Granth 10 Likhat 136: 20 Jeth 2018 Bikarmi Bibi Banti de Greh

੨੦ ਜੇਠ ੨੦੧੮ ਬਿਕਰਮੀ ਬੀਬੀ ਬੰਤੀ ਦੇ ਗ੍ਰਹਿ

ਸਮੁੰਦ ਸਾਗਰ ਵੇਖੇ ਸਿੰਧ, ਸਾਚੀ ਧਾਰ ਚਲਾਈਆ। ਜੀਵ ਉਪਾਏ ਆਪਣੀ ਬਿੰਦ, ਜੰਤ ਦਏ ਵਡਿਆਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਬੇਪਰਵਾਹੀਆ। ਦਿਆਲ ਠਾਕਰ ਸਦਾ ਬਖ਼ਸ਼ੰਦ, ਬਖ਼ਸ਼ਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਲ ਜਲ ਰੂਪ ਆਪ ਸਮਾਈਆ। ਜਲ ਜਲ ਧਾਰ ਹਰਿ ਨਿਰੰਕਾਰਾ, ਡੂੰਘੇ ਸਾਗਰ ਆਸਣ ਲਾਇੰਦਾ। ਕਰੇ ਕਰਾਏ ਸਾਚੀ ਕਾਰਾ, ਭੇਵ ਕੋਇ ਨਾ ਪਾਇੰਦਾ। ਜੁਗਾ ਜੁਗੰਤਰ ਨਾਮ ਜੈਕਾਰਾ, ਸਤਿ ਸਤਿਵਾਦੀ ਆਪ ਕਰਾਇੰਦਾ। ਕਰੇ ਖੇਲ ਅਪਰ ਅਪਾਰਾ, ਲੇਖਾ ਲਿਖਤ ਵਿਚ ਨਾ ਆਇੰਦਾ। ਕਲਜੁਗ ਅੰਤਮ ਕਰਾਇਆ ਸਾਚਾ ਵਣਜ ਵਪਾਰਾ, ਗੁਰਮੁਖ ਧੂੜੀ ਚਰਨ ਧਵਾਇੰਦਾ। ਮੇਲ ਮਿਲਾਇਆ ਵਿਛੜੇ ਯਾਰਾ, ਸਗਲਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵ ਜੰਤ ਸਰਬ ਤਰਾਇੰਦਾ। ਮਿਲਿਆ ਮੇਲ ਵਿਛੜੇ ਮੀਤ, ਜਗਤ ਵਿਛੋੜਾ ਹਰਿ ਕਟਾਇਆ। ਮਿਲ ਮਿਲ ਗਾਇਆ ਏਕਾ ਗੀਤ, ਉਪਰ ਪਾਹਨ ਆਸਣ ਲਾਇਆ। ਪਾਰਬ੍ਰਹਮ ਚਲਾਈ ਅਚਰਜ ਰੀਤ, ਪੰਜ ਤੱਤ ਜਲ ਧਾਰਾ ਰੂਪ ਵਖਾਇਆ। ਧਾਰ ਰੁੜ੍ਹਾਈ ਏਕਾ ਸੀਤ, ਸੀਤਲ ਆਪਣਾ ਵੇਸ ਵਟਾਇਆ। ਨਿਰਗੁਣ ਹੋ ਹੋ ਵਸਿਆ ਚੀਤ, ਚੇਤਨ ਰੂਪ ਦਰਸਾਇਆ। ਸੀਸ ਟਿਕਾਇਆ ਪੀਤੰਬਰ ਪੀਤ, ਜਗਦੀਸ ਹੋਏ ਸਹਾਇਆ। ਸੱਤ ਸਮੁੰਦਰ ਦੇਣੀ ਇਕ ਹਦੀਸ, ਸੋਹੰ ਅਜਪਾ ਜਾਪ ਕਰਾਇਆ। ਪ੍ਰਭ ਵੇਖਣ ਆਏ ਬੀਸ ਬੀਸ, ਭੁਲ ਕੋਇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਆਪਣਾ ਖੇਲ ਖਿਲਾਇਆ। ਅਚਰਜ ਖੇਲ ਸਰਬ ਗੁਣਵੰਤ, ਜਲ ਜਲ ਧਾਰਾ ਆਪ ਕਰਾਈਆ। ਨਾਲ ਰਲਾਏ ਗੁਰਮੁਖ ਸਾਚੇ ਸੰਤ, ਦਰ ਘਰ ਸਾਚੇ ਮੇਲ ਮਿਲਾਈਆ। ਕਿਰਪਾ ਕਰੀ ਸ੍ਰੀ ਭਗਵੰਤ, ਸਾਚੇ ਘਾਟ ਦਏ ਵਡਿਆਈਆ। ਆਪ ਜਣਾਇਆ ਆਪਣਾ ਮੰਤ, ਕਰੋੜ ਤੇਤੀਸਾ ਦਰਸ ਰਹੇ ਨੈਣ ਬਿਗਸਾਈਆ। ਵਿਸ਼ਨ ਬ੍ਰਹਮਾ ਸ਼ਿਵ ਗੁਣ ਗਾਇਨ ਬੇਅੰਤ ਬੇਅੰਤ, ਵਾਹ ਵਾ ਤੇਰੀ ਵਡੀ ਵਡਿਆਈਆ। ਜਿਸ ਉਧਾਰੇ ਬਤਾਲੀ ਲੱਖ ਜੀਵ ਜੰਤ, ਅਜੂਨੀ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮੁੰਦ ਸਾਗਰ ਰਿਹਾ ਸਮਾਈਆ। ਸਮੁੰਦ ਸਾਗਰ ਹਰਿ ਸਮਾਇਆ, ਨਿਰਗੁਣ ਦਾਤਾ ਬੇਪਰਵਾਹ। ਡੂੰਘੇ ਡੂੰਘਰ ਆਸਣ ਲਾਇਆ, ਜਾਣੇ ਥਲ ਅਸਗਾਹ। ਸਾਚਾ ਹੁਕਮ ਰਿਹਾ ਸੁਣਾਇਆ, ਭੁੱਲੇ ਕੋਇ ਨਾ। ਏਕਾ ਅੱਖਰ ਨਾਮ ਦ੍ਰਿੜਾਇਆ, ਸੋ ਪੁਰਖ ਨਿਰੰਜਣ ਰਿਹਾ ਜਪਾ। ਹੰ ਬ੍ਰਹਮ ਸਰਬ ਉਪਾਇਆ, ਆਤਮ ਜੀਵ ਰੂਪ ਵਟਾ। ਕਲਜੁਗ ਅੰਤਮ ਸਭ ਦੀ ਜੂਨੀ ਦਏ ਪਲਟਾਇਆ, ਆਪ ਆਪਣੀ ਬਣਤ ਬਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਡੇਰਾ ਕੰਢੇ ਲਾ ਝਨਾ। ਕੰਢੇ ਡੇਰਾ ਲੱਗਾ ਚਨਾਬ, ਚੰਨ ਆਬ ਹੋਈ ਰੁਸ਼ਨਾਈਆ। ਜਿਉਂ ਪੁੱਤ ਵਿਛੜਿਆ ਮਿਲਿਆ ਮਾਈ ਬਾਪ, ਘਰ ਵੱਜੀ ਸਚ ਵਧਾਈਆ। ਚਾਰ ਜੁਗ ਦੇ ਲੱਥੇ ਤਾਪ, ਜੋ ਮਨਮੁਖ ਜੀਵ ਦੁਰਮਤ ਮੈਲ ਵਿਚ ਧਵਾਈਆ। ਹਰਿ ਸੰਗਤ ਮਿਲ ਹੋਇਆ ਪਾਕੀ ਪਾਕ, ਪਤਤ ਰੂਪ ਨਾ ਕੋਇ ਰਖਾਈਆ। ਧੰਨ ਭਾਗ ਮਿਲਿਆ ਗੁਰਸਿਖ ਸੱਜਣ ਸਾਕ, ਜਿਸ ਲੈਣ ਦੇਣ ਦੀ ਆਸ ਨਾ ਕੋਇ ਰਖਾਈਆ। ਆਏ ਚਲ ਮੇਰੇ ਘਾਟ, ਚਰਨ ਧੂੜੀ ਮੇਰੀ ਝੋਲੀ ਪਾਈਆ। ਮੈਂ ਹੋ ਨਿਮਾਣਾ ਵਿਕਾਂ ਗੁਰਸਿਖ ਹਾਟ, ਮੇਰੀ ਕੀਮਤ ਲੋਕਮਾਤ ਨਾ ਕੋਇ ਚੁਕਾਈਆ। ਮੇਰਾ ਖ਼ੁਸ਼ੀ ਅੰਦਰ ਜਾਮਾ ਗਿਆ ਪਾਟ, ਬਿਨ ਜਾਮੇ ਹਰਿ ਕਾ ਦਰਸ਼ਨ ਪਾਈਆ। ਮੈਂ ਤੱਕ ਕੇ ਵੇਖਿਆ ਏਕਾ ਨਿਰਮਲ ਜੋਤ ਜਗੇ ਮੇਰੇ ਕੰਢੇ ਘਾਟ, ਮੇਰੀ ਡੂੰਘੀ ਭਵਰ ਕਰੇ ਰੁਸ਼ਨਾਈਆ। ਮੈਂ ਫੜਨ ਲੱਗਾ ਕੋਈ ਨਾ ਆਈ ਹਾਥ, ਚਨਾਬ ਰੋ ਰੋ ਨੀਰ ਵਹਾਈਆ। ਕਵਣ ਗੁਣ ਮੇਰਾ ਦਿਤਾ ਸਾਥ, ਅਵਗੁਣ ਭਰਿਆ ਸਦਾ ਗੁਨਾਹੀਆ। ਮੇਰੇ ਅੰਦਰ ਸਾਧਾਂ ਸੰਤਾਂ ਕੀਤੇ ਪਾਪ, ਕਵਾਰ ਕੰਨਿਆ ਵੇਸਵਾ ਰੂਪ ਵਟਾਈਆ। ਮੇਰੇ ਅੰਦਰ ਵੜ ਵੜ ਝੂਠਾ ਜਪਿਆ ਜਾਪ, ਮਨ ਮਤ ਮੈਲ ਨਾ ਕੋਇ ਧਵਾਈਆ। ਮੇਰੀ ਸੇਜਾ ਸੁੰਞੀ ਚਾਰ ਜੁਗ ਰਹੀ ਖਾਟ, ਬਿਨ ਗੁਰਸਿਖ ਚਰਨ ਨਾ ਕੋਇ ਟਿਕਾਈਆ। ਮੈਂ ਦੂਰ ਦੁਰਾਡਾ ਮੁਕੌਦਾ ਆਇਆ ਵਾਟ, ਤੇਰਾ ਪੰਧ ਮੇਰੇ ਲੇਖੇ ਵਿਚ ਨਾ ਆਈਆ। ਕਰ ਕਿਰਪਾ ਮੇਰਾ ਦਿਤਾ ਸਾਥ, ਨਾਥ ਅਨਾਥਾਂ ਹੋਇਆ ਸਹਾਈਆ। ਕਰ ਦਰਸ ਮੇਰੇ ਸਗਲ ਵਿਸੂਰੇ ਗਏ ਲਾਥ, ਗੁਰਸਿਖ ਮਿਲਿਆ ਜਿਉਂ ਭਾਈਆਂ ਭਾਈਆ। ਮੈਂ ਚੜ੍ਹ ਕੇ ਜਾਣਾ ਤੇਰੇ ਰਾਥ, ਤੇਰਾ ਢੋਲਾ ਗਾਈਆ। ਮੈਂ ਸੱਤ ਸਮੁੰਦਰ ਲੈ ਕੇ ਜਾਵਾਂ ਤੇਰਾ ਨਾਉਂ ਸਾਥ, ਜਾ ਕੇ ਬਹਵਾਂ ਜਿਉਂ ਸੌਹਰਿਆਂ ਘਰ ਜਵਾਈਆ। ਕਿਰਪਾ ਕਰੀ ਆਪ ਰਘੁਨਾਥ, ਮੇਰੀ ਰਗ ਰਗ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ, ਜਨ ਭਗਤਾਂ ਦਏ ਜਗਤ ਵਡਿਆਈਆ। ਸੱਤ ਸਮੁੰਦਰ ਜਾ ਕੇ ਬਹਿਣਾ, ਆਪਣਾ ਨੈਣ ਉਠਾਈਆ। ਜਾ ਕੇ ਪੁੱਛਾਂ ਕੀ ਦੱਸਣਾ ਕੀ ਕਹਿਣਾ, ਸੁਣਨ ਕਹਿਣ ਦੀ ਗੱਲ ਕੋਈ ਕਹੀ ਨਾ ਜਾਈਆ। ਜਿਸ ਨੂੰ ਆਦਿ ਜੁਗਾਦਿ ਕਹਿੰਦੇ ਆਏ ਨਰ ਨਰਾਇਣਾ, ਲੋਕਮਾਤ ਆਇਆ ਫੇਰੀ ਪਾਈਆ। ਸਭ ਨੇ ਭਾਣਾ ਉਸ ਦਾ ਸਹਿਣਾ, ਭੁਲ ਕੋਇ ਨਾ ਜਾਈਆ। ਸਾਗਰਾਂ ਅੰਦਰ ਉਸ ਨੇ ਰਹਿਣਾ, ਆਪ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੱਤ ਸਾਗਰ ਉਠ ਕਰਨ ਵਿਚਾਰ, ਏਹ ਕੀ ਹਾਲ ਸੁਣਾਇਆ। ਅਸੀਂ ਸੁੱਤੇ ਪੈਰ ਪਸਾਰ, ਕਵਣ ਸਕੇ ਸਾਨੂੰ ਉਠਾਇਆ। ਕੋਟਨ ਕੋਟ ਨਦੀਆਂ ਨਾਲੇ ਆਪਣੇ ਵਿਚ ਸਮਾਏ ਸਾਡਾ ਭਰਿਆ ਨਾ ਅਜੇ ਭੰਡਾਰ, ਸਾਡੀ ਤ੍ਰਿਸਨਾ ਨਾ ਕੋਇ ਬੁਝਾਇਆ। ਸਚਖੰਡ ਵਸੇ ਸਦਾ ਨਿਰੰਕਾਰ, ਸਚਖੰਡ ਬੈਠਾ ਆਸਣ ਲਾਇਆ। ਚੰਨ ਆਬ ਕਹੇ ਹੋਣਾ ਖ਼ਬਰਦਾਰ, ਮੈਂ ਗੁਰਸਿਖਾਂ ਮਿਲ ਨੇਤਰ ਨੈਣ ਪੇਖ ਕੇ ਆਇਆ। ਜਿਸ ਨੂੰ ਕਹਿੰਦੇ ਸਾਂਝਾ ਯਾਰ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਠਰਦੇ ਸਮੁੰਦਰ ਦੇਵੇ ਸਾੜ, ਏਕਾ ਆਪਣਾ ਨੈਣ ਉਠਾਇਆ। ਮੈਂ ਸਨੇਹੁੜਾ ਦੇਣ ਆਇਆ ਔਣਾ ਚਲ ਸੱਚੇ ਦਰਬਾਰ, ਹਾੜ ਸਤਾਰਾਂ ਦਿਵਸ ਸੁਹਾਇਆ। ਪੁਰਖ ਅਬਿਨਾਸ਼ੀ ਦੋ ਜਹਾਨਾਂ ਲੌਣਾ ਇਕ ਅਖਾੜ, ਲੁਕਿਆ ਕੋਇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਆਪਣੇ ਹੱਥ ਰਖਾਇਆ। ਇਕ ਵਾਰ ਜੇ ਲੌਂਦੋਂ ਚੁੱਭੀ, ਪ੍ਰਭ ਦ੍ਰਿਸ਼ਟ ਦਏ ਖੁਲ੍ਹਾਈਆ। ਲੱਖ ਚੁਰਾਸੀ ਦਿਸਦੀ ਖੁੱਬੀ, ਚਿੱਕੜ ਗਾਰੇ ਵਿਚ ਫਸਾਈਆ। ਚਾਰੋਂ ਕੁੰਟ ਰੋਵੇ ਉਚੀ ਕੂਕ ਭੁੱਬੀਂ, ਨੇਤਰ ਨੈਣਾਂ ਨੀਰ ਵਹਾਈਆ। ਕਿਸੇ ਦੀ ਸੁੱਧ ਦਿਸੇ ਨਾ ਬੁੱਧੀ, ਮਲੇਛ ਸਰਬ ਜਣਾਈਆ। ਕਾਲ ਕਲੰਦਰ ਪਾਵੇ ਲੁੱਡੀ, ਆਪਣਾ ਨਾਚ ਨਚਾਈਆ। ਮਾਇਆ ਮਮਤਾ ਚੜ੍ਹੀ ਗੁੱਡੀ, ਜੂਠ ਝੂਠ ਡੋਰੀ ਹੱਥ ਫੜਾਈਆ। ਨਾਤਾ ਤੁਟਿਆ ਵਦੀ ਸੁਦੀ, ਚੰਨ ਆਬ ਚੰਨ ਆਪਣਾ ਰੂਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਕਰ ਠੱਗੀ, ਤਾਰਾ ਸਿੰਘ ਕੋਲੋਂ ਲਿਆ ਬਚਾਈਆ। ਏਹ ਠੱਗੀ ਦੱਸੀ ਚਮਿਆਰ ਰਵਦਾਸ, ਗੰਗਾ ਰੱਖ ਲਾਜ। ਮੇਰਾ ਕੰਗਣ ਤੇਰੇ ਪਾਸ, ਨਾ ਕੋਈ ਮੁਲੰਮਾ ਤੇ ਨਾ ਕੋਈ ਪਾਜ। ਬ੍ਰਹਿਮਣ ਗੰਗਾ ਏਕਾ ਮੰਗੇ ਮੇਰਾ ਪਿਛਲਾ ਲਹਿਣਾ ਹੋਏ ਖ਼ਲਾਸ, ਮੇਰੀ ਪੂਰੀ ਕਰਨੀ ਆਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਵਦਾਸ ਕੋਲੋਂ ਧਰਵਾਇਆ ਇਕ ਧਰਵਾਸ। ਰਵਦਾਸ ਕਹੇ ਸੁਣ ਮੇਰੇ ਮੀਤ, ਧੰਨ ਤੇਰੀ ਵਡਿਆਈਆ। ਰਾਜ ਰਾਜਾਨਾਂ ਘਰ ਤੂੰ ਗਾਇਆ ਮੇਰਾ ਗੀਤ, ਮੈਂ ਕੰਗਲੇ ਕਵਣ ਵਡਿਆਈਆ। ਮੈਂ ਕਿਸੇ ਨਾ ਜਾਵਾਂ ਮੰਦਰ ਮਸੀਤ, ਗੁਰਦਵਾਰ ਸ਼ਿਵਦਵਾਲੇ ਮਠ ਸੀਸ ਨਾ ਕਿਸੇ ਝੁਕਾਈਆ। ਇਕੋ ਗਾਵਾਂ ਗੋਬਿੰਦ ਦੇ ਗੀਤ, ਹਰੀ ਓਮ ਹਰੀ ਓਮ ਹਰੀ ਓਮ ਰਿਹਾ ਸੁਣਾਈਆ। ਗੰਗਾ ਮੇਰੀ ਬਦਲੀ ਰੀਤ, ਆਪਣਾ ਕੰਗਣ ਤੇਰੀ ਝੋਲੀ ਪਾਈਆ। ਤੇਰੀ ਕੰਗਣ ਬਦਲੀ ਨੀਤ, ਮਾਇਆ ਮੋਹ ਵਿਚ ਫਸਾਈਆ। ਤੂੰ ਆਇਆ ਬਣ ਕੇ ਕੀਟ, ਢਹਿ ਪਿਆ ਸਰਨਾਈਆ। ਮਾਣਸ ਜਨਮ ਲਿਆ ਜੀਤ, ਭਗਤ ਭਗਵੰਤ ਦਏ ਮਿਲਾਈਆ। ਕਲਜੁਗ ਅੰਤਮ ਔਣਾ ਲੋਕਮਾਤ ਠੀਕ, ਕਾਇਆ ਠੀਕਰ ਵੇਖ ਵਖਾਈਆ। ਬਿਕ੍ਰਮੀ ਸੰਮਤ ਦੱਸੇ ਸਚ ਤਰੀਕ, ਬੀਸ ਅਠਾਰਾਂ ਦਏ ਗਵਾਹੀਆ। ਰਵਦਾਸ ਠਗ ਵਸਣ ਇਕ ਦੂਜੇ ਦੇ ਨਜ਼ਦੀਕ, ਪੁਰਖ ਅਬਿਨਾਸ਼ੀ ਖੇਲ ਖਿਲਾਈਆ। ਤੇਰਾ ਤਨ ਗੰਗਾ ਨਹਾ ਹੋਇਆ ਪੁਨੀਤ, ਤੇਰੀ ਮਤ ਬੁਧ ਸੁਧ ਰਹੀ ਨਾ ਰਾਈਆ। ਅੰਤਮ ਤੇਰੀ ਨੀਤ ਕਰਨੀ ਠੀਕ, ਜਗਤ ਜਲ ਤੇਰੇ ਤਨ ਲੱਗਣ ਨਾ ਪਾਈਆ। ਤੇਰੇ ਨਾਲ ਤੇਰਾ ਲਾਸ਼ਰੀਕ, ਦੂਈ ਦਵੈਤ ਨਾ ਜਿਸ ਰਖਾਈਆ। ਗੁਰਮੁਖ ਗੁਰਸਿਖ ਤੇਰੇ ਨਾਲ ਰੱਖਣ ਪ੍ਰੀਤ, ਹੱਸ ਹੱਸ ਆਪਣਾ ਰੰਗ ਵਖਾਈਆ। ਜਲ ਧਾਰ ਕਰ ਪਿਆਰ ਤੇਰੇ ਚਰਨ ਅੰਮ੍ਰਿਤ ਪੀਵੇ ਲਾ ਕੇ ਝੀਕ, ਰਵਦਾਸ ਵੇਖੇ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਲੇਖ ਮੁਕਾਇਆ, ਅੱਗੇ ਲੇਖਾ ਰਹੇ ਨਾ ਰਾਈਆ। ਨੌਂ ਨੌਂ ਜਨਮ ਦਾ ਗੇੜ ਚੁਕਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਨੂਰ ਦਏ ਦਰਸਾਈਆ । ਚਰਨ ਧੂੜ ਤੇਰਾ ਮਜਨ, ਤੇਰੀ ਦੁਰਮਤ ਮੈਲ ਗਿਆ ਧਵਾਈਆ। ਤੇਰੇ ਨਾਲ ਵਸੇ ਤੇਰਾ ਸੱਜਣ, ਨਹਾਵਣ ਕਿਸ ਦਵਾਰੇ ਜਾਈਆ। ਗੁਰੂ ਗੁਰ ਚੇਲਾ ਏਕਾ ਧਾਮ ਸੱਜਣ, ਅੰਦਰ ਵੜ ਕੇ ਵੇਖ ਨਾ ਸਕੇ ਕੋਈ, ਗੋਬਿੰਦ ਮੇਲਾ ਰਿਹਾ ਮਿਲਾਈਆ। ਜਿਸ ਦਾ ਪਰਦਾ ਆਪ ਆਇਆ ਕੱਜਣ, ਤਿਸ ਮੈਲ ਨਾ ਲਾਗੇ ਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਧੂੜੀ ਏਕਾ ਵਾਰ ਦਿਤਾ ਸਾਚਾ ਮਜਨ, ਸਾਚਾ ਸਰੋਵਰ ਏਕਾ ਵਾਰ ਨੁਹਾਈਆ।