Granth 10 Likhat 092: 10 Jeth 2018 Bikarmi Shahni de Ghar Shekhsar Jammu

੧੦ ਜੇਠ ੨੦੧੮ ਬਿਕ੍ਰਮੀ ਸ਼ਾਹਨੀ ਦੇ ਘਰ ਸ਼ੇਖ਼ਸਰ ਜੰਮੂ

ਦੀਨਨ ਹਰਿ ਦਿਆਲ, ਦਇਆਨਿਧ ਦਇਆ ਕਮਾਇੰਦਾ। ਸ਼ਾਹ ਕੰਗਾਲ ਕਰੇ ਪ੍ਰਿਤਪਾਲ, ਪ੍ਰਿਤਪਾਲਕ ਸੇਵ ਕਮਾਇੰਦਾ। ਹਰਿਜਨ ਵੇਖੇ ਹਰਿ ਹਰਿ ਲਾਲ, ਅਨਮੁਲੜੇ ਰਤਨ ਆਪ ਉਪਾਇੰਦਾ। ਕਾਇਆ ਕੁੱਲੀ ਸੁਰਤ ਸੰਭਾਲ, ਗੁਣਵੰਤ ਗੁਣ ਵਖਾਇੰਦਾ। ਜਗਤ ਤੋੜ ਜਗਤ ਜੰਜਾਲ, ਜੀਵਣ ਜੁਗਤ ਆਪ ਸਮਝਾਇੰਦਾ। ਦੇਵੇ ਨਾਮ ਸੱਚਾ ਧਨ ਮਾਲ, ਸਤਿ ਖ਼ਜ਼ੀਨਾ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰ ਘਰ ਘਰ ਖੇਲ ਖਿਲਾਇੰਦਾ। ਗ਼ਰੀਬ ਨਿਮਾਣਿਆਂ ਬਣ ਬਣ ਚਾਕਰ, ਸੇਵਕ ਸੇਵਾ ਸੇਵ ਕਮਾਈਆ। ਭਗਤ ਵਛਲ ਹਰਿ ਹਰਿ ਠਾਕਰ, ਹਰਿਜਨ ਸਾਚੇ ਆਪ ਠਕਰਾਈਆ। ਕਿਰਪਾ ਕਰੇ ਕਰੀਮ ਕ਼ਾਦਰ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਹਰਿਜਨ ਹਰਿ ਹਰਿ ਅੰਮ੍ਰਿਤ ਸਿੰਧ ਬਖ਼ਸ਼ੇ ਸਾਗਰ, ਸਰ ਸਰੋਵਰ ਇਕ ਨੁਹਾਈਆ। ਭਾਗ ਲਗਾਏ ਕਾਇਆ ਗਾਗਰ, ਕੰਚਨ ਆਪਣਾ ਰੂਪ ਦਰਸਾਈਆ। ਆਦਿ ਨਿਰੰਜਣ ਫੜ ਫੜ ਦੇਵੇ ਆਦਰ, ਦਰ ਸਾਚੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ । ਨਿਰਧਨ ਮਿਲਿਆ ਗਿਰਵਰ ਗਿਰਧਾਰ, ਗ੍ਰਹਿ ਮੰਦਰ ਵੱਜੇ ਵਧਾਈਆ। ਚਾਰ ਕੁੰਟ ਜੈ ਜੈਕਾਰ, ਧੁਨ ਨਾਦ ਸ਼ਬਦ ਸ਼ਨਵਾਈਆ। ਵੇਖੇ ਵਿਗਸੇ ਪਾਵੇ ਸਾਰ, ਇਕ ਇਕੱਲਾ ਫੇਰਾ ਪਾਈਆ। ਜਗਤ ਜਲੰਦਾ ਲਏ ਤਾਰ, ਸਿਰ ਆਪਣਾ ਹੱਥ ਟਿਕਾਈਆ। ਸਦ ਬਖ਼ਸ਼ਿੰਦਾ ਏਕੰਕਾਰ, ਅਭੁਲ ਭੁਲ ਕਦੇ ਨਾ ਜਾਈਆ। ਲੇਖਾ ਜਾਣੇ ਨਰ ਨਾਰ, ਨਰ ਨਰਾਇਣ ਬੇਪਰਵਾਹੀਆ। ਗ਼ਰੀਬ ਨਿਮਾਣੇ ਤਨ ਸ਼ਿੰਗਾਰ, ਮਾਣਕ ਮੋਤੀ ਆਪ ਬਣਾਈਆ। ਘਟ ਜੋਤੀ ਨੂਰ ਹੋਏ ਉਜਿਆਰ, ਬਿਮਲ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰੀ ਹਰਿ ਹਰਿਜਨ ਵੇਖੇ ਥਾਉਂ ਥਾਈਂਆ। ਹਰੀ ਹਰਿ ਹਰਿ ਨਿਰੰਕਾਰਾ, ਵਿਸ਼ਨੂੰ ਵੰਸੀ ਖੇਲ ਖਿਲਾਇੰਦਾ। ਸਤਿ ਸਤਿਵਾਦੀ ਹੋ ਉਜਿਆਰਾ, ਬ੍ਰਹਮ ਬ੍ਰਹਿਮਾਦੀ ਖੋਜ ਖੁਜਾਇੰਦਾ। ਆਤਮ ਬ੍ਰਹਮ ਖੋਲ੍ਹ ਕਿਵਾੜਾ, ਪਾਰਬ੍ਰਹਮ ਪਰਦਾ ਲਾਹਿੰਦਾ। ਸਾਚਾ ਮੰਦਰ ਇਕ ਦੁਆਰਾ, ਘਰ ਮੰਦਰ ਆਪ ਸੁਹਾਇੰਦਾ। ਏਕਾ ਸੱਜਣ ਮੀਤ ਮੁਰਾਰਾ, ਹਰਿ ਹਰਿ ਆਪਣਾ ਭੇਵ ਖੁਲ੍ਹਾਇੰਦਾ। ਨਿਰਧਨ ਸਰਧਨ ਦਏ ਆਧਾਰਾ, ਨਿਮਾਣ ਨਿਮਾਣਿਆਂ ਮਾਣ ਰਖਾਇੰਦਾ । ਏਥੇ ਓਥੇ ਬਣ ਸਹਾਰਾ, ਦੋ ਜਹਾਨਾਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰੀ ਹਰਿ ਆਪਣਾ ਮੇਲ ਮਿਲਾਇੰਦਾ। ਹਰੀ ਹਰਿ ਹਰਿ ਗੋਬਿੰਦ, ਗੋਬਿੰਦ ਆਪਣਾ ਖੇਲ ਖਿਲਾਈਆ। ਜਨਮ ਮਰਨ ਦੀ ਮੇਟੇ ਚਿੰਦ, ਚਿੰਤਾ ਚਿਖਾ ਰਹੇ ਨਾ ਰਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਦਇਆ ਕਮਾਈਆ। ਲੇਖਾ ਜਾਣੇ ਜੀਉ ਪਿੰਡ, ਬਿਰਧ ਬਾਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਬਨ ਨਾਮ ਚੜ੍ਹਾਈਆ। ਹਰਿ ਜੋਬਨ ਨਾਉਂ ਅਨਮੁਲੜਾ, ਰੰਗ ਰਾਤਾ ਆਪ ਚੜ੍ਹਾਈਆ। ਗੁਰਮੁਖਾਂ ਵਖਾਏ ਦੁਆਰਾ ਖੁਲ੍ਹੜਾ, ਦਰ ਦਰ ਆਪ ਖੁਲ੍ਹਾਈਆ। ਪਾਰ ਕਰਾਏ ਦਇਆ ਕਮਾਏ ਜੋ ਜਨ ਦਰ ਆਏ ਭੁਲੜਾ, ਸੀਸ ਜਗਦੀਸ਼ ਲੇਖੇ ਲਾਈਆ। ਤ੍ਰੈਗੁਣ ਤੱਤ ਨਾ ਮਾਇਆ ਰੁਲੜਾ, ਅਗਨੀ ਹਵਣ ਨਾ ਕੋਇ ਜਲਾਈਆ। ਮਾਨਸ ਬੂਟਾ ਕਦੇ ਨਾ ਹੁਲੜਾ, ਪੱਤ ਡਾਲ੍ਹੀ ਫੁੱਲ ਮਹਿਕਾਈਆ। ਹਰਿਜਨ ਹਰੀ ਦੁਆਰੇ ਫਲਿਆ ਫੁਲੜਾ, ਅੰਮ੍ਰਿਤ ਫਲ ਇਕ ਲਗਾਈਆ। ਦੇਵੇ ਵਡਿਆਈ ਸਾਚੀ ਕੁਲੜਾ, ਜਿਸ ਦਰ ਬੈਠੀ ਏਕਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਰਧ ਬਾਲ ਰੂਪ ਧਰਾਈਆ। ਬਿਰਧ ਅਵਸਥਾ ਨਾਤਾ ਤੋੜ, ਬਾਲੀ ਬੁਧ ਰਖਾਇੰਦਾ। ਜਨਮ ਜਨਮ ਵਿਚ ਰੱਖੇ ਮੋੜ, ਜਨਮ ਅਮੋਲਕ ਇਕ ਸਮਝਾਇੰਦਾ। ਲੱਖ ਚੁਰਾਸੀ ਦੇਵੇ ਹੋੜ, ਜਮ ਕੀ ਫਾਸੀ ਫੰਦ ਕਟਾਇੰਦਾ। ਆਪਣੇ ਅੱਗੇ ਆਪੇ ਤੋਰ, ਆਪਣਾ ਬੰਧਨ ਹਰਿ ਹਰਿ ਪਾਇੰਦਾ । ਮਾਨਸ ਜਨਮ ਫੜੇ ਹੱਥ ਡੋਰ, ਡੋਰੀ ਆਪਣੇ ਹੱਥ ਰਖਾਇੰਦਾ। ਲੇਖਾ ਚੁੱਕੇ ਤੋਰ ਮੋਰ, ਮੋਰ ਤੋਰ ਨਾ ਕੋਇ ਜਣਾਇੰਦਾ। ਬਾਲੀ ਬੁਧ ਪਾਏ ਸ਼ੋਰ, ਨੇਤਰ ਨੀਰ ਇਕ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਜੋਤ ਜਗਾਇੰਦਾ। ਜੋਤੀ ਜੋਤ ਜਾਗਰਤ ਧਾਰ, ਜਗਤ ਜੁਗਤ ਨਾਤਾ ਤੁਟੇ, ਨਾਤਾ ਬੰਨ੍ਹੇ ਵਿਚ ਸੰਸਾਰ, ਨਾਤਾ ਬਿਧਾਤਾ ਵੇਖ ਵਖਾਈਆ। ਏਕਾ ਮੰਦਰ ਇਕ ਦੁਆਰ, ਏਕਾ ਰੂਪ ਦਰਸ ਨਿਰੰਕਾਰ, ਏਕਾ ਕੂਟ ਦਿਸ਼ਾ ਚਾਰ ਵਿਚਾਰ, ਚਾਰ ਚਾਰ ਮੁਖ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਧਨ ਮਿਲਿਆ ਏਕਾ ਦਰ, ਠਾਕਰ ਸਵਾਮੀ ਲਏ ਫੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਜੀਵ ਲੋਕ ਲੋਕ ਜੀਵ ਆਪਣਾ ਖੇਲ ਖਿਲਾਈਆ।