Granth 08 Likhat 094: 24 Jeth 2016 Bikarmi Gooda Ram de Ghar Shekh Sar Jammu

੨੪ ਜੇਠ ੨੦੧੬ ਬਿਕ੍ਰਮੀ ਗੂੜ੍ਹਾ ਰਾਮ ਦੇ ਘਰ ਸ਼ੇਖ਼ ਸਰ ਜੰਮੂ

ਹਰਿ ਸਤਿਗੁਰ ਪੁਰਖ ਸੁਲਤਾਨ, ਪਰਮ ਪੁਰਖ ਅਖਵਾਇਆ। ਗੁਰ ਗੁਰ ਹੋਏ ਆਪ ਮਿਹਰਵਾਨ, ਸਰਗੁਣ ਸੇਵ ਕਮਾਇਆ। ਗੁਰਮੁਖ ਮੇਲਾ ਦੋ ਜਹਾਨ, ਘਰ ਸਾਚੇ ਆਪ ਮਿਲਾਇਆ। ਗੁਰਸਿਖ ਸਾਚਾ ਚਤੁਰ ਸੁਜਾਨ, ਘਰ ਮੰਗਲ ਏਕਾ ਗਾਇਆ। ਮਨਮੁਖ ਭੁੱਲੇ ਜੀਵ ਨਾਦਾਨ, ਮਨ ਕਾ ਮਣਕਾ ਨਾ ਕੋਇ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਹਰਿਜਨ ਲਏ ਤਰਾਇਆ। ਹਰਿ ਦਾਤਾ ਭਗਵੰਤ, ਏਕਾ ਏਕ ਅਖਵਾਇੰਦਾ। ਗੁਰ ਗੁਰ ਬਣਾਏ ਬਣਤ, ਲੋਕਮਾਤ ਜੋਤ ਜਗਾਇੰਦਾ। ਗੁਰਮੁਖ ਸਾਜਣ ਸਾਚੇ ਸੰਤ, ਸੋਏ ਆਪ ਉਠਾਇੰਦਾ। ਗੁਰਸਿਖ ਮੇਲਾ ਨਾਰੀ ਕੰਤ, ਸਾਚਾ ਸਗਣ ਮਨਾਇੰਦਾ। ਮਨਮੁਖਾਂ ਮਾਇਆ ਪਾਏ ਬੇਅੰਤ, ਨਾ ਪੜਦਾ ਕੋਇ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਹਰਿ ਜੋਤੀ ਭਗਵਾਨ, ਨੂਰੋ ਨੂਰ ਉਜਾਲਿਆ। ਗੁਰ ਦੇਵਣਹਾਰਾ ਦਾਨ, ਖੇਲੇ ਖੇਲ ਦੋ ਜਹਾਨਿਆਂ। ਗੁਰਮੁਖ ਸਾਚੇ ਕਰੇ ਪਛਾਨ, ਆਪ ਚੜ੍ਹਾਏ ਨਾਮ ਬਬਾਨਿਆ। ਗੁਰਸਿਖ ਦੇਵੇ ਸਾਚਾ ਮਾਣ, ਏਕਾ ਬਖ਼ਸ਼ੇ ਚਰਨ ਧਿਆਨਿਆ। ਮਨਮੁਖ ਭੁੱਲੇ ਜੀਵ ਨਾਦਾਨ, ਮਾਨਸ ਜਨਮ ਹੋਏ ਵੈਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸ੍ਰੀ ਭਗਵਾਨਿਆ। ਹਰਿ ਸਤਿਗੁਰ ਦਾਤਾ ਨਿਰਾਕਾਰ, ਅਕਲ ਕਲਾ ਅਖਵਾਈਆ। ਗੁਰ ਸ਼ਬਦੀ ਭਰੇ ਨਾਮ ਭੰਡਾਰ, ਆਪ ਆਪਣੀ ਦਇਆ ਕਮਾਈਆ। ਗੁਰਮੁਖਾਂ ਦੇਵੇ ਕਰ ਪਿਆਰ, ਆਤਮ ਝੋਲੀ ਇਕ ਭਰਾਈਆ। ਗੁਰਸਿਖਾਂ ਕਰਾਏ ਵਣਜ ਵਾਪਾਰ, ਜਗਤ ਵਿਚੋਲਾ ਆਪ ਹੋ ਜਾਈਆ। ਮਨਮੁਖਾਂ ਮਾਰੇ ਡਾਡ੍ਹੀ ਮਾਰ, ਲੱਖ ਚੁਰਾਸੀ ਜਨਮ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਈਆ। ਹਰਿ ਸਤਿਗੁਰ ਸਾਚਾ ਮੀਤੜਾ, ਪਾਰਬ੍ਰਹਮ ਕਰਤਾਰ। ਗੁਰ ਗੁਰ ਚਲਾਏ ਆਪਣੀ ਰੀਤੜਾ, ਪਰਗਟ ਹੋਏ ਵਿਚ ਸੰਸਾਰ। ਗੁਰਮੁਖਾਂ ਲੱਗੇ ਭਾਣਾ ਮੀਠੜਾ, ਇਕ ਵਖਾਏ ਠੰਡਾ ਦਰਬਾਰ। ਗੁਰਸਿਖ ਕਰਾਏ ਪਤਿਤ ਪੁਨੀਤੜਾ, ਪਤਿਤ ਪਾਵਨ ਕਿਰਪਾ ਧਾਰ। ਮਨਮੁਖ ਕਾਇਆ ਕੌੜਾ ਹੋਇਆ ਰੀਠੜਾ, ਚਾਰੋਂ ਕੁੰਟ ਹੋਏ ਖੁਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਹਰਿ ਸੱਜਣ ਸੱਚਾ ਪਾਤਸ਼ਾਹ, ਸ਼ਹਿਨਸ਼ਾਹ ਸੁਲਤਾਨ। ਗੁਰ ਗੁਰ ਵਖਾਏ ਸੱਚੀ ਰਾਹ, ਮੇਲ ਮਿਲਾਵਾ ਦੋ ਜਹਾਨ। ਗੁਰਮੁਖਾਂ ਫੜੇ ਲੋਕਮਾਤ ਬਾਂਹ, ਆਪ ਆਪਣਾ ਕਰ ਧਿਆਨ। ਗੁਰਸਿਖਾਂ ਬਣੇ ਪਿਤਾ ਮਾਂ, ਗੋਦ ਉਠਾਏ ਬਾਲ ਅੰਞਾਣ। ਮਨਮੁਖਾਂ ਨਾ ਦੇਵੇ ਕੋਈ ਥਾਂ, ਚਾਰੋਂ ਕੁੰਟ ਪਏ ਕੁਰਲਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਨਿਗਹਬਾਨ। ਹਰਿ ਸਤਿਗੁਰ ਸਾਚਾ ਏਕ ਹੈ, ਏਕਾ ਏਕ ਏਕੰਕਾਰ। ਗੁਰ ਬਖ਼ਸ਼ੇ ਸਾਚੀ ਟੇਕ ਹੈ, ਲੋਕਮਾਤ ਲਏ ਅਵਤਾਰ। ਗੁਰਮੁਖਾਂ ਕਰੇ ਬੁਧ ਬਿਬੇਕ ਹੈ, ਹਉਮੇ ਹੰਗਤਾ ਰੋਗ ਨਿਵਾਰ। ਗੁਰਸਿਖ ਲੱਗੇ ਨਾ ਕਾਇਆ ਸੇਕ ਹੈ, ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਮਨਮੁਖ ਮਾਇਆ ਭੁੱਲੇ ਰਹੇ ਵੇਖ ਹੈ, ਦੂਈ ਦਵੈਤੀ ਪੜਦਾ ਨਾ ਦੇਵੇ ਕੋਈ ਉਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਪਾਵੇ ਸਾਰ। ਹਰਿ ਸਤਿਗੁਰ ਸੱਚਾ ਆਦਿ ਜੁਗਾਦਿ, ਜੁਗ ਜੁਗ ਖੇਲ ਖਿਲਾਇੰਦਾ। ਗੁਰ ਗੁਰ ਵਜਾਏ ਸਾਚਾ ਨਾਦ, ਸ਼ਬਦੀ ਸ਼ਬਦ ਉਪਜਾਇੰਦਾ। ਗੁਰਮੁਖ ਸਾਜਣ ਲਏ ਲਾਧ, ਆਪ ਆਪਣਾ ਮੇਲ ਮਿਲਾਇੰਦਾ। ਗੁਰਮੁਖਾਂ ਮੇਟੇ ਵਾਦ ਵਿਵਾਦ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਮਨਮੁਖਾਂ ਸਿਰ ਪਾਏ ਖ਼ਾਕ, ਖ਼ਾਕੀ ਖ਼ਾਕ ਉਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਇੰਦਾ। ਹਰਿ ਸੁਲਤਾਨ ਵਡ ਵਡ ਮੀਆਂ, ਪਰਮ ਪੁਰਖ ਕਰਤਾਰਾ। ਗੁਰ ਗੁਰ ਜਗਾਏ ਸਾਚਾ ਦੀਆ, ਨਿਰਮਲ ਜੋਤ ਕਰ ਉਜਿਆਰ। ਗੁਰਮੁਖ ਬੀਜ ਸਾਚਾ ਬੀਆ, ਆਪ ਲਗਾਏ ਫੁਲ ਫੁਲਵਾੜਾ। ਗੁਰਮੁਖ ਸਾਚੇ ਕੀਆ ਹੀਆ, ਮੇਲ ਮਿਲਾਵਾ ਸਚ ਦਿਹਾੜਾ। ਮਨਮੁਖ ਆਪ ਦਬਾਏ ਕਲਜੁਗ ਤੇਰੀ ਹੇਠਾ ਨੀਆਂ, ਨੌ ਖੰਡ ਪ੍ਰਿਥਮੀ ਪਾਏ ਭਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਲਏ ਅਵਤਾਰਾ। ਹਰਿ ਕਰਤਾਰ ਕਰਨੇਹਾਰਾ, ਕਰਤਾ ਪੁਰਖ ਅਖਵਾਇੰਦਾ। ਗੁਰੂ ਗੁਰ ਸ਼ਬਦ ਸ਼ਬਦ ਜੈਕਾਰਾ, ਸ਼ਬਦੀ ਨਾਦ ਵਜਾਇੰਦਾ। ਗੁਰਮੁਖ ਗੁਰਮੁਖ ਕਰ ਪਿਆਰਾ, ਆਪਣੀ ਬੂਝ ਬੁਝਾਇੰਦਾ। ਗੁਰਸਿਖ ਖੋਲ੍ਹੇ ਬੰਦ ਕਿਵਾੜਾ, ਨੇਤਰ ਨੈਣ ਦਰਸਾਇੰਦਾ। ਮਨਮੁਖਾਂ ਅਗਨੀ ਤੱਤੀ ਹਾੜਾ, ਆਠ ਪਹਿਰ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਵੇਸ ਵਟਾਇੰਦਾ। ਜੁਗਾ ਜੁਗੰਤਰ ਹਰਿ ਭਗਵਾਨਾ, ਸਤਿਗੁਰ ਪੁਰਖ ਅਖਵਾਇੰਦਾ। ਗੁਰ ਗੁਰ ਦੇਵੇ ਨਾਮਾ, ਆਪ ਆਪਣਾ ਖੇਲ ਖਿਲਾਇੰਦਾ। ਗੁਰਮੁਖਾਂ ਦੇਵੇ ਨਾਮ ਬਿਬਾਣਾ, ਆਪਣੀ ਹੱਥੀਂ ਆਪ ਚੜ੍ਹਾਇੰਦਾ। ਗੁਰਮੁਖਾਂ ਬਖ਼ਸ਼ੇ ਇਕ ਗਿਆਨਾ, ਏਕਾ ਬ੍ਰਹਮ ਵਖਾਇੰਦਾ। ਮਨਮੁਖ ਜੀਵ ਹੋਏ ਸ਼ੈਤਾਨਾ, ਪੰਚਾਂ ਮਾਰਗ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਤਰਾਇੰਦਾ। ਗੁਰਮੁਖ ਕਾਇਆ ਸਾਚਾ ਚੋਲਾ, ਗੁਰ ਸਤਿਗੁਰ ਰੰਗ ਰੰਗਾਇਆ। ਚਰਨ ਭਿਖਾਰੀ ਹੋਇਆ ਗੋਲਾ, ਦਰ ਦਰਵੇਸ਼ਾ ਵੇਸ ਵਟਾਇਆ। ਨਾਮ ਜੈਕਾਰਾ ਏਕਾ ਬੋਲਾ, ਏਕਾ ਰਿਹਾ ਸੁਣਾਇਆ। ਆਦਿ ਜੁਗਾਦੀ ਸਾਚਾ ਤੋਲਾ, ਨਿਰਗੁਣ ਸਰਗੁਣ ਤੋਲ ਤੁਲਾਇਆ। ਸਚ ਭੰਡਾਰਾ ਏਕਾ ਖੋਲ੍ਹਾ, ਪੁਰਖ ਅਬਿਨਾਸ਼ੀ ਵੇਖਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਕਾਇਆ ਰੰਗਣ ਰੰਗ ਰੰਗਾਇਆ। ਕਾਇਆ ਰੰਗਣ ਨਾਮ ਲਲਾਰੀ, ਹਰਿ ਸਾਚਾ ਰੰਗ ਰੰਗਾਈਆ। ਜੋਤ ਨਿਰੰਜਣ ਸੇਵਾਦਾਰੀ, ਸੇਵਕ ਰਿਹਾ ਕਮਾਈਆ। ਕਲਜੁਗ ਅੰਤਮ ਚੜ੍ਹੇ ਖਾਰੀ, ਸਾਚਾ ਵਟਨਾ ਆਪ ਮਲਾਈਆ। ਜੋਤੀ ਮਾਤਾ ਪਾਣੀ ਰਹੀ ਵਾਰੀ, ਅੰਮ੍ਰਿਤ ਆਤਮ ਇਕ ਰਹੀ ਭਰਾਈਆ। ਪੰਚਮ ਸਖੀਆਂ ਮੰਗਲ ਗਾਇਣ ਵਾਰੋ ਵਾਰੀ, ਅਨਹਦ ਸਾਚਾ ਤਾਲ ਵਜਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸ਼ਬਦ ਘੋੜੀ ਰਿਹਾ ਚਾੜ੍ਹੀ, ਆਪਣੀ ਹੱਥੀਂ ਵਾਗ ਗੁੰਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਕਾਇਆ ਰੰਗ ਅਨਮੋਲ, ਹਰਿ ਸਾਚਾ ਆਪ ਰੰਗਾਈਆ। ਰੰਗ ਅਨਮੋਲਾ ਨਾਮ ਚਲੂਲ, ਜਗਤ ਜੁਗਤ ਰੰਗਾਇਆ। ਸਚ ਸਿੰਘਾਸਣ ਆਪ ਬਿਠਾਏ ਨਾ ਕੋਈ ਪਾਵਾ ਨਾ ਕੋਈ ਚੂਲ, ਫੂਲਣ ਬਰਖਾ ਏਕਾ ਲਾਇਆ। ਚੌਥੇ ਜੁਗ ਆਪ ਚੁਕਾਇਆ ਪਿਛਲਾ ਮੂਲ, ਦੇਣਾ ਦੇਵਣਹਾਰ ਦੇਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇਆ। ਗੁਰਮੁਖ ਮੇਲਾ ਸਚ ਦਵਾਰ, ਗੁਰਸਿਖ ਵਡ ਵਡਿਆਈਆ। ਗੁਰ ਕਿਰਪਾ ਹਰਿ ਜਾਏ ਤਾਰ, ਹਰਿ ਸਤਿਗੁਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹੀਆ। ਗੁਰਸਿਖ ਮੇਲਾ ਸਚ ਦਰਗਹਿ, ਗੁਰਮੁਖ ਮੇਲ ਮਿਲੰਨਿਆ। ਗੁਰ ਗੁਰ ਪਕੜੇ ਆਪੇ ਬਾਂਹ, ਹਰਿ ਸਤਿਗੁਰ ਪੂਰੇ ਬੇੜਾ ਬੰਨਿਆ। ਸਤਿਗੁਰ ਪੂਰਾ ਕਰੇ ਸਚ ਨਿਆ, ਗੁਰ ਗੁਰ ਰਾਗ ਸੁਣਾਏ ਕੰਨਿਆ। ਗੁਰਮੁਖਾਂ ਵਖਾਏ ਸਾਚਾ ਥਾਂ, ਗੁਰਮੁਖ ਵਿਰਲਾ ਮਾਤ ਮੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਜਨ ਆਪੇ ਜਣਿਆ। ਗੁਰਮੁਖ ਸੱਚਾ ਸਚ ਦਵਾਰ, ਗੁਰਸਿਖ ਵੇਖ ਵਖਾਈਆ। ਗੁਰ ਗੁਰ ਭਰੇ ਨਾਮ ਭੰਡਾਰ, ਹਰਿ ਸਤਿਗੁਰ ਆਪ ਵਰਤਾਈਆ। ਸਤਿਗੁਰ ਪੂਰਾ ਸਾਂਝਾ ਯਾਰ, ਵਰਨ ਗੋਤ ਨਾ ਕੋਈ ਰਖਾਈਆ। ਗੁਰ ਗੁਰ ਮੀਤਾ ਦੇਵਣਹਾਰ, ਜੁਗ ਜੁਗ ਵੇਸ ਵਟਾਈਆ। ਗੁਰਮੁਖ ਸਾਜਣ ਲਏ ਉਭਾਰ, ਗੁਰਸਿਖ ਸਾਚੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਖੋਜ ਖੁਜਾਈਆ। ਘਟ ਮੰਦਰ ਹਰਿ ਫੋਲਿਆ, ਰੂਪ ਅਨੂਪ ਕਰਤਾਰ। ਪੰਜ ਤੱਤ ਅੰਦਰ ਆਪੇ ਬੋਲਿਆ, ਸ਼ਬਦ ਅਗੰਮੀ ਇਕ ਜੈਕਾਰ। ਸਚ ਫੁਲਵਾੜੀ ਆਪੇ ਮੌਲਿਆ, ਖਿੜੀ ਰਹੇ ਗੁਲਜਾਰ। ਅੰਮ੍ਰਿਤ ਭਰਿਆ ਸਾਚਾ ਕੌਲਿਆ, ਨਾਭੀ ਰੱਖੀ ਮੂੰਹਦੇ ਭਾਰ। ਪਰਗਟ ਹੋਇਆ ਉਪਰ ਧਵਲਿਆ, ਨਿਹਕਲੰਕ ਲਏ ਅਵਤਾਰ। ਆਪੇ ਹੋਏ ਸਾਵਲ ਸਵਲਿਆ, ਭਗਤ ਵਛਲ ਆਪ ਗਿਰਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਲਾਏ ਪਾਰ। ਗੁਰਮੁਖ ਸਾਚਾ ਆਪ ਉਠਾਇਆ, ਆਪਣੀ ਬੂਝ ਬੁਝਾਈਆ। ਕੂੜਾ ਨਾਤਾ ਜਗਤ ਤੁੜਾਇਆ, ਕੂੜੀ ਕਿਰਿਆ ਆਪ ਮਿਟਾਈਆ। ਮਸਤਕ ਚਰਨ ਧੂੜੀ ਟਿੱਕਾ ਆਪ ਲਗਾਇਆ, ਰੇਖ ਰੇਖਾ ਰੇਖ ਵੇਖ ਵਖਾਈਆ। ਰਸ ਫੀਕਾ ਅੰਮ੍ਰਿਤ ਫਲ ਲਗਾਇਆ, ਅੰਮ੍ਰਿਤ ਮਿਠਾ ਮੁਖ ਚੁਆਈਆ। ਦਹਿ ਦਿਸ਼ਾ ਦੀਪਕ ਇਕ ਜਗਾਇਆ, ਘਰ ਸਾਚੀ ਕਰੇ ਰੁਸ਼ਨਾਈਆ। ਚਾਰੇ ਕੁੰਟਾਂ ਆਪਣਾ ਫੇਰਾ ਪਾਇਆ, ਉਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜੂਠਾ ਝੂਠਾ ਡੇਰਾ ਢਾਇਆ, ਹਉਮੇ ਗੜ੍ਹ ਤੁੜਾਈਆ। ਕਾਇਆ ਅੰਧੇਰਾ ਆਪ ਮਿਟਾਇਆ, ਨਿਰਗੁਣ ਨੂਰ ਕਰ ਰੁਸ਼ਨਾਈਆ। ਸਾਚਾ ਖੇੜਾ ਆਪ ਵਸਾਇਆ, ਨਾਮ ਬੀਜ ਇਕ ਬਿਜਾਈਆ। ਅੰਮ੍ਰਿਤ ਮੇਵਾ ਫਲ ਲਗਾਇਆ, ਗੁਰਮੁਖ ਸਾਚੇ ਦਏ ਖਵਾਈਆ। ਦੇਵੀ ਦੇਵਾ ਇਸ਼ਟ ਆਪ ਹੋ ਆਇਆ, ਗੁਰਦੇਵ ਵਡ ਵਡਿਆਈਆ। ਨਮੋ ਨਮੋ ਨਿਮਸਕਾਰ ਆਪ ਕਰਾਇਆ, ਵਾਸਦੇਵ ਰੂਪ ਵਟਾਈਆ। ਆਸਤਕ ਨਾਸਤਕ ਖੇਲ ਖਿਲਾਇਆ, ਵਾਸਤਕ ਰੂਪ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖ ਸੱਜਣ ਵੇਖ ਵਖਾਈਆ। ਗੁਰਸਿਖ ਸੱਚਾ ਹਰਿ ਹਰਿ ਸੱਜਣ, ਹਰਿ ਸਾਚੇ ਸਚ ਉਪਾਇਆ। ਗੁਰਚਰਨ ਦਵਾਰੇ ਏਕਾ ਮਜਣ, ਏਕਾ ਧੂੜ ਅਸ਼ਨਾਨ ਕਰਾਇਆ। ਗੁਰਮੁਖਾਂ ਆਇਆ ਪੜਦੇ ਕੱਜਣ, ਨਾਮ ਦੋਸ਼ਾਲਾ ਹੱਥ ਉਠਾਇਆ। ਗੁਰਸਿਖਾਂ ਭਾਂਡੇ ਝੂਠੇ ਭੱਜਨ, ਨਾਮ ਪਿਆਲਾ ਹੱਥ ਫੜਾਇਆ। ਅੰਮ੍ਰਿਤ ਪੀ ਪੀ ਦਰ ਸਾਚੇ ਰੱਜਣ, ਚਿੰਤਾ ਸਹਿੰਸਾ ਰੋਗ ਗਵਾਇਆ। ਤਾਲ ਅਨਾਦੀ ਅਨਹਦ ਵੱਜਣ, ਧੁਨ ਆਤਮਕ ਆਪ ਸੁਣਾਇਆ। ਚਾਰ ਵਰਨਾਂ ਅੰਦਰ ਗੁਰਮੁਖ ਸਾਚੇ ਬਹਿ ਬਹਿ ਸਜਣ, ਵਰਨ ਗੋਤ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮਾਰਗ ਇਕ ਵਖਾਇਆ। ਗੁਰਮੁਖ ਤੇਰਾ ਸਾਚਾ ਰਾਹ, ਹਰਿ ਸਾਚਾ ਆਪ ਚਲਾਇੰਦਾ। ਭਗਤ ਵਛਲ ਪ੍ਰਭ ਬੇਪਰਵਾਹ, ਆਪਣਾ ਮਾਰਗ ਆਪ ਵਖਾਇੰਦਾ। ਸੰਤ ਸਤਿਗੁਰ ਪਕੜੇ ਬਾਂਹ, ਸਗਲਾ ਸੰਗ ਨਿਭਾਇੰਦਾ। ਨਿਥਾਵਿਆਂ ਦੇਵਣਹਾਰਾ ਥਾਂ, ਘਰ ਸਾਚਾ ਇਕ ਸੁਹਾਇੰਦਾ। ਗ਼ਰੀਬ ਨਿਮਾਣਿਆਂ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਸਖਾ ਸਖਾਈ ਪਿਤਾ ਮਾਂ, ਆਪ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਰੈਣ ਅੰਧੇਰਾ, ਚਾਰ ਕੁੰਟ ਕੁਰਲਾਈਆ। ਲੱਖ ਚੁਰਾਸੀ ਮੇਰਾ ਤੇਰਾ, ਮੇਰਾ ਤੇਰਾ ਪਈ ਲੜਾਈਆ। ਸਚ ਸੁੱਚ ਨਾ ਕਰੇ ਕੋਈ ਨਿਬੇੜਾ, ਜੂਠ ਝੂਠ ਵੱਜੀ ਵਧਾਈਆ। ਨੌ ਖੰਡ ਪ੍ਰਿਥਮੀ ਉਜੜਿਆ  ਖੇੜਾ, ਸਾਚਾ ਮੰਦਰ ਨਾ ਕੋਈ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਰੀਤੀ ਵੇਖ ਵਖਾਈਆ। ਕਲਜੁਗ ਰੀਤੀ ਮੰਦਰ ਮਸਜਿਦ ਗੁਰੂਦਵਾਰ, ਚਾਰ ਦਵਾਰੀ ਬੰਧਨ ਪਾਇਆ। ਹਰਿ ਕਾ ਸ਼ਬਦ ਕਰ ਉਜਿਆਰ, ਗੁਰ ਮੰਤਰ ਵਿਚ ਟਿਕਾਇਆ। ਨਿਰਗੁਣ ਸਰਗੁਣ ਖੇਲ ਅਪਾਰ, ਪੰਜ ਤੱਤ ਨਾ ਕੋਈ ਰਖਾਇਆ। ਚਿੱਟੇ ਉਪਰ ਕਾਲੀ ਖਿਚ ਲਕਾਰ, ਆਪ ਆਪਣਾ ਨਾਉਂ ਉਪਜਾਇਆ। ਗੁਰ ਅਵਤਾਰ ਲਾਏ ਸੇਵਾਦਾਰ, ਸੰਤ ਭਗਤ ਨਾਲ ਰਲਾਇਆ। ਆਪੇ ਜਾਣੇ ਆਪਣੀ ਕਾਰ, ਜੁਗ ਜੁਗ ਕਰਦਾ ਆਇਆ। ਵੇਦ ਕਿਤਾਬਾ ਪਾਵੇ  ਸਾਰ, ਲੋਕਮਾਤ ਰਾਹ ਚਲਾਇਆ। ਸ਼ਾਸਤਰ ਸਿਮਰਤ ਖ਼ਬਰਦਾਰ, ਸਗਲਾ ਸੰਗ ਨਿਭਾਇਆ। ਗੀਤਾ ਗਿਆਨ ਗੋਹਝ ਵਖਾਨ, ਅਠਾਰਾ ਧਿਆਏ ਲੇਖ ਲਿਖਾਇਆ। ਅੰਜੀਲ ਕੁਰਾਨਾ ਕਰ ਪਰਧਾਨ, ਏਕਾ ਕਲਮਾ ਨਾਮ ਪੜ੍ਹਾਇਆ। ਖਾਣੀ ਬਾਣੀ ਧੁਰ ਫ਼ਰਮਾਣ, ਹਰਿ ਸਾਚੇ ਹੁਕਮ ਸੁਣਾਇਆ। ਗੁਰ ਸਤਿਗੁਰ ਹੋਏ ਮਿਹਰਵਾਨ, ਲੋਕਮਾਤ ਨਾਮ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮਾਰਗ ਵੇਖ ਵਖਾਇਆ। ਕਲਜੁਗ ਮਾਰਗ ਚਾਰ ਵਰਨ, ਬਰਨ ਅਠਾਰਾਂ ਵੇਖ ਵਖਾਈਆ। ਵੇਦ ਪੁਰਾਨ ਪੰਡਤ ਪਾਂਧੇ ਪੜ੍ਹਨ, ਪੜ੍ਹ ਪੜ੍ਹ ਰਸਨ ਵਿਵਾਦ ਵਧਾਈਆ। ਅੰਜੀਲ ਕੁਰਾਨ ਬਹਿ ਬਹਿ ਲੜਨ, ਮੁੱਲਾ ਸ਼ੇਖ਼ ਪਈ ਲੜਾਈਆ। ਗ੍ਰੰਥੀ ਪੰਥੀ ਰਹੇ ਸੜਨ, ਪੰਜ ਤੱਤ ਅਗਨੀ ਏਕਾ ਲਾਈਆ। ਹਰਿ ਕੀ ਪੌੜੀ ਕੋਈ ਨਾ ਚੜ੍ਹਨ, ਡੂੰਘੀ ਗਾਰੇ ਡੂੰਘੀ ਭਵਰੇ ਰਹੇ ਤਾਰੀਆ ਲਾਈਆ। ਗੁਰ ਦਵਾਰ ਮੰਦਰ ਮਸਜਿਦ ਜੂਠੇ ਝੂਠੇ ਡਰਨ, ਅੰਤਰ ਨਾਮ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਖੇ ਬੇਪਰਵਾਹੀਆ। ਨਿਰਗੁਣ ਵੇਖੇ ਇਕ ਅਕੱਲਾ, ਆਪਣੀ ਕਲ ਵਰਤਾਈਆ। ਅਠਸਠ ਫੋਲੇ ਨੀਰ ਜਲਾਂ, ਗੰਗਾ ਗੋਦਾਵਰੀ ਫੇਰਾ ਪਾਈਆ। ਸੁਰਸਤੀ ਧਾਮ ਅਧਵਿਚਕਾਰੇ ਮੇਲਾ, ਬੈਠਾ ਮੁਖ ਛੁਪਾਈਆ। ਗੋਦਾਵਰੀ ਕਿਸੇ ਨਾ ਫੜਿਆ ਪੱਲਾ, ਬੈਠੀ ਸੰਗ ਛਡਾਈਆ। ਚਾਰੋਂ ਕੁੰਟ ਕਾਮ ਕਰੋਧ ਲੋਭ ਹੰਕਾਰਾ ਰੱਲਾ, ਅੰਮ੍ਰਿਤ ਆਤਮ ਨਾ ਕੋਈ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਿਰਿਆ ਰਿਹਾ ਵੇਖ, ਫੋਲ ਫੁਲਾਏ ਥਾਉਂ ਥਾਈਂਆ। ਸ਼ਿਵਦਵਾਲਾ ਮੰਦਰ ਮੱਠ, ਹਰਿ ਸਾਚਾ ਵੇਖ ਵਖਾਨਿਆ। ਵੇਖਣਹਾਰਾ ਤੀਰਥ ਤਟ, ਤਟ ਕਿਨਾਰਾ ਆਪ ਪਛਾਨਿਆ। ਜਾਨਣਹਾਰਾ ਘਟ ਘਟ, ਘਟ ਅੰਤਰ ਆਪ ਸਮਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸ੍ਰੀ ਭਗਵਾਨਿਆ। ਸ਼ਿਵਦਵਾਲਾ ਮੱਠ ਜਗਤ ਮੰਦਰ, ਕੂੜੀ ਕਿਰਿਆ ਰਹੀ ਕੁਰਲਾਈਆ। ਪੰਡਤ ਪਾਂਧੇ ਬੈਠੇ ਅੰਦਰ, ਹਰਿ ਕੀ ਕਥਾ ਰਹੇ ਸੁਣਾਈਆ। ਮਨ ਹੰਕਾਰੀ ਵੜਿਆ ਅੰਦਰ, ਮਾਇਆ ਮਮਤਾ ਨਾਲ ਰਲਾਈਆ। ਬਜਰ ਕਪਾਟੀ ਨਾ ਤੋੜਿਆ ਜੰਦਰ, ਰਾਮਾ ਕ੍ਰਿਸ਼ਨਾ ਰਹੇ ਧਿਆਈਆ। ਕਲਜੁਗ ਅੰਤਮ ਭਾਗਾ ਮੰਦੜ, ਮਾਨਸ ਜਨਮ ਗਏ ਗਵਾਈਆ। ਪ੍ਰਭ ਅਬਿਨਾਸ਼ੀ ਇਕ ਬਖ਼ਸ਼ੰਦੜ, ਬਖ਼ਸ਼ਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੰਦਰ ਫੋਲ ਫੁਲਾਈਆ। ਸਾਚੀ ਮਸਜਿਦ ਸਚ ਮਸੱਲਾ, ਸਚ ਵਜ਼ੂ ਨਾ ਕੋਈ ਕਰਾਇੰਦਾ। ਮੁਲਾਂ ਸ਼ੇਖ਼ ਕਰਨ ਹੱਲਾ, ਮਸਲਾ ਅਸਲ ਨਾ ਕੋਈ ਜਣਾਇੰਦਾ। ਸਚ ਈਮਾਨ ਨਾ ਫੜਿਆ ਪੱਲਾ, ਸ਼ਰਅ ਕੁਰਾਨ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰੋਂ ਕੁੰਟ ਫੇਰਾ ਪਾਇੰਦਾ। ਗੁਰੂਦਵਾਰਾ ਗੁਰ ਕਾ ਘਰ, ਗੁਰ ਗੁਰ ਵੇਸ ਵਟਾਇਆ। ਨਿਰਗੁਣ ਵੇਖੇ ਅੱਗੇ ਖੜ, ਦਿਸ ਕਿਸੇ ਨਾ ਆਇਆ। ਜੀਵ ਜੰਤ ਜਹਾਨੀ ਰਹੇ ਪੜ੍ਹ, ਆਪਣੀ ਵਿਦਿਆ ਆਪ ਅਲਾਇਆ। ਕਾਮ ਕਰੋਧ ਲੋਭ ਮੋਹ ਹੰਕਾਰ ਗਏ ਸੜ, ਧੀਆਂ ਭੈਣਾਂ ਰਹੇ ਤਕਾਇਆ। ਹਰਿ ਮੰਦਰ ਬਣਾਇਆ ਵੇਸਵਾ ਘਰ, ਸਤਿਗੁਰ ਪੂਰਾ ਇਕ ਭੁਲਾਇਆ। ਗੁਰ ਗੋਬਿੰਦ ਖੰਡਾ ਫੜ, ਕਲਜੁਗ ਅੰਤਮ ਵੇਖਣ ਆਇਆ। ਨਾ ਕੋਈ ਸੀਸ ਨਾ ਕੋਈ ਧੜ, ਮਾਤ ਪਿਤ ਨਾ ਕੋਈ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਮੰਦਰ ਮਸਜਿਦ ਗੁਰੂਦਵਾਰ, ਸ਼ਿਵਦਵਾਲਾ ਮੱਠ ਵੇਖ ਵਖਾਈਆ। ਨਿਰਗੁਣ ਰੂਪ ਹਰਿ ਨਿਰੰਕਾਰ, ਚਾਰੋਂ ਕੁੰਟ ਫੇਰਾ ਪਾਈਆ। ਲੱਖ ਚੁਰਾਸੀ ਵੇਖ ਵਿਚਾਰ, ਵੇਖਣਹਾਰਾ ਹਰ ਘਟ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਚੌਥੇ ਜੁਗ ਦਏ ਸਲਾਹੀਆ। ਚੌਥੇ ਜੁਗ ਜਾਣਾ ਜਾਗ, ਹਰਿ ਸਾਚਾ ਆਪ ਜਗਾਇੰਦਾ। ਤੇਰੀ ਸ਼ਾਹੀ ਤੇਰਾ ਕਾਗ, ਤੇਰੇ ਦਰ ਉਡਾਈਆ। ਨਾ ਕੋਈ ਭਗਤੀ ਗਿਆਨ ਵੈਰਾਗ, ਨਾ ਕੋਈ ਵੇਖ ਵਖਾਈਆ। ਜੂਠੀ ਝੂਠੀ ਲੱਗੀ ਆਗ, ਲੱਗੀ ਆਂਚ ਨਾ ਕੋਈ ਬੁਝਾਇੰਦਾ। ਹੋਏ ਖੁਵਾਰੀ ਪਰਧਾਨ ਪਾਂਚ, ਪੰਚ ਪੰਚਾਂ ਵਡ ਵਡਿਆਇੰਦਾ। ਗੁਰ ਮੰਦਰ ਅੰਦਰ ਟੁੱਟੀ ਸਾਂਝ, ਸਾਚਾ ਗੁਰੂ ਨਾ ਕੋਈ ਵਖਾਇੰਦਾ। ਕਾਇਆ ਮਾਟੀ ਵਸੇ ਕਾਮ, ਕੰਚਨ ਗੜ੍ਹ ਨਾ ਕੋਈ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਮੰਦਰ ਆਪ ਸੁਹਾਇੰਦਾ । ਏਕਾ ਮੰਦਰ ਸਾਢੇ ਤਿੰਨ ਹੱਥ, ਗੁਰਸਿਖ ਬਣਤ ਬਣਾਈਆ। ਨੌ ਦਵਾਰੇ ਪਰਗਟ ਰੱਖ, ਦਸਵਾਂ ਬੰਦ ਵਖਾਈਆ। ਕਲਜੁਗ ਅੰਤਮ ਹੋ ਪਰਤੱਖ, ਆਪਣੀ ਹੱਥੀਂ ਕੁੰਡਾ ਲਾਹੀਆ। ਦੀਪਕ ਸਾਚਾ ਦਿਤਾ ਰੱਖ, ਦਿਵਸ ਰੈਣ ਕਰੇ ਰੁਸ਼ਨਾਈਆ। ਚਾਰ ਦਿਵਾਰੀ ਕੀਨੀ ਸਖ, ਪੰਜ ਤੱਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਮੰਦਰ ਦਏ ਸੁਹਾਈਆ। ਗੁਰਸਿਖ ਤੇਰਾ ਸਾਚਾ ਮੰਦਰ, ਹਰਿ ਸਾਚੇ ਆਪ ਉਪਾਇਆ। ਜੋਤ ਜਗਾਈ ਅੰਦਰੇ ਅੰਦਰ, ਆਪਣਾ ਦੀਪਕ ਆਪ ਬਲਾਇਆ। ਭਾਗ ਲਗਾਇਆ ਡੂੰਘੀ ਕੰਦਰ, ਅੰਧ ਅੰਧੇਰ ਮਿਟਾਇਆ। ਮਨ ਨਟੂਆ ਨਾ ਫਿਰੇ ਬੰਦਰ, ਦਹਿ ਦਿਸ਼ਾ ਨਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਮੰਦਰ ਖੋਜ ਖੁਜਾਇਆ। ਗੁਰਸਿਖ ਮੰਦਰ ਸਾਚਾ ਘਰ, ਹਰਿ ਸਾਚੇ ਸਚ ਸੁਹਾਇਆ। ਕਲਜੁਗ ਅੰਤਮ ਦਿਤਾ ਵਰ, ਚਾਰ ਦਿਵਾਰੀ ਮੂਲ ਚੁਕਾਇਆ। ਜਿਸ ਜਨ ਅੰਦਰ ਜਾਏ ਵੜ, ਨੇਤਰ ਲੋਚਣ ਆਪ ਖੁਲ੍ਹਾਇਆ। ਸੁਰਤ ਸੁਵਾਣੀ ਲਏ ਫੜ, ਗੁਰ ਸ਼ਬਦੀ ਬੰਧਨ ਪਾਇਆ। ਸਾਚੀ ਸੇਜਾ ਬਹੇ ਚੜ੍ਹ, ਪਲੰਘ ਰੰਗੀਲਾ ਇਕ ਵਿਛਾਇਆ। ਗੁਰਸਿਖ ਅੱਖਰ ਵੱਖਰ ਰਿਹਾ ਪੜ੍ਹ, ਸੋਹੰ ਅਜਪਾ ਜਾਪ ਜਪਾਇਆ। ਪੁਰਖ ਅਬਿਨਾਸ਼ੀ ਆਪ ਫੜਾਇਆ ਆਪਣਾ ਲੜ, ਨਾ ਸਕੇ ਕੋਈ ਛੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਦਵਾਰ ਇਕ ਸੁਹਾਇਆ। ਗੁਰੂਦਵਾਰ ਗੁਰਸਿਖ ਮਨਾਰਾ, ਘਰ ਘਰ ਵਿਚ ਆਪ ਉਪਾਇਆ। ਅੰਦਰ ਬੈਠਾ ਗੁਰੂ ਪਿਆਰਾ, ਗੁਰਸਿਖ ਤੇਰਾ ਰਾਹ ਤਕਾਇਆ। ਲੇਖ ਚੁਕਾਇਆ ਚਾਰ ਦੀਵਾਰਾ, ਨੌ ਦਵਾਰਾ ਪੰਧ ਮੁਕਾਇਆ। ਅੰਮ੍ਰਿਤ ਦੇਵੇ ਠੰਡੀ ਠਾਰਾ, ਅਠਸਠ ਤੀਰਥ ਨਹਾਵਣ ਕੋਇ ਨਾ ਜਾਇਆ। ਪੂਜਾ ਪਾਠ ਪਾਰ ਕਿਨਾਰਾ, ਜਿਸ ਜਨ ਆਪਣਾ ਦਰਸ ਦਏ ਵਖਾਇਆ । ਜੋਗ ਅਭਿਆਸ ਨਾ ਕੋਇ ਸਹਾਰਾ, ਨਿਉਂਲੀ ਕਰਮ ਨਾ ਕੋਇ ਕਰਾਇਆ। ਨੈਣ ਮੂੰਦ ਨਾ ਤਟ ਕਿਨਾਰਾ, ਜਟਾ ਜੂਟ ਨਾ ਕੋਇ ਬਣਾਇਆ। ਚੋਟੀ ਮੁਨ ਨਾ ਕੋਇ ਖ਼ਾਕ ਪਾਏ ਛਾਰਾ, ਅਗਨੀ ਧੂਣੀ ਨਾ ਕੋਇ ਤਾਇਆ। ਸਤਿਗੁਰ ਪੂਰਾ ਹੋ ਉਜਿਆਰਾ, ਨਰ ਨਿਰੰਕਾਰਾ ਲੋਕਮਾਤ ਅੰਤਮ ਆਇਆ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰਾ, ਸਚਖੰਡ ਦਵਾਰਾ ਇਕ ਵਖਾਇਆ। ਪੁਰਖ ਅਕਾਲ ਕੰਤ ਭਤਾਰਾ, ਗੁਰਮੁਖ ਨਾਰੀ ਵਿਆਉਣ ਆਇਆ। ਸੀਤਾ ਸੁਰਤੀ ਰਾਮ ਪਿਆਰਾ, ਮਨ ਰਾਵਣ ਦਏ ਮਿਟਾਇਆ। ਰਾਧਾ ਕ੍ਰਿਸ਼ਨਾ ਖੇਲ ਅਪਾਰਾ, ਨਾਮ ਬੰਸਰੀ ਦਏ ਵਜਾਇਆ। ਨਾਨਕ ਨਿਰੰਕਾਰ ਵਜਾਏ ਸਤਾਰਾ, ਨਿਰੰਕਾਰ ਨਿਰੰਕਾਰ ਨਿਰੰਕਾਰ ਏਕਾ ਗਾਇਆ। ਗੋਬਿੰਦ ਅੰਮ੍ਰਿਤ ਠੰਡਾ ਠਾਰਾ, ਪੁਰਖ ਅਬਿਨਾਸ਼ੀ ਏਕਾ ਜਾਮ ਪਿਆਇਆ। ਦੋ ਜਹਾਨਾਂ ਪਾਰ ਕਿਨਾਰਾ, ਲੱਖ ਚੁਰਾਸੀ ਫੰਦ ਕਟਾਇਆ। ਪਾਰਬ੍ਰਹਮ ਤੇਰਾ ਅੰਤ ਨਾ ਪਾਰਾਵਾਰਾ, ਨਿਹਕਲੰਕ ਆਪਣਾ ਨਾਉਂ ਰਖਾਇਆ। ਪਰਗਟ ਹੋਇਆ ਵਿਚ ਸੰਸਾਰਾ, ਨਾਮ ਡੰਕਾ ਇਕ ਵਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਚ ਜੈਕਾਰਾ, ਸੋਹੰ ਮੰਤਰ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਪਿਆਰ ਗੁਰਸਿਖਾਂ ਭਾਰ, ਪੁਰਖ ਅਬਿਨਾਸ਼ੀ ਹੋ ਤਿਆਰ, ਆਪਣੇ ਕੰਧ ਆਪ ਉਠਾਇਆ। ਗੁਰਸਿਖ ਤੇਰਾ ਚੁੱਕਿਆ ਭਾਰ ਆਪਣੇ ਕੰਧ, ਆਪਣੀ ਸੇਵ ਲਗਾਈਆ। ਆਪ ਮੁਕਾਏ ਦੋ ਜਹਾਨਾਂ ਪੰਧ, ਏਕਾ ਡੰਡਾ ਲਾਈਆ। ਸੋਹੰ ਸੁਹਾਗੀ ਸੁਣਾਇਆ ਛੰਦ, ਬ੍ਰਹਮ ਪਾਰਬ੍ਰਹਮ ਸਮਾਈਆ। ਜਿਸ ਜਨ ਰਸਨਾ ਗਾਇਆ ਖ਼ੁਸ਼ੀ ਕਰਾਏ ਬੰਦ ਬੰਦ, ਰੋਗ ਸੋਗ ਚਿੰਤ ਮਿਟਾਈਆ। ਆਪ ਸਮਾਏ ਪਰਮਾਨੰਦ, ਨਿਜਾਨੰਦ ਇਕ ਦਰਸਾਈਆ। ਜਿਸ ਜਨ ਤਜਾਇਆ ਮਦਿਰਾ ਮਾਸ ਗੰਦ, ਲੱਖ ਚੁਰਾਸੀ ਫੰਦ ਕਟਾਈਆ। ਕੋਟਨ ਕੋਟ ਮੰਗਾਂ ਰਹੇ ਮੰਗ, ਜੀਵ ਜੰਤ ਸਾਧ ਸੰਤ ਰਹੇ ਕੁਰਲਾਈਆ। ਜਿਸ ਜਨ ਕਿਰਪਾ ਕਰੇ ਸੂਰਾ ਸਰਬੰਗ, ਹੀਣ ਭਗਤੀ ਪਾਰ ਕਰਾਈਆ। ਆਪਣੇ ਅਸਵ ਘੋੜੇ ਆਪੇ ਕਸਿਆ ਤੰਗ, ਆਪੇ ਚੜ੍ਹਿਆ ਸ਼ਾਹ ਅਸਵਾਰ ਬੇਪਰਵਾਹੀਆ। ਗੁਰਸਿਖਾਂ ਦਵਾਰੇ ਆਪੇ ਰਿਹਾ ਮੰਗ, ਸ਼ੇਖ਼ ਸਰ ਸਰ ਸਿਖ ਆਪ ਹੋ ਜਾਈਆ। ਆਪਣੀ ਡੋਰੀ ਬੱਧਾ ਪਤੰਗ, ਆਕਾਸ਼ ਆਕਾਸ਼ਾਂ ਵਿਚ ਉਡਾਈਆ। ਏਥੇ ਓਥੇ ਦੋ ਜਹਾਨ ਕੱਟੀ ਭੁੱਖ ਨੰਗ, ਨਾਮ ਭੰਡਾਰਾ ਝੋਲੀ ਪਾਈਆ। ਮਾਨਸ ਜਨਮ ਨਾ ਹੋਏ ਭੰਗ, ਜੋ ਜਨ ਹਰਿ ਸੰਗਤ ਦਰਸ਼ਨ ਪਾਈਆ। ਸਤਿ ਪੁਰਖ ਨਿਰੰਜਣ ਵਜਾਏ ਆਪ ਮਰਦੰਗ, ਗੁਰ ਅਵਤਾਰ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਨਾਰੀ ਸ਼ਬਦ ਆਧਾਰੀ ਪਾਰ ਕਰਾਈਆ ।