Granth 10 Likhat 108: 14 Jeth 2018 Bikarmi Lachhman Singh de Ghar Dhangali Jammu

੧੪ ਜੇਠ ੨੦੧੮ ਬਿਕ੍ਰਮੀ ਲਛਮਣ ਸਿੰਘ ਦੇ ਘਰ ਧੰਗਾਲੀ ਜੰਮੂ

ਆਦਿ ਅੰਤ ਹਰਿ ਕਾ ਰੰਗ, ਸੋ ਪੁਰਖ ਨਿਰੰਜਣ ਆਪ ਰਖਾਇੰਦਾ। ਜੁਗਾ ਜੁਗੰਤਰ ਨਾਮ ਮਰਦੰਗ, ਹਰਿ ਪੁਰਖ ਨਿਰੰਜਣ ਆਪ ਵਜਾਇੰਦਾ। ਦੋ ਜਹਾਨਾਂ ਸਚ ਪਲੰਘ, ਏਕੰਕਾਰਾ ਆਪ ਹੰਢਾਇੰਦਾ। ਮੇਟ ਮਿਟਾਏ ਅੰਧੇਰਾ ਅੰਧ, ਆਦਿ ਨਿਰੰਜਣ ਜੋਤ ਜਗਾਇੰਦਾ। ਅਬਿਨਾਸ਼ੀ ਕਰਤਾ ਗਾਏ ਸੁਹਾਗੀ ਛੰਦ, ਆਪਣਾ ਨਾਉਂ ਆਪ ਧਰਾਇੰਦਾ। ਸ੍ਰੀ ਭਗਵਾਨਾ ਕਰੇ ਪਰਕਾਸ਼ ਬਿਨ ਸੂਰਜ ਚੰਦ, ਘਰ ਸਾਚੇ ਸੋਭਾ ਪਾਇੰਦਾ। ਪਾਰਬ੍ਰਹਮ ਆਪੇ ਜਾਣੇ ਆਪਣਾ ਅਨੰਦ, ਸਤਿ ਸਰੂਪ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਰਖਾਇੰਦਾ। ਸੋ ਪੁਰਖ ਨਿਰੰਜਣ ਸਾਚੀ ਧਾਰ, ਸਚਖੰਡ ਦਵਾਰ ਬਣਾਈਆ। ਥਿਰ ਘਰ ਆਪਣਾ ਕਰ ਪਸਾਰ, ਚਰਨ ਕਵਲ ਟਿਕਾਈਆ। ਸੁੰਨ ਅਗੰਮੀ ਖੋਲ੍ਹ ਕਿਵਾੜ, ਧੂਆਂਧਾਰ ਵਖਾਈਆ। ਆਪਣੀ ਇਛਿਆ ਕਰ ਵਿਚਾਰ, ਸਾਚੀ ਭਿਛਿਆ ਜੋਤ ਰੁਸ਼ਨਾਈਆ। ਦੀਵਾ ਬਾਤੀ ਇਕ ਉਜਿਆਰ, ਕਮਲਾਪਾਤੀ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਿਲਾਈਆ। , ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਆਪ ਪਰਗਟਾਏ ਆਪਣੀ ਜਾਤੀ, ਨਿਰਗੁਣ ਆਪਣਾ ਰੂਪ ਵਟਾਇੰਦਾ। ਨਾ ਕੋਈ ਦਿਵਸ ਨਾ ਕੋਈ ਰਾਤੀ, ਥਿਤ ਵਾਰ ਨਾ ਵੰਡ ਵੰਡਾਇੰਦਾ। ਨਾ ਸੰਧਿਆ ਨਾ ਕਰੇ ਪਰਭਾਤੀ, ਵੇਲਾ ਵਕ਼ਤ ਨਾ ਕੋਇ ਜਣਾਇੰਦਾ। ਨਾ ਪਿਤਾ ਨਾ ਕੋਇ ਮਾਤੀ, ਦਾਈ ਦਾਇਆ ਨਾ ਕੋਇ ਅਖਵਾਇੰਦਾ। ਨਾ ਕੋਈ ਮੰਦਰ ਨਾ ਕੋਈ ਹਾਟੀ, ਵਣਜ ਵਣਜਾਰਾ ਨਾ ਕੋਇ ਜਣਾਇੰਦਾ। ਨਾ ਕੋਈ ਤੀਰਥ ਨਾ ਕੋਈ ਤਾਟੀ, ਸਰੋਵਰ ਸਰ ਨਾ ਕੋਇ ਭਰਾਇੰਦਾ। ਇਕ ਇਕੱਲਾ ਖੇਲੇ ਖੇਲ ਕਮਲਾਪਾਤੀ, ਪੁਰਖ ਅਬਿਨਾਸ਼ੀ ਆਪਣਾ ਘਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਕ ਆਪ ਬਣਾਇੰਦਾ। ਸਾਚਾ ਬੰਕ ਹਰਿ ਦਵਾਰਾ, ਚਾਰ ਦੀਵਾਰ ਨਾ ਕੋਇ ਰਖਾਈਆ। ਛੱਪਰ ਛੰਨ ਨਾ ਕੋਇ ਸਹਾਰਾ, ਮਹੱਲ ਅਟਲ ਉਚ ਦਏ ਵਡਿਆਈਆ। ਦੀਵਾ ਬਾਤੀ ਨਾ ਕੋਇ ਉਜਿਆਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੂਰਜ ਚੰਨ ਨਾ ਕੋਇ ਸਤਾਰਾ, ਕਿਰਨ ਕਿਰਨ ਨਾ ਕੋਇ ਪਰਗਟਾਈਆ। ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਅਖਾੜਾ, ਲੱਖ ਚੁਰਾਸੀ ਨਾਚ ਨਾ ਕੋਇ ਨਚਾਈਆ। ਸਾਧ ਸੰਤ ਨਾ ਗੁਰ ਅਵਤਾਰਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਪੂਜਾ ਪਾਠ ਨਾ ਕੋਇ ਜੈਕਾਰਾ, ਨਾਦ ਧੁੰਨ ਨਾ ਕੋਇ ਵਜਾਈਆ। ਮੰਦਰ ਮਸਜਦ ਨਾ ਕੋਈ ਗੁਰਦਵਾਰਾ, ਠਾਕਰ ਸ਼ਿਵਦਵਾਲਾ ਮਠ ਨਾ ਕੋਇ ਬਣਾਈਆ। ਤ੍ਰੈਗੁਣ ਮਾਇਆ ਨਾ ਕੋਇ ਪਸਾਰਾ, ਪੰਜ ਤੱਤ ਮੇਲਾ ਨਾ ਕੋਇ ਮਿਲਾਈਆ। ਨਾ ਕੋਈ ਨਾਰੀ ਕੰਤ ਭਤਾਰਾ, ਸੇਜ ਸੁਹੰਜਣੀ ਨਾ ਕੋਇ ਸੁਹਾਈਆ। ਪੂਤ ਸਪੂਤਾ ਨਾ ਸੁਤ ਦੁਲਾਰਾ, ਮਾਤਾ ਕੁੱਖ ਨਾ ਕੋਇ ਵਡਿਆਈਆ। ਸ਼ਾਹ ਪਾਤਸ਼ਾਹ ਨਾ ਕੋਇ ਸਿਕਦਾਰਾ, ਰਈਅਤ ਸੀਸ ਨਾ ਕੋਇ ਝੁਕਾਈਆ। ਧਰਤ ਧਵਲ ਨਾ ਕੋਇ ਪਸਾਰਾ, ਜਲ ਬਿੰਬ ਨਾ ਕੋਇ ਵਡਿਆਈਆ। ਸਮੁੰਦ ਸਾਗਰ ਨਾ ਮਿਠਾ ਖਾਰਾ, ਉਜਾੜ ਪਹਾੜ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੀ ਬਣਤ ਬਣਾਈਆ। ਸਚਖੰਡ ਦਵਾਰਾ ਸਚ ਬਣਾ, ਹਰਿ ਆਪਣੀ ਸੇਵ ਕਮਾਇੰਦਾ। ਆਪ ਆਪਣਾ ਵਿਚ ਟਿਕਾ, ਨਿਰਗੁਣ ਨੂਰ ਧਰਾਇੰਦਾ। ਇਕ ਇਕੱਲਾ ਕਰ ਰੁਸ਼ਨਾ, ਦਰ ਘਰ ਸਾਚੇ ਸੋਭਾ ਪਾਇੰਦਾ। ਸਚ ਮਹੱਲਾ ਲਏ ਵਸਾ, ਆਪਣਾ ਪਰਕਾਸ਼ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪ ਸੁਹਾਇੰਦਾ। ਸਚਖੰਡ ਦਵਾਰਾ ਹਰਿ ਸੁਹਾਇੰਦਾ, ਨਿਰਗੁਣ ਜੋਤ ਜਗਾ। ਆਪਣੀ ਇਛਿਆ ਆਪ ਪਰਗਟਾਇੰਦਾ, ਬੇਅੰਤ ਬੇਪਰਵਾਹ। ਅਗੰਮ ਅਗੰਮੜੀ ਖੇਲ ਖਿਲਾਇੰਦਾ, ਅਲਖ ਅਲਖਨਾ ਅਲਖ ਜਗਾ। ਆਪਣੀ ਰਚਨਾ ਆਪ ਰਚਾਇੰਦਾ, ਸਚ ਸਿੰਘਾਸਣ ਲਏ ਸਜਾ। ਸਾਚੀ ਘਾੜਤ ਆਪ ਘੜਾਇੰਦਾ, ਬਾਢੀ ਬਣੇ ਹਰਿ ਮਿਹਰਵਾਂ। ਲੰਮਾ ਚੌੜਾ ਭੇਵ ਕੋਇ ਨਾ ਪਾਇੰਦਾ, ਦਿਸ ਨਾ ਆਏ ਕਿਸੇ ਨਿਸ਼ਾਂ। ਆਪਣੇ ਮੰਦਰ ਆਪੇ ਡਾਹਿੰਦਾ, ਆਪੇ ਆਸਣ ਲਏ ਵਿਛਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਦਏ ਵਡਿਆ। ਸਚ ਸਿੰਘਾਸਣ ਹਰਿ ਵਛਾਇਆ, ਆਪਣੀ ਸੇਜ ਆਪ ਸੁਹਾਈਆ। ਆਪੇ ਵੇਖ ਵੇਖ ਖ਼ੁਸ਼ੀ ਮਨਾਇਆ, ਸਚਖੰਡ ਵੱਜੇ ਵਧਾਈਆ। ਮੇਰਾ ਸਾਨੀ ਦੂਜਾ ਕੋਇ ਨਜ਼ਰ ਨਾ ਆਇਆ, ਇਕ ਇਕੱਲਾ ਬੈਠਾ ਖੇਲ ਖਿਲਾਈਆ। ਆਪਣਾ ਮਤਾ ਆਪ ਪਕਾਇਆ, ਆਪੇ ਦਏ ਸਲਾਹੀਆ। ਆਪਣਾ ਵੱਡਾ ਨਾਉਂ ਵਡਿਆਇਆ, ਵਡਿਆਈ ਆਪਣੇ ਹੱਥ ਰਖਾਈਆ। ਆਪਣਾ ਬਲ ਲਏ ਧਰਾਇਆ, ਬਲ ਧਾਰੀ ਬੇਪਰਵਾਹੀਆ। ਆਪਣਾ ਘਰ ਲਏ ਵਸਾਇਆ, ਸਚਖੰਡ ਦਵਾਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਪਰਗਟਾਈਆ। ਆਪਣੀ ਇਛਿਆ ਬਣਿਆ ਰਾਜਾ, ਸ਼ਾਹ ਪਾਤਸ਼ਾਹ ਨਾਉਂ ਧਰਾਇੰਦਾ। ਆਪਣੀ ਇਛਿਆ ਸਾਜਨ ਸਾਜਾ, ਦਿਸ ਕਿਸੇ ਨਾ ਆਇੰਦਾ। ਆਪਣੀ ਇਛਿਆ ਰਚਿਆ ਕਾਜਾ, ਆਪ ਆਪਣਾ ਖੇਲ ਖਿਲਾਇੰਦਾ। ਆਪਣੀ ਇਛਿਆ ਆਪਣੀ ਰੱਖੇ ਲਾਜਾ, ਹਰਿ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਵਟਾਇੰਦਾ। ਆਪਣੀ ਇਛਿਆ ਹਰਿ ਬਲ ਧਾਰ, ਸਚਖੰਡ ਦਵਾਰ ਸੁਹਾਈਆ। ਸ਼ਹਿਨਸ਼ਾਹ ਬਣ ਸੱਚੀ ਸਰਕਾਰ, ਆਪਣੀ ਘਾੜਤ ਲਏ ਘੜਾਈਆ। ਨਿਰਗੁਣ ਸੀਸ ਨਿਰਗੁਣ ਜਗਦੀਸ ਨਿਰਗੁਣ ਕਰ ਵਿਚਾਰ, ਨਿਰਗੁਣ ਵੇਖੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਸਮਝਾਈਆ। ਆਪਣੀ ਇਛਿਆ ਦੱਸੇ ਸ਼ਾਹ, ਪਾਤਸ਼ਾਹ ਆਪਣਾ ਭੇਵ ਖੁਲ੍ਹਾਇੰਦਾ। ਬਿਨ ਹੁਕਮ ਨਾ ਚਲੇ ਕੋਈ ਰਾਹ, ਮਾਰਗ ਕੋਇ ਨਜ਼ਰ ਨਾ ਆਇੰਦਾ। ਬਣ ਪਾਤਸ਼ਾਹ ਝੱਲੇ ਨਾ ਕੋਈ ਦਬਾ, ਸੀਸ ਨਾ ਕੋਈ ਝੁਕਾਇੰਦਾ। ਬਣ ਸ਼ਹਿਨਸ਼ਾਹ ਦੇਵੇ ਨਾ ਕੋਇ ਸਜ਼ਾ, ਹੁਕਮਰਾਨ ਨਾ ਕੋਇ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਪ ਆਪ ਸਮਝਾਇੰਦਾ। ਬਣ ਪਾਤਸ਼ਾਹ ਕਰਾਂ ਮੈਂ ਰਾਜ, ਪੁਰਖ ਅਕਾਲ ਆਪਣਾ ਮਤਾ ਪਕਾਈਆ। ਆਪਣਾ ਘਾੜਤ ਘੜ ਘੜ ਸਿਰ ਰੱਖਾਂ ਸਾਚਾ ਤਾਜ, ਸ਼ਹਿਨਸ਼ਾਹ ਫੇਰ ਅਖਵਾਈਆ। ਪਾਤਸ਼ਾਹ ਬਣ ਰੱਖਾਂ ਲਾਜ, ਲੱਜਿਆ ਮੇਰੀ ਮੋਹੇ ਭਾਈਆ। ਧੁਰ ਫ਼ਰਮਾਨਾ ਮਾਰਾਂ ਵਾਜ, ਆਪਣਾ ਹੁਕਮ ਸੁਣਾਈਆ। ਸਚ ਸਿੰਘਾਸਣ ਬਣੇ ਸਾਚੋ ਸਾਚ, ਛੈਲ ਛਬੀਲਾ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਆਪਣਾ ਵਰ, ਬਿਨ ਤਾਜ ਪਾਤਸ਼ਾਹ ਕੋਇ ਨਜ਼ਰ ਨਾ ਆਈਆ। ਕਵਣ ਰੂਪ ਘਾੜਤ ਘੜੇ ਨਿਰੰਕਾਰਾ, ਸੀਸ ਤਾਜ ਬਣਾਈਆ। ਆਪਣੀ ਇਛਿਆ ਕਰੇ ਵਿਚਾਰਾ, ਆਪ ਆਪਣਾ ਫੋਲ ਫੋਲਾਈਆ। ਮੇਰਾ ਖੇਲ ਹੋਏ ਅਪਰ ਅਪਾਰਾ, ਅਪਰੰਪਰ ਹੱਥ ਵਡਿਆਈਆ। ਮੈਂ ਸਭ ਤੋਂ ਉਪਰ ਵਸਾਂ ਧਾਮ ਨਿਆਰਾ, ਉਚੀ ਮੇਰੀ ਸ਼ਹਿਨਸ਼ਾਹੀਆ। ਥੱਲੇ ਰੱਖੇ ਸਚਖੰਡ ਦਵਾਰਾ, ਜਿਸ ਦਵਾਰੇ ਆਸਣ ਲਵਾਂ ਲਗਾਈਆ। ਦੂਜਾ ਖੋਲ੍ਹਾਂ ਫੇਰ ਕਿਵਾੜਾ, ਥਿਰ ਘਰ ਸਾਚਾ ਨਾਉਂ ਧਰਾਈਆ। ਤੀਜੇ ਪਾਵਾਂ ਆਪੇ ਸਾਰਾ, ਸੁੰਨ ਅਗੰਮ ਵੇਖ ਵਖਾਈਆ। ਚੌਥੇ ਘਰ ਹੋ ਉਜਿਆਰਾ, ਅੰਧ ਅੰਧੇਰ ਦਵਾਂ ਗਵਾਈਆ। ਚਾਰੇ ਮੁਖ ਮੇਰਾ ਸਹਾਰਾ, ਆਪਣਾ ਰੰਗ ਲਵਾਂ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਾਜ ਲਏ ਘੜਾਈਆ। ਸਾਚਾ ਤਾਜ ਉਤਮ ਧਾਰ, ਉਚ ਮਹੱਲ ਅਟਲ ਸੁਹਾਇਆ। ਚਾਰੇ ਮੁਖ ਚਾਰ ਦੀਵਾਰ, ਪੁਰਖ ਅਬਿਨਾਸ਼ੀ ਘਾੜਤ ਲਏ ਘੜਾਇਆ। ਸੀਸ ਰੱਖ ਸੱਚੀ ਸਰਕਾਰ, ਆਪਣਾ ਹੁਕਮ ਦਏ ਸੁਣਾਇਆ। ਆਪਣੇ ਅੰਦਰੋਂ ਆਪੇ ਕੱਢੇ ਆਪਣੀ ਸ਼ਬਦੀ ਧਾਰ, ਪਹਿਲਾ ਮੁਖ ਆਪ ਸਲਾਹਿਆ। ਦੂਜੀ ਬਣ ਮਾਤ ਪਿਤ ਕੁੱਖ ਕਰ ਤਿਆਰ, ਵਿਸ਼ਨੂੰ ਵਿਸ਼ਵ ਆਪੇ ਜਾਇਆ। ਤੀਜੇ ਦਰ ਪਾਵੇ ਸਾਰ, ਬ੍ਰਹਮਾ ਵੇਤਾ ਫੁੱਲ ਖਲਾਇਆ। ਚੌਥੇ ਘਰ ਖੋਲ੍ਹ ਕਿਵਾੜ, ਭੋਲਾ ਨਾਥ ਆਪ ਉਠਾਇਆ। ਚਾਰੇ ਮੁਖ ਪਾਵੇ ਸਾਰ, ਨਿਰਗੁਣ ਨਿਰਗੁਣ ਵੇਸ ਵਟਾਇਆ। ਪੰਚਮ ਮੁਖ ਸੱਚੀ ਸਰਕਾਰ, ਆਪਣਾ ਰੂਪ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਾਜ ਲਏ ਘੜਾਇਆ। ਸਾਚਾ ਤਾਜ ਘਾੜਨ ਘੜ, ਚਾਰ ਮੁਖ ਦਏ ਵਡਿਆਈਆ। ਪੰਚਮ ਅੰਦਰ ਬੈਠਾ ਵੜ, ਪੁਰਖ ਅਬਿਨਾਸ਼ੀ ਸੇਜ ਵਛਾਈਆ। ਵਿਸ਼ਨੂੰ ਦੇਵੇ ਏਕਾ ਵਰ, ਸਚ ਭੰਡਾਰ ਆਪ ਭਰਾਈਆ। ਬ੍ਰਹਮਾ ਖੋਲ੍ਹੇ ਆਪੇ ਦਰ, ਚਾਰੇ ਵੇਦ ਕਰੇ ਪੜ੍ਹਾਈਆ। ਚਾਰੇ ਮੁਖ ਚਾਰੋਂ ਕੁੰਟ ਕਰ, ਹਰਿ ਹਰਿ ਜਸ ਰਿਹਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਤਾਜ ਦਏ ਵਡਿਆਈਆ। ਚਾਰ ਮੁਖ ਚਾਰ ਜੁਗ, ਹਰਿ ਸਾਚੇ ਖੇਲ ਖਿਲਾਇਆ। ਚਾਰੇ ਵੇਦ ਕਰੇ ਸੁਧ, ਚਾਰੇ ਬਾਣੀ ਆਪ ਪੜ੍ਹਾਇਆ। ਚਾਰੇ ਵਰਨ ਭੇਵ ਖੁਲ੍ਹਾਏ ਗੁਝ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਪਰਦਾ ਦਏ ਉਠਾਇਆ। ਚਾਰ ਯਾਰੀ ਲਏ ਲੁੱਟ, ਚਾਰੋਂ ਕੁੰਟ ਫੇਰਾ ਪਾਇਆ। ਏਕਾ ਤਾਜ ਰੱਖੇ ਮੁੱਖ, ਜੁਗ ਚੌਕੜੀ ਹੁਕਮ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਸੋਭਾ ਪਾਇਆ। ਸਾਚੇ ਮੰਦਰ ਹਰਿ ਜਗਦੀਸ, ਤਖ਼ਤ ਤਾਜ ਆਪ ਸੁਹਾਈਆ। ਏਕਾ ਹੁਕਮ ਇਕ ਹਦੀਸ, ਲੱਖ ਚੁਰਾਸੀ ਕਰੇ ਪੜ੍ਹਾਈਆ। ਲੇਖਾ ਜਾਣੇ ਰਾਗ ਛਤੀਸ, ਤੀਸ ਬਤੀਸ ਵੇਖ ਵਖਾਈਆ। ਜੁਗ ਚੌਕੜੀ ਪੀਸਣ ਰਿਹਾ ਪੀਸ, ਮਾਇਆ ਮਮਤਾ ਚੱਕੀ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਾਜ ਦਏ ਵਡਿਆਈਆ। ਸਾਚਾ ਤਾਜ ਨਿਰਗੁਣ ਰੰਗ, ਹਰਿ ਸਾਚਾ ਆਪ ਰੰਗਾਇੰਦਾ। ਸਾਚੇ ਤਖ਼ਤ ਬੈਠੇ ਸੂਰਾ ਸਰਬੰਗ, ਸਚ ਸਿੰਘਾਸਣ ਸੋਭਾ ਪਾਇੰਦਾ। ਨਾਮ ਵਜਾਏ ਇਕ ਮਰਦੰਗ, ਲੋਆਂ ਪੁਰੀਆਂ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਮੰਗਣ ਮੰਗ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਕੌਣ ਵੇਲਾ ਨਿਰਗੁਣ ਜੋਤ ਲੋਕਮਾਤ ਚੜ੍ਹਾਏ ਆਪਣਾ ਚੰਦ, ਚੰਦ ਚਾਂਦਨੀ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਇੰਦਾ। ਪੁਰਖ ਅਬਿਨਾਸ਼ੀ ਦਇਆ ਕਮਾ, ਏਕਾ ਗੁਣ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਧਿਆਨ, ਹਰਿ ਸਾਚਾ ਰਿਹਾ ਜਣਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਬੀਤ ਜਾਣ, ਨਿਰਗੁਣ ਸਰਗੁਣ ਨਾਚ ਨਚਾਈਆ। ਲੋਕਮਾਤ ਗੁਰ ਅਵਤਾਰ ਕਰ ਪਰਧਾਨ, ਨਾਮ ਪਰਧਾਨਗੀ ਹੱਥ ਫੜਾਈਆ। ਬਣ ਬਣ ਆਵਣ ਹੁਕਮਰਾਨ, ਮੇਰਾ ਸੰਦੇਸਾ ਦੇਣ ਸੁਣਾਈਆ। ਕਲਜੁਗ ਅੰਤਮ ਜੀਵ ਜੰਤ ਸਰਬ ਭੁਲ ਜਾਣ, ਗੁਰ ਕਾ ਸ਼ਬਦ ਨਾ ਕੋਇ ਕਮਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਅੰਤਮ ਹੋਏ ਆਪ ਮਿਹਰਵਾਨ, ਲੋਕਮਾਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਬ੍ਰਹਮਾ ਵਿਸ਼ਨ ਸ਼ਿਵ ਹਰਿ ਜਣਾਏ, ਭੁਲ ਰਹੇ ਨਾ ਰਾਈਆ। ਕਲਜੁਗ ਅੰਤਮ ਨਿਰਗੁਣ ਜੋਤੀ ਜੋਤ ਜਗਾਏ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਨਿਹਕਲੰਕਾ ਜਾਮਾ ਪਾਏ, ਗੁਰ ਅਵਤਾਰ ਦੇਣ ਗਵਾਹੀਆ। ਸਚਖੰਡ ਦਵਾਰਾ ਲੋਕਮਾਤ ਬਣਾਏ, ਘਰ ਸਾਚਾ ਆਪ ਸੁਹਾਈਆ। ਆਪਣਾ ਰੂਪ ਦਏ ਦਰਸਾਏ, ਆਦਿ ਆਦਿ ਜੋ ਲਿਆ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਆਦਿ ਪੁਰਖ ਆਦਿ ਰੂਪ ਧਰਾਇਆ, ਪੰਚਮ ਮੁਖ ਤਾਜ ਸੁਹਾਇੰਦਾ। ਅੰਤਮ ਨਿਰਗੁਣ ਬਣ ਕੇ ਆਇਆ, ਲੋਕਮਾਤ ਵੇਸ ਵਟਾਇੰਦਾ। ਆਪਣੀ ਸਮਗਰੀ ਨਾਲ ਲੈ ਕੇ ਆਇਆ, ਸਚ ਭੰਡਾਰਾ ਆਪਣੇ ਹੱਥ ਰਖਾਇੰਦਾ। ਸਾਚਾ ਘਾੜਨ ਘੜ ਕੇ ਆਇਆ, ਜਗਤ ਸੁਨਿਆਰ ਨਾ ਕੋਇ ਘੜਾਇੰਦਾ। ਪੰਚਮ ਮੁਖ ਆਪਣੇ ਹੱਥ ਫੜ ਕੇ ਆਇਆ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਆਪਣਾ ਖੇਲ ਖਿਲਾਇੰਦਾ। ਅੰਤਮ ਖੇਲ ਹਰਿ ਕਰਾਉਣਾ, ਸੀਸ ਜਗਦੀਸ ਤਾਜ ਟਿਕਾਈਆ। ਜੋ ਘੜਿਆ ਸੋ ਭੰਨ ਵਖਾਉਣਾ, ਹੁਕਮੀ ਹੁਕਮ ਕਰੇ ਜਣਾਈਆ। ਝੂਠੀ ਰਈਅਤ ਬੰਨ੍ਹ ਵਖੌਣਾ, ਏਕਾ ਬੰਧਨ ਪਾਈਆ। ਕਲਜੁਗ ਫਾਸ ਗਲ ਲਟਕਾਉਣਾ, ਨਾ ਸਕੇ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹ ਪਾਤਸ਼ਾਹ ਆਪ ਹੋ ਜਾਈਆ। ਸ਼ਾਹ ਪਾਤਸ਼ਾਹ ਬਣੇ ਹਰਿ ਰਾਜਾ, ਹਾਕਮ ਹੁਕਮ ਆਪ ਸੁਣਾਇੰਦਾ। ਦੋ ਜਹਾਨਾਂ ਰਚਿਆ ਕਾਜਾ, ਚੌਦਾਂ ਲੋਕਾਂ ਵੇਖ ਵਖਾਇੰਦਾ। ਚੌਦਾਂ ਤਬਕਾਂ ਖੋਲ੍ਹੇ ਪਾਜਾ, ਤ੍ਰੈਭਵਣ ਪਰਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਹਰਿ ਨਿਰੰਕਾਰਾ, ਅਚਰਜ ਆਪ ਬਣਾਈਆ। ਆਦਿ ਬਣਾਇਆ ਸਚਖੰਡ ਦਵਾਰਾ, ਨਜ਼ਰ ਕਿਸੇ ਨਾ ਆਈਆ। ਅੰਤਮ ਕਰੇ ਪੰਜ ਤੱਤ ਪਸਾਰਾ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਗੋਬਿੰਦ ਬਣਿਆ ਮਾਤ ਲਿਖਾਰਾ, ਲੱਖ ਚੁਰਾਸੀ ਗਿਆ ਸਮਝਾਈਆ। ਨਾਨਕ ਉਚੀ ਬੋਲ ਜੈਕਾਰਾ, ਏਕਾ ਗੁਣ ਗਿਆ ਵਖਾਈਆ। ਵੇਦ ਵਿਆਸਾ ਕਰ ਪੁਕਾਰਾ, ਉਚੀ ਉਚੀ ਅਲਾਈਆ। ਮਹਾਂਬਲੀ ਉਤਰੇ ਆਪਣੀ ਵਾਰਾ, ਮਾਤ ਪਿਤ ਨਾ ਕੋਇ ਜਾਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਆਪਣਾ ਨਾਅਰਾ ਦਏ ਸੁਣਾਈਆ। ਪੁਰਖ ਅਕਾਲ ਵਸੇ ਧਾਮ ਨਿਆਰਾ, ਸੰਬਲ ਆਪਣਾ ਆਸਣ ਲਾਈਆ। ਸੰਬਲ ਨਗਰ ਗੋਬਿੰਦ ਮੀਤ ਮੁਰਾਰਾ, ਦੂਸਰ ਅਵਰ ਨਾ ਕੋਇ ਜਣਾਈਆ। ਮਾਤ ਪਿਤ ਪੂਤ ਜਿਸ ਵਾਰਾ, ਆਪਣੀ ਸੇਵ ਸਚ ਕਮਾਈਆ। ਲਹੂ ਮਿਝ ਬਣਾਇਆ ਇੱਟਾਂ ਗਾਰਾ, ਜਗਤ ਮਹੱਲ ਦਏ ਵਖਾਈਆ। ਅੰਤਮ ਤਜ ਸਰਬ ਪਰਵਾਰਾ, ਪੁਰਖ ਅਕਾਲ ਇਕ ਮਨਾਈਆ। ਏਕਾ ਫਤਿਹ ਬੋਲ ਜੈਕਾਰਾ, ਸ੍ਰਿਸ਼ਟ ਸਬਾਈ ਗਿਆ ਸਮਝਾਈਆ। ਕਲਜੁਗ ਆਵੇ ਅੰਤਮ ਦੁਲਾਰਾ, ਨਿਹਕਲੰਕ ਕਰੇ ਰੁਸ਼ਨਾਈਆ। ਪਿਤਾ ਪੂਤ ਸੋਹੇ ਇਕ ਦਵਾਰਾ, ਘਰ ਵੱਜਦੀ ਰਹੇ ਵਧਾਈਆ। ਸੀਸ ਜਗਦੀਸ ਕਲਗੀ ਤੋੜਾ ਸੋਹੇ ਸੀਸ ਸੱਚੀ ਸਰਕਾਰਾ, ਜੋਤੀ ਜੋੜਾ ਸ਼ਬਦ ਮਿਲਾਈਆ। ਦੋ ਜਹਾਨ ਕਰੇ ਨਿਮਸਕਾਰਾ, ਗੁਰ ਅਵਤਾਰ ਸੀਸ ਝੁਕਾਈਆ। ਭਗਤ ਭਗਵੰਤ ਦਰ ਬਣਨ ਭਿਖਾਰਾ, ਸੰਤਨ ਆਪਣੀ ਝੋਲੀ ਰਹੇ ਵਖਾਈਆ। ਗੁਰਮੁਖ ਮੰਗਣ ਚਰਨ ਧੂੜੀ ਛਾਰਾ, ਮਸਤਕ ਟਿੱਕਾ ਇਕ ਰਮਾਈਆ। ਗੁਰਮੁਖ ਗੁਰਸਿਖ ਮੰਗਣ ਦਰਸ ਦੀਦਾਰਾ, ਨੇਤਰ ਨੈਣ ਨੈਣ ਉਠਾਈਆ। ਕਲਜੁਗ ਰੋਵੇ ਜ਼ਾਰੋ ਜ਼ਾਰਾ, ਉਠ ਉਠ ਦਏ ਦੁਹਾਈਆ। ਪੁਰਖ ਅਬਿਨਾਸ਼ੀ ਕਰੇ ਖੇਲ ਨਿਆਰਾ, ਸ਼ਾਹ ਪਾਤਸ਼ਾਹ ਆਪ ਹੋ ਜਾਈਆ। ਗੁਰਸਿਖ ਵੇਖੇ ਬਾਲ ਅਞਾਣਾ, ਕਵਣ ਕੂਟੇ ਬੈਠਾ ਆਸਣ ਲਾਈਆ। ਜੁਗਾ ਜੁਗੰਤਰ ਜੋ ਮੰਨਦਾ ਰਿਹਾ ਭਾਣਾ, ਦੁਖ ਸੁਖ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਗੁਰ ਗੁਰ ਲਏ ਮਿਲਾਈਆ। ਗੁਰਮੁਖ ਮਿਲਿਆ ਗੁਰ, ਗੁਰ ਗੋਬਿੰਦ ਖੇਲ ਖਿਲਾਇਆ। ਲੇਖਾ ਲਿਖ ਲਿਖ ਦੱਸੇ ਧੁਰ, ਧੁਰ ਮਸਤਕ ਵੇਖ ਵਖਾਇਆ। ਚਰਨ ਪ੍ਰੀਤੀ ਗਈ ਜੁੜ, ਪੁਰਖ ਅਬਿਨਾਸ਼ੀ ਜੋੜ ਜੁੜਾਇਆ। ਨਿਰਗੁਣ ਚੜ੍ਹ ਕੇ ਆਇਆ ਆਪਣੇ ਘੋੜ, ਸਾਚਾ ਅਸਵ ਰਿਹਾ ਦੌੜਾਇਆ। ਜਨਮ ਜਨਮ ਦੀ ਬੁਝਾਏ ਔੜ, ਅੰਮ੍ਰਿਤ ਮੇਘ ਆਪ ਬਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਤਾਰਨਹਾਰਾ ਹਰਿ ਗੋਬਿੰਦ, ਗੋਬਿੰਦ ਮਹਿਮਾ ਕਥੀ ਨਾ ਜਾਈਆ। ਜੁਗਾ ਜੁਗੰਤਰ ਮੇਟੇ ਚਿੰਦ, ਚਿੰਤਾ ਰੋਗ ਨਾ ਕੋਇ ਸਤਾਈਆ। ਲੇਖਾ ਜਾਣੇ ਗੁਣੀ ਗਹਿੰਦ, ਗਹਿਰ ਗੰਭੀਰ ਸੱਚਾ ਸ਼ਹਿਨਸ਼ਾਹੀਆ। ਗੁਰਸਿਖ ਬਣਾਏ ਆਪਣੀ ਬਿੰਦ, ਨਾਦੀ ਸੁਤ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਜਾਣੇ ਥਾਉਂ ਥਾਈਂਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਖ਼ਤ ਨਿਵਾਸੀ ਸ਼ਾਹੋ ਸਾਬਾਸ਼ੀ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਹਰਿਜਨ ਪੂਰੀ ਕਰੇ ਆਸੀ, ਆਸਾ ਤ੍ਰਿਸਨਾ ਜਨਮ ਜਨਮ ਦੀ ਪੂਰ ਕਰਾਈਆ।