੧੭ ਕੱਤਕ ੨੦੧੬ ਬਿਕ੍ਰਮੀ ਸੰਤ ਤੇਜਾ ਸਿੰਘ ਦੇ ਨਾਲ ਬਚਨ ਪਿੰਡ ਚੀਮੇ ਜ਼ਿਲਾ ਸੰਗਰੂਰ
ਅੰਮ੍ਰਿਤ ਜਲ ਠੰਡਾ ਠਾਰ, ਹਰਿ ਸੰਤਨ ਹੱਥ ਰਖਾਇਆ। ਸੰਤ ਦੇਵਣ ਕਰ ਪਿਆਰ, ਜੋ ਜਨ ਸਰਨਾਈ ਆਇਆ। ਜਗਤ ਤ੍ਰਿਸਨਾ ਭੁੱਖ ਦਏ ਨਿਵਾਰ, ਆਸਾ ਤ੍ਰਿਸਨਾ ਰਹੇ ਨਾ ਰਾਇਆ। ਪੰਜ ਤੱਤ ਮੇਟੇ ਕਾਮ ਕਰੋਧ ਲੋਭ ਮੋਹ ਹੰਕਾਰ, ਮਨ ਮਤ ਦੂਰ ਕਰਾਇਆ। ਦੀਪਕ ਜੋਤ ਕਰੇ ਉਜਿਆਰ, ਅੰਧ ਅੰਧੇਰ ਮਿਟਾਇਆ। ਅਨਹਦ ਸ਼ਬਦ ਸੁਣਾਏ ਸੱਚੀ ਧੁਨਕਾਰ, ਕਾਇਆ ਮੰਦਰ ਅੰਦਰ ਤਾਲ ਵਜਾਇਆ। ਅੰਮ੍ਰਿਤ ਬਰਸੇ ਮੇਘਲਾ ਧਾਰ, ਨਿਝ ਝਿਰਨਾ ਇਕ ਝਿਰਾਇਆ। ਬਜਰ ਕਪਾਟੀ ਪੜਦਾ ਦੇਵੇ ਪਾੜ, ਦੂਈ ਦਵੈਤੀ ਮੇਟ ਮਿਟਾਇਆ। ਤ੍ਰਿਬੈਣੀ ਨੈਣੀ ਪਾਰ ਕਿਨਾਰ, ਟੇਢੀ ਬੰਕ ਵੇਖ ਵਖਾਇਆ। ਆਤਮ ਸੇਜਾ ਕਰ ਪਿਆਰ, ਦੇਵੇ ਦਰਸ ਦਇਆ ਕਮਾਇਆ। ਸੁਹਾਏ ਦਰ ਸੱਚਾ ਘਰ ਬਾਰ, ਬੰਕ ਦਵਾਰੀ ਬੰਕ ਵੇਖ ਵਖਾਇਆ। ਬਖ਼ਸ਼ੇ ਨਾਮ ਨਾਮ ਭੰਡਾਰ, ਚੋਰ ਯਾਰ ਲੁੱਟ ਕੋਇ ਨਾ ਲੈ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਦਿਤਾ ਏਕਾ ਵਰ, ਅੰਮ੍ਰਿਤ ਜਲ ਸਚ ਕਟੋਰਾ ਏਕਾ ਹੱਥ ਫੜਾਇਆ। ਸੰਤਨ ਦਰ ਉਚ ਮਹੱਲਾ, ਪਾਰਬ੍ਰਹਮ ਆਪ ਵਸਾਇੰਦਾ। ਵੇਖਣਹਾਰਾ ਇਕ ਅਕੱਲਾ, ਏਕੰਕਾਰ ਨਾਉਂ ਧਰਾਇੰਦਾ। ਪਾਵੇ ਸਾਰ ਜਲਾ ਥਲਾ, ਜੂਹ ਜੰਗਲ ਉਜਾੜ ਪਹਾੜ ਡੂੰਘੀ ਕੰਦਰ ਫੋਲ ਫੁਲਾਇੰਦਾ। ਸਚ ਸਿੰਘਾਸਣ ਹਰਿ ਸੰਤਨ ਮੱਲਾ, ਦੂਸਰ ਹੱਥ ਕਿਸੇ ਨਾ ਆਇੰਦਾ। ਨਿਰਗੁਣ ਜੋਤੀ ਦੀਪਕ ਬਾਤੀ ਏਕਾ ਬਲਾ, ਪਰਕਾਸ਼ ਪਰਕਾਸ਼ ਉਪਾਇੰਦਾ। ਅੰਮ੍ਰਿਤ ਭਰ ਕਟੋਰਾ ਅੱਗੇ ਖਲਾ, ਦਿਵਸ ਰੈਣ ਸੇਵ ਕਮਾਇੰਦਾ। ਜੋ ਜਨ ਦਰ ਦਵਾਰ, ਮੂਰਖ ਮੁਗਧ ਆਏ ਝੱਲਾ, ਕਰ ਕਿਰਪਾ ਬ੍ਰਹਮ ਗਿਆਨ ਦ੍ਰਿੜਾਇੰਦਾ। ਫਲ ਲਗਾਏ ਕਾਇਆ ਡਾਲ੍ਹਾ, ਪਤ ਡਾਲੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਦਿਤਾ ਏਕਾ ਵਰ, ਨਾਮ ਭੰਡਾਰ ਇਕ ਵਖਾਇੰਦਾ। ਨਾਮ ਭੰਡਾਰਾ ਅੰਮ੍ਰਿਤ ਧਾਰ, ਹਰਿ ਸੰਤਨ ਹੱਥ ਰਖਾਈਆ। ਸੰਤਾਂ ਜੀਵਣ ਇਕ ਸੰਸਾਰ, ਜੁਗ ਜੁਗ ਸੇਵ ਕਮਾਈਆ। ਗ਼ਰੀਬ ਨਿਮਾਣੇ ਜਾਏ ਤਾਰ, ਨਾਨਕ ਗੁਰ ਗੁਰ ਸਮਝਾਈਆ। ਫੜ ਫੜ ਬਾਂਹੋਂ ਲਏ ਉਭਾਰ, ਜੋ ਮੰਗਣ ਮੰਗ ਢਹਿ ਢਹਿ ਸਰਨਾਈਆ। ਨਾਮ ਪਿਆਲਾ ਚੜ੍ਹੇ ਖੁਮਾਰ, ਉਤਰ ਕਦੇ ਨਾ ਜਾਈਆ। ਲੱਖ ਚੁਰਾਸੀ ਆਰ ਪਾਰ, ਰਾਏ ਧਰਮ ਨਾ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਦੇਵੇ ਏਕਾ ਵਰ, ਏਕਾ ਨਾਮ ਨਾਮ ਅਨਮੁੱਲਾ, ਚੌਦਾਂ ਲੋਕ ਕੰਡੇ ਕਿਸੇ ਨਾ ਤੁਲਾ, ਬਿਨ ਹਰਿ ਸੰਤ ਪਾਏ ਕੋਈ ਨਾ ਮੁੱਲਾ, ਦੂਸਰ ਹੱਟ ਨਾ ਕਿਸੇ ਵਿਕਾਈਆ। ਸੰਤਨ ਹੱਟ ਅੰਮ੍ਰਿਤ ਨਾਮ ਅਪਾਰਾ, ਹਰਿ ਸਤਿਗੁਰ ਆਪ ਉਠਾਇਆ। ਜੁਗਾ ਜੁਗੰਤਰ ਵਰਤੇ ਵਰਤਾਵੇ ਵਰਤਨਹਾਰਾ, ਸੇਵਕ ਸੇਵਾ ਰਿਹਾ ਕਮਾਇਆ। ਭਗਤਾਂ ਦੇਵੇ ਭਗਤੀ ਭੰਡਾਰਾ, ਆਪ ਆਪਣੇ ਮਾਰਗ ਲਾਇਆ। ਆਪਣੀ ਦ੍ਰਿਸ਼ਟੀ ਦਏ ਸਹਾਰਾ, ਇਸ਼ਟ ਦੇਵ ਇਕ ਸਮਝਾਇਆ। ਏਥੇ ਓਥੇ ਵਖਾਏ ਪਾਰ ਕਿਨਾਰਾ, ਮੰਝਧਾਰ ਨਾ ਕੋਈ ਰੁੜਾਇਆ। ਸੰਤਨ ਘਰ ਡੂੰਘਾ ਸਾਗਰ ਕੋਇ ਨਾ ਪਾਵੇ ਸਾਰਾ, ਸਰ ਸਰੋਵਰ ਧਾਰ ਅੰਮ੍ਰਿਤ ਜਲ ਉਛਾਲ ਲਗਾਇਆ। ਮੰਗੇ ਮੰਗ ਬਣ ਭਿਖਾਰਾ, ਏਕਾ ਅੰਮ੍ਰਿਤ ਠੰਡੀ ਠਾਰ, ਜਗਤ ਤ੍ਰਿਸਨਾ ਦਏ ਤਜਾਇਆ। ਅੰਮ੍ਰਿਤ ਜਲ ਅੰਮਿਉਂ ਰਸ, ਸੰਤਨ ਘਰ ਵਸੰਦੜਾ। ਸੰਤ ਸਾਜਣ ਗੁਰਮੁਖਾਂ ਦੇਣ ਹੱਸ ਹੱਸ, ਚਾਰ ਕੁੰਟ ਸੇਵ ਕਮੰਦੜਾ। ਏਕਾ ਮੰਦਰ ਏਕਾ ਦਰ ਏਕਾ ਘਰ ਏਕਾ ਰਸ, ਏਕਾ ਮਦਿ ਪਿਆਲਾ ਜਾਮ ਪਿਅੰਦੜਾ। ਸੰਤ ਸੁਹੇਲਾ ਸਾਚਾ ਮੇਲਾ, ਹਿਰਦੇ ਅੰਦਰ ਜਾਏ ਵਸ, ਨੇਤਰ ਗਿਆਨ ਇਕ ਖੁਲੰਦੜਾ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਪੂਰਬ ਲੇਖਾ ਵੇਖ ਵਖੰਦੜਾ। ਨਾਮ ਵਡਿਆਈ ਸਾਚਾ ਜਸ, ਦਰ ਸਾਚਾ ਇਕ ਸੁਹੰਦੜਾ। ਸੰਤਨ ਪ੍ਰੇਮ ਪਿਆਲਾ ਅੰਮ੍ਰਿਤ ਪਿਆਵਣ ਨੱਸ ਨੱਸ, ਜਗਤ ਜੰਜਾਲ ਤੋੜ ਤੁੜਾਇੰਦਾ।
