੧੫ ਜੇਠ ੨੦੧੮ ਬਿਕ੍ਰਮੀ ਜਗਤ ਸਿੰਘ ਬੇਲਾ ਸਿੰਘ ਦੇ ਘਰ ਧੰਗਾਲੀ ਜੰਮੂ
ਅਗੰਮ ਅਥਾਹ ਹਰਿ ਇਕ ਇਕੇਲਾ, ਅਕਲ ਕਲ ਆਪਣੀ ਖੇਲ ਖਿਲਾਇੰਦਾ। ਆਦਿ ਜੁਗਾਦਿ ਜਾਣੇ ਆਪਣਾ ਵੇਲਾ, ਥਿਤ ਵਾਰ ਨਾ ਕੋਈ ਲਿਖਾਇੰਦਾ। ਵਸਣਹਾਰਾ ਧਾਮ ਨਵੇਲਾ, ਨਿਹਕਰਮੀ ਕਰਮ ਕਮਾਇੰਦਾ। ਕਲਜੁਗ ਅੰਤਮ ਧਰਤ ਧਵਲ ਵੇਖੇ ਜੰਗਲ ਜੂਹ ਬੇਲਾ, ਡੂੰਘੀ ਕੰਦਰ ਫੋਲ ਫੋਲਾਇੰਦਾ। ਰੂਪ ਵਟਾਏ ਗੁਰੂ ਗੁਰ ਚੇਲਾ, ਸ਼ੇਰ ਸਿੰਘ ਰੂਪ ਵਟਾਇੰਦਾ। ਆਪ ਕਰ ਕਰ ਆਪਣਾ ਮੇਲਾ, ਦਰ ਘਰ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਲਜੁਗ ਝੱਲ ਵੇਖ ਵਖਾਇੰਦਾ। ਕਲਜੁਗ ਝੱਲ ਮਾਰੇ ਭਬਕ, ਸਿੰਘ ਸ਼ੇਰ ਰੂਪ ਵਟਾਈਆ। ਚੌਦਾਂ ਲੋਕ ਰਹੇ ਤਭਕ, ਥਰਥਰਾਹਟ ਵਿਚ ਸਰਬ ਲੋਕਾਈਆ। ਚਾਰ ਵਰਨ ਭੁਲਿਆ ਸਬਕ, ਸੰਥਾ ਸਚ ਨਾ ਕੋਇ ਪੜ੍ਹਾਈਆ। ਸਾਬਤ ਦਿਸੇ ਵਿਰਲਾ ਭਗਤ, ਜਿਸ ਆਪਣੀ ਬੂਝ ਬੁਝਾਈਆ। ਖ਼ਾਲੀ ਠੂਠਾ ਦਿਸੇ ਜਗਤ, ਸਚ ਸੁੱਚ ਨਾ ਕੋਈ ਰਖਾਈਆ। ਅਗਨੀ ਅੱਗ ਬੂੰਦ ਰਕਤ, ਤਤਵ ਤਤ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੰਗਲ ਜੂਹ ਉਜਾੜ ਫੇਰਾ ਪਾਈਆ। ਜੰਗਲ ਜੂਹ ਫਿਰੇ ਸ਼ੇਰ ਸਿੰਘ, ਦੋ ਜਹਾਨਾਂ ਫੇਰਾ ਪਾਈਆ। ਸ਼ਾਹੋ ਭੂਪ ਬਣ ਮਰਗਿੰਦ, ਪਾਰਬ੍ਰਹਮ ਪ੍ਰਭ ਡੰਕ ਵਜਾਈਆ। ਚਾਰ ਜੁਗ ਹੇਰੀ ਫੇਰੀ ਕਰਦਾ ਆਇਆ ਨਾਰਦ ਫੜਿਆ ਬੋਦੀ ਸੁਣੇ ਕਿੰਗ, ਦਹਿ ਦਿਸ਼ ਨਾ ਉਠ ਉਠ ਧਾਈਆ। ਲੇਖਾ ਚੁਕਾਵਣ ਆਇਆ ਸਪਤ ਸਰਿੰਗ, ਬੇਅੰਤ ਬੇਪਰਵਾਹੀਆ। ਲੱਖ ਚੁਰਾਸੀ ਜੀਵ ਜੰਤ ਜਿਸ ਦੀ ਕਰਦਾ ਨਿੰਦ, ਸੋ ਨਿੰਦਕ ਦਏ ਮੁਕਾਈਆ। ਸਤਿ ਸਾਗਰ ਸਰੋਵਰ ਜਲ ਖਿਚੇ ਸਿੰਧ, ਖ਼ਾਲੀ ਭਾਂਡੇ ਦਏ ਕਰਾਈਆ। ਤਖ਼ਤੋਂ ਲਾਹੇ ਸੁਰਪਤ ਰਾਜਾ ਇੰਦ, ਸ਼ੰਕਰ ਨਾਉਂ ਨਾ ਕੋਈ ਵਡਿਆਈਆ। ਮੇਰੀ ਮੇਟੇ ਅੰਤਮ ਚਿੰਤ, ਚਿਤਮਨ ਆਪ ਰਿਹਾ ਕਰਾਈਆ। ਖੜਗ ਖੰਡਾ ਫੜ ਗੋਬਿੰਦ, ਏਕਾ ਨਾਮ ਰਿਹਾ ਚਮਕਾਈਆ। ਲੱਖ ਚੁਰਾਸੀ ਅਧਵਿਚਕਾਰ ਅੜੀ ਰਹਿਣ ਨਾ ਦੇਵੇ ਕਿਸੇ ਜਿੰਦ, ਅੱਗੇ ਹੋ ਨਾ ਕੋਈ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਜੰਗਲ ਵੇਖ ਵਖਾਈਆ। ਕਲਜੁਗ ਜੰਗਲ ਉਚੇ ਟਿੱਲੇ ਪਰਬਤ, ਚੋਟੀ ਖਾਈ ਆਪ ਵਖਾਈਆ। ਲੱਖ ਚੁਰਾਸੀ ਭਰੀ ਗ਼ੁਰਬਤ, ਗ਼ਫਲਤ ਸਭ ਦੇ ਉਪਰ ਛਾਈਆ। ਕੋਈ ਨਾ ਜਾਣੇ ਹਾਲ ਇਬਰਤ, ਦੀਨ ਦੁਨੀ ਨਾ ਕੋਈ ਜਣਾਈਆ। ਅੰਤਮ ਵੇਖੇ ਸਭ ਦੀ ਫ਼ਿਤਰਤ, ਫ਼ਾਤਿਆ ਏਕਾ ਵਾਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਜੂਹ ਫੋਲ ਫੋਲਾਈਆ। ਕਲਜੁਗ ਜੂਹ ਵੜਿਆ ਸ਼ੇਰ, ਜੰਬੁਕ ਕੋਇ ਰਹਿਣ ਨਾ ਪਾਈਆ। ਪੰਖੀ ਪੰਛੀ ਲਿਆਏ ਘੇਰ, ਏਕਾ ਗਰਜ ਨਾਮ ਲਗਾਈਆ। ਚਾਰ ਪਾਏ ਗੁੰਗ ਮੁਖ ਹੋਵਣ ਢੇਰ, ਨਿਉਂ ਨਿਉਂ ਸੀਸ ਝੁਕਾਈਆ। ਮਾਨਸ ਮਾਨੁਖ ਦੇਵੇ ਗੇੜ, ਗੇੜਾ ਆਪਣਾ ਆਪ ਚਲਾਈਆ। ਸ਼ਾਹ ਸੁਲਤਾਨਾਂ ਦੇਵੇ ਭੇੜ, ਪਿੱਛੇ ਹੋਏ ਆਪ ਭਜਾਈਆ। ਸਭ ਦਾ ਲੇਖਾ ਦਏ ਨਬੇੜ, ਬਾਕੀ ਕੋਇ ਰਹਿਣ ਨਾ ਪਾਈਆ। ਏਕਾ ਖਾਤੇ ਲੱਖ ਚੁਰਾਸੀ ਸੁੱਟੇ ਭੇੜ, ਮੈਂ ਮੈਂ ਵਾਜ ਨਾ ਕੋਇ ਲਗਾਈਆ। ਹੀਜੜਿਆਂ ਬਣਾਏ ਏਕਾ ਹੇੜ, ਚਾਰੋਂ ਕੁੰਟ ਵੇਖ ਵਖਾਈਆ। ਕਲਜੁਗ ਤਾਣਾ ਦਏ ਉਧੇੜ, ਤੰਦੀ ਤੰਦ ਆਪ ਤੁੜਾਈਆ। ਜ਼ਿਮੀਂ ਅਸਮਾਨਾ ਸ਼ੌਹ ਦਰਯਾ ਏਕਾ ਵਾਰ ਦੇਵੇ ਰੇੜ੍ਹ, ਆਪ ਆਪਣਾ ਬਲ ਰਖਾਈਆ। ਆਪਣਾ ਖੇਲ ਕਰੇ ਆਪਣੀ ਵੇਰ, ਵੇਰਵਾ ਪਹਿਲੇ ਦਏ ਜਣਾਈਆ। ਭਰਮ ਭੁਲੇਖਾ ਨਾ ਰੱਖੇ ਕੋਇ ਦਲੇਰ, ਭੈ ਜਗਤ ਨਾ ਕੋਇ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਕਲਜੁਗ ਜੋਤੀ ਖਿਚੀ ਏਕਾ ਵੇਰ, ਲੈ ਨਲੇਰ ਫਿਰਿਆ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੰਗਲ ਬੇਲਾ ਆਪੇ ਢੂੰਡੇ ਢੂੰਡਨਹਾਰਾ ਇਕ ਅਖਵਾਈਆ। ਜੰਗਲ ਬੇਲਾ ਆਪੇ ਫੋਲੇ, ਡੂੰਘੀ ਕੰਦਰ ਫੇਰਾ ਪਾਈਆ। ਉਚੀ ਕੂਕ ਆਪਣੀ ਗਰਜ ਆਪੇ ਬੋਲੇ, ਛੱਤੀ ਰਾਗ ਤਰਜ਼ ਸਮਝ ਨਾ ਰਾਈਆ। ਤੁਰਦਾ ਫਿਰਦਾ ਦਿਸੇ ਉਹਲੇ, ਨਜ਼ਰ ਕਿਸੇ ਨਾ ਆਈਆ। ਚਾਰੋਂ ਕੁੰਟ ਨੌਂ ਖੰਡ ਪ੍ਰਿਥਮੀ ਜੀਵ ਜੰਤ ਪਾਇਣ ਰੌਲੇ, ਕਲਜੁਗ ਵੇਲਾ ਨੇੜੇ ਰਿਹਾ ਆਈਆ। ਪੁਰਖ ਅਬਿਨਾਸ਼ੀ ਭਾਰ ਕਰੇ ਹੌਲੇ, ਜੂਠਾ ਝੂਠਾ ਭਾਰ ਮਿਟਾਈਆ। ਕਰ ਕੇ ਗਿਆ ਆਪਣੇ ਕੌਲੇ, ਕੀਤਾ ਕੌਲ ਪੂਰ ਕਰਾਈਆ। ਗੁਰ ਗੋਬਿੰਦ ਫਰਕਨ ਡੌਲੇ, ਆਪਣਾ ਬਲ ਲਏ ਧਰਾਈਆ। ਸਿੰਘ ਸ਼ੇਰ ਸ਼ੇਰ ਸਿੰਘ ਵਸੇ ਏਕਾ ਚੋਲੇ, ਚੋਲਾ ਆਪਣਾ ਲਏ ਬਦਲਾਈਆ। ਗੋਬਿੰਦ ਗਾਏ ਸਾਚੇ ਢੋਲੇ, ਏਕਾ ਢੋਲਾ ਸਾਚਾ ਮਾਹੀਆ। ਗੁਰੂ ਚੇਲਾ ਇਕ ਦੂਜੇ ਦੇ ਬਣਨ ਵਿਚੋਲੇ, ਵਿਚੋਲਾ ਗੁਰ ਆਪ ਹੋ ਜਾਈਆ। ਗੁਰ ਗੁਰਸਿਖ ਇਕ ਦੂਜੇ ਦੇ ਬਣਨ ਤੋਲੇ, ਸਾਚਾ ਕੰਡਾ ਇਕ ਉਠਾਈਆ। ਗੁਰੂ ਗੁਰਸਿਖ ਇਕ ਦੂਜੇ ਦੇ ਵਸਣ ਓਹਲੇ, ਕਦੀ ਗੁਰੂ ਕਦੀ ਸਿਖ ਰੂਪ ਵਟਾਈਆ। ਪੰਜ ਤੱਤ ਕਾਇਆ ਵੇਖ ਜੀਵ ਜੰਤ ਸਭ ਰਸਨਾ ਕਹਿਣ ਪੂਰਨ ਬੋਲੇ, ਪੂਰਨ ਮੰਦਰ ਪੂਰਨ ਲੁਕਿਆ ਬੇਪਰਵਾਹੀਆ। ਆਪਣੀ ਧਰਤੀ ਆਪੇ ਮੌਲੇ, ਸਾਚੇ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿੰਘ ਸ਼ੇਰ ਜੰਗਲ ਬੇਲੇ ਫਿਰੇ ਚਾਈਂ ਚਾਈਂਆ। ਚਾਈਂ ਚਾਈਂ ਹਰਿ ਵੇਖੇ ਢਕ, ਸਿੰਘ ਸ਼ੇਰ ਰੂਪ ਵਟਾਇਆ। ਉਚੇ ਟਿੱਲੇ ਮੰਦਰ ਮਸਜਦ ਗੁਰੂਦਵਾਰਾ ਰਿਹਾ ਤੱਕ, ਕੌਣ ਦਵਾਰ ਸੋਭਾ ਪਾਇਆ। ਵਿਭਚਾਰ ਥਾਂ ਥਾਂ ਰਿਹਾ ਨੱਸ, ਨਾਰੀ ਪੁਰਸ਼ ਨਾ ਕੋਇ ਹੰਢਾਇਆ। ਕਾਮ ਕਰੋਧ ਰਿਹਾ ਹੱਸ, ਮਾਇਆ ਮਮਤਾ ਨਾਚ ਨਚਾਇਆ। ਸਾਚਾ ਮਾਰਗ ਨਾ ਰਿਹਾ ਕੋਈ ਦੱਸ, ਮਕਤਬ ਕਰੇ ਨਾ ਕੋਇ ਪੜ੍ਹਾਇਆ। ਪੁਰਖ ਅਬਿਨਾਸ਼ੀ ਦੂਰ ਦੁਰਾਡਾ ਆਇਆ ਨੱਸ, ਲੋਕਮਾਤ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੰਗਲ ਬੇਲਾ ਫੋਲ ਫੋਲਾਇਆ। ਆਇਆ ਨੱਸ ਪੁਰਖ ਸਮਰਥ, ਕਲਜੁਗ ਅੰਤਮ ਕਰ ਕਰ ਧਾਈਆ। ਮੰਦਰ ਮਸਜਦ ਮਠ ਸ਼ਿਵਦਵਾਲੇ ਦਿਸਣ ਸੱਖ, ਹਰਿ ਕਾ ਨਾਮ ਨਜ਼ਰ ਨਾ ਆਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਆਪ ਉਠਾਈ ਆਪਣੀ ਅੱਖ, ਚਾਰੋਂ ਕੁੰਟ ਵੇਖ ਵਖਾਈਆ। ਨਿਗਹ ਪਾਈ ਕੁੱਲੀ ਕੱਖ, ਹਰਿਜਨ ਬੈਠੇ ਧਿਆਨ ਲਗਾਈਆ। ਜਗਤ ਜਹਾਨੋਂ ਹੋਏ ਵੱਖ, ਸ੍ਰਿਸ਼ਟ ਸਬਾਈ ਤਜ ਲੋਕਾਈਆ। ਮਾਇਆ ਵਲੋਂ ਖ਼ਾਲੀ ਹੱਥ, ਅੰਦਰ ਭੰਡਾਰ ਨਾਮ ਰਖਾਈਆ। ਪ੍ਰਭ ਮਿਲਣ ਦਾ ਰੱਖਿਆ ਹਠ, ਤਾਹਨੇ ਮੇਹਣੇ ਦੇਵੇ ਜਗਤ ਲੋਕਾਈਆ। ਉਸ ਨੂੰ ਕੀ ਦੱਸਣਾ ਜੋ ਵਸੇ ਘਟ ਘਟ, ਅੰਦਰੇ ਅੰਦਰ ਧਿਆਈਆ। ਸਾਡੀ ਲੱਜ ਪਤ ਲਏ ਰੱਖ, ਚੋਟੀ ਮੁੰਨੇ ਸਰਬ ਲੋਕਾਈਆ। ਸਾਡਾ ਆਏ ਕਮਲਾਪਤਿ, ਕੋਝੀ ਕਮਲੀ ਲਏ ਗਲ ਲਾਈਆ। ਲੱਖ ਚੁਰਾਸੀ ਵੱਢੇ ਨੱਕ ਗੁੱਤ, ਦਰ ਦਰ ਦਏ ਫਿਰਾਈਆ। ਘਰ ਘਰ ਕਰੇ ਖ਼ਾਲੀ ਠੁਠ, ਮੰਗਿਆ ਭਿਖ ਕੋਇ ਨਾ ਪਾਈਆ। ਅਪਰਾਧੀ ਗੁਨਾਹਗਾਰ ਤੇਰੇ ਸੁਤ, ਕਰ ਕਿਰਪਾ ਲਏ ਤਰਾਈਆ। ਤੇਰੇ ਚਰਨ ਸੁਹੰਜਣੀ ਰੁੱਤ, ਬਸੰਤ ਇਕ ਵਖਾਈਆ। ਤੂੰ ਸਾਹਿਬ ਸੁਲਤਾਨ ਸਾਚੇ ਤੁਠ, ਤੇਰੀ ਰਹਿਮਤ ਸਾਡੀ ਸ਼ਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੰਗਲ ਬੇਲਾ ਵੇਖੇ ਥਾਉਂ ਥਾਈਂਆ। ਜੰਗਲ ਬੇਲਾ ਡੂੰਘੀ ਗਾਰ, ਰਾਹ ਖੇੜਾ ਨਜ਼ਰ ਨਾ ਆਇੰਦਾ। ਚਾਰੋਂ ਕੁੰਟ ਹਾਹਾਕਾਰ, ਹਰਿ ਕਾ ਨਾਮ ਨਾ ਕੋਇ ਧਿਆਇੰਦਾ। ਰੰਗ ਰਲੀਆਂ ਜੋਬਨ ਮਾਣੇ ਸੰਸਾਰ, ਤਨ ਸ਼ੰਗਾਰ ਸਰਬ ਸੁਹਾਇੰਦਾ। ਜੂਠਾ ਝੂਠਾ ਨੈਣਾਂ ਕੱਜਲ ਕਰੇ ਪਿਆਰ, ਮਾਇਆ ਮਮਤਾ ਮੋਹ ਸੀਸ ਗੁੰਦਾਇੰਦਾ। ਉਚੇ ਟਿੱਲੇ ਮੰਦਰ ਕਰ ਪਸਾਰ, ਕਾਮ ਕਾਮਨੀ ਸੇਜ ਹੰਢਾਇੰਦਾ। ਹਰਿ ਕਾ ਮੰਦਰ ਨਾ ਪਾਵੇ ਕੋਈ ਸਾਰ, ਨੇਤਰ ਨੈਣ ਦਰਸ ਨਾ ਕੋਇ ਪਾਇੰਦਾ। ਜਿਸ ਜਨ ਕਿਰਪਾ ਕਰੇ ਆਪ ਨਿਰੰਕਾਰ, ਦੁਬਧਾ ਮੈਲ ਆਪ ਧਵਾਇੰਦਾ। ਨਿਰਗੁਣ ਬਣ ਜਗਤ ਲਲਾਰ, ਨਾਮ ਲਲਾਰੀ ਖੇਲ ਖਿਲਾਇੰਦਾ। ਹਰਿਜਨ ਰੰਗੇ ਏਕਾ ਵਾਰ, ਰੰਗ ਚਲੂਲ ਆਪ ਚੜ੍ਹਾਇੰਦਾ। ਉਤਰ ਨਾ ਜਾਏ ਦੂਜੀ ਵਾਰ, ਸਾਚੀ ਭੱਠੀ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿੰਘ ਸ਼ੇਰ ਸ਼ੇਰ ਰੂਪ ਵਟਾਇੰਦਾ। ਸਿੰਘ ਸ਼ੇਰ ਮਾਰ ਗਰਜ, ਗਗਨ ਮੰਡਲ ਹਿਲਾਈਆ। ਨੌਂ ਸੌ ਚੁਰਾਨਵੇ ਚੌਕੜੀ ਦੀ ਪੂਰੀ ਕਰਨ ਆਇਆ ਗ਼ਰਜ, ਆਪਣਾ ਖੇਲ ਆਪ ਖਿਲਾਈਆ। ਨਿਰਭਉ ਨਿਰਵੈਰ ਨਿਰਾਕਾਰ ਆਵੇ ਜਾਵੇ ਕੋਇ ਨਾ ਸਕੇ ਵਰਜ, ਦੂਸਰ ਹੁਕਮ ਨਾ ਕੋਇ ਸੁਣਾਈਆ। ਆਪਣੇ ਘਰ ਆਪਣਾ ਪੂਰਾ ਕਰੇ ਫ਼ਰਜ, ਫਾਜਲ ਬਣ ਸੱਚਾ ਸ਼ਹਿਨਸ਼ਾਹੀਆ। ਕਲਜੁਗ ਵੇਲੇ ਅੰਤ ਕਿਸੇ ਦੀ ਸੁਣੇ ਨਾ ਕੋਈ ਅਰਜ਼, ਅਰਜ਼ੀ ਲੇਖ ਨਾ ਕੋਇ ਲਿਖਾਈਆ। ਆਪਣਾ ਪਹਿਲੇ ਕੀਤਾ ਹਰਜ, ਤਨ ਮਾਟੀ ਅਗਨੀ ਭੇਟ ਚੜ੍ਹਾਈਆ। ਕਰਿਆ ਖੇਲ ਫੇਰ ਅਸਚਰਜ, ਅਚਰਜ ਲੀਲ੍ਹਾ ਆਪ ਰਚਾਈਆ। ਬਿਨ ਹੱਡ ਮਾਸ ਨਾੜੀ ਰਤ ਆਪਣੇ ਨਾਮ ਗਾਈ ਤਰਜ਼, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈਕਾਰ ਲਗਾਈਆ। ਗੋਬਿੰਦ ਲਾਹੁਣ ਆਇਆ ਕ਼ਰਜ਼, ਲਹਿਣਾ ਆਪਣਾ ਭੁਲ ਨਾ ਜਾਈਆ। ਪੁਰਖ ਅਕਾਲ ਦੀਨ ਦਿਆਲ ਵਾਸਾ ਕਦੇ ਨਾ ਕਰੇ ਜੇਰਜ ਮਾਤ ਗਰਭ, ਦਸ ਦਸ ਮਾਸ ਨਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਏਕਾ ਗਰਜ ਰਹੀ ਗੂੰਜ, ਦੋ ਜਹਾਨ ਆਪ ਗੂੰਜਾਈਆ। ਆਪਣਾ ਆਪ ਆਪੇ ਗਿਆ ਜੂਝ, ਤਨ ਰੂਪ ਨਾ ਕੋਇ ਵਖਾਈਆ। ਆਪਣੀ ਕਾਇਆ ਕਿਰਿਆ ਕੂੜਾ ਹੂੰਝ, ਧਰਤੀ ਧਵਲ ਖ਼ਾਕ ਉਡਾਈਆ। ਆਪਣਾ ਬਸਤਰ ਸਾਫ਼ ਕਰਿਆ ਪੂੰਝ ਪੂੰਝ, ਨਿਰਗੁਣ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਵਟਾਈਆ। ਆਪਣਾ ਬਸਤਰ ਕਰਿਆ ਸਾਫ਼, ਸਾਚਾ ਪਲੰਘ ਦਏ ਸੁਹਾਈਆ। ਪੁਰਖ ਅਬਿਨਾਸ਼ੀ ਕਰੇ ਇਨਸਾਫ਼, ਮੁਨਸਫ਼ ਆਪਣਾ ਆਪ ਹੋ ਜਾਈਆ। ਆਦਿ ਜੁਗਾਦਿ ਨਾ ਹੋਏ ਗੁਸਤਾਖ, ਗੁਸਤਾਖੀ ਸਭ ਦੀ ਦਏ ਮਿਟਾਈਆ। ਕਰਿਆ ਕੌਲ ਜੋ ਪਹਿਲੀ ਵਿਸਾਖ, ਸਤਾਰਾਂ ਸੌ ਛਪੰਜਾ ਬਿਕ੍ਰਮੀ ਦਏ ਸਮਝਾਈਆ। ਤੇਰੀ ਫੁਲਵਾੜੀ ਲਏ ਰਾਖ, ਪਤ ਡਾਲ੍ਹੀ ਮਾਤ ਮਹਿਕਾਈਆ। ਆਪਣਾ ਰੂਪ ਵਟਾਏ ਸਾਖਿਆਤ, ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਤੇਰਾ ਬਣੇ ਪਿਤਾ ਮਾਤ, ਆਪਣੀ ਗੋਦ ਲਏ ਬਹਾਈਆ। ਚਾਰ ਵਰਨ ਤੋੜੇ ਜ਼ਾਤ ਪਾਤ, ਊਚ ਨੀਚ ਰਹਿਣ ਨਾ ਪਾਈਆ। ਮਨ ਮਤ ਦਿਸੇ ਨਾ ਨਾਰ ਕਮਜ਼ਾਤ, ਜਗਤ ਦੁਹਾਗਣ ਦਏ ਦੁਹਾਈਆ। ਗੋਬਿੰਦ ਤੇਰਾ ਬਸਤਰ ਸੁਹਾਏ ਖਾਟ, ਤੇਰੀ ਕਾਇਆ ਸੇਜ ਹੰਢਾਈਆ। ਉਪਰ ਚੜ੍ਹੇ ਪੁਰਖ ਸਮਰਾਥ, ਸਮਰਥ ਆਪਣਾ ਆਸਣ ਲਾਈਆ। ਆਪਣੀ ਮਹਿਮਾ ਗਾਏ ਅਕਥ, ਕਥਨੀ ਕਥ ਨਾ ਸਕੇ ਕੋਇ ਰਾਈਆ। ਤੇਰਾ ਭੂਪਤ ਦੇਵੇ ਦੱਸ, ਆਪਣਾ ਪਰਦਾ ਆਪ ਚੁਕਾਈਆ। ਜਿਸ ਖੇੜਾ ਕੀਤਾ ਭੱਠ, ਸੱਥਰ ਆਪ ਉਠਾਈਆ। ਤਿਸ ਅੰਦਰ ਵੜਿਆ ਨੱਠ, ਦਿਸ ਕਿਸੇ ਨਾ ਆਈਆ। ਲੋਕ ਪਰਲੋਕ ਗਾਏ ਜਸ, ਹਰਿ ਸਤਿਗੁਰ ਸੱਚਾ ਮਾਹੀਆ। ਅੰਤਮ ਪੂਰੀ ਕਰੇ ਆਸ, ਸਗਲਾ ਸੰਗ ਨਿਭਾਈਆ। ਸਿੰਘ ਸ਼ੇਰ ਸੁੱਤਾ ਰਹੇ ਨਾ ਵਿਚ ਪਰਭਾਸ, ਲੋਕਮਾਤ ਲਏ ਅੰਗੜਾਈਆ। ਸਿੰਘ ਬਣੇ ਪੁਰਖ ਅਬਿਨਾਸ਼, ਏਕਾ ਆਪਣਾ ਬਲ ਧਰਾਈਆ। ਲੇਖਾ ਵੇਖੇ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੰਗਲ ਜੂਹ ਗਿਆ ਵੜ, ਉਚੇ ਟਿੱਲੇ ਵੇਖ ਵਖਾਈਆ। ਜੰਗਲ ਜੂਹ ਕਰ ਕਰ ਪਾਰ, ਡੂੰਘਾ ਸਾਗਰ ਵੇਖ ਵਖਾਈਆ। ਡੂੰਘਾ ਸਾਗਰ ਜਲ ਜਲ ਧਾਰ, ਸਮੁੰਦ ਖਾਈ ਰੂਪ ਬਣਾਈਆ। ਖਾਈ ਵੇਖੇ ਆਪ ਨਿਰੰਕਾਰ, ਧਰਨੀ ਧਰਤ ਫੋਲ ਫੋਲਾਈਆ। ਧਰਨੀ ਹਿਤ ਕਰ ਪਿਆਰ, ਨਿਤ ਨਵਿਤ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਡੂੰਘੀ ਭਵਰੀ ਵੇਖ ਵਖਾਈਆ। ਡੂੰਘੀ ਭਵਰ ਸਾਗਰ ਸਿੰਧ, ਸਮੁੰਦ ਸਾਗਰ ਆਪ ਵਰੋਲਿਆ। ਪੁਰਖ ਅਬਿਨਾਸ਼ੀ ਗੁਣੀ ਗਹਿੰਦ, ਮਛ ਕਛ ਅੰਦਰ ਵੜ ਵੜ ਬੋਲਿਆ। ਲੇਖਾ ਜਾਣੇ ਚੁਰਾਸੀ ਲੱਖ, ਨਾ ਕੋਈ ਰੱਖੇ ਪਰਦਾ ਉਹਲਿਆ। ਜਲ ਜੀਵ ਜਲ ਕਰੇ ਭੱਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਿੰਘ ਸ਼ੇਰ ਏਕਾ ਬੋਲਿਆ। ਏਕਾ ਸਿੰਘ ਮਾਰੇ ਲਲਕਾਰਾ, ਲਲਕਰਾ ਆਪਣੀ ਆਪ ਸੁਣਾਈਆ। ਜਲ ਜਲ ਰੋਵੇ ਡੂੰਘੀ ਗਾਰਾ, ਨੇਤਰ ਨੈਣਾਂ ਨੀਰ ਵਹਾਈਆ। ਤੇਰੇ ਚਰਨ ਕਵਲ ਇਕ ਸਹਾਰਾ, ਤੇਰਾ ਚਰਨ ਕਵਲ ਮੇਰੀ ਬੂੰਦ ਟਪਕਾਈਆ। ਬਿਨ ਤੁਧ ਦਿਸੇ ਨਾ ਕੋਇ ਕਿਨਾਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਮੈਂ ਲੁਕਿਆ ਰਿਹਾ ਵਿਚ ਸੰਸਾਰਾ, ਮੇਰੀ ਸਾਰ ਕਿਸੇ ਨਾ ਪਾਈਆ। ਕੋਈ ਤਾਰੂ ਲੱਗਾ ਨਾ ਪਾਰ ਕਿਨਾਰਾ, ਅਨਤਾਰੂ ਵੇਖੀ ਸਰਬ ਲੋਕਾਈਆ। ਪੁਰਖ ਅਬਿਨਾਸ਼ੀ ਤੇਰਾ ਇਕ ਸਹਾਰਾ, ਹਉਂ ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਸੱਚੀ ਸਰਨਾਈਆ। ਸਿੰਘ ਸ਼ੇਰ ਤੇਰੀ ਹੌਗਜ, ਦਿਵਸ ਰੈਣ ਰਹੀ ਡਰਾਈਆ। ਮੈਂ ਲੁਕ ਲੁਕ ਵੇਖੀ ਡੂੰਘੀ ਕੰਦਰ, ਡੂੰਘੀ ਗਾਰ ਚੈਨ ਜ਼ਰਾ ਨਾ ਆਈਆ। ਮੇਰੇ ਅੰਦਰ ਕੋਟਨ ਕੋਟ ਜੀਵ ਪੋਗੰਦ, ਆਪਣਾ ਸੀਸ ਰਹੇ ਲੁਕਾਈਆ। ਮੇਰੀ ਛਾਤੀ ਚੜ੍ਹ ਚੜ੍ਹ ਆਪਣੀ ਲਾਹੁਣ ਨੀਂਦਰ, ਦੁੱਖ ਸੁੱਖ ਵਿਚ ਬਦਲਾਈਆ। ਮੈਂ ਜਾਣਿਆ ਤੂੰ ਆਉਣਾ ਸ਼ੀਘਰ, ਵੇਖੀਂ ਲੱਖ ਚੁਰਾਸੀ ਜੰਤ ਉਪਾਈਆ। ਮੈਨੂੰ ਰੋਗ ਦੀਰਘ, ਤੇਰਾ ਵਿਛੋੜਾ ਸਹਿ ਨਾ ਸਕਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਚਰਨ ਸੱਚੀ ਸਰਨਾਈਆ। ਸਿੰਘ ਸ਼ੇਰ ਤੇਰਾ ਰੂਪ, ਮਹਿਮਾ ਅਕਥ ਕਥੀ ਨਾ ਜਾਈਆ। ਮੇਰਾ ਵਸੇਰਾ ਚਾਰੇ ਕੂਟ, ਤੇਰੀ ਸੇਵ ਕਮਾਈਆ। ਤੂੰ ਕਿਰਪਾ ਕਰ ਦਿਤਾ ਅੰਮ੍ਰਿਤ ਘੁੱਟ, ਸਾਗਰ ਸਾਗਰਾਂ ਵਿਚ ਸਮਾਈਆ। ਤੇਰੀ ਕਿਰਪਾ ਉਪਰ ਜਾਵਾਂ ਉਠ, ਮੇਘ ਮੇਘਲਾ ਰੂਪ ਵਟਾਈਆ। ਤੇਰੀ ਪਵਣ ਮੇਰੀ ਧਾਰ ਦੇਵੇ ਸੁੱਟ, ਧਰਨੀ ਧਰਤ ਧਵਲ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਏ ਜੋੜ ਸੀਸ ਝੁਕਾਈਆ। ਦੋਏ ਜੋੜ ਕਰੇ ਨਿਮਸਕਾਰਾ, ਨੇਤਰ ਨੀਰ ਵਹਾਇਆ। ਮੈਂ ਸੁਣਿਆ ਤੂੰ ਹੋਇਆ ਜ਼ਾਹਰਾ, ਜਿਸ ਗੁਪਤ ਭੇਵ ਰਖਾਇਆ। ਬ੍ਰਹਿਮੰਡਾਂ ਖੰਡਾਂ ਲੋਆਂ ਪੁਰੀਆਂ ਜ਼ਿਮੀਂ ਅਸਮਾਨਾਂ ਡੂੰਘੀ ਗਾਰਾ, ਸਿੰਧ ਸਾਗਰਾਂ ਕਰਨਾ ਪਾਰ ਕਿਨਾਰਾ, ਬਚਿਆ ਕੋਇ ਰਹਿਣ ਨਾ ਪਾਇਆ। ਸਿੰਘ ਸ਼ੇਰ ਹੋ ਦਲੇਰ ਆਇਆ ਵਿਚ ਸੰਸਾਰਾ, ਸਾਚੀ ਕਾਰਾ ਲਏ ਕਮਾਇਆ। ਗੁਰਮੁਖ ਵਿਰਲਾ ਭਗਤ ਕਰੇ ਪਿਆਰਾ, ਜਿਸ ਸਿਰ ਆਪਣਾ ਹੱਥ ਟਿਕਾਇਆ। ਸਾਚੀਆਂ ਸਖ਼ੀਆਂ ਬਾਹਰ ਕੱਢੇ ਚਿਕੜ ਖੁਬੀਆਂ ਗਾਰਾ, ਕਲਜੁਗ ਦੁਰਮਤ ਮੈਲ ਧਵਾਇਆ। ਨਰ ਨਰਾਇਣ ਮੇਲੇ ਕੰਤ ਭਤਾਰਾ, ਸੁਰਤ ਸੁਵਾਣੀ ਲਏ ਪਰਨਾਇਆ। ਅਨਹਦ ਵਾਜਾ ਵੱਜੇ ਤਾਲ ਵਜਾਏ ਅਗੰਮ ਅਪਾਰਾ, ਤਾਲ ਤਲਵਾੜਾ ਨਾ ਕੋਇ ਰਖਾਇਆ। ਏਥੇ ਓਥੇ ਕਰੇ ਸ਼ੰਗਾਰਾ, ਰੂਪ ਅਨੂਪ ਆਪ ਧਰਾਇਆ। ਘਾੜਤ ਘੜੇ ਬਣ ਸੁਨਿਆਰਾ, ਸਾਚਾ ਜੇਵਰ ਨਾਮ ਰਖਾਇਆ। ਬਸਤਰ ਭੂਸ਼ਨ ਸਜਾਏ ਏਕਾ ਵਾਰਾ, ਪੁਰਖ ਅਬਿਨਾਸ਼ੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹੋਏ ਸਹਾਇਆ। ਮੈਂ ਸੁਣਿਆ ਤੂੰ ਗਹਿਰ ਗੰਭੀਰ, ਸਮੁੰਦ ਸਾਗਰ ਰਿਹਾ ਕੁਰਲਾਈਆ। ਬਿਨ ਤੁਧ ਕੋਈ ਨਾ ਦੇਵੇ ਧੀਰ, ਮੇਰੀ ਸਾਰ ਕਿਸੇ ਨਾ ਆਈਆ। ਰਸਨਾ ਗਾਉਂਦੇ ਰਹੇ ਪੀਰ ਫ਼ਕੀਰ, ਮੁੱਲਾ ਸ਼ੇਖ਼ ਮਸਾਇਕ ਮੇਰੇ ਮਣਕੇ ਤਸਬੀ ਰਹੇ ਗਲ ਲਟਕਾਈਆ। ਮੇਰੇ ਮੋਤੀ ਮਾਇਆਧਾਰੀ ਮਾਰਨ ਜ਼ੰਜੀਰ, ਨਾ ਸਕੇ ਕੋਇ ਤੁੜਾਈਆ। ਹੀਰੇ ਲਾਲ ਪੰਨੇ ਜਵਾਹਰ ਮੇਰਾ ਸੀਰ, ਸ਼ਾਹ ਪਾਤਸ਼ਾਹ ਪੀ ਪੀ ਆਪਣਾ ਰਸ ਰਸਾਈਆ। ਕਰੋੜ ਛਿਆਨਵੇ ਮੰਗੇ ਮੇਰਾ ਨੀਰ, ਅੱਠੇ ਪਹਿਰ ਧਿਆਨ ਲਗਾਈਆ। ਨਦੀ ਨਾਲੇ ਦੂਰ ਦੁਰਾਡੇ ਜੋ ਪੈਂਡਾ ਆਵਣ ਚੀਰ, ਆਪਣੇ ਅੰਦਰ ਲਵਾਂ ਬਹਾਈਆ। ਮੈਂ ਸਭ ਦੀ ਮੇਟਾਂ ਪੀੜ, ਮੇਰੀ ਪੀੜ ਨਾ ਕੋਇ ਮਿਟਾਈਆ। ਮੈਂ ਸੁਣਿਆ ਕਲਜੁਗ ਅੰਤ ਆਇਆ ਅਖ਼ੀਰ, ਪਰਗਟ ਹੋਇਆ ਸੱਚਾ ਸ਼ਹਿਨਸ਼ਾਹੀਆ। ਗੋਬਿੰਦ ਚਿੱਟੇ ਉਤੇ ਖਿਚੀ ਕਾਲੀ ਲਕੀਰ, ਲਿਖਿਆ ਲੇਖ ਨਾ ਕੋਇ ਮਿਟਾਈਆ। ਦੇ ਮਸਤਕ ਧੂੜ ਬਦਲੇ ਮੇਰੀ ਤਕ਼ਸੀਰ, ਪੁਰਖ ਅਬਿਨਾਸ਼ੀ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਰਿਹਾ ਸਮਝਾਈਆ। ਏਕਾ ਗੁਣ ਹਰਿ ਸਮਝਾਏ, ਸਿੰਧ ਸਾਗਰ ਆਪ ਉਠਾਇੰਦਾ। ਮੈਂ ਆਪਣੀ ਵਸਤ ਗੁਰਸਿਖਾਂ ਪਾਈ ਥਾਏ, ਆਪਣੇ ਹੱਥ ਨਾ ਕੁਛ ਰਖਾਇੰਦਾ। ਉਠ ਜਾ ਲੱਗ ਗੁਰਸਿਖਾਂ ਪਾਏ, ਤੇਰਾ ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸੁਣਾਇੰਦਾ। ਸੁਣਿਆ ਹੁਕਮ ਧੁਰ ਫ਼ਰਮਾਨਾ, ਸਰੋਵਰ ਨਿਉਂ ਨਿਉਂ ਕਰੇ ਨਿਮਸਕਾਰਿਆ। ਪੁਰਖ ਅਬਿਨਾਸ਼ੀ ਦੱਸ ਸਚ ਟਿਕਾਣਾ, ਜਿਸ ਘਰ ਤੇਰਾ ਗੁਰਮੁਖ ਬੈਠਾ ਇਕ ਪਿਆਰਿਆ। ਮੈਂ ਕਿਹੜੇ ਰਸਤੇ ਜਾਣਾ, ਰਾਹ ਖੇੜਾ ਨਾ ਅਜੇ ਵਿਚਾਰਿਆ। ਮੈਂ ਘਰ ਕੇਹੜੇ ਮਾਰਗ ਆਣਾ, ਰਾਹ ਦੱਸ ਏਕੰਕਾਰਿਆ। ਰਾਹ ਵਿਚ ਫੜੇ ਨਾ ਰਾਜਾ ਰਾਣਾ, ਦੁਸ਼ਟ ਹੰਕਾਰੀ ਕਰ ਸੰਘਾਰਿਆ। ਮੈਂ ਹੋਇਆ ਮਾਣ ਨਿਮਾਣਾ, ਤੇਰੇ ਚਰਨ ਜਾਵਾਂ ਪਨਿਹਾਰਿਆ। ਸਦਾ ਸਦ ਮੰਨਾਂ ਤੇਰਾ ਭਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਆਪ ਜਣਾ ਰਿਹਾ। ਏਕਾ ਘਰ ਸਚ ਟਿਕਾਣਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਇਕ ਇਕੱਲਾ ਬਹੇ ਸ੍ਰੀ ਭਗਵਾਨਾ, ਸਾਚੇ ਤਖ਼ਤ ਸੋਭਾ ਪਾਈਆ। ਲੇਖਾ ਜਾਣੇ ਦੋ ਜਹਾਨਾਂ, ਦੋ ਜਹਾਨਾਂ ਵਾਲੀ ਆਪ ਅਖਵਾਈਆ। ਗੁਰਸਿਖ ਇਕੱਠੇ ਕਰੇ ਇਕ ਮਕਾਨਾ, ਸੰਬਲ ਨਗਰੀ ਸਾਚਾ ਖੇੜਾ ਵਖਾਈਆ। ਹਾੜ ਸਤਾਰਾਂ ਚਲ ਕੇ ਆਉਣਾ ਦੱਸੇ ਸਚ ਟਿਕਾਣਾ, ਭੁਲ ਕਦੇ ਨਾ ਜਾਈਆ। ਸਚ ਦਰਬਾਰਾ ਇਕ ਲਗਾਉਣਾ, ਚਾਰ ਜੁਗ ਦੀ ਵੇਖੇ ਪਿਛਲੀ ਸ਼ਾਹੀਆ। ਜੋ ਗੁਰ ਅਵਤਾਰ ਸਰਬ ਬੁਲਾਉਣਾ, ਪੀਰ ਪੈਗ਼ੰਬਰ ਕੋਇ ਰਹਿਣ ਨਾ ਪਾਈਆ। ਭਗਤ ਭਗਵੰਤ ਦਰ ਰਖਾਣਾ, ਸੰਤ ਸਾਜਨ ਹੋਏ ਸਹਾਈਆ। ਗੁਰਸਿਖ ਦੇਵੇ ਚਰਨ ਟਿਕਾਣਾ, ਮਸਤਕ ਧੂੜੀ ਟਿੱਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਸ਼ੇਰ ਸ਼ੇਰ ਸਿੰਘ ਰੂਪ ਵਟਾਈਆ। ਜਨਮ ਕਰਮ ਪੂਰਬ ਗੁਰਦੇਵ, ਲਹਿਣਾ ਲੇਖ ਵੇਖ ਵਖਾਇੰਦਾ। ਪੰਖੀ ਪੰਛੀ ਜਿਸ ਬਣ ਬਣ ਕੀਤੀ ਸੇਵ, ਤਿਸ ਲੇਖਾ ਮੂਲ ਚੁਕਾਇੰਦਾ। ਜਿਸ ਅੰਮ੍ਰਿਤ ਨਾਉਂ ਰਸਿਆ ਜਿਹਵ, ਤਿਸ ਆਪਣੇ ਹੱਥ ਰਖਾਇੰਦਾ। ਤ੍ਰੈ ਤ੍ਰੈ ਨੌਂ ਲੇਖ ਅਭੇਵ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਮੂਲ ਚੁਕਾਇੰਦਾ। ਤ੍ਰੈ ਤ੍ਰੈ ਜਨਮ ਪੰਖੀ ਪੰਖ, ਪੰਖੇਰੂ ਰੂਪ ਵਟਾਈਆ। ਤ੍ਰੈ ਤ੍ਰੈ ਜਨਮ ਪੰਛੀ ਬਣ, ਨਿਤ ਉਠ ਦਰਸ਼ਨ ਵੇਖੇ ਗੁਰ ਗੁਰ ਸਾਚੇ ਮਾਹੀਆ। ਨੌਂ ਨੌਂ ਵਾਰ ਰਾਗ ਸੁਣਿਆ ਕੰਨ, ਗੁਰਮੁਖ ਗੀਤ ਅਲਾਈਆ। ਅਨਬੋਲਤ ਵਜਾਏ ਆਣ ਮਨ, ਰਸਨਾ ਗੁਣ ਕਹਿਣ ਨਾ ਜਾਈਆ। ਮਾਨਸ ਜਨਮ ਮਿਲੇ ਕਹਾਂ ਧੰਨ ਧੰਨ, ਧੰਨ ਧੰਨ ਤੇਰੀ ਵਡਿਆਈਆ। ਨੇਤਰ ਨੈਣ ਵੇਖਾਂ ਸਤਿ ਸਰੂਪੀ ਚੰਨ, ਚੰਦ ਚਾਂਦਨੀ ਸੋਭਾ ਪਾਈਆ। ਸਾਹਿਬ ਸਤਿਗੁਰ ਜਾਏ ਮੰਨ, ਸੁਣ ਪੁਕਾਰ ਮੇਰੀ ਕਾਇਆ ਦਏ ਪਲਟਾਈਆ। ਰਾਏ ਹਰਿ ਹਰਿ ਰਾਏ ਹੋ ਕਰ ਧਿਆਨ, ਪੰਖੀ ਭਾਖਿਆ ਬੂਝ ਬੁਝਾਈਆ। ਪੰਛੀ ਤੇਰਾ ਹੋਵੇ ਪਾਰ ਕਿਨਾਰ, ਆਤਮ ਤ੍ਰਿਸਨ ਬੁਝਾਈਆ। ਨੌਂ ਜਨਮ ਹੋਰ ਮਿਲਣੇ ਵਿਚ ਸੰਸਾਰ, ਬਨ ਬਨ ਫੇਰਾ ਪਾਈਆ। ਮਾਨਸ ਬਣੀ ਅੰਤਮ ਵਾਰ, ਇਕ ਨਿਸ਼ਾਨੀ ਦਏ ਸਮਝਾਈਆ। ਤੇਰੀ ਰਸਨਾ ਤੋਤਲੀ ਮੁਖ ਵਿਚ ਪਾਏ ਘੁੰਮਘਾਰ, ਤੋਤਾ ਤੂ ਹੀ ਤੂ ਹੀ ਅਲਾਈਆ। ਫੇਰ ਮਿਲੇ ਸਰਬ ਜੀਆਂ ਦਾ ਸਾਂਝਾ ਯਾਰ, ਲੱਖ ਚੁਰਾਸੀ ਜੋ ਰਿਹਾ ਖੇਲ ਖਿਲਾਈਆ। ਤੇਰਾ ਲਾਹੇ ਅੰਤ ਉਧਾਰ, ਤੇਰੀ ਆਸਾ ਪੂਰ ਕਰਾਈਆ। ਮੇਰੀ ਆਸਾ ਕਰੇ ਪਿਆਰ, ਆਸਾ ਸ਼ਬਦੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਜਨਮ ਕਰਮ ਕਰਮ ਜਨਮ ਪੂਰਬ ਆਪਣਾ ਲਹਿਣਾ ਆਪ ਚੁਕਾਈਆ। ਤੁਰਕ ਪਠਾਣੀ ਗੁਰ ਗੁਰ ਵੇਸ, ਵੇਸ ਅਨੇਕ ਕਰਾਇੰਦਾ। ਲੇਖਾ ਜਾਣੇ ਦਸ ਦਸਮੇਸ਼, ਦਹਿ ਦਿਸ਼ਾ ਫੋਲ ਫੋਲਾਈਆ। ਜਿਸ ਲੇਖਾ ਲਿਖਿਆ ਧੁਰ ਮਸਤਕ ਰੇਖ, ਮੇਲ ਮਿਲਾਵਾ ਅੰਤ ਕਰਾਇੰਦਾ। ਅੱਜ ਖੁਲ੍ਹੜੇ ਕੇਸ, ਰੂਪ ਅਨੂਪ ਧਰਾਇੰਦਾ। ਨੇਤਰ ਨੈਣ ਕਮਾਇਆ ਏਕਾ ਵਾਰ ਵੇਖ, ਦਰਦੀ ਦਰਦ ਦਰਦ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਨੇਤਰ ਵਿਗਸੇ ਨੈਣਾਂ ਨੀਰ, ਆਤਮ ਆਹ ਜਣਾਈਆ। ਤੂੰ ਸਾਹਿਬ ਮੇਰਾ ਉਚਾ ਪੀਰ, ਪੀਰ ਪੀਰਾਂ ਤੇਰੀ ਵਡਿਆਈਆ। ਨੇਤਰ ਪੇਖਿਆ ਸ਼ਾਹ ਬਣਿਆ ਫ਼ਕੀਰ, ਪਾਤਸ਼ਾਹ ਜਿਸ ਸੱਚੀ ਸ਼ਹਿਨਸ਼ਾਹੀਆ। ਦੋਏ ਜੋੜ ਮੇਰੀ ਕੱਟ ਜ਼ੰਜੀਰ, ਤੇਰੀ ਜ਼ੰਜੀਰ ਮੇਰੇ ਤਨ ਮਨ ਰਹੀ ਭਾਈਆ। ਕਰ ਕਿਰਪਾ ਦਿਤਾ ਬਚਨ ਅਖ਼ੀਰ, ਕਲਜੁਗ ਅੰਤਮ ਮਿਲੇ ਸੱਚਾ ਮਾਹੀਆ। ਲੱਖ ਚੁਰਾਸੀ ਤੇਰੀ ਕੱਟੇ ਪੀੜ, ਆਪਣੀ ਫਾਸੀ ਗਲ ਵਿਚ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਰਿਹਾ ਪਾਈਆ। ਹਰਿ ਕਾ ਨਾਉਂ ਹਰਿ ਕਾ ਰੰਗ, ਹਰਿਜਨ ਹਰਿ ਹਰਿ ਆਪ ਚੜ੍ਹਾਈਆ। ਹਰਿ ਕਾ ਸ਼ਬਦ ਹਰਿ ਮਰਦੰਗ, ਹਰ ਘਟ ਘਟ ਆਪ ਵਜਾਈਆ। ਹਰਿ ਕਾ ਮੰਦਰ ਹਰਿ ਪਲੰਘ, ਹਰਿ ਬੈਠਾ ਆਸਣ ਲਾਈਆ। ਹਰਿ ਭਿਖਾਰੀ ਹਰਿ ਦਰਵੇਸ਼ ਰਿਹਾ ਮੰਗ, ਅਲਖ ਅਲਖਨਾ ਆਪਣੀ ਅਲਖ ਜਗਾਈਆ। ਹਰਿ ਦਾਤਾ ਹਰਿ ਸੂਰਾ ਸਰਬੰਗ, ਦੇਵਣਹਾਰ ਹਰਿ ਅਖਵਾਈਆ। ਸਰਬ ਜੀਆਂ ਜਗ ਪੂਰੀ ਕਰੇ ਮੰਗ, ਜੋ ਜਨ ਧਿਆਨ ਲਗਾਈਆ। ਦੂਰ ਦੁਰਾਡਾ ਚੁੱਕੇ ਪੰਧ, ਪਾਂਧੀ ਪੰਧ ਨਾ ਕੋਇ ਵਖਾਈਆ। ਜਿਸ ਜਨ ਸੁਣਾਏ ਸੁਹਾਗੀ ਛੰਦ, ਸੋਹੰ ਅੱਖਰ ਕਰੇ ਪੜ੍ਹਾਈਆ। ਆਪ ਰਖਾਏ ਪਰਮਾਨੰਦ, ਮਹਾਰਾਜ ਸ਼ੇਰ ਵਿਸ਼ਨੂੰ ਭਗਵਾਨ ਵਡੀ ਵਡਿਆਈਆ। ਜਗਤ ਕਾਮਨਾ ਪੂਰੀ ਆਸ, ਕਰ ਕਿਰਪਾ ਪੂਰ ਕਰਾਈਆ। ਬਖ਼ਸ਼ਸ਼ ਬਖ਼ਸ਼ੇ ਚਰਨ ਨਿਵਾਸ, ਸਚ ਦਵਾਰਾ ਇਕ ਸਮਝਾਈਆ। ਜਗਤ ਜੰਜਾਲਾ ਕਰੇ ਬੰਦ ਖਲਾਸ, ਬੰਧਨ ਕੋਇ ਰਹਿਣ ਨਾ ਪਾਈਆ। ਹਰਿਜਨ ਰੱਖੇ ਆਪਣੇ ਦਾਸ, ਦਾਸੀ ਦਾਸ ਆਪ ਸਮਝਾਈਆ। ਘਟ ਮੰਦਰ ਕਰ ਪਰਕਾਸ਼, ਅਗਿਆਨ ਅੰਧੇਰ ਚੁਕਾਈਆ। ਗੁਰ ਸਤਿਗੁਰ ਸਦਾ ਪਾਸ, ਵਿਛੜ ਕਦੇ ਨਾ ਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਜੀਵਣ ਦੇਵੇ ਜੀਆ ਦਾਨ, ਵਸਤ ਅਮੋਲਕ ਆਪ ਵਰਤਾਈਆ। ਜਗਤ ਰੋਵੇ ਜਗਤ ਪਿਆਰ, ਨੈਣਾਂ ਨੀਰ ਵਹਾਈਆ। ਗੁਰਸਿਖ ਰੋਵੇ ਬਿਨ ਗੁਰ ਦੀਦਾਰ, ਜਗਤ ਵਿਛੋੜਾ ਸਹਿ ਨਾ ਸਕੇ ਰਾਈਆ। ਜਗਤ ਰੋਵੇ ਵੇਖ ਮੁਰਦਾਰ, ਜਗਤ ਕੁਟੰਬ ਰੂਪ ਵਟਾਈਆ। ਗੁਰਸਿਖ ਰੋਵੇ ਗੁਰਸਿਖ ਵਿਛੜਨ ਯਾਰ, ਜਨ ਵਿਛੋੜਾ ਮੂਲ ਨਾ ਭਾਈਆ। ਸਤਿਗੁਰ ਕਿਰਪਾ ਦੇਵੇ ਤਾਰ, ਦਿਵਸ ਰੈਣ ਵਿਛੜੇ ਨਾ ਵਿਚ ਸੰਸਾਰ, ਆਦਿ ਅੰਤ ਕਰੇ ਪਿਆਰ, ਛੁਪ ਕਦੇ ਨਾ ਜਾਈਆ। ਅੰਦਰ ਵੜ ਕੇ ਬੈਠਾ ਸਚ ਮਨਾਰ, ਸਿੰਘਾਸਣ ਆਸਣ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਏਕਾ ਰੋਣਾ ਰਿਹਾ ਸਮਝਾਈਆ। ਜਗਤ ਰੋਣ ਤੋਂ ਡਰੇ ਜਗ, ਦੁੱਖ ਦਰਦ ਸੋਗ ਰਖਾਈਆ। ਗੁਰਮੁਖ ਰੋਵੇ ਘਰ ਮਿਲੇ ਹਰਿ, ਬਿਨ ਗੁਰ ਦਰ ਨਾ ਸੋਭਾ ਪਾਈਆ। ਸਤਿਗੁਰ ਪੂਰਾ ਕਿਰਪਾ ਦੇਵੇ ਕਰ, ਦਿਵਸ ਰੈਣ ਵਜਾਏ ਸਤਾਰ, ਦਾਤਾਰ ਆਪਣੀ ਦਇਆ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਦੇਵਾ ਸਫਲ ਕਰੇ ਸੇਵਾ, ਅੰਮ੍ਰਿਤ ਫਲ ਖਵਾਏ ਮੇਵਾ, ਧਾਮ ਨਿਹਚਲ ਨਿਹਕੇਵਾ ਏਕਾ ਏਕ ਵਖਾਈਆ। ਮਨ ਵੈਰਾਗ ਤਨ ਭਇਆ ਅਨੰਦ, ਤਨ ਕਾ ਭਓ ਗਵਾਇਆ। ਗ੍ਰਹਿ ਚੜ੍ਹਿਆ ਨੂਰੀ ਚੰਦ, ਚੜ੍ਹਿਆ ਚੰਦ ਛੁਪ ਨਾ ਜਾਇਆ। ਕਿਸ਼ਨਾ ਸੁਖਲਾ ਨਾ ਕੋਇ ਵੰਡ, ਏਕਾ ਰੰਗ ਰੰਗਾਇਆ। ਸਦਾ ਸੁਹੇਲਾ ਦੇਵੇ ਪਰਮਾਨੰਦ, ਪਾਰਖੂ ਆਪਣੀ ਕਸਵੱਟੀ ਆਪ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਵਸਾਏ ਆਪਣੇ ਘਰ, ਘਰ ਮੇਲਾ ਸਹਿਜ ਸਭਾਇਆ।
