ਗੁਰਦਿਆਲ ਸਿੰਘ ਦੇ ਘਰ ਸਦਾ ਸਿੰਘ ਵਾਲਾ ਜ਼ਿਲਾ ਫ਼ਿਰੋਜ਼ਪੁਰ
ਗੋਬਿੰਦ ਪਿਆਰ ਹਰਿਜਨ ਸੱਜਣ, ਸਤਿਗੁਰ ਦਰਸਾਈਆ। ਸਤਿਗੁਰ ਬਖ਼ਸ਼ੇ ਚਰਨ ਮਜਨ, ਧੂੜੀ ਧੂੜ ਮਸਤਕ ਲਾਈਆ। ਮੇਲ ਮਿਲਾਵਾ ਆਦਿ ਨਿਰੰਜਣ, ਨਿਰਗੁਣ ਮਿਲੇ ਸਹਿਜ ਸੁਭਾਈਆ। ਘਰ ਮੰਦਰ ਸਾਚੇ ਵਾਜੇ ਵੱਜਣ, ਦਿਵਸ ਰੈਣ ਸ਼ਨਵਾਈਆ। ਜਨ ਭਗਤਾਂ ਹਰਿ ਪਰਦੇ ਕੱਜਣ, ਨਾਮ ਦੋਸ਼ਾਲਾ ਉਪਰ ਪਾਈਆ। ਚਰਨ ਪ੍ਰੀਤੀ ਜੋ ਜਨ ਬੱਝਣ, ਜਗਤ ਬੰਧਨ ਤੋੜ ਤੁੜਾਈਆ। ਦਰ ਘਰ ਸਾਚੇ ਬਹਿ ਬਹਿ ਸਜਣ, ਬੰਕ ਦੁਵਾਰਾ ਇਕ ਸੁਹਾਈਆ। ਦੋ ਜਹਾਨੀ ਰੱਖੇ ਲੱਜਣ, ਗੁਰ ਗੋਬਿੰਦ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਸਹਾਈਆ। ਗੋਬਿੰਦ ਮੀਤਾ ਸਾਚਾ ਸਾਕੀ, ਸਤਿਗੁਰ ਹਰਿ ਅਖਵਾਇੰਦਾ। ਗੁਰਮੁਖ ਚੜ੍ਹਾਏ ਸਾਚੇ ਰਾਕੀ, ਵਾਗਾਂ ਆਪਣੇ ਹੱਥ ਉਠਾਇੰਦਾ। ਲਹਿਣਾ ਦੇਣਾ ਦੇਵੇ ਬਾਕੀ, ਜਗਤ ਮਲਾਹ ਮੇਲ ਮਿਲਾਇੰਦਾ। ਲੇਖੇ ਲਾਏ ਤਨ ਖ਼ਾਕੀ, ਖ਼ਾਕੀ ਖ਼ਾਕ ਸੁਹਾਇੰਦਾ । ਸਾਚੇ ਮੰਦਰ ਖੋਲ੍ਹੇ ਤਾਕੀ, ਦੀਵਾ ਬਾਤੀ ਇਕ ਜਗਾਇੰਦਾ। ਮੇਲ ਮਿਲਾਵਾ ਕਮਲਾਪਾਤੀ, ਘਰ ਸੇਜਾ ਇਕ ਸੁਹਾਇੰਦਾ। ਲਹਿਣਾ ਦੇਣਾ ਚੁੱਕੇ ਬਾਕੀ, ਜਗਤ ਬੇੜਾ ਬੰਨੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇੰਦਾ। ਜਗਤ ਮਲਾਹ ਪਾਰ ਕਿਨਾਰਾ, ਏਕਾ ਇਕੀ ਰਿਹਾ ਤਰਾਈਆ। ਸਾਚੀ ਸਿਖੀ ਕਰ ਉਜਿਆਰਾ, ਸਾਚੀ ਸਿਖਿਆ ਇਕ ਸਮਝਾਈਆ। ਕਲਜੁਗ ਸਾਗਰ ਡੂੰਘੀ ਧਾਰਾ, ਆਰ ਪਾਰ ਨਾ ਕੋਈ ਜਣਾਈਆ। ਚਾਰ ਵਰਨ ਨਾ ਕੋਈ ਸਹਾਰਾ, ਮਨ ਮਤ ਰਹੀ ਰੁੜ੍ਹਾਈਆ। ਪੁਰਖ ਅਬਿਨਾਸ਼ੀ ਲੈ ਅਵਤਾਰਾ, ਗੋਬਿੰਦ ਮੇਲਾ ਮੇਲ ਮਿਲਾਈਆ। ਚੇਲਾ ਸੋਹੇ ਇਕ ਦੁਵਾਰਾ, ਚੇਤਨ ਚਿੱਤ ਇਕ ਕਰਾਈਆ। ਏਕਾ ਦੇਵੇ ਨਾਮ ਅਧਾਰਾ, ਅਦਭੁਤ ਰੂਪ ਨਾ ਕੋਈ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਸਾਗਰ ਵੇਖ ਵਖਾਈਆ। ਜਗ ਸਾਗਰ ਹਰਿ ਤਾਰਨਹਾਰਾ, ਹਰਿਜਨ ਸਾਚੇ ਆਪ ਤਰਾਇੰਦਾ। ਬੇੜਾ ਬੰਨ੍ਹੇ ਗੁਰ ਕਰਤਾਰਾ, ਗੁਰਮੁਖ ਸਾਚੇ ਵੇਖ ਵਖਾਇੰਦਾ। ਨਾਮ ਚੱਪੂ ਅਪਰ ਅਪਾਰਾ, ਸੋਹੰ ਡੰਡਾ ਹੱਥ ਉਠਾਇੰਦਾ। ਲੋਆਂ ਪੁਰੀਆਂ ਪਾਰ ਕਿਨਾਰਾ, ਸਚਖੰਡ ਦੁਵਾਰਾ ਇਕ ਵਖਾਇੰਦਾ। ਨਿਰਗੁਣ ਬੈਠਾ ਨਿਰਗੁਣ ਧਾਰਾ, ਨੂਰੋ ਨੂਰ ਡਗਮਗਾਇੰਦਾ। ਗੁਰਮੁਖਾਂ ਕਰੇ ਸਚ ਪਿਆਰਾ, ਚਤੁਰਭੁਜ ਆਪਣੀ ਭੁਜਾ ਆਪ ਉਠਾਇੰਦਾ। ਮੇਲ ਮਿਲਾਏ ਵਾਰੋ ਵਾਰਾ, ਵਾਰ ਥਿਤ ਨਾ ਕੋਈ ਵਖਾਇੰਦਾ। ਆਦਿ ਜੁਗਾਦੀ ਪਾਵੇ ਸਾਰਾ, ਭਗਤ ਵਛਲ ਨਿਗਾਹਵਾਨ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਗੋਬਿੰਦ ਗੋਬਿੰਦ ਵਰਿਆ, ਗੋਬਿੰਦ ਮੇਲ ਮਿਲਾਇੰਦਾ। ਗੋਬਿੰਦ ਮੇਲਾ ਗੋਬਿੰਦ ਕਰਿਆ, ਗੋਬਿੰਦ ਖੇਲ ਖਲਾਇੰਦਾ। ਗੋਬਿੰਦ ਘਾੜਣ ਹਰਿਜਨ ਘੜਿਆ, ਗੋਬਿੰਦ ਲੇਖ ਲਿਖਾਇੰਦਾ। ਗੋਬਿੰਦ ਸੂਰਾ ਅੰਦਰ ਵੜਿਆ, ਦੇ ਮਤ ਆਪ ਸਮਝਾਇੰਦਾ। ਗੋਬਿੰਦ ਬੇੜੇ ਪਹਿਲੇ ਚੜ੍ਹਿਆ, ਜਗਤ ਧਾਰਾ ਜਲ ਫਿਰਾਇੰਦਾ। ਖੇਵਟ ਖੇਟਾ ਆਪੇ ਖੜ੍ਹਿਆ, ਚਾਰੋਂ ਕੁੰਟ ਫਿਰਾਇੰਦਾ। ਏਕਾ ਅੱਖਰ ਹਰਿ ਹਰਿ ਪੜ੍ਹਿਆ, ਏਕਾ ਰਸਨ ਢੋਲਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਜਾਣੇ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਜਗਤ ਮਲਾਹ ਬਣ ਸਹਾਰਾ, ਨਈਆ ਨਾਉਂ ਚਲਾਈਆ। ਆਪੇ ਫਿਰੇ ਅੱਧਵਿਚਕਾਰਾ, ਪਾਰ ਕਿਨਾਰਾ ਨਾ ਕੋਈ ਜਣਾਈਆ। ਗੋਬਿੰਦ ਬੋਲੇ ਬੋਲ ਜੈਕਾਰਾ, ਏਕਾ ਨਾਮ ਸੁਣਾਈਆ। ਨਾ ਕੋਈ ਘਾਟ ਉਤਰੇ ਪਾਰਾ, ਕਵਣ ਥਾਨ ਸੁਹਾਈਆ। ਚਰਨ ਡਿੱਗੇ ਕਰੇ ਪੁਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਅੰਤਮ ਆਏ ਤੇਰੇ ਦੁਵਾਰਾ, ਮੇਰਾ ਉਧਾਰ ਰਹੇ ਨਾ ਰਾਈਆ। ਭਵ ਸਾਗਰ ਕਰਨਾ ਪਾਰ ਕਿਨਾਰਾ, ਅੱਧਵਿਚਕਾਰ ਨਾ ਕੋਈ ਡੁਬਾਈਆ। ਗੋਬਿੰਦ ਦਿਤਾ ਨਾਮ ਅਧਾਰਾ, ਆਪਣੀ ਦਇਆ ਕਮਾਈਆ। ਇਕੀ ਕੁਲਾਂ ਉਤਰੇ ਪਾਰਾ, ਕੁਲ ਕੁਲਵੰਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਦੇਵੇ ਵਰ, ਹਰਿਜਨ ਵੇਖੇ ਵੇਖ ਵਖਾਈਆ। ਗੋਬਿੰਦ ਸਿਫ਼ਤ ਗੋਬਿੰਦ ਸਲਾਹ, ਗੋਬਿੰਦ ਰੰਗ ਚੜ੍ਹਾਇਆ। ਗੋਬਿੰਦ ਨਈਆ ਗੁਰ ਮਲਾਹ, ਗੋਬਿੰਦ ਬੇੜਾ ਰਿਹਾ ਚਲਾਇਆ। ਗੋਬਿੰਦ ਪਕੜਣਹਾਰਾ ਬਾਂਹ, ਗੁਰ ਗੋਬਿੰਦ ਵੇਸ ਵਟਾਇਆ। ਗੁਰ ਕਰਨੇਹਾਰਾ ਸਚ ਨਿਆਂ, ਸਤਿਗੁਰ ਪੂਰਾ ਨਾਉਂ ਧਰਾਇਆ। ਕਲਜੁਗ ਅੰਤਮ ਦੇਵੇ ਠੰਡੀ ਛਾਂ, ਸਿਰ ਸਮਰਥ ਹੱਥ ਟਿਕਾਇਆ। ਫੜ ਫੜ ਹੰਸ ਬਣਾਏ ਕਾਂ, ਅੰਮ੍ਰਿਤ ਆਤਮ ਜਾਮ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਵੇਖੇ ਨੈਣਾਂ, ਨੇਤਰ ਲੋਚਣ ਆਪ ਦਰਸਾਇੰਦਾ। ਪੂਰਬ ਲਹਿਣਾ ਹਰਿ ਚੁਕੌਣਾ, ਸਤਿਗੁਰ ਵਡ ਵਡਿਆਈਆ । ਪਿਛਲਾ ਲੇਖਾ ਲੇਖ ਚੁਕੌਣਾ, ਅੱਗੇ ਮਾਰਗ ਪਾਈਆ। ਸਾਚੇ ਰਾਕੀ ਆਪ ਚੜੌ੍ਹਣਾ, ਨਾਮ ਘੋੜਾ ਇਕ ਵਖਾਈਆ। ਚਾਰ ਕੁੰਟ ਆਪ ਦੁੜੌਣਾ, ਆਪੇ ਸੇਵ ਕਮਾਈਆ। ਸਾਚੀ ਸਿਖਿਆ ਇਕ ਸਮਝੌਣਾ, ਗੁਰਮਤ ਵੱਡੀ ਵਡਿਆਈਆ। ਬੰਸ ਸਰਬੰਸਾ ਲੇਖੇ ਲੌਣਾ, ਸਗਲਾ ਸੰਗ ਤਰਾਈਆ। ਨੇਤਰ ਸਹਿਸਾ ਆਪ ਖੁਲ੍ਹੌਣਾ, ਸਹੰਸਰ ਮੁਖ ਰਹੇ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਗੁਰ ਸਹਿਜ ਸਹਿਜ ਕਰਾਈਆ। ਗੁਰ ਸ਼ਬਦ ਉਪਦੇਸ਼, ਹਰਿਜਨ ਸਾਚੇ ਆਪ ਜਗਾਇੰਦਾ। ਜੁਗਾ ਜੁਗੰਤਰ ਧਾਰੇ ਭੇਸ, ਸ਼ਬਦ ਸ਼ਬਦੀ ਨਾਉਂ ਧਰਾਇੰਦਾ। ਆਪੇ ਦਾਤਾ ਦਾਨੀ ਦਸ ਦਸਮੇਸ਼, ਦਰ ਘਰ ਸਾਚਾ ਆਪ ਸੁਹਾਇੰਦਾ। ਆਪੇ ਹੋਏ ਰਿਖੀ ਕੇਸ, ਜਗਤ ਗਵਰਧਨ ਆਪ ਉਠਾਇੰਦਾ। ਆਪੇ ਰਾਮਾ ਰਾਮ ਰਮੇਸ਼, ਰਾਮ ਰਮਈਆ ਖੇਲ ਖਲਾਇੰਦਾ। ਆਪੇ ਵਿਸ਼ਨ ਬ੍ਰਹਮਾ ਗਣਪਤ ਗਣੇਸ਼, ਸਵਾਂਗੀ ਆਪਣਾ ਸਵਾਂਗ ਵਰਤਾਇੰਦਾ। ਆਦਿ ਜੁਗਾਦੀ ਰਹੇ ਹਮੇਸ਼, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਪਾਰਬ੍ਰਹਮ ਪੁਰਖ ਸੁਲਤਾਨ ਸਦਾ ਅਦੇਸ, ਦਰ ਘਰ ਸਾਚਾ ਇਕ ਸੁਹਾਇੰਦਾ। ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਈ ਮੂੰਡ ਮੁੰਡਾਇੰਦਾ। ਜੋਤੀ ਨੂਰ ਨੂਰ ਪ੍ਰਵੇਸ਼, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਫੜ, ਏਕਾ ਪੱਲਾ ਨਾਮ ਫੜਾਇੰਦਾ। ਏਕਾ ਪੱਲਾ ਨਾਮ ਫੜਾਇਆ, ਗੁਰ ਸਤਿਗੁਰ ਵਡ ਵਡਿਆਈਆ। ਦੂਈ ਦਵੈਤੀ ਪਰਦਾ ਲਾਹਿਆ, ਏਕਾ ਰੰਗ ਰੰਗਾਈਆ। ਨੈਣ ਲੋਚਣ ਇਕ ਖੁਲ੍ਹਾਇਆ, ਚੌਥੇ ਘਰ ਵੱਜੇ ਵਧਾਈਆ। ਪੰਚਮ ਮੇਲਾ ਸਹਿਜ ਸੁਭਾਇਆ, ਮਿਲ ਸਖੀਆਂ ਮੰਗਲ ਗਾਈਆ। ਛੇਵਾਂ ਘਰ ਘਰ ਦਰਸਾਇਆ, ਛੱਪਰ ਛੰਨ ਨਾ ਕੋਈ ਸੁਹਾਈਆ। ਸਤਿਗੁਰ ਪੁਰਖ ਨਿਰੰਜਣ ਜੋਤ ਜਗਾਇਆ, ਅੱਠਾਂ ਤੱਤਾਂ ਵੇਖਣ ਆਇਆ, ਜੋਤੀ ਜਾਮਾ ਭੇਸ ਵਟਾਈਆ। ਨੌ ਦਰ ਖੋਜੇ ਖੋਜ ਖੁਜਾਇਆ, ਨੌ ਖੰਡ ਫੇਰਾ ਪਾਈਆ। ਦਸਮ ਦੁਵਾਰੀ ਆਸਣ ਲਾਇਆ, ਦਿਸ ਕਿਸੇ ਨਾ ਆਈਆ। ਗੁਰਮੁਖ ਸਾਚੇ ਲਏ ਜਗਾਇਆ, ਜਾਗਰਤ ਜੋਤ ਕਰੇ ਰੁਸ਼ਨਾਈਆ। ਬਜ਼ਰ ਕਪਾਟੀ ਤੋੜ ਤੁੜਾਇਆ, ਆਪਣੀ ਹੱਥੀਂ ਕੁੰਡਾ ਲਾਹੀਆ। ਆਤਮ ਸੇਜਾ ਰਿਹਾ ਸੁਹਾਇਆ, ਨਿਰਗੁਣ ਬੈਠਾ ਬੇਪਰਵਾਹੀਆ। ਗੁਰਸਿਖ ਸੱਜਣ ਰਾਹ ਤਕਾਇਆ, ਦਿਵਸ ਰੈਣ ਵੇਖ ਵਖਾਈਆ। ਸੁਰਤੀ ਸ਼ਬਦੀ ਮੇਲ ਮਿਲਾਇਆ, ਜਗਤ ਵਿਚੋਲਾ ਬੇਪਰਵਾਹੀਆ। ਸੋਹੰ ਢੋਲਾ ਸਾਚਾ ਗਾਇਆ, ਸੋ ਪੁਰਖ ਨਿਰੰਜਣ ਸਿਫ਼ਤ ਸਲਾਹੀਆ। ਹੰ ਬ੍ਰਹਮ ਆਪ ਰਘੁਰਾਇਆ, ਪਾਰਬ੍ਰਹਮ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਮਿਲੇ ਵਰ, ਵਰ ਘਰ ਹਰਿ ਨਰ ਸਾਚਾ ਇਕ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨਿਰਾਕਾਰ ਸਰਗੁਣ ਪਾਵੇ ਸਾਰ, ਧੁਰ ਮਸਤਕ ਲੇਖਾ ਲੇਖ ਲਿਖਾਈਆ।
