Granth 10 Likhat 141: 21 Jeth 2018 Bikarmi Sardara Singh de Greh Pind Seerh Jammu

੨੧ ਜੇਠ ੨੦੧੮ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਸੀੜ ਜੰਮੂ

ਸੋ ਪੁਰਖ ਨਿਰੰਜਣ ਸਾਹਿਬ ਸੁਲਤਾਨ, ਨਿਰਗੁਣ ਅਨੁਭਵ ਰੂਪ ਰਖਾਇੰਦਾ। ਸਚਖੰਡ ਵਸੇ ਸਚ ਮਕਾਨ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਥਿਰ ਘਰ ਜੋਤ ਨੂਰ ਮਹਾਨ, ਨੂਰ ਨੁਰਾਨਾ ਡਗਮਗਾਇੰਦਾ। ਆਪਣੀ ਇਛਿਆ ਨਾਮ ਪਰਧਾਨ, ਧੁਰ ਫ਼ਰਮਾਨਾ ਨਾਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਪਣਾ ਖੇਲ ਖਿਲਾਇੰਦਾ। ਆਦਿ ਪੁਰਖ ਹਰਿ ਖੇਲ ਨਿਆਰਾ, ਰੂਪ ਅਨੂਪ ਆਪ ਧਰਾਇੰਦਾ। ਸੋ ਪੁਰਖ ਨਿਰੰਜਣ ਹੋ ਉਜਿਆਰਾ, ਹਰਿ ਪੁਰਖ ਨਿਰੰਜਣ ਭੇਵ ਚੁਕਾਇੰਦਾ। ਏਕੰਕਾਰਾ ਵਸਣਹਾਰਾ ਉਚ ਅਟਲ ਮੁਨਾਰਾ, ਸਾਚੇ ਮੰਦਰ ਸੋਭਾ ਪਾਇੰਦਾ। ਆਦਿ ਨਿਰੰਜਣ ਜੋਤ ਨੂਰ ਕਰ ਉਜਿਆਰਾ, ਦੀਵਾ ਬਾਤੀ ਨਾ ਕੋਇ ਰਖਾਇੰਦਾ । ਅਬਿਨਾਸ਼ੀ ਕਰਤਾ ਆਪਣਾ ਖੋਲ੍ਹ ਕਿਵਾੜਾ, ਥਿਰ ਘਰ ਸਾਚਾ ਰੰਗ ਰੰਗਾਇੰਦਾ। ਸ੍ਰੀ ਭਗਵਾਨ ਨਾਦ ਅਨਾਦੀ ਬੋਲ ਜੈਕਾਰਾ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਪਾਰਬ੍ਰਹਮ ਪ੍ਰਭ ਆਪ ਆਪਣਾ ਕਰ ਪਸਾਰਾ, ਨਿਰਗੁਣ ਨਿਰਾਕਾਰ ਵੇਖ ਵਖਾਇੰਦਾ। ਸਚ ਸਿੰਘਾਸਣ ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸ਼ਾਹੋ ਭੂਪ ਆਪਣਾ ਹੁਕਮ ਵਰਤਾਇੰਦਾ। ਦਰ ਦਰਵੇਸ਼ ਬਣ ਭਿਖਾਰਾ, ਅਲਖ ਅਗੋਚਰ ਆਪਣੀ ਅਲਖ ਜਗਾਇੰਦਾ। ਨਿਉਂ ਨਿਉਂ ਕਰੇ ਆਪ ਨਿਮਸਕਾਰਾ, ਸੀਸ ਜਗਦੀਸ ਆਪ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਹੁਕਮ ਆਪ ਚਲਾਇੰਦਾ। ਆਦਿ ਪੁਰਖ ਪੁਰਖ ਅਕਾਲ, ਅਕਲ ਕਲ ਵਡੀ ਵਡਿਆਈਆ। ਸਚਖੰਡ ਵਸੇ ਸੱਚੀ ਧਰਮਸਾਲ, ਦੂਸਰ ਬੰਕ ਨਾ ਕੋਇ ਸੁਹਾਈਆ। ਆਪਣਾ ਦੀਪਕ ਆਪੇ ਬਾਲ, ਸਾਚੇ ਮੰਦਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਖੇਲ ਖਿਲਾਈਆ। ਆਦਿ ਪੁਰਖ ਹਰਿ ਖੇਲ ਅਵੱਲਾ, ਇਕ ਇਕੱਲਾ ਆਪ ਕਰਾਇੰਦਾ। ਸਚਖੰਡ ਦਵਾਰੇ ਵਸੇ ਸਚ ਮਹੱਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਆਪਣੇ ਨੂਰ ਆਪੇ ਬੱਲਾ, ਨੂਰ ਨੁਰਾਨਾ ਡਗਮਗਾਇੰਦਾ। ਸਚ ਸੰਦੇਸ਼ ਆਪੇ ਘੱਲਾ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਆਪੇ ਚੜ੍ਹ ਰਾਜ ਰਾਜਾਨ ਆਪ ਅਖਵਾਇੰਦਾ। ਸ਼ਾਹੋ ਭੂਪ ਹਰਿ ਰਾਜਨ ਰਾਜਾ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਆਪਣਾ ਸਾਜਣ ਆਪੇ ਸਾਜਾ, ਨਾ ਕੋਈ ਪਿਤਾ ਨਾ ਕੋਈ ਮਾਈਆ। ਆਪ ਸੁਣਾਏ ਆਪਣਾ ਵਾਜਾ, ਨਾਦ ਧੁੰਨ ਆਪ ਉਪਾਈਆ। ਆਪੇ ਰਚਿਆ ਆਪਣਾ ਕਾਜਾ, ਥਿਰ ਘਰ ਸਾਚੇ ਦਏ ਵਧਾਈਆ। ਆਪੇ ਰੱਖੇ ਆਪਣੀ ਲਾਜਾ, ਆਪ ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਆਪਣਾ ਭੇਵ ਹਰਿ ਚੁਕਾਇੰਦਾ, ਨਿਰਗੁਣ ਰੂਪ ਰੂਪ ਅਗੰਮ। ਆਪਣਾ ਖੇਲ ਆਪ ਖਿਲਾਇੰਦਾ, ਆਪਣੀ ਇਛਿਆ ਆਪੇ ਪਿਆ ਜੰਮ। ਆਪਣਾ ਮੰਦਰ ਆਪ ਸੁਹਾਇੰਦਾ, ਆਪੇ ਬੇੜਾ ਰਿਹਾ ਬੰਨ੍ਹ। ਆਪਣੀ ਜੋਤ ਆਪ ਜਗਾਇੰਦਾ, ਨਾ ਕੋਈ ਸੂਰਜ ਨਾ ਕੋਈ ਚੰਨ। ਆਪਣਾ ਵੇਸ ਆਪ ਵਟਾਇੰਦਾ, ਨਾ ਕੋਈ ਜਨਨੀ ਜਣੇ ਜਨ। ਆਪਣਾ ਬਲ ਆਪ ਧਰਾਇੰਦਾ, ਪੁਰਖ ਅਗੰਮਾ ਹੋ ਪਰਬਲ। ਆਪਣੀ ਇਛਿਆ ਆਪ ਪਰਗਟਾਇੰਦਾ, ਆਪਣੇ ਅੰਦਰ ਮਾਰ ਉਛੱਲ। ਆਪਣੀ ਵਸਤ ਆਪ ਵਰਤਾਇੰਦਾ, ਸਚ ਸੰਦੇਸਾ ਏਕਾ ਘਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ ਆਪਣਾ ਖੇਲ ਆਪ ਖਿਲਾਇੰਦਾ। ਆਦਿ ਪੁਰਖ ਹਰਿ ਖੇਲ ਅਪਾਰਾ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਸਚਖੰਡ ਨਿਵਾਸੀ ਹੋ ਉਜਿਆਰਾ, ਸਚਖੰਡ ਬੈਠਾ ਸੇਜ ਸੁਹਾਈਆ । ਆਪੇ ਨਾਰੀ ਬਣ ਬਣ ਕੰਤ ਭਤਾਰਾ, ਆਪਣਾ ਸੰਗ ਨਿਭਾਈਆ। ਆਪ ਉਪਾਏ ਸੁਤ ਦੁਲਾਰਾ, ਆਪਣੀ ਵੰਡ ਵੰਡਾਈਆ। ਆਪੇ ਵਿਸ਼ਨ ਬ੍ਰਹਮਾ ਸ਼ਿਵ ਕਰ ਉਜਿਆਰਾ, ਤ੍ਰੈ ਤ੍ਰੈ ਲੇਖਾ ਦਏ ਗਣਾਈਆ। ਆਪੇ ਤ੍ਰੈਗੁਣ ਮਾਇਆ ਬਣ ਵਰਤਾਰਾ, ਆਪੇ ਪੰਚਮ ਤੱਤ ਕਰੇ ਕੁੜਮਾਈਆ। ਆਪੇ ਬ੍ਰਹਿਮੰਡ ਖੰਡ ਕਰ ਪਸਾਰਾ, ਲੋਆਂ ਪੁਰੀਆਂ ਕਰੇ ਰੁਸ਼ਨਾਈਆ। ਆਪੇ ਰਵ ਸਸ ਜੋਤੀ ਨੂਰ ਦੇਵੇ ਸਾਚੀ ਧਾਰਾ, ਮੰਡਲ ਮੰਡਪ ਆਪ ਸੁਹਾਈਆ। ਆਪੇ ਜਲ ਥਲ ਮਹੀਅਲ ਲਾਏ ਅਖਾੜਾ, ਆਪ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਝੋਲੀ ਆਪ ਭਰਾਈਆ। ਆਪਣੀ ਇਛਿਆ ਝੋਲੀ ਭਰ, ਹਰਿ ਸਾਚਾ ਖੇਲ ਖਿਲਾਇੰਦਾ। ਆਪਣੀ ਗੋਦੀ ਸ਼ਬਦ ਧਰ, ਸ਼ਬਦ ਗੋਦ ਵਿਸ਼ਨ ਬਹਾਇੰਦਾ। ਵਿਸ਼ਨ ਅੰਦਰ ਅੰਮ੍ਰਿਤ ਧਰ, ਕਵਲ ਨਾਭ ਖਿਲਾਇੰਦਾ। ਕਵਲ ਅੰਦਰ ਬ੍ਰਹਮ ਵੜ, ਪਾਰਬ੍ਰਹਮ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਹਰਿ ਹਰਿ ਆਪਣਾ ਖੇਲ ਖਿਲਾਇਆ, ਮਹਿਮਾ ਅਕਥ ਅਕਥ ਰਖਾਇੰਦਾ। ਦਾਈ ਦਾਇਆ ਬਣ ਬਣ ਸੇਵ ਕਮਾਇਆ, ਦਿਸ ਕਿਸੇ ਨਾ ਆਇੰਦਾ। ਵਿਸ਼ਨ ਬ੍ਰਹਮਾ ਆਪੇ ਜਾਇਆ, ਸਾਚੀ ਗੋਦ ਸੁਹਾਇੰਦਾ। ਏਕਾ ਅੱਖਰ ਦਏ ਪੜ੍ਹਾਇਆ, ਦੂਜਾ ਹੋਰ ਨਾ ਕੋਇ ਵਖਾਇੰਦਾ। ਕਾਗਦ ਕ਼ਲਮ ਨਾ ਰੱਖੇ ਸ਼ਾਹਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣੀ ਰਚਨਾ ਵੇਖ ਵਖਾਇੰਦਾ। ਏਕਾ ਵਿਸ਼ਨ ਵਿਸ਼ਵ ਧਾਰ, ਹਰਿ ਆਪਣਾ ਨੂਰ ਧਰਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਹੋ ਉਜਿਆਰ, ਆਪ ਆਪਣਾ ਮੇਲ ਮਿਲਾਇੰਦਾ। ਕਮਲਾਪਾਤਾ ਦੇਵੇ ਸਾਥਾ, ਸਗਲਾ ਸੰਗ ਨਿਭਾਇੰਦਾ। ਆਪ ਸੁਣਾਏ ਆਪਣੀ ਗਾਥਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਇਕ ਰਖਾਏ ਸਾਚਾ ਹਾਟਾ, ਚਰਨ ਦਵਾਰ ਸੋਭਾ ਪਾਇੰਦਾ। ਨਿਰਗੁਣ ਜੋਤ ਨੂਰ ਲਲਾਟਾ, ਏਕਾ ਨੂਰ ਡਗਮਗਾਇੰਦਾ। ਸਾਚੇ ਤਖ਼ਤ ਬੈਠਾ ਪੁਰਖ ਅਬਿਨਾਸ਼ਾ, ਨਿਰਗੁਣ ਆਪਣਾ ਨੂਰ ਵਖਾਇੰਦਾ। ਵਿਸ਼ਨੂੰ ਨਿਉਂ ਨਿਉਂ ਟੇਕੇ ਮਾਥਾ, ਪ੍ਰਭ ਅੱਗੇ ਸੀਸ ਝੁਕਾਇੰਦਾ। ਸਾਹਿਬ ਸੁਲਤਾਨ ਸਰਬ ਕਲ ਸਮਰਾਥਾ, ਆਪਣੀ ਕਲ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪਣੇ ਹੱਥ ਰਖਾਇੰਦਾ। ਆਪਣੀ ਰਚਨਾ ਹਰਿ ਨਿਰੰਕਾਰਾ, ਨਿਰਗੁਣ ਨਿਰਵੈਰ ਆਪ ਰਚਾਈਆ। ਸਾਕਾਰ ਖੇਲ ਅਗੰਮ ਅਪਾਰਾ, ਭੇਵ ਅਭੇਦ ਆਪ ਚੁਕਾਈਆ। ਏਕਾ ਮੰਦਰ ਸਚ ਦਵਾਰਾ, ਸਚ ਸਾਚਾ ਦਏ ਵਖਾਈਆ। ਏਕਾ ਹੁਕਮ ਇਕ ਵਰਤਾਰਾ, ਏਕਾ ਗੁਣ ਦਏ ਸਮਝਾਈਆ। ਏਕਾ ਵਸਤ ਇਕ ਭੰਡਾਰਾ, ਏਕਾ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਾਰਗ ਰਿਹਾ ਵਖਾਈਆ। ਸਾਚਾ ਮਾਰਗ ਹਰਿ ਜਣਾਇੰਦਾ, ਵਿਸ਼ਨ ਬ੍ਰਹਮਾ ਕਰ ਤਿਆਰ। ਨੂਰ ਨੂਰ ਆਪ ਧਰਾਇੰਦਾ, ਨਿਰਗੁਣ ਆਪਣਾ ਕਰ ਆਧਾਰ। ਆਪਣਾ ਦਰਸ ਆਪ ਵਖਾਇੰਦਾ, ਸਵੱਛ ਸਰੂਪੀ ਹੋ ਉਜਿਆਰ। ਆਪਣਾ ਲੇਖ ਆਪ ਪੜ੍ਹਾਇੰਦਾ, ਲਿਖਿਆ ਲੇਖ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਤੱਤ ਵਿਚਾਰ। ਏਕਾ ਤੱਤ ਸ਼ਬਦ ਗਿਆਨਾ, ਨਾਉਂ ਨਿਰੰਕਾਰਾ ਆਪ ਦ੍ਰਿੜਾਈਆ। ਏਕਾ ਬੰਨ੍ਹੇ ਸਾਚਾ ਗਾਨਾ, ਪੁਰਖ ਅਬਿਨਾਸ਼ੀ ਸਗਨ ਮਨਾਈਆ। ਏਕਾ ਰਾਗ ਇਕ ਤਰਾਨਾ, ਏਕਾ ਨਾਦ ਰਿਹਾ ਵਜਾਈਆ। ਏਕਾ ਮੰਦਰ ਇਕ ਮਕਾਨਾ, ਏਕਾ ਘਰ ਰਿਹਾ ਵਖਾਈਆ। ਏਕਾ ਸਾਹਿਬ ਇਕ ਸੁਲਤਾਨਾ, ਸ਼ਾਹੋ ਭੂਪ ਇਕ ਵਡਿਆਈਆ। ਏਕਾ ਹੁਕਮ ਇਕ ਫ਼ਰਮਾਨਾ, ਏਕਾ ਏਕ ਰਿਹਾ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਭੇਵ ਚੁਕਾਈਆ। ਆਦਿ ਪੁਰਖ ਚੁੱਕਿਆ ਭੇਵ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਦਿ ਜੁਗਾਦਿ ਰਹੇ ਸਦਾ ਨਿਹਕੇਵ, ਨਿਹਚਲ ਧਾਮ ਆਸਣ ਲਾਇੰਦਾ। ਵਿਸ਼ਨ ਤੇਰੀ ਸਾਚੀ ਸੇਵ, ਸੇਵਕ ਰੂਪ ਆਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਵਿਸ਼ਨ ਤੇਰਾ ਸਾਚਾ ਰੰਗ, ਸੋ ਪੁਰਖ ਨਿਰੰਜਣ ਆਪ ਰੰਗਾਈਆ। ਤੇਰੇ ਅੰਤਰ ਸਚ ਪਲੰਘ, ਸਚ ਸਿੰਘਾਸਣ ਸੋਭਾ ਪਾਈਆ। ਤੇਰੀ ਕਵਲੀ ਇਕ ਤਰੰਗ, ਕਵਲ ਫੁੱਲ ਮਹਿਕਾਈਆ। ਤੇਰੇ ਬਾਹਰ ਪਰਮਾਨੰਦ, ਅਨੰਦ ਅਨੰਦ ਸਮਾਈਆ। ਤੇਰਾ ਰੂਪ ਨਿਰਗੁਣ ਚੰਦ, ਸਾਚਾ ਚੰਦ ਦਏ ਵਖਾਈਆ। ਤੇਰਾ ਮੁਖ ਖੋਲ੍ਹੇ ਬੰਦ, ਬੰਦੀਖਾਨਾ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਵਖਾਈਆ। ਏਕਾ ਗੁਣ ਸ੍ਰੀ ਭਗਵਾਨ, ਹਰਿ ਸਾਚਾ ਸਚ ਜਣਾਇੰਦਾ। ਤੇਰਾ ਰੂਪ ਅਨੂਪ ਮਹਾਨ, ਪਾਰਬ੍ਰਹਮ ਆਪ ਪਰਗਟਾਇੰਦਾ। ਤੇਰਾ ਨਾਉਂ ਸਚ ਨਿਸ਼ਾਨ, ਇਕ ਇਕੱਲਾ ਆਪ ਉਠਾਇੰਦਾ। ਵਸਤ ਅਮੋਲਕ ਦੇਵੇ ਦਾਨ, ਤੇਰੀ ਝੋਲੀ ਆਪ ਭਰਾਇੰਦਾ। ਬ੍ਰਹਮਾ ਵੇਤਾ ਕਰ ਪਰਵਾਨ, ਤੇਰਾ ਸੰਗ ਮਿਲਾਇੰਦਾ। ਦੋਹਾਂ ਵਿਚੋਲਾ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਏਕਾ ਹੁਕਮ ਕਰੇ ਫ਼ਰਮਾਨ, ਅਭੁਲ ਭੁਲ ਕਦੇ ਨਾ ਜਾਇੰਦਾ। ਵੇਖਣਹਾਰਾ ਸੁੰਨ ਅਗੰਮੀ ਸੁੰਞ ਮਸਾਣ, ਆਪ ਆਪਣਾ ਨੈਣ ਖੁਲ੍ਹਾਇੰਦਾ। ਆਪਣੀ ਇਛਿਆ ਪਰਗਟ ਕਰੇ ਆਪ ਮਿਹਰਵਾਨ, ਆਪਣਾ ਅੰਗ ਅੰਗ ਨਾਲ ਮਿਲਾਇੰਦਾ। ਸ਼ੰਕਰ ਲੇਖਾ ਇਕ ਵਖਾਣ, ਸਾਚਾ ਬੰਧਨ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਹਰਿ ਪਰਦਾ ਆਪ ਚੁਕਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ। ਵਸਤ ਅਮੋਲਕ ਆਪ ਵਰਤਾਇੰਦਾ, ਤ੍ਰੈਗੁਣ ਮਾਇਆ ਤੱਤ ਭੰਡਾਰ। ਲੱਖ ਚੁਰਾਸੀ ਘਾੜਨ ਇਕ ਘੜਾਇੰਦਾ, ਭਾਂਡੇ ਘੜੇ ਆਪ ਠਠਿਆਰ। ਸਾਚੀ ਭੱਠੀ ਆਪ ਤਪਾਇੰਦਾ, ਅਗਨੀ ਤੱਤ ਕਰ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਸਾਚੀ ਕਾਰ। ਸਾਚੀ ਕਾਰ ਕਰਤਾ ਪੁਰਖ, ਵਿਸ਼ਨ ਬ੍ਰਹਮਾ ਸ਼ਿਵ ਜਣਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਲੱਖ ਚੁਰਾਸੀ ਲਏ ਪਰਗਟਾਈਆ। ਏਕਾ ਦੱਸੇ ਆਪਣੀ ਪਰਖ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਆਪ ਬਹਾਏ ਚਰਨ ਧੂੜੀ ਫ਼ਰਸ਼, ਅਰਸ਼ ਆਪਣਾ ਰੰਗ ਵਖਾਈਆ। ਆਦਿ ਜੁਗਾਦਿ ਨਾ ਕਰਨਾ ਤਰਸ, ਤ੍ਰੈ ਤ੍ਰੈ ਵੇਖੇ ਥਾਉਂ ਥਾਈਂਆ। ਆਪ ਵਖਾਏ ਆਪਣਾ ਦਰਸ, ਤਿੰਨਾਂ ਪੂਰੀ ਆਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਘਾੜਨ ਲਏ ਘੜਾਈਆ। ਲੱਖ ਚੁਰਾਸੀ ਘਾੜਨ ਘੜਨਾ, ਹਰਿ ਸਾਚਾ ਸਚ ਜਣਾਇੰਦਾ। ਵਿਸ਼ਨੂੰ ਭੰਡਾਰਾ ਏਕਾ ਭਰਨਾ, ਬ੍ਰਹਮਾ ਬ੍ਰਹਮ ਰੂਪ ਧਰਾਇੰਦਾ । ਸ਼ੰਕਰ ਅੰਤਮ ਖੇਲ ਕਰਨਾ, ਜੋ ਘੜਿਆ ਭੰਨ ਵਖਾਇੰਦਾ। ਸਭ ਦੇ ਅੰਦਰ ਹਰਿ ਜੂ ਵੜਨਾ, ਨਿਰਗੁਣ ਆਪਣਾ ਰੂਪ ਵਟਾਇੰਦਾ। ਆਪਣੇ ਪੌੜੇ ਆਪੇ ਚੜ੍ਹਨਾ, ਸਾਚਾ ਮੰਦਰ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਖੇਲ ਖਿਲਾਇੰਦਾ। ਲੱਖ ਚੁਰਾਸੀ ਖੇਲ ਖਿਲੌਣਾ, ਪੁਰਖ ਅਕਾਲ ਦਏ ਵਡਿਆਈਆ। ਵਿਸ਼ਨੂੰ ਤੇਰਾ ਬੰਸ ਬਣੌਣਾ, ਬੰਸਾਵਲੀ ਆਪ ਹੋ ਜਾਈਆ। ਬ੍ਰਹਮੇ ਤੇਰਾ ਬ੍ਰਹਮ ਧਰੌਣਾ, ਪਾਰਬ੍ਰਹਮ ਕਰੇ ਰੁਸ਼ਨਾਈਆ। ਸ਼ੰਕਰ ਤੇਰਾ ਸੰਗ ਨਿਭੌਣਾ, ਵਿਛੜ ਕਦੇ ਨਾ ਜਾਈਆ। ਸਾਚੀ ਸੇਵਾ ਇਕ ਸਮਝੌਣਾ, ਸਾਚਾ ਮਾਰਗ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਵਖਾਈਆ। ਏਕਾ ਗੁਣ ਹਰਿ ਕਰਤਾਰਾ, ਤ੍ਰੈ ਤ੍ਰੈ ਆਪ ਜਣਾਇੰਦਾ। ਲੱਖ ਚੁਰਾਸੀ ਬ੍ਰਹਮ ਪਸਾਰਾ, ਪਾਰਬ੍ਰਹਮ ਪ੍ਰਭ ਖੇਲ ਖਿਲਾਇੰਦਾ। ਜੋਤੀ ਜਾਤਾ ਹੋ ਉਜਿਆਰਾ, ਘਟ ਘਟ ਨੂਰ ਨੂਰ ਡਗਮਗਾਇੰਦਾ। ਆਪਣਾ ਹੁਕਮ ਸੁਣਾਏ ਸੱਚੀ ਸਰਕਾਰਾ, ਘਟ ਅਨਹਦ ਨਾਦ ਵਜਾਇੰਦਾ। ਆਪਣਾ ਸਿੰਘਾਸਣ ਲਾਏ ਅਪਰ ਅਪਾਰਾ, ਆਤਮ ਸੇਜਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਸਾਚੀ ਸੇਵਾ ਲਾਇੰਦਾ। ਸਾਚੀ ਸੇਵਾ ਕਰ ਪਰਵਾਨ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਇਆ। ਤੂੰ ਦਾਤਾ ਦਾਨੀ ਸ੍ਰੀ ਭਗਵਾਨ, ਹਉਂ ਭਿੱਖਕ ਭਿਖਾਰੀ ਦਰ ਤੇ ਆਇਆ। ਲੱਖ ਚੁਰਾਸੀ ਦਿਤਾ ਦਾਨ, ਵਸਤ ਅਮੋਲਕ ਝੋਲੀ ਪਾਇਆ। ਕਵਣ ਰੂਪ ਲੋਕਮਾਤ ਹੋਏ ਪਰਧਾਨ, ਕਵਣ ਹਿੱਸਾ ਵੰਡ ਵੰਡਾਇਆ। ਕਵਣ ਵਖਾਏ ਸਚ ਨਿਸ਼ਾਨ, ਸਚ ਨਿਸ਼ਾਨਾ ਕਵਣ ਉਠਾਇਆ। ਕਵਣ ਸੁਣਾਏ ਸਾਚਾ ਗਾਨ, ਕਵਣ ਨਾਉਂ ਨਾਉਂ ਪਰਗਟਾਇਆ। ਕਵਣ ਇਸ਼ਟ ਕਰੇ ਧਿਆਨ, ਕਵਣ ਨਿਗਹਬਾਨ ਹੋਏ ਸਹਾਇਆ। ਕਵਣ ਬਖ਼ਸ਼ੇ ਸਾਚਾ ਮਾਣ, ਕਵਣ ਗਲੇ ਲਏ ਲਗਾਇਆ। ਕਵਣ ਅੰਤਮ ਮੇਲੇ ਆਣ, ਵਿਛੋੜਾ ਦਏ ਕਟਾਇਆ। ਏਕਾ ਦੇਣਾ ਸਚ ਫ਼ਰਮਾਨ, ਹਉਂ ਦਰ ਬੈਠੇ ਮੰਗਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਸੰਦੇਸਾ ਆਪ ਸੁਣਾਇਆ। ਸਚ ਸੰਦੇਸਾ ਸ੍ਰੀ ਭਗਵਾਨਾ, ਵਿਸ਼ਨ ਬ੍ਰਹਮਾ ਸ਼ਿਵ ਆਪ ਸੁਣਾਈਆ। ਸੋ ਪੁਰਖ ਨਿਰੰਜਣ ਹੋਏ ਪਰਧਾਨਾ, ਨੂਰ ਨੂਰ ਰੁਸ਼ਨਾਈਆ। ਹੰ ਬ੍ਰਹਮ ਵੇਖੇ ਲੱਖ ਚੁਰਾਸੀ ਜੀਵ ਜਹਾਨਾ, ਬ੍ਰਹਮ ਆਪਣੀ ਵੰਡ ਵੰਡਾਈਆ। ਆਪਣਾ ਨਾਉਂ ਵਖਾਏ ਸਚ ਨਿਸ਼ਾਨਾ, ਆਦਿ ਜੁਗਾਦਿ ਝੁਲਾਈਆ। ਅੰਮ੍ਰਿਤ ਆਤਮ ਦੇਵੇ ਪੀਣਾ ਖਾਣਾ, ਤ੍ਰਿਸਨਾ ਭੁੱਖ ਮਿਟਾਈਆ। ਨਾਦ ਅਨਾਦਿ ਸੁਣਾਏ ਗਾਨਾ, ਘਟ ਮੰਦਰ ਆਪ ਵਜਾਈਆ। ਘਰ ਘਰ ਪਰਗਟ ਹੋਵੇ ਸਾਚਾ ਕਾਹਨਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਆਤਮ ਬ੍ਰਹਮ ਕਰੇ ਪਰਵਾਨਾ, ਆਪਣੀ ਗੋਦ ਬਹਾਈਆ। ਚਰਨ ਕਵਲ ਬਖ਼ਸ਼ੇ ਇਕ ਧਿਆਨਾ, ਹਰਿ ਸਰਨ ਸੱਚੀ ਸਰਨਾਈਆ। ਚਾਰ ਖਾਣੀ ਵੰਡ ਵੰਡਾਨਾ, ਅੰਡਜ ਜੇਰਜ ਉਤਭੁਜ ਸੇਤਜ ਨਾਉਂ ਰਖਾਈਆ। ਚਾਰੇ ਬਾਣੀ ਸੁਣਾਏ ਗਾਨਾ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਈਆ। ਚਾਰੇ ਜੁਗ ਕਰੇ ਪਰਧਾਨਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਉਂ ਰਖਾਈਆ। ਚਾਰੇ ਵਰਨ ਵਖਾਏ ਨਿਸ਼ਾਨਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਰੂਪ ਵਟਾਈਆ। ਅਠਾਰਾਂ ਬਰਨ ਦੇਵੇ ਮਾਣਾ, ਵਰਨ ਅਵਰਨ ਆਪੇ ਹੋ ਜਾਈਆ। ਗੁਰ ਗੁਰ ਰੂਪ ਪਹਿਨੇ ਬਾਣਾ, ਜੋਤੀ ਜੋਤ ਕਰ ਰੁਸ਼ਨਾਈਆ। ਭਗਤਾਂ ਸੁਣਾਏ ਸਚ ਤਰਾਨਾ, ਲੱਖ ਚੁਰਾਸੀ ਵਿਚੋਂ ਲਏ ਜਗਾਈਆ। ਸੰਤਾਂ ਦੇਵੇ ਨਾਮ ਨਿਧਾਨਾ, ਵਸਤ ਅਮੋਲਕ ਝੋਲੀ ਪਾਈਆ। ਗੁਰਮੁਖ ਵੇਖੇ ਮਾਰ ਧਿਆਨਾ, ਆਲਸ ਨਿੰਦਰਾ ਵਿਚ ਨਾ ਆਈਆ। ਗੁਰਸਿਖਾਂ ਵਖਾਏ ਇਕ ਮਕਾਨਾ, ਹਰਿ ਚਰਨ ਸੱਚੀ ਸਰਨਾਈਆ। ਜੁਗ ਜੁਗ ਆਵੇ ਜਾਵੇ ਖੇਲੇ ਖੇਲ ਦੋ ਜਹਾਨਾ, ਨਿਰਗੁਣ ਸਰਗੁਣ ਰੂਪ ਵਟਾਈਆ। ਆਪਣਾ ਦੇਵੇ ਨਾਮ ਪਰਵਾਨਾ, ਅਵਤਾਰ ਗੁਰ ਸੰਦੇਸ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਈਆ। ਤਿੰਨਾਂ ਸੁਣਿਆ ਹਰਿ ਸੁਣਾਇਆ, ਨਿਉਂ ਨਿਉਂ ਕਰਨ ਨਿਮਸਕਾਰਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਇਆ, ਕਵਣ ਰੂਪ ਆਏ ਹਰਿ ਨਿਰੰਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੱਸਣਾ ਖੋਲ੍ਹ ਕਿਵਾੜਾ। ਖੋਲ੍ਹ ਕਿਵਾੜ ਹਰਿ ਸੁਣਾਇੰਦਾ, ਧੁਰ ਫ਼ਰਮਾਨਾ ਬੋਲ ਜੈਕਾਰ। ਸਤਿਜੁਗ ਸਤਿ ਸਤਿ ਵਰਤਾਇੰਦਾ, ਬ੍ਰਹਮ ਮਤ ਕਰ ਪਿਆਰ। ਰਤੀ ਰਤ ਰਤ ਰੰਗਾਇੰਦਾ, ਨਾਮ ਰਤ ਤਨ ਸ਼ੰਗਾਰ। ਸਾਚਾ ਰਥ ਆਪ ਚਲਾਇੰਦਾ, ਰਥ ਰਥਵਾਹੀ ਹੋ ਤਿਆਰ। ਨਿਰਗੁਣ ਸਰਗੁਣ ਰੂਪ ਵਟਾਇੰਦਾ, ਵਾਰ ਅਠਾਰਾਂ ਲਏ ਅਵਤਾਰ। ਸਿਰ ਬਾਵਨ ਤਾਜ ਟਿਕਾਇੰਦਾ, ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਜਣਾਏ ਆਪਣੀ ਕਾਰ। ਸਤਿਜੁਗ ਅੰਤਮ ਪਾਰ ਕਰੌਣਾ, ਤ੍ਰੇਤਾ ਮਾਤ ਲਏ ਪਰਗਟਾਈਆ। ਦੋਏ ਦੋਏ ਰੂਪ ਜਾਮਾ ਪੌਣਾ, ਮਹਿਮਾ ਅਨੂਪ ਆਪਣੀ ਆਪ ਵਖਾਈਆ। ਗੜ੍ਹ ਹੰਕਾਰੀ ਤੋੜ ਤੁੜੌਣਾ, ਆਤਮ ਦਰਸੀ ਲਏ ਮਿਲਾਈਆ। ਸਾਚਾ ਮਾਰਗ ਇਕ ਰਖੌਣਾ, ਚਾਰ ਵਰਨ ਵਰਨ ਸਰਨਾਈਆ। ਅੰਤਮ ਅੰਤ ਪੰਧ ਮੁਕੌਣਾ, ਥਿਰ ਲੇਖਾ ਦਏ ਚੁਕਾਈਆ। ਦੁਆਪਰ ਦੋਏ ਦੋਏ ਜੋਗ ਕਮੌਣਾ, ਲੋਕਮਾਤ ਕਰ ਰੁਸ਼ਨਾਈਆ। ਏਕਾ ਮੰਤਰ ਨਾਮ ਦ੍ਰਿੜੌਣਾ, ਏਕਾ ਭਗਤ ਦਏ ਸਮਝਾਈਆ। ਦੁਸ਼ਟ ਹੰਕਾਰੀ ਮੇਟ ਮਿਟੌਣਾ, ਹਰਿ ਭਗਤਨ ਦਏ ਵਡਿਆਈਆ। ਕਲਜੁਗ ਸੱਥਰ ਕੂੜ ਵਿਛੌਣਾ, ਚਾਰ ਕੁੰਟ ਵੇਖ ਵਖਾਈਆ। ਬੋਧ ਗਿਆਨਾ ਮੁਖ ਛੁਪੌਣਾ, ਅਗਾਧ ਬੋਧ ਨਾ ਕੋਇ ਵਖਾਈਆ। ਕਾਲਾ ਸੂਸਾ ਰੰਗ ਰੰਗੌਣਾ, ਈਸਾ ਮੂਸਾ ਤਨ ਪਹਿਨਾਈਆ। ਇਕ ਹਦੀਸਾ ਆਪ ਪੜ੍ਹੌਣਾ, ਸੰਗ ਮੁਹੰਮਦ ਚਾਰ ਯਾਰ ਏਕਾ ਕਲਮਾ ਦਏ ਸੁਣਾਈਆ। ਮੁਕਾਮੇ ਹੱਕ ਡੇਰਾ ਲੌਣਾ, ਹੱਕ ਹਕ਼ੀਕ਼ਤ ਵੇਖ ਵਖਾਈਆ। ਲਾਸ਼ਰੀਕ ਖੇਲ ਖਿਲੌਣਾ, ਪਰਵਰਦਿਗਾਰ ਸੱਚੀ ਸ਼ਹਿਨਸ਼ਾਹੀਆ। ਨਬੀ ਰਸੂਲ ਮੁੱਲਾਂ ਸ਼ੇਖ਼ ਮੁਸਾਇਕ ਆਪ ਪੜ੍ਹੌਣਾ, ਇਕ ਹਦੀਸ ਦਏ ਜਣਾਈਆ। ਚੌਦਾਂ ਚੌਦਾਂ ਕੁੰਡਾ ਆਪੇ ਲੌਹਣਾ, ਚੌਦਾਂ ਤਬਕ ਕਰੇ ਰਸਾਈਆ। ਚੌਦਾਂ ਸਦੀਆਂ ਝੋਲੀ ਪੌਣਾ, ਏਕਾ ਵੰਡ ਵੰਡਾਈਆ। ਨਾਨਕ ਨਿਰਗੁਣ ਜੋਤ ਜਗੌਣਾ, ਪੰਜ ਤੱਤ ਕਾਇਆ ਚੋਲਾ ਕਰੇ ਰੁਸ਼ਨਾਈਆ। ਨਾਮ ਸਤਿ ਇਕ ਦ੍ਰਿੜੌਣਾ, ਏਕਾ ਗੁਣ ਵਖਾਈਆ। ਏਕਾ ਜੋਤੀ ਜੋਤ ਡਗਮਗੌਣਾ, ਗੋਬਿੰਦ ਮੇਲਾ ਸਾਚੇ ਮਾਹੀਆ। ਕਲਜੁਗ ਅੰਤਮ ਪੰਧ ਮੁਕੌਣਾ, ਲੋਕਮਾਤ ਰਹਿਣ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗੌਣਾ, ਹਰਿ ਸਾਚਾ ਸਚ ਜਣਾਈਆ। ਨੌਂ ਨੌਂ ਖੇੜਾ ਆਪ ਵਸੌਣਾ, ਨੌਂ ਨਵ ਫੇਰਾ ਪਾਈਆ। ਚਾਰ ਜੁਗ ਦਾ ਭੇਖ ਮਿਟੌਣਾ, ਨਾਮ ਖੰਡਾ ਇਕ ਚਮਕਾਈਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਗੁਰ ਅਵਤਾਰ ਜੁਗ ਜੁਗ ਆਪਣੀ ਸੇਵਾ ਲੌਣਾ, ਧੁਰ ਫ਼ਰਮਾਨਾ ਆਪ ਸੁਣਾਈਆ। ਕੋਟਨ ਕੋਟ ਰਾਮ ਕ੍ਰਿਸ਼ਨ ਪਰਗਟੌਣਾ, ਸੀਸ ਤਾਜ ਟਿਕਾਈਆ। ਕੋਟਨ ਕੋਟ ਰਾਵਣ ਹੰਕਾਰੀ ਮਾਰ ਮੁਕੌਣਾ, ਏਕਾ ਚਿੱਲਾ ਤੀਰ ਕਮਾਨ ਉਠਾਈਆ। ਪੁਰਖ ਅਬਿਨਾਸ਼ੀ ਵੇਖ ਵਖੌਣਾ, ਸਾਚੇ ਤਖ਼ਤ ਬੈਠਾ ਸਾਚਾ ਮਾਹੀਆ। ਆਦਿ ਜੁਗਾਦਿ ਜੁਗਾ ਜੁਗੰਤਰ ਕਲਜੁਗ ਨੇਤਰ ਨਜ਼ਰ ਨਾ ਔਣਾ, ਧੂੰਆਂਧਾਰ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਏਕਾ ਤੱਤ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਆਦਿ ਪੁਰਖ ਪ੍ਰਭ ਦਿਤਾ ਦਾਨ, ਸਾਚੀ ਝੋਲੀ ਆਪ ਭਰਾਇੰਦਾ। ਲੱਖ ਚੁਰਾਸੀ ਕਰ ਪਰਧਾਨ, ਲੋਕਮਾਤ ਨਾਚ ਨਚਾਇੰਦਾ। ਸ਼ਾਹੋ ਭੂਪ ਬਣ ਰਾਜ ਰਾਜਾਨ, ਸਾਚਾ ਅਦਲ ਆਪ ਕਮਾਇੰਦਾ। ਹੱਥ ਫੜਾਏ ਕਮਾਨ, ਰਾਏ ਧਰਮ ਚਿਤਰ ਗੁਪਤ ਲੇਖਾ ਸਰਬ ਲਿਖਾਇੰਦਾ। ਲਾੜੀ ਮੌਤ ਕਰੇ ਪਰਵਾਨ, ਜੀਵ ਜੰਤ ਅੰਤ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪਣਾ ਵਕ਼ਤ ਆਪਣੇ ਹੱਥ ਰਖਾਇੰਦਾ। ਵੇਲਾ ਵਕ਼ਤ ਸੱਚੀ ਸਰਕਾਰ, ਤੇਰਾ ਤੇਰੇ ਹੱਥ ਵਡਿਆਈਆ। ਹਉਂ ਮੰਗਦੇ ਬਣ ਭਿਖਾਰ, ਦਰ ਦਵਾਰ ਦਰ ਦਰਵੇਸ਼ ਸੀਸ ਝੁਕਾਈਆ। ਤੂੰ ਅੰਤਮ ਕਰਨਾ ਸੱਚਾ ਪਿਆਰ, ਭੁਲ ਕਦੇ ਨਾ ਜਾਈਆ। ਤੇਰਾ ਨਾਤਾ ਅਪਰ ਅਪਾਰ, ਨਾ ਕੋਈ ਤੋੜੇ ਤੋੜ ਤੁੜਾਈਆ। ਤੇਰੀ ਗਾਥਾ ਗਾਈਏ ਏਕੰਕਾਰ, ਤੇਰਾ ਨਾਉਂ ਜੈਕਾਰ ਲਗਾਈਆ। ਵਿਸ਼ਨੂੰ ਤੇਰਾ ਰੂਪ ਅਪਾਰ, ਸੀਸ ਜਗਦੀਸ ਰਿਹਾ ਸਮਝਾਈਆ। ਬ੍ਰਹਮਾ ਤੇਰੀ ਮੇਰੀ ਗ਼ੁਫ਼ਤਾਰ, ਚਾਰ ਵੇਦ ਕਰੇ ਪੜ੍ਹਾਈਆ। ਸ਼ੰਕਰ ਤੇਰਾ ਮੇਲਾ ਕੰਤ ਭਤਾਰ, ਨਾਰੀ ਨਿਰਗੁਣ ਨੂਰ ਆਪ ਪਰਨਾਈਆ। ਅੰਤਮ ਵੇਲਾ ਕਰੇ ਕਲਿਆਣ, ਕਲ ਕਾਤੀ ਵੇਖੇ ਥਾਉਂ ਥਾਈਂਆ। ਨਵ ਨੌਂ ਚੁਕੇ ਝੂਠ ਦੁਕਾਨ, ਮਾਇਆ ਮਮਤਾ ਰਹਿਣ ਨਾ ਪਾਈਆ। ਹਉਮੇਂ ਹੰਗਤਾ ਮਿਟੇ ਨਿਸ਼ਾਨ, ਜੂਠ ਝੂਠ ਡੰਕ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਅੰਤ ਰਿਹਾ ਦਰਸਾਈਆ। ਵੇਲਾ ਅੰਤਮ ਕਲਜੁਗ ਔਣਾ, ਨਵ ਨੌਂ ਚਾਰ ਪੰਧ ਮੁਕਾਈਆ। ਪੁਰਖ ਅਬਿਨਾਸ਼ੀ ਰੂਪ ਧਰੌਣਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਪੂਰਬ ਲੇਖਾ ਪੂਰ ਕਰੌਣਾ, ਗੁਰ ਅਵਤਾਰ ਗਏ ਸਮਝਾਈਆ। ਨਿਹਕਲੰਕ ਹਰਿ ਆਪ ਅਖਵੌਣਾ, ਨਾ ਕੋਈ ਪਿਤਾ ਨਾ ਕੋਈ ਮਾਈਆ। ਸ਼ਬਦ ਨਗਾਰਾ ਡੰਕ ਵਜੌਣਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਸੁਣਾਈਆ। ਸ਼ਾਹ ਸੁਲਤਾਨਾਂ ਖ਼ਾਕ ਮਿਲੌਣਾ, ਰਾਜ ਰਾਜਾਨ ਨਜ਼ਰ ਕੋਇ ਨਾ ਆਈਆ। ਚਾਰ ਵਰਨਾਂ ਪੰਧ ਮੁਕੌਣਾ, ਏਕਾ ਰੂਪ ਸਰਬ ਦਰਸਾਈਆ। ਏਕਾ ਮੰਤਰ ਨਾਮ ਦ੍ਰਿੜੌਣਾ, ਸੋ ਪੁਰਖ ਨਿਰੰਜਣ ਕਰੇ ਸਚ ਪੜ੍ਹਾਈਆ। ਆਤਮ ਬ੍ਰਹਮ ਨਜ਼ਰੀ ਔਣਾ, ਬ੍ਰਹਮ ਮੇਲਾ ਸਹਿਜ ਸੁਭਾਈਆ। ਅਠਸਠ ਤੀਰਥ ਪੰਧ ਮੁਕੌਣਾ, ਨਿਝਰ ਝਿਰਨਾ ਦਏ ਝਿਰਾਈਆ। ਅੰਮ੍ਰਿਤ ਤਾਲ ਆਪ ਭਰੌਣਾ, ਕਵਲ ਨਾਭ ਖਿਲਾਈਆ। ਸਾਚਾ ਰਾਗ ਇਕ ਸੁਣੌਣਾ, ਅਨਹਦ ਨਾਦ ਵਜਾਈਆ। ਛੱਤੀ ਰਾਗ ਮੁਖ ਸ਼ਰਮੌਣਾ, ਹਰਿ ਕਾ ਭੇਵ ਕੋਇ ਨਾ ਪਾਈਆ। ਬਰਨ ਅਠਾਰਾਂ ਮੇਟ ਮਿਟੌਣਾ, ਜ਼ਾਤ ਪਾਤ ਨਾ ਕੋਇ ਰਖਾਈਆ। ਕਲਮਾ ਅਮਾਮ ਇਕ ਪੜ੍ਹੌਣਾ, ਆਲਮੀਨ ਸਰਬ ਲੋਕਾਈਆ। ਰਾਮ ਰਮੱਯਾ ਨਜ਼ਰੀ ਔਣਾ, ਘਟ ਘਟ ਰਾਮਾ ਆਸਣ ਲਾਈਆ। ਕਾਹਨਾ ਕ੍ਰਿਸ਼ਨਾ ਵੇਖ ਵਖੌਣਾ, ਕਾਇਆ ਮੰਡਲ ਰਾਸ ਰਚਾਈਆ। ਈਸਾ ਮੂਸਾ ਲੜ ਫੜੌਣਾ, ਮੁਕਾਮੇ ਹੱਕ ਕਰ ਰਸਾਈਆ। ਮੁਹੰਮਦ ਪੰਧ ਆਪ ਮੁਕੌਣਾ, ਚੌਦਾਂ ਸਦੀਆਂ ਵੇਖ ਵਖਾਈਆ। ਅਮਾਮ ਮੈਂਹਦੀ ਰੂਪ ਧਰੌਣਾ, ਸ਼ਾਹ ਸੁਲਤਾਨ ਬੇਪਰਵਾਹੀਆ। ਨਾਨਕ ਨਿਰਗੁਣ ਨਜ਼ਰੀ ਔਣਾ, ਗੋਬਿੰਦ ਜੋਤ ਜੋਤ ਰੁਸ਼ਨਾਈਆ। ਸਰਬ ਜੀਆਂ ਦਾ ਸਾਂਝਾ ਯਾਰ ਪੁਰਖ ਅਕਾਲ ਆਪ ਅਖਵੌਣਾ, ਵਿਸ਼ਨ ਬ੍ਰਹਮਾ ਸ਼ਿਵ ਏਕਾ ਗੁਣ ਦਏ ਸਮਝਾਈਆ। ਸਤਿ ਸਤਿ ਸਾਂਤਕ ਸਤਿ ਵਰਤੌਣਾ, ਅਸਤਿ ਦਏ ਮਿਟਾਈਆ। ਹਿੰਸਾ ਰੋਗ ਨਾ ਕਿਸੇ ਸਤੌਣਾ, ਦੂਈ ਦਵੈਤ ਨਾ ਕੋਇ ਰਖਾਈਆ। ਲੱਖ ਚੁਰਾਸੀ ਏਕਾ ਹਰਿ ਕਾ ਨਾਮ ਚੋਗ ਚੁਗੌਣਾ, ਸੋਹੰ ਹੰਸਾ ਮਾਣਕ ਮੋਤੀ ਆਪ ਰਖਾਈਆ। ਕਾਇਆ ਮੰਦਰ ਅੰਦਰ ਇਕ ਸੁਹੌਣਾ, ਨਿਰਗੁਣ ਦੀਵਾ ਬਾਤੀ ਕਰ ਰੁਸ਼ਨਾਈਆ। ਪਤਿਪਰਮੇਸ਼ਵਰ ਨਜ਼ਰੀ ਔਣਾ, ਬਜਰ ਕਪਾਟੀ ਤੋੜ ਤੁੜਾਈਆ। ਸੁਰਤ ਸੁਵਾਣੀ ਹਾਣੀ ਸ਼ਬਦ ਮਿਲੌਣਾ, ਮਿਲਿਆ ਮੇਲ ਵਿਛੜ ਨਾ ਜਾਈਆ। ਇਕ ਦੂਜੇ ਦੇ ਗਲ ਵਿਚ ਪੱਲਾ ਪੌਣਾ, ਗੁਰਸਿਖ ਗੁਰ ਗੁਰ ਏਕਾ ਰੰਗ ਰੰਗਾਈਆ। ਮੁਰੀਦ ਮੁਰਸ਼ਦ ਬੰਨ੍ਹ ਵਖੌਣਾ, ਏਕਾ ਡੋਰੀ ਹੱਥ ਫੜਾਈਆ। ਚੰਦ ਨੌਂਚੰਦੀ ਆਪ ਚੜ੍ਹੌਣਾ, ਚੌਦਸ ਰੈਣ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਏਕਾ ਬ੍ਰਹਮ ਗਿਆਨ ਦ੍ਰਿੜਾਈਆ। ਲੱਖ ਚੁਰਾਸੀ ਏਕਾ ਬ੍ਰਹਮ, ਈਸ਼ ਜੀਵ ਆਪ ਉਪਾਇੰਦਾ। ਆਪੇ ਦੇਵੇ ਪਵਣ ਸਵਾਸੀ ਦਮ, ਪਵਣ ਉਣੰਜਾ ਖੇਲ ਖਿਲਾਇੰਦਾ। ਆਪੇ ਰੂਪ ਵਟਾਏ ਪੰਜ ਤੱਤ ਹੱਡ ਮਾਸ ਨਾੜੀ ਚੰਮ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਜੋੜ ਜੁੜਾਇੰਦਾ। ਆਪ ਦੇਵਣਹਾਰਾ ਨਾਮ ਧੰਨ, ਸਚ ਖ਼ਜ਼ਾਨਾ ਆਪ ਵਰਤਾਇੰਦਾ। ਆਪੇ ਦੇਵਣਹਾਰਾ ਡੰਨ, ਨਾਮ ਖੰਡਾ ਹੱਥ ਉਠਾਇੰਦਾ। ਆਪੇ ਜੋ ਘੜਿਆ ਸੋ ਦੇਵੇ ਭੰਨ, ਘੜਨ ਭੰਨਣਹਾਰ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਖੇਲ ਆਪ ਖਿਲਾਇੰਦਾ। ਸਾਚਾ ਖੇਲ ਖੇਲੇ ਖ਼ਾਲਕ, ਖ਼ਲਕਤ ਆਪਣੀ ਵੇਖ ਵਖਾਈਆ। ਬਿਰਧ ਬਾਲ ਨਾ ਦਿਸੇ ਰੂਪ ਬਾਲਕ, ਬਾਲ ਜੋਬਨ ਵੇਖ ਕੋਇ ਨਾ ਪਾਈਆ। ਨਿਰਗੁਣ ਸਰਗੁਣ ਬਣ ਕੇ ਆਇਆ ਸਾਲਸ, ਪਾਰਬ੍ਰਹਮ ਵਡੀ ਵਡਿਆਈਆ। ਲੱਖ ਚੁਰਾਸੀ ਜੀਵ ਕਰੇ ਖ਼ਾਲਸ, ਜ਼ਾਤ ਪਾਤ ਮੇਟ ਮਿਟਾਈਆ। ਗੁਰਸਿਖਾਂ ਮੇਟੇ ਝੂਠੀ ਨਿੰਦਰਾ ਆਲਸ, ਜਗਤ ਦਲਿਦ੍ਰ ਦਏ ਗਵਾਈਆ। ਜਨਮ ਜਨਮ ਦੀ ਲਾਹੇ ਕਾਲਖ, ਜਿਸ ਜਨ ਆਪਣਾ ਦਰਸ ਦਿਖਾਈਆ। ਪਤਿਪਰਮੇਸ਼ਵਰ ਬਣ ਕੇ ਆਇਆ ਪਾਰਖ, ਨਾਮ ਕਸਵਟੀ ਹੱਥ ਉਠਾਈਆ। ਲੋਕਮਾਤ ਹੱਟ ਨਾ ਬਣਾਇਆ ਨਾ ਕੋਈ ਦੇਵੇ ਆੜ੍ਹਤ, ਤੋਲਾ ਨਜ਼ਰ ਕੋਇ ਨਾ ਆਈਆ। ਚਾਰ ਦੀਵਾਰੀ ਇੱਟਾਂ ਪੱਥਰ ਘਾੜਤ, ਅੰਦਰ ਵਸੇ ਨਾ ਸਾਚਾ ਮਾਹੀਆ। ਆਤਮ ਅੰਤਰ ਪੂਜਾ ਪਾਠ ਵੇਖੇ ਘਿਰਤ, ਸਾਚਾ ਹਵਨ ਆਪ ਦਰਸਾਈਆ। ਲੱਖ ਚੁਰਾਸੀ ਲਿਖ ਲਿਖ ਲੇਖ ਥੱਕੀ ਇਬਾਰਤ, ਲਿਖ ਲਿਖ ਲੇਖਾ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਇਕ ਅਖਵਾਈਆ। ਨਿਰਗੁਣ ਦਾਤਾ ਜੀਵ ਜੰਤ, ਜੋਤੀ ਜਾਤਾ ਹਰਿ ਅਖਵਾਇੰਦਾ। ਪਾਰਬ੍ਰਹਮ ਪੂਰਨ ਭਗਵੰਤ, ਪਤਿਪਰਮੇਸ਼ਵਰ ਖੇਲ ਖਿਲਾਇੰਦਾ। ਮੁਕੰਦ ਮਨੋਹਰ ਲਖਮੀ ਨਰਾਇਣ ਆਦਿ ਅੰਤ, ਰੂਪ ਅਨੂਪ ਆਪ ਧਰਾਇੰਦਾ। ਹਰਿਜਨ ਮੇਲੇ ਸਾਚੇ ਸੰਤ, ਸਤਿ ਸਤਿਵਾਦੀ ਵੇਖ ਵਖਾਇੰਦਾ। ਹੋਏ ਮਿਲਾਵਾ ਜਿਉਂ ਨਾਰ ਕੰਤ, ਸਾਚੀ ਸੇਜਾ ਸੋਭਾ ਪਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਸਾਚੀ ਸੇਵਾ ਆਪ ਕਮਾਇੰਦਾ। ਆਪਣੀ ਮਹਿਮਾ ਜਣਾਏ ਅਗਣਤ, ਆਪਣੀ ਵਿਦਿਆ ਆਪ ਸਿਖਾਇੰਦਾ। ਆਪੇ ਗੁਰੂ ਆਪੇ ਅੱਖਰ ਆਪੇ ਮੰਤ, ਆਪੇ ਪੜ੍ਹ ਪੜ੍ਹ ਨਾਦ ਵਜਾਇੰਦਾ। ਕਲਜੁਗ ਅੰਤਮ ਚਾਰ ਵਰਨ ਇਕ ਬਣਾਏ ਸਾਚੀ ਸੰਗਤ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਪੰਧ ਮੁਕਾਇੰਦਾ। ਹਰਿਜਨ ਸਾਚਾ ਆਤਮ ਬੋਧ ਸਾਚਾ ਪੰਡਤ, ਜਿਸ ਜਨ ਬ੍ਰਹਮ ਗਿਆਨ ਦ੍ਰਿੜਾਇੰਦਾ। ਝੂਠੀ ਮਾਇਆ ਕਰੇ ਖੰਡਤ, ਖੰਡਾ ਨਾਮ ਵਿਚ ਫਿਰਾਇੰਦਾ। ਮੁਰੀਦਾਂ ਵਖਾਏ ਮੁਰਸ਼ਦ ਜੰਨਤ, ਚਰਨ ਦਵਾਰਾ ਇਕ ਵਡਿਆਇੰਦਾ। ਗੜ੍ਹ ਤੋੜੇ ਹਉਮੇਂ ਹੰਗਤ, ਸਾਚੀ ਸਿਖਿਆ ਇਕ ਸਮਝਾਇੰਦਾ। ਹਰਿਜਨ ਦੂਜੇ ਦਰ ਨਾ ਜਾਏ ਮੰਗਤ, ਜਿਸ ਜਨ ਪੁਰਖ ਅਬਿਨਾਸ਼ੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵਿਸ਼ਨ ਬ੍ਰਹਮਾ ਸ਼ਿਵ ਏਕਾ ਘਰ ਵਖਾਇੰਦਾ। ਏਕਾ ਘਰ ਦਰ ਦਰਵਾਜ਼ਾ, ਪੁਰਖ ਅਬਿਨਾਸ਼ੀ ਆਪ ਖੁਲ੍ਹਾਈਆ। ਗ਼ਰੀਬ ਨਿਮਾਣਿਆਂ ਪਾਏ ਸਾਰ ਗ਼ਰੀਬ ਨਿਵਾਜ਼ਾ, ਦੀਨਨ ਆਪਣੀ ਦਇਆ ਕਮਾਈਆ। ਏਕਾ ਨਾਮ ਚਲਾਏ ਸਚ ਜਹਾਜ਼ਾ, ਚਾਰ ਵਰਨ ਲਏ ਚੜ੍ਹਾਈਆ। ਨੌਂ ਖੰਡ ਪ੍ਰਿਥਮੀ ਫਿਰੇ ਭਾਜਾ, ਸੱਤਾਂ ਦੀਪਾਂ ਫੇਰਾ ਪਾਈਆ। ਫੜ ਫੜ ਬੰਨ੍ਹੇ ਸ਼ਾਹ ਨਵਾਬਾ, ਰਾਜਨ ਰਾਜ ਬਚਿਆ ਕੋਇ ਰਹਿਣ ਨਾ ਪਾਈਆ। ਅਸਵ ਘੋੜੇ ਚੜ੍ਹਿਆ ਤਾਜਾ, ਨੀਲਾ ਨੀਲੀ ਧਾਰੋਂ ਪਾਰ ਕਰਾਈਆ। ਨਾਲ ਰਖਾਇਆ ਅਨਹਦ ਵਾਜਾ, ਗੁਰਮੁਖਾਂ ਅੰਦਰ ਰਿਹਾ ਵਜਾਈਆ। ਅੰਤਮ ਅੰਤ ਰੱਖੇ ਲਾਜਾ, ਜੋ ਜਨ ਬੈਠੇ ਧਿਆਨ ਲਗਾਈਆ। ਮਨਮੁਖ ਜੀਵਾਂ ਖੋਲ੍ਹੇ ਪਾਜਾ, ਕਾਮ ਕਰੋਧ ਲੋਭ ਮੋਹ ਹੰਕਾਰ ਜੋ ਬੈਠੇ ਮਨ ਲਗਾਈਆ। ਏਕਾ ਭੁੱਲਿਆ ਜਿਸ ਜਨ ਸਾਜਣ ਸਾਜਾ, ਸ਼ਾਹ ਪਾਤਸ਼ਾਹ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਹਿਣ ਨਰ, ਪਾਰਬ੍ਰਹਮ ਪੁਰਖ ਸੁਲਤਾਨਾ, ਜਨ ਭਗਤਾਂ ਬੰਨ੍ਹੇ ਸਾਚਾ ਗਾਨਾ, ਨਾਮ ਨਿਸ਼ਾਨੀ ਹੱਥ ਉਠਾਈਆ। ਨਾਮ ਨਿਸ਼ਾਨੀ ਬੰਨ੍ਹੇ ਤੰਦ, ਸਤਿਗੁਰ ਪੂਰਾ ਦਇਆ ਕਮਾਇੰਦਾ। ਗੁਰਮੁਖ ਚੜ੍ਹਾਏ ਸਾਚੇ ਚੰਦ, ਲੋਕਮਾਤ ਆਪ ਚਮਕਾਇੰਦਾ। ਚਾਰ ਵਰਨ ਸੁਣਾਇਆ ਸੁਹਾਗੀ ਛੰਦ, ਸਾਚਾ ਮੰਗਲ ਆਪੇ ਗਾਇੰਦਾ। ਗੁਰਮੁਖ ਵਿਰਲਾ ਪਾਏ ਪਰਮਾਨੰਦ, ਮਨਮੁਖ ਮਦਿਰਾ ਮਾਸ ਮੁਖ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕੂੜੀ ਕਿਰਿਆ ਮੇਟ ਮਿਟਾਇੰਦਾ। ਕੂੜੀ ਕਿਰਿਆ ਟੁੱਟੇ ਨਾਤਾ, ਜੂਠ ਝੂਠ ਰਹਿਣ ਨਾ ਪਾਈਆ। ਕਲਜੁਗ ਛੁਪੇ ਅੰਧੇਰੀ ਰਾਤਾ, ਚਾਰ ਕੁੰਟ ਅੰਧੇਰਾ ਦਏ ਮਿਟਾਈਆ। ਭੇਵ ਚੁਕਾਏ ਜ਼ਾਤਾਂ ਪਾਤਾਂ, ਏਕਾ ਬ੍ਰਹਮ ਦਏ ਦਰਸਾਈਆ। ਏਕਾ ਨਾਮ ਸੁਣਾਏ ਸਾਚੀ ਗਾਥਾ, ਘਟ ਘਟ ਅੰਦਰ ਕਰੇ ਪੜ੍ਹਾਈਆ। ਏਕਾ ਮੰਦਰ ਏਕਾ ਪੂਜਾ ਪਾਠਾ, ਇਸ਼ਟ ਦੇਵ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਮਾਤ ਦੇਵੇ ਧਰ, ਆਪਣੀ ਹੱਥੀਂ ਬੂਟਾ ਲਾਈਆ। ਕਲਜੁਗ ਪੈਂਡਾ ਮੁਕਣਾ, ਲੇਖਾ ਅੰਤਮ ਵਾਰ। ਸਤਿਜੁਗ ਸਾਚਾ ਉਠਣਾ, ਪੁਰਖ ਅਬਿਨਾਸ਼ੀ ਲਏ ਉਠਾਲ। ਦੋਹਾਂ ਭਾਰ ਆਪੇ ਚੁੱਕਣਾ, ਕਰੇ ਖੇਲ ਸੱਚੀ ਸਰਕਾਰ। ਸ਼ੇਰ ਹੋ ਹੋ ਲੋਕਮਾਤ ਝੱਲ ਵਿਚ ਬੁੱਕਣਾ, ਸਿੰਘ ਮਾਰੇ ਇਕ ਲਲਕਾਰ। ਵਿਸ਼ਨੂੰ ਤੇਰਾ ਅੰਤਮ ਲੇਖਾ ਮੁਕਣਾ, ਮੁਕਾਵਣਹਾਰ ਆਪ ਨਿਰੰਕਾਰ। ਨਵ ਨੌਂ ਚਾਰ ਜੋ ਸੁੱਖੀ ਸੁੱਖਣਾ, ਅੰਤਮ ਭਰੇ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਹਰਿਭਗਤ ਗੁਰਮੁਖ ਗੁਰਸਿਖ ਸੱਜਣ ਲਾਏ ਪਾਰ।