੧੬ ਕੱਤਕ ੨੦੧੬ ਬਿਕ੍ਰਮੀ ਤ੍ਰਲੋਕ ਸਿੰਘ ਦੇ ਘਰ ਸਨਾਮ ਸ਼ਹਿਰ
ਸਤਿਗੁਰ ਪੂਰਾ ਹਰਿ ਮਿਹਰਵਾਨ, ਏਕਾ ਏਕ ਏਕੰਕਾਰਿਆ। ਸਤਿਗੁਰ ਪੂਰਾ ਸ੍ਰੀ ਭਗਵਾਨ, ਨਿਰਗੁਣ ਜੋਤ ਨੂਰ ਉਜਿਆਰਿਆ। ਸਤਿਗੁਰ ਪੂਰਾ ਖੇਲ ਮਹਾਨ, ਆਪ ਆਪਣਾ ਵੇਸ ਵਟਾ ਰਿਹਾ। ਸਤਿਗੁਰ ਪੂਰਾ ਹੋ ਪਰਧਾਨ, ਆਪ ਆਪਣਾ ਨਾਉਂ ਉਪਾ ਰਿਹਾ। ਸਤਿਗੁਰ ਪੂਰਾ ਸਚ ਨਿਸ਼ਾਨ, ਸ਼ਬਦ ਨਿਸ਼ਾਨਾ ਹੱਥ ਉਠਾ ਰਿਹਾ। ਸਤਿਗੁਰ ਪੂਰਾ ਵਾਲੀ ਦੋ ਜਹਾਨ, ਲੋਆਂ ਪੁਰੀਆਂ ਵੇਖ ਵਖਾ ਰਿਹਾ। ਸਤਿਗੁਰ ਪੂਰਾ ਸਾਚਾ ਰਾਮ, ਰਾਮ ਨਾਮ ਆਪ ਜਪਾ ਰਿਹਾ। ਸਤਿਗੁਰ ਪੂਰਾ ਸਾਚਾ ਕਾਹਨ, ਸਾਚੀ ਬੰਸਰੀ ਨਾਮ ਵਜਾ ਰਿਹਾ। ਸਤਿਗੁਰ ਪੂਰਾ ਬੋਧ ਗਿਆਨ, ਅੰਤਰ ਧਿਆਨ ਆਪ ਲਗਾ ਰਿਹਾ। ਸਤਿਗੁਰ ਪੂਰਾ ਸਾਚੀ ਮਾਨ, ਕਲਮਾ ਨਬੀ ਆਪ ਪੜ੍ਹਾ ਰਿਹਾ। ਸਤਿਗੁਰ ਪੂਰਾ ਗੁਣ ਨਿਧਾਨ, ਨੂਰ ਅਲਾਹੀ ਸੰਗ ਨਿਭਾ ਰਿਹਾ। ਸਤਿਗੁਰ ਪੂਰਾ ਵਡ ਬਲਵਾਨ, ਸਾਚਾ ਡੰਕਾ ਆਪ ਵਜਾ ਰਿਹਾ। ਸਤਿਗੁਰ ਪੂਰਾ ਜਾਣੀ ਜਾਣ, ਨਿਰਗੁਣ ਧਾਰਾ ਨਾਨਕ ਗੁਰ ਆਪ ਚਲਾ ਰਿਹਾ। ਸਤਿਗੁਰ ਪੂਰਾ ਸ਼ਬਦ ਬਬਾਨ, ਆਪ ਆਪਣਾ ਆਪ ਉਡਾ ਰਿਹਾ। ਸਤਿਗੁਰ ਪੂਰਾ ਖੇਲ ਮਹਾਨ, ਜੋਤੀ ਨੂਰ ਨੂਰ ਡਗਮਗਾ ਰਿਹਾ। ਸਤਿਗੁਰ ਪੂਰਾ ਪਾਏ ਸਾਚੀ ਆਣ, ਗੁਰ ਗੋਬਿੰਦ ਸੇਵਾ ਲਾ ਰਿਹਾ। ਸਤਿਗੁਰ ਪੂਰਾ ਵਸੇ ਸਚ ਮਕਾਨ, ਥਿਰ ਘਰ ਸਾਚੇ ਆਸਣ ਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾ ਰਿਹਾ। ਸਤਿਗੁਰ ਪੂਰਾ ਏਕੰਕਾਰ, ਅਕਲ ਕਲਾ ਅਖਵਾਈਆ। ਸਤਿਗੁਰ ਪੂਰਾ ਨਿਰਗੁਣ ਧਾਰ, ਜੋਤੀ ਨੂਰ ਨੂਰ ਕਰੇ ਰੁਸ਼ਨਾਈਆ। ਸਤਿਗੁਰ ਪੂਰਾ ਸ਼ਬਦ ਭੰਡਾਰ, ਸ਼ਬਦ ਭੰਡਾਰਾ ਇਕ ਰਖਾਈਆ। ਸਤਿਗੁਰ ਪੂਰਾ ਮੀਤ ਮੁਰਾਰ, ਸਗਲਾ ਸੰਗ ਨਿਭਾਈਆ। ਸਤਿਗੁਰ ਪੂਰਾ ਖੇਲੇ ਖੇਲ ਵਿਚ ਸੰਸਾਰ, ਬ੍ਰਹਿਮੰਡ ਖੰਡ ਫੇਰਾ ਪਾਈਆ। ਸਤਿਗੁਰ ਪੂਰਾ ਨਿਰਾਕਾਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਸਤਿਗੁਰ ਪੂਰਾ ਕਰੇ ਬ੍ਰਹਮ ਵਿਚਾਰ, ਪਾਰਬ੍ਰਹਮ ਆਪ ਅਖਵਾਈਆ। ਸਤਿਗੁਰ ਪੂਰਾ ਵਰਨ ਬਰਨ ਤੇ ਵਸਿਆ ਬਾਹਰ, ਜ਼ਾਤ ਪਾਤ ਨਾ ਕੋਇ ਜਣਾਈਆ। ਸਤਿਗੁਰ ਪੂਰਾ ਕਰਨੀ ਕਰਨ ਆਪ ਕਰਤਾਰ, ਕਰਤਾ ਪੁਰਖ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸਤਿਗੁਰ ਪੂਰਾ ਦੀਨ ਦਿਆਲ, ਪੁਰਖ ਅਬਿਨਾਸ਼ੀ ਖੇਲ ਅਪਾਰਿਆ। ਸਤਿਗੁਰ ਪੂਰਾ ਕਰੇ ਪ੍ਰਿਤਪਾਲ, ਖੇਲੇ ਖੇਲ ਪ੍ਰਿਥਮੀ ਅਕਾਸਿਆ। ਸਤਿਗੁਰ ਪੂਰਾ ਦੇਵੇ ਨਾਮ ਸੱਚਾ ਧਨ ਮਾਲ, ਨਿਰਗੁਣ ਦੀਪਕ ਜੋਤ ਕਰੇ ਪ੍ਰਕਾਸਿਆ। ਸਤਿਗੁਰ ਪੂਰਾ ਹਰਿ ਸੰਤ ਸੁਹੇਲੇ ਆਪ ਉਠਾਏ ਸਾਚੇ ਲਾਲ, ਚਰਨ ਕਵਲ ਬਖ਼ਸ਼ੇ ਸਚ ਭਰਵਾਸਿਆ। ਸਤਿਗੁਰ ਪੂਰਾ ਬਣੇ ਦਲਾਲ, ਹਰਿਜਨ ਕਰੇ ਬੰਦ ਖਲਾਸਿਆ। ਸਤਿਗੁਰ ਪੂਰਾ ਸਾਚੀ ਘਾਲਣ ਰਿਹਾ ਘਾਲ, ਮੰਡਲ ਮੰਡਪ ਪਾਵੇ ਰਾਸਿਆ। ਸਤਿਗੁਰ ਪੂਰਾ ਆਦਿ ਜੁਗਾਦੀ ਇਕ ਅਵਤਾਰ, ਰੂਪ ਅਨੂਪ ਸ਼ਾਹੋ ਸ਼ਬਾਸਿਆ। ਸਤਿਗੁਰ ਪੂਰਾ ਜੋਤ ਨਿਰੰਕਾਰ, ਸਚਖੰਡ ਸਾਚਾ ਰੱਖੇ ਵਾਸਿਆ। ਸਤਿਗੁਰ ਪੂਰਾ ਖੇਲ ਅਪਾਰ, ਖੇਲੇ ਖੇਲ ਬਹੁ ਬਿਧ ਭਾਤਿਆ। ਸਤਿਗੁਰ ਪੂਰਾ ਆਵੇ ਜਾਵੇ ਵਾਰੋ ਵਾਰ, ਜੁਗ ਜੁਗ ਖੇਲੇ ਖੇਲ ਤਮਾਸਿਆ। ਸਤਿਗੁਰ ਪੂਰਾ ਹਰਿ ਦਾਤਾਰ, ਆਦਿ ਜੁਗਾਦਿ ਨਾ ਕਦੇ ਵਨਾਸਿਆ। ਸਤਿਗੁਰ ਪੂਰਾ ਵਡ ਬਲਕਾਰ, ਆਪ ਆਪਣਾ ਬਲ ਧਰਾਸਿਆ। ਸਤਿਗੁਰ ਪੂਰਾ ਨਾਮ ਖੰਡਾ ਫੜੇ ਤੇਜ਼ ਕਟਾਰ, ਚੰਡ ਪਰਚੰਡ ਇਕ ਚਮਕਾਸਿਆ। ਸਤਿਗੁਰ ਪੂਰਾ ਬ੍ਰਹਮਾ ਵਿਸ਼ਨ ਸ਼ਿਵ ਲਏ ਉਭਾਰ, ਸੇਵਾ ਲਾਏ ਸੇਵਕ ਦਾਰ, ਆਪ ਆਪਣੀ ਰਚਨ ਰਚਾਸਿਆ। ਸਤਿਗੁਰ ਪੂਰਾ ਤ੍ਰੈਗੁਣ ਮਾਇਆ ਦਏ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਹਰ ਘਟ ਵਾਸਿਆ। ਸਤਿਗੁਰ ਪੂਰਾ ਸ਼ਾਹ ਸੁਲਤਾਨ, ਹਰਿ ਸੱਜਣ ਵਡ ਵਡਿਆਈਆ। ਸਤਿਗੁਰ ਪੂਰਾ ਗੁਣ ਨਿਧਾਨ, ਗੁਰਮੁਖ ਦੇਵੇ ਵਡ ਵਡਿਆਈਆ। ਸਤਿਗੁਰ ਪੂਰਾ ਚਤੁਰ ਸੁਜਾਨ, ਗੁਰਸਿਖ ਸਾਚੇ ਲਏ ਤਰਾਈਆ। ਸਤਿਗੁਰ ਪੂਰਾ ਨਿਗਹਬਾਨ, ਸੰਤ ਸਾਜਣ ਮੇਲ ਮਿਲਾਈਆ। ਸਤਿਗੁਰ ਪੂਰਾ ਚੁਕਾਏ ਕਾਨ, ਭਗਤਨ ਭਗਤੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਈਆ। ਸਤਿਗੁਰ ਦਾਤਾ ਗਹਿਰ ਗੰਭੀਰ, ਏਕਾ ਰੰਗ ਸਮਾਇਆ। ਸਤਿਗੁਰ ਪੂਰਾ ਠਾਂਡਾ ਸੀਰ, ਤੱਤਵ ਤੱਤ ਨਾ ਕੋਇ ਜਣਾਇਆ। ਸਤਿਗੁਰ ਪੂਰਾ ਨਿਰਮਲ ਨੀਰ, ਅੰਮ੍ਰਿਤ ਆਤਮ ਜਾਮ ਪਿਆਇਆ। ਸਤਿਗੁਰ ਪੂਰਾ ਬਖ਼ਸ਼ੇ ਧੀਰ, ਸਤਿ ਸੰਤੋਖੀ ਗਿਆਨ ਦ੍ਰਿੜਾਇਆ। ਸਤਿਗੁਰ ਪੂਰਾ ਮਾਰੇ ਤੀਰ, ਤੀਰ ਅਣਿਆਲਾ ਇਕ ਚਲਾਇਆ। ਸਤਿਗੁਰ ਪੂਰਾ ਬਜਰ ਕਪਾਟੀ ਦੇਵੇ ਚੀਰ, ਹਉਮੇ ਹੰਗਤਾ ਗੜ੍ਹ ਤੁੜਾਇਆ। ਸਤਿਗੁਰ ਪੂਰਾ ਦੂਈ ਦਵੈਤੀ ਕੱਢੇ ਪੀੜ, ਮਾਇਆ ਮਮਤਾ ਮੇਟ ਮਿਟਾਇਆ। ਸਤਿਗੁਰ ਪੂਰਾ ਲੱਖ ਚੁਰਾਸੀ ਕੱਟੇ ਜ਼ੰਜੀਰ, ਰਾਏ ਧਰਮ ਫੰਦ ਕਟਾਇਆ। ਸਤਿਗੁਰ ਪੂਰਾ ਚੋਟੀ ਚਾੜ੍ਹੇ ਇਕ ਅਖ਼ੀਰ, ਦਰਗਹਿ ਸਾਚੀ ਧਾਮ ਸੁਹਾਇਆ। ਸਤਿਗੁਰ ਪੂਰਾ ਲੇਖਾ ਜਾਣੇ ਸਾਧ ਸੰਤ ਫਕੀਰ, ਔਲੀਆ ਮੁੱਲਾਂ ਸ਼ੇਖ਼ ਮੁਸਾਇਕ ਆਪੇ ਵੇਖ ਵਖਾਇਆ। ਸਤਿਗੁਰ ਪੂਰਾ ਸ਼ਾਹ ਫਕੀਰ, ਨੀਚੋ ਨੀਚ ਨੀਚਾਂ ਅੰਦਰ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸੱਚਾ ਇਕ ਅਖਵਾਇਆ। ਸਤਿਗੁਰ ਪੂਰਾ ਸਤਿ ਸਰੂਪ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਤਿਗੁਰ ਸਾਚਾ ਸੱਚਾ ਸਵਲ, ਪਾਰਬ੍ਰਹਮ ਵੱਡੀ ਵਡਿਆਈਆ। ਸਤਿਗੁਰ ਪੂਰਾ ਵੇਖੇ ਸਾਚੇ ਕੂਟ, ਦਹਿ ਦਿਸ਼ਾ ਫੇਰੀ ਪਾਈਆ। ਸਤਿਗੁਰ ਸੱਚਾ ਆਪੇ ਜਾਏ ਤੁਠ, ਆਪ ਆਪਣੀ ਕਿਰਪਾ ਧਾਰਿਆ। ਸਤਿਗੁਰ ਸੱਚਾ ਜਾਮ ਪਿਆਏ ਏਕਾ ਘੁੱਟ, ਅੰਮ੍ਰਿਤ ਭਰੇ ਨਾਮ ਭੰਡਾਰਿਆ। ਸਤਿਗੁਰ ਪੂਰਾ ਜਗਤ ਕੁਕਰਮਾਂ ਜੜ੍ਹ ਦੇਵੇ ਪੁੱਟ, ਹਰਿਜਨ ਸਾਚੇ ਲਾਏ ਪਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਖੇਲ ਖਿਲਾ ਰਿਹਾ। ਸਤਿਗੁਰ ਪੂਰਾ ਅਗੰਮ ਅਥਾਹ, ਬੇਪਰਵਾਹ ਅਖਵਾਇੰਦਾ। ਸਤਿਗੁਰ ਪੂਰਾ ਬਣ ਮਲਾਹ, ਜੁਗ ਜੁਗ ਵੇਸ ਵਟਾਇੰਦਾ। ਸਤਿਗੁਰ ਪੂਰਾ ਜਨ ਭਗਤਾਂ ਦੇਵੇ ਨਾਮ ਸਲਾਹ, ਸਾਚੇ ਮਾਰਗ ਆਪੇ ਲਾਇੰਦਾ। ਸਤਿਗੁਰ ਪੂਰਾ ਗੁਰਮੁਖਾਂ ਪਕੜੇ ਆਪੇ ਬਾਂਹ, ਆਪਣਾ ਪੱਲਾ ਆਪ ਫੜਾਇੰਦਾ। ਸਤਿਗੁਰ ਪੂਰਾ ਗੁਰਸਿਖਾਂ ਦੇਵੇ ਸਦਾ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਸਤਿਗੁਰ ਪੂਰਾ ਦੋ ਜਹਾਨਾਂ ਕਰੇ ਸਚ ਨਿਆਂ, ਦਰ ਘਰ ਸਾਚਾ ਇਕ ਸੁਹਾਇੰਦਾ। ਸਤਿਗੁਰ ਪੂਰਾ ਫੜ ਫੜ ਹੰਸ ਬਣਾਏ ਕਾਂ, ਸੋਹੰ ਸਾਚੀ ਚੋਗ ਚੁਗਾਇੰਦਾ। ਸਤਿਗੁਰ ਪੂਰਾ ਆਪੇ ਬਣੇ ਪਿਤਾ ਮਾਂ, ਗੁਰਮੁਖ ਬਾਲ ਅੰਞਾਣੇ ਗੋਦ ਉਠਾਇੰਦਾ। ਸਤਿਗੁਰ ਪੂਰਾ ਆਪ ਵਖਾਏ ਸਾਚਾ ਨਗਰ ਗਰਾਂ, ਥਿਰ ਘਰ ਸਾਚਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ। ਸਤਿਗੁਰ ਪੂਰਾ ਚਾੜ੍ਹੇ ਰੰਗ, ਹਰਿ ਸਤਿਗੁਰ ਵਡ ਵਡਿਆਈਆ। ਸਤਿਗੁਰ ਦਾਤਾ ਸੂਰਾ ਸਰਬੰਗ, ਬੇਅੰਤ ਬੇਅੰਤ ਬੇਅੰਤ ਆਪ ਅਖਵਾਈਆ। ਸਤਿਗੁਰ ਪੂਰਾ ਹਰਿਜਨ ਸਾਚੇ ਲਾਏ ਅੰਗ, ਅੰਗੀਕਾਰ ਆਪ ਹੋ ਜਾਈਆ। ਸਤਿਗੁਰ ਪੂਰਾ ਸਾਚੀ ਸੇਜ ਸਚ ਪਲੰਘ, ਹਰਿਜਨ ਆਤਮ ਡੇਰਾ ਲਾਈਆ। ਸਤਿਗੁਰ ਪੂਰਾ ਸਾਚਾ ਨਾਮ ਤਨ ਪਹਿਨਾਏ ਸਾਚੀ ਵੰਗ, ਕੰਚਣ ਗੜ੍ਹ ਆਪ ਸੁਹਾਈਆ। ਸਤਿਗੁਰ ਪੂਰਾ ਸ਼ਬਦ ਡੋਰੀ ਬੰਨ੍ਹੇ ਤੰਦ, ਨਾ ਕੋਈ ਤੋੜੇ ਤੋੜ ਤੁੜਾਈਆ। ਸਤਿਗੁਰ ਪੂਰਾ ਆਪ ਸੁਣਾਏ ਸੁਹਾਗੀ ਛੰਦ, ਅਨਹਦ ਸਾਚਾ ਰਾਗ ਉਪਜਾਈਆ। ਸਤਿਗੁਰ ਪੂਰਾ ਇਕ ਵਖਾਏ ਸਾਚਾ ਚੰਦ, ਅਗਿਆਨ ਅੰਧੇਰ ਦਏ ਮਿਟਾਈਆ। ਸਤਿਗੁਰ ਪੂਰਾ ਆਪ ਸਮਾਏ ਪਰਮਾਨੰਦ, ਨਿਜਾਨੰਦ ਆਪ ਵਖਾਈਆ। ਸਤਿਗੁਰ ਪੂਰਾ ਗੁਰਸਿਖਾਂ ਕਰੇ ਖ਼ੁਸ਼ੀ ਬੰਦ ਬੰਦ, ਚਿੰਤਾ ਰੋਗ ਸੋਗ ਰਹਿਣ ਨਾ ਪਾਈਆ। ਸਤਿਗੁਰ ਪੂਰਾ ਵੇਖਣਹਾਰਾ ਭਰਮਾਂ ਕੰਧ, ਹਉਮੇ ਗੜ੍ਹ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਇਕ ਅਖਵਾਈਆ। ਸਤਿਗੁਰ ਪੂਰਾ ਹਰਿ ਨਰ ਦਾਤਾ, ਦੂਸਰ ਕੋਇ ਨਜ਼ਰ ਨਾ ਆਇੰਦਾ। ਸਤਿਗੁਰ ਪੂਰਾ ਸਰਬ ਕਲਾ ਸਮਰਾਥਾ, ਨਿਰਗੁਣ ਨੂਰ ਡਗਮਗਾਇੰਦਾ। ਸਤਿਗੁਰ ਪੂਰਾ ਜੁਗਾ ਜੁਗੰਤਰ ਜਾਣੇ ਆਪਣੀ ਗਾਥਾ, ਆਪ ਆਪਣਾ ਨਾਉਂ ਚਲਾਇੰਦਾ। ਸਤਿਗੁਰ ਪੂਰਾ ਲੱਖ ਚੁਰਾਸੀ ਆਪ ਚਲਾਏ ਆਪਣਾ ਰਾਥਾ, ਰਥ ਰਥਵਾਹੀ ਸੇਵ ਕਮਾਇੰਦਾ। ਸਤਿਗੁਰ ਪੂਰਾ ਆਪ ਜਾਣੇ ਪੂਜਾ ਪਾਠਾ, ਏਕਾ ਮੰਤਰ ਨਾਮ ਆਪ ਦ੍ਰਿੜਾਇੰਦਾ। ਸਤਿਗੁਰ ਪੂਰਾ ਲੇਖਾ ਜਾਣੇ ਤੀਰਥ ਸਰੋਵਰ ਅਠਸਾਠਾ, ਆਪ ਆਪਣੀ ਰਚਨ ਰਚਾਇੰਦਾ। ਸਤਿਗੁਰ ਪੂਰਾ ਜਨ ਭਗਤ ਦਵਾਰੇ ਫਿਰੇ ਨਾਠਾ, ਨਿਤ ਨਵਿਤ ਵੇਸ ਵਟਾਇੰਦਾ। ਸਤਿਗੁਰ ਪੂਰਾ ਇਕ ਖੁਲ੍ਹਾਏ ਸਾਚਾ ਹਾਟਾ, ਏਕਾ ਨਾਮ ਵਿਕਾਇੰਦਾ। ਸਤਿਗੁਰ ਪੂਰਾ ਅੰਮ੍ਰਿਤ ਦੇਵੇ ਸਾਚਾ ਬਾਟਾ, ਨਿਝਰ ਧਾਰਾ ਮੁਖ ਚੁਆਇੰਦਾ। ਸਤਿਗੁਰ ਪੂਰਾ ਆਪ ਸੁਹਾਏ ਸਾਚੀ ਖਾਟਾ, ਸਚ ਸਿੰਘਾਸਣ ਆਪ ਵਿਛਾਇੰਦਾ। ਸਤਿਗੁਰ ਪੂਰਾ ਨਿਰਗੁਣ ਜੋਤ ਜਗਾਏ ਲਲਾਟਾ, ਪਰਕਾਸ਼ ਪਰਕਾਸ਼ ਧਰਾਇੰਦਾ। ਸਤਿਗੁਰ ਪੂਰਾ ਨੇੜੇ ਕਰੇ ਵਾਟਾ, ਅਗਲਾ ਪੰਧ ਮੁਕਾਇੰਦਾ। ਸਤਿਗੁਰ ਪੂਰਾ ਪਿਛਲਾ ਪੂਰਾ ਕਰੇ ਘਾਟਾ, ਲੇਖਾ ਲੇਖੇ ਵਿਚ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਸਤਿਗੁਰ ਪੂਰਾ ਹਰਿ ਭਗਵੰਤ, ਪਾਰਬ੍ਰਹਮ ਵੱਡੀ ਵਡਿਆਈਆ। ਸਤਿਗੁਰ ਪੂਰਾ ਲੇਖਾ ਜਾਣੇ ਸਾਧ ਸੰਤ, ਆਦਿ ਜੁਗਾਦੀ ਵੇਖ ਵਖਾਈਆ। ਸਤਿਗੁਰ ਪੂਰਾ ਸਾਚਾ ਕੰਤ, ਨਰ ਨਰਾਇਣ ਇਕ ਅਖਵਾਈਆ। ਸਤਿਗੁਰ ਪੂਰਾ ਬਣਾਏ ਬਣਤ, ਜੋ ਜਨ ਰਸਨਾ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਸਤਿਗੁਰ ਪੂਰਾ ਵੇਸ ਵਟਾਏ, ਅਕਲ ਕਲਾ ਕਲ ਧਾਰਿਆ। ਜੋਤੀ ਨੂਰ ਡਗਮਗਾਏ, ਰੂਪ ਅਨੂਪ ਸੱਚੀ ਸਰਕਾਰਿਆ। ਸਚ ਤਖ਼ਤ ਸੁਲਤਾਨ ਆਸਣ ਲਾਏ, ਘਰ ਸੋਹੇ ਬੰਕ ਦਵਾਰਿਆ। ਸ਼ਬਦ ਅਗੰਮੀ ਹੁਕਮ ਜਣਾਏ, ਖੇਲੇ ਖੇਲ ਬੇਐਬ ਪਰਵਰਦਿਗਾਰਿਆ। ਸਾਚਾ ਨਾਅਰਾ ਆਪ ਲਗਾਏ, ਆਪੇ ਹੋਏ ਸੁਨਣੇਹਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰਿਆ। ਸਤਿਗੁਰ ਪੂਰਾ ਪੁਰਖ ਅਗੰਮ, ਏਕਾ ਏਕ ਸਮਾਇੰਦਾ। ਸਤਿਗੁਰ ਪੂਰਾ ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਵਿਚ ਨਾ ਆਇੰਦਾ। ਸਤਿਗੁਰ ਪੂਰਾ ਨਾ ਤ੍ਰਿਸਨਾ ਨਾ ਕੋਇ ਤੰਮ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਸਤਿਗੁਰ ਪੂਰਾ ਹਡ ਮਾਸ ਨਾੜੀ ਨਾ ਦਿਸੇ ਚੰਮ, ਪੰਜ ਤੱਤ ਨਾ ਕੋਇ ਉਪਾਇੰਦਾ। ਸਤਿਗੁਰ ਪੂਰਾ ਨਾ ਖ਼ੁਸ਼ੀ ਨਾ ਕੋਈ ਗ਼ਮ, ਹਰਖ਼ ਸੋਗ ਨਾ ਕੋਇ ਰਖਾਇੰਦਾ। ਸਤਿਗੁਰ ਪੂਰਾ ਆਪਣਾ ਬੇੜਾ ਆਪੇ ਰਿਹਾ ਬੰਨ, ਸਚ ਮਲਾਹ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇੰਦਾ। ਸਤਿਗੁਰ ਪੂਰਾ ਇਕ ਅਕੱਲਾ, ਏਕਾ ਰੰਗ ਸਮਾਈਆ। ਸਤਿਗੁਰ ਪੂਰਾ ਵਸੇ ਸਚ ਮਹੱਲਾ, ਸਚਖੰਡ ਸੋਭਾ ਪਾਈਆ। ਸਤਿਗੁਰ ਪੂਰਾ ਪੁਰੀਆਂ ਲੋਆਂ ਆਪੇ ਰੱਲਾ, ਆਪ ਆਪਣੀ ਜੋਤ ਕਰ ਰੁਸ਼ਨਾਈਆ। ਸਤਿਗੁਰ ਪੂਰਾ ਖੇਲੇ ਖੇਲ ਕਰ ਕਰ ਵਲ ਛਲਾ, ਅਛਲ ਛਲਧਾਰੀ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਈਆ। ਸਤਿਗੁਰ ਪੂਰਾ ਹਰਿ ਸਾਖਿਆਤ, ਭੇਵ ਕੋਇ ਨਾ ਪਾਇੰਦਾ। ਸਤਿਗੁਰ ਪੂਰਾ ਜੁਗ ਜੁਗ ਮੇਟੇ ਅੰਧੇਰੀ ਰਾਤ, ਸਾਚਾ ਚੰਦ ਚੜ੍ਹਾਇੰਦਾ। ਸਤਿਗੁਰ ਪੂਰਾ ਲੇਖਾ ਜਾਣੇ ਸਤਿਜੁਗ ਵਾਟ, ਤ੍ਰੇਤਾ ਪਾਰ ਕਰਾਇੰਦਾ। ਸਤਿਗੁਰ ਪੂਰਾ ਦੁਆਪਰ ਸੁਹਾਏ ਆਪਣੀ ਖਾਟ, ਦੂਸਰ ਹੋਰ ਨਾ ਕੋਇ ਜਗਾਇੰਦਾ। ਸਤਿਗੁਰ ਪੂਰਾ ਕਲਜੁਗ ਵੇਖੇ ਨੇੜੇ ਵਾਟ, ਲੋਕਮਾਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਖੇਲ ਖਿਲਾਇੰਦਾ। ਸਤਿਗੁਰ ਪੂਰਾ ਏਕੰਕਾਰ, ਸਰਬ ਘਟਾਂ ਘਟ ਵਾਸਿਆ। ਸਤਿਗੁਰ ਪੂਰਾ ਸ਼ਬਦ ਭੰਡਾਰ, ਭਗਤ ਭਗਵੰਤ ਪਾਵੇ ਸਾਚੀ ਰਾਸਿਆ। ਸਤਿਗੁਰ ਪੂਰਾ ਖੇਲ ਅਪਾਰ, ਖੇਲੇ ਖੇਲ ਪੁਰਖ ਅਬਿਨਾਸ਼ਿਆ। ਸਤਿਗੁਰ ਪੂਰਾ ਜੋਤ ਆਧਾਰ, ਪਰਗਟ ਹੋਏ ਪ੍ਰਿਥਮੀ ਆਕਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖੇ ਖੇਲ ਤਮਾਸਿਆ। ਸਤਿਗੁਰ ਪੂਰਾ ਆਦਿ ਨਿਰੰਜਣ, ਆਦਿ ਜੁਗਾਦੀ ਵਡ ਵਡਿਆਈਆ। ਸਤਿਗੁਰ ਪੂਰਾ ਦਾਤਾ ਦਾਨੀ ਦਰਦ ਦੁੱਖ ਭੈ ਭੰਜਣ, ਭਵਸਾਗਰ ਪਾਰ ਕਰਾਈਆ। ਸਤਿਗੁਰ ਪੂਰਾ ਨੇਤਰ ਗਿਆਨ ਪਾਏ ਨਾਮ ਅੰਜਣ, ਅੰਧ ਅੰਧੇਰ ਮਿਟਾਈਆ। ਸਤਿਗੁਰ ਪੂਰਾ ਸੱਚਾ ਸੱਜਣ, ਘਰ ਮੇਲੇ ਸਹਿਜ ਸੁਭਾਈਆ। ਸਤਿਗੁਰ ਪੂਰਾ ਚਰਨ ਧੂੜ ਕਰਾਏ ਮਜਨ, ਦੁਰਮਤ ਮੈਲ ਦਏ ਗਵਾਈਆ। ਸਤਿਗੁਰ ਪੂਰਾ ਜੁਗ ਜੁਗ ਆਏ ਜਨ ਭਗਤਾਂ ਆਪੇ ਪੜਦੇ ਕੱਜਣ, ਨਿਰਗੁਣ ਸਰਗੁਣ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਖੇਲ ਖਿਲਾਈਆ। ਸਤਿਗੁਰ ਪੂਰਾ ਵਿਸ਼ਵ ਦੇਵ, ਵਾਸਤਕ ਰੂਪ ਸਮਾਇੰਦਾ। ਸਤਿਗੁਰ ਪੂਰਾ ਅਲਖ ਅਭੇਵ, ਅਗੰਮ ਅਥਾਹ ਆਪ ਹੋ ਜਾਇੰਦਾ। ਸਤਿਗੁਰ ਪੂਰਾ ਸਦਾ ਨਿਹਕੇਵ, ਨਿਹਕਰਮੀ ਕਰਮ ਕਮਾਇੰਦਾ। ਸਤਿਗੁਰ ਪੂਰਾ ਜੁਗ ਜੁਗ ਜਨ ਭਗਤਾਂ ਕਰੇ ਸਾਚੀ ਸੇਵ, ਸਾਚਾ ਨਾਮ ਝੋਲੀ ਪਾਇੰਦਾ। ਸਤਿਗੁਰ ਪੂਰਾ ਲੇਖਾ ਜਾਣੇ ਰਸਨਾ ਜੇਹਵ, ਆਪ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਬਣਤ ਬਣਾਇੰਦਾ। ਸਤਿਗੁਰ ਪੂਰਾ ਬਨ ਬਨਵਾਰੀ, ਬਾਵਨ ਭੇਖ ਵਟਾਈਆ। ਸਤਿਗੁਰ ਪੂਰਾ ਰਾਮ ਅਵਤਾਰੀ, ਨਾਨਾ ਰੂਪ ਕਰੇ ਰੁਸ਼ਨਾਈਆ। ਸਤਿਗੁਰ ਪੂਰਾ ਕ੍ਰਿਸ਼ਨ ਮੁਰਾਰੀ, ਗੋਪੀ ਕਾਹਨ ਆਪ ਨਚਾਈਆ। ਸਤਿਗੁਰ ਪੂਰਾ ਬੋਧ ਜੈਕਾਰੀ, ਬ੍ਰਹਮ ਗਿਆਨ ਦ੍ਰਿੜਾਈਆ। ਸਤਿਗੁਰ ਪੂਰਾ ਈਸਾ ਮੂਸਾ ਦਏ ਸਹਾਰੀ, ਏਕਾ ਕਲਮਾ ਅਮਾਮ ਬਣਾਈਆ। ਸਤਿਗੁਰ ਪੂਰਾ ਸੰਗ ਮੁਹੰਮਦ ਮੇਲ ਮਿਲਾਏ ਜਗਤ ਯਾਰੀ, ਸਾਚਾ ਨਾਤਾ ਜੋੜ ਜੁੜਾਈਆ। ਸਤਿਗੁਰ ਪੂਰਾ ਨਿਰਗੁਣ ਜੋਤ ਜਗਾਏ ਨਾਨਕ ਨਿਰੰਕਾਰੀ, ਲੋਕਮਾਤ ਵੇਸ ਵਟਾਈਆ। ਸਤਿਗੁਰ ਪੂਰਾ ਬਖ਼ਸ਼ੇ ਏਕਾ ਦਾਤ ਏਕਾ ਜੋਤ ਦਸ ਅਵਤਾਰੀ, ਗੁਰ ਗੋਬਿੰਦ ਨਾਉਂ ਧਰਾਈਆ। ਸਤਿਗੁਰ ਪੂਰਾ ਬਣੇ ਸ਼ਬਦ ਲਿਖਾਰੀ, ਸਚ ਭੰਡਾਰਾ ਆਪ ਵਰਤਾਈਆ। ਸਤਿਗੁਰ ਪੂਰਾ ਬ੍ਰਹਮਾ ਦੇਵੇ ਇਕ ਸਹਾਰੀ, ਚਾਰੇ ਵੇਦਾਂ ਦਏ ਜਣਾਈਆ। ਸਤਿਗੁਰ ਪੂਰਾ ਵੇਦ ਵਿਆਸੇ ਪਾਵੇ ਸਾਰੀ, ਅਠਾਰਾਂ ਪੁਰਾਨ ਰਿਹਾ ਗਾਈਆ। ਸਤਿਗੁਰ ਪੂਰਾ ਮੁਕੰਦ ਮਨੋਹਰ ਲੱਖਮੀ ਨਰਾਇਣ ਕਾਹਨਾ ਕ੍ਰਿਸ਼ਨਾ ਕਰ ਉਜਿਆਰੀ, ਗੀਤਾ ਗਿਆਨ ਅਠਾਰਾਂ ਧਿਆਏ ਆਪੇ ਰਿਹਾ ਸੁਣਾਈਆ। ਸਤਿਗੁਰ ਪੂਰਾ ਅੰਜੀਲ ਕੁਰਾਨ ਕਰ ਉਜਿਆਰੀ, ਤੀਸ ਬਤੀਸਾ ਸੋਭਾ ਪਾਈਆ। ਸਤਿਗੁਰ ਪੂਰਾ ਨਾਨਕ ਨਾਮ ਦੇਵੇ ਨਿਰਗੁਣ ਸ਼ਬਦ ਭੰਡਾਰੀ, ਸਾਚੀ ਵਸਤ ਝੋਲੀ ਪਾਈਆ। ਸਤਿਗੁਰ ਪੂਰਾ ਗੁਰ ਗੋਬਿੰਦ ਬਣਾਏ ਸੁੱਤ ਦੁਲਾਰੀ, ਸਾਚੀ ਸੇਵਾ ਇਕ ਸਮਝਾਈਆ। ਸਤਿਗੁਰ ਪੂਰਾ ਜੋਧਾ ਸੂਰਬੀਰ ਬਲਕਾਰੀ, ਸ਼ਸਤਰ ਬਸਤਰ ਆਪ ਵਖਾਈਆ। ਸਤਿਗੁਰ ਪੂਰਾ ਨੰਗੀ ਕਰੇ ਤੇਜ਼ ਕਟਾਰੀ, ਬ੍ਰਹਿਮੰਡਾਂ ਖੰਡਾਂ ਆਪ ਚਮਕਾਈਆ। ਸਤਿਗੁਰ ਪੂਰਾ ਦੇਵੇ ਸ਼ਬਦ ਹੁਲਾਰੀ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਇਕ ਅਖਵਾਈਆ। ਸਤਿਗੁਰ ਪੂਰਾ ਇਸ਼ਟ ਗੁਰਦੇਵ, ਅਲੱਖ ਨਿਰੰਜਣ ਆਪ ਅਖਵਾਇੰਦਾ। ਜੁਗਾਂ ਜੁਗੰਤਰ ਕਰੇ ਸਾਚੀ ਸੇਵ, ਸਾਖਿਆਤ ਰੂਪ ਵਟਾਇੰਦਾ। ਸਤਿਗੁਰ ਪੂਰਾ ਬਖ਼ਸ਼ਣਹਾਰਾ ਸਾਚਾ ਮੇਵ, ਅੰਮ੍ਰਿਤ ਫਲ ਇਕ ਖੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਸਤਿਗੁਰ ਪੂਰਾ ਅਕਲ ਕਲਧਾਰੀ, ਏਕਾ ਏਕ ਅਖਵਾਇਆ। ਸਤਿਗੁਰ ਪੂਰਾ ਜੋਤ ਨਿਰੰਕਾਰੀ, ਨਿਰਗੁਣ ਆਪਣਾ ਵੇਸ ਵਟਾਇਆ। ਸਤਿਗੁਰ ਪੂਰਾ ਕੰਤ ਮੁਰਾਰੀ, ਸਗਲਾ ਸੰਗ ਨਿਭਾਇਆ। ਸਤਿਗੁਰ ਪੂਰਾ ਨਾ ਪੁਰਖ ਨਾ ਦਿਸੇ ਨਾਰੀ, ਨਾ ਕੋਈ ਅੰਗ ਉਪਾਇਆ। ਸਤਿਗੁਰ ਪੂਰਾ ਆਪਣੀ ਇਛਿਆ ਬ੍ਰਹਮਾ ਵਿਸ਼ਨ ਸ਼ਿਵ ਕਰ ਪਸਾਰੀ, ਤ੍ਰੈ ਤ੍ਰੈ ਜੋੜ ਜੁੜਾਇਆ। ਸਤਿਗੁਰ ਪੂਰਾ ਆਪਣੀ ਭਿਛਿਆ ਲੱਖ ਚੁਰਾਸੀ ਭਰੇ ਭੰਡਾਰੀ, ਸਚ ਭੰਡਾਰਾ ਆਪ ਵਰਤਾਇਆ। ਸਤਿਗੁਰ ਪੂਰਾ ਹਰਿ ਭਗਤਾਂ ਦੇਵੇ ਨਾਮ ਖੁਮਾਰੀ, ਏਕਾ ਰੰਗਣ ਰੰਗ ਰੰਗਾਇਆ। ਸਤਿਗੁਰ ਪੂਰਾ ਸਾਚੇ ਸੰਤਾਂ ਲਾਵੇ ਸਾਚੀ ਯਾਰੀ, ਸਗਲਾ ਸੰਗ ਆਪ ਹੋ ਜਾਇਆ। ਸਤਿਗੁਰ ਪੂਰਾ ਗੁਰਮੁਖਾਂ ਦੇਵੇ ਇਕ ਅਧਾਰੀ, ਚਰਨ ਨਾਤਾ ਜੋੜ ਜੁੜਾਇਆ। ਸਤਿਗੁਰ ਪੂਰਾ ਗੁਰਸਿਖਾਂ ਸੁਰਤੀ ਰਹਿਣ ਨਾ ਦੇਵੇ ਮਾਤ ਕੁਆਰੀ, ਆਪ ਆਪਣੇ ਲੜ ਲਏ ਲਗਾਇਆ। ਕਲਜੁਗ ਅੰਤਮ ਆਈ ਵਾਰੀ, ਨਿਹਕਲੰਕੀ ਜਾਮਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬਲ ਧਰਾਇਆ। ਸਤਿਗੁਰ ਪੂਰਾ ਨਿਹਕਲੰਕ, ਹਰਿ ਹਰਿ ਆਪ ਅਖਵਾਇੰਦਾ। ਸਤਿਗੁਰ ਪੂਰਾ ਵਜਾਏ ਡੰਕ, ਰਾਮ ਨਾਮ ਨਗਾਰੇ ਚੋਟ ਆਪ ਲਗਾਇੰਦਾ। ਸਤਿਗੁਰ ਪੂਰਾ ਇਕ ਵਖਾਏ ਆਪਣਾ ਅੰਕ, ਏਕਾ ਦੂਆ ਆਪ ਪੜ੍ਹਾਇੰਦਾ। ਸਤਿਗੁਰ ਪੂਰਾ ਇਕ ਸੁਹਾਏ ਬੰਕ, ਬੰਕ ਦਵਾਰੀ ਦਇਆ ਕਮਾਇੰਦਾ। ਸਤਿਗੁਰ ਪੂਰਾ ਗੁਰਸਿਖ ਤਰਾਏ ਜਿਉਂ ਜਨ ਜਨਕ, ਜਨ ਜਨਨੀ ਲੇਖੇ ਲਾਇੰਦਾ। ਜੋਤੀ ਸ਼ਬਦੀ ਲਾਏ ਤਨਕ, ਸੋਏ ਪੂਤ ਮਾਤ ਉਠਾਇੰਦਾ। ਸਤਿਗੁਰ ਪੂਰਾ ਪਰਗਟ ਹੋਏ ਵਾਸੀ ਪੁਰੀ ਘਨਕ, ਅਕਲ ਕਲ ਧਾਰੀ ਵੇਸ ਵਟਾਇੰਦਾ। ਸਤਿਗੁਰ ਪੂਰਾ ਕਲਜੁਗ ਮਾਇਆ ਪਾਏ ਬੇਅੰਤ, ਲੱਖ ਚੁਰਾਸੀ ਪੜਦਾ ਕੋਈ ਨਾ ਲਾਹਿੰਦਾ। ਸਤਿਗੁਰ ਪੂਰਾ ਵੇਖੇ ਪਰਖੇ ਸਾਧ ਸੰਤ, ਅੰਦਰ ਮੰਦਰ ਫੋਲ ਫੁਲਾਇੰਦਾ। ਸਤਿਗੁਰ ਪੂਰਾ ਗੁਰਮੁਖ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਆਪ ਆਪਣੇ ਰੰਗ ਰੰਗਾਇੰਦਾ। ਸਤਿਗੁਰ ਪੂਰਾ ਤੋੜੇ ਗੜ੍ਹ ਹਉਮੇ ਹੰਗਤ, ਹਰਿ ਕੀ ਪੌੜੀ ਇਕ ਚੜ੍ਹਾਇੰਦਾ। ਸਤਿਗੁਰ ਪੂਰਾ ਦੂਜੇ ਦਰ ਨਾ ਜਾਏ ਮੰਗਤ, ਆਪਣਾ ਇਸ਼ਟ ਨਾ ਹੋਰ ਕੋਈ ਵਖਾਇੰਦਾ। ਸਤਿਗੁਰ ਪੂਰਾ ਨਾਤਾ ਜੋੜੇ ਨਾਲ ਸੰਗਤ, ਆਪ ਆਪਣੇ ਅੰਗ ਲਗਾਇੰਦਾ। ਸਤਿਗੁਰ ਪੂਰਾ ਗੁਰਮੁਖਾਂ ਦਵਾਰੇ ਹੋਏ ਮੰਗਤ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਸਤਿਗੁਰ ਪੂਰਾ ਲੇਖਾ ਜਾਣੇ ਨਾਨਕ ਅੰਗਦ, ਅੰਗੀਕਾਰ ਆਪ ਕਰਾਇੰਦਾ। ਸਤਿਗੁਰ ਪੂਰਾ ਲਹਿਣਾ ਦੇਣਾ ਚੁਕਾਏ ਭੁੱਖ ਨੰਗਤ, ਭੁੱਖੇ ਨੰਗੇ ਆਪਣੇ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਆਪ ਆਪਣਾ ਖੇਲ ਖਿਲਾਇੰਦਾ। ਸਤਿਗੁਰ ਪੂਰਾ ਸ਼ਬਦ ਬਲਵਾਨਾ, ਨਿਹਕਲੰਕ ਅਖਵਾਈਆ। ਸਤਿਗੁਰ ਪੂਰਾ ਨੌਜਵਾਨਾ, ਨਾ ਮਰੇ ਨਾ ਜਾਈਆ। ਸਤਿਗੁਰ ਪੂਰਾ ਪੁਰਖ ਸੁਲਤਾਨਾ, ਸਚਖੰਡ ਬੈਠਾ ਜੋਤ ਜਗਾਈਆ। ਸਤਿਗੁਰ ਪੂਰਾ ਨਾਮ ਵਜਾਏ ਨਾਦ ਤਰਾਨਾ, ਆਪਣਾ ਰਾਗ ਅਲਾਈਆ। ਸਤਿਗੁਰ ਪੂਰਾ ਰਵ ਸਸ ਉਪਜਾਏ ਕੋਟਨ ਕੋਟ ਭਾਨਾ, ਦੇਵਣਹਾਰ ਵਡ ਵਡਿਆਈਆ। ਸਤਿਗੁਰ ਪੂਰਾ ਪਾਵੇ ਸਾਰ ਜ਼ਿਮੀ ਅਸਮਾਨਾ, ਗਗਨ ਪਾਤਾਲਾ ਵੇਖ ਵਖਾਈਆ। ਸਤਿਗੁਰ ਪੂਰਾ ਵਾਲੀ ਦੋ ਜਹਾਨਾ, ਬ੍ਰਹਿਮੰਡ ਖੰਡ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਧਰਾਈਆ। ਸਤਿਗੁਰ ਪੂਰਾ ਆਪਣਾ ਨਾਉਂ ਰੱਖ, ਨਿਹਕਲੰਕ ਡੰਕ ਵਜਾਇੰਦਾ। ਸਤਿਗੁਰ ਪੂਰਾ ਹੋ ਪਰਤੱਖ, ਨਿਰਗੁਣ ਸਰਗੁਣ ਜੋਤ ਜਗਾਇੰਦਾ। ਸਤਿਗੁਰ ਪੂਰਾ ਕਰਨਹਾਰਾ ਕੱਖੋਂ ਲੱਖ, ਕਰਤਾ ਕੀਮਤ ਆਪੇ ਪਾਇੰਦਾ। ਸਤਿਗੁਰ ਪੂਰਾ ਗੁਰਸਿਖ ਲੱਖ ਚੁਰਾਸੀ ਨਾਲੋਂ ਕਰੇ ਵੱਖ, ਆਪ ਆਪਣੇ ਚਰਨ ਬਹਾਇੰਦਾ। ਸਤਿਗੁਰ ਪੂਰਾ ਕਿਸ਼ਨਾ ਸੁਖਲਾ ਜਾਣੇ ਪੱਖ, ਵਦੀ ਸੁਦੀ ਫੋਲ ਫੋਲਾਇੰਦਾ। ਸਤਿਗੁਰ ਪੂਰਾ ਹਰਿ ਸੰਤ ਸੁਹੇਲੇ ਲਏ ਰੱਖ, ਭਗਤਾਂ ਭਗਤੀ ਲੇਖੇ ਲਾਇੰਦਾ । ਸਤਿਗੁਰ ਪੂਰਾ ਜਗਤ ਵਿਕਾਰਾ ਦੇਵੇ ਮੱਥ, ਨੌ ਖੰਡ ਪ੍ਰਿਥਮੀ ਫੇਰਾ ਪਾਇੰਦਾ। ਸਤਿਗੁਰ ਪੂਰਾ ਸੱਤਾਂ ਦੀਪਾਂ ਵੇਖੇ ਤਪਿਆ ਮੱਠ, ਚਾਰੇ ਕੁੰਟਾਂ ਆਪ ਤਪਾਇੰਦਾ। ਸਤਿਗੁਰ ਪੂਰਾ ਜੁਗ ਜੁਗ ਗੇੜਨਹਾਰਾ ਉਲਟੀ ਲੱਠ, ਗੇੜਾ ਆਪਣੇ ਹੱਥ ਰਖਾਇੰਦਾ। ਸਤਿਗੁਰ ਪੂਰਾ ਵਸਣਹਾਰਾ ਘਟ ਘਟ, ਨਿਝ ਘਰ ਆਤਮ ਜੋਤ ਜਗਾਇੰਦਾ। ਸਤਿਗੁਰ ਪੂਰਾ ਮੇਟਣਹਾਰਾ ਦਵੈਤੀ ਫਟ, ਨਾਮ ਪੱਟੀ ਏਕਾ ਲਾਇੰਦਾ। ਸਤਿਗੁਰ ਪੂਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਧਰਾਇੰਦਾ। ਸਤਿਗੁਰ ਪੂਰਾ ਨਰ ਨਰਾਇਣ, ਨਿਰਗੁਣ ਜੋਤ ਨੂਰ ਨੁਰਾਨਿਆ। ਸਤਿਗੁਰ ਪੂਰਾ ਸਾਕ ਸੱਜਣ ਸੈਣ, ਮੀਤ ਮੁਰਾਰ ਆਪ ਅਖਵਾ ਲਿਆ। ਸਤਿਗੁਰ ਪੂਰਾ ਚੁਕਾਏ ਲਹਿਣ ਦੇਣ, ਪੂਰਬ ਲਹਿਣਾ ਵੇਖ ਵਖਾ ਲਿਆ। ਸਤਿਗੁਰ ਪੂਰਾ ਮਾਤ ਪਿਤ ਬਣੇ ਭਾਈ ਭੈਣ, ਪੁੱਤਰ ਧੀਆਂ ਰੂਪ ਵਟਾ ਲਿਆ। ਸਤਿਗੁਰ ਪੂਰਾ ਵੇਖੇ ਆਪਣੇ ਨੈਣ, ਨੇਤਰ ਗਿਆਨ ਇਕ ਖੁਲ੍ਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਨਿਭਾ ਲਿਆ। ਸਤਿਗੁਰ ਪੂਰਾ ਹਰਿ ਸੱਜਣ ਮੀਤ, ਪਾਰਬ੍ਰਹਮ ਅਖਵਾਇੰਦਾ। ਸਤਿਗੁਰ ਪੂਰਾ ਪਤਿਤ ਪਾਪੀ ਕਰੇ ਪੁਨੀਤ, ਪਤਿਤ ਪਾਵਣ ਨਾਉਂ ਧਰਾਇੰਦਾ। ਸਤਿਗੁਰ ਪੂਰਾ ਆਦਿ ਜੁਗਾਦੀ ਠੰਡਾ ਸੀਤ, ਅਗਨੀ ਅਗਨ ਨਾ ਕੋਈ ਤਪਾਇੰਦਾ। ਸਤਿਗੁਰ ਪੂਰਾ ਜੁਗਾ ਜੁਗੰਤਰ ਚਲਾਏ ਆਪਣੀ ਰੀਤ, ਦੂਜਾ ਸੰਗ ਨਾ ਕੋਈ ਰਖਾਇੰਦਾ। ਸਤਿਗੁਰ ਪੂਰਾ ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਕੋਈ ਰਖਾਇੰਦਾ। ਸਤਿਗੁਰ ਪੂਰਾ ਦੇਵੇ ਨਾਮ ਸ਼ਬਦ ਅਨਡੀਠ, ਲਿਖਣ ਪੜ੍ਹਣ ਵਿਚ ਨਾ ਆਇੰਦਾ। ਸਤਿਗੁਰ ਪੂਰਾ ਬੀਠਲੋ ਬੀਠ, ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਮ ਵਡਿਆਇੰਦਾ। ਸਤਿਗੁਰ ਪੂਰਾ ਸਾਗਰ ਸਿੰਧ, ਭੇਵ ਕੋਇ ਨਾ ਪਾਇੰਦਾ। ਸਤਿਗੁਰ ਪੂਰਾ ਗੁਣੀ ਗਹਿੰਦ, ਗਹਿਰ ਗੰਭੀਰ ਅਖਵਾਇੰਦਾ। ਸਤਿਗੁਰ ਪੂਰਾ ਹਰਿ ਭਗਤ ਉਪਜਾਏ ਆਪਣੀ ਬਿੰਦ, ਨਾਦੀ ਸੁਤ ਨਾਉਂ ਧਰਾਇੰਦਾ। ਸਤਿਗੁਰ ਪੂਰਾ ਸਦ ਬਖ਼ਸ਼ਿੰਦ, ਦਰ ਆਏ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਜਾਮਾ ਹਰਿ ਹਰਿ ਰਾਮਾ ਆਪਣਾ ਰੂਪ ਵਟਾਇੰਦਾ। ਸਤਿਗੁਰ ਪੂਰਾ ਜੋਬਨ ਧਾਰ, ਬਾਲ ਬਿਰਧ ਨਾ ਕੋਈ ਰਖਾਈਆ। ਸਤਿਗੁਰ ਪੂਰਾ ਖੇਲ ਅਪਾਰ, ਖ਼ਾਲਕ ਖ਼ਲਕ ਵੇਖ ਵਖਾਈਆ। ਸਤਿਗੁਰ ਪੂਰਾ ਵਸੇ ਉਚ ਮਿਨਾਰ, ਮਹੱਲ ਅਟੱਲ ਇਕ ਸੁਹਾਈਆ। ਸਤਿਗੁਰ ਪੂਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਬੇਪਰਵਾਹੀਆ। ਸਤਿਗੁਰ ਪੂਰਾ ਸ੍ਰਿਸ਼ਟ ਧਾਰ, ਧਰਨੀ ਧਰਤ ਧਵਲ ਆਪ ਸੁਹਾਇੰਦਾ। ਸਤਿਗੁਰ ਪੂਰਾ ਲੱਖ ਚੁਰਾਸੀ ਪਾਵੇ ਸਾਰ, ਕਰਨੀ ਕਰਤਾ ਕਿਰਤ ਕਮਾਇੰਦਾ। ਸਤਿਗੁਰ ਪੂਰਾ ਸਰਗੁਣ ਰੂਪ ਹੋ ਉਜਿਆਰ, ਨਿਰਗੁਣ ਖੇਲ ਖਿਲਾਇੰਦਾ। ਸਤਿਗੁਰ ਪੂਰਾ ਗੁਰਮੁਖਾਂ ਕਰੇ ਪਿਆਰ, ਜਾਗਰਤ ਜੋਤ ਇਕ ਜਗਾਇੰਦਾ। ਸਤਿਗੁਰ ਪੂਰਾ ਹਰਿ ਸੰਗਤ ਵਖਾਏ ਸਚ ਦਰਬਾਰ, ਸਚ ਭੂਮਕਾ ਅਸਥਾਨ ਆਪ ਸੁਹਾਇੰਦਾ। ਸਤਿਗੁਰ ਪੂਰਾ ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਜਗਾਇੰਦਾ। ਸਤਿਗੁਰ ਪੂਰਾ ਸਦਾ ਸਦ ਜਾਗੇ, ਆਲਸ ਨਿੰਦਰਾ ਵਿਚ ਨਾ ਆਈਆ। ਸਤਿਗੁਰ ਪੂਰਾ ਜਨ ਭਗਤਾਂ ਆਪਣੀ ਹੱਥੀਂ ਪਕੜੇ ਵਾਗੇ, ਬਣੇ ਰਥ ਰਥਵਾਹੀਆ। ਸਤਿਗੁਰ ਪੂਰਾ ਦੁਰਮਤ ਮੈਲ ਧੋਵੇ ਦਾਗੇ, ਕੂੜੀ ਕਿਰਿਆ ਦਏ ਮਿਟਾਈਆ। ਸਤਿਗੁਰ ਪੂਰਾ ਮੇਲ ਮਿਲਾਵਾ ਕੰਤ ਸੁਹਾਗੇ, ਘਰ ਸਾਚੇ ਸੋਭਾ ਪਾਈਆ। ਸਤਿਗੁਰ ਪੂਰਾ ਕਲਜੁਗ ਅੰਤਮ ਨਿਰਗੁਣ ਜੋਤ ਕਰੇ ਪਰਕਾਸ਼ ਦੇਸ ਮਾਝੇ, ਆਪਣੇ ਹੱਥ ਰੱਖੇ ਵਡਿਆਈਆ। ਸਤਿਗੁਰ ਪੂਰਾ ਜੁਗਾ ਜੁਗੰਤਰ ਸਾਜਣ ਸਾਜੇ, ਜੁਗ ਜੁਗ ਵੇਖ ਵਖਾਈਆ। ਸਤਿਗੁਰ ਪੂਰਾ ਲੋਕਮਾਤ ਆਏ ਭਾਜੇ, ਆਪਣਾ ਕੀਤਾ ਭੁੱਲ ਨਾ ਜਾਈਆ। ਸਤਿਗੁਰ ਪੂਰਾ ਨਾਉਂ ਧਰਾਏ ਗ਼ਰੀਬ ਨਿਵਾਜੇ, ਗ਼ਰੀਬ ਨਿਮਾਣੇ ਲਏ ਉਠਾਈਆ। ਸਤਿਗੁਰ ਪੂਰਾ ਅਸਵ ਘੋੜੇ ਚੜ੍ਹੇ ਤਾਜੇ, ਸ਼ਬਦ ਘੋੜਾ ਇਕ ਦੌੜਾਈਆ। ਸਤਿਗੁਰ ਪੂਰਾ ਘਰ ਘਰ ਗੁਰਸਿਖਾਂ ਸੁਤਿਆਂ ਮਾਰੇ ਵਾਜੇ, ਸ਼ਬਦ ਸਰੂਪੀ ਸੇਵ ਕਮਾਈਆ। ਸਤਿਗੁਰ ਪੂਰਾ ਹਰਿਜਨ ਸਾਚੇ ਰੱਖੇ ਲਾਜੇ, ਜੰਗਲ ਜੂਹ ਉਜਾੜ ਪਹਾੜ ਭਵ ਸਾਗਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਵਡ ਵਡਿਆਈਆ। ਸਤਿਗੁਰ ਸਦ ਮਿਹਰਵਾਨਾ, ਸਤਿ ਪੁਰਖ ਅਖਵਾਇੰਦਾ। ਸਤਿਗੁਰ ਪੂਰਾ ਸਾਚਾ ਦੱਸੇ ਧਾਮ ਨਿਸ਼ਾਨਾ, ਥਿਰ ਘਰ ਸਾਚਾ ਇਕ ਸੁਹਾਇੰਦਾ। ਸਤਿਗੁਰ ਪੂਰਾ ਵਖਾਏ ਏਕਾ ਮਸਤੂਆਣਾ, ਚਰਨ ਕਵਲ ਕਵਲ ਚਰਨ ਇਕ ਸੁਹਾਇੰਦਾ। ਸਤਿਗੁਰ ਪੂਰਾ ਡਰਨ ਮਰਨ ਦੀ ਚੁਕਾਏ ਕਾਨਾ, ਆਵਣ ਜਾਵਣ ਫੰਦ ਕਟਾਇੰਦਾ। ਸਤਿਗੁਰ ਪੂਰਾ ਗੁਰਸਿਖਾਂ ਦੇਵੇ ਇਕ ਬਿਬਾਨਾ, ਆਪਣੀ ਹੱਥੀ ਆਪ ਚੜ੍ਹਾਇੰਦਾ। ਸਤਿਗੁਰ ਪੂਰਾ ਕਿਸੇ ਹੱਥ ਨਾ ਆਏ ਰਾਜੇ ਰਾਣਾ, ਕੋਟਨ ਕੋਟੀ ਰਾਹ ਤਕਾਇੰਦਾ। ਸਤਿਗੁਰ ਪੂਰਾ ਆਪੇ ਵਰਤੇ ਆਪਣਾ ਭਾਣਾ, ਦੂਸਰ ਭਾਣਾ ਨਾ ਕੋਈ ਵਖਾਇੰਦਾ। ਸਤਿਗੁਰ ਪੂਰਾ ਸ਼ਾਹ ਸੁਲਤਾਨਾ, ਗੁਰਸਿਖਾਂ ਮੇਲ ਮਿਲਾਇੰਦਾ। ਸਤਿਗੁਰ ਪੂਰਾ ਏਕਾ ਆਪਣੀ ਹੱਥੀਂ ਬੰਨ੍ਹੇ ਗਾਨਾ, ਸੰਮਤ ਸੋਲਾਂ ਸਗਨ ਮਨਾਇੰਦਾ। ਸਤਿਗੁਰ ਪੂਰਾ ਪੂਰਬ ਕਰਮਾਂ ਹੋਇਆ ਜਾਣੀ ਜਾਣਾ, ਜਨਮ ਜਨਮ ਦੇ ਵਿਛੜੇ ਮੇਲ ਮਿਲਾਇੰਦਾ। ਸਤਿਗੁਰ ਪੂਰਾ ਆਪ ਵਖਾਏ ਆਪਣਾ ਪਦ ਨਿਰਬਾਨਾ, ਜਿਸ ਜਨ ਆਪਣਾ ਦਰਸ ਵਖਾਇੰਦਾ। ਬਿਨ ਹਰਿ ਦਵਾਰ ਨਾ ਦੂਸਰ ਕੋਇ ਮਸਤੂਆਣਾ, ਦਰ ਸਾਚਾ ਏਕਾ ਸੋਭਾ ਪਾਇੰਦਾ। ਸਾਧਾਂ ਸੰਤਾਂ ਦਿਸੇ ਸਚ ਟਿਕਾਨਾ, ਸਾਚੇ ਮਾਰਗ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਉਹਲਾ ਬਣ ਵਿਚੋਲਾ ਸ਼ਬਦ ਪੜਦਾ ਲਾਇੰਦਾ। ਸਤਿਗੁਰ ਪੂਰਾ ਬਣੇ ਵਿਚੋਲਾ, ਕਲਜੁਗ ਅੰਤਮ ਵੱਜੇ ਵਧਾਈਆ। ਸਤਿਗੁਰ ਪੂਰਾ ਗਾਏ ਢੋਲਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਸਤਿਗੁਰ ਪੂਰਾ ਬਣਿਆ ਤੋਲਾ, ਹੰ ਬ੍ਰਹਮ ਤੋਲ ਤੁਲਾਈਆ। ਸਤਿਗੁਰ ਪੂਰਾ ਆਪੇ ਵੇਖੇ ਆਪਣਾ ਡੋਲਾ, ਲੱਖ ਚੁਰਾਸੀ ਡੋਲੀ ਅੰਦਰ ਪਾਈਆ। ਸਤਿਗੁਰ ਪੂਰਾ ਖੇਲਣਹਾਰਾ ਆਪਣਾ ਹੋਲਾ, ਆਪ ਆਪਣਾ ਰੰਗ ਚੜ੍ਹਾਈਆ। ਸਤਿਗੁਰ ਪੂਰਾ ਆਪੇ ਬਦਲੇ ਆਪਣਾ ਚੋਲਾ, ਜੋਤੀ ਜਾਮਾ ਭੇਖ ਵਟਾਈਆ। ਮਸਤੂਆਣਾ ਜਗਤ ਦਵਾਰ, ਕਲਜੁਗ ਜੀਵ ਪਾਇਣ ਰੌਲਾ, ਹਰਿ ਕਾ ਦਰ ਨਜ਼ਰ ਨਾ ਆਈਆ। ਪੁਰਖ ਅਬਿਨਾਸ਼ੀ ਬਣਿਆ ਆਲਾ ਭੋਲਾ, ਆਪਣੀ ਮਾਇਆ ਨਾਲ ਰਲਾਈਆ। ਗੁਰਸਿਖਾਂ ਅੰਦਰ ਆਪੇ ਮੌਲਾ, ਫੁਲ ਫੁਲਵਾੜੀ ਆਪ ਮਹਿਕਾਈਆ। ਦੇਵੇ ਵਡਿਆਈ ਉਪਰ ਧਵਲਾ, ਜੋ ਜਨ ਲੇਖੇ ਲਏ ਲਗਾਈਆ। ਪਾਵੇ ਸਾਰ ਸਾਵਲ ਸਵਲਾ, ਕਾਹਨਾ ਕ੍ਰਿਸ਼ਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਈਆ। ਸਤਿਗੁਰ ਪੂਰਾ ਗੁਰ ਗੋਬਿੰਦ, ਗੁਣ ਗੁਣਵੰਤ ਅਖਵਾਇੰਦਾ। ਸਤਿਗੁਰ ਪੂਰਾ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਮੇਟ ਮਿਟਾਇੰਦਾ। ਸਤਿਗੁਰ ਪੂਰਾ ਲੇਖਾ ਜਾਣੇ ਸੁਰਪਤ ਰਾਜਾ ਇੰਦ, ਕਰੋੜ ਤੇਤੀਸਾ ਵੇਖ ਵਖਾਇੰਦਾ। ਸਤਿਗੁਰ ਪੂਰਾ ਆਪ ਉਠਾਏ ਸ਼ਿਵ ਸ਼ੰਕਰ ਗੁਣੀ ਗਹਿੰਦ, ਆਪ ਆਪਣਾ ਹੁਕਮ ਸੁਣਾਇੰਦਾ। ਸਤਿਗੁਰ ਪੂਰਾ ਬ੍ਰਹਮਾ ਦੇਵੇ ਏਕਾ ਦਾਨ ਬਣ ਬਖ਼ਸ਼ਿੰਦ, ਆਪਣੀ ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਸਤਿਗੁਰ ਪੂਰਾ ਵਿਸ਼ਨੂੰ ਉਪਜਾਏ ਆਪਣੀ ਬਿੰਦ, ਵਿਸ਼ਨੂੰ ਰੂਪ ਵੇਸ ਵਟਾਇੰਦਾ। ਸਤਿਗੁਰ ਪੂਰਾ ਅੰਤਮ ਆਪੇ ਸਭ ਦੀ ਖਿਚੇ ਜਿੰਦ, ਲੱਖ ਚੁਰਾਸੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸ਼ਕਤੀ ਗੁਰਸਿਖਾਂ ਬਣਾਏ ਭਗਤੀ, ਤਪ ਹਠ ਅਭਿਆਸ ਨਾ ਕੋਇ ਕਰਾਇੰਦਾ। ਸਤਿਗੁਰ ਪੂਰਾ ਬਖ਼ਸ਼ੇ ਬਖ਼ਸ਼ਣਹਾਰ, ਗੁਣ ਅਵਗੁਣ ਨਾ ਕੋਇ ਜਣਾਈਆ। ਫੜ ਫੜ ਬਾਂਹੋਂ ਜਾਏ ਤਾਰ, ਤਾਰਨਹਾਰ ਵੇਸ ਵਟਾਈਆ। ਗੁਰਸਿਖਾਂ ਕਰੇ ਸਚ ਸ਼ਿੰਗਾਰ, ਸੋਲਾਂ ਕਲੀਆਂ ਤੰਦ ਬੰਧਾਈਆ। ਬਸਤਰ ਪਾਏ ਅਪਰ ਅਪਾਰ, ਆਪਣੀ ਹੱਥੀਂ ਕਰੇ ਸਫਾਈਆ। ਨੇਤਰ ਕਜਲਾ ਤਿਖੀ ਧਾਰ, ਨਾਮ ਨਿਰੰਤਰ ਇਕ ਵਖਾਈਆ। ਮੇਢੀ ਗੁੰਦੀ ਵਿਚ ਸੰਸਾਰ, ਤ੍ਰਿਲੋਕੀ ਵਿਚ ਬੰਦ ਕਰਾਈਆ। ਆਪਣੇ ਹੱਥੀਂ ਦੇ ਪਿਆਰ, ਸੀਸ ਜਗਦੀਸ ਹੱਥ ਟਿਕਾਈਆ। ਸਾਚੀ ਡੋਲੀ ਕਰ ਤਿਆਰ, ਬਣੇ ਕਹਾਰ ਬੇਪਰਵਾਹੀਆ। ਵਿਆਉਵਣ ਆਏ ਪੁਰਖ ਨਿਰੰਕਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਾਚਾ ਲਾੜਾ ਚੜ੍ਹੇ ਘੋੜ ਅਸਵਾਰ, ਵੇਦ ਪੁਰਾਨ ਭੇਵ ਨਾ ਪਾਈਆ। ਆਦਿ ਜੁਗਾਦੀ ਏਕੰਕਾਰ, ਸਾਚੀ ਸਖੀ ਲਏ ਪਰਨਾਈਆ। ਲੋਕਮਾਤ ਹੋ ਉਜਿਆਰ, ਆਪ ਆਪਣਾ ਲਏ ਵਟਾਈਆ। ਗੁਰਸਿਖ ਕਵਾਰੀ ਕੰਨਿਆ ਕਰ ਸ਼ਿੰਗਾਰ, ਨੇਤਰ ਨੈਣ ਰਹੀ ਉਠਾਈਆ। ਮਿਲੇ ਮੀਤ ਹਰਿ ਕੰਤ ਭਤਾਰ, ਵਿਛੜ ਕਦੇ ਨਾ ਜਾਈਆ। ਸ਼ਬਦ ਵਿਚੋਲਾ ਫਿਰੇ ਮਾਰੇ ਮਾਰ, ਵਾਰੋ ਵਾਰ ਦੋ ਜਹਾਨੀ ਫੇਰਾ ਪਾਈਆ। ਨੌਜਵਾਨ ਹੋਏ ਇਕ ਤਿਆਰ, ਆਪਣੀ ਆਪ ਲਏ ਅੰਗੜਾਈਆ। ਸਾਚੀ ਜੰਞ ਕਰ ਤਿਆਰ, ਘਰ ਸਾਚੇ ਵੱਜੇ ਵਧਾਈਆ। ਸਾਚੀ ਸਖੀਆਂ ਕਰਨ ਮੰਗਲਾਚਾਰ, ਪੰਚਮ ਆਪਣਾ ਗੀਤ ਅਲਾਈਆ। ਹਰਿ ਮੰਦਰ ਮੇਲਾ ਵਿਚ ਸੰਸਾਰ, ਕਾਇਆ ਅੰਦਰੇ ਅੰਦਰ ਕਰਾਈਆ। ਆਪੇ ਬੇੜੇ ਫੜ ਫੜ ਦੇਵੇ ਚਾੜ੍ਹ, ਚਾਰ ਚਾਰ ਜੁਗ ਰਹਿਣ ਨਾ ਪਾਈਆ। ਗੁਰਮੁਖ ਤੇਰਾ ਨਾਮ ਹੋਏ ਉਜਿਆਰ, ਨਾ ਕੋਈ ਮੇਟੇ ਮੇਟ ਮਿਟਾਈਆ। ਮਸਤੂਆਣਾ ਧਾਮ ਨਿਆਰ, ਦਿਵਸ ਰੈਣ ਅੱਠੇ ਪਹਿਰ ਬੈਠਾ ਬੇਪਰਵਾਹੀਆ। ਗੁਰਮੁਖਾਂ ਬਣਿਆ ਮੀਤ ਮੁਰਾਰ, ਹਰਿ ਸੰਗਤ ਕਰੀ ਕੁੜਮਾਈਆ। ਆਪਣੇ ਘਰ ਆਪੇ ਧੀ ਜਵਾਈ ਕਰੇ ਪਿਆਰ, ਸੌਹਰੇ ਪੇਈਏ ਆਪ ਵਡਿਆਈਆ। ਆਪੇ ਭਰੇ ਸਚ ਭੰਡਾਰ, ਸਾਚਾ ਰਾਜ ਇਕ ਵਖਾਈਆ। ਲੁੱਟ ਨਾ ਸਕੇ ਕੋਈ ਯਾਰ, ਠੱਗੀ ਠੱਗ ਨਾ ਕੋਇ ਲੈ ਜਾਈਆ। ਸੋਹੇ ਘਰ ਘਰ ਬੰਕ ਦਵਾਰ, ਦਰ ਘਰ ਸਾਚੇ ਵੱਜੇ ਵਧਾਈਆ। ਜੋਤੀ ਮਾਤਾ ਪਾਣੀ ਉਤੋਂ ਦੇਵੇ ਵਾਰ, ਅੰਮ੍ਰਿਤ ਧਾਰ ਇਕ ਵਖਾਈਆ। ਸ਼ਬਦ ਰੰਗੀਲਾ ਸਾਚਾ ਪੇਢਾ ਗੁਰਸਿਖ ਸਵਾਣੀ ਲਏ ਉਭਾਰ, ਸ਼ਬਦ ਝੂਲਾ ਦਏ ਝੁਲਾਈਆ। ਏਕਾ ਸਈਆ ਸਚ ਪਿਆਰ, ਸਚ ਸੁਹੰਜਣੀ ਰੈਣ ਸੁਹਾਈਆ। ਪਹਿਲਾ ਦਰਸ ਮਿਲਿਆ ਮੇਲ ਹਰਿ ਕੰਤ ਭਤਾਰ, ਸੁਹਾਗਣ ਨਾਰ ਖ਼ੁਸ਼ੀ ਮਨਾਈਆ। ਸੋਏ ਜਾਗਨ ਮਨ ਵੈਰਾਗਣ ਕਲਜੁਗ ਮਾਇਆ ਤਿਆਗਨ ਘਰ ਪਾਇਆ ਬੇਪਰਵਾਹੀਆ। ਬੁਝਾਏ ਅਗਨ ਚਰਨ ਧੂੜ ਕਰਾਏ ਮਜਣ ਮਾਘਨ, ਜਨਮ ਜਨਮ ਦਾ ਧੋਵੇ ਦਾਗਨ, ਆਪ ਆਪਣੇ ਰੰਗ ਰੰਗਾਈਆ। ਕਲਜੁਗ ਅੰਤਮ ਆਇਆ ਸਤਿਗੁਰ ਪੂਰਾ ਸਾਜਣ, ਦੋ ਜਹਾਨਾਂ ਸ਼ਾਹੋ ਭੂਪ ਵਡ ਰਾਜ ਰਾਜਨ, ਜਨ ਭਗਤਾਂ ਸਵਾਰੇ ਆਪੇ ਕਾਜਨ, ਹਰਿ ਸੰਗਤ ਸੇਵ ਕਮਾਈਆ। ਅੰਤ ਕੰਤ ਭਗਵੰਤ ਰੱਖੇ ਲਾਜਨ, ਜੀਵ ਜੰਤ ਗ਼ਰੀਬ ਨਿਵਾਜੇ ਧਰਿਆ ਭੇਖ ਅਵੱਲੜਾ ਮਾਝਨ, ਕਲਜੁਗ ਨੇਤਰ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਪਹਿਲਾ ਦਿਵਸ ਦਿਵਸ ਵਿਚਾਰ, ਹਰਿ ਸੰਗਤ ਕਰੇ ਸਚ ਪਿਆਰ, ਦੂਜੇ ਦਿਵਸ ਪਾਵੇ ਸਾਰ, ਤੀਜੇ ਦਿਵਸ ਨੈਣ ਉਘਾੜ, ਚੌਥੇ ਦਿਵਸ ਚੌਥੇ ਪਦ ਮਿਲਾਈਆ। ਪੰਚਮ ਦਰਸ ਪੰਚਮ ਪਿਆਰ, ਛੇਵੇਂ ਲੇਖਾ ਜਾਣੇ ਗੁਪਤ ਜ਼ਾਹਰ, ਸੱਤਵੇ ਸਤਿ ਸਤਿਵਾਦ ਆਪਣਾ ਨਾਦ ਦਏ ਵਜਾਈਆ। ਅੱਠਵਾਂ ਮੇਲਾ ਮਾਧਵ ਮਾਧ, ਨੌਵਾਂ ਨੌ ਦਰ ਨਾ ਕੋਇ ਸਵਾਦ ਦਸਵਾਂ ਆਪਣਾ ਮੇਲ ਮਿਲਾਈਆ। ਇਕ ਗਿਆਰਾਂ ਪਤ ਲਏ ਰੱਖ ਲੇਖਾ ਚੁਕਾਏ ਮਸਤਕ ਮਾਥ, ਸੰਗ ਨਿਭਾਏ ਹਰਿ ਰਘੁਨਾਥ, ਸ਼ਬਦ ਜਣਾਈ ਏਕਾ ਪਾਠ, ਸੋਹੰ ਢੋਲਾ ਘਰ ਘਰ ਦਏ ਸੁਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੇ ਵਡਿਆਈਆ।
