੨੧ ਭਾਦਰੋਂ ੨੦੧੫ ਬਿਕ੍ਰਮੀ ਗੁਰਦਿਆਲ ਸਿੰਘ ਦੇ ਘਰ ਰਾਮੂਵਾਲਾ ਜ਼ਿਲਾ ਫ਼ਿਰੋਜ਼ਪੁਰ
ਹਰਿ ਜੋਤ ਨੂਰ ਅਕਾਰ, ਪੁਰਖ ਅਕਾਲਿਆ। ਨਿਰਗੁਣ ਜੋਤ ਕਰੇ ਉਜਿਆਰ, ਦੀਨ ਦਿਆਲਿਆ। ਪਾਰਬ੍ਰਹਮ ਇਕ ਅਵਤਾਰ, ਆਦਿ ਅੰਤ ਖੇਲ ਨਿਰਾਲਿਆ। ਆਦਿ ਪੁਰਖ ਪੁਰਖ ਅਪਾਰ, ਜੋਤੀ ਜੋਤ ਅਕਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਆਪ ਕਰੇ ਪ੍ਰਿਤਪਾਲਿਆ। ਹਰਿ ਅਗੰਮ ਅਗੰਮ, ਅਗੰਮ ਸੁਹਾਇਆ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਖੇਲ ਰਚਾਇਆ। ਆਪੇ ਜਾਣੇ ਆਪਣਾ ਕੰਮ, ਕਾਰਜ ਕਰਤਾ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਉਪਾਇਆ। ਨੂਰ ਉਜਾਲਾ ਹਰਿ ਕਰਤਾਰ, ਆਪਣਾ ਆਪ ਕਰਾਇੰਦਾ। ਆਪ ਆਪਣੀ ਪਾਵੇ ਸਾਰ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣੀ ਬੰਨ੍ਹੇ ਧਾਰ, ਧਾਰ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਨੂਰ ਉਪਾਇੰਦਾ। ਜੋਤੀ ਨੂਰ ਪੁਰਖ ਅਬਿਨਾਸ਼, ਆਪਣਾ ਆਪ ਕਰਾਇਆ। ਆਪ ਆਪਣੇ ਮੰਡਲ ਪਾਵੇ ਰਾਸ, ਆਪ ਆਪਣਾ ਥਾਨ ਸੁਹਾਇਆ। ਆਪ ਆਪਣਾ ਖੇਲੇ ਖੇਲ ਤਮਾਸ਼, ਵੇਖਣਹਾਰ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵਿਚ ਟਿਕਾਇਆ। ਨਿਰਗੁਣ ਰੂਪ ਅਪਰ ਅਪਾਰ, ਹਰਿ ਆਪਣਾ ਆਪ ਉਪਾਇੰਦਾ। ਜੋਤੀ ਜੋਤ ਪਸਰ ਪਸਾਰ, ਜੋਤੀ ਜੋਤ ਜਗਾਇੰਦਾ। ਵਰਨ ਗੋਤ ਨਾ ਕਰ ਵਿਚਾਰ, ਏਕਾ ਏਕ ਦਿਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਘਰ ਸੁਹਾਇੰਦਾ। ਜੋਤੀ ਨੂਰ ਹਰ ਘਟ ਵਾਸ, ਹਰਿ ਹਰਿ ਰਿਹਾ ਕਰਾਇਆ। ਆਪੇ ਪ੍ਰਿਥਮੀ ਆਪ ਆਕਾਸ਼, ਗਗਨ ਮੰਡਲ ਆਪ ਸਮਾਇਆ। ਆਪੇ ਉਪਜੇ ਆਪੇ ਹੋਏ ਵਿਨਾਸ, ਆਪੇ ਆਪ ਆਪਣਾ ਲਏ ਤਰਾਇਆ। ਆਪੇ ਜੋਤੀ ਆਪ ਸਵਾਸ, ਪਵਣ ਸਵਾਸਾ ਆਪ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰੋ ਨੂਰ ਸਮਾਇਆ। ਹਰਿ ਕਾ ਨੂਰ ਹਰਿ ਹਰਿ ਧਾਰ, ਹਰਿ ਸਾਚੇ ਆਪ ਉਪਾਈਆ । ਹਰਿ ਸਚ ਸਿੰਘਾਸਣ ਬੈਠ ਸੱਚੀ ਸਰਕਾਰ, ਆਦਿ ਪੁਰਖ ਵੇਖ ਵਖਾਈਆ। ਆਦਿ ਨਿਰੰਜਣ ਕਰਨੇਹਾਰ, ਹਰਿ ਕਰਤਾ ਨਾਉਂ ਧਰਾਈਆ। ਏਕਾ ਘਰ ਸੋਹੇ ਬੰਕ ਦਵਾਰ, ਘਰ ਸਾਚਾ ਇਕ ਸੁਹਾਈਆ। ਜੋਤ ਨਿਰੰਜਣ ਅਪਰ ਅਪਾਰ, ਏਕਾ ਰੂਪ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਘਰ ਕਰੇ ਰੁਸ਼ਨਾਈਆ। ਘਰ ਦੀਵਾ ਘਰ ਬਾਤੀ, ਘਰ ਵਸਤ ਰੁਸ਼ਨਾਇਆ। ਘਰ ਮੇਲ ਹਰਿ ਕਮਲਾਪਾਤੀ, ਘਰ ਬੈਠਾ ਆਸਣ ਲਾਇਆ। ਘਰ ਵੇਖੇ ਮਾਰ ਝਾਤੀ, ਆਪ ਆਪਣਾ ਪਰਦਾ ਪਾਇਆ। ਆਪੇ ਆਪਣੀ ਦੇਵਣਹਾਰਾ ਬਾਕੀ, ਲਹਿਣਾ ਦੇਣਾ ਆਪਣੇ ਹੱਥ ਰਖਾਇਆ। ਪਾਰਬ੍ਰਹਮ ਸਾਚਾ ਸਾਕੀ, ਨਿਰਗੁਣ ਆਪਣਾ ਜਾਮ ਆਪ ਪਿਆਇਆ। ਆਪੇ ਜਾਣੇ ਆਪਣਾ ਵਾਕੀ, ਲੇਖਾ ਲਿਖਤ ਨਾ ਆਇਆ। ਆਪੇ ਚੜ੍ਹੇ ਆਪਣੇ ਰਾਕੀ, ਨੇਤਰ ਨੈਣ ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਆ। ਘਰ ਸਾਚਾ ਪੁਰਖ ਅਬਿਨਾਸ਼ੀ, ਆਪਣਾ ਆਪ ਉਪਾਇਆ। ਇਕ ਇਕੱਲਾ ਸਰਬ ਗੁਣ ਤਾਸੀ, ਆਪ ਆਪਣਾ ਵੇਖ ਵਿਖਾਇਆ। ਆਦਿ ਸ਼ਕਤ ਨਾ ਹੋਏ ਨਿਰਾਸ, ਆਸ ਨਿਰਾਸਾ ਆਪ ਹੋ ਜਾਇਆ। ਆਪੇ ਕਰੇ ਆਪਣੀ ਬੰਦ ਖ਼ੁਲਾਸ, ਬੰਦੀ ਛੋੜ ਆਪ ਅਖਵਾਇਆ। ਆਪ ਆਪਣੇ ਘਰ ਰੱਖੇ ਵਾਸ, ਘਰ ਸਾਚਾ ਇਕ ਸੁਹਾਇਆ। ਥਿਰ ਘਰ ਤਖ਼ਤ ਹਰਿ ਸ਼ਾਹੋ ਸ਼ਾਬਾਸ਼, ਹਰਿ ਸਾਚਾ ਨਾਉਂ ਧਰਾਇਆ। ਆਪ ਆਪਣੇ ਵਸਾਇਆ ਪਾਸ, ਸੱਜਣ ਸੁਹੇਲ ਆਪ ਅਖਵਾਇਆ। ਆਪ ਆਪਣਾ ਹੋਇਆ ਦਾਸ, ਦਾਸੀ ਦਾਸ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਨਿਰਗੁਣ ਨੂਰ ਏਕਾ ਰਾਹ, ਏਕਾ ਕਾਰ ਕਮਾਇੰਦਾ। ਥਿਰ ਘਰ ਬੈਠ ਸੱਚੇ ਦਰਬਾਰ, ਦਰ ਦਰਵਾਜ਼ਾ ਖੋਲ੍ਹ ਵਖਾਇੰਦਾ। ਨਾ ਕੋਈ ਦਿਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਉਪਾਇੰਦਾ। ਮਹੱਲ ਅਟੱਲ ਉਚ ਮੁਨਾਰ, ਕਰਤਾ ਪੁਰਖ ਵੇਖ ਵਖਾਇੰਦਾ। ਆਦਿ ਨਿਰੰਜਣ ਜਗੇ ਜੋਤ ਅਗੰਮ ਅਪਾਰ, ਤੇਲ ਬਾਤੀ ਨਾ ਕੋਈ ਪਾਇੰਦਾ। ਨੂਰੋ ਨੂਰ ਹਰਿ ਕਰਤਾਰ, ਨੂਰੋ ਨੂਰ ਧਰਾਇੰਦਾ। ਸ਼ਾਹੋ ਭੂਪ ਸੱਚੀ ਸਰਕਾਰ, ਸਚ ਸਿੰਘਾਸਣ ਵੇਖ ਵਖਾਇੰਦਾ। ਨਾ ਕੋਈ ਦੀਸੇ ਜੀਵ ਗਵਾਰ, ਨਾ ਕੋਈ ਵੇਖ ਵਖਾਇੰਦਾ। ਰਾਜ ਜੋਗ ਨਾ ਕੋਈ ਦੁਆਰਪਾਲ, ਨਾ ਕੋਈ ਸੀਸ ਝੁਕਾਇੰਦਾ। ਗੁਰੂ ਪੀਰ ਨਾ ਕੋਈ ਅਵਤਾਰ, ਸਾਧ ਸੰਤ ਨਾ ਕੋਈ ਰਖਾਇੰਦਾ। ਲੱਖ ਚੁਰਾਸੀ ਨਾ ਪਹਿਰੇਦਾਰ, ਤ੍ਰੈਗੁਣ ਵੇਸ ਵਟਾਇੰਦਾ। ਪੰਜ ਤਤ ਨਾ ਕੋਈ ਅਕਾਰ, ਰਕਤ ਬੂੰਦ ਨਾ ਕੋਈ ਤਰਾਇੰਦਾ। ਤੀਰਥ ਤਟ ਨਾ ਕੋਈ ਕਿਨਾਰ, ਸਰ ਸਰੋਵਰ ਨਾ ਕੋਈ ਨੁਹਾਇੰਦਾ। ਵੇਦ ਪੁਰਾਨ ਨਾ ਕੋਈ ਰਿਹਾ ਉਚਾਰ, ਬ੍ਰਹਮਾ ਮੁਖ ਨਾ ਕੋਈ ਖੁਲ੍ਹਾਇੰਦਾ। ਸ਼ਿਵ ਸ਼ੰਕਰ ਬਾਸ਼ਕ ਨਾ ਕੋਈ ਪਾਵੇ ਹਾਰ, ਗਲ ਮਾਲਾ ਨਾ ਕੋਈ ਰਖਾਇੰਦਾ। ਕਰੋੜ ਤੇਤੀਸਾ ਨਾ ਕੋਈ ਆਧਾਰ, ਸੁਰਪਤ ਰਾਜਾ ਇੰਦ ਨਾ ਮੁਖ ਵਖਾਇੰਦਾ। ਵਿਸ਼ਨੂੰ ਵੰਸੀ ਨਾ ਕਰੇ ਅਕਾਰ, ਚਤੁਰਭੁਜਾ ਨਾ ਅੰਗ ਰਖਾਇੰਦਾ। ਆਦਿ ਸ਼ਕਤ ਨਾ ਹੋ ਤਿਆਰ, ਸਿੰਘ ਸ਼ੇਰ ਨਾ ਆਸਣ ਲਾਇੰਦਾ। ਸ਼ਸਤਰ ਬਸਤਰ ਨਾ ਕੋਈ ਕਟਾਰ, ਨਾ ਕੋਈ ਮੁੱਠ ਹੱਥ ਫੜਾਇੰਦਾ। ਨਾ ਕੋਈ ਸ਼ਤਰੂ ਨਾ ਮੀਤ ਮੁਰਾਰ, ਹਾਰ ਜਿਤ ਨਾ ਕੋਈ ਵਖਾਇੰਦਾ। ਨਾ ਕੋਈ ਪਸਰ ਨਾ ਪਸਾਰ, ਪਹਾੜ ਉਜਾੜ ਨਾ ਕੋਈ ਵਿਖਾਇੰਦਾ। ਕੰਦਰ ਮੰਦਰ ਨਾ ਡੂੰਘੀ ਗਾਰ, ਉਚੇ ਟਿੱਲੇ ਨਾ ਕੋਈ ਰਖਾਇੰਦਾ। ਗੁਰ ਦਰ ਮੰਦਰ ਮਸਜਿਦ ਨਾ ਕੋਈ ਚਾਰ ਦੀਵਾਰ, ਨਾ ਕੋਈ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਹਰਿ ਨਿਰੰਕਾਰ, ਏਕਾ ਘਰ ਸਾਚੇ ਵੇਖ ਵਖਾਇੰਦਾ।
