Granth 10 Likhat 082: 1 Visakh 2018 Bikarmi Jethuwal Darbar wich

੧ ਵਿਸਾਖ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਹਰਿ ਠਾਕਰ ਜਗ ਠੁਕਰਾਇੰਦਾ, ਸੰਮਤ ਅਠਾਰਾਂ ਠੋਕਰ ਲਾ। ਸ਼ਬਦ ਅਗੰਮੀ ਖੇਲ ਖਿਲਾਇੰਦਾ, ਖ਼ਾਲਕ ਖ਼ਲਕ ਰੂਪ ਖ਼ੁਦਾ। ਨਿਰਗੁਣ ਨੂਰ ਡਗਮਗਾਇੰਦਾ, ਜੋਤੀ ਜੋਤ ਕਰ ਰੁਸ਼ਨਾ। ਨੌਂ ਨੌਂ ਵੇਖ ਵਖਾਇੰਦਾ, ਆਦਿ ਪੁਰਖ ਪ੍ਰਭ ਪਰਦਾ ਲਾਹ। ਸੋ ਪੁਰਖ ਨਿਰੰਜਣ ਰੰਗ ਚੜ੍ਹਾਇੰਦਾ, ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹ। ਹੁਕਮੀ ਹੁਕਮ ਆਪ ਸੁਣਾਇੰਦਾ, ਦੋ ਜਹਾਨਾਂ ਧੁਰ ਫ਼ਰਮਾ। ਚਾਰੋਂ ਕੁੰਟ ਵੇਖ ਵਖਾਇੰਦਾ, ਵੇਖਣਹਾਰਾ ਬੇਪਰਵਾਹ। ਨਿਰਗੁਣ ਨਿਰਵੈਰ ਪੁਰਖ ਅਕਾਲ ਆਪਣਾ ਨਾਉਂ ਧਰਾਇੰਦਾ, ਅਲਖ ਅਗੋਚਰ ਅਗੰਮ ਅਥਾਹ। ਸਚਖੰਡ ਦਵਾਰ ਆਪਣਾ ਆਸਣ ਲਾਇੰਦਾ, ਥਿਰ ਘਰ ਚਰਨ ਹੇਠ ਦਬਾ। ਸੁੰਨ ਅਗੰਮੀ ਫੇਰਾ ਪਾਇੰਦਾ, ਰੂਪ ਅਨੂਪ ਆਪ ਵਟਾ। ਆਪਣੇ ਮੰਦਰ ਆਪਣਾ ਖੇਲ ਖਿਲਾਇੰਦਾ, ਕਰੇ ਖੇਲ ਇਕ ਅਕੱਲਾ ਸਚ ਮਹੱਲਾ ਆਪ ਵਸਾ। ਨਾਰੀ ਕੰਤ ਆਪ ਪਰਨਾਇੰਦਾ, ਕੰਤ ਕੰਤੂਲ ਵਸੇ ਏਕਾ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਰਾਹ। ਹਰਿ ਠਾਕਰ ਖੇਲ ਖਿਲਾਇੰਦਾ, ਖੇਲਣਹਾਰਾ ਪੁਰਖ ਅਗੰਮ। ਨੌਂ ਨੌਂ ਚਾਰ ਵੇਸ ਵਟਾਇੰਦਾ,। ਆਦਿ ਜੁਗਾਦੀ ਜਾਣੇ ਆਪਣਾ ਕੰਮ। ਦੋਏ ਦੋਏ ਆਪਣਾ ਰੂਪ ਧਰਾਇੰਦਾ, ਆਪਣਾ ਬੇੜਾ ਆਪੇ ਬੰਨ੍ਹ। ਆਪਣਾ ਹੁਕਮ ਆਪ ਸੁਣਾਇੰਦਾ, ਆਪੇ ਲਏ ਮੰਨ। ਆਪਣੀ ਵੰਡਣ ਆਪ ਵੰਡਾਇੰਦਾ, ਲੇਖਾ ਜਾਣੇ ਸੂਰਜ ਚੰਨ। ਬ੍ਰਹਿਮੰਡ ਖੰਡ ਆਪਣੇ ਰੰਗ ਰੰਗਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਨਨੀ ਆਪੇ ਜਨ। ਹਰਿ ਠਾਕਰ ਜਗਤ ਠੁਕਰਾਇਆ, ਠੋਕਰ ਮਾਰੇ ਦੋ ਜਹਾਂ। ਨਿਰਗੁਣ ਨਿਰਵੈਰ ਆਪਣਾ ਰੂਪ ਵਟਾਇਆ, ਰੂਪ ਅਨੂਪ ਦਿਸੇ ਕਿਸੇ ਨਾ। ਆਪਣਾ ਲੇਖਾ ਦਏ ਸਮਝਾਇਆ, ਲੇਖਾ ਜਾਣੇ ਜੀਵ ਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹ। ਸ਼ਹਿਨਸ਼ਾਹ ਹਰਿ ਖੇਲ ਖਿਲਾਇੰਦਾ, ਕਲਜੁਗ ਤੇਰੀ ਅੰਤਮ ਵਾਰ। ਸ੍ਰਿਸ਼ਟ ਸਬਾਈ ਵੇਖ ਵਖਾਇੰਦਾ, ਨੌਂ ਸਤ ਤੇਰੀ ਧਾਰ। ਪਾਰਬ੍ਰਹਮ ਪ੍ਰਭ ਰੂਪ ਵਟਾਇੰਦਾ, ਬ੍ਰਹਮ ਲੇਖਾ ਲਏ ਉਘਾੜ। ਆਪਣਾ ਲੇਖਾ ਪੂਰ ਕਰਾਇੰਦਾ, ਲੇਖਾ ਜਾਣੇ ਸਤਾਰਾਂ ਹਾੜ। ਸੰਮਤ ਚੌਦਾਂ ਰਾਹ ਤਕਾਇੰਦਾ, ਬੀਸ ਬਿਕ੍ਰਮੀ ਕਰ ਪਿਆਰ। ਪੰਦਰਾਂ ਪੰਦਰਾਂ ਵੇਖ ਵਖਾਇੰਦਾ, ਕੱਤਕ ਕਰਮਾਂ ਲਏ ਉਭਾਰ। ਰਵਾਲ ਸਰ ਚਰਨ ਟਿਕਾਇੰਦਾ, ਗੋਬਿੰਦ ਸੂਰਾ ਵਡ ਬਲਕਾਰ। ਸ਼ਬਦ ਸ਼ਬਦ ਮੇਲ ਮਿਲਾਇੰਦਾ, ਸ਼ੇਰ ਸ਼ੇਰ ਇਕ ਨਿਰੰਕਾਰ। ਉਚੇ ਟਿੱਲੇ ਪਰਬਤ ਨਿਰਗੁਣ ਜੋਤ ਜੋਤ ਜਗਾਇੰਦਾ, ਜੋਤੀ ਖਿਚੇ ਸਰਬ ਸੰਸਾਰ। ਉਚੇ ਕੋਟ ਕੋਟ ਆਸਣ ਲਾਇੰਦਾ, ਕੋਟ ਢਾਹੇ ਗੜ੍ਹ ਹੰਕਾਰ। ਨਾਮ ਚੋਟ ਨਗਾਰੇ ਇਕ ਲਗਾਇੰਦਾ, ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰ। ਦੋ ਦੋ ਮੇਲਾ ਮੇਲ ਮਿਲਾਇੰਦਾ, ਦੂਆ ਦੂਏ ਨਾਲ ਕਰੇ ਪਿਆਰ। ਦੂਈ ਦਵੈਤੀ ਸਰਬ ਗਵਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਸਚ ਸਰਕਾਰ ਠਾਕਰ ਹਰਿ ਸਵਾਮੀ, ਮਹਿਮਾ ਅਗਣਤ ਗਣੀ ਨਾ ਜਾਈਆ। ਆਦਿ ਜੁਗਾਦਿ ਏਕਾ ਅੰਤਰਜਾਮੀ, ਕੋਟਨ ਕੋਟ ਰੂਪ ਵਟਾਈਆ। ਜੁਗਾ ਜੁਗੰਤਰ ਸ਼ਬਦ ਅਗੰਮੀ ਸੁਣੌਂਦਾ ਆਇਆ ਬਾਣੀ, ਬਾਣ ਨਿਰਬਾਣ ਆਪ ਚਲਾਈਆ। ਗੁਰ ਅਵਤਾਰਾਂ ਦੱਸਦਾ ਰਿਹਾ ਆਪਣੀ ਕਹਾਣੀ, ਆਪਣਾ ਪਰਦਾ ਆਪ ਉਠਾਈਆ। ਆਪੇ ਬਣਿਆ ਰਿਹਾ ਸੱਚਾ ਸ਼ਾਹ ਸੁਲਤਾਨੀ, ਸਚਖੰਡ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅੱਠ ਲਏ ਮਿਲਾਈਆ। ਇਕ ਅੱਠ ਹਰਿ ਮੇਲ ਮਿਲੌਣਾ, ਇਕ ਇਕੱਲਾ ਖੇਲ ਖਿਲਾਇੰਦਾ। ਅੱਠਾਂ ਤੱਤਾਂ ਰੰਗ ਰੰਗੌਣਾ, ਰੰਗ ਮਜੀਠੀ ਇਕ ਚੜ੍ਹਾਇੰਦਾ। ਬਣ ਲਲਾਰੀ ਸੇਵ ਕਮੌਣਾ, ਸੇਵਕ ਨਰ ਹਰਿ ਦਿਸ ਨਾ ਆਇੰਦਾ। ਗੋਬਿੰਦ ਸੂਰਾ ਨਾਮ ਧਰੌਣਾ, ਚੇਲਾ ਗੁਰ ਰੂਪ ਧਰਾਇੰਦਾ। ਆਪਣੇ ਮੰਦਰ ਆਪ ਸੁਹੌਣਾ, ਪਲੰਘ ਰੰਗੀਲੀ ਸੇਜ ਸੁਹਾਇੰਦਾ। ਸਾਚਾ ਚਿੱਲਾ ਹੱਥ ਫੜੌਣਾ, ਤੀਰ ਤੀਰਾਂ ਆਪ ਉਠਾਇੰਦਾ। ਉਚਾ ਟਿੱਲਾ ਆਪ ਵਸੌਣਾ, ਟਿੱਲੇ ਪਰਬਤ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਹਰਿ ਠਾਕਰ ਸਵਾਮੀ ਗਹਿਰ ਗੰਭੀਰ, ਗੋਬਿੰਦ ਭੇਵ ਕੋਇ ਨਾ ਪਾਇੰਦਾ। ਲੇਖਾ ਜਾਣੇ ਅਠਸਠ ਨੀਰ, ਨੀਰ ਨੀਰਾਂ ਫੋਲ ਫੁਲਾਇੰਦਾ। ਲੱਖ ਚੁਰਾਸੀ ਵੇਖੇ ਬਸਤਰ ਚੀਰ, ਚੀਰ ਚੀਰਾਂ ਪਰਦਾ ਲਾਹਿੰਦਾ। ਚੌਦਾਂ ਤਬਕਾਂ ਵੇਖੇ ਪੀਰ ਫਕੀਰ, ਦਸਤਗੀਰ ਖੇਲ ਖਿਲਾਇੰਦਾ। ਚੌਦਾਂ ਲੋਕ ਵੇਖੇ ਸ਼ਾਹ ਫ਼ਕ਼ੀਰ, ਹਕ ਹਕ਼ੀਕ਼ਤ ਆਪ ਜਣਾਇੰਦਾ। ਕਲਜੁਗ ਤੇਰੀ ਬਦਲੇ ਆਪ ਤਕ਼ਦੀਰ, ਤਦਬੀਰ ਆਪ ਬਣਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਗੁਰ ਅਵਤਾਰ ਮਾਰ ਮਾਰ ਘਲਦਾ ਰਿਹਾ ਜ਼ੰਜੀਰ, ਲੋਕਮਾਤ ਬੰਧਨ ਪਾਇੰਦਾ। ਆਪੇ ਬਣਿਆ ਰਿਹਾ ਉਚ ਦਾ ਪੀਰਨ ਪੀਰ, ਪੀਰ ਪੀਰਾਂ ਆਪ ਅਖਵਾਇੰਦਾ। ਚਾਰ ਜੁਗ ਘਤਦੇ ਰਹੇ ਵਹੀਰ, ਹੁਕਮ ਹਾਕਮ ਆਪ ਸੁਣਾਇੰਦਾ। ਆਪਣਾ ਵੇਲਾ ਆਪਣੇ ਹੱਥ ਰੱਖਿਆ ਅਖ਼ੀਰ, ਆਦਿ ਅੰਤ ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਠਾਕਰ ਖੇਲ ਖਿਲਾਇੰਦਾ। ਹਰਿ ਠਾਕਰ ਜਗ ਠਕਰਾਵਨ ਆਇਆ, ਪਾਰਬ੍ਰਹਮ ਬੇਅੰਤ। ਚਾਰ ਜੁਗ ਦੇ ਗੁਰ ਪੀਰ ਲਏ ਉਠਾਇਆ, ਨਾਲ ਰਲਾਏ ਭਗਤ ਸੰਤ। ਸਚਖੰਡ ਦਵਾਰੇ ਵਿਚੋਂ ਬਾਹਰ ਲਏ ਕਢਾਇਆ, ਆਪ ਜਣਾਏ ਆਪਣੀ ਬਣਤ। ਲੱਖ ਚੁਰਾਸੀ ਲੜ ਲਏ ਫੜਾਇਆ, ਲੇਖਾ ਜਣਾਏ ਜੀਵ ਜੰਤ ਉਚੇ ਟਿੱਲੇ ਬਹਿ ਬਹਿ ਆਪਣਾ ਆਸਣ ਦਏ ਵਖਾਇਆ, ਪੂਰਨ ਜੋਤ ਸ੍ਰੀ ਭਗਵੰਤ। ਸਭ ਦਾ ਕੰਤ ਹਰਿ ਹਰਿ ਜੂ ਵੇਖਣ ਆਇਆ, ਆਪਣੀ ਮਹਿਮਾ ਜਾਣੇ ਅਗਣਤ। ਰਵਾਲਸਰ ਗੁਰ ਗੋਬਿੰਦ ਏਕਾ ਰਾਹ ਵਖਾਇਆ, ਹਿਰਦੇ ਗਾਇਆ ਬਹਿ ਬਹਿ ਪੁਰਖ ਅਬਿਨਾਸ਼ੀ ਲਏ ਮਿਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਦਿ ਅੰਤ। ਹਰਿ ਠਾਕਰ ਲੇਖਾ ਜਾਣਦਾ, ਆਦਿਨ ਅੰਤਾ ਏਕੰਕਾਰ। ਜੁਗ ਜੁਗ ਲੇਖਾ ਆਪ ਪਛਾਣਦਾ, ਲੇਖਾ ਜਾਣੇ ਵੇਦ ਚਾਰ। ਵਿਸ਼ਨ ਬ੍ਰਹਮਾ ਸ਼ਿਵ ਰਾਹ ਤੱਕੇ ਚਰਨ ਧਿਆਨ ਦਾ, ਨੇਤਰ ਨੈਣ ਕਰ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਅਪਰ ਅਪਾਰਾ ਖੇਲ ਖਿਲਾਵਨਾ, ਨਵ ਨੌਂ ਚਾਰ ਪੰਧ ਮੁਕਾ। ਤੇਈ ਅਵਤਾਰ ਆਪ ਉਠਾਵਨਾ, ਦਸ ਗੁਰ ਨਾਲ ਰਲਾ। ਅਠਾਰਾਂ ਭਗਤਾਂ ਡੰਕ ਵਜਾਵਣਾ, ਲੱਖ ਚੁਰਾਸੀ ਲਏ ਸਮਝਾ। ਭਗਤ ਭਗਵੰਤ ਮੇਲ ਮਿਲਾਵਨਾ, ਜੋਤੀ ਜੋਤ ਕਰ ਰੁਸ਼ਨਾ। ਨਵ ਨੌਂ ਕਿਲਾ ਕੋਟ ਆਪ ਬਣਾਵਣਾ, ਸ਼ਬਦ ਅਗੰਮੀ ਫੇਰਾ ਪਾ। ਏਕਾ ਡੰਕਾ ਨਾਮ ਸੁਣਾਵਣਾ, ਡੰਕਾ ਫੜਿਆ ਬੇਪਰਵਾਹ। ਸਚ ਧਾਮ ਚਰਨ ਛੁਹਾਵਨਾ, ਚਰਨ ਕਵਲ ਇਕ ਟਿਕਾ। ਬ੍ਰਹਿਮੰਡਾਂ ਖੰਡਾਂ ਲੋਆਂ ਪੁਰੀਆਂ ਏਕਾ ਰਾਹ ਵਖਾਵਣਾ, ਸਾਚਾ ਮਾਰਗ ਏਕਾ ਲਾ। ਰਵ ਸਸ ਰੂਪ ਵਟਾਵਣਾ, ਰੂਪ ਅਨੂਪ ਲਏ ਵਖਾ, ਵਿਸ਼ਨੂੰ ਆਪਣਾ ਪੰਧ ਮੁਕਾਵਣਾ, ਅੰਤਮ ਮੰਗੇ ਦਰ ਪਨਾਹ। ਬ੍ਰਹਮੇ ਵੇਲਾ ਵਕ਼ਤ ਚੁਕਾਵਣਾ, ਥਿਰ ਕੋਇ ਦੀਸੇ ਨਾ। ਸ਼ੰਕਰ ਸ਼ਹਿੰਸਾ ਰੋਗ ਮੁਕਾਵਣਾ, ਪੁਰਖ ਅਬਿਨਾਸ਼ੀ ਹੋ ਸਹਾ। ਸੁਰਪਤ ਰਾਜਾ ਇੰਦ ਡੇਰਾ ਢਾਹਵਣਾ, ਢਹਿ ਢਹਿ ਢੇਰੀ ਦਏ ਮਿਲਾ। ਕ੍ਰੋੜ ਤੇਤੀਸਾ ਆਪਣੇ ਵਿਚ ਮਿਲਾਵਣਾ, ਮਾਨਸ ਜਨਮ ਲਏ ਪਰਗਟਾ। ਕਿੰਨਰ ਜੱਛਪ ਨਾਚ ਨਾ ਕਿਸੇ ਨਚਾਵਨਾ, ਗਣ ਗੰਧਰਬ ਦਏ ਨਾ ਕੋਈ ਸਲਾਹ। ਲੋਕਮਾਤ ਖੇਲ ਖਿਲਾਵਨਾ, ਨੌਂ ਖੰਡ ਪ੍ਰਿਥਮੀ ਜੋਤੀ ਜੋਤ ਕਰ ਰੁਸ਼ਨਾ। ਨਿਰਗੁਣ ਸਰਗੁਣ ਮੇਲ ਮਿਲਾਵਨਾ, ਨਿਰਗੁਣ ਸਰਗੁਣ ਵੇਖੇ ਥਾਉਂ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਚ ਨਿਆਂ। ਸਚ ਨਿਆਉਂ ਕਰਨੇਹਾਰਾ, ਏਕਾ ਏਕ ਅਖਵਾਇੰਦਾ। ਕਲਜੁਗ ਅੰਤਮ ਹੋ ਨਿਆਰਾ, ਪੰਜ ਤਤ ਨਾ ਕੋਇ ਰਖਾਇੰਦਾ। ਗੁਰੂਆਂ ਪੀਰਾਂ ਦੇਂਦਾ ਰਿਹਾ ਸਹਾਰਾ, ਹੁਕਮੀ ਹੁਕਮ ਆਪ ਸੁਣਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਜੋ ਗੌਂਦੇ ਆਏ ਵਾਰਾਂ, ਗੀਤ ਗੋਬਿੰਦ ਆਪ ਸੁਣਾਇੰਦਾ। ਆਪੇ ਸਭ ਤੋਂ ਵਸੇ ਬਾਹਰਾ, ਹਰ ਘਟ ਆਪਣਾ ਆਸਣ ਲਾਇੰਦਾ। ਕਰੇ ਖੇਲ ਗੁਪਤ ਜ਼ਾਹਰਾ, ਅੰਦਰ ਬਾਹਰ ਖੇਲ ਖਿਲਾਇੰਦਾ। ਪੁਰਖ ਅਗੰਮੜਾ ਨਾਰੀ ਨਾਰਾ, ਨਰ ਨਰਾਇਣ ਰੂਪ ਵਟਾਇੰਦਾ। ਕਲਜੁਗ ਅੰਤਮ ਫੜ ਕੇ ਆਇਆ ਤਿਖਾ ਆਰਾ, ਦੋ ਜਹਾਨਾਂ ਚੀਰ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਦੋ ਜਹਾਨਾਂ ਪੌਣਾ ਚੀਰ, ਚੀਰਨਹਾਰਾ ਇਕ ਅਖਵਾਈਆ। ਚੋਟੀ ਚੜ੍ਹ ਕੇ ਬੈਠਾ ਅਖ਼ੀਰ, ਉਚੇ ਟਿਲੇ ਪਰਬਤ ਸਾਚਾ ਮਾਹੀਆ। ਏਕਾ ਵਾਰ ਘਤ ਦਏ ਵਹੀਰ, ਧੀਰਜ ਧੀਰ ਨਾ ਕੋਈ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕੌਲ ਆਪ ਲਏ ਨਿਭਾਈਆ। ਪਿਛਲਾ ਕੌਲ ਨਿਭਾਵਣ ਆਇਆ, ਸੰਮਤ ਵੀਹ ਸੌ ਚੌਦਾਂ ਨਾਲ ਰਲਾ। ਆਪਣਾ ਲੇਖਾ ਦਏ ਸਮਝਾਇਆ, ਲੇਖਾ ਜਾਣੇ ਬੇਪਰਵਾਹ। ਭਰਮ ਭੁਲੇਖਾ ਦਏ ਕਢਾਇਆ, ਭਾਂਡਾ ਭਰਮ ਭੌ ਭਨਾ। ਆਪਣਾ ਵੇਸ ਲਏ ਵਟਾਇਆ, ਸ਼ਹਿਨਸ਼ਾਹ ਸੱਚਾ ਪਾਤਸ਼ਾਹ। ਸੰਮਤ ਅਠਾਰਾਂ ਦਏ ਦੁਹਾਇਆ, ਉਚੀ ਕੂਕ ਕੂਕ ਸੁਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸਦਾ ਸਹਾ। ਸੰਮਤ ਅਠਾਰਾਂ ਖੇਲ ਖਿਲਾਵਨਾ, ਪੁਰਖ ਅਬਿਨਾਸ਼ੀ ਕਿਰਪਾ ਧਾਰ। ਰਵਾਲ ਸਰ ਜੋਤ ਜਗਾਵਨਾ, ਜੋਤੀ ਜੋਤ ਹੋ ਉਜਿਆਰ। ਹਾੜ ਸਤਾਰਾਂ ਰੰਗ ਰੰਗਾਵਨਾ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪੇ ਹੋ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਕਰੇ ਪਿਆਰ। ਹਰਿ ਸੰਗਤ ਸ਼ਬਦ ਮਿਲਾਇੰਦਾ, ਸ਼ਬਦੀ ਸੰਗਤ ਧਾਰ। ਸ਼ਬਦ ਗੁਰ ਆਪ ਅਖਵਾਇੰਦਾ, ਸ਼ਬਦ ਰੂਪ ਨਰ ਅਵਤਾਰ। ਸ਼ਬਦ ਗੋਬਿੰਦ ਵੇਖ ਵਖਾਇੰਦਾ, ਸ਼ਬਦ ਚੇਲਾ ਸੁਤ ਕਰੇ ਪਿਆਰ। ਸ਼ਬਦ ਪਿਤਾ ਪੂਤ ਵਖਾਇੰਦਾ, ਏਕਾ ਮੰਦਰ ਇਕ ਘਰ ਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਨਿਰੰਕਾਰ। ਹਰਿ ਨਿਰੰਕਾਰ ਖੇਲ ਖਿਲਾਵਨਾ, ਸੰਮਤ ਅਠਾਰਾਂ ਵੇਖ ਵਿਚਾਰ। ਹਾੜ ਸਤਾਰਾਂ ਦਿਵਸ ਸੁਹਾਵਨਾ, ਸ੍ਰਿਸ਼ਟ ਸਬਾਈ ਜਾਏ ਹਾਰ। ਗੁਰਮੁਖ ਆਪਣੀ ਗੋਦ ਬਹਾਵਨਾ, ਰਾਤੀ ਰੁਤੀ ਦਏ ਆਧਾਰ। ਦੋਏ ਦੋ ਮੇਲਾ ਮੇਲ ਮਿਲਾਵਨਾ, ਬਾਈ ਸਦ ਖੇਲ ਅਪਾਰ। ਸੌ ਸੌ ਆਪਣਾ ਸੰਗ ਰਖਾਵਣਾ, ਇਕ ਇਕ ਸਦੀ ਜਾਵੇ ਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਹਰਿ ਕਰਤਾਰ ਖੇਲ ਖਿਲਾਵਣਾ, ਦਸੇ ਸਾਚੀ ਧਾਰ। ਦਸ ਦਸ ਵੇਲਾ ਆਪ ਸੁਹਾਵਨਾ, ਪੁਰਖ ਅਬਿਨਾਸ਼ੀ ਹੋ ਤਿਆਰ। ਸੰਗਤ ਸਾਰੀ ਸੰਗ ਰਖਾਵਨਾ, ਆਤਮ ਅੰਤਰ ਕਰ ਪਿਆਰ। ਸੁਰਤੀ ਸੁਰਤ ਸ਼ਬਦ ਮਿਲਾਵਨਾ, ਸ਼ਬਦ ਸੁਰਤ ਦਏ ਅਧਾਰ। ਆਪਣੀ ਗੋਦ ਆਪ ਉਠਾਵਣਾ, ਆਪੇ ਕਰੇ ਸਚ ਪਿਆਰ। ਗੋਬਿੰਦ ਆਪਣੇ ਅੰਗ ਲਗਾਵਨਾ, ਅੰਗੀਕਾਰ ਕਰੇ ਕਰਤਾਰ। ਰਵਾਲ ਸਰ ਸਰ ਸੁਹਾਵਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪਣੀ ਵਾਰ। ਖੇਲ ਖਿਲੰਦੜਾ ਹਰਿ ਨਿਰੰਕਾਰ, ਕਲਜੁਗ ਅੰਤਮ ਵੇਸ ਵਟਾਈਆ। ਗੁਰਮੁਖ ਗੁਰਸਿਖ ਕਰੇ ਪਿਆਰ, ਗੋਬਿੰਦ ਮੇਲਾ ਸਹਿਜ ਸੁਭਾਈਆ। ਤਖ਼ਤ ਨਿਵਾਸੀ ਸ਼ਾਹ ਸਿਕਦਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕ਼ਤ ਆਪਣੇ ਹੱਥ ਰਖਾਈਆ। ਵੇਲਾ ਵਕ਼ਤ ਸੁਹਾਵਣਾ, ਹਾੜ ਸਤਾਰਾਂ ਹਰਿ ਕਰਤਾਰ। ਹਰਿ ਸੰਗਤ ਸੰਗ ਮਿਲਾਵਨਾ, ਜਾਏ ਦਰ ਸੱਚੇ ਦਰਬਾਰ। ਪੂਰਬ ਲੇਖਾ ਲੇਖ ਮੁਕਾਵਣਾ, ਲੇਖਾ ਰਹੇ ਨਾ ਦੂਜੀ ਵਾਰ। ਸ਼ਬਦੀ ਸ਼ਬਦ ਸ਼ਬਦ ਪਰਗਟਾਵਨਾ, ਜੋਤੀ ਜੋਤ ਜੋਤ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਰਵਾਲ ਸਰ ਹਰਿ ਸ਼ਬਦੀ ਧਾਰਾ, ਜੋਤੀ ਜੋਤ ਖੇਲ ਖਿਲਵਾਣਾ। ਨਿਰਗੁਣ ਮੇਲਾ ਨਿਰਗੁਣ ਚੇਲਾ ਨਿਰਗੁਣ ਘਰ ਨਿਰਗੁਣ ਘਰ ਬਾਰਾ, ਨਿਰਗੁਣ ਵੇਖ ਵਖਾਵਨਾ। ਨਿਰਗੁਣ ਰੰਗ ਸੱਚੀ ਸਰਕਾਰਾ, ਨਿਰਗੁਣ ਅੰਗ ਲਗਾਵਨਾ। ਰਵਾਲ ਸਰ ਜਾਏ ਸ਼ਬਦੀ ਰੂਪ ਦਾਤਾ, ਦਾਤ ਆਪਣੀ ਨਾਲ ਰਖੌਦਾ ਏ। ਜੋਤੀ ਜੋਤ ਸੁਣਾਏ ਸਾਚੀ ਗਾਥਾ, ਗੀਤ ਗੋਬਿੰਦ ਆਪ ਅਲੌਂਦਾ ਏ। ਗੁਰਸਿਖਾਂ ਨਾਲ ਬੰਧਾਇਆ ਏਕਾ ਨਾਤਾ, ਨਾ ਕੋਈ ਤੋੜੇ ਨਾ ਤੋੜ ਤੁੜੌਦਾ ਏ। ਪਹਿਲੋਂ ਮਿਟਾਏ ਆਪਣੀ ਜ਼ਾਤਾ, ਜ਼ਾਤ ਪਾਤਾ ਫੇਰ ਮਿਟੌਦਾ ਏ। ਹਾੜ ਸਤਾਰਾਂ ਸੁਹਾਏ ਸੁਹੰਜਣੀ ਰਾਤਾ, ਰਾਤੀਂ ਰੁਤੜੀ ਆਪਣੇ ਹੱਥ ਰਖੌਦਾ ਏ। ਹਰਿ ਸੰਗਤ ਬਣਿਆ ਪਿਤਾ ਮਾਤਾ, ਪਿਤਾ ਪੂਤ ਗੁਰਸਿਖ ਗਲੇ ਲਗੌਦਾ ਏ। ਪੂਰਬ ਜਨਮ ਦਾ ਪੂਰਾ ਕਰੇ ਘਾਟਾ, ਗੋਬਿੰਦ ਆਪਣਾ ਰੂਪ ਵਟੌਦਾ ਏ। ਨਿਰਗੁਣ ਨਿਰਵੈਰ ਦੇਵੇ ਨਾਲ ਸਾਥਾ, ਸਗਲਾ ਸੰਗ ਨਿਭੌਂਦਾ ਏ। ਲਹਿਣਾ ਦੇਣਾ ਚੁਕਾਏ ਹੱਥੋ ਹਾਥਾ, ਅਗਲਾ ਲੇਖਾ ਨਾ ਕੋਈ ਵਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣੌਂਦਾ ਏ। ਹਰਿ ਆਪਣਾ ਭੇਵ ਜਣਾਇੰਦਾ, ਕਰ ਕਿਰਪਾ ਗੁਣ ਨਿਧਾਨ। ਹਰਿ ਸੰਗਤ ਵੇਖ ਵਖਾਇੰਦਾ, ਹਰਿ ਘਟ ਵੇਖੇ ਮਾਰ ਧਿਆਨ। ਪੈਂਰੀ ਚਲ ਪੰਧ ਨਾ ਕੋਈ ਮੁਕਾਇੰਦਾ, ਉਚੇ ਟਿਲੇ ਪਰਬਤ ਬੀਆਬਾਨ। ਬੰਸ ਸਰਬੰਸ ਨਾਲ ਨਾ ਕੋਈ ਰਖਾਇੰਦਾ, ਨਾਤਾ ਜੁੜਿਆ ਜੀਵ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਡ ਮਿਹਰਵਾਨ। ਮਿਹਰਵਾਨ ਹਰਿ ਸਤਿਗੁਰ ਪੂਰਾ, ਆਦਿ ਜੁਗਾਦਿ ਵਡੀ ਵਡਿਆਈਆ। ਆਪਣਾ ਬਚਨ ਕਰੇ ਕਦੇ ਨਾ ਕੂੜਾ, ਕੂੜੀ ਕਿਰਿਆ ਮੇਟ ਮਿਟਾਈਆ। ਜਿਸ ਜਨ ਬਖ਼ਸ਼ੇ ਚਰਨ ਧੂੜਾ, ਧੂੜੀ ਮਸਤਕ ਟਿੱਕਾ ਲਏ ਲਗਾਈਆ। ਕਾਇਆ ਚੋਲੀ ਚਾੜ੍ਹੇ ਰੰਗ ਗੂੜ੍ਹਾ, ਉਤਰ ਕਦੇ ਨਾ ਜਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜਾ, ਦੇ ਮਤ ਰਿਹਾ ਸਮਝਾਈਆ। ਸ਼ਬਦ ਅਨਾਦੀ ਸੁਣਾਏ ਸਾਚੀ ਤੂਰਾ, ਤੁਰੀਆ ਰਾਗ ਆਪ ਅਲਾਈਆ। ਜੋਤੀ ਨੂਰ ਬਖ਼ਸ਼ੇ ਸਾਚਾ ਨੂਰਾ, ਅਗਿਆਨ ਅੰਧੇਰ ਰਹਿਣ ਨਾ ਪਾਈਆ। ਦਾਤਾ ਦਾਨੀ ਸਰਬੰਗ ਸੂਰਾ, ਸੂਰਬੀਰ ਸਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਲਏ ਤਰਾਈਆ। ਹਰਿ ਸੰਗਤ ਸ਼ਬਦ ਤਰਾਇੰਦਾ, ਤ੍ਰੈਗੁਣ ਮਾਇਆ ਅਤੀਤ। ਤ੍ਰੈ ਤ੍ਰੈ ਲੇਖਾ ਆਪ ਚੁਕਾਇੰਦਾ, ਲੇਖਾ ਜਾਣੇ ਸਾਹਿਬ ਅਨਡੀਠ। ਗੋਬਿੰਦ ਆਪਣਾ ਰੂਪ ਵਟਾਇੰਦਾ, ਵੇਖਣਹਾਰਾ ਹਸਤ ਕੀਟ। ਉਚੇ ਟਿਲੇ ਪਰਬਤ ਫੇਰਾ ਪਾਇੰਦਾ, ਕਰੇ ਖੇਲ ਇਕ ਅਤੀਤ। ਗੁਰਮੁਖ ਸਾਚੇ ਨਾਲ ਰਲਾਇੰਦਾ, ਸੰਮਤ ਸੰਮਤੀ ਜਾਏ ਬੀਤ। ਕੀਤਾ ਕੌਲ ਆਪ ਨਿਭਾਇੰਦਾ, ਆਦਿ ਜੁਗਾਦੀ ਸਾਚੀ ਰੀਤ। ਰੋਵਾਂ ਨੈਣਾ ਰਾਹ ਤਕਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਰੀਤ। ਸਾਚੀ ਰੀਤ ਪੁਰਖ ਅਗੰਮ, ਆਪਣੀ ਆਪ ਚਲਾਈਆ। ਨਾ ਮਰੇ ਨਾ ਪਏ ਜੰਮ, ਮਰਨ ਜਨਮ ਵਿਚ ਕਦੇ ਨਾ ਆਈਆ। ਹਰਖ ਸੋਗ ਨਾ ਕੋਈ ਖ਼ੁਸ਼ੀ ਗ਼ਮ, ਗਫ਼ਲਤ ਨੀਂਦ ਨਾ ਕੋਈ ਵਖਾਈਆ। ਆਪਣਾ ਬੇੜਾ ਆਪੇ ਬੰਨ੍ਹ, ਜਗਤ ਬੇੜਾ ਰਿਹਾ ਚਲਾਈਆ। ਸਦ ਵਸੇ ਬਿਨ ਛੱਪਰੀ ਛੰਨ, ਮੰਦਰ ਮਹੱਲ ਨਾ ਕੋਈ ਦਰਸਾਈਆ। ਗੁਰਮੁਖ ਸਾਚੇ ਵੇਖੇ ਜਨ, ਜਨ ਜਨਣੀ ਬਣਿਆ ਮਾਈਆ। ਏਕਾ ਰਾਗ ਸੁਣਾਏ ਕੰਨ, ਨਾਦ ਅਨਾਦੀ ਧੁਨ ਵਜਾਈਆ। ਭਾਂਡਾ ਭਰਮ ਭੌ ਦੇਵੇ ਭੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦਏ ਉਠਾਈਆ। ਹਰਿ ਪੜਦਾ ਆਪ ਉਠਾਇੰਦਾ, ਕਰ ਕਿਰਪਾ ਗੁਣ ਨਿਧਾਨ। ਸੰਮਤ ਅਠਾਰਾਂ ਰਾਹ ਜਣਾਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਹਾੜ ਸਤਾਰਾਂ ਥਿਤ ਵਖਾਇੰਦਾ, ਲੋਕਮਾਤ ਮਾਤ ਮਹਾਨ। ਹਰਿ ਸੰਗਤ ਘਰ ਘਰ ਸੁਤਿਆਂ ਆਪਣੇ ਰੰਗ ਰੰਗਾਇੰਦਾ, ਦੇਵਣਹਾਰਾ ਜੀਆ ਦਾਨ। ਸੁਰਤ ਸ਼ਬਦ ਬੰਧਨ ਪਾਇੰਦਾ, ਬੰਦੀਖ਼ਾਨਾ ਕਾਇਆ ਵੇਖ ਮਕਾਨ। ਵਡਿਆਈ ਆਪਣੇ ਹੱਥ ਰਖਾਇੰਦਾ, ਪੁਰਖ ਅਬਿਨਾਸ਼ੀ ਵਾਲੀ ਦੋ ਜਹਾਨ। ਏਕਾ ਵਾਰ ਅੰਤਮ ਜੋਤ ਰਵਾਲ ਸਰ ਜਗਾਇੰਦਾ, ਸ਼ਬਦੀ ਲਾਏ ਸੱਚੀ ਧੁਨਕਾਰ। ਗੁਰਮੁਖ ਗੁਰਮੁਖ ਨੌ ਖੰਡ ਪ੍ਰਿਥਮੀ ਆਪਣੇ ਚਰਨ ਬਹਾਇੰਦਾ, ਕਿਰਪਾ ਕਰੇ ਸ੍ਰੀ ਭਗਵਾਨ। ਤਿੰਨ ਹਜ਼ਾਰ ਲਿਖਿਆ ਲੇਖਾ ਸੰਮਤ ਚੌਦਾਂ ਪੂਰ ਕਰਾਇੰਦਾ, ਗੁਣ ਗੁਣਾ ਕਰ ਪ੍ਰਵਾਨ। ਸਹੰਸਰ ਮੁਖ ਸ਼ੇਸ਼ ਲੇਖੇ ਲਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪ੍ਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਖੇਲ ਖਿਲਾਇੰਦਾ, ਭਗਤ ਭਗਵੰਤ ਸਾਚੀ ਧਾਰ। ਹਾੜ ਸਤਾਰਾਂ ਆਪ ਜਣਾਇੰਦਾ, ਵੇਲਾ ਵਕ਼ਤ ਰਿਹਾ ਵਿਚਾਰ। ਦੋ ਤਿੰਨ ਪੰਜ ਮੇਲ ਮਿਲਾਇੰਦਾ, ਨੌ ਨੌ ਹੋਏ ਖਬਰਦਾਰ। ਨਿਰਗੁਣ ਸਰਗੁਣ ਮੇਲ ਮਿਲਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਲਏ ਉਭਾਰ। ਪੰਚਮ ਨਾਦ ਸ਼ਬਦ ਧੁਨ ਵਜਾਇੰਦਾ, ਨੌ ਦਵਾਰੇ ਵਸੇ ਬਾਹਿਰ। ਗੋਬਿੰਦ ਆਪਣਾ ਰੰਗ ਰੰਗਾਇੰਦਾ, ਕਰੇ ਖੇਲ ਸੱਚੀ ਸਰਕਾਰ। ਸੁੰਨ ਮੁਨ ਆਪ ਜਣਾਇੰਦਾ, ਨੇਤਰ ਨੈਣ ਨੈਣ ਮੁੰਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕ ਨਾਲ ਕਰੇ ਪਿਆਰ। ਇਕ ਮੇਲਾ ਇਕ ਤੋੜਦਾ, ਇਕ ਜਗਤ ਜੁਗ ਚਾਰ। ਇਕ ਸਤਾਰਾਂ ਖੇਲ ਹਾੜ ਦਾ, ਇਕ ਅਠਾਰਾਂ ਪਾਵੇ ਸਾਰ। ਇਕ ਲੇਖਾ ਪਰਵਰਦਿਗਾਰ ਦਾ, ਇਕ ਲੇਖਾ ਕਰੇ ਬੇਐਬ ਸਾਂਝਾ ਯਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਤਿੰਨ ਪੰਜ ਨੌ ਦਏ ਅਧਾਰ। ਦੋ ਤਿੰਨ ਪੰਜ ਨੌ ਕਰਨਾ ਬੰਦ, ਬੰਦੀਖਾਨਾ ਆਪ ਸਮਝਾਈਆ। ਨੇਤਰ ਖੋਲ੍ਹੇ ਨਾ ਗਾਏ ਬੱਤੀ ਦੰਦ, ਅੰਦਰ ਮੰਦਰ ਨਾ ਕੋਈ ਮਿਲਾਈਆ। ਅੰਤਮ ਅੰਤਮ ਗੌਣਾ ਸੁਹਾਗੀ ਸੋਹੰ ਛੰਦ ਸੋ ਪੁਰਖ ਨਿਰੰਜਣ ਦਏ ਵਡਿਆਈਆ। ਪੂਰਬ ਜਨਮ ਦਾ ਮਿਟੇ ਪੰਧ, ਅਗਲਾ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਵਾਲ ਸਰ ਦਏ ਵਡਿਆਈਆ। ਦੋ ਤਿੰਨ ਪੰਜ ਨੌ ਹਰਿ ਖੇਲ ਖਿਲਾਵਣਾ, ਸਰ ਸਰ ਆਪ ਸੁਹਾਇਆ। ਨੌ ਪੰਜ ਅੰਤ ਮਿਲਾਵਨਾ, ਧਰਤ ਧਵਲ ਧਰਨੀ ਦਏ ਵਡਿਆਇਆ। ਤ੍ਰੈ ਤ੍ਰੈ ਲੇਖਾ ਪਾਰ ਕਰਾਵਣਾ, ਤ੍ਰੈ ਤ੍ਰੈ ਪੜਦਾ ਆਪ ਚੁਕਾਇਆ। ਦੋਏ ਦੋਏ ਵੇਸਾ ਆਪ ਵਟਾਵਨਾ, ਨਿਰਗੁਣ ਸਰਗੁਣ ਨਾਉਂ ਧਰਾਇਆ। ਨਿਰਗੁਣ ਸਰਗੁਣ ਰਵਾਲ ਸਰ ਡੇਰਾ ਲਾਵਨਾ, ਸਰਗੁਣ ਸਨਮੁਖ ਬਹਿ ਬਹਿ ਦਰਸ ਦਖਾਇਆ। ਸੰਗਤ ਸਬਾਈ ਚੁਪ ਕਰਾਵਨਾ, ਮੁਖ ਮੁਖ ਨਾ ਕੋਈ ਹਿਲਾਇਆ। ਮਾਨਸ ਜਨਮ ਸੁਫਲ ਕੁੱਖ ਕਰਾਵਨਾ, ਜਗਤ ਦੁੱਖ ਰੋਗ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਵਸ ਦਿਹਾੜਾ ਦਏ ਵਡਿਆਇਆ। ਦਿਵਸ ਦਿਹਾੜਾ ਵਡਾ ਵਡ, ਹਰਿ ਸਤਿਗੁਰ ਆਪ ਵਡਿਆਈਆ। ਗੁਰਸਿਖਾਂ ਅੰਦਰੋਂ ਆਪਣੀ ਸੁਰਤੀ ਆਪੇ ਕੱਢ, ਰਵਾਲ ਸਰ ਦਏ ਸੁਹਾਈਆ। ਜਿਸ ਜਿਸ ਚਰਨ ਛੁਹਾਇਆ ਪਿਛੇ ਨਾ ਦੇਵੇ ਛੱਡ, ਹਰਿ ਭੁੱਲੇ ਨਾ ਪਾਂਧੀ ਰਾਹੀਆ। ਸਚਖੰਡ ਦਵਾਰੇ ਹੋਏ ਬੈਠਾ ਅੱਡ, ਲੱਖ ਚੁਰਾਸੀ ਆਪਣੀ ਵੰਡਨ ਪਾਈਆ। ਹਰਿਜਨ ਲਡਾਏ ਸਾਚੇ ਲਡ, ਗੋਬਿੰਦ ਸਾਚੀ ਗੋਦ ਸੁਹਾਈਆ। ਨਾਤਾ ਤੁੱਟੇ ਅੰਧੇਰੀ ਖਡ, ਅੰਧ ਅੰਧੇਰ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਕਰ ਵਿਚਾਰ, ਹਰਿਜਨ ਆਪ ਤਰਾਵਨਾ। ਨੌ ਸੌ ਚੁਰਨਾਵੇ ਚੌਕੜੀ ਜੁਗ ਕਰ ਵਿਚਾਰ, ਖਾਣੀ ਬਾਣੀ ਸਰਬ ਕੁਰਲਾਵਨਾ। ਉਚੀ ਕੂਕੇ ਕਰੇ ਪੁਕਾਰ, ਗੁਰਮੁਖ ਗੁਰਮੁਖ ਮੁਖ ਧਰਾਵਨਾ। ਗੁਰ ਗੁਰ ਗਾਏ ਆਪਣੀ ਵਾਰ, ਨਾਦ ਵੇਦ ਭੇਵ ਨਾ ਪਾਵਨਾ। ਨਾਦਾਂ ਵੇਦਾਂ ਵਸਿਆ ਬਾਹਿਰ, ਅਛਲ ਅਛਲ ਖੇਲ ਖਿਲਾਵਨਾ। ਖੇਲੇ ਖੇਲ ਆਪ ਕਰਤਾਰ, ਪੁਰਖ ਅਬਿਨਾਸ਼ੀ ਹਰਿ ਆਪਣਾ ਨਾਮ ਧਰਾਵਨਾ। ਹਰਖ ਸੋਗ ਤੇ ਵਸਿਆ ਬਾਹਿਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵਰ ਦੇਵੇ ਸੱਚੀ ਸਰਕਾਰ। ਸਾਚਾ ਵਰ ਹਰਿ ਹਰਿ ਦੀਨਾ, ਕਲਜੁਗ ਅੰਤਮ ਵੱਜੇ ਵਧਾਈਆ। ਗੁਰ ਅਵਤਾਰ ਮੰਨਦੇ ਆਏ ਭਾਣਾ, ਸੰਮਤ ਅਠਾਰਾਂ ਹਾੜ ਸਤਾਰਾਂ ਲੋਕਮਾਤ ਲਏ ਪਰਗਟਾਈਆ। ਗੁਰਮੁਖਾਂ ਗੁਰਸਿਖਾਂ ਹਰਿ ਚਰਨ ਦਵਾਰੇ ਬਹਿਣਾ, ਗੁਰ ਅਵਤਾਰ ਸੇਵ ਕਮਾਈਆ। ਪੁਰਖ ਅਬਿਨਾਸ਼ੀ ਵੇਖਣ ਆਇਆ ਆਪਣੇ ਨੈਣਾ, ਕੀਤਾ ਕੌਲ ਭੁੱਲ ਕਦੇ ਨਾ ਜਾਈਆ। ਸੀਤਾ ਰਾਮ ਧਾਮ ਅਕੱਠੇ ਹੋ ਹੋ ਬਹਿਣਾ, ਰਾਧਾ ਕ੍ਰਿਸ਼ਨ ਖ਼ੁਸ਼ੀ ਮਨਾਈਆ। ਈਸਾ ਮੂਸਾ ਵੇਖੇ ਆਪਣੇ ਨੈਣ ਨੈਣਾ, ਅੱਲਾ ਰਾਣੀ ਪੜਦਾ ਦਏ ਉਠਾਈਆ। ਨਾਨਕ ਗੋਬਿੰਦ ਭਾਣਾ ਸਹਿਣਾ, ਸੀਸ ਜਗਦੀਸ ਰਹੇ ਝੁਕਾਈਆ। ਭਗਤ ਸੰਤ ਪਾਇਆ ਸਚ ਸੁਚ ਦਾ ਏਕਾ ਗਹਿਣਾ, ਤਨ ਬਸਤਰ ਖ਼ਾਕੀ ਖ਼ਾਕ ਰਮਾਈਆ। ਹਰਿ ਸੰਗਤ ਤੇਰਾ ਬਣਾਏ ਭਾਈ ਭੈਣਾ, ਚਾਰ ਵਰਨ ਵਰਨ ਦਏ ਵਡਿਆਈਆ। ਲਾੜੀ ਮੌਤ ਨਾ ਖਾਏ ਡੈਣਾ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦੇ ਵਿਛੜੇ ਲਏ ਉਠਾਈਆ। ਚਾਰ ਜੁਗ ਦੇ ਚਾਰ ਵਰਨ, ਚਾਰ ਵੇਦ ਮੇਲ ਮਿਲਾਇੰਦਾ। ਚਾਰੋਂ ਕੁੰਟ ਪਾਣੀ ਭਰਨ, ਸਚ ਸੁਰਾਹੀ ਹੱਥ ਵਖਾਇੰਦਾ। ਪੁਰਖ ਅਬਿਨਾਸ਼ੀ ਕਰਨੀ ਕਰਨ, ਕਰਤਾ ਪੁਰਖ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਿਸ਼ਾ ਆਪ ਵੰਡਾਇੰਦਾ। ਸਾਚੀ ਦਿਸ਼ਾ ਵੰਡੇ ਵੰਡ, ਹਰਿ ਪੁਰਖ ਪੁਰਖ ਮਿਹਰਬਾਨਾ। ਲੇਖਾ ਜਾਣੇ ਹਰਿ ਬ੍ਰਹਿਮੰਡ, ਬ੍ਰਹਿਮੰਡ ਸਚ ਨਿਸ਼ਾਨਾ। ਭੇਵ ਖੁਲ੍ਹਾਏ ਜੇਰਜ ਅੰਡ, ਅੰਡਜ ਜੇਰਜ ਹੋ ਪ੍ਰਧਾਨਾ। ਪੰਜ ਤੱਤ ਸੋਵੇ ਨਾ ਦੇ ਕੇ ਕੋਈ ਕੰਡ, ਮਾਰੇ ਸ਼ਬਦ ਤੀਰ ਨਿਸ਼ਾਨਾ। ਹੱਥ ਵਖਾਏ ਚੰਡ ਪ੍ਰਚੰਡ, ਜੋਧਾ ਸੂਰਬੀਰ ਬਲਵਾਨਾ। ਆਪਣਾ ਘਰ ਵਖਾਏ ਪੂਰੀ ਅਨੰਦ, ਗੁਰਮੁਖ ਤੇਰੀ ਕਾਇਆ ਸਚ ਮਕਾਨਾ। ਤੇਰੇ ਮੰਦਰ ਚੜ੍ਹਾਏ ਸਾਚਾ ਚੰਦ, ਸਤਿਗੁਰ ਪੂਰਾ ਹੋ ਮਿਹਰਬਾਨਾ । ਤੇਰੇ ਮੰਦਰ ਗਾਏ ਆਪਣਾ ਛੰਦ, ਬੰਦੀ ਬੰਦ ਨਾ ਕੋਈ ਵਖਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨਾ। ਸ੍ਰੀ ਭਗਵਾਨ ਦਯਾ ਕਮਾਇੰਦਾ, ਨੌ ਨੌ ਚਾਰ ਪੰਧ ਮੁਕਾ। ਗੁਰ ਗੁਰ ਸਾਚੀ ਸੇਵਾ ਲਾਇੰਦਾ, ਸੇਵਕ ਸੇਵਾ ਇਕ ਸਮਝਾ। ਅਵਤਰੀ ਅਵਤਾਰ ਹਰਿ ਅਖਵਾਇੰਦਾ, ਕਰੇ ਖੇਲ ਬੇਪਰਵਾਹ। ਨੌ ਸੌ ਚੁਰਾਨਵੇ ਚੌਕੜੀ ਜੁਗ ਖਾਣੀ ਬਾਣੀ ਆਪ ਵਡਿਆਇੰਦਾ, ਗੁਰਮੁਖ ਸਾਚੇ ਸਚ ਸਲਾਹ। ਕੋਟਨ ਕੋਟ ਮਾਨਸ ਜਨਮ ਸਲਾਹਿੰਦਾ, ਮਾਨਸ ਮਾਨਸ ਰੂਪ ਵਟਾ। ਨੌ ਨੌ ਜਨਮ ਆਪਣੇ ਹੁਕਮ ਭਵਾਇੰਦਾ, ਹੁਕਮੀ ਹੁਕਮ ਸਚ ਵਰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਚਾਰ ਲੇਖਾ ਰਿਹਾ ਸਮਝਾ। ਚਾਰ ਚਾਰ ਦਰ ਸਾਚਾ ਲੇਖਾ, ਹਰਿ ਸਾਚਾ ਸਚ ਜਣਾਈਆ। ਜਗਤ ਜੁਗਤ ਕਰਦਾ ਆਇਆ ਆਦੇਸਾ, ਆਦੇਸ ਆਦੇਸ ਬੇਪ੍ਰਵਾਹੀਆ। ਭਗਤ ਭਗਵਾਨ ਵਟੌਂਦਾ ਆਇਆ ਵੇਸਾ, ਵੇਸ ਅਨੇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਹਰਿ ਕਰਤਾਰ, ਕਰਤਾ ਪੁਰਖ ਖੇਲ ਖਿਲਾਈਆ। ਚਾਰ ਜੁਗ ਗੁਰਮੁਖ ਨਾਉਂ ਰੱਖ ਨਾ ਹੋਇਆ ਕੋਈ ਉਜਿਆਰ, ਭਗਤ ਸੰਤ ਨਾਉਂ ਧਰਾਈਆ। ਕਲਜੁਗ ਤੇਰੀ ਅੰਤਮ ਵਾਰ, ਹਰਿ ਹਰਿ ਆਪਣੀ ਦਯਾ ਦਏ ਕਮਾਈਆ। ਪੰਚਮ ਗੁਰਮੁਖ ਕਰੇ ਤਿਆਰ, ਆਪਣਾ ਪੜਦਾ ਆਪ ਉਠਾਈਆ। ਨੌ ਖੰਡ ਪ੍ਰਿਥਮੀ ਗਾਏ ਸਾਚੀ ਵਾਰ, ਚਾਰ ਵਰਨ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਪੰਚਮ ਗੁਰਮੁਖ ਆਪ ਉਪਜਾਵਨਾ, ਗੁਰਸਿਖ ਗੁਰਸਿਖ ਆਪ ਸਮਝਾ। ਦੋ ਤਿੰਨ ਪੰਜ ਨੌ ਰਵਾਲ ਸਰ ਚਰਨ ਟਿਕਾਵਨਾ, ਚਰਨ ਕਵਲ ਕਵਲ ਚਰਨ ਆਪ ਸੁਹਾ। ਸ਼ਬਦੀ ਸ਼ਬਦ ਸ਼ਬਦ ਡੰਕ ਵਜਾਵਨਾ, ਜੋਤੀ ਜੋਤ ਜੋਤ ਰੁਸ਼ਨਾ। ਸੰਗਤ ਸੰਗ ਸੰਗ ਰਖਾਵਨਾ, ਸਗਲਾ ਸੰਗ ਆਪ ਸਮਝਾ। ਢਾਈ ਸਕਿੰਟ ਆਵਣ ਜਾਵਣ ਦੋ ਜਹਾਨ ਪੰਧ ਰਖਾਵਨਾ, ਢਈਆ ਆਪਣਾ ਬੰਧਨ ਪਾ। ਗੋਬਿੰਦ ਸੂਰਾ ਇਕ ਮਨਾਵਨਾ, ਸਾਚਾ ਸ਼ਹਿਨਸ਼ਾਹ ਇਕ ਰਘੁਰਾ। ਕਲਜੁਗ ਨਈਆ ਜਿਸ ਆਪ ਚਲਾਵਨਾ, ਏਕਾ ਚਪੂ ਨਾਮ ਉਠਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਹਰਿ, ਗੁਰਮੁਖ ਸਾਚੇ ਲਏ ਪ੍ਰਗਟਾ। ਚਾਰ ਜੁਗ ਨਾ ਬਣੇ ਕੋਈ ਗੁਰਮੁਖ, ਸਤਿਜੁਗ ਤਰੇਤਾ ਦਵਾਪਰ ਰਿਹਾ ਜਸ ਗਾਈਆ। ਭਗਤ ਭਗਵੰਤ ਅੰਦਰ ਰਿਹਾ ਸਿਖਾਂ ਸਿਖ, ਸਿਖੀ ਸਿਖਿਆ ਇਕ ਸਮਝਾਈਆ। ਸੰਤ ਸਾਜਣ ਲੇਖਾ ਦੇਵੇ ਲਿਖ, ਲਿਖਣਹਾਰਾ ਸਾਚਾ ਮਾਹੀਆ। ਬਣ ਬਣ ਭਿਖਾਰੀ ਮੰਗਦੇ ਰਹੇ ਭਿਖ, ਆਪਣੀ ਝੋਲੀ ਅੱਗੇ ਡਾਹੀਆ। ਜਿਸ ਜਨ ਮਿਟਾਏ ਤ੍ਰਿਸ਼ਨਾ ਤ੍ਰਿਖ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜਗ ਆਪਣੇ ਧੰਦੇ ਆਪੇ ਦਏ ਲਗਾਈਆ। ਚਾਰ ਜੁਗ ਜੁਗ ਧੰਦੇ ਲਾ, ਆਪਣਾ ਨਾਉਂ ਧਰਾਇੰਦਾ। ਗੁਰ ਅਵਤਾਰ ਦਏ ਘਲਾ, ਹੁਕਮੀ ਹੁਕਮ ਸੁਣਾਇੰਦਾ। ਆਪਣਾ ਪੜਦਾ ਆਪਣੇ ਉਪਰ ਪਾ, ਨਿਰਗੁਣ ਰੂਪ ਨਾ ਕੋਈ ਵਖਾਇੰਦਾ। ਸਰਗੁਣ ਦੇਵੇ ਸਰਗੁਣ ਪਨਾਹ, ਸਰਗੁਣ ਇਸ਼ਟ ਦੇਵ ਜਣਾਇੰਦਾ। ਸਰਗੁਣ ਅਗੇ ਸਰਗੁਣ ਕਦੇ ਨਾ ਕਰੇ ਨਾਹ, ਸਰਗੁਣ ਸਰਗੁਣ ਮੇਲ ਮਿਲਾਇੰਦਾ। ਸਰਗੁਣ ਮੇਲਾ ਸਰਗੁਣ ਚੇਲਾ ਸਰਗੁਣ ਗੁਰੂ ਫੜਾਏ ਬਾਂਹ, ਸਰਗੁਣ ਸਰਗੁਣ ਖੇਲ ਖਿਲਾਇੰਦਾ। ਨਿਰਗੁਣ ਦੋ ਤਿੰਨ ਤੇਰਾ ਰੂਪ ਲਏ ਵਟਾ, ਹੇਰਾ ਫੇਰਾ ਆਪ ਕਰਾਇੰਦਾ। ਗੁਰ ਗੁਰ ਬੰਧਨ ਰਿਹਾ ਪਾ, ਏਕਾ ਜੋਤੀ ਨੂਰ ਦਰਸਾਇੰਦਾ। ਸਰਗੁਣ ਨਾਲ ਸਰਗੁਣ ਦਏ ਪ੍ਰਨਾ, ਸਰਗੁਣ ਨਾਰੀ ਸਰਗੁਣ ਕੰਤ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਨਿਰਗੁਣ ਜਨ ਜਨ ਕਰਿਆ ਵਿਹਾਰਾ, ਸਤਿਜੁਗ ਤਰੇਤਾ ਦੁਆਪਰ ਪਾਰ ਕਰਾਇਆ। ਕਲਜੁਗ ਕਰੀ ਆਪਣੀ ਕਾਰਾ, ਮਧ ਆਪਣਾ ਖੇਲ ਖਿਲਾਇਆ। ਕੋਈ ਪੰਜ ਤੱਤ ਪੂਜੇ ਮੁਹੰਮਦ ਯਾਰਾ, ਕੋਈ ਈਸਾ ਮੂਸਾ ਨਾਉਂ ਸਲਾਹਿਆ। ਕੋਈ ਨਾਨਕ ਪੰਜ ਤੱਤ ਪੁਤਲਾ ਕਰੇ ਵਿਚਾਰਾ, ਕੋਈ ਗੋਬਿੰਦ ਗੜ੍ਹ ਸੁਹਾਇਆ। ਗੋਬਿੰਦ ਸੂਰਾ ਉਚੀ ਕੂਕੇ ਕਰੇ ਪੁਕਾਰਾ, ਏਕਾ ਗੁਣ ਗਿਆ ਸਮਝਾਇਆ। ਏਕਾ ਗੁਰੂ ਇਕ ਅਵਤਾਰਾ, ਪੁਰਖ ਅਕਾਲਾ ਸੱਚੀ ਸਰਨਾਇਆ। ਬਿਨ ਨਿਰਗੁਣ ਕੋਈ ਨਾ ਕਰੇ ਸਚ ਪਿਆਰਾ, ਸਰਗੁਣ ਝੂਠਾ ਨਾਤਾ ਜਗਤ ਵਖਾਇਆ। ਚਾਰ ਜੁਗ ਜੋ ਦੇਂਦਾ ਰਿਹਾ ਲਾਰਾ, ਆਪਣਾ ਨਾਮ ਸਨੇਹੜਾ ਸੰਦੇਸ਼ ਮਾਤ ਘਲਾਇਆ। ਪੁਰਖ ਅਬਿਨਾਸ਼ੀ ਬੈਠਾ ਬਣ ਕਵਾਰਾ, ਸਾਚਾ ਸਗਨ ਨਾ ਕੋਈ ਮਨਾਇਆ। ਕਲਜੁਗ ਵੇਖੇ ਅੰਤਮ ਵਾਰਾ, ਨਿਰਗੁਣ ਧਾਰ ਆਪ ਚਲਾਇਆ। ਮਹਾਬਲੀ ਉਤਰੇ ਵਿਚ ਸੰਸਾਰਾ, ਜੋਤੀ ਜਾਮਾ ਵੇਸ ਵਟਾਇਆ। ਨਾਉਂ ਰੱਖੇ ਨਿਹਕਲੰਕ ਨਰਾਇਣ ਨਰ ਅਵਤਾਰਾ, ਮਾਤ ਪਿਤ ਨਾ ਕੋਈ ਜਾਇਆ। ਚਾਰ ਜੁਗ ਦੇ ਵਿਛੜੇ ਮੇਲੇ ਆਪਣੇ ਯਾਰਾ, ਯਾਰੀ ਯਾਰਾਂ ਨਾਲ ਲਏ ਨਿਭਾਇਆ। ਗੋਬਿੰਦ ਕਰ ਸਚ ਪਿਆਰਾ, ਸੱਥਰ ਹੰਢਾਇਆ ਏਕਾ ਵਾਰਾ, ਦੂਜੀ ਵਾਰ ਨਾ ਸਥਰ ਹੰਢਾਇਆ। ਪੁਰਖ ਅਬਿਨਾਸ਼ੀ ਦਿਤਾ ਜੋਤ ਸਹਾਰਾ, ਸ਼ਬਦੀ ਬਣਾਇਆ ਏਕਾ ਲਾੜਾ, ਸੀਸ ਜਗਦੀਸ ਤਾਜ ਟਿਕਾਇਆ। ਹਰਿ ਸੰਗਤ ਵਖਾਏ ਸਚ ਅਖਾੜਾ, ਆਪ ਲਗਾਏ ਸਤਾਰਾਂ ਹਾੜਾ, ਗੁਰ ਗੁਰ ਦਸ ਨਾਲ ਰਲਾਇਆ। ਨਾਨਕ ਆਏ ਪਹਿਲੀ ਵਾਰਾ, ਛਤਰ ਝੁਲੇ ਸਚ ਦਰਬਾਰਾ, ਗੋਬਿੰਦ ਖੋਲ੍ਹੇ ਆਪ ਕਿਵਾੜਾ, ਹਰਿ ਜੂ ਆਪਣੀ ਹੱਥੀਂ ਕੁੰਡਾ ਲਾਹਿਆ। ਗੁਰਸਿਖਾਂ ਦੇਵੇ ਆਪੇ ਪਹਿਰਾ, ਆਪਣਾ ਜਨਮ ਆਪੇ ਹਾਰਾ, ਹਰਿ ਸੰਗਤ ਤੇਰੇ ਉਤੇ ਵਾਰਾ, ਤੇਰਾ ਰੂਪ ਕੀਆ ਨਿਆਰਾ, ਰੂਪ ਅਨੂਪ ਆਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਖੇਲ ਰਿਹਾ ਕਰਾਇਆ। ਚਾਰ ਜੁਗ ਦਾ ਰੱਖਿਆ ਉਹਲਾ, ਕਲਜੁਗ ਅੰਤਮ ਦਏ ਚੁਕਾਈਆ। ਜਿਸ ਦਾ ਗੌਦੇ ਰਹੇ ਢੋਲਾ, ਗੁਰ ਅਵਤਾਰ ਮੁਖ ਸਲਾਹੀਆ। ਜਿਸ ਦਾ ਸੁਣੌਂਦੇ ਰਹੇ ਬੋਲਾ, ਧੁਰ ਦੀ ਬਾਣੀ ਬਾਣ ਲਗਾਈਆ। ਜਿਸ ਦਾ ਪੌਂਦੇ ਰਹੇ ਕਾਇਆ ਚੋਲਾ, ਚੋਲੀ ਚੋਲਾ ਜਗਤ ਬਦਲਾਈਆ। ਜਿਸ ਦਾ ਪੌਂਦੇ ਰਹੇ ਰੌਲਾ, ਉਚੀ ਕੂਕ ਕੂਕ ਸੁਣਾਈਆ। ਜਿਸ ਦਾ ਵੇਖਦੇ ਰਹੇ ਡੋਲਾ, ਆਪਣੀ ਸੇਵ ਕਮਾਈਆ। ਜਿਸ ਦਾ ਨਾਉਂ ਰਖੌਂਦੇ ਰਹੇ ਮੌਲਾ, ਮੌਲਾ ਆਪਣਾ ਰੂਪ ਵਟਾਈਆ। ਜਿਸ ਦਾ ਅੰਮ੍ਰਿਤ ਧਰਦੇ ਰਹੇ ਕਾਇਆ ਕਵਲਾ, ਕਵਲ ਕਾਇਆ ਲਏ ਪਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਗਾਉਂਦੇ ਰਹੇ ਗੀਤ, ਸੋ ਪੁਰਖ ਨਿਰੰਜਣ ਕਲਜੁਗ ਅੰਤਮ ਆਇਆ। ਜਿਸ ਬਣਾਈ ਮੰਦਰ ਮਸੀਤ, ਗੁਰੂ ਦੁਆਰਾ ਆਪ ਸੁਹਾਇਆ। ਜਿਸ ਚਲਾਈ ਖਾਣੀ ਬਾਣੀ ਰੀਤ, ਪਤਿਤ ਪੁਨੀਤ ਵੇਸ ਵਟਾਇਆ। ਜਿਹੜਾ ਵਸੇ ਹਰਿ ਹਰਿ ਚੀਤ, ਸੋ ਚੀਤ ਆਪਣਾ ਠੱਗਣ ਆਪੇ ਆਇਆ। ਜਿਹੜਾ ਖੇਲ ਕਰੇ ਹਸਤ ਕੀਟ, ਕੀਟ ਕੀਟਾਂ ਅੰਦਰ ਬੈਠਾ ਮੁਖ ਛੁਪਾਇਆ। ਜਿਹੜਾ ਵਸਿਆ ਧਾਮ ਅਨਡੀਠ, ਸਚਖੰਡ ਬੈਠਾ ਆਸਣ ਲਾਇਆ। ਜਿਹੜਾ ਸੀਸ ਸੁਹਾਏ ਪੀਤੰਬਰ ਪੀਤ, ਸੋ ਸਵੰਬਰ ਰਿਹਾ ਰਚਾਇਆ। ਗੁਰਸਿਖ ਤੇਰਾ ਵੇਖੇ ਧਾਮ ਅਤੀਤ, ਤ੍ਰੈਗੁਣ ਅਤੀਤਾ ਤੇਰੀ ਓਟ ਰੱਖ ਕੇ ਆਇਆ। ਤੇਰੇ ਸਦਕੇ ਆਪਣਾ ਆਪ ਲਏ ਜੀਤ, ਬਿਨ ਸਿੱਖ ਦੂਸਰ ਰੂਪ ਨਜ਼ਰ ਕੋਇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਲਏ ਪਰਗਟਾਇਆ। ਚਾਰ ਜੁਗ ਗੁਰਮੁਖ ਗਾਇਆ, ਗੁਰਮੁਖ ਨਜ਼ਰ ਦਿਸੇ ਨਾ ਕੋਇ। ਸੰਤ ਭਗਤ ਰਹੇ ਸਲਾਹਿਆ, ਏਕੰਕਾਰਾ ਏਕੋ ਹੋਏ। ਗੁਰ ਅਵਤਾਰਾ ਰੂਪ ਧਰਾਇਆ, ਧਰ ਧਰ ਰੂਪ ਦੇਵੇ ਢੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੇ ਜੇਹਾ ਆਪੇ ਹੋਏ। ਆਪਣੇ ਜੇਹਾ ਆਪੇ ਹੋ ਕੇ ਆਇਆ, ਨਿਰਗੁਣ ਨਿਰਵੈਰ ਪੁਰਖ ਅਕਾਲ। ਆਪਣਾ ਤਾਣਾ ਆਪੇ ਤਣਕੇ ਆਇਆ, ਸ਼ਬਦੀ ਸ਼ਬਦ ਸੱਚਾ ਜੰਜਾਲ। ਆਪਣੇ ਗੁਰਮੁਖ ਆਪੇ ਜਣ ਕੇ ਆਇਆ, ਪਾਰਬ੍ਰਹਮ ਪ੍ਰਭ ਦੀਨ ਦਿਆਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਰ ਰਵਾਲ। ਸਰ ਰਵਾਲ ਸਰਬ ਗੁਣਵੰਤ, ਨਿਰਗੁਣ ਖੇਲ ਖਿਲਾਵਨਾ। ਗੁਰਮੁਖਾਂ ਬਣਾਏ ਸਾਚੀ ਬਣਤ, ਬਣਤ ਬਨਵਾਰੀ ਆਪਣੇ ਹੱਥ ਰਖਾਵਨਾ। ਗ੍ਰਹਿ ਸਖ਼ੀ ਗ੍ਰਹਿ ਮੰਦਰ ਗ੍ਰਹਿ ਮੇਲਾ ਨਾਰੀ ਕੰਤ, ਕੰਤ ਸੁਹਾਗ ਰੂਪ ਵਟਾਵਨਾ। ਗ੍ਰਹਿ ਮੰਦਰ ਗ੍ਰਹਿ ਮੰਤ, ਗ੍ਰਹਿ ਸ਼ਬਦ ਧੁਨ ਨਾਦ ਵਜਾਵਨਾ। ਗ੍ਰਹਿ ਪੂਰਨ ਜੋਤ ਸ੍ਰੀ ਭਗਵੰਤ, ਘਰ ਸਾਚਾ ਆਪ ਸੁਹਾਵਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਵਨਾ। ਅਲਿਫ਼ ਆਦਿ ਖੇਲ ਖਿਲਾਇਆ, ਯੇ ਜੁਗਤ ਨਾ ਕੋਈ ਜਣਾਇੰਦਾ। ਹਰਿ ਕਾ ਭੇਵ ਕਿਸੇ ਨਾ ਪਾਇਆ, ਜੁਗ ਚੌਕੜੀ ਵੇਸ ਵਟਾਇੰਦਾ। ਅਲਿਫ਼ ਯੇ ਮੇਲ ਮਿਲਾਇਆ, ਆਪ ਆਪਣਾ ਬੰਧਨ ਪਾਇੰਦਾ। ਰੇ ਰਹੀਮ ਰਹਿਮਾਨ ਰੰਗ ਦਏ ਰੰਗਾਇਆ, ਰੰਗ ਰੰਗੀਲਾ ਇਕ ਚੜ੍ਹਾਇੰਦਾ। ਨੂਨ ਨੁਕਤਾ ਨਾ ਕੋਈ ਵਖਾਇਆ, ਨਿਰਗੁਣ ਦਿਸ ਕਿਸੇ ਨਾ ਆਇੰਦਾ। ਸ਼ਾਹ ਸ਼ੁਹਾਨਾ ਵੇਖ ਵਖਾਇਆ, ਈਰਾਨ ਆਪਣਾ ਭੇਵ ਚੁਕਾਇੰਦਾ। ਅਲਿਫ਼ ਆਦਿ ਯੇ ਅੰਤ, ਹਰਿ ਆਪਣੀ ਖੇਲ ਖਿਲਾਇੰਦਾ। ਰਾਮ ਰਹੀਮ ਸਰਬ ਗੁਣਵੰਤ, ਰਹਿਮਤ ਆਪਣੇ ਹੱਥ ਰਖਾਇੰਦਾ। ਨੂਨ ਨਿਆਮਤ ਜਗਤ ਭਸਮੰਤ, ਥਿਰ ਕੋਈ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਈਰਾਨ ਆਪ ਸਮਝਾਇੰਦਾ। ਆਦਿ ਅੰਤ ਅਲਫ ਯੇ ਸ਼ਾਹ ਈਰਾਨ, ਹਰਿ ਅਖਵਾਇੰਦਾ। ਲੇਖਾ ਜਾਣੇ  ਮਜੀਦ ਕ਼ੁਰਾਨ, ਤੁਲਬਾ ਤਾਲਬ ਆਪ ਪੜ੍ਹਾਇੰਦਾ। ਮਸਜਿਦ ਮਸੀਤ ਵੇਖੇ ਦੋ ਜਹਾਨ, ਤਸਬੀ ਤਤਕਰਾ ਆਪ ਸਮਝਾਇੰਦਾ। ਮਹਿਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਕ ਮਹਿਬਾਨ, ਮਿਹਰਬਾਨ ਵੇਖ ਵਖਾਇੰਦਾ। ਆਪੇ ਜਾਣੇ ਆਪਣੀ ਆਣ, ਸ਼ਰਅ ਈਮਾਨ ਆਪ ਬਣਾਇੰਦਾ। ਕਾਇਨਾਤ ਵੇਖੇ ਮਾਰ ਧਿਆਨ, ਫ਼ਤਿਹ ਫ਼ਾਤਿਆ ਆਪ ਪੜ੍ਹਾਇੰਦਾ। ਜ਼ਾਬਤ ਜ਼ਬਤ ਕਰੇ ਬੇਈਮਾਨ, ਜ਼ੇਰ ਜ਼ਬਰ ਖੇਲ ਖਿਲਾਇੰਦਾ। ਕਾਤਬ ਲਿਖੇ ਲੇਖ ਮਹਾਨ, ਕੁਤਬ ਗੌਂਸ ਨਾ ਕੋਈ ਰਖਾਇੰਦਾ। ਆਪੇ ਸ਼ਾਹ ਆਪੇ ਈਰਾਨ, ਆਪੇ ਮੇਟੇ ਜ਼ਿਮੀਂ ਅਸਮਾਨ, ਲੇਖਾ ਜਾਣੇ ਦੋ ਜਹਾਨ, ਚੌਦਾਂ ਤਬਕ ਵੇਖੇ ਮਾਰ ਧਿਆਨ, ਨਿਗਹਬਾਨ ਮਹਿਬਾਨ ਆਪਣਾ ਨੈਣ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੰਮਤ ਅਠਾਰਾਂ ਖੇਲ ਨਿਆਰ, ਇਰਾਕ ਈਰਾਨਾ ਪਾਵੇ ਸਾਰ, ਬੀਆਬਾਨ ਜਗਤ ਸਹਰਾ ਸ਼ਾਹ ਪਾਤਸ਼ਾਹ ਆਪ ਕਰਾਇੰਦਾ। ਵੀਹ ਸੌ ਅਠਾਰਾਂ ਬਿਕ੍ਰਮੀ ਗੁਰਸਿਖ ਵਿਸਾਖੀ, ਹਰਿ ਸਤਿਗੁਰ ਆਪ ਮਨਾਈਆ। ਜਿਸ ਬੂਟਾ ਲਾਇਆ ਕਰਨ ਆਇਆ ਰਾਖੀ, ਪਾਰਬ੍ਰਹਮ ਵਡੀ ਵਡਿਆਈਆ। ਜੋ ਲੱਖ ਚੁਰਾਸੀ ਦੇਂਦਾ ਰਿਹਾ ਫਾਸੀ, ਗੁਰਸਿਖਾਂ ਫਾਸੀ ਰਿਹਾ ਕਟਾਈਆ। ਜੋ ਜੁਗ ਜੁਗ ਕਰਦਾ ਆਇਆ ਹਾਸੀ, ਰੂਪ ਅਨੂਪ ਧਰਾਈਆ। ਕਲਜੁਗ ਅੰਤਮ ਕਰਿਆ ਖੇਲ ਘਨਕਪੁਰ ਵਾਸੀ, ਅਨਕ ਕਲ ਆਪਣੀ ਖੇਲ ਖਿਲਾਈਆ। ਦਰ ਘਰ ਸਾਚੇ ਪਾਵੇ ਰਾਸੀ, ਮੰਡਲ ਮੰਡਪ ਆਪ ਸੁਹਾਈਆ। ਕਰੇ ਕਰਾਏ ਪੂਰੀ ਆਸੀ, ਆਸ ਨਿਰਾਸ ਨਾ ਕੋਈ ਵਖਾਈਆ। ਜਿਸ ਦੀ ਪੂਜਾ ਕਰਦੇ ਰਹੇ ਪੰਡਤ ਪਾਂਧੇ ਬਹਿ ਬਹਿ ਕਾਸ਼ੀ, ਸੋ ਗੁਰਸਿਖਾਂ ਸੇਵ ਰਿਹਾ ਕਮਾਈਆ। ਨਿਰਗੁਣ ਜੋਤ ਜੋਤ ਪਰਕਾਸ਼ੀ, ਪਰਮ ਪੁਰਖ ਬੇਪਰਵਾਹੀਆ। ਆਦਿ ਜੁਗਾਦਿ ਜੁਗਾ ਜੁਗੰਤਰ ਨਾ ਕਦੇ ਵਿਨਾਸੀ, ਨਾ ਮਰੇ ਨਾ ਜਾਈਆ। ਹਰਿਜਨ ਕਰ ਕੇ ਜਾਏ ਤੇਰੀ ਬੰਦ ਖ਼ੁਲਾਸੀ, ਬੰਦੀ ਛੋੜ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਬਣ ਸਾਕੀ ਸਾਚਾ ਅੰਮ੍ਰਿਤ ਜਾਮ ਪਿਆਈਆ। ਗੁਰਸਿਖ ਵਿਸਾਖੀ ਚੜ੍ਹਿਆ ਚਾ, ਦਸ ਅੱਠ ਮੇਲ ਮਿਲਾਇਆ। ਗੋਬਿੰਦ ਮਿਲਿਆ ਇਕ ਮਲਾਹ, ਜਿਸ ਬੇੜਾ ਮਾਤ ਚਲਾਇਆ। ਆਪਣੀ ਦੇਵੇ ਸਚ ਸਲਾਹ, ਦੂਸਰ ਅੱਖਰ ਨਾ ਕੋਈ ਪੜ੍ਹਾਇਆ। ਇਕ ਜਪਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਪਰਗਟਾਇਆ। ਫੜ ਹੰਸ ਬਣਾਏ ਕਾਂ, ਜੋ ਜਨ ਸਰਨਾਈ ਆਇਆ। ਦੋ ਜਹਾਨਾਂ ਪਕੜੇ ਬਾਂਹ, ਮੰਝਧਾਰ ਨਾ ਕੋਈ ਰੁੜ੍ਹਾਇਆ। ਏਥੇ ਉਥੇ ਪਿਤਾ ਮਾਂ, ਸੀਸ ਜਗਦੀਸ ਹੱਥ ਰਖਾਇਆ। ਗੁਰਸਿਖਾਂ ਸੇਵਾ ਰਿਹਾ ਕਮਾ, ਗੁਰ ਗੁਰ ਆਪਣੀ ਧਾਰ ਵਖਾਇਆ। ਬਣ ਨਿਮਾਣਾ ਅਗੋਂ ਕਰੇ ਨਾ ਨਾਂਹ, ਖੇਵਟ ਖੇਟਾ ਆਪਣਾ ਬੇੜਾ ਆਪ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹਿਆ। ਗੁਰਸਿਖ ਵਿਸਾਖੀ ਲਗਾ ਰੰਗ, ਰੰਗ ਰੰਗੀਲਾ ਆਪ ਰੰਗਾਇਆ। ਸਤਾਰਾਂ ਸੌ ਛਪੰਜਾ ਬਿਕ੍ਰਮੀ ਮੰਗੀ ਮੰਗ, ਬੀਸ ਅਠਾਰਾਂ ਦਏ ਚੜ੍ਹਾਇਆ। ਨੀਲੇ ਵਾਲਾ ਮਾਹੀ ਕਸੇ ਤੰਗ, ਸੋਲਾਂ ਕਲੀਆਂ ਆਸਣ ਪਾਇਆ। ਹੱਥ ਫੜ ਨਾਮ ਮਰਦੰਗ, ਸਚ ਨਗਾਰਾ ਦਏ ਵਜਾਇਆ। ਲੋਆਂ ਪੁਰੀਆਂ ਆਇਆ ਲੰਘ, ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਇਆ। ਸ੍ਰਿਸ਼ਟ ਸਬਾਈ ਵੰਡੇ ਵੰਡ, ਵੰਡਣਹਾਰਾ ਇਕ ਅਖਵਾਇਆ। ਨੌਂ ਖੰਡ ਪ੍ਰਿਥਮੀ ਕਰੇ ਖੰਡ ਖੰਡ, ਏਕਾ ਖੰਡਾ ਨਾਮ ਚਮਕਾਇਆ। ਲੇਖਾ ਜਾਣੇ ਚੰਡ ਪਰਚੰਡ, ਬ੍ਰਹਿਮੰਡ ਆਪ ਦਰਸਾਇਆ। ਭੇਖ ਪਖੰਡਾ ਦੇਵੇ ਦੰਡ, ਜਗਤ ਰੰਡੇਪਾ ਦਏ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਇਆ। ਗੁਰਮੁਖ ਵਿਸਾਖੀ ਵੇਖੇ ਨੈਣ, ਨੇਤਰ ਲੋਚਣ ਆਪ ਉਠਾਈਆ। ਕਵਣ ਰੂਪ ਧਾਰੇ ਨਰ ਨਰਾਇਣ, ਲੋਕਮਾਤ ਵੱਜੀ ਵਧਾਈਆ। ਗੁਰ ਅਵਤਾਰ ਸਾਰੇ ਕਹਿਣ, ਸ਼ਾਸਤਰ ਸਿਮਰਤ ਦੇਣ ਗਵਾਹੀਆ। ਨਿਹਕਲੰਕ ਪਰਗਟ ਹੋਏ ਸ੍ਰਿਸ਼ਟ ਸਬਾਈ ਸਾਕ ਸੱਜਣ ਸੈਣ, ਨਵ ਨੌਂ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਸਮਝਾਈਆ। ਗੁਰਮੁਖ ਵਿਸਾਖੀ ਸਚ ਵਿਹਾਰਾ, ਗੁਰ ਸਤਿਗੁਰ ਆਪ ਜਣਾਇੰਦਾ। ਦੂਆ ਸਿਫ਼ਰਾ ਏਕਾ ਆਠਾ ਗੁਣ ਅਵਗੁਣ ਨਾ ਕੋਈ ਵਿਚਾਰਾ, ਗੁਣ ਨਿਧਾਨ ਦਇਆ ਕਮਾਇੰਦਾ। ਨਿਰਗੁਣ ਸਰਗੁਣ ਦਏ ਸਹਾਰਾ, ਸਾਰਿੰਗ ਧਰ ਭਗਵਾਨ ਬੀਠਲੋ ਸਿਰ ਆਪਣਾ ਹੱਥ ਰਖਾਇੰਦਾ। ਭਗਤ ਭਗਵੰਤ ਸਾਚਾ ਸੰਤ ਵਖਾਏ ਇਕ ਦਵਾਰਾ, ਦਰ ਮੰਦਰ ਆਪ ਖੁਲ੍ਹਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਆਪਣਾ ਨਾਅਰਾ ਆਪ ਸੁਣਾਇੰਦਾ। ਕ਼ਾਦਰ ਕਰਮ ਕਰੀਮ ਕਰੇ ਪਿਆਰਾ, ਕਾਲੀ ਕਫ਼ਨੀ ਵੇਖ ਵਖਾਇੰਦਾ। ਚਾਰੋਂ ਕੁੰਟ ਧੂਆਂਧਾਰਾ, ਦਹਿ ਦਿਸ਼ਾ ਅੰਧੇਰਾ ਛਾਇੰਦਾ। ਸਾਕਤ ਨਿੰਦਕ ਦੁਸ਼ਟ ਦੁਰਾਚਾਰ ਰੋਵਣ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਈ ਧਰਾਇੰਦਾ। ਵਰਨਾ ਬਰਨਾ ਲੱਗਾ ਅਖਾੜਾ, ਜ਼ਾਤ ਪਾਤ ਨਾਚ ਨਚਾਇੰਦਾ। ਕਰਮ ਕੁਕਰਮ ਮੰਗਨ ਵਾੜਾ, ਗੁਣ ਅਵਗੁਣ ਭੇਵ ਨਾ ਕੋਇ ਖੁਲ੍ਹਾਇੰਦਾ। ਆਏ ਰੁੱਤ ਸੁਹੰਜਣੀ ਸਤਾਰਾਂ ਹਾੜਾ, ਗੁਰਮੁਖ ਸਾਚੇ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲ ਆਪ ਮਿਲਾਇੰਦਾ। ਗੁਰਸਿਖ ਵਿਸਾਖੀ ਮਿਲਿਆ ਮੇਲਾ, ਮੇਲਣਹਾਰ ਆਪ ਕਰਤਾਰ। ਲੇਖਾ ਜਾਣੇ ਗੁਰੂ ਗੁਰ ਚੇਲਾ, ਗੁਰ ਚੇਲਾ ਆਪ ਨਿਰੰਕਾਰ। ਆਦਿ ਜੁਗਾਦੀ ਸੱਜਣ ਸੁਹੇਲਾ, ਵਿਛੜ ਨਾ ਜਾਏ ਵਿਚ ਸੰਸਾਰ। ਆਪੇ ਜਾਣੇ ਆਪਣਾ ਵਕ਼ਤ ਵੇਲਾ, ਥਿਤ ਵਾਰ ਨਾ ਕੋਈ ਵਿਚਾਰ। ਵਸਣਹਾਰਾ ਸਦ ਨਵੇਲਾ, ਗੁਰਮੁਖ ਸਾਜਣ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੇ ਦਰਬਾਰ। ਗੁਰਸਿਖ ਵਿਸਾਖੀ ਸਚ ਦਰਬਾਰਾ, ਹਰਿ ਸਤਿਗੁਰ ਸੱਚਾ ਪਾਇਆ। ਨਾਤਾ ਤੁਟਾ ਸਰਬ ਸੰਸਾਰਾ, ਮਾਇਆ ਮਮਤਾ ਮੋਹ ਚੁਕਾਇਆ। ਪੂਰਬ ਲਹਿਣਾ ਜਿਸ ਵਿਚਾਰਾ, ਸੋ ਗੋਬਿੰਦ ਮੀਤ ਬਣਾਇਆ। ਅਗਲਾ ਲੇਖਾ ਜਿਸ ਨੇ ਪਾੜਾ, ਲਿਖਿਆ ਲੇਖ ਰਹੇ ਨਾ ਰਾਇਆ। ਕਰੇ ਵਿਹਾਰ ਸਤਾਰਾਂ ਹਾੜਾ, ਬ੍ਰਹਮ ਆਪਣਾ ਰੂਪ ਧਰਾਇਆ। ਨੌਂ ਖੰਡ ਪ੍ਰਿਥਮੀ ਲਗੇ ਇਕ ਅਖਾੜਾ, ਸ੍ਰਿਸ਼ਟ ਸਬਾਈ ਵੇਖੇ ਆਪ ਖ਼ੁਦਾਇਆ। ਆਪੇ ਬਣੇ ਆਪਣਾ ਲਾੜਾ, ਮੀਆਂ ਨੂਰੀ ਨੂਰ ਸਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਇਆ। ਗੁਰਸਿਖ ਉਠ ਹਰਿ ਸਤਿਗੁਰ ਲਏ ਰਾਖ, ਕਲਜੁਗ ਅੰਤਮ ਵੇਖ ਵਖਾਈਆ। ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ ਕੋਈ ਨਾ ਦੇਵੇ ਸਾਥ, ਵੇਲੇ ਅੰਤ ਸੰਗ ਨਾ ਕੋਈ ਜਾਈਆ। ਅੰਤਮ ਵੰਡ ਵੰਡਾਏ ਸੀਆਂ ਸਾਢੇ ਤਿੰਨ ਤਿੰਨ ਹਾਥ, ਸ਼ਾਹ ਪਾਤਸ਼ਾਹ ਰਹੇ ਕੁਰਲਾਈਆ। ਪਹਿਲੀ ਵਿਸਾਖ ਸੁਣੀ ਸਾਚੀ ਗਾਥ, ਸੋ ਪੁਰਖ ਨਿਰੰਜਣ ਰਿਹਾ ਪੜ੍ਹਾਈਆ। ਚੌਦਾਂ ਲੋਕ ਖ਼ਾਲੀ ਹੋਣੇ ਹਾਟ, ਚੌਦਾਂ ਤਬਕ ਨਾ ਕੋਈ ਵਡਿਆਈਆ। ਅਠਸਠ ਤੀਰਥ ਨਾ ਰਹਿਣਾ ਕੋਈ ਤਾਟ, ਸਰ ਸਰੋਵਰ ਨਾ ਕੋਈ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲਾਵਨਾ, ਆਪ ਆਪਣੀ ਕਿਰਪਾ ਧਾਰ। ਜੋ ਘੜਿਆ ਸੋ ਭੰਨ ਵਖਾਵਨਾ, ਕਲਜੁਗ ਤੇਰੀ ਅੰਤਮ ਵਾਰ। ਗੁਰਮੁਖ ਵਿਰਲੇ ਮੇਲ ਮਿਲਾਵਨਾ, ਮੇਲ ਮਿਲਾਵਾ ਧੁਰ ਦਰਬਾਰ। ਦਰ ਦਰਵੇਸ਼ ਆਪ ਰਖਾਵਣਾ, ਦਰਦੀ ਦਰਦ ਕਰੇ ਪਿਆਰ। ਆਪਣਾ ਫ਼ਰਜ਼ ਆਪ ਨਿਭਾਵਨਾ, ਗ਼ਰਜ਼ ਰੱਖੇ ਨਾ ਕੋਈ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚੀ ਸਰਕਾਰ।