੨੪ ਅੱਸੂ ੨੦੧੬ ਬਿਕ੍ਰਮੀ ਮਸਤੂਆਣੇ ਦੇ ਸੰਤਾਂ ਨੂੰ ਸ਼ਬਦ ਭੇਜਿਆ ੧੫ ਕੱਤਕ ਵਾਸਤੇ ਗੁੜਗਾਉਂ ਤੋਂ
ਤ੍ਰੈਗੁਣ ਹਰਿ ਹਰਿ ਪ੍ਰਵੇਸਿਆ, ਵਿਸ਼ਨ ਬ੍ਰਹਮਾ ਸ਼ੰਕਰ ਧਾਰ। ਸਤਿ ਪੁਰਖ ਨਿਰੰਜਣ ਸਦਾ ਅਦੇਸਿਆ, ਨਿਰਗੁਣ ਰੂਪ ਅਨੂਪ ਕਰਤਾਰ। ਜੁਗਾ ਜੁਗੰਤਰ ਧਾਰੇ ਭੇਖਿਆ, ਭੇਖ ਅਵੱਲਾ ਵਿਚ ਸੰਸਾਰ। ਮੁੱਛ ਦਾੜ੍ਹੀ ਨਾ ਦਿਸੇ ਕੇਸਿਆ, ਮੂੰਡ ਮੁੰਡਾਏ ਨਾ ਸਿਰਜਣਹਾਰ। ਆਦਿ ਜੁਗਾਦੀ ਲਿਖਣਹਾਰਾ ਲੇਖਿਆ, ਲੇਖਾ ਜਾਣੇ ਅਪਰ ਅਪਾਰ। ਏਕੰਕਾਰਾ ਨਰ ਨਰਾਇਣ ਨਰ ਨਰੇਸ਼ਿਆ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਸੋਹੇ ਸੱਚੀ ਸਰਕਾਰ। ਲੋਕਮਾਤ ਦਰ ਦਰਵੇਸਿਆ, ਦਰ ਭਗਤਾਂ ਬਣੇ ਭਿਖਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਦੁਆਪਰ ਤ੍ਰੇਤਾ ਕਰਿਆ ਪਾਰ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰਾ, ਰਾਮ ਕ੍ਰਿਸ਼ਨ ਰੂਪ ਵਟਾਈਆ। ਕਲਜੁਗ ਰੂਪ ਅਗੰਮ ਅਪਾਰਾ, ਆਪ ਆਪਣਾ ਵੇਸ ਵਟਾਈਆ। ਈਸਾ ਮੂਸਾ ਰੰਗ ਕਰਤਾਰਾ, ਚਾਰ ਯਾਰਾ ਸੰਗ ਮੁਹੰਮਦ ਆਪ ਨਿਭਾਈਆ। ਹੱਕ ਹਕੀਕਤ ਬੋਲ ਜੈਕਾਰਾ, ਐਨਲਹੱਕ ਰੂਪ ਅਲਾਹੀਆ। ਮੁਕਾਮੇ ਹੱਕ ਸੱਚੀ ਸਰਕਾਰਾ, ਬੇਐਬ ਪਰਵਰਦਿਗਾਰ ਇਕ ਅਖਵਾਈਆ। ਮਹਿਬਾਨ ਬੀਦੋ ਖੇਲ ਨਿਆਰਾ, ਅਜ਼ਮਤੋ ਕਸਮਤੋ ਅfਜਬਵਾ ਅਤਿਲਹੇ ਭੇਵ ਨਾ ਰਾਈਆ। ਪੀਰ ਦਸਤਗੀਰ ਕੁਤਬ ਗੌਂਸ ਦਏ ਹੁਲਾਰਾ, ਮੁਲਾਂ ਸ਼ੇਖ਼ ਮੁਸਾਇਕ ਰੂਪ ਵਟਾਈਆ। ਅੰਜੀਲ ਕੁਰਾਨ ਬੋਲ ਜੈਕਾਰਾ, ਬੀਸ ਤੀਸ ਹਦੀਸ ਪੜ੍ਹਾਈਆ। ਚੌਦਾਂ ਤਬਕ ਖੋਲ੍ਹ ਕਿਵਾੜਾ, ਜ਼ਿਮੀ ਅਸਮਾਨ ਵੇਖ ਵਖਾਈਆ। ਕਾਇਨਾਤ ਗੁਪਤ ਜ਼ਾਹਿਰਾ, ਕਲਮਾ ਅਮਾਮ ਵੇਖ ਵਖਾਈਆ। ਐਹਿਬਾਬ ਰਬਾਬ ਵਜਾਏ ਸਤਾਰਾ, ਦੋ ਦੋਆਬਾ ਫੋਲ ਫੁਲਾਈਆ। ਹੱਕ ਜਨਾਬਾ ਖੇਲ ਨਿਆਰਾ, ਕਾਇਆ ਕਾਅਬਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਰੁਸ਼ਨਾਈਆ। ਜੋਤੀ ਨੂਰ ਪੁਰਖ ਅਕਾਲਾ, ਆਪਣਾ ਆਪ ਡਗਮਗਾਇੰਦਾ। ਖੇਲੇ ਖੇਲ ਖੇਲ ਨਿਰਾਲਾ, ਆਪ ਆਪਣਾ ਖੇਲ ਖਿਲਾਇੰਦਾ। ਲੋਕਮਾਤ ਪੰਜ ਤੱਤ ਵੇਖ ਸੱਚੀ ਧਰਮਸਾਲਾ, ਨਾਨਕ ਕਾਇਆ ਗੜ੍ਹ ਸੁਹਾਇੰਦਾ। ਨਾਮ ਸਤਿ ਭਰ ਪਿਆਲਾ, ਅੰਤਰ ਆਤਮ ਆਪ ਪਿਆਇੰਦਾ। ਦੀਪਕ ਦੀਪ ਏਕਾ ਬਾਲਾ, ਜੋਤੀ ਜੋਤ ਡਗਮਗਾਇੰਦਾ। ਮਾਰਗ ਦੱਸੇ ਇਕ ਨਿਰਾਲਾ, ਚਾਰ ਵਰਨਾਂ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸਾਜਣ ਮੀਤ ਮੁਰਾਰ, ਗੁਰ ਪੀਰ ਹਰਿ ਪਾਏ ਸਾਰ, ਜੀਵ ਜੰਤ ਲਏ ਅਧਾਰ, ਪਾਰ ਉਤਾਰਾ ਆਪਣੇ ਹੱਥ ਰਖਾਇੰਦਾ। ਨਾਨਕ ਜੋਤੀ ਗੋਬਿੰਦ, ਦਸ ਦਸ ਆਪ ਚੜ੍ਹਾਈਆ। ਪੁਰਖ ਅਬਿਨਾਸ਼ੀ ਵਸਿਆ ਸੰਗ, ਸਗਲਾ ਸੰਗ ਨਿਭਾਈਆ। ਆਤਮ ਸੇਜਾ ਵੇਖ ਪਲੰਘ, ਨਿਜ ਆਤਮ ਸੇਜ ਵਛਾਈਆ। ਨਾਮ ਨਿਧਾਨਾ ਵੱਜੇ ਮਰਦੰਗ, ਤੁਰੀਆ ਰਾਗ ਅਲਾਈਆ। ਸੁਖਨ ਸਖੋਪਤ ਜਾਗਰਤ ਆਪੇ ਲੰਘ, ਆਪ ਆਪਣਾ ਦਰ ਸੁਹਾਈਆ। ਗੁਰ ਚੇਲਾ ਆਪੇ ਮੰਗੇ ਮੰਗ, ਇਛਿਆ ਭਿਛਿਆ ਝੋਲੀ ਆਪ ਭਰਾਈਆ। ਆਪੇ ਅਸਵ ਘੋੜੇ ਕਸੇ ਤੰਗ, ਲੋਆਂ ਪੁਰੀਆਂ ਆਪ ਫਿਰਾਈਆ। ਆਪੇ ਪੰਜ ਤੱਤ ਵਿਕਾਰਾ ਕਰੇ ਭੰਗ, ਪੰਚਮ ਨਾਤਾ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਕਲਜੁਗ ਅੰਤਮ ਖੇਲ ਨਿਆਰਾ, ਹਰਿ ਸਾਚਾ ਖੇਲ ਖਲਾਇੰਦਾ। ਨਾਨਕ ਗੋਬਿੰਦ ਬਣ ਭਿਖਾਰਾ, ਲਿਖਿਆ ਲੇਖ ਵਖਾਇੰਦਾ। ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਲੋਕਮਾਤ ਵੇਸ ਵਟਾਇੰਦਾ। ਖੜਗ ਖੰਡਾ ਤੇਜ ਕਟਾਰਾ, ਚੰਡ ਪ੍ਰਚੰਡ ਹੱਥ ਉਠਾਇੰਦਾ। ਸੰਮਤ ਸੰਮਤੀ ਮਾਰੇ ਮਾਰਾ, ਭਾਣਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਸਿਖ ਸਮਝਾਇੰਦਾ। ਸਾਚੀ ਸਿਖਿਆ ਹਰਿਜਨ ਸਿਖ, ਸਿਖੀ ਸਿਖਿਆ ਵਿਚ ਸਮਾਈਆ। ਜਗਤ ਤ੍ਰਿਸ਼ਨਾ ਮਿਟੇ ਤ੍ਰਿਖ, ਅੰਮ੍ਰਿਤ ਆਤਮ ਜਾਮ ਪਿਆਈਆ। ਏਕਾ ਨਾਮ ਮੰਗੀ ਭਿਖ, ਸਤਿਗੁਰ ਝੋਲੀ ਦਏ ਭਰਾਈਆ। ਜਗਤ ਵਿਕਾਰਾ ਮਿਟੇ ਤ੍ਰਿਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਦਏ ਬੁਝਾਈਆ। ਲੇਖਾ ਜਾਣੇ ਹਰਿ ਨਿਰੰਕਾਰ, ਗੁਰ ਮੰਦਰ ਆਪ ਸੁਹਾਇੰਦਾ। ਗੁਰੂਦੁਆਰ ਗੁਰ ਦਰਬਾਰ, ਗੁਰ ਸਤਿਗੁਰ ਵੇਖ ਵਖਾਇੰਦਾ। ਹਰਿ ਸ਼ਬਦ ਸ਼ਬਦ ਜੈਕਾਰ, ਆਪ ਆਪਣਾ ਹੁਕਮ ਅਲਾਇੰਦਾ। ਗੁਰਮੁਖ ਗੁਰਸਿਖ ਵਿਰਲਾ ਪਾਵੇ ਸਾਰ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਵੀਹ ਸੌ ਸੋਲਾਂ ਬਿਕ੍ਰਮੀ ਹੋਇਆ ਖ਼ਬਰਦਾਰ, ਸ੍ਰਿਸ਼ਟ ਸਬਾਈ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਫ਼ਰਮਾਣਾ ਸਾਚਾ ਰਾਣਾ ਆਪਣਾ ਆਪ ਅਲਾਇੰਦਾ। ਧੁਰ ਫ਼ਰਮਾਣਾ ਹਰਿ ਭਗਵਾਨ, ਜਗ ਸੰਤ ਦਏ ਜਣਾਈਆ। ਪੰਦਰਾਂ ਕੱਤਕ ਦਿਵਸ ਮਹਾਨ, ਮਸਤੂਆਣਾ ਚਰਨ ਛੁਹਾਈਆ । ਸੁੱਤੇ ਰਹਿਣਾ ਨਾ ਬਣ ਨਾਦਾਨ, ਕਲਜੁਗ ਕੂਕੇ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਆਏ ਬੇਪਰਵਾਹੀਆ। ਜਗਤ ਸੰਤ ਉਠ ਲੈ ਅੰਗੜਾਈ, ਹਰਿ ਸਾਚੇ ਜੋਤ ਜਗਾਈਆ। ਮਸਤੂਆਣੇ ਗੁਰਮੁਖਾਂ ਕਰੇ ਸਚ ਕੁੜਮਾਈ, ਸ਼ਬਦ ਸ਼ਬਦੀ ਸਗਨ ਮਨਾਈਆ। ਹਰਿਜਨ ਘਰ ਘਰ ਵੱਜੇ ਵਧਾਈ, ਬੇਮੁਖਾਂ ਅਗਨੀ ਤੱਤ ਜਲਾਈਆ। ਜੋ ਜਨ ਬੈਠੇ ਮੁਖ ਭੁਵਾਈ, ਸ਼ੌਹ ਦਰਯਾ ਦਏ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਪੰਦਰਾਂ ਕੱਤਕ ਦਿਵਸ ਸੁਹਾਵਣਾ, ਵੀਹ ਸੌ ਸੋਲਾਂ ਬਿਕ੍ਰਮੀ ਮੰਗ ਮੰਗਾਈਆ। ਗੋਬਿੰਦ ਗੁਰ ਗੁਰ ਵੇਸ ਵਟਾਵਣਾ, ਮੂਰਤ ਅਕਾਲ ਵੱਡੀ ਵਡਿਆਈਆ । ਗੁਰਮੁਖ ਸਾਜਣ ਦਰ ਦਰਸ਼ਨ ਪਾਵਨਾ, ਜਿਸ ਜਨ ਆਪਣੀ ਬੂਝ ਬੁਝਾਈਆ। ਲਿਖਿਆ ਲੇਖ ਪੂਰ ਕਰਾਵਣਾ, ਸੰਤ ਮਨੀ ਸਿੰਘ ਗਿਆ ਲਿਖਾਈਆ। ਹਰਿ ਸੰਗਤ ਸਾਚੀ ਆਸ ਪੁਜਾਵਣਾ, ਹਰਿ ਹਿਰਦੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਆਪ ਅਖਵਾਈਆ। ਨਿਹਕਲੰਕ ਹਰਿ ਆਏ ਦਰ, ਖੋਲ੍ਹੇ ਬੰਦ ਕਿਵਾੜਿਆ। ਜਨ ਭਗਤਾਂ ਦਰਸ ਦਿਖਾਏ ਅੱਗੇ ਖੜ, ਜੋਤੀ ਨੂਰ ਨੂਰ ਉਜਿਆਰਿਆ। ਤੋੜਣਹਾਰਾ ਹੰਕਾਰੀ ਗੜ੍ਹ, ਕਿਲਾ ਕੋਟ ਵੇਖ ਵਖਾ ਰਿਹਾ। ਹਰਿਜਨ ਲਗਾਏ ਆਪਣੇ ਲੜ, ਚੌਥੇ ਜੁਗ ਲਹਿਣਾ ਮੂਲ ਚੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਸਤੂਆਣਾ ਵੇਖ ਵਖਾ ਰਿਹਾ। ਜਗਤ ਸੰਤ ਉਠ ਬਲ ਧਾਰ, ਦਰ ਆਏ ਸ਼ਬਦ ਪ੍ਰਵਾਨਾ। ਸ਼ਾਹ ਸੁਲਤਾਨਾ ਕਰ ਖ਼ਬਰਦਾਰ, ਪ੍ਰਗਟ ਹੋਇਆ ਗੁਣ ਨਿਧਾਨਾ। ਕਲਜੁਗ ਅੰਤਮ ਪੈਣੀ ਮਾਰ, ਏਕਾ ਧੁਰ ਫ਼ਰਮਾਨਾ। ਦਰ ਦਰ ਘਰ ਘਰ ਹੋਏ ਖ਼ਵਾਰ, ਉਚੇ ਮੰਦਰ ਨਾ ਦਿਸੇ ਕੋਈ ਨਿਸ਼ਾਨਾ। ਕਲਗੀ ਧਰ ਕਲਕੀ ਅਵਤਾਰ, ਅਕਲ ਕਲਾ ਹਰਿ ਅਖਵਾਨਾ। ਆਏ ਬੰਕ ਬੰਕ ਦੁਵਾਰ, ਬੰਕ ਦੁਵਾਰੀ ਖੇਲ ਮਹਾਨਾ। ਰੂਪ ਅਨੂਪ ਭੂਪ ਸੱਚੀ ਸਰਕਾਰ, ਸਤਿ ਸਰੂਪ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਸਾਚਾ ਵਰ, ਸਾਚੇ ਦਰ ਕਰੇ ਪਰਵਾਨਾ। ਪੰਦਰਾਂ ਕੱਤਕ ਪਵਣੀ ਧਾਰ, ਪਵਣ ਪਾਣੀ ਸਮਾਈਆ। ਪੁਰੀ ਅਕਾਸ਼ ਕਰ ਪ੍ਰਕਾਸ਼ ਹੋਏ ਉਜਿਆਰ, ਮੰਡਲ ਰਾਸ ਆਪ ਵਖਾਈਆ। ਗੁਰਮੁਖਾਂ ਕਰੇ ਸਚ ਪਿਆਰ, ਲਹਿਣਾ ਦੇਣਾ ਕਰਜ਼ ਉਤਾਰ, ਚਾਰ ਜੁਗ ਜੋ ਰਿਹਾ ਚੜ੍ਹਾਈਆ। ਜਗਤ ਪੂਜਾ ਨਾ ਕੋਈ ਅਧਾਰ, ਇਸ਼ਟ ਦੂਜਾ ਨਾ ਵਿਚ ਸੰਸਾਰ, ਗੁਰ ਏਕਾ ਏਕ ਸਮਝਾਈਆ। ਤੀਜਾ ਨੇਤਰ ਖੋਲ੍ਹ ਕਿਵਾੜ, ਜਨ ਭਗਤਾਂ ਆਪਣੇ ਅੰਦਰ ਦੇਵੇ ਵਾੜ, ਮਸਤਕ ਮਾਥਾ ਮੂਲ ਚੁਕਾਈਆ। ਗੁਰ ਚਰਨ ਦੁਵਾਰਾ ਸਚ ਅਖਾੜ, ਵਾ ਨਾ ਲੱਗੇ ਤੱਤੀ ਹਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸ਼ਬਦ ਸੁਨੇਹੜਾ ਦੇਵੇ ਘਰ, ਉਠ ਜਗਤ ਸੰਤ ਜੀਵ ਨਾਦਾਨ, ਕਲਜੁਗ ਗੂੜ੍ਹੀ ਨੀਂਦ ਰਿਹਾ ਸੁਆਈਆ।
