੨੦ ਜੇਠ ੨੦੧੮ ਬਿਕ੍ਰਮੀ ਸ਼ਿਵ ਰਾਮ ਦੇ ਗ੍ਰਹਿ ਅੰਬਾ ਰਾਏ ਜੰਮੂ
ਉਚੇ ਟਿੱਲੇ ਰਾਹ ਤੱਕਣ ਪਰਬਤ, ਪਾਰਬ੍ਰਹਮ ਸੱਚੀ ਸਰਨਾਈਆ। ਕਰ ਕਿਰਪਾ ਬਦਲੇ ਆਪਣੀ ਕਰਵਟ, ਨਿਰਗੁਣ ਨਿਰਵੈਰ ਲਏ ਅੰਗੜਾਈਆ। ਲੋਕਮਾਤ ਮੇਟੇ ਝੂਠੀ ਗ਼ੁਰਬਤ, ਸਚ ਸਲਾਹ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਏ ਆਣ ਸਹਾਈਆ। ਰਾਹ ਤੱਕਣ ਟਿੱਲੇ ਪੱਥਰ, ਨੇਤਰ ਨੈਣ ਉਠਾਇਆ। ਨੇਤਰ ਨੀਰ ਵਰੋਲਣ ਅੱਥਰ, ਨੈਣ ਨੈਣ ਬਿਗਸਾਇਆ। ਕਵਣ ਵੇਲਾ ਹੰਢਾਏ ਸਾਡਾ ਸੱਥਰ, ਸਾਡੇ ਸੀਸ ਚਰਨ ਛੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਲਏ ਲਗਾਇਆ। ਰਾਹ ਤੱਕਣ ਟਿੱਲੇ ਡੂੰਘਰ ਜਗਤ ਪਹਾੜ, ਆਸਾ ਆਸ ਰਖਾਈਆ। ਕਵਣ ਵੇਲਾ ਕਰੇ ਪਿਆਰ, ਪਾਰਬ੍ਰਹਮ ਬੇਪਰਵਾਹੀਆ। ਚਰਨ ਧੂੜੀ ਦੇਵੇ ਛਾਰ, ਸੀਸ ਜਗਦੀਸ ਮਸਤਕ ਟਿੱਕਾ ਲਾਈਆ। ਪੂਰਬ ਲੇਖਾ ਦਏ ਨਵਾਰ, ਨਿਰਵਿਘਨ ਆਪਣੀ ਖੇਲ ਖਿਲਾਈਆ। ਅਗਨੀ ਤੱਤ ਬੁਝਾਏ ਹਾੜ, ਜੁਗਾ ਜੁਗੰਤਰ ਰਹੀ ਤਪਾਈਆ। ਏਕਾ ਬਖ਼ਸ਼ੇ ਠਾਂਡਾ ਦਰਬਾਰ, ਚਰਨ ਕਵਲ ਸਰਨਾਈਆ। ਉਚੇ ਹੋ ਹੋ ਗਏ ਹਾਰ, ਹਰਿ ਚਰਨ ਛੋਹ ਨਾ ਸਕੇ ਰਾਈਆ। ਕਿਰਪਾ ਕਰੇ ਆਪ ਨਿਰੰਕਾਰ, ਦਰ ਆਵੇ ਫੇਰਾ ਪਾਈਆ। ਚੁੰਮ ਚੁੰਮ ਚਰਨ ਹੋਈਏ ਬਲਹਾਰ, ਤ੍ਰਿਸਨਾ ਭੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਲ ਪਾਥਰ ਲਏ ਤਰਾਈਆ। ਸਿਲ ਪਾਥਰ ਵੇਖੇ ਇੱਟਾਂ ਰੋੜਾ, ਕੰਕਰ ਕੰਕਰ ਚਰਨ ਛੁਹਾਈਆ। ਏਕਾ ਗੁਣ ਸਮਝਾਏ ਵਕ਼ਤ ਰਹਿ ਗਿਆ ਥੋੜਾ, ਸਭ ਦਾ ਲੇਖਾ ਲਏ ਮੁਕਾਈਆ। ਸੱਸੇ ਉਪਰ ਰੱਖਿਆ ਹੋੜਾ, ਨਿਰਗੁਣ ਸਰਗੁਣ ਰੂਪ ਵਟਾਈਆ। ਜੰਗਲ ਜੂਹਾਂ ਫਿਰੇ ਦੌੜਾ, ਚਾਲ ਨਿਰਾਲੀ ਇਕ ਵਖਾਈਆ। ਵੇਲੇ ਅੰਤਮ ਆਪੇ ਬੌਹੜਾ, ਹੋਏ ਸਦਾ ਸਹਾਈਆ। ਜਿਉਂ ਰਾਮ ਪਾਥਰ ਸੰਗ ਪਾਥਰ ਜੋੜਾ, ਰਾਮ ਨਾਮ ਦਏ ਵਡਿਆਈਆ। ਕਲਜੁਗ ਅੰਤਮ ਆਪ ਚੁਕਾਏ ਤੋਰਾ ਮੋਰਾ, ਏਕਾ ਚਰਨ ਧੂੜ ਲਗਾਏ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਣੇ ਪੁਕਾਰ ਜਗਤ ਪਾਥਰ ਕਮਲਾਪਾਤੀ ਆਪਣਾ ਫੇਰਾ ਪਾਈਆ। ਜਗਤ ਪੱਥਰ ਬਣੇ ਗਵਾਹ, ਜੀਵਾਂ ਜੰਤਾਂ ਮਾਤ ਸਮਝਾਇੰਦਾ। ਪਾਰਬ੍ਰਹਮ ਪ੍ਰਭ ਇਕ ਮਲਾਹ, ਬੇੜਾ ਪਾਰ ਕਰਾਇੰਦਾ। ਮਾਣਸ ਮਾਨੁਖ ਲਏ ਤਰਾ, ਜੋ ਜਨ ਸਰਨਾਈ ਆਇੰਦਾ। ਘਟ ਘਟ ਅੰਦਰ ਬਜਰ ਕਪਾਟੀ ਪੱਥਰ ਦਿਤਾ ਟਿਕਾ, ਬਿਨ ਸਤਿਗੁਰ ਪਰਦਾ ਕੋਇ ਨਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਪਾਥਰ ਵੇਖੇ ਸੱਥਰ, ਸਾਚੀ ਸੇਜ ਆਪ ਹੰਢਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਲੇਖਾ ਜਾਣੇ ਕਠਨ, ਗੁਰਮੁਖਾਂ ਲੇਖਾ ਆਪ ਮੁਕਾਇੰਦਾ।
