੧੧ ਚੇਤ ੨੦੧੭ ਬਿਕ੍ਰਮੀ ਬੂੜ ਸਿੰਘ ਦੇ ਘਰ ਪਿੰਡ ਵਜ਼ੀਰ ਪੁਰ ਜ਼ਿਲਾ ਗੁਰਦਾਸ ਪੁਰ
ਸੋ ਪੁਰਖ ਨਿਰੰਜਣ ਪਾਤਸ਼ਾਹ, ਨਿਰਗੁਣ ਏਕਾ ਏਕ ਅਖਵਾਇੰਦਾ। ਹਰਿ ਪੁਰਖ ਨਿਰੰਜਣ ਬੇਪਰਵਾਹ, ਆਪ ਆਪਣੀ ਕਲ ਧਰਾਇੰਦਾ। ਏਕੰਕਾਰਾ ਸਚ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਆਦਿ ਨਿਰੰਜਣ ਨੂਰ ਨੁਰਾਨਾ ਡਗਮਗਾ, ਨੂਰ ਇਲਾਹੀ ਨਾਉਂ ਧਰਾਇੰਦਾ। ਅਬਿਨਾਸ਼ੀ ਕਰਤਾ ਵਸੇ ਆਪਣੇ ਥਾਂ, ਭੂਮਕਾ ਆਪ ਸੁਹਾਇੰਦਾ। ਸ੍ਰੀ ਭਗਵਾਨ ਕਰੇ ਸਚ ਨਿਆਂ, ਆਦਿ ਜੁਗਾਦੀ ਹੁਕਮ ਚਲਾਇੰਦਾ। ਪਾਰਬ੍ਰਹਮ ਆਪ ਆਪਣਾ ਰੂਪ ਲਏ ਵਟਾ, ਆਪ ਆਪਣਾ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਸਚ ਸੁਹਾਇੰਦਾ। ਘਰ ਸਾਚਾ ਹਰਿ ਸੁਹਾਵਣਾ, ਏਕੰਕਾਰਾ ਏਕਾ ਏਕ। ਪੁਰਖ ਅਬਿਨਾਸ਼ੀ ਡੇਰਾ ਲਾਵਣਾ, ਦੂਸਰ ਰੱਖੇ ਨਾ ਕੋਈ ਟੇਕ। ਸਚ ਸਿੰਘਾਸਣ ਇਕ ਵਿਛਾਵਣਾ, ਹਰਿ ਬਹਿ ਬਹਿ ਲਿਖੇ ਲੇਖ। ਤਖ਼ਤ ਤਾਜ ਇਕ ਸੁਹਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਭੇਖ। ਸਾਚਾ ਭੇਖ ਹਰਿ ਨਿਰੰਕਾਰ, ਸਚਖੰਡ ਦਵਾਰੇ ਆਪ ਵਟਾਈਆ। ਨਿਰਗੁਣ ਰੂਪ ਅਗੰਮ ਅਪਾਰ, ਸਤਿ ਪੁਰਖ ਨਿਰੰਜਣ ਆਪ ਦਸਾਈਆ। ਅਲੱਖ ਅਲੱਖਣਾ ਖੇਲ ਅਪਾਰ, ਅਗੰਮ ਅਗੋਚਰ ਭੇਵ ਨਾ ਰਾਈਆ। ਨਿਰਗੁਣ ਬਾਤੀ ਕਰ ਤਿਆਰ, ਕਮਲਾਪਾਤੀ ਜੋਤ ਜਗਾਈਆ। ਸਾਚੀ ਖਾਟੀ ਖੇਲ ਅਪਾਰ, ਹਰਿ ਕਰਤਾਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸ਼ਾਹਾਂ ਇਕ ਅਖਵਾਈਆ। ਸਤਿਗੁਰ ਸੱਚਾ ਸ਼ਹਿਨਸ਼ਾਹ, ਏਕਾ ਰੰਗ ਸਮਾਇਆ। ਸਚਖੰਡ ਬੈਠਾ ਆਸਣ ਲਾ, ਰੂਪ ਰੰਗ ਨਾ ਕੋਈ ਵਖਾਇਆ। ਆਪਣਾ ਤਖ਼ਤ ਰਿਹਾ ਸੁਹਾ, ਤਖ਼ਤ ਨਿਵਾਸੀ ਦਿਸ ਨਾ ਆਇਆ। ਆਪਣਾ ਹੁਕਮ ਰਿਹਾ ਚਲਾ, ਆਪਣੇ ਭਾਣੇ ਸਦ ਸਮਾਇਆ। ਦਰ ਦਰਬਾਨਾ ਅਲੱਖ ਜਗਾ, ਦਰਗਹਿ ਸਾਚੀ ਨਿਉਂ ਨਿਉਂ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪੇ ਖੋਲ੍ਹ, ਆਪ ਆਪਣਾ ਆਸਣ ਲਾਇਆ। ਸਚਖੰਡ ਦੁਆਰਾ ਸਚ ਦਰਵਾਜ਼ਾ, ਪੁਰਖ ਅਬਿਨਾਸ਼ਾ ਆਪ ਖੁਲ੍ਹਾਇੰਦਾ। ਖੇਲੇ ਖੇਲ ਗ਼ਰੀਬ ਨਿਵਾਜ਼ਾ, ਨਿਰਗੁਣ ਆਪਣੀ ਧਾਰ ਚਾਲ ਚਲਾਇੰਦਾ। ਆਪੇ ਰੰਕ ਆਪੇ ਰਾਜਾ, ਆਪ ਆਪਣਾ ਹੁਕਮ ਸੁਣਾਇੰਦਾ। ਆਪੇ ਮਾਰੇ ਆਪਣੀ ਵਾਜਾ, ਸ਼ਬਦ ਅਗੰਮੀ ਆਪ ਪ੍ਰਗਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਸਾਚਾ ਰੰਗ ਸ਼ਬਦ ਰੰਗਣਹਾਰ, ਹਰਿ ਸਾਚਾ ਆਪ ਉਪਜਾਈਆ। ਵੇਖ ਵਖਾਏ ਹਰਿ ਬ੍ਰਹਿਮਾਦ, ਆਦਿ ਜੁਗਾਦਿ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਵਡਿਆਈਆ। ਹਰਿ ਸ਼ਬਦ ਵਡ ਬਲਵਾਨ, ਹਰਿ ਸਾਚੇ ਘਰ ਉਪਜਾਇਆ। ਹੱਥ ਰੱਖ ਸ੍ਰੀ ਭਗਵਾਨ, ਪ੍ਰਤੱਖ ਰੂਪ ਵਟਾਇਆ। ਪਾਵੇ ਸਾਰ ਦੋ ਜਹਾਨ, ਨਿਰਗੁਣ ਨੂਰੋ ਨੂਰ ਡਗਮਗਾਇਆ। ਆਦਿ ਜੁਗਾਦੀ ਏਕਾ ਆਣ, ਹੁਕਮੀ ਹੁਕਮ ਆਪ ਸੁਣਾਇਆ। ਲੇਖਾ ਜਾਣੇ ਧੁਰ ਫ਼ਰਮਾਣ, ਸਚ ਸੰਦੇਸ਼ਾ ਆਪ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਖੇਲ ਅਪਾਰਾ, ਏਕੰਕਾਰਾ ਆਪ ਕਰਾਇਆ। ਏਕੰਕਾਰ ਪੁਰਖ ਅਗੰਮ, ਭੇਵ ਕੋਇ ਨਾ ਪਾਇੰਦਾ। ਨਾ ਮਰੇ ਨਾ ਪਏ ਜੰਮ, ਪੰਜ ਤਤ ਨਾ ਕੋਈ ਰਖਾਇੰਦਾ। ਜੁਗਾ ਜੁਗੰਤਰ ਜਾਣੇ ਆਪਣਾ ਕੰਮ, ਕਰਨੀ ਕਰਤਾ ਕਿਰਤ ਕਮਾਇੰਦਾ। ਨਾ ਕੋਈ ਘੜੇ ਨਾ ਸਕੇ ਭੰਨ, ਘੜਣ ਭੰਨਣਹਾਰ ਆਪ ਅਖਵਾਇੰਦਾ। ਆਪਣਾ ਬੇੜਾ ਆਪੇ ਬੰਨ੍ਹ, ਪਾਰਬ੍ਰਹਮ ਆਪ ਚਲਾਇੰਦਾ। ਰਸਨਾ ਜਿਹਵਾ ਨਾ ਕਹੇ ਕੋਈ ਧੰਨ ਧੰਨ, ਬੱਤੀ ਦੰਦ ਨਾ ਕੋਈ ਹਿਲਾਇੰਦਾ। ਨਾ ਕੋਈ ਸੁਣੇ ਸੁਣਾਏ ਨਾਦ ਕੰਨ, ਰਾਗੀ ਰਾਗ ਨਾ ਕੋਈ ਅਲਾਇੰਦਾ। ਨਾ ਕੋਈ ਜਨਨੀ ਜਣੇ ਜਨ, ਪੂਤ ਸਪੂਤਾ ਨਾ ਕੋਈ ਰਖਾਇੰਦਾ। ਸੱਚਖੰਡ ਦੁਆਰਾ ਨਾ ਕੋਈ ਸੂਰਜ ਨਾ ਕੋਈ ਚੰਨ, ਮੰਡਲ ਮੰਡਪ ਨਾ ਕੋਈ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਉਜਾਲਾ ਦੀਨ ਦਿਆਲਾ ਆਪਣਾ ਆਪ ਪ੍ਰਗਟਾਇੰਦਾ। ਸ਼ਬਦ ਉਪਜਾਇਆ ਹਰਿ ਭਗਵਾਨ, ਥਿਰ ਘਰ ਸਾਚੇ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਵੇਖੇ ਮਾਰ ਧਿਆਨ, ਜੁਗ ਜੁਗ ਆਪਣੀ ਪੈਜ ਧਰਾਈਆ। ਦੇਵਣਹਾਰਾ ਸਾਚਾ ਮਾਣ, ਦਰਗਹਿ ਸਾਚੀ ਸਾਚਾ ਥਾਨ ਸੁਹਾਈਆ। ਏਕਾ ਰਾਗ ਸੁਣਾਏ ਕਾਨ, ਧੁਨ ਆਪਣੀ ਆਪ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਈਆ। ਸ਼ਬਦ ਸੁੱਤ ਸੂਰਾ ਬਲਵਾਨ, ਹਰਿ ਪੁਰਖ ਨਿਰੰਜਣ ਆਪ ਉਪਾਇਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਉਠਾਏ ਸਚ ਨਿਸ਼ਾਨ, ਸਾਚਾ ਬੇੜਾ ਆਪ ਬੰਧਾਇਆ। ਬ੍ਰਹਮਾ ਵਿਸ਼ਨ ਸ਼ਿਵ ਕਰ ਪਰਧਾਨ, ਆਪ ਆਪਣੇ ਅੰਗ ਲਗਾਇਆ। ਆਪੇ ਤ੍ਰੈਗੁਣ ਮਾਇਆ ਦੇਵੇ ਦਾਨ, ਦਾਤਾ ਦਾਨੀ ਦਿਸ ਨਾ ਆਇਆ। ਆਪੇ ਪੰਜ ਤਤ ਨਾਤਾ ਜੋੜੇ ਦੋ ਜਹਾਨ, ਲੱਖ ਚੁਰਾਸੀ ਮੇਲ ਮਿਲਾਇਆ। ਆਪੇ ਨਿਰਗੁਣ ਸਰਗੁਣ ਹੋ ਪਰਧਾਨ, ਦੀਵਾ ਬਾਤੀ ਇਕ ਜਗਾਇਆ। ਆਪੇ ਸ਼ਬਦ ਸੁਣਾਏ ਸੱਚੀ ਧੁਨ ਕਾਨ, ਅਨਹਦ ਰਾਗ ਇਕ ਅਲਾਇਆ। ਆਪੇ ਵਸੇ ਕਾਇਆ ਮੰਦਰ ਸਚ ਮਕਾਨ, ਆਪ ਆਪਣਾ ਰੂਪ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਸੇਵ ਕਮਾਇਆ । ਹਰਿ ਸ਼ਬਦ ਪੈਜ ਸਵਾਰਿਆ, ਸਤਿਗੁਰ ਸਾਜਣ ਮੀਤ ਮੁਰਾਰ। ਗੁਰ ਕਿਰਪਾ ਵਿਚ ਸੰਸਾਰਿਆ, ਲੋਕਮਾਤ ਲਏ ਅਵਤਾਰ। ਸੰਤ ਕੰਤ ਕਰੇ ਪਿਆਰਿਆ, ਅੰਤਰ ਆਤਮ ਦਏ ਆਧਾਰ। ਪੰਜ ਤਤ ਕਰੇ ਖਵਾਰਿਆ, ਮੇਟ ਮਿਟਾਏ ਕਾਮ ਕਰੋਧ ਲੋਭ ਮੋਹ ਹੰਕਾਰ। ਅੰਮ੍ਰਿਤ ਬਖ਼ਸ਼ੇ ਠੰਡਾ ਠਾਰਿਆ, ਆਸਾ ਤ੍ਰਿਸ਼ਨਾ ਦੇਵੇ ਮਾਰ। ਏਕਾ ਬੋਲ ਸਚ ਜੈਕਾਰਿਆ, ਕਾਇਆ ਮੰਦਰ ਹਰਿ ਮੰਦਰ ਗੁਰਦਵਾਰ। ਆਤਮ ਸੇਜਾ ਧਾਮ ਸੁਹਾ ਰਿਹਾ, ਆਪ ਆਪਣੀ ਕਿਰਪਾ ਧਾਰ। ਨਿਰਗੁਣ ਸਰਗੁਣ ਮੇਲ ਮਿਲਾ ਰਿਹਾ, ਸ਼ਬਦ ਵਿਚੋਲਾ ਬਣ ਕਰਤਾਰ। ਸਾਚਾ ਚੋਲਾ ਆਪ ਬਦਲਾ ਲਿਆ, ਜੁਗਾ ਜੁਗੰਤਰ ਸਾਚੀ ਕਾਰ। ਏਕਾ ਢੋਲਾ ਆਪਣਾ ਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਭਰੇ ਭੰਡਾਰ। ਹਰਿ ਸ਼ਬਦ ਭੰਡਾਰਾ ਸ਼ਬਦ ਭਰਪੂਰ, ਸੋ ਪੁਰਖ ਨਿਰੰਜਣ ਆਪ ਭਰਾਇੰਦਾ। ਹਰਿ ਪੁਰਖ ਨਿਰੰਜਣ ਆਸਾ ਮਨਸਾ ਪੂਰ, ਜੁਗ ਜੁਗ ਆਪਣਾ ਮੇਲ ਮਿਲਾਇੰਦਾ। ਏਕੰਕਾਰਾ ਵਸਣਹਾਰਾ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਆਦਿ ਨਿਰੰਜਣ ਜ਼ਾਹਿਰਾ ਜ਼ਹੂਰ, ਜੋਤ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਏਕਾ ਤੂਰ, ਨਾਦ ਅਨਾਦ ਵਜਾਇੰਦਾ। ਸ੍ਰੀ ਭਗਵਾਨ ਨਾਤਾ ਤੋੜੇ ਕੂੜੋ ਕੂੜ, ਦਰ ਘਰ ਸਾਚੇ ਮੇਲ ਮਲਾਇੰਦਾ। ਪਾਰਬ੍ਰਹਮ ਲੇਖਾ ਜਾਣੇ ਮੂਰਖ ਮੁਗਧ ਮੂੜ, ਜਿਸ ਜਨ ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਰੂਪੀ ਰੂਪ ਵਟਾਇੰਦਾ। ਸ਼ਬਦ ਸਰੂਪੀ ਰੂਪ ਅਨੂਠਾ, ਦਿਸ ਕਿਸੇ ਨਾ ਆਇਆ। ਵਸਣਹਾਰਾ ਚਾਰੇ ਕੂਟਾਂ, ਦਹਿ ਦਿਸ਼ਾ ਫੇਰੀ ਪਾਇਆ। ਜੁਗ ਜੁਗ ਲੱਖ ਚੁਰਾਸੀ ਕਰੇ ਖਾਲੀ ਠੂਠਾ, ਜੋ ਘੜਿਆ ਭੰਨ ਵਖਾਇਆ। ਗੁਰਮੁਖ ਵਿਰਲੇ ਉਪਰ ਤੁਠਾ, ਏਕਾ ਅੰਮ੍ਰਿਤ ਜਾਮ ਨਾਮ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਦੇਵ ਸ਼ਬਦ ਅਖਵਾਇਆ। ਗੁਰਦੇਵ ਸ਼ਬਦ ਇਸ਼ਟ ਕਰਤਾਰ, ਏਕਾ ਜਗਤ ਕਰਾਈਆ। ਵਾਸਤਕ ਰੂਪ ਸਰਬ ਸ੍ਰਿਸ਼ਟ, ਵਿਸ਼ਵ ਆਪਣਾ ਨਾਉਂ ਧਰਾਈਆ। ਆਸਤਕ ਜੀਵ ਹੋਏ ਹੰਕਾਰ, ਨਾਸਤਕ ਰੂਪ ਆਪ ਸਮਾਈਆ। ਪ੍ਰਕਾਸ਼ ਜੋਤ ਸਰਬ ਨਿਰਾਕਾਰ, ਨਿਰਗੁਣ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਜੁਗ ਜੁਗ ਖੇਲ ਖਲੰਦੜਾ, ਪਾਰਬ੍ਰਹਮ ਗੁਰ ਕਰਤਾਰ। ਸਤਿਜੁਗ ਸਾਚਾ ਲੇਖ ਲਖੰਦੜਾ, ਆਪ ਆਪਣੀ ਕਰ ਵਿਚਾਰ। ਤ੍ਰੇਤਾ ਤੇਰਾ ਪੰਧ ਮੁਕੰਦੜਾ, ਰੂਪ ਦਿਸੇ ਨਾ ਵਿਚ ਸੰਸਾਰ। ਦੁਆਪਰ ਅੰਤਮ ਲੇਖ ਲਖੰਦੜਾ, ਚਾਰੋਂ ਕੁੰਟ ਪਾਵੇ ਸਾਰ। ਕਲਜੁਗ ਅੰਤਮ ਜੋਤ ਜਗੰਦੜਾ, ਰੈਣ ਅੰਧੇਰੀ ਵੇਖੇ ਧੂਆਂਧਾਰ। ਚਾਰ ਵਰਨ ਸਰਬ ਕਰੰਦੜਾ, ਧੀਰਜ ਧਰੇ ਨਾ ਕੋਇ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ। ਕਲਜੁਗ ਅੰਧੇਰੀ ਰੈਣ, ਚਾਰੋਂ ਕੁੰਟ ਅੰਧੇਰਾ ਛਾਇਆ। ਨਾ ਕੋਈ ਸਾਕ ਸੱਜਣ ਦਿਸੇ ਸੈਣ, ਸਗਲਾ ਸੰਗ ਨਾ ਕੋਇ ਨਿਭਾਇਆ। ਮਾਇਆ ਰਾਣੀ ਖਾਏ ਡੈਣ, ਜਤ ਸਤਿ ਧੀਰਜ ਦਏ ਗੁਆਇਆ। ਹਰਿ ਕਾ ਦਰਸ ਨਾ ਵੇਖੇ ਕੋਈ ਨੈਣ, ਸੰਤ ਸਾਧ ਰਹੇ ਕੁਰਲਾਇਆ। ਜੂਠਾ ਝੂਠਾ ਬਸਤਰ ਪਾਇਆ ਗਹਿਣ, ਹਰਿ ਕਾ ਸ਼ਬਦ ਨਾ ਕੋਇ ਬੰਧਾਇਆ। ਦੂਈ ਦਵੈਤੀ ਡੁੱਬੇ ਵਹਿਣ, ਸੱਚੇ ਬੇੜੇ ਨਾ ਕੋਇ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪੇ ਲਏ ਜਗਾਇਆ। ਗੁਰਮੁਖ ਵਿਰਲਾ ਜਾਗਿਆ, ਜਿਸ ਕਿਰਪਾ ਕਰੇ ਆਪ ਨਿਰੰਕਾਰ। ਸਚ ਸਰਨਾਈ ਸਤਿਗੁਰ ਲਾਗਿਆ, ਹਰਿ ਸ਼ਬਦ ਕਰੇ ਪਿਆਰ। ਤ੍ਰੈਗੁਣ ਲੱਗੀ ਬੁੱਝੀ ਆਗਿਆ, ਪੰਜ ਤਤ ਹੋਏ ਖੁਆਰ। ਮਾਇਆ ਡੱਸੇ ਨਾ ਡੱਸਣੀ ਨਾਗਿਆ, ਨੇੜ ਨਾ ਆਏ ਕਾਮ ਕਰੋਧ ਲੋਭ ਮੋਹ ਹੰਕਾਰ। ਸਤਿਗੁਰ ਪੂਰਾ ਆਪਣੀ ਹੱਥੀਂ ਪਕੜੇ ਵਾਗਿਆ, ਦੋ ਜਹਾਨਾ ਪਾਏ ਸਾਰ। ਨਿਰਗੁਣ ਸਰਗੁਣ ਅੰਦਰ ਫਿਰੇ ਭਾਗਿਆ, ਰੂਪ ਅਨੂਪ ਸੱਚੀ ਸਰਕਾਰ। ਫੜ ਹੰਸ ਬਣਾਏ ਕਾਗਿਆ, ਅੰਮ੍ਰਿਤ ਆਤਮ ਏਕਾ ਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਸਾਚਾ ਉਠਿਆ, ਪਾਇਆ ਪੁਰਖ ਅਪਾਰ। ਹਰਿ ਸ਼ਬਦੀ ਗੁਰ ਗੁਰ ਤੁੱਠਿਆ, ਦੇਵੇ ਦਰਸ ਆਪ ਨਿਰਾਕਾਰ। ਲੋਕਮਾਤ ਨਾ ਜਾਏ ਲੁੱਟਿਆ, ਲੁੱਟ ਨਾ ਸਕੇ ਠੱਗ ਚੋਰ ਯਾਰ। ਮਾਨਸ ਜਨਮ ਭਾਗ ਨਾ ਨਿਖੁਟਿਆ, ਮਿਲਿਆ ਮੇਲ ਮੀਤ ਮੁਰਾਰ। ਅੰਤਮ ਚੜ੍ਹੇ ਸਾਚੀ ਚੋਟੀਆਂ, ਰਾਏ ਧਰਮ ਨਾ ਕਰੇ ਖੁਆਰ। ਕੱਢਣਹਾਰਾ ਵਾਸ਼ਨਾ ਖੋਟੀਆਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਸੁਹਾਏ ਬੰਕ ਦੁਆਰ। ਬੰਕ ਦੁਆਰ ਸੁਹੰਜਣਾ, ਹਰਿ ਸਾਚਾ ਵੇਖ ਵਖਾਇੰਦਾ। ਜੋਤ ਜਗਾਏ ਆਦਿ ਨਿਰੰਜਣਾ, ਨੂਰ ਨੁਰਾਨਾ ਡਗਮਗਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਇੰਦਾ। ਜਨ ਭਗਤਾਂ ਨੇਤਰ ਪਾਏ ਨਾਮ ਅੰਜਣਾ, ਅਗਿਆਨ ਅੰਧੇੇਰ ਮਿਟਾਇੰਦਾ। ਚਰਨ ਧੂੜ ਕਰਾਏ ਸਾਚਾ ਮਜਣਾ, ਅਠਸਠ ਪੰਧ ਮੁਕਾਇੰਦਾ। ਜੋ ਘੜਿਆ ਸੋ ਭੱਜਣਾ, ਥਿਰ ਕੋਇ ਰਹਿਣ ਨਾ ਪਾਇੰਦਾ। ਜਨ ਭਗਤਾਂ ਪਰਦਾ ਆਪੇ ਕੱਜਣਾ, ਸ਼ਬਦ ਦੁਸ਼ਾਲਾ ਹੱਥ ਉਠਾਇੰਦਾ। ਕਾਲ ਨਗਾਰਾ ਨੌ ਖੰਡ ਪ੍ਰਿਥਮੀ ਲੱਖ ਚੁਰਾਸੀ ਸੀਸ ਵੱਜਣਾ, ਸ਼ਾਹ ਸੁਲਤਾਨ ਨਾ ਕੋਇ ਬਚਾਇੰਦਾ। ਰਾਜ ਰਾਜਾਨਾਂ ਤਖ਼ਤ ਤਾਜ ਜਗ ਤਜਣਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਗੁਰਮੁਖ ਵਿਰਲੇ ਅੰਮ੍ਰਿਤ ਆਤਮ ਪੀ ਪੀ ਰੱਜਣਾ, ਜਿਸ ਹਰਿ ਹਰਿ ਆਪ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਮੇਲ ਮਿਲਾਇੰਦਾ। ਗੁਰਸਿਖ ਸਾਚਾ ਮੇਲਿਆ, ਕਰ ਕਿਰਪਾ ਆਪ ਕਰਤਾਰ। ਏਕਾ ਰੰਗ ਰੰਗੇ ਗੁਰ ਚੇਲਿਆ, ਰੰਗ ਰੰਗੀਲਾ ਅਪਰ ਅਪਾਰ। ਘਰ ਪਾਇਆ ਸੱਜਣ ਸੁਹੇਲਿਆ, ਵਿਛੜਿਆ ਸੰਸਾਰ। ਕੱਟੇ ਧਰਮ ਰਾਏ ਦੀ ਜੇਲਿਆ, ਲੱਖ ਚੁਰਾਸੀ ਕਰੇ ਪਾਰ। ਹਰਿ ਜੂ ਖੇਲ ਆਪਣਾ ਆਪੇ ਖੇਲਿਆ, ਨਿਰਗੁਣ ਰੂਪ ਲਏ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਪਾਰ। ਹਰਿਜਨ ਸਾਚਾ ਬੇੜਾ ਬੰਨ੍ਹ, ਗੁਰ ਸਤਿਗੁਰ ਆਪ ਚਲਾਇੰਦਾ। ਗੁਰਮੁਖ ਚੜ੍ਹਿਆ ਸਾਚਾ ਚੰਨ, ਲੋਕਮਾਤ ਵੇਖ ਵਖਾਇੰਦਾ। ਸਤਿਗੁਰ ਕਹੇ ਧੰਨ ਧੰਨ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰ ਏਕੰਕਾਰ ਲੋਕਮਾਤ ਖੇਲ ਅਪਾਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਨਿਰਗੁਣ ਸਰਗੁਣ ਪੇਖਿਆ, ਜੋਤੀ ਜੋਤ ਨੂਰ ਉਜਿਆਰ। ਨਿਰਗੁਣ ਸਰਗੁਣ ਲਿਖੇ ਲੇਖਿਆ, ਲੇਖਾ ਜਾਣੇ ਧਰਮ ਦੁਆਰ। ਨਿਰਗੁਣ ਸਰਗੁਣ ਵੇਖੇ ਰੇਖਿਆ, ਕਰਮ ਧਰਮ ਕਰੇ ਵਿਚਾਰ। ਨਿਰਗੁਣ ਸਰਗੁਣ ਧਾਰੇ ਭੇਖਿਆ, ਨਿਹਕਲੰਕਾ ਲਏ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਕਰੇ ਵਪਾਰ। ਹਰਿ ਸ਼ਬਦ ਵਣਜਾਰ ਸਤਿ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਸ਼ਬਦ ਵਣਜਾਰ ਸਤਿ, ਸਤਿਗੁਰ ਪੂਰਾ ਸਾਚੇ ਹੱਟ ਵਿਕਾਇੰਦਾ। ਹਰਿ ਸ਼ਬਦ ਵਣਜਾਰ ਸਤਿ, ਗੁਰ ਗੁਰ ਏਕਾ ਰੰਗ ਵਖਾਇੰਦਾ। ਹਰਿ ਸ਼ਬਦ ਵਣਜਾਰ ਸਤਿ, ਭਗਤਨ ਝੋਲੀ ਆਪ ਭਰਾਇੰਦਾ। ਹਰਿ ਸ਼ਬਦ ਵਣਜਾਰ ਸਤਿ, ਸੰਤ ਸਾਜਣ ਵੇਖ ਵਖਾਇੰਦਾ। ਹਰਿ ਸ਼ਬਦ ਵਣਜਾਰ ਸਤਿ, ਗੁਰਮੁਖ ਏਕਾ ਬੂਝ ਬੁਝਾਇੰਦਾ। ਹਰਿ ਸ਼ਬਦ ਵਣਜਾਰ ਸਤਿ, ਗੁਰਸਿਖ ਸੱਜਣ ਸੰਗ ਨਿਭਾਇੰਦਾ। ਪੁਰਖ ਅਬਿਨਾਸ਼ੀ ਦੇਵਣਹਾਰਾ ਬ੍ਰਹਮ ਮਤ, ਮਨ ਮਤ ਨਾ ਕੋਇ ਵਖਾਇੰਦਾ। ਆਦਿ ਜੁਗਾਦੀ ਜਾਣੇ ਮਿਤ ਗਤ, ਜੁਗ ਜੁਗ ਆਪਣੀ ਰਚਨ ਰਚਾਇੰਦਾ। ਆਵੇ ਜਾਵੇ ਨਿਤ ਨਵਿਤ, ਭਗਤਨ ਮੀਤ ਖੇਲ ਖਿਲਾਇੰਦਾ। ਨਾ ਕੋਈ ਵਾਰ ਨਾ ਕੋਈ ਥਿਤ, ਮਾਸ ਬਰਖ ਨਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਧਰਾਇੰਦਾ। ਸ਼ਬਦ ਜਣਾਈ ਧੁਰ ਫ਼ਰਮਾਣ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਸਤਿਗੁਰ ਦੇਵੇ ਧੁਰ ਫ਼ਰਮਾਣ, ਗੁਰ ਗੁਰ ਬੂਝ ਬੁਝਾਇੰਦਾ। ਗੁਰ ਗੁਰ ਦੇਵੇ ਏਕਾ ਮਾਣ, ਭਗਤਨ ਸੰਗ ਤਰਾਇੰਦਾ। ਭਗਤਨ ਦੇਵੇ ਇਕ ਧਿਆਨ, ਏਕਾ ਇਸ਼ਟ ਵਖਾਇੰਦਾ। ਏਕਾ ਇਸ਼ਟ ਸ੍ਰੀ ਭਗਵਾਨ, ਸੰਤਨ ਮੇਲ ਮਿਲਾਇੰਦਾ। ਸੰਤਨ ਖੋਲ੍ਹੇ ਇਕ ਦੁਕਾਨ, ਚੌਦਾਂ ਲੋਕ ਮੁਖ ਸ਼ਰਮਾਇੰਦਾ। ਏਕਾ ਦੇਵੇ ਸਾਚਾ ਦਾਨ, ਦਾਤਾ ਦਾਨੀ ਸਾਚੀ ਭਿਛਿਆ ਝੋਲੀ ਪਾਇੰਦਾ। ਗੁਰਮੁਖ ਸਾਚੇ ਚਤੁਰ ਸੁਜਾਨ, ਆਪ ਆਪਣਾ ਭੇਵ ਖੁਲ੍ਹਾਇੰਦਾ। ਅੰਦਰ ਮੰਦਰ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਗੁਰਸਿਖ ਉਠਾਏ ਬਾਲ ਅੰਞਾਣ, ਆਪ ਆਪਣੀ ਗੋਦ ਬਹਾਇੰਦਾ। ਜਗਤ ਚੁਕਾਏ ਝੂਠੀ ਕਾਣ, ਦੇ ਮਤ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿ ਸ਼ਬਦ ਸਾਜਣ ਮੀਤ, ਸਤਿਗੁਰ ਹੱਥ ਵਡਿਆਈਆ। ਗੁਰ ਗੁਰ ਬੈਠਾ ਇਕ ਅਤੀਤ, ਨਿਰਗੁਣ ਸਰਗੁਣ ਬੇਪਰਵਾਹੀਆ। ਭਗਤਨ ਕਾਇਆ ਕਰੇ ਠੰਡੀ ਸੀਤ, ਸੰਤਨ ਸਤਿ ਸਤਿ ਵਰਤਾਈਆ। ਗੁਰਮੁਖ ਚਲਾਏ ਆਪਣੀ ਰੀਤ, ਵੇਦ ਕਤੇਬ ਭੇਵ ਨਾ ਰਾਈਆ। ਗੁਰਸਿਖ ਮਿਲੇ ਹਰਿ ਸਾਚਾ ਮੀਤ, ਵਿਛੜ ਕਦੇ ਨਾ ਜਾਈਆ। ਮਾਨਸ ਜਨਮ ਜਾਏ ਜੀਤ, ਲੱਖ ਚੁਰਾਸੀ ਫੰਦ ਕਟਾਈਆ। ਏਕਾ ਰੰਗ ਰੰਗਾਏ ਹਸਤ ਕੀਟ, ਸਤਿਗੁਰ ਪੂਰੇ ਹੱਥ ਵਡਿਆਈਆ। ਅੰਮ੍ਰਿਤ ਰਸ ਦੇਵੇ ਸਾਚਾ ਮੀਠ, ਨਿਝਰ ਝਿਰਨਾ ਆਪ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦੇਵੇ ਵਰ, ਕਾਇਆ ਮੰਦਰ ਵੇਖ ਵਖਾਈਆ। ਕਾਇਆ ਮੰਦਰ ਸਚ ਮਹੱਲਾ, ਹਰਿ ਸਾਚੇ ਸਚ ਵਸਾਇਆ। ਨਿਰਗੁਣ ਬੈਠਾ ਇਕ ਇਕੱਲਾ, ਨਿਜ ਆਤਮ ਡੇਰਾ ਲਾਇਆ। ਆਤਮ ਸੇਜਾ ਸਚ ਸਿੰਘਾਸਣ ਮੱਲਾ, ਆਪ ਆਪਣੀ ਸੋਭਾ ਪਾਇਆ। ਸ਼ਬਦ ਸੁਨੇਹੁੜਾ ਏਕਾ ਘੱਲਾ, ਨਾਦ ਅਨਾਦੀ ਧੁਨ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਕਾਇਆ ਮੰਦਰ ਡੂੰਘਾ ਸਾਗਰ, ਸਰ ਸਰੋਵਰ ਆਪ ਸੁਹਾਈਆ। ਭਾਗ ਲੱਗਾ ਪੰਜ ਤਤ ਗਾਗਰ, ਸਤਿਗੁਰ ਪੂਰਾ ਆਪ ਲਗਾਈਆ। ਨਿਰਮਲ ਜੋਤ ਕਰੇ ਉਜਾਗਰ, ਦਿਵਸ ਰੈਣ ਡਗਮਗਾਈਆ। ਏਕਾ ਨਾਮ ਕਰਾਏ ਵਣਜ ਸੌਦਾਗਰ, ਸਾਚੀ ਵਸਤ ਸਾਚੇ ਹੱਟ ਵਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰਾ ਕਾਇਆ ਮੰਦਰ ਫੋਲ ਫੁਲਾਈਆ। ਕਾਇਆ ਮੰਦਰ ਡੂੰਘੀ ਭਵਰੀ, ਸੁਖਮਨ ਨਾੜੀ ਫੋਲ ਫੁਲਾਇੰਦਾ। ਅੰਧ ਅੰਧੇਰੀ ਵੇਖੇ ਕਵਰੀ, ਦੀਪਕ ਆਪਣਾ ਆਪ ਲਟਕਾਇੰਦਾ। ਸੁਰਤ ਸੁਆਣੀ ਅਵਰੀ ਗਵਰੀ, ਸ਼ਬਦ ਹਾਣੀ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰਾ ਕਾਇਆ ਮੰਦਰ ਆਪ ਸੁਹਾਇੰਦਾ। ਕਾਇਆ ਮੰਦਰ ਸਚ ਦੁਆਰਾ, ਗੁਰਮੁਖ ਆਪ ਜਣਾਇੰਦਾ। ਸੁਰਤੀ ਸ਼ਬਦੀ ਕਰੇ ਪਿਆਰਾ, ਘਰ ਸਾਚੇ ਮੇਲ ਮਿਲਾਇੰਦਾ। ਅਗੰਮ ਅਗੰਮੜਾ ਦਏ ਹੁਲਾਰਾ, ਅਗੰਮੀ ਧਾਰ ਆਪ ਵਹਾਇੰਦਾ। ਅਨਹਦ ਧੁਨ ਸੁਣਾਏ ਆਪ ਧੁਨਕਾਰਾ, ਪੰਚਮ ਸਖੀਆਂ ਮੰਗਲ ਗਾਇੰਦਾ। ਆਪੇ ਵੇਖੇ ਵੇਖਣਹਾਰਾ, ਰੂਪ ਅਨੂਪ ਆਪ ਪ੍ਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਕਾਇਆ ਅੰਦਰ ਵੜ, ਆਪ ਆਪਣਾ ਤਖ਼ਤ ਸੁਹਾਇੰਦਾ। ਗੁਰਸਿਖ ਕਾਇਆ ਅੰਦਰ ਵੜਿਆ, ਗੁਰ ਸਤਿਗੁਰ ਆਪ ਕਰਤਾਰ। ਸਾਚੇ ਪੌੜੇ ਆਪੇ ਚੜ੍ਹਿਆ, ਨਾਤਾ ਤੋੜ ਨੌ ਦੁਆਰ। ਟੇਢੀ ਬੰਕ ਘਾੜਣ ਘੜਿਆ, ਆਪੇ ਹੋਏ ਆਰ ਪਾਰ। ਆਪਣਾ ਅੱਖਰ ਆਪੇ ਪੜ੍ਹਿਆ, ਆਪੇ ਬੋਲੇ ਸਚ ਜੈਕਾਰ। ਆਪਣਾ ਪੱਲਾ ਆਪੇ ਫੜਿਆ, ਆਪੇ ਬਣਿਆ ਮੀਤ ਮੁਰਾਰ। ਆਪਣਾ ਗੜ੍ਹ ਆਪੇ ਤੋੜੇ, ਅੱਗੇ ਕੋਇ ਨਾ ਅੜਿਆ, ਬਜ਼ਰ ਕਪਾਟੀ ਦੇਵੇ ਪਾੜ। ਸਰ ਸਰੋਵਰ ਸਾਚਾ ਅੰਮ੍ਰਿਤ ਆਪੇ ਭਰਿਆ, ਪੁਰਖ ਅਬਿਨਾਸ਼ੀ ਠੰਡਾ ਠਾਰ। ਸੁੱਕਾ ਬੂਟਾ ਹਰਿਆ ਕਰਿਆ, ਹੰਸ ਉਡਾਏ ਕਾਗੋਂ ਡਾਰ। ਸਾਚੀ ਸੇਜਾ ਚਰਨ ਧਰਿਆ, ਆਤਮ ਸੇਜਾ ਕਰ ਪਿਆਰ। ਗੁਰਮੁਖ ਸਾਚਾ ਆਪੇ ਵਰਿਆ, ਪੁਰਖ ਅਬਿਨਾਸ਼ੀ ਮੀਤ ਮੁਰਾਰ। ਏਕਾ ਸੇਜਾ ਪੈਰ ਪਸਰਿਆ, ਨਾਰੀ ਮੇਲਾ ਕੰਤ ਭਤਾਰ। ਘਰ ਵਿਚ ਘਰ ਘਰ ਉਜਰਿਆ, ਅੰਧ ਅੰਧੇਰਾ ਦਏ ਨਿਵਾਰ। ਆਦਿ ਜੁਗਾਦਿ ਕਦੇ ਨਾ ਮਰਿਆ, ਸਤਿਗੁਰ ਪੂਰਾ ਗੁਰ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਪਾਰ। ਆਤਮ ਸੇਜਾ ਸਚ ਪਲੰਘ, ਸਤਿਗੁਰ ਪੂਰਾ ਆਪ ਸੁਹਾਇੰਦਾ। ਸੁਰਤ ਸੁਆਣੀ ਮੰਗੇ ਮੰਗ, ਸ਼ਬਦ ਹਾਣੀ ਮੇਲ ਮਿਲਾਇੰਦਾ। ਅੰਮ੍ਰਿਤ ਧਾਰ ਵਹਾਏ ਗੰਗ, ਸਾਚੀ ਧਾਰ ਆਪ ਚਲਾਇੰਦਾ। ਸ਼ਬਦੀ ਸ਼ਬਦ ਸੂਰਾ ਸਰਬੰਗ, ਗੁਰ ਗੁਰ ਏਕਾ ਰੂਪ ਵਟਾਇੰਦਾ। ਕੱਟਣਹਾਰਾ ਭੁੱਖ ਨੰਗ, ਤ੍ਰਿਸ਼ਨਾ ਰੋਗ ਮੇਟ ਮਿਟਾਇੰਦਾ। ਪੰਚ ਵਿਕਾਰ ਨਾ ਕਰੇ ਜੰਗ, ਸਾਚਾ ਖੰਡਾ ਇਕ ਚਮਕਾਇੰਦਾ। ਸਚ ਦੁਆਰੇ ਆਪੇ ਲੰਘ, ਆਪ ਆਪਣਾ ਰਾਹ ਚਲਾਇੰਦਾ। ਸਾਚੇ ਅਸਵ ਕਸ ਤੰਗ, ਸਾਚੀ ਘੋੜੀ ਗੁਰਮੁਖ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਸੇ ਸਾਚੇ ਘਰ, ਘਰ ਮੰਦਰ ਆਪ ਸਾਲਾਹਿੰਦਾ। ਘਰ ਮੰਦਰ ਸੋਭਾਵੰਤ, ਗੁਰ ਸਤਿਗੁਰ ਆਪ ਸੁਹਾਈਆ। ਗੁਰਮੁਖ ਮੇਲਾ ਨਾਰੀ ਕੰਤ, ਹਰਿ ਕੰਤ ਕੰਤੂਹਲ ਇਕ ਹੰਢਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਤੋੜੇ ਗੜ੍ਹ ਹਉਮੇ ਹੰਗਤ, ਹੰਕਾਰ ਵਿਕਾਰ ਦਏ ਮਿਟਾਈਆ। ਨਾਤਾ ਜੋੜੇ ਸਾਚੀ ਸੰਗਤ, ਸਗਲਾ ਸੰਗ ਵਖਾਈਆ। ਹਰਿਜਨ ਮੇਲਾ ਜਿਉਂ ਨਾਨਕ ਅੰਗਦ, ਨਿਰਗੁਣ ਸਰਗੁਣ ਹੋਏ ਸਹਾਈਆ। ਸਤਿਗੁਰ ਪੂਰਾ ਕਿਸੇ ਦਰ ਨਾ ਜਾਏ ਮੰਗਤ, ਦੇਵਣਹਾਰ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਸੇ ਸਾਚੇ ਘਰ, ਕਾਇਆ ਖੇੜਾ ਆਪ ਵਸਾਈਆ। ਕਾਇਆ ਖੇੜਾ ਸਚ ਗਿਰਾਂ, ਹਰਿ ਸਾਚਾ ਸਚ ਸੁਹਾਇੰਦਾ। ਆਪੇ ਵੇਖੇ ਆਪਣਾ ਥਾਂ, ਆਪਣੀ ਵੰਡ ਆਪ ਵੰਡਾਇੰਦਾ। ਆਪੇ ਪਕੜਣਹਾਰਾ ਬਾਂਹ, ਆਪ ਆਪਣੀ ਗੋਦ ਸੁਹਾਇੰਦਾ। ਆਪੇ ਹੰਸ ਬਣਾਏ ਫੜ ਫੜ ਕਾਂ, ਕਾਗੋਂ ਹੰਸ ਆਪ ਉਡਾਇੰਦਾ। ਆਪੇ ਪਿਤਾ ਆਪੇ ਮਾਂ, ਪੂਤ ਸਪੂਤਾ ਆਪ ਅਖਵਾਇੰਦਾ। ਆਪੇ ਕਰੇ ਸਚ ਨਿਆਂ, ਘਰ ਘਰ ਵਿਚ ਆਸਣ ਲਾਇੰਦਾ। ਆਪ ਜਣਾਏ ਆਪਣਾ ਨਾਂ, ਹੰ ਬ੍ਰਹਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਖੇੜਾ ਆਪ ਵਸਾਇੰਦਾ। ਆਪ ਵਸਾਏ ਕਾਇਆ ਖੇੜਾ, ਹਰਿ ਹਰਿ ਜੋਤ ਜਗਾਈਆ। ਆਪੇ ਦੇਵੇ ਏਕਾ ਗੇੜਾ, ਮਨ ਹੰਕਾਰ ਦਏ ਭਵਾਈਆ। ਆਪੇ ਕਰੇ ਹੱਕ ਨਿਬੇੜਾ, ਸੁਰਤੀ ਸ਼ਬਦੀ ਮੇਲ ਮਿਲਾਈਆ। ਆਪੇ ਕਰੇ ਖੁਲ੍ਹਾ ਵਿਹੜਾ, ਪੰਜ ਦੂਤ ਦਏ ਮਿਟਾਈਆ। ਆਪੇ ਬੰਨ੍ਹੇ ਸਾਚਾ ਬੇੜਾ, ਏਕਾ ਚੱਪੂ ਨਾਮ ਲਗਾਈਆ। ਆਪੇ ਢਾਏ ਭਰਮਾਂ ਡੇਰਾ, ਨਾਮ ਗਿਆਨ ਇਕ ਦ੍ਰਿੜਾਈਆ। ਆਪੇ ਜਾਣੇ ਸੰਞ ਸਵੇਰਾ, ਅੰਧੇਰੀ ਰੈਣ ਰਹਿਣ ਨਾ ਪਾਈਆ। ਆਪ ਮਿਟਾਏ ਹੇਰਾ ਫੇਰਾ, ਏਕਾ ਫੇਰਾ ਹਰਿ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਕਾਇਆ ਮੰਦਰ ਆਤਮ ਸੇਜਾ ਆਪ ਸਹਾਈਆ। ਗੁਰਸਿਖ ਕਾਇਆ ਸਚ ਸਿੰਘਾਸਣ, ਹਰਿ ਸਾਚਾ ਸੇਜ ਸੁਹਾਇੰਦਾ। ਆਦਿ ਜੁਗਾਦੀ ਦਾਸੀ ਦਾਸਣ, ਜੁਗ ਜੁਗ ਸੇਵ ਕਮਾਇੰਦਾ। ਨਿਝ ਘਰ ਆਤਮ ਕਰੇ ਨਿਵਾਸਣ, ਨਿਉਂ ਨਿਉਂ ਸੀਸ ਝੁਕਾਇੰਦਾ। ਪੂਰੀ ਕਰੇ ਸਾਚੀ ਆਸਣ, ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ। ਘਰ ਮੰਦਰ ਬਹਿ ਬਹਿ ਪਾਏ ਰਾਸਨ, ਗੋਪੀ ਕਾਹਨ ਆਪ ਨਚਾਇੰਦਾ। ਲਹਿਣ ਦੇਣ ਚੁਕਾਏ ਦਸ ਦਸ ਮਾਸਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ।
