਸਤਕ ਟਿੱਕਾ ਬਿੰਦੀ ਲਾਏ ਮਾਥ, ਜੋਤ ਲਲਾਟ ਆਪ ਧਰਾਈਆ। ਤੇਰਾ ਵਖਾਏ ਏਕਾ ਸਾਥ, ਸਗਲਾ ਸੰਗ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਨੀ ਦੇਵੇ ਧਵਲ ਵਡਿਆਈਆ। ਧਰਨੀ ਦੇਵੇ ਇਕ ਧਰਵਾਸ, ਏਕਾ ਹੁਕਮ ਸੁਣਾਇਆ। ਤੇਰੇ ਅੰਦਰ ਲੱਖ ਚੁਰਾਸੀ ਕਰ ਪਰਕਾਸ਼, ਆਪਣਾ ਖੇਲ ਖਿਲਾਇਆ। ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਪਾਵੇ ਰਾਸ, ਸਿੰਧ ਸਾਗਰ ਵੇਖ ਵਖਾਇਆ। ਤੇਰੇ ਉਪਰ ਰੱਖੇ ਇਕ ਆਕਾਸ਼, ਆਪਣਾ ਪਰਦਾ ਆਪ ਰਖਾਇਆ। ਉਪਰ ਵਸੇ ਸ਼ਾਹੋ ਸ਼ਾਬਾਸ, ਦਿਸ ਕਿਸੇ ਨਾ ਆਇਆ। ਵਿਸ਼ਨ ਬ੍ਰਹਮਾ ਸ਼ਿਵ ਕਰ ਕਰ ਦਾਸ, ਆਪਣਾ ਗੁਣ ਦਏ ਜਣਾਇਆ। ਸਚਖੰਡ ਦੁਆਰਾ ਇਕ ਪਰਕਾਸ਼, ਪਾਰਬ੍ਰਹਮ ਪ੍ਰਭ ਆਪ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਹੁਕਮ ਜਣਾਇਆ। ਧੁਰ ਫ਼ਰਮਾਨਾ ਸਚ ਸੰਦੇਸ਼, ਹਰਿ ਸਾਚਾ ਸਚ ਸੁਣਾਈਆ। ਤੇਰੇ ਅੰਦਰ ਅੰਡਜ ਜੇਰਜ ਉਤਭੁਜ ਸੇਤਜ ਕਰੇ ਪਰਵੇਸ, ਚਾਰੇ ਖਾਣੀ ਆਪ ਉਪਾਈਆ। ਤੇਰੇ ਉਪਰ ਦੇਵੇ ਸਚ ਸੰਦੇਸ਼, ਪਰਾ ਬਸੰਤੀ ਮਧਮ ਬੈਖਰੀ ਬਾਣੀ ਆਪੇ ਗਾਈਆ। ਤੇਰੇ ਉਪਰ ਕਰੇ ਵੇਸ, ਵੇਸ ਅਨੇਕ ਰੂਪ ਵਟਾਈਆ। ਤੇਰੇ ਉਪਰ ਤਖ਼ਤ ਨਿਵਾਸੀ ਬਣ ਬਣ ਬਹੇ ਨਰ ਨਰੇਸ਼, ਤਖ਼ਤ ਤਾਜ ਆਪ ਸੁਹਾਈਆ। ਤੇਰੇ ਦਰ ਫਿਰੇ ਕਰ ਕਰ ਭੇਖ, ਦਰ ਦਰਵੇਸ਼ਾ ਰੂਪ ਵਟਾਈਆ। ਤੇਰੇ ਮੰਦਰ ਲੱਖ ਚੁਰਾਸੀ ਲੁਕਿਆ ਵੇਖ, ਲੁਕ ਲੁਕ ਆਪਣਾ ਮੁਖ ਛੁਪਾਈਆ। ਤੇਰੇ ਮੰਦਰ ਆਪੇ ਵਸੇ ਵੇਖਣਹਾਰਾ ਦਹਿ ਦਿਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਗੁਣ ਦਏ ਜਣਾਈਆ। ਸੁਣਿਆ ਗੁਣ ਹਰਿ ਭਗਵੰਤ, ਧਰਨੀ ਦੋਏ ਦੋਏ ਜੋੜ ਕਰੇ ਨਿਮਸਕਾਰ। ਤੂੰ ਸਾਹਿਬ ਸੱਚਾ ਕੰਤ, ਮੈਂ ਔਗੁਣ ਭਰੀ ਤੇਰੀ ਨਾਰ। ਮੇਰੀ ਚੋਲੀ ਚਾੜ੍ਹ ਰੰਗ ਬਸੰਤ, ਦੁਰਮਤ ਮੈਲ ਦੇ ਉਤਾਰ। ਮੇਰੀ ਤੋੜ ਹਉਮੇ ਹੰਗਤ, ਨਿਵਣ ਸੋ ਅੱਖਰ ਕਰ ਵਿਚਾਰ। ਮੈਂ ਆਪਣੀ ਗੋਦੀ ਰੱਖਾਂ ਜੀਵ ਜੰਤ, ਚੁੱਕਾਂ ਸਭ ਦਾ ਭਾਰ। ਤੇਰੀ ਕਰਦੀ ਰਹਿਵਾਂ ਮੰਨਤ, ਨੇਤਰ ਨੈਣ ਨੈਣ ਉਠਾਲ। ਕਰ ਕਿਰਪਾ ਭੇਜੀਂ ਆਪਣੇ ਸੰਤ, ਮੇਰੇ ਨਾਲ ਕਰਨ ਪਿਆਰ। ਮੇਰਾ ਲੇਖਾ ਰੱਖੀਂ ਆਪਣੇ ਹੱਥ ਅੰਤ, ਦੂਸਰ ਹੱਥ ਨਾ ਦਈਂ ਵਖਾਲ। ਮੈਂ ਮਹਿੰਮਾ ਗਾਵਾਂ ਤੇਰੀ ਅਗਣਤ, ਤੂੰ ਦਾਤਾ ਬੇਮਿਸਾਲ। ਮੈਨੂੰ ਸੁਨਾਉਣਾ ਇਕ ਛੰਤ, ਮੇਰਾ ਤੋੜੇ ਸਦਾ ਜੰਜਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਈ ਦੀਨਨ ਦੀਨ ਦਿਆਲ। ਦੀਨ ਦਿਆਲ ਕਿਰਪਾਨਿਧ, ਕਰ ਕਿਰਪਾ ਠਾਕਰ ਮੇਰਿਆ। ਮੇਰਾ ਕਾਰਜ ਕਰਨਾ ਸਿਧ, ਮੈਂ ਵਸਾਂ ਤੁਧ ਬਿਨ ਘੁੱਪ ਅੰਧੇਰਿਆ। ਆਪਣੇ ਮਿਲਣ ਦੀ ਆਪ ਬਣਾਉਣੀ ਬਿਧ, ਤੇਰਾ ਪੈਂਡਾ ਮੈਂ ਨਾ ਜਾਣਾ ਦੂਰ ਨੇੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਕਰ ਮਿਹਰਿਆ। ਮਿਹਰਵਾਨ ਹਰਿ ਦਇਆ ਕਮਾ, ਆਪਣੀ ਬੂਝ ਬੁਝਾਈਆ। ਤੇਰੇ ਸਿਰ ਹੱਥ ਦਏ ਟਿਕਾ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਤੇਰੀ ਲੱਜਿਆ ਰੱਖੇ ਸ਼ਰਮ ਹਯਾ, ਜੁਗ ਜੁਗ ਵੇਸ ਵਟਾਈਆ। ਜੀਵ ਜੰਤ ਭੁੱਲੇ ਮਾਰਗ ਦਏ ਪਾ, ਜੋ ਤੇਰੀ ਪਤ ਰਹੇ ਗਵਾਈਆ। ਦੁਸ਼ਟ ਦੁਰਾਚਾਰ ਦਏ ਖਪਾ, ਦੇਵੇ ਦੰਡ ਸੱਚਾ ਸ਼ਹਿਨਸ਼ਾਹੀਆ। ਤੇਰਾ ਰੰਡੇਪਾ ਦਏ ਕਟਾ, ਕੰਤ ਸੁਹਾਗੀ ਮੇਲ ਮਿਲਾਈਆ। ਜੁਗ ਜੁਗ ਤੇਰਾ ਜਨੇਪਾ ਦੇਵੇ ਪਾ, ਹਰਿਜਨ ਸਾਚੇ ਤੇਰੀ ਗੋਦ ਵਖਾਈਆ। ਤੇਰਾ ਸਚ ਰੂਪ ਦਏ ਵਟਾ, ਕਰੇ ਸੇਵਾ ਬੇਪਰਵਾਹੀਆ। ਤੇਰਾ ਪੱਖ ਕਰੇ ਖ਼ੁਦਾ, ਖ਼ਾਲਕ ਵੇਖੇ ਥਾਉਂ ਥਾਈਂਆ। ਆਦਿ ਜੁਗਾਦਿ ਨਾ ਹੋਏ ਜੁਦਾ, ਸਖ਼ਾ ਸੁਹੇਲਾ ਸੰਗ ਨਿਭਾਈਆ। ਚਰਨਾਂ ਉਪਰ ਹੋਣਾ ਤੂੰ ਇਕ ਫ਼ਿਦਾ, ਫਿਤਰਤ ਤੇਰੀ ਇਕ ਵਖਾਈਆ। ਚਰਨ ਕਵਲ ਤੇਰੇ ਉਪਰ ਦਏ ਟਿਕਾ, ਤੇਰਾ ਜਨਮ ਅਜਨਮ ਲਏ ਬਦਲਾਈਆ । ਕਦਮ ਕਦਮ ਵੇਖੇ ਤੇਰਾ ਥਾਂ, ਜਿਸ ਘਰ ਗੁਰਮੁਖ ਸਾਚੇ ਲਏ ਪ੍ਰਗਟਾਈਆ। ਗੁਰਮੁਖਾਂ ਬਣੇ ਤੂੰ ਸਾਚੀ ਮਾਂ, ਆਪਣੀ ਗੋਦ ਅੰਮ੍ਰਿਤ ਸਾਚਾ ਸੀਰ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਦੇਵੇ ਵਰ, ਤੇਰਾ ਲੇਖਾ ਦਏ ਮੁਕਾਈਆ। ਜੁਗ ਜੁਗ ਲੇਖ ਲਖਾਉਂਦਾ ਆਇਆ, ਨਿਰਗੁਣ ਸਰਗੁਣ ਜਾਮਾ ਧਾਰ। ਦੁਸ਼ਟ ਹੰਕਾਰੀ ਖਪਾਉਂਦਾ ਆਇਆ, ਨਾਮ ਖੰਡਾ ਫੜ ਕਟਾਰ। ਰਾਵਨ ਗੜ੍ਹ ਤੁੜਾਉਂਦਾ ਆਇਆ, ਰਾਮਾ ਰੂਪ ਹੋ ਉਜਿਆਰ। ਕੰਸ ਹੰਕਾਰੀ ਖਪਾਉਂਦਾ ਆਇਆ, ਕਾਹਨਾ ਕ੍ਰਿਸ਼ਨਾ ਮੀਤ ਮੁਰਾਰ। ਦੀਨਾਂ ਦਰਦ ਵੰਡਾਉਂਦਾ ਆਇਆ, ਨਾਨਕ ਗੋਬਿੰਦ ਖੇਲ ਸੱਚੀ ਸਰਕਾਰ। ਕਲਜੁਗ ਅੰਤਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਕਲਜੁਗ ਅੰਤਮ ਖੇਲ ਖਿਲਾਉਣਾ, ਖ਼ਾਲਕ ਖ਼ਲਕ ਹਰਿ ਵੇਖ ਵਖਾਈਆ। ਸ੍ਰਿਸ਼ਟ ਸਬਾਈ ਤੇਰਾ ਹੌਲਾ ਭਾਰ ਕਰਾਉਣਾ, ਧਰਤੀ ਦੇਵੇ ਮਾਣ ਵਡਿਆਈਆ। ਧਰਤ ਆਪਣਾ ਚਰਨ ਟਿਕਾਉਣਾ, ਪੁਰਖ ਅਬਿਨਾਸ਼ੀ ਰੂਪ ਵਟਾਈਆ। ਪਹਿਲਾਂ ਗੁਰਸਿਖ ਮਾਤ ਜਗਾਉਣਾ, ਆਪਣੇ ਆਉਣ ਦੀ ਬਿਧ ਦਏ ਸਮਝਾਈਆ। ਜਿਸ ਦੁਆਰੇ ਗੁਰਸਿਖ ਵਸਾਉਣਾ, ਤਿਸ ਦੁਆਰੇ ਫੇਰਾ ਪਾਈਆ। ਲੱਖ ਚੁਰਾਸੀ ਨਜ਼ਰ ਨਾ ਆਉਣਾ, ਅਚਰਜ ਖੇਲ ਬਣਾਈਆ। ਹਰਿਜਨ ਹਰਿ ਹਰਿ ਮੇਲ ਮਿਲਾਉਣਾ, ਮੇਲ ਮਿਲਾਵਾ ਸਹਿਜ ਸੁਭਾਈਆ। ਧਰਤੀ ਤੇਰੇ ਰੰਗ ਤੇਰਾ ਰੂਪ ਰੰਗਾਉਣਾ, ਤੇਰੀ ਦੁਰਮਤ ਦਏ ਗਵਾਈਆ। ਸੋ ਪੁਰਖ ਨਿਰੰਜਣ ਹੰ ਬ੍ਰਹਮ ਏਕਾ ਛੰਦ ਸੁਣਾਉਣਾ, ਸੋਹੰ ਸ਼ਬਦ ਢੋਲਾ ਗਾਈਆ। ਪਿਛਲਾ ਪੈਂਡਾ ਪੰਧ ਮੁਕਾਉਣਾ, ਅੱਗੇ ਮਾਰਗ ਦੇਵੇ ਲਾਈਆ। ਸਾਚਾ ਸੁੱਖ ਇਕ ਵਖਾਉਣਾ, ਦੁੱਖ ਦਰਦ ਦਏ ਗਵਾਈਆ। ਸਤਿਜੁਗ ਸਾਚਾ ਮਾਣ ਰਖੌਣਾ, ਔਗੁਣ ਮੇਟੇ ਸਰਬ ਲੋਕਾਈਆ। ਹਰਿਜਨ ਸਾਚੇ ਮੇਲ ਮਿਲਾਉਣਾ, ਭਗਤ ਭਗਵੰਤ ਵੇਖੇ ਥਾਉਂ ਥਾਈਂਆ। ਤੇਰੀ ਗੋਦ ਆਪ ਬਹਾਉਣਾ, ਸਾਚੀ ਗੋਦ ਦਏ ਸੁਹਾਈਆ। ਸੋਹੰ ਸ਼ਬਦ ਸਭ ਨੇ ਗਾਉਣਾ, ਪਾਰਬ੍ਰਹਮ ਬ੍ਰਹਮ ਵੇਖੇ ਚਾਈਂ ਚਾਈਂਆ। ਚਾਰ ਕੁੰਟ ਹਰਿ ਹਰਿ ਨਜ਼ਰੀ ਆਉਣਾ, ਦੂਸਰ ਇਸ਼ਟ ਨਾ ਕੋਇ ਧਰਾਈਆ। ਪੰਖ ਪਖੇਰੂ ਪੰਛੀ ਉਡ ਉਡ ਸੀਸ ਝੁਕਾਉਣਾ, ਮਛ ਕੱਛ ਰਹਿਣ ਸਰਨਾਈਆ। ਦਹਿ ਦਿਸ਼ਾ ਲੱਖ ਚੁਰਾਸੀ ਜੀਵ ਜੰਤ ਰਾਹ ਤਕਾਉਣਾ, ਕੌਣ ਸੁ ਵੇਲਾ ਮਿਲੇ ਸਾਚਾ ਮਾਹੀਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਹਕਰਮੀ ਸਾਚਾ ਕਰਮ ਕਮਾਉਣਾ, ਏਕਾ ਵਾਰ ਸਭ ਦਾ ਪਰਦਾ ਦਏ ਉਠਾਈਆ। ਜਿਸ ਪੇਖੇ ਤਿਸ ਨਜ਼ਰੀ ਆਉਣਾ, ਨਜ਼ਰੀ ਨਜ਼ਰ ਨਿਹਾਲ ਆਪ ਕਰਾਈਆ। ਧਰਨੀ ਤੇਰਾ ਲੇਖਾ ਆਪਣੇ ਹੱਥ ਰਖਾਉਣਾ, ਧਵਲ ਤੇਰੀ ਮਾਣ ਵਡਿਆਈਆ। ਧਵਲ ਤੇਰਾ ਮੂਲ ਚੁਕਾਉਣਾ, ਅਮਲ ਗੁਣ ਅਮਲ ਵੇਖੇ ਬੇਪਰਵਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਭ ਨੇ ਗਾਉਣਾ, ਬ੍ਰਹਿਮੰਡ ਖੰਡ ਪੁਰੀ ਲੋਅ ਗਗਨ ਪਾਤਾਲ ਅਰਸ਼ ਫ਼ਰਸ਼ ਜ਼ਿਮੀਂ ਅਸਮਾਨ ਵੱਜੇ ਇਕ ਵਧਾਈਆ।
