Granth 08 Likhat 169: 6 Assu 2016 Bikarmi Bishan Das de Ghar Dhakki Chakkian Jalandhar Shehar

੬ ਅੱਸੂ ੨੦੧੬ ਬਿਕ੍ਰਮੀ ਬਿਸ਼ਨ ਦਾਸ ਦੇ ਘਰ ਢੱਕੀ ਚੱਕੀਆਂ ਜਲੰਧਰ ਸ਼ਹਿਰ

ਇਕ ਏਕੰਕਾਰ ਪੁਰਖ ਸਮਰਥ, ਆਦਿ ਜੁਗਾਦਿ ਸਮਾਈਆ। ਜਨ ਭਗਤਾਂ ਰਾਮ ਨਾਮ ਦੇਵੇ ਸਾਚੀ ਵੱਥ, ਆਤਮ ਅੰਤਰ ਬੂਝ ਬੁਝਾਈਆ। ਨਾਮ ਚੜ੍ਹਾਏ ਸਾਚੇ ਰਥ, ਜੁਗ ਜੁਗ ਵੱਡੀ ਵਡਿਆਈਆ। ਅਬਿਨਾਸ਼ੀ ਕਰਤਾ ਮਹਿਮਾ ਅਕੱਥ, ਭੇਵ ਅਭੇਦਾ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵਡ ਵਡਿਆਈਆ। ਆਦਿ ਨਿਰੰਜਣ ਪੁਰਖ ਸੁਲਤਾਨ, ਪਾਰਬ੍ਰਹਮ ਅਖਵਾਇੰਦਾ। ਜੋਤੀ ਨੂਰ ਦੀਪ ਮਹਾਨ, ਨਿਰਗੁਣ ਆਪਣਾ ਆਪ ਜਗਾਇੰਦਾ। ਵਸਣਹਾਰਾ ਸਚਖੰਡ ਸਚ ਮਕਾਨ, ਸਚ ਦੁਵਾਰੇ ਸੋਭਾ ਪਾਇੰਦਾ। ਜਨ ਭਗਤਾਂ ਦੇਵੇ ਆਤਮ ਬ੍ਰਹਮ ਗਿਆਨ, ਨਾਮ ਨਿਧਾਨਾ ਝੋਲੀ ਪਾਇੰਦਾ। ਸੁਰਤੀ ਸੁਰਤ ਕਰ ਪਰਵਾਨ, ਸ਼ਬਦ ਸ਼ਬਦੀ ਮੇਲ ਮਿਲਾਇੰਦਾ। ਦਿਵਸ ਰੈਣ ਨਿਗਹਬਾਨ, ਆਪ ਆਪਣਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੀਤਾ ਇਕ ਅਤੀਤਾ, ਨਿਰਗੁਣ ਰੂਪ ਸਤਿ ਸਰੂਪ, ਆਪ ਆਪਣੇ ਰੰਗ ਰੰਗਾਇੰਦਾ। ਰੰਗ ਰੰਗੀਲਾ ਨਰ ਨਿਰੰਕਾਰ, ਅਕਲ ਕਲਾ ਅਖਵਾਈਆ। ਜੁਗਾ ਜੁਗੰਤਰ ਲੈ ਅਵਤਾਰ, ਲੋਕਮਾਤ ਵੇਸ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਵੇ ਸਾਰ, ਕਲਜੁਗ ਖੇਲ ਬੇਪਰਵਾਹੀਆ। ਰਾਮ ਨਾਮ ਕਰ ਉਜਿਆਰ, ਕਾਹਨਾ ਬੰਸਰੀ ਨਾਮ ਵਜਾਈਆ। ਮੁਕੰਦ ਮਨੋਹਰ ਲਖ਼ਮੀ ਨਰਾਇਣ ਜੋਤ ਨਿਰੰਕਾਰ, ਅਨਭਵ ਪ੍ਰਕਾਸ਼ ਸਮਾਈਆ। ਸੰਤ ਸੁਹੇਲੇ ਲਏ ਉਭਾਰ, ਆਪ ਆਪਣੀ ਦਇਆ ਕਮਾਈਆ। ਦੀਵਾ ਬਾਤੀ ਕਮਲਾਪਾਤੀ ਕਰ ਉਜਿਆਰ, ਕਾਇਆ ਮੰਦਰ ਡੂੰਘੀ ਕੰਦਰ ਜੋਤ ਨਿਰੰਜਣ ਆਪ ਜਗਾਈਆ। ਧੁਨ ਅਨਾਦਿ ਸੱਚੀ ਧੁਨਕਾਰ, ਅਨਹਦ ਤਾਲ ਤਲਵਾੜਾ ਆਪ ਸੁਣਾਈਆ। ਪਾਵੇ ਸਾਰ ਸੁਖਮਨ ਨਾੜ, ਟੇਢੀ ਬੰਕ ਵੇਖ ਵਖਾਈਆ। ਬਜ਼ਰ ਕਪਾਟੀ ਦੇਵੇ ਪਾੜ, ਨਾਮ ਨਿਸ਼ਾਨਾ ਤੀਰ ਚਲਾਈਆ। ਮੇਟ ਮਿਟਾਏ ਪੰਚਮ ਧਾੜ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਆਸਾ ਤ੍ਰਿਸ਼ਨਾ ਦੇਵੇ ਮਾਰ, ਹਉਮੇ ਹੰਗਤਾ ਰੋਗ ਰਹਿਣ ਨਾ ਪਾਈਆ। ਏਕਾ ਬਖ਼ਸ਼ੇ ਚਰਨ ਪਿਆਰ, ਸਚ ਦੁਵਾਰਾ ਇਕ ਵਖਾਈਆ। ਨਿਰਗੁਣ ਸਰਗੁਣ ਮੇਲਾ ਨਾਰੀ ਕੰਤ ਭਤਾਰ, ਆਤਮ ਸਾਚੀ ਸੁਹੰਜਣੀ ਸੇਜ ਆਪ ਹੰਢਾਈਆ। ਆਪਣੇ ਰੰਗ ਰਵੇ ਕਰਤਾਰ, ਰੰਗ ਰੰਗੀਲਾ ਮੋਹਣ ਮਾਧਵ ਰਸ ਭਿੰਨਾ ਭੇਵ ਨਾ ਆਈਆ। ਦਸਮ ਦੁਵਾਰੀ ਖੇਲ ਅਪਾਰ, ਨੂਰ ਨੁਰਾਨਾ ਡਗਮਗਾਈਆ। ਅੰਮ੍ਰਿਤ ਆਤਮ ਠੰਡੀ ਠਾਰ, ਭਰ ਪਿਆਲਾ ਹਰਿਜਨ ਸਾਚੇ ਜਾਮ ਪਿਆਈਆ। ਕਾਗੋਂ ਹੰਸ ਹੰਸ ਉਡਾਰ, ਬੰਸ ਬੰਸਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੇਲਾ ਸਾਚੇ ਘਰ, ਦਰ ਸਾਚਾ ਇਕ ਸੁਹਾਈਆ। ਭਗਤਨ ਮੀਤਾ ਹਰਿ ਭਗਵੰਤ, ਇਕ ਇਕੱਲਾ ਖੇਲ ਖਲਾਇੰਦਾ। ਪਕੜ ਉਠਾਏ ਸਾਚੇ ਸੰਤ, ਸਾਚਾ ਮੰਦਰ ਵੇਖ ਵਖਾਇੰਦਾ। ਆਪ ਬਣਾਏ ਜੁਗ ਜੁਗ ਬਣਤ, ਜੁਗ ਕਰਤਾ ਨਾਉਂ ਧਰਾਇੰਦਾ। ਆਪੇ ਨਾਰੀ ਆਪੇ ਕੰਤ, ਸੁਰਤੀ ਸ਼ਬਦੀ ਵੇਖ ਵਖਾਇੰਦਾ। ਆਪੇ ਰਸਨਾ ਜਿਹਵਾ ਮਣੀਆ ਮੰਤ, ਆਪੇ ਹਰਿ ਹਰਿ ਗੁਣ ਅਲ੍ਹਾਇੰਦਾ। ਆਪੇ ਆਦਿ ਆਪੇ ਅੰਤ, ਮਧ ਡੇਰਾ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੇਲਾ ਸਾਚੇ ਘਰ, ਘਰ ਸਾਚਾ ਇਕ ਸੁਹਾਇੰਦਾ। ਭਗਤਨ ਖੋਲ੍ਹੇ ਬੰਦ ਕਿਵਾੜ, ਹਰਿ ਸਾਚੇ ਵਡ ਵਡਿਆਈਆ। ਏਕਾ ਦੇਵੇ ਨਾਮ ਅਧਾਰ, ਸਵਛ ਸਰੂਪੀ ਰੂਪ ਵਟਾਈਆ। ਦੀਵਾ ਬਾਤੀ ਕਰ ਉਜਿਆਰ, ਘਰ ਮੰਦਰ ਆਪ ਟਿਕਾਈਆ। ਵੇਖੇ ਵਿਗਸੇ ਕਰੇ ਵਿਚਾਰ, ਦਿਵਸ ਰੈਣ ਸੇਵ ਕਮਾਈਆ। ਦੋ ਜਹਾਨਾਂ ਪਾਵੇ ਸਾਰ, ਨਾਥ ਤ੍ਰਲੋਕੀ ਵਡ ਵਡਿਆਈਆ। ਚੌਦਾਂ ਹੱਟਾਂ ਵੇਖੇ ਖੋਲ੍ਹ ਕਿਵਾੜ, ਚੌਦਾਂ ਲੋਕ ਆਪ ਭੁਵਾਈਆ। ਧਰਮ ਰਖਾਏ ਸਚ ਅਖਾੜ, ਲੋਕਮਾਤ ਵੱਜੇ ਵਧਾਈਆ। ਜਨ ਭਗਤਾਂ ਕਰੇ ਪ੍ਰਕਾਸ਼ ਬਹੱਤਰ ਨਾੜ, ਅੰਧ ਅੰਧੇਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹੀਆ। ਹਰਿਜਨ ਬਣੇ ਜਗਤ ਮਲਾਹ, ਸਾਚੇ ਬੇੜੇ ਆਪ ਚੜ੍ਹਾਇੰਦਾ। ਸਾਚਾ ਬੇੜਾ ਪੁਰਖ ਅਬਿਨਾਸ਼, ਆਪਣੇ ਹੱਥ ਰਖਾਇੰਦਾ। ਹਰਿਜਨ ਮੰਦਰ ਪਾਵੇ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਪਰਮ ਪੁਰਖ ਪ੍ਰਭ ਸ਼ਾਹੋ ਸ਼ਾਬਾਸ਼, ਸ਼ਾਹ ਸੁਲਤਾਨ ਨਾਉਂ ਧਰਾਇੰਦਾ। ਆਦਿ ਜੁਗਾਦਿ ਨਾ ਜਾਏ ਵਿਨਾਸ, ਜੁਗ ਜੁਗ ਆਪਣਾ ਖੇਲ ਖਲਾਇੰਦਾ। ਜਨ ਭਗਤਾਂ ਹੋਏ ਦਾਸੀ ਦਾਸ, ਸੇਵਕ ਸੇਵਾ ਆਪ ਕਮਾਇੰਦਾ। ਕਰੇ ਕਰਾਏ ਬੰਦ ਖਲਾਸ, ਲੱਖ ਚੁਰਾਸੀ ਫੰਦ ਕਟਾਇੰਦਾ। ਲਹਿਣਾ ਦੇਣਾ ਚੁਕਾਏ ਦਸ ਦਸ ਮਾਸ, ਮਾਤ ਗਰਭ ਫੇਰ ਨਾ ਆਇੰਦਾ। ਪਾਵੇ ਸਾਰ ਪ੍ਰਿਥਮੀ ਅਕਾਸ਼, ਖੰਡ ਮੰਡਲ ਬ੍ਰਹਿਮੰਡ ਜੇਰਜ ਅੰਡ ਵੇਖ ਵਖਾਇੰਦਾ। ਲੇਖੇ ਲਾਏ ਸਵਾਸ ਸਵਾਸ, ਜੋ ਜਨ ਹਰਿ ਹਰਿ ਰਸਨਾ ਗਾਇੰਦਾ। ਸਤਿਗੁਰ ਪੂਰਾ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵਖਾਏ ਆਪਣਾ ਘਰ, ਘਰ ਸੁਹੰਜਣਾ ਆਪ ਸੁਹਾਇੰਦਾ। ਘਰ ਸੁਹੰਜਣਾ ਸੋਭਾਵੰਤ, ਹਰਿ ਹਰਿ ਮੇਲ ਮਿਲੰਨਿਆ। ਹਰਿਜਨ ਮੇਲਾ ਨਾਰੀ ਕੰਤ, ਆਤਮ ਸੇਜਾ ਇਕ ਸੁਹੰਨਿਆ। ਖੇਲ ਖਲਾਏ ਸ੍ਰੀ ਭਗਵੰਤ, ਜੁਗ ਜੁਗ ਆਪਣਾ ਵੇਸ ਵਟੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰਸ ਦਖਾਏ ਸ੍ਰੀ ਭਗਵਾਨਿਆ। ਸ੍ਰੀ ਭਗਵਾਨ ਨਿਰਗੁਣ ਰੂਪ, ਸਤਿ ਸਰੂਪ ਸਮਾਇਆ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਇਆ। ਜਨ ਭਗਤਾਂ ਨਾਤਾ ਤੋੜੇ ਜੂਠ ਝੂਠ, ਸਾਚਾ ਮਾਰਗ ਏਕਾ ਲਾਇਆ। ਆਪਣੀ ਕਿਰਪਾ ਆਪੇ ਜਾਣਾ ਤੁਠ, ਸਿਰ ਆਪਣਾ ਹੱਥ ਟਿਕਾਇਆ। ਅੰਮ੍ਰਿਤ ਜਾਮ ਪਿਆਏ ਘੁੱਟ, ਨਿਝਰ ਝਿਰਨਾ ਆਪ ਝਿਰਾਇਆ। ਆਵਣ ਜਾਵਣ ਜਾਏ ਛੁੱਟ, ਜਿਸ ਜਨ ਹਰਿ ਹਰਿ ਦਰਸ਼ਨ ਪਾਇਆ। ਭੁੱਲੇ ਫਿਰਦੇ ਕੋਟੀ ਕੋਟ, ਕੋਟ ਕੋਟੀ ਹੱਥ ਨਾ ਆਇਆ। ਗੁਰਮੁਖ ਵਿਰਲੇ ਤਨ ਨਗਾਰੇ ਲਾਏ ਚੋਟ, ਆਪਣਾ ਡੰਕਾ ਆਪ ਵਜਾਇਆ। ਹਰਿਜਨ ਵਿਰਲਾ ਹਰਿ ਹਰਿ ਰੱਖੇ ਏਕਾ ਓਟ, ਦੂਜਾ ਦਰ ਨਾ ਮੰਗਣ ਜਾਇਆ। ਸਤਿਗੁਰ ਪੂਰਾ ਹਉਮੇ ਹੰਗਤਾ ਕਾਇਆ ਕੱਢੇ ਖੋਟ, ਕੂੜੀ ਕਿਰਿਆ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਭੰਡਾਰਾ ਇਕ ਵਰਤਾਇਆ। ਨਾਮ ਭੰਡਾਰਾ ਸਚ ਵਸਤ, ਹਰਿ ਸਤਿਗੁਰ ਹੱਥ ਰਖਾਈਆ। ਦੇਵਣਹਾਰਾ ਦਸਤ ਬਦਸਤ, ਜਨ ਭਗਤਾਂ ਝੋਲੀ ਪਾਈਆ। ਨਾਮ ਖੁਮਾਰੀ ਦਿਵਸ ਰੈਣ ਰੱਖੇ ਮਸਤ, ਮਧ ਪਿਆਲਾ ਨਾ ਕੋਈ ਰਖਾਈਆ। ਏਕਾ ਰੰਗ ਰੰਗਾਏ ਕੀਟ ਹਸਤ, ਊਚ ਨੀਚ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਰੰਗਨ ਨਾਮ ਰੰਗਾਈਆ। ਰਾਮ ਨਾਮ ਰੰਗ ਅਨਡੀਠਾ, ਦਿਸ ਕਿਸੇ ਨਾ ਆਇਆ। ਗੁਰਮੁਖ ਵਿਰਲਾ ਜਾਣੇ ਰਸ ਮਿੱਠਾ, ਜਿਸ ਜਨ ਆਪ ਚਖਾਇਆ। ਮਿੱਠਾ ਕਰੇ ਕੌੜਾ ਰੀਠਾ, ਫਲ ਮੇਵਾ ਅੰਮ੍ਰਿਤ ਆਪ ਬਣਾਇਆ। ਜਿਸ ਜਨ ਵਸਿਆ ਹਰਿ ਹਰਿ ਚੀਤਾ, ਚਿਤਵਿਤ ਠਗੌਰੀ ਕੋਈ ਨਾ ਪਾਇਆ। ਜੁਗਾ ਜੁਗੰਤਰ ਆਪ ਚਲਾਏ ਆਪਣੀ ਰੀਤਾ, ਧਾਰ ਅਵੱਲੀ ਆਪ ਰਖਾਇਆ। ਆਪੇ ਰਾਮ ਆਪੇ ਸੀਤਾ, ਕਾਹਨਾ ਕ੍ਰਿਸ਼ਨਾ ਨਾਉਂ ਧਰਾਇਆ। ਆਪੇ ਪਤਿਤ ਆਪ ਪੁਨੀਤਾ, ਪਤਿਤ ਪਾਵਣ ਵਡ ਵਡਿਆਇਆ। ਆਪੇ ਨਾਨਕ ਗੋਬਿੰਦ ਰਹੇ ਅਤੀਤਾ, ਨਿਰਗੁਣ ਆਪਣਾ ਖੇਲ ਖਲਾਇਆ। ਗੁਰਮੁਖਾਂ ਕਾਇਆ ਕਰੇ ਠਾਂਡੀ ਸੀਤਾ, ਅਗਨੀ ਤੱਤ ਨਾ ਕੋਈ ਜਲਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਆਪਣੇ ਗਲੇ ਲਗਾਇਆ। ਭਗਤ ਵਛਲ ਹਰਿ ਗਿਰਧਾਰ, ਭਗਤ ਭਗਤੀ ਲੇਖੇ ਲਾਈਆ। ਕਾਇਆ ਮੰਦਰ ਖੋਲ੍ਹ ਕਿਵਾੜ, ਡੂੰਘੀ ਕੰਦਰ ਫੋਲ ਫੁਲਾਈਆ। ਤ੍ਰੈਗੁਣ ਤ੍ਰਿਸ਼ਨਾ ਦੇਵੇ ਸਾੜ, ਪੰਚਮ ਪੰਚਮ ਮੋਹ ਚੁਕਾਈਆ। ਧਰਮ ਵਖਾਏ ਇਕ ਅਖਾੜ, ਸਾਚਾ ਮੰਗਲ ਰਾਗ ਅਲਾਈਆ। ਸਾਚੇ ਮੰਦਰ ਕਰ ਪਿਆਰ, ਸਾਢੇ ਤਿੰਨ ਹੱਥ ਵੇਖ ਵਖਾਈਆ। ਉਚ ਮਹੱਲ ਅਟੱਲ ਚੜ੍ਹ ਮਿਨਾਰ, ਘਰ ਘਰ ਵਿਚ ਵੇਖ ਵਖਾਈਆ। ਘਰ ਮੀਤਾ ਹਰਿ ਮੀਤ ਮੁਰਾਰ, ਘਰ ਸੱਜਣ ਬੇਪਰਵਾਹੀਆ। ਦਿਸ ਨਾ ਆਏ ਵਿਚ ਸੰਸਾਰ, ਭਰਮੇ ਭੁੱਲੀ ਸਰਬ ਲੋਕਾਈਆ। ਗੁਰਮੁਖ ਹਰਿਜਨ ਹਰਿ ਭਗਤ ਲੋਕਮਾਤ ਵਿਰਲਾ ਉਤਰੇ ਪਾਰ, ਜਿਸ ਜਨ ਆਪਣੀ ਬੂਝ ਬੁਝਾਈਆ। ਦਰਸ ਦਖਾਏ ਗੁਪਤ ਜ਼ਾਹਿਰ, ਅੰਦਰ ਬਾਹਰ ਵੇਸ ਵਟਾਈਆ। ਨਾ ਕੋਈ ਪੁਰਖ ਨਾ ਕੋਈ ਨਾਰ, ਨਿਰਗੁਣ ਜੋਤ ਹਰਿ ਰਘੁਰਾਈਆ। ਜਨ ਭਗਤਾਂ  ਭਰੇ ਸਚ ਭੰਡਾਰ, ਸਚ ਵਣਜਾਰਾ ਏਕਾ ਵਣਜ ਕਰਾਈਆ। ਤੋਲਾ ਤੋਲੇ ਤੋਲਣਹਾਰ, ਏਕਾ ਕੰਡਾ ਹੱਥ ਉਠਾਈਆ। ਲੱਖ ਚੁਰਾਸੀ ਦਏ ਹੁਲਾਰ, ਉਤਭੁਜ ਸੇਹਤਜ ਜੇਰਜ ਅੰਡ ਵੇਖ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਲਾਏ ਸੇਵਾਦਾਰ, ਸੇਵਕ ਸਾਚੀ ਸੇਵ ਕਮਾਈਆ। ਆਪੇ ਸਾਂਗੋ ਪਾਂਗ ਸੁੱਤਾ ਪੈਰ ਪਸਾਰ, ਆਪ ਆਪਣਾ ਆਸਣ ਲਾਈਆ। ਆਪੇ ਲਾਲ ਭੂਸ਼ਨ ਕਰ ਸ਼ਿੰਗਾਰ, ਚਰਨ ਕਵਲ ਵੇਖ ਵਖਾਈਆ। ਆਪੇ ਖੜਗ ਖੰਡਾ ਤੇਜ ਕਟਾਰ, ਅਸ਼ਟਭੁਜ ਰੂਪ ਵਟਾਈਆ। ਆਪੇ ਸਿੰਘ ਸ਼ੇਰ ਹੋਇਆ ਖ਼ਬਰਦਾਰ, ਸਚ ਭਵਾਨੀ ਰੂਪ ਵਟਾਈਆ। ਆਪੇ ਦੂਤਾਂ ਦੁਸ਼ਟਾਂ ਕਰੇ ਸੰਘਾਰ, ਲੋਕਮਾਤ ਵੇਖ ਵਖਾਈਆ। ਆਪੇ ਰਾਮਾ ਰਾਵਣ ਤੋੜੇ ਗੜ੍ਹ ਹੰਕਾਰ, ਗ਼ਰੀਬ ਨਿਮਾਣੇ ਗਲੇ ਲਗਾਈਆ। ਆਪੇ ਬਿਪਰ ਸੁਦਾਮਾ ਦੇਵੇ ਤਾਰ, ਜੁਗ ਜੁਗ ਵੱਡੀ ਵਡਿਆਈਆ। ਕਲਜੁਗ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਪਾਈਆ। ਜੁਗ ਜੁਗ ਵਿਛੜੇ ਮੇਲੇ ਯਾਰ, ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਈਆ। ਕਲਜੁਗ ਬਖ਼ਸ਼ੇ ਚਰਨ ਪਿਆਰ, ਸਾਚਾ ਨਾਤਾ ਜੋੜ ਜੁੜਾਈਆ। ਨਾ ਕੋਈ ਡੋਬੇ ਵਿਚ ਮੰਝਧਾਰ, ਭਵ ਸਾਗਰ ਪਾਰ ਕਰਾਈਆ। ਤ੍ਰਬੈਣੀ ਨੈਣੀ ਪਾਵੇ ਸਾਰ, ਗੰਗਾ ਗੋਦਾਵਰੀ ਸੁਰਸਤੀ ਜਮਨਾ ਫੇਰਾ ਪਾਈਆ। ਚਾਰੇ ਵੇਦਾਂ ਖ਼ਬਰਦਾਰ, ਪੁਰਾਨ ਅਠਾਰਾਂ ਵੇਖ ਵਖਾਈਆ । ਗੀਤਾ ਗਿਆਨ ਇਕ ਅਧਾਰ, ਏਕਾ ਸਿਖਿਆ ਸਿਖ ਸਮਝਾਈਆ। ਕਲਜੁਗ ਅੰਤਮ ਸਚ ਜੈਕਾਰ, ਏਕਾ ਨਾਅਰਾ ਲਾਈਆ। ਸੋ ਪੁਰਖ ਨਿਰੰਜਣ ਮੀਤ ਮੁਰਾਰ, ਪਾਰਬ੍ਰਹਮ ਕਰੇ ਕੁੜਮਾਈਆ। ਪਾਰਬ੍ਰਹਮ ਬ੍ਰਹਮ ਸਾਚਾ ਯਾਰ, ਪੂਤ ਸਪੂਤਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੇਲਾ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਭਗਤ ਰੰਗ ਰੱਤੜਾ, ਰਾਮ ਨਾਮ ਅਨਮੋਲ। ਨਾ ਠੰਡਾ ਨਾ ਤੱਤੜਾ, ਆਦਿ ਜੁਗਾਦੀ ਵਸੇ ਕੋਲ। ਆਪੇ ਦੇ ਸਮਝਾਵੇ ਮੱਤੜਾ, ਸ਼ਬਦ ਅਗੰਮੀ ਵਜਾਏ ਢੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਬਿਸ਼ਨ ਦਾਸ ਨਿਝ ਘਰ ਵਾਸ, ਆਤਮ ਪ੍ਰਕਾਸ਼ ਰਵ ਸਸ ਰਸਨ ਸਵਾਸ, ਲੇਖਾ ਲੇਖੇ ਲਏ ਲਗਾਈਆ।