ਪਹਿਲੀ ਕੱਤਕ ੨੦੧੬ ਬਿਕ੍ਰਮੀ ੧੫ ਕੱਤਕ ਦੇ ਨਵਿਤ ਦਰਬਾਰ ਵਿਚ ਜੇਠੂਵਾਲ
ਹਰਿ ਬੇਅੰਤ ਬੇਪਰਵਾਹ, ਆਦਿ ਨਿਰੰਜਣ ਜੋਤ ਅਕਾਲਿਆ। ਅਬਿਨਾਸ਼ੀ ਕਰਤਾ ਸਚ ਮਲਾਹ, ਪਾਰਬ੍ਰਹਮ ਪੁਰਖ ਸੁਲਤਾਨਿਆ। ਦੇਵਣਹਾਰਾ ਸਚ ਸਲਾਹ, ਸ਼ਬਦ ਸੁਣਾਏ ਰਾਗ ਤਰਾਨਿਆ। ਜਪਾਵਣਹਾਰਾ ਏਕਾ ਨਾਂ, ਨਾਉਂ ਨਿਰੰਕਾਰ ਆਪ ਧਰਾਨਿਆ। ਦੇਵਣਹਾਰਾ ਸਾਚਾ ਥਾਂ, ਥਾਨ ਥਨੰਤਰ ਇਕ ਸੁਹਾਨਿਆ। ਪਕੜਨਹਾਰਾ ਸਾਚੀ ਬਾਂਹ, ਨਿਰਗੁਣ ਰੂਪ ਸ੍ਰੀ ਭਗਵਾਨਿਆ। ਬਣਨਹਾਰਾ ਪਿਤਾ ਮਾਂ, ਏਕ ਏਕੰਕਾਰਾ ਵੇਸ ਵਟਾਨਿਆ। ਦੇਵਣਹਾਰਾ ਠੰਡੀ ਛਾਂ, ਵਡ ਦਾਤਾ ਹਰਿ ਮਿਹਰਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਮਹਾਨਿਆ। ਆਦਿ ਜੁਗਾਦੀ ਹਰਿ ਭਗਵਾਨਾ, ਹਰਿ ਹਰਿ ਰੂਪ ਸਮਾਈਆ। ਦਾਤਾ ਦਾਨੀ ਵਡ ਬਲਵਾਨਾ, ਏਕੰਕਾਰਾ ਨਾਉਂ ਧਰਾਈਆ। ਸਚ ਤਖ਼ਤ ਸਚ ਸੁਲਤਾਨਾ, ਸਚਖੰਡ ਬੈਠਾ ਆਸਣ ਲਾਈਆ। ਜੋਧਾ ਸੂਰ ਬਲੀ ਬਲਵਾਨਾ, ਬਲ ਆਪਣਾ ਆਪ ਵਖਾਈਆ। ਏਕਾ ਨੂਰ ਨੂਰ ਨੁਰਾਨਾ, ਮੂਰਤ ਅਕਾਲ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ ਪਾਰਬ੍ਰਹਮ ਵੱਡੀ ਵਡਿਆਈਆ। ਵਡ ਵਡਿਆਈ ਹਰਿ ਸ਼ਹਿਨਸ਼ਾਹ, ਸਤਿ ਪੁਰਖ ਅਖਵਾਇੰਦਾ। ਆਪਣੇ ਭਾਣੇ ਰਿਹਾ ਸਮਾ, ਭੇਵ ਕੋਈ ਨਾ ਪਾਇੰਦਾ। ਸਚ ਸਿੰਘਾਸਣ ਆਸਣ ਲਾ, ਸਾਚਾ ਹੁਕਮ ਸੁਣਾਇੰਦਾ। ਲੋਆਂ ਪੁਰੀਆਂ ਰਚਨ ਰਚਾ, ਬ੍ਰਹਿਮੰਡ ਖੰਡ ਬਣਤ ਬਣਾਇੰਦਾ। ਰਵ ਸਸ ਸੇਵਾ ਲਾ, ਮੰਡਲ ਮੰਡਪ ਆਪ ਸੁਹਾਇੰਦਾ। ਜੋਤੀ ਨੂਰ ਡਗਮਗਾ, ਅਕਾਸ਼ ਪਰਕਾਸ਼ ਵਖਾਇੰਦਾ। ਹਰਿ ਸੁਲਤਾਨਾ ਬੇਪਰਵਾਹ, ਘਰ ਸਾਚੇ ਸਗਨ ਮਨਾਇੰਦਾ। ਆਪੇ ਪਿਤਾ ਆਪੇ ਮਾਂ, ਆਪ ਆਪਣੀ ਗੋਦ ਸੁਹਾਇੰਦਾ। ਸੁੱਤ ਦੁਲਾਰਾ ਆਪ ਉਪਜਾ, ਸ਼ਬਦੀ ਹੁਕਮ ਜਣਾਇੰਦਾ। ਆਪਣੀ ਸੇਵਾ ਆਪੇ ਲਾ, ਆਪੇ ਕਾਰ ਕਰਾਇੰਦਾ। ਆਪਣਾ ਦਰ ਆਪ ਸੁਹਾ, ਆਪੇ ਵੇਖ ਵਖਾਇੰਦਾ। ਆਪਣਾ ਮੰਦਰ ਆਪ ਬਣਾ, ਆਪੇ ਸੇਜ ਵਿਛਾਇੰਦਾ। ਆਪਣੀ ਨਾਰੀ ਆਪ ਅਖਵਾ, ਆਪੇ ਕੰਤ ਹੰਢਾਇੰਦਾ। ਆਪਣਾ ਰੰਗ ਆਪ ਰੰਗਾ, ਰੰਗ ਰੰਗੀਲਾ ਆਪੇ ਵੇਖ ਵਖਾਇੰਦਾ। ਆਪਣਾ ਸੰਗ ਆਪ ਨਿਭਾ, ਸਗਲਾ ਸੰਗੀ ਆਪ ਹੋ ਜਾਇੰਦਾ। ਆਪਣਾ ਤੁਰੰਗ ਆਪ ਦੁੜਾ, ਆਪੇ ਫੇਰਾ ਪਾਇੰਦਾ। ਆਪਣੀ ਮੰਗਣ ਆਪ ਮੰਗਾ, ਆਪੇ ਭਿਛਿਆ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਏਕੰਕਾਰ ਅਕਲ ਕਲ ਆਪੇ ਧਾਰ, ਕੁਲਵੰਤਾ ਆਪ ਅਖਵਾਇੰਦਾ। ਅਕਲ ਕਲਾ ਕਲ ਹਰਿ ਨਿਰੰਕਾਰ, ਪਾਰਬ੍ਰਹਮ ਸੁਲਤਾਨਿਆ। ਆਦਿ ਜੁਗਾਦੀ ਖੇਲ ਅਪਾਰ, ਪੁਰਖ ਅਬਿਨਾਸ਼ੀ ਵਾਲੀ ਦੋ ਜਹਾਨਿਆ। ਜੋਤੀ ਨੂਰ ਨੂਰ ਉਜਿਆਰ, ਘਰ ਦੀਪਕ ਇਕ ਪਰਧਾਨਿਆ। ਸਾਚਾ ਸੋਹੇ ਇਕ ਦਵਾਰ, ਸਚਖੰਡ ਵਾਸੀ ਵਸੇ ਏਕ ਸਚ ਟਿਕਾਨਿਆ। ਥਿਰ ਘਰ ਮੇਲਾ ਇਕ ਨਿਰੰਕਾਰ, ਮੀਤ ਮੁਰਾਰਾ ਦਰ ਪਰਵਾਨਿਆ। ਸਰਬ ਘਟ ਵਾਸੀ ਖੇਲ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਨਿਆ। ਵੇਸ ਅਵਲਾ ਇਕ ਅਕੱਲਾ, ਹਰਿ ਹਰਿ ਆਪ ਕਰਾਇੰਦਾ। ਆਪਣਾ ਆਸਣ ਆਪੇ ਮੱਲਾ, ਆਪੇ ਵੇਖ ਵਖਾਇੰਦਾ। ਆਪਣੀ ਜੋਤੀ ਆਪੇ ਰਲਾ, ਆਪੇ ਸ਼ਬਦ ਉਪਜਾਇੰਦਾ। ਆਪਣੇ ਦੀਪਕ ਆਪੇ ਬਲਾ, ਆਪੇ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੂਪ ਸਤਿ ਸਰੂਪ ਆਪੇ ਆਪ ਉਪਾਇੰਦਾ। ਸਤਿ ਸਰੂਪ ਹਰਿ ਪਰਕਾਸ਼, ਅਨੁਭਵ ਰੂਪ ਵਟਾਇਆ। ਆਦਿ ਜੁਗਾਦਿ ਨਾ ਜਾਏ ਵਿਨਾਸ, ਨੇਤਰ ਨੈਣ ਨਾ ਕੋਈ ਵਖਾਇਆ। ਨਾ ਕੋਈ ਪ੍ਰਿਥਮੀ ਨਾ ਅਕਾਸ਼, ਗਗਨ ਮੰਡਲ ਨਾ ਕੋਈ ਧਰਾਇਆ। ਰਵ ਸਸ ਨਾ ਦਾਸੀ ਦਾਸ, ਸੂਰਜ ਚੰਨ ਨਾ ਕੋਈ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲਏ ਉਪਾਇਆ। ਆਪਣੀ ਬਣਤ ਆਪ ਬਣਾਏ, ਪਾਰਬ੍ਰਹਮ ਵੱਡੀ ਵਡਿਆਈਆ। ਆਪਣਾ ਹੁਕਮ ਆਪ ਸੁਣਾਏ, ਹੁਕਮੀ ਹੁਕਮ ਸੁਣਾਈਆ। ਆਪ ਆਪਣਾ ਅੰਗ ਲਗਾਏ, ਅੰਗੀਕਾਰ ਆਪ ਹੋ ਜਾਈਆ। ਆਪ ਆਪਣਾ ਮਰਦੰਗ ਵਜਾਏ, ਸਚ ਮਰਦੰਗ ਹੱਥ ਉਠਾਈਆ। ਆਪਣੇ ਦਰ ਆਪਣੀ ਮੰਗ ਆਪ ਮੰਗਾਏ, ਆਪੇ ਭਿਛਿਆ ਝੋਲੀ ਪਾਈਆ। ਆਪਣਾ ਸੰਗ ਆਪ ਨਿਭਾਏ, ਘਰ ਸਾਚੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਆਪਣੇ ਅਲਖ ਜਗਾਈਆ। ਅਲਖ ਨਿਰੰਜਣ ਅਲਖ ਜਗਾ, ਏਕਾ ਮੰਗ ਮੰਗਾਇੰਦਾ। ਧੁਰਦਰਗਾਹੀ ਝੋਲੀ ਆਪਣੀ ਆਪੇ ਅੱਗੇ ਰਿਹਾ ਡਾਹ, ਆਪੇ ਵੇਖ ਵਖਾਇੰਦਾ। ਆਪੇ ਦੱਸਣਹਾਰਾ ਰਾਹ, ਆਪਣਾ ਮਾਰਗ ਆਪੇ ਲਾਇੰਦਾ। ਆਪੇ ਹੁਕਮ ਦਏ ਸੁਣਾ, ਆਪੇ ਸੇਵ ਕਮਾਇੰਦਾ। ਆਪੇ ਆਪਣਾ ਨਾਉਂ ਲਏ ਵਟਾ, ਨਿਰਗੁਣ ਆਪਣਾ ਰੂਪ ਵਟਾਇੰਦਾ। ਆਪੇ ਸਰਗੁਣ ਮੇਲਾ ਸਹਿਜ ਸੁਭਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਸੋਭਾ ਪਾਇੰਦਾ। ਸਾਚਾ ਘਰ ਹਰਿ ਸੁਹੰਜਣਾ, ਏਕਾ ਏਕ ਏਕੰਕਾਰਿਆ। ਜਗੇ ਜੋਤ ਆਦਿ ਨਿਰੰਜਣਾ, ਨੂਰ ਨੂਰ ਉਜਿਆਰਿਆ। ਪਾਰਬ੍ਰਹਮ ਦਰਦ ਦੁੱਖ ਭੈ ਭੰਜਣਾ, ਪਰਮ ਪੁਰਖ ਇਕ ਅਖਵਾ ਰਿਹਾ। ਦੋ ਜਹਾਨੀ ਸਾਚਾ ਸੱਜਣਾ, ਧੁਰ ਦਰਗਾਹੀ ਆਸਣ ਲਾ ਰਿਹਾ। ਆਪ ਚਲਾਏ ਆਪਣਾ ਜਹਾਜਣਾ, ਆਪਣਾ ਬੇੜਾ ਆਪ ਭਰਾ ਰਿਹਾ। ਆਪੇ ਕਰੇ ਆਪਣਾ ਕਾਜਨਾ, ਕਰਤਾ ਪੁਰਖ ਆਪ ਅਖਵਾ ਰਿਹਾ। ਆਪੇ ਮਾਰੇ ਆਪਣੀ ਵਾਜਣਾ, ਆਪੇ ਆਪਣਾ ਮੇਲ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾ ਰਿਹਾ। ਰੂਪ ਵਟਾਏ ਹਰਿ ਕਰਤਾਰ, ਆਪਣੀ ਦਇਆ ਕਮਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰ, ਨਿਰਾਕਾਰ ਆਪ ਹੋ ਜਾਇੰਦਾ। ਆਪਣੀ ਕਵਰੀ ਭਵਰੀ ਹੋਇਆ ਪਾਰ, ਆਪੇ ਖੇਲ ਖਿਲਾਇੰਦਾ। ਆਪੇ ਜੋਤ ਉਜਿਆਰੀ ਕਰੇ ਉਜਿਆਰ, ਸਚ ਸਮਗਰੀ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੰਸ ਏਕਾ ਬੰਸ ਆਪੇ ਆਪ ਉਪਾਇੰਦਾ। ਆਪਣੀ ਅੰਸ ਆਪ ਉਪਾ, ਆਪਣੇ ਹੱਥ ਰੱਖੇ ਵਡਿਆਈਆ। ਵਿਸ਼ਨੂੰ ਰੂਪ ਆਪ ਵਟਾ, ਵਿਸ਼ਵ ਨਾਉਂ ਧਰਾਈਆ। ਚਤੁਰਭੁਜ ਆਪ ਅਖਵਾ, ਆਪ ਆਪਣਾ ਖੇਲ ਖਿਲਾਈਆ। ਆਦਿ ਸ਼ਕਤ ਜੋਤ ਜਗਾ, ਜੋਤੀ ਜੋਤ ਜੋਤ ਟਿਕਾਈਆ। ਆਪਣਾ ਮਰਦੰਗ ਆਪ ਵਜਾ, ਆਪੇ ਮੰਗਲ ਗਾਈਆ। ਆਪਣਾ ਦਰ ਆਪ ਸੁਹਾ, ਆਪੇ ਵੇਖਣ ਆਈਆ। ਆਪਣਾ ਬੂਟਾ ਆਪੇ ਦਏ ਲਗਾ, ਆਪੇ ਹਰਿਆ ਸਿੰਚ ਕਰਾਈਆ । ਆਪਣੇ ਚਰਨ ਚਰਨੋਦਕ ਦਏ ਪਿਆ, ਏਕਾ ਜਾਮ ਵਖਾਈਆ। ਸਚ ਪਿਆਲਾ ਦਏ ਭਰਾ, ਘਰ ਸਾਚੇ ਦਏ ਟਿਕਾਈਆ। ਆਪਣੀ ਦ੍ਰਿਸ਼ਟ ਆਪੇ ਦਏ ਪਾ, ਪਾਰਬ੍ਰਹਮ ਹਰਿ ਵੱਡੀ ਵਡਿਆਈਆ। ਨਾਭੀ ਵੇਖੇ ਸੱਚਾ ਥਾਂ, ਸਾਚੀ ਧਰਮਸਾਲ ਇਕ ਰਖਾਈਆ। ਆਪਣੀ ਇਛਿਆ ਵਿਚ ਭਰਾ, ਆਪਣੇ ਰੰਗ ਰੰਗਾਈਆ। ਭਿਛਿਆ ਪਾਵੇ ਬੇਪਰਵਾਹ, ਵਿਸ਼ਨ ਝੋਲੀ ਡਾਹੀਆ। ਏਕਾ ਫੁਲ ਦਏ ਖਿਲਾ, ਕਵਲ ਕਵਲਾ ਨਾਉਂ ਧਰਾਈਆ। ਸਤਾਈ ਯੁਗ ਸੇਵਾ ਲਾ, ਨੌ ਨੌ ਕਰੇ ਕੁੜਮਾਈਆ। ਨੌ ਨੌ ਵੇਖ ਵਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਵਿਸ਼ਨੂੰ ਵੰਸੀ ਹਰਿ ਹਰਿ ਮੀਤਾ, ਪਾਰਬ੍ਰਹਮ ਅਖਵਾਇੰਦਾ। ਏਕੰਕਾਰ ਇਕ ਅਤੀਤਾ, ਆਦਿ ਜੁਗਾਦਿ ਸਮਾਇੰਦਾ। ਸਚਖੰਡ ਬੈਠ ਬਣਾਏ ਆਪਣੀ ਰੀਤਾ, ਦੂਸਰ ਧਾਮ ਨਾ ਕੋਈ ਜਣਾਇੰਦਾ। ਅਬਿਨਾਸ਼ੀ ਕਰਤਾ ਪਤਿਤ ਪੁਨੀਤਾ, ਨਿਰਗੁਣ ਆਪਣਾ ਵੇਸ ਵਟਾਇੰਦਾ। ਸਤਿ ਸੰਤੋਖੀ ਠੰਡਾ ਸੀਤਾ, ਸਤਿ ਸਤਿਵਾਦਿ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਇੰਦਾ। ਦਇਆ ਨਿਧ ਗਹਿਰ ਗੁਣ ਸਾਗਰ, ਹਰਿ ਹਰਿ ਆਪ ਅਖਵਾਇੰਦਾ। ਵਿਸ਼ਨੂੰ ਵੇਖੇ ਸਾਚੀ ਗਾਗਰ, ਅਮ੍ਰਿਤ ਜਲ ਭਰਾਇੰਦਾ। ਨਿਹਕਰਮੀ ਕਰੇ ਕਰਮ ਉਜਾਗਰ, ਕਵਲ ਕਵਲਾ ਫੁੱਲ ਖਿਲਾਇੰਦਾ। ਸਾਚਾ ਵਣਜ ਕਰਾਏ ਸਚ ਸੌਦਾਗਰ, ਸਾਚਾ ਹੱਟ ਵਖਾਇੰਦਾ। ਪਾਰਬ੍ਰਹਮ ਪ੍ਰਭ ਦੇਵੇ ਆਦਰ, ਵਿਸ਼ਨੂੰ ਮਾਣ ਧਰਾਇੰਦਾ। ਬ੍ਰਹਮਾ ਮੇਲਾ ਕਰਤਾ ਕਾਦਰ, ਰੂਪ ਅਨੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਇਛਿਆ ਵੇਖ ਵਖਾਇੰਦਾ। ਆਪਣੀ ਇਛਿਆ ਹਰਿ ਹਰਿ ਰੰਗ, ਪਾਰਬ੍ਰਹਮ ਰੰਗਾਈਆ। ਆਪੇ ਬੈਠ ਸਚ ਪਲੰਘ, ਆਪੇ ਆਸਣ ਲਾਈਆ। ਆਪ ਵਜਾਏ ਸਚ ਮਰਦੰਗ, ਆਪੇ ਹੁਕਮ ਸੁਣਾਈਆ। ਆਪੇ ਲਾਏ ਆਪਣੇ ਅੰਗ, ਆਪੇ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਬ੍ਰਹਮਾ ਵੇਤਾ ਪਾਰਬ੍ਰਹਮ ਕੁਲ, ਬ੍ਰਹਮ ਬ੍ਰਹਮ ਬ੍ਰਹਮ ਅੰਸ ਜਣਾਈਆ। ਵਿਸ਼ਨੂੰ ਖਿੜਿਆ ਸਾਚਾ ਫੁੱਲ, ਖਿਲਾਵਣਹਾਰਾ ਬੇਪਰਵਾਹੀਆ। ਏਕੰਕਾਰਾ ਪਾਏ ਮੁਲ, ਕਰਤਾ ਕੀਮਤ ਆਪਣੇ ਹੱਥ ਰਖਾਈਆ। ਆਪਣੇ ਕੰਡੇ ਦੇਵੇ ਤੋਲ, ਤੋਲਣਹਾਰਾ ਆਪ ਅਖਵਾਈਆ। ਆਪੇ ਦੇਵੇ ਨਾਮ ਅਨਮੁਲ, ਆਪਣਾ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਵੱਜੇ ਵਧਾਈਆ। ਵੱਜੀ ਵਧਾਈ ਸਚ ਘਰ, ਹਰਿ ਸਾਚੇ ਸਗਨ ਮਨਾਇਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਆਪਣਾ ਦਰ ਸੁਹਾਇਆ। ਵਿਸ਼ਨੂੰ ਅੰਦਰ ਆਪੇ ਵੜ, ਆਪਣਾ ਬੀਜ ਆਪ ਟਿਕਾਇਆ। ਨਾ ਕੋਈ ਸੀਸ ਨਾ ਕੋਈ ਧੜ, ਰਕਤ ਬੂੰਦ ਨਾ ਕੋਈ ਰਖਾਇਆ। ਆਪਣੇ ਪੌੜੇ ਆਪੇ ਚੜ੍ਹ, ਏਕਾ ਮੰਦਰ ਆਪ ਸੁਹਾਇਆ । ਆਪਣਾ ਫੜ ਆਪੇ ਲੜ, ਆਪੇ ਬਾਹਰ ਕਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਧਰਾਇਆ। ਆਪਣਾ ਵੇਸ ਆਪ ਕਰ, ਆਪੇ ਖੇਲ ਖਿਲਾਇੰਦਾ। ਵਿਸ਼ਨੂੰ ਵੰਸੀ ਵਸੇ ਦਰ, ਨਿਉਂ ਨਿਉਂ ਸੀਸ ਝੁਕਾਇੰਦਾ। ਬ੍ਰਹਮ ਸਰਨ ਸਰਨਾਈ ਗਿਆ ਪੜ, ਸਰਨਗਤ ਇਕ ਵਖਾਇੰਦਾ। ਪੁਰਖ ਅਬਿਨਾਸ਼ੀ ਘਾੜਨ ਘੜ, ਘੜਨਹਾਰ ਭੇਵ ਕੋਈ ਨਾ ਪਾਇੰਦਾ। ਆਪਣੀ ਲਾਏ ਆਪੇ ਜੜ੍ਹ, ਆਪੇ ਬਣਤ ਬਣਾਇੰਦਾ। ਧੂੰਆਂਧਾਰ ਆਪੇ ਖੜ, ਪਰਕਾਸ਼ ਪਰਕਾਸ਼ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਅੰਗ ਕਟਾਇੰਦਾ। ਆਪਣਾ ਅੰਗ ਆਪ ਕੱਟ, ਆਪੇ ਵੇਖ ਵਖਾਈਆ। ਏਕਾ ਰੂਪ ਸਾਚਾ ਕੱਟ, ਵਿਸ਼ਨੂੰ ਵੇਲ ਵਧਾਈਆ। ਆਪੇ ਬ੍ਰਹਮ ਕਰ ਪਰਗਟ, ਆਪੇ ਦਏ ਵਡਿਆਈਆ। ਆਪੇ ਸ਼ੰਕਰ ਖੇਲ ਬਾਜ਼ੀਗਾਰ ਨਟ, ਭੋਲੇ ਨਾਥ ਲਏ ਉਠਾਈਆ। ਆਪੇ ਵਸੇ ਘਟ ਘਟ, ਲਿਵ ਅੰਤਰ ਆਪ ਟਿਕਾਈਆ। ਆਪ ਜਣਾਏ ਆਪਣਾ ਹੱਟ, ਸਾਚਾ ਦਵਾਰਾ ਇਕ ਖੁਲ੍ਹਾਈਆ। ਦੋਹਾਂ ਮਾਰੇ ਏਕਾ ਸੱਟ, ਤੀਜੇ ਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤਿੰਨਾਂ ਵਿਚੋਲਾ ਆਪੇ ਬਣ, ਆਪ ਆਪਣਾ ਮੇਲ ਮਿਲਾਈਆ। ਹਰਿ ਵਿਚੋਲਾ ਬੇਅੰਤ, ਭੇਦ ਕੋਇ ਨਾ ਪਾਇੰਦਾ। ਖੇਲੇ ਖੇਲ ਆਦਿ ਅੰਤ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਪੁਰਖ ਅਬਿਨਾਸ਼ੀ ਸਾਚਾ ਕੰਤ, ਕੰਤ ਕੰਤੂਹਲ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਆਪ ਸੁਹਾਇੰਦਾ। ਵਿਸ਼ਨੂੰ ਬ੍ਰਹਮਾ ਸ਼ੰਕਰ ਮੇਲਾ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਸ਼ਬਦ ਬਣਾਏ ਗੁਰੂ ਗੁਰ ਚੇਲਾ, ਦਰ ਸਾਚੇ ਸੋਭਾ ਪਾਇੰਦਾ। ਆਪੇ ਬਣੇ ਸੱਜਣ ਸੁਹੇਲਾ, ਸਾਚੀ ਸਿਖਿਆ ਸਿਖ ਸਮਝਾਇੰਦਾ। ਦਰ ਘਰ ਸਾਚੇ ਚਾੜ੍ਹੇ ਤੇਲਾ, ਆਦਿ ਨਿਰੰਜਣ ਸਗਨ ਮਨਾਇੰਦਾ। ਆਪਣਾ ਖੇਲ ਪਾਰਬ੍ਰਹਮ ਪ੍ਰਭ ਆਪੇ ਖੇਲਾ, ਦੂਸਰ ਨਾ ਕੋਈ ਵੇਖ ਵਖਾਇੰਦਾ। ਆਪੇ ਵਸੇ ਰੰਗ ਨਵੇਲਾ, ਧਾਮ ਅਵੱਲੜਾ ਅਗੰਮ ਅਗੰਮੜਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਹਰਿ ਕਰਤਾਰ, ਵਿਸ਼ਨੂੰ ਬ੍ਰਹਮਾ ਸ਼ਿਵ ਸੁਣਾਈਆ। ਆਪ ਉਠਾਇਆ ਕਰੇ ਖ਼ਬਰਦਾਰ, ਆਲਸ ਨਿੰਦਰਾ ਨਾ ਕੋਈ ਰਖਾਈਆ। ਸਚਖੰਡ ਵਸਿਆ ਨਿਰਗੁਣ ਧਾਰ, ਨਿਰਗੁਣ ਦਾਤਾ ਬੇਪਰਵਾਹੀਆ। ਸ਼ਬਦ ਸੁਰਤ ਕਰ ਪਿਆਰ, ਬ੍ਰਹਿਮੰਡ ਖੰਡ ਰਚਨ ਰਚਾਈਆ। ਲੋਆਂ ਪੁਰੀਆਂ ਕਰ ਅਕਾਰ, ਬੈਠਾ ਆਸਣ ਲਾਈਆ। ਆਪਣੀ ਇਛਿਆ ਭਰੇ ਭੰਡਾਰ, ਸਾਚੀ ਵਸਤ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਈਆ। ਸਾਚਾ ਹੁਕਮ ਧੁਰ ਫ਼ਰਮਾਣ, ਹਰਿ ਸਾਚਾ ਆਪ ਜਣਾਇੰਦਾ। ਤਿੰਨਾਂ ਵਖਾਏ ਇਕ ਮਕਾਨ, ਦਰ ਘਰ ਸਾਚਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਵਿਸ਼ਨੂੰ ਸੁਣ ਕਰ ਧਿਆਨ, ਹਰਿ ਸਾਚਾ ਆਪ ਸੁਣਾਈਆ। ਮੇਰਾ ਹੁਕਮ ਤੇਰਾ ਫ਼ਰਮਾਣ, ਤੇਰੀ ਧਾਰ ਬੰਧਾਈਆ। ਮੇਰਾ ਅਹਾਰ ਤੇਰਾ ਪੀਣ ਖਾਣ, ਮੇਰਾ ਦਰਸ ਤੇਰੀ ਵਡਿਆਈਆ। ਮੇਰਾ ਅਸਥਾਨ ਤੇਰਾ ਮਕਾਨ, ਤੇਰਾ ਧਿਆਨ ਚਰਨ ਟਿਕਾਈਆ। ਮੇਰਾ ਨਿਸ਼ਾਨ ਤੇਰਾ ਗਾਣ, ਅੰਤਰ ਤੇਰੇ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਈਆ। ਵਿਸ਼ਨੂੰ ਸੁਣ ਸ਼ਬਦ ਜੈਕਾਰਾ, ਆਪਣੀ ਲਏ ਅੰਗੜਾਈਆ। ਦੋਏ ਜੋੜ ਕਰੇ ਨਿਮਸਕਾਰਾ, ਪਾਰਬ੍ਰਹਮ ਤੇਰੀ ਵਡ ਵਡਿਆਈਆ। ਤੇਰੇ ਘਰ ਸਚ ਭੰਡਾਰਾ, ਹਉਂ ਸੇਵਕ ਰਘੁਰਾਈਆ। ਤੂੰ ਦਾਤਾ ਬਖ਼ਸ਼ਣਹਾਰਾ, ਹਉਂ ਭਿਖਕ ਆਪਣੀ ਝੋਲੀ ਅੱਗੇ ਡਾਹੀਆ। ਤੂੰ ਵਣਜ ਕਰਾਏ ਸਚ ਵਣਜਾਰਾ, ਤੇਰਾ ਵਣਜ ਤੇਰੇ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਨੀ ਤੇਰੀ ਗਿਆ ਪੜ, ਏਕਾ ਅੱਖਰ ਦਏ ਬੁਝਾਈਆ। ਵਿਸ਼ਨੂੰ ਰੋਵੇ ਕਰੇ ਪੁਕਾਰ, ਅੱਗੇ ਸੀਸ ਝੁਕਾਇੰਦਾ। ਤੇਰੇ ਅੰਦਰੋਂ ਮੈਂ ਆਇਆ ਬਾਹਰ, ਤੇਰੀ ਜੋਤ ਡਗਮਗਾਇੰਦਾ। ਤੇਰਾ ਸ਼ਬਦ ਮੇਰਾ ਪਿਆਰ, ਤੇਰਾ ਘਰ ਵਸਾਇੰਦਾ। ਤੇਰਾ ਚਰਨ ਮੇਰਾ ਦਵਾਰ, ਸਾਚਾ ਰੂਪ ਵਟਾਇੰਦਾ। ਤੇਰਾ ਪ੍ਰੇਮ ਮੇਰਾ ਅਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਅੱਗੇ ਸੀਸ ਝੁਕਾਇੰਦਾ। ਵਿਸ਼ਨੂੰ ਦੋਵਾਂ ਜੋੜ ਕਰੇ ਅਰਦਾਸ, ਪ੍ਰਭ ਸਾਚੇ ਸੁਣ ਬੇਨੰਤੀਆ। ਸਦਾ ਵਸਦਾ ਰਹਾਂ ਤੇਰੇ ਪਾਸ, ਹਉਂ ਨਾਰੀ ਤੂੰ ਸਾਚਾ ਕੰਤੀਆ। ਤੇਰਾ ਦੀਪਕ ਹੋਏ ਮੇਰੇ ਘਰ ਪਰਕਾਸ਼, ਤੇਰਾ ਨਾਮ ਸਾਚ ਸੋਗੰਤੀਆ। ਤੇਰਾ ਰੂਪ ਮੇਰੇ ਅੰਦਰ ਰੱਖੇ ਵਾਸ, ਧੀਰਜ ਧੀਰ ਇਕ ਬਧੰਤੀਆ। ਆਦਿ ਜੁਗਾਦਿ ਰਹਿਵਾਂ ਮੈਂ ਦਾਸ, ਦੂਸਰ ਦਰ ਨਾ ਕੋਇ ਸੁਹੰਤੀਆ। ਹਰਿ ਨਿਰੰਕਾਰ ਨਾ ਕਰੀ ਨਿਰਾਸ, ਸੁਣ ਸਾਹਿਬ ਬੇਨੰਤੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਦਰ ਸੋਹੇ ਤੇਰੀ ਧੰਨ ਧੰਨ ਹੋਏ ਸੋਭਾਵੰਤੀਆ। ਸੋਭਾਵੰਤੀ ਨਾਰ ਸੁਹਾਗਣ, ਵਿਸ਼ਨੂੰ ਕੰਤ ਕਰੇ ਕੁੜਮਾਈਆ। ਪਾਰਬ੍ਰਹਮ ਤੇਰਾ ਵੈਰਾਗਣ, ਮੇਰੇ ਘਰ ਵੱਜੇ ਵਧਾਈਆ। ਬ੍ਰਹਮਾ ਬਣ ਜਾਏ ਨਾਲ ਲਾਗੀ ਲਾਗਨ, ਸਾਚਾ ਸਗਨ ਮਨਾਈਆ। ਭੋਲੇ ਨਾਥ ਉਠ ਉਠ ਜਾਗਨ, ਨੇਤਰ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕੌਣ ਦਵਾਰ ਹੋਏ ਕੁੜਮਾਈਆ। ਵਿਸ਼ਨੂੰ ਮੰਗੇ ਬਣ ਭਿਖਾਰ, ਪ੍ਰਭ ਅੱਗੇ ਝੋਲੀ ਡਾਹਿੰਦਾ। ਨਿਰਗੁਣ ਤੇਰਾ ਕਰਿਆ ਆਕਾਰ, ਸਰਗੁਣ ਵੇਸ ਵਟਾਇੰਦਾ। ਕੌਣ ਰੂਪ ਹੋਏ ਉਜਿਆਰ, ਕੌਣ ਰੂਪ ਵੇਖ ਵਖਾਇੰਦਾ। ਆਦਿ ਅੰਤ ਕੋਇ ਨਾ ਜਾਣੇ ਤੇਰੀ ਧਾਰ, ਤੇਰਾ ਭੇਵ ਕੋਇ ਨਾ ਪਾਇੰਦਾ। ਤੂੰ ਦਾਤਾ ਦਾਤਾਰ ਵਡ ਸੁਨਣੇਹਾਰ, ਹਉਂ ਸੇਵਕ ਇਕ ਸੁਣਾਇੰਦਾ। ਨਾ ਕੋਈ ਦੂਸਰ ਦਿਸੇ ਪਸਾਰ, ਤੁਧ ਬਿਨ ਅਵਰ ਨਾ ਕੋਇ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਗਣ ਆਇਆ ਤੇਰਾ ਦਰ ਤੇਰਾ ਵਿਛੋੜਾ ਮੋਹੇ ਨਾ ਭਾਇੰਦਾ। ਨਿਰਗੁਣ ਵਿਸ਼ਨੂੰ ਦਾਤਾ ਹੋੜ, ਸਾਚੀ ਸਿਖਿਆ ਇਕ ਸਮਝਾਇੰਦਾ। ਨਿਰਗੁਣ ਸਰਗੁਣ ਜੋੜਾ ਜੋੜ, ਸਾਚਾ ਖੇਲ ਆਪ ਖਿਲਾਇੰਦਾ। ਸਚਖੰਡ ਦਵਾਰੇ ਤੈਨੂੰ ਗਿਆ ਬੌਹੜ, ਤੇਰਾ ਰੂਪ ਆਪ ਵਟਾਇੰਦਾ। ਤੇਰੇ ਮੰਦਰ ਲਾਇਆ ਪੌੜ, ਉਪਰ ਚੜ੍ਹ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਲੈਣੀ ਸਿਖ, ਹਰਿ ਸਾਚਾ ਸਚ ਸਮਝਾਈਆ। ਵਿਸ਼ਨੂੰ ਤੇਰੀ ਝੋਲੀ ਪਾਵੇ ਭਿਖ, ਦਾਤਾ ਦਾਨੀ ਆਪ ਅਖਵਾਈਆ। ਤੇਰਾ ਲੇਖਾ ਆਪਣੇ ਦਵਾਰੇ ਪਹਿਲੋਂ ਦੇਵੇ ਲਿਖ, ਦੂਜੀ ਰਚਨ ਫੇਰ ਰਚਾਈਆ। ਤੇਰਾ ਨੇਤਰ ਨੈਣ ਆਪੇ ਲਏ ਪੇਖ, ਘਰ ਆਪਣੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਰਿਹਾ ਸਮਝਾਈਆ। ਵਿਸ਼ਨੂੰ ਸੁਣ ਉਠ ਬਲ ਧਾਰ, ਹਰਿ ਸਾਚਾ ਕਰੇ ਜਣਾਈਆ। ਨਾਲ ਉਠਾ ਬ੍ਰਹਮਾ ਯਾਰ, ਘਰ ਸਾਚੇ ਵੱਜੇ ਵਧਾਈਆ। ਪਾਰਬ੍ਰਹਮ ਕਿਰਪਾ ਕਰੇ ਅਪਰ ਅਪਾਰ, ਦੇਵੇ ਬ੍ਰਹਮੇ ਵਡ ਵਡਿਆਈਆ। ਸ਼ਬਦ ਧੁਨ ਅਨਾਦੀ ਸਚ ਧੁਨਕਾਰ, ਸੁੱਤ ਦੁਲਾਰੇ ਸੇਵਾ ਲਾਈਆ। ਅੰਦਰ ਬਾਹਰ ਗੁਪਤ ਜ਼ਾਹਰ, ਆਪਣਾ ਹੁਕਮ ਸੁਣਾਈਆ। ਉਤਪਤ ਕਰੇ ਸਰਬ ਸੰਸਾਰ, ਲੱਖ ਚੁਰਾਸੀ ਬਣਤ ਬਣਾਈਆ। ਸ਼ੰਕਰ ਸੋਇਆ ਲਏ ਉਠਾਲ, ਏਕਾ ਹੁਕਮ ਜਣਾਈਆ। ਪੁਰਖ ਅਬਿਨਾਸ਼ੀ ਬਣ ਦਲਾਲ, ਆਪਣੀ ਰਚਨਾ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ। ਖੇਲਣਹਾਰਾ ਪੁਰਖ ਸਮਰਥ, ਭੇਵ ਕੋਈ ਨਾ ਪਾਇੰਦਾ। ਬ੍ਰਹਮਾ ਚਰਨ ਗਿਆ ਢੱਠ, ਨੇਤਰ ਨੀਰ ਨੈਣ ਵਹਾਇੰਦਾ। ਪਾਰਬ੍ਰਹਮ ਦੇ ਸਮਝਾਵੇ ਮੱਤ, ਕਵਣ ਰੂਪ ਰੰਗ ਰੰਗਾਇੰਦਾ। ਪੁਰਖ ਅਬਿਨਾਸ਼ੀ ਜਾਏ ਤੁਠ, ਆਪ ਆਪਣਾ ਖੇਲ ਖਿਲਾਇੰਦਾ। ਤ੍ਰੈਗੁਣ ਮਾਇਆ ਕਰ ਉਤਪਤ, ਬ੍ਰਹਮੇ ਝੋਲੀ ਪਾਇੰਦਾ। ਬੀਜ ਬੀਜਿਆ ਸਾਚੇ ਵਤ, ਸਾਚੀ ਸਿਖਿਆ ਇਕ ਸਿਖਾਇੰਦਾ। ਆਪੇ ਬੂੰਦ ਆਪੇ ਰਤ, ਆਪੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਰਚਨ ਰਚਾਇੰਦਾ। ਲੱਖ ਚੁਰਾਸੀ ਹਰਿ ਹਰਿ ਖੇਲ, ਵਡ ਵੱਡਾ ਵਡਿਆਈਆ । ਆਪ ਆਪਣਾ ਕਰਿਆ ਮੇਲ, ਆਪੇ ਮੁਖ ਛੁਪਾਈਆ। ਆਪੇ ਪੰਜ ਤੱਤ ਚਾੜ੍ਹਿਆ ਤੇਲ, ਆਪ ਆਪਣਾ ਦਰ ਸੁਹਾਈਆ। ਆਪੇ ਵਸੇ ਰੰਗ ਨਵੇਲ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਕ ਸੇਵਾ ਰਿਹਾ ਸਮਝਾਈਆ। ਵਿਸ਼ਨੂੰ ਸੇਵਾ ਸਾਚੀ ਲਾ, ਹਰਿ ਹਰਿ ਹੁਕਮ ਸੁਣਾਇੰਦਾ। ਦੇਵਣਹਾਰਾ ਰਿਜਕ ਸਬਾ, ਸਾਚੀ ਭਿਛਿਆ ਝੋਲੀ ਪਾਇੰਦਾ। ਬ੍ਰਹਮਾ ਬ੍ਰਹਮ ਰੂਪ ਜਾਏ ਸਮਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਸ਼ੰਕਰ ਬਣਿਆ ਮੰਦਰ ਦੇਵੇ ਢਾਹ, ਪੰਜ ਤੱਤ ਰਹਿਣ ਨਾ ਪਾਇੰਦਾ। ਖੇਲੇ ਖੇਲ ਬੇਪਰਵਾਹ, ਆਪਣੀ ਕਲ ਵਰਤਾਇੰਦਾ। ਸ਼ਬਦ ਸਰੂਪੀ ਸ਼ਬਦ ਜਣਾ, ਸ਼ਬਦੀ ਸ਼ਬਦ ਪੜ੍ਹਾਇੰਦਾ। ਬ੍ਰਹਮਾ ਲੇਖਾ ਰਿਹਾ ਮਣਾ, ਆਪਣੇ ਮੁਖ ਸਲਾਹਿੰਦਾ। ਚਾਰੇ ਵੇਦਾਂ ਆਪ ਜਣਾ, ਚਾਰੇ ਕੂਟਾਂ ਵੇਖ ਵਖਾਇੰਦਾ। ਦਹਿ ਦਿਸ਼ਾ ਫੇਰੀ ਪਾ, ਲੋਆਂ ਪੁਰੀਆਂ ਜੋਤ ਜਗਾਇੰਦਾ। ਆਪਣੀ ਵੰਡ ਆਪ ਵੰਡਾ, ਆਪੇ ਹਿੱਸਾ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਚਨ ਰਚਾ, ਸਾਚਾ ਗੇੜ ਬਣਾਇੰਦਾ। ਲੱਖ ਚੁਰਾਸੀ ਆਪ ਭਵਾ, ਆਪੇ ਵੇਖ ਵਖਾਇੰਦਾ। ਆਪਣੇ ਭਾਣੇ ਰਿਹਾ ਸਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਪ੍ਰਭ ਬੇਅੰਤ, ਖੇਲੇ ਖੇਲ ਜੁਗਾਂ ਜੁਗੰਤ ਆਦਿ ਅਨਾਦਿ ਏਕਾ ਏਕ ਅਖਵਾਇੰਦਾ। ਏਕਾ ਏਕ ਏਕੰਕਾਰਾ, ਚਾਰੇ ਯੁਗ ਗੇੜ ਭੁਵਾਈਆ। ਲੱਖ ਚੁਰਾਸੀ ਪਸਰ ਪਸਾਰ, ਬ੍ਰਹਮ ਬ੍ਰਹਮ ਬ੍ਰਹਮ ਵੱਜੇ ਵਧਾਈਆ। ਪਾਰਬ੍ਰਹਮ ਰੂਪ ਅਪਾਰ, ਦਿਸ ਕਿਸੇ ਨਾ ਆਈਆ। ਛੱਤੀ ਯੁਗ ਏਕਾ ਧਾਰ, ਏਕਾ ਕੂਟ ਸੁਹਾਈਆ। ਬ੍ਰਹਮਾ ਮਨਵੰਤਰ ਹੋਏ ਉਜਿਆਰ, ਆਪ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਸੁਣਾਈਆ। ਲੇਖਾ ਲਿਖਣਹਾਰ ਗੋਪਾਲ, ਕਾਗਦ ਕਲਮ ਨਾ ਕੋਇ ਰਖਾਇੰਦਾ। ਆਦਿ ਜੁਗਾਦੀ ਦੀਨ ਦਿਆਲ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਸੰਗ ਰਖਾਏ ਕਾਲ ਮਹਾਂਕਾਲ, ਸਾਚੀ ਸੇਵਾ ਲਾਇੰਦਾ। ਲੱਖ ਚੁਰਾਸੀ ਤ੍ਰੈਗੁਣ ਜੰਜਾਲ, ਜਗਤ ਜੰਜਾਲਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਥ ਆਪ ਚਲਾਇੰਦਾ। ਰਥ ਰਥਵਾਹੀ ਵਡ ਬਲਵਾਨ, ਏਕਾ ਏਕਉਂਕਾਰਿਆ। ਆਪੇ ਵੇਖੇ ਮਾਰ ਧਿਆਨ, ਆਪ ਆਪਣਾ ਰੂਪ ਵਟਾ ਰਿਹਾ। ਆਪੇ ਦੇਵਣਹਾਰਾ ਧੁਰ ਫ਼ਰਮਾਣ, ਆਪਣਾ ਹੁਕਮ ਆਪ ਸੁਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਜਣਾ ਰਿਹਾ। ਵਿਸ਼ਨੂੰ ਦਾਤਾ ਜੀਆ ਦਾਨ, ਦੇਵੇ ਰਿਜ਼ਕ ਸਬਾਈਆ। ਦਰ ਘਰ ਸਾਚੇ ਮੰਗੇ ਬਣ ਨਾਦਾਨ, ਅੱਗੇ ਆਪਣੀ ਝੋਲੀ ਡਾਹੀਆ। ਅੱਠੇ ਪਹਿਰ ਹਰਿ ਚਰਨ ਧਿਆਨ, ਨੇਤਰ ਨੈਣ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖ ਵਖਾਈਆ। ਵਿਸ਼ਨੂੰ ਮੰਗ ਸਚਖੰਡ, ਆਪਣੀ ਮੰਗ ਮੰਗਾਇੰਦਾ। ਵਸਣਹਾਰਾ ਵਿਚ ਬ੍ਰਹਿਮੰਡ ਖੰਡ, ਭੇਵ ਅਭੇਦ ਖੁਲ੍ਹਾਇੰਦਾ। ਤੂੰ ਸੁਹਾਗੀ ਕੰਤ ਤੇਰਾ ਵਿਛੋੜਾ ਬਣਾਏ ਦੁਹਾਗਣ ਨਾਰ ਰੰਡ, ਸਾਚੀ ਸੇਜਾ ਨਾ ਕੋਇ ਹੰਢਾਇੰਦਾ। ਤੇਰੀ ਕਰਵਟ ਨਾ ਵੇਖਾਂ ਤੇਰੀ ਕੰਡ, ਤੇਰਾ ਵਰ ਨਾ ਕੋਇ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇਵੇ ਸਾਚਾ ਵਰ, ਕੌਣ ਘਰ ਮੇਲ ਮਿਲਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਵਿਸ਼ਨੂੰ ਵੰਸੀ ਦਏ ਸਮਝਾਈਆ। ਤੇਰਾ ਮੇਰਾ ਸਚ ਪਿਆਰ, ਦਰ ਘਰ ਸਾਚਾ ਇਕ ਸੁਹਾਈਆ। ਭੇਵ ਨਾ ਪਾਏ ਲੱਖ ਚੁਰਾਸੀ ਜੀਵ ਜੰਤ ਕੋਈ ਸਾਰ, ਸਨਮੁਖ ਬੈਠ ਨਾ ਕੋਇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਏਕਾ ਸਾਚਾ ਵਰ, ਤੇਰੀ ਕਰੇ ਸਚ ਕੁੜਮਾਈਆ। ਵਿਸ਼ਨੂੰ ਤੇਰਾ ਮੇਲ ਮਿਲੌਣਾ, ਲੱਖ ਚੁਰਾਸੀ ਹੋ ਪਰਧਾਨਿਆ। ਨੌ ਨੌ ਚਾਰ ਪਾਰ ਕਰੌਣਾ, ਬ੍ਰਹਮਾ ਵੇਦ ਨਾ ਭੇਵ ਖੁਲ੍ਹਾਨਿਆ। ਅਕਾਲ ਮੂਰਤ ਰੂਪ ਵਖੌਣਾ, ਨਿਰਗੁਣ ਜੋਤ ਜਗੇ ਮਹਾਨਿਆ। ਜੂਨੀ ਰਹਿਤ ਨਾਉਂ ਧਰੌਣਾ, ਸਤਿ ਪੁਰਖ ਨਿਰੰਜਣ ਵਡ ਸੁਲਤਾਨਿਆ। ਆਦਿ ਨਿਰੰਜਣ ਸੇਵਾ ਲਾਉਣਾ, ਜੋਤੀ ਨੂਰ ਡਗਮਗਾਨਿਆ। ਬ੍ਰਹਮ ਬ੍ਰਹਮ ਬ੍ਰਹਮ ਵੇਖ ਵਖੌਣਾ, ਦਰ ਸਾਚਾ ਇਕ ਸੁਹਾਨਿਆ। ਤੇਰਾ ਡੰਕਾ ਤੇਰੇ ਨਾਮ ਲੋਕਮਾਤ ਵਜੌਣਾ, ਪਰਗਟ ਹੋ ਸ੍ਰੀ ਭਗਵਾਨਿਆ। ਸੋ ਪੁਰਖ ਨਿਰੰਜਣ ਆਪ ਅਖਵੌਣਾ, ਹੰਸ ਤੇਰਾ ਰੂਪ ਪਛਾਨਿਆ। ਸੋਹੰ ਸ਼ਬਦ ਸਚ ਚਲੌਣਾ, ਨਿਰਗੁਣ ਆਪਣੀ ਕਲ ਵਰਤਾਨਿਆ। ਕਲਜੁਗ ਵੇਲਾ ਅੰਤਮ ਆਉਣਾ, ਨਿਹਕਲੰਕ ਨਿਰਗੁਣ ਰੂਪ ਪਰਗਟ ਹੋਏ ਵਾਲੀ ਦੋ ਜਹਾਨਿਆ। ਤੇਰਾ ਮੇਰਾ ਡੰਕ ਵਜਾਉਣਾ, ਤੇਰਾ ਮਰਦੰਗ ਮੰਗ ਤਰਾਨਿਆ। ਤੇਰਾ ਬੰਕ ਆਪ ਸੁਹਾਉਣਾ, ਤੇਰਾ ਰਾਗ ਮੇਰਾ ਗਾਣਿਆ। ਤੇਰਾ ਬੰਕ ਆਪ ਸੁਹੌਣਾ, ਤੇਰੇ ਦਰ ਬਣੇ ਦਰਬਾਨਿਆ। ਤੇਰਾ ਧਾਮ ਆਪ ਵਸੌਣਾ, ਮਹੱਲ ਅਟੱਲ ਵੇਖ ਮਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨੂੰ ਦਿਤਾ ਸਾਚਾ ਵਰ, ਵੇਲੇ ਅੰਤ ਕਰੇ ਪਰਵਾਨਿਆ। ਕਲਜੁਗ ਵੇਲਾ ਅੰਤ ਸੁਹਾਏ, ਹਰਿ ਜੋਤ ਕਰੇ ਰੁਸ਼ਨਾਈਆ। ਏਕਾ ਵਿਸ਼ਨੂੰ ਰੂਪ ਵਟਾਏ, ਪੰਜ ਤੱਤ ਸ੍ਰੀ ਭਗਵਾਨਿਆ । ਤੇਰਾ ਲਹਿਣਾ ਦਏ ਚੁਕਾਏ, ਨੌ ਸੌ ਚੁਰਾਨਵੇ ਜੁਗ ਚੌਕੜੀ ਰੱਖਣਾ ਇਕ ਧਿਆਨਿਆ। ਤੇਰਾ ਗਹਿਣਾ ਤੇਰੇ ਤਨ ਪਹਿਨਾਏ, ਚਰਨ ਧੂੜ ਕਰਾਏ ਅਸ਼ਨਾਨਿਆ। ਸਤਿਜੁਗ ਕੋਟਨ ਕੋਟ ਵਾਰ ਵੇਖ ਵਖਾਏ, ਰਾਮ ਰਾਮ ਰੂਪ ਵਟਾਨਿਆ। ਕੋਟਨ ਕੋਟ ਗੋਤਮ ਸੇਵਾ ਲਾਏ, ਕੋਟਨ ਕੋਟ ਅਹੱਲਿਆ ਸਿਲਾ ਚਰਨ ਛੁਹਾਨਿਆ। ਕੋਟਨ ਕੋਟ ਰਾਵਨ ਦਏ ਖਪਾਏ, ਲੰਕਾ ਗੜ੍ਹ ਆਪ ਤੁੜਾਨਿਆ। ਕੋਟਨ ਕੋਟ ਭੀਲਣੀ ਬਣ ਬਣ ਤਰਾਏ, ਮੰਗੇ ਆਏ ਦਰ ਦਰਬਾਨਿਆ। ਕੋਟਨ ਕੋਟ ਸੀਤਾ ਲਏ ਪ੍ਰਨਾਏ, ਸਾਂਤਕ ਸਤਿ ਸ੍ਰੀ ਭਗਵਾਨਿਆ। ਹਰਿ ਕਾ ਭੇਵ ਕੋਈ ਨਾ ਪਾਏ, ਬਲ ਬਾਵਨ ਰਾਹ ਤਕਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਨਿਆ। ਕੋਟਨ ਕੋਟ ਕ੍ਰਿਸ਼ਨ ਆਤਮ ਦੇਵ, ਕਾਹਨਾ ਆਪਣਾ ਰੂਪ ਵਟਾਈਆ। ਕੋਟਨ ਕੋਟ ਰਾਧਾ ਕਰੇ ਸੇਵ, ਚਰਨ ਕਵਲ ਧਿਆਨ ਲਗਾਈਆ। ਕੋਟਨ ਕੋਟ ਯੁਧਿਸ਼ਟਰ ਮੰਗੇ ਮੇਵ, ਕੋਟਨ ਕੋਟ ਅਰਜਨ ਬਾਣ ਉਠਾਈਆ। ਕੋਟਨ ਕੋਟ ਕਰੇ ਖੇਲ ਅਲਖ ਅਭੇਵ, ਕੋਟਨ ਕੋਟ ਦ੍ਰੋਪਦ ਸੁੱਤ ਦ੍ਰੋਪਦੀ ਲਾਜ ਰਖਾਈਆ। ਕੋਟਨ ਕੋਟ ਬਿਪਰ ਸੁਦਾਮਾ ਗਾਏ ਰਸਨਾ ਜੇਹਵ, ਕੋਟਨ ਕੋਟ ਬਿਦਰ ਬੈਠੇ ਰਾਹ ਤਕਾਈਆ। ਕੋਟਨ ਕੋਟ ਹੰਕਾਰੀ ਦਰਯੋਧਨ ਨਾ ਪਾਇਣ ਭੇਵ, ਜੂਠਾ ਝੂਠਾ ਬੈਠੇ ਗੜ੍ਹ ਬਣਾਈਆ। ਕੋਟਨ ਕੋਟ ਰਥ ਰਥਵਾਹੀ ਬਣ ਬਣ ਕਰਨ ਸੇਵ, ਤ੍ਰਿਲੋਕੀ ਨਾਥ ਕੋਟ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਕਾਲ ਪੁਰਖ ਏਕਉਂਕਾਰ ਅਜੂਨੀ ਰਹਿਤ ਇਕ ਵਡਿਆਈਆ। ਕੋਟਨ ਕੋਟ ਬੁਧ ਗਿਆਨ, ਕੋਟਨ ਕੋਟ ਅੰਤਰ ਲਿਵ ਲਾਈਆ। ਕੋਟਨ ਕੋਟ ਮੰਗਣ ਦਾਨ, ਅੱਗੇ ਬੈਠੀਆਂ ਝੋਲੀਆਂ ਡਾਹੀਆ। ਕੋਟਨ ਕੋਟ ਕਰਨ ਅਸ਼ਨਾਨ, ਚਰਨ ਧੂੜੀ ਖ਼ਾਕ ਰਮਾਈਆ। ਕੋਟਨ ਕੋਟ ਵੇਖੇ ਰਵ ਸਸ ਸੂਰਜ ਚੰਨ ਭਾਨ, ਸਿਤਾਰ ਮੰਡਲ ਮੰਡਪ ਰਹੇ ਸੁਹਾਈਆ। ਕੋਟਨ ਕੋਟ ਪਵਣ ਪਾਣੀ ਕੱਢਣ ਵਗਾਰ, ਕੋਟਨ ਕੋਟ ਧਰਤ ਧਵਲ ਉਪਰ ਡੇਰਾ ਲਾਈਆ। ਕੋਟਨ ਕੋਟ ਝੁਲਾਏ ਨਿਸ਼ਾਨ, ਕੋਟਨ ਕੋਟ ਖ਼ਾਕ ਸਮਾਈਆ। ਕੋਟਨ ਕੋਟ ਈਸਾ ਮੂਸਾ ਕਰੇ ਪਰਧਾਨ, ਕੋਟਨ ਕੋਟ ਕਲਮਾ ਰਹੇ ਪੜ੍ਹਾਈਆ। ਕੋਟਨ ਕੋਟ ਮੁਹੰਮਦ ਰਾਹ ਤਕਾਣ, ਨਿਗਹਬਾਨ ਮਿਹਬਾਨ ਬੀਦੋ ਨਜ਼ਰ ਨਾ ਆਈਆ। ਕੋਟਨ ਕੋਟ ਨਾਨਕ ਦਰ ਪਰਵਾਨ, ਸਚਖੰਡ ਬੈਠੇ ਆਸਣ ਲਾਈਆ। ਕੋਟਨ ਕੋਟ ਦਰ ਦਰਬਾਨ, ਧਰੂ ਪ੍ਰਹਿਲਾਦ ਆਪ ਸਹਾਈਆ। ਕੋਟਨ ਕੋਟ ਗੋਬਿੰਦ ਝੁਲਾਇਣ ਨਿਸ਼ਾਨ, ਪੂਤ ਸਪੂਤਾ ਦਏ ਵਡਿਆਈਆ। ਕੋਟਨ ਕੋਟ ਵੇਦ ਪੁਰਾਨ, ਬ੍ਰਹਮਾ ਵੇਦ ਵਿਆਸਾ ਗਏ ਲਿਖਾਈਆ। ਕੋਟਨ ਕੋਟ ਸ਼ਾਸਤਰ ਸਿਮਰਤ ਖੋਲ੍ਹ ਦੁਕਾਨ, ਲੋਕਮਾਤ ਵੇਖ ਵਖਾਈਆ। ਕੋਟਨ ਕੋਟ ਅੰਜੀਲ ਕੁਰਾਨ, ਤੀਸ ਬਤੀਸਾ ਗਏ ਗਾਈਆ। ਕੋਟਨ ਕੋਟ ਖਾਣੀ ਬਾਣੀ ਹੋ ਪਰਧਾਨ, ਏਕਾ ਨਾਅਰਾ ਰਹੇ ਲਗਾਈਆ। ਕੋਟਨ ਕੋਟ ਕਬੀਰਾ ਦਰ ਘਰ ਮਿਲੇ ਮਾਣ, ਜੋ ਆਏ ਚਲ ਸਰਨਾਈਆ। ਕੋਟਨ ਕੋਟ ਜੁਗਾ ਜੁਗੰਤਰ ਆਦਿ ਅੰਤ ਪਾਰਬ੍ਰਹਮ ਅਬਿਨਾਸ਼ੀ ਕਰਤੇ ਤੇਰਾ ਮੰਗਣ ਚਰਨ ਧਿਆਨ, ਏਕਾ ਆਪਣਾ ਰਾਹ ਤਕਾਈਆ। ਕੋਟਨ ਕੋਟ ਤੇਰਾ ਸੁਣਨ ਧੁਰ ਫ਼ਰਮਾਣ, ਗੁਰ ਅਰਜਨ ਦਏ ਗਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਖੇਲ ਮਹਾਨ, ਕਲਜੁਗ ਅੰਤਮ ਵੇਖ ਵਖਾਈਆ। ਪਰਗਟ ਹੋਇਆ ਨਿਹਕਲੰਕ ਬਲੀ ਬਲਵਾਨ, ਦੂਸਰ ਓਟ ਨਾ ਕੋਇ ਰਖਾਈਆ। ਆਪਣੇ ਹੱਥ ਰੱਖੀ ਤ੍ਰਿਲੋਕੀ ਕਲਿਆਣ, ਬ੍ਰਹਮਾ ਵਿਸ਼ਨ ਸ਼ਿਵ ਕਰੋੜ ਤੇਤੀਸ ਸੁਰਪਤ ਰਾਜਾ ਇੰਦ ਆਪਣੇ ਹੁਕਮ ਫਿਰਾਈਆ। ਰਵ ਸਸ ਸਾਚਾ ਸ਼ਬਦ ਸੁਣਨ ਲਾ ਲਾ ਕਾਨ, ਪੁਰਖ ਅਗੰਮੜਾ ਆਪ ਸੁਣਾਈਆ। ਚੌਦਾਂ ਤਬਕਾਂ ਪਾਵਣਹਾਰਾ ਆਣ, ਏਕਾ ਨਰ ਆਪ ਖ਼ੁਦਾਈਆ। ਕਾਇਨਾਤ ਹੋ ਪਰਧਾਨ, ਸਚ ਅਮਾਮ ਰੂਪ ਵਟਾਈਆ। ਐਨਲਹੱਕ ਤੇਰਾ ਵੇਖੇ ਹੱਕ ਨਿਸ਼ਾਨ, ਸਚ ਹਕੀਕਤ ਨਾਲ ਰਲਾਈਆ। ਮੁਕਾਮੇ ਹੱਕ ਹੋ ਪਰਧਾਨ, ਆਸ਼ਕ ਮਾਸ਼ੂਕਾ ਲਏ ਜਗਾਈਆ। ਬਣਿਆ ਮਸ਼ੂਕ ਗੁਣ ਨਿਧਾਨ, ਆਸ਼ਕ ਵੇਖੇ ਖ਼ਲਕ ਖ਼ੁਦਾਈਆ। ਕਾਇਆ ਕਾਅਬਾ ਹਰਿ ਮਿਹਰਵਾਨ, ਏਕਾ ਮੱਕਾ ਦਏ ਸਮਝਾਈਆ। ਦੁਲਦੁਲ ਐਲੀ ਸਾਚਾ ਰਾਕਾ ਚੜ੍ਹਿਆ ਨੌਜਵਾਨ, ਵਾਗ ਆਪਣੇ ਹੱਥ ਰਖਾਈਆ। ਕਰਨ ਆਇਆ ਸਚ ਪਛਾਨ, ਉਮਤ ਉਮਤੀ ਵੇਖ ਵਖਾਈਆ। ਨਬੀ ਰਸੂਲਾਂ ਪਾਏ ਆਣ, ਮੁੱਲਾਂ ਸ਼ੇਖ਼ ਮੁਸਾਇਕ ਪੀਰ ਸ਼ਬਦ ਜ਼ੰਜੀਰ ਆਪ ਬੰਧਾਈਆ। ਇਕ ਤੌਫੀਕ ਨਿਗਹਬਾਨ, ਲਾਸ਼ਰੀਕ ਇਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਰੰਗ ਆਪ ਰੰਗਾਈਆ। ਆਪਣਾ ਰੰਗ ਆਪੇ ਰੰਗ, ਹਰਿ ਸਾਚਾ ਵੇਖ ਵਖਾਇੰਦਾ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਫੋਲ ਫੋਲਾਇੰਦਾ। ਕਲਜੁਗ ਚਾਰ ਕੁੰਟ ਭਾਜੀ ਫੇਰੀ ਝੂਠੀ ਗੰਢ, ਝੂਠਾ ਨਾਤਾ ਜੋੜ ਜੁੜਾਇੰਦਾ। ਦਰ ਦਰ ਘਰ ਘਰ ਦਿਸੇ ਭੇਖ ਪਾਖੰਡ, ਹਰਿ ਕਾ ਇਸ਼ਟ ਨਾ ਕੋਇ ਮਨਾਇੰਦਾ। ਜੀਵ ਜੰਤ ਸਾਧ ਸੰਤ ਨਾਰ ਦੁਹਾਗਣ ਹੋਈ ਰੰਡ, ਸਾਚਾ ਕੰਤ ਨਾ ਕੋਇ ਮਨਾਇੰਦਾ। ਗੁਰਦਰ ਮੰਦਰ ਮਸਜਿਦ ਮੱਠ, ਸ਼ਿਵਦਵਾਲੇ ਨਿਰਗੁਣ ਜੋਤ ਨਾ ਚੜ੍ਹਿਆ ਚੰਦ, ਪਰਕਾਸ਼ ਪਰਕਾਸ਼ ਨਾ ਕੋਇ ਉਪਾਇੰਦਾ। ਕਲਜੁਗ ਜੀਵ ਭਾਗਾਂ ਮੰਦ, ਮਾਇਆ ਮਮਤਾ ਸੰਗ ਪਰਨਾਇੰਦਾ। ਹਉਮੇ ਹੰਗਤਾ ਹੋਈ ਕੰਧ, ਕੂੜਾ ਗੜ੍ਹ ਨਾ ਕੋਈ ਤੁੜਾਇੰਦਾ। ਸਾਧਾਂ ਛੱਡਿਆ ਪਰਮਾਨੰਦ, ਨਿਜਾ ਨੰਦ ਨਾ ਕੋਈ ਦਰਸਾਇੰਦਾ। ਰਸਨਾ ਅਹਾਰ ਮਦਿਰਾ ਮਾਸ ਗੰਦ, ਨਾਨਕ ਗੋਬਿੰਦ ਦਰ ਦੁਰਕਾਇੰਦਾ। ਰਾਮ ਕ੍ਰਿਸ਼ਨ ਨਾ ਦੇਵੇ ਕਿਸੇ ਸੰਗ, ਦੁਰਗਾ ਇਸ਼ਟ ਨਾ ਕੋਈ ਵਖਾਇੰਦਾ। ਵਿਸ਼ਨੂੰ ਮੰਗੀ ਆਪਣੀ ਮੰਗ, ਕਲਜੁਗ ਵੇਲਾ ਅੰਤਮ ਆਇੰਦਾ। ਪਾਰਬ੍ਰਹਮ ਲੈ ਚੜ੍ਹਿਆ ਨਾਮ ਮਰਦੰਗ, ਲੋਆਂ ਪੁਰੀਆਂ ਆਪ ਸੁਣਾਇੰਦਾ। ਕਰਨਹਾਰਾ ਖੰਡ ਖੰਡ, ਏਕਾ ਖੰਡਾ ਆਪ ਚਮਕਾਇੰਦਾ। ਸਾਚੀ ਵਸਤ ਆਤਮ ਹਰਿ ਸੰਗਤ ਸਾਚੀ ਦਏ ਵੰਡ, ਨਿਹਕਲੰਕ ਹਰਿ ਸੇਵ ਕਮਾਇੰਦਾ। ਅਬਿਨਾਸ਼ੀ ਕਰਤਾ ਲਾਏ ਰੰਗ, ਕੋਟਨ ਕੋਟ ਜੁਗ ਜੁਗ ਵਿਛੜੇ, ਆਪ ਆਪਣਾ ਮੇਲ ਮਿਲਾਇੰਦਾ। ਆਪੇ ਚਾੜ੍ਹੇ ਚੋਟੀ ਸਿਖਰੇ, ਸਚਖੰਡ ਦਵਾਰੇ ਆਪ ਬਹਾਇੰਦਾ। ਨੌ ਖੰਡ ਸਤ ਦੀਪ ਲੱਖ ਚੁਰਾਸੀ ਵਿਚੋਂ ਗੁਰਮੁਖ ਸਾਚੇ ਥੋੜੇ ਨਿਖਰੇ, ਜੋ ਸਰਸਾ ਭੇਟ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਆਪ ਅਖਵਾਇੰਦਾ। ਨਿਹਕਲੰਕ ਹਰਿ ਬਲਵਾਨ, ਕਲਜੁਗ ਅੰਤਮ ਆਇਆ। ਸਾਧ ਸੰਤ ਗੁਰ ਪੀਰ ਅਵਤਾਰ ਮੰਗਦੇ ਰਹੇ ਦਾਨ, ਪ੍ਰਭ ਅੱਗੇ ਝੋਲੀ ਡਾਹਿਆ। ਨਿਉਂ ਨਿਉਂ ਸਜਦਾ ਕਰ ਕਰ ਮੰਨਦੇ ਰਹੇ ਆਣ, ਆਪਣਾ ਸੀਸ ਨਾ ਕਿਸੇ ਉਠਾਇਆ। ਭਾਣਾ ਮੰਨਣ ਵਿਚ ਜਹਾਨ, ਹਰਿ ਭਾਣੇ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪੇ ਖੇਲ ਖਿਲਾਇਆ। ਸਤਿਜੁਗ ਤ੍ਰੇਤਾ ਦੁਆਪਰ ਜੁਗ ਜੁਗ ਅਵਤਾਰ, ਹਰਿ ਸਾਚਾ ਆਪ ਘਲਾਇੰਦਾ। ਲੋਕਮਾਤ ਕਰ ਉਜਿਆਰ, ਸਾਚਾ ਮਾਰਗ ਲਾਇੰਦਾ। ਸ਼ਬਦ ਤੇਰਾ ਖੰਡਾ ਸਚ ਕਟਾਰ, ਤੀਰ ਕਮਾਨ ਹੱਥ ਫੜਾਇੰਦਾ। ਰਥ ਰਥਵਾਹੀ ਬੰਨੇ ਧਾਰ, ਗੀਤਾ ਗਿਆਨ ਦ੍ਰਿੜਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਕਲਮਾ ਆਪ ਪੜ੍ਹਾਇੰਦਾ। ਨਾਨਕ ਗੋਬਿੰਦ ਰੰਗ ਕਰਤਾਰ, ਨਾਮ ਸਤਿ ਰੰਗ ਰੰਗਾਇੰਦਾ। ਚਾਰ ਵਰਨ ਕਰ ਪਿਆਰ, ਏਕਾ ਮਤ ਸਮਝਾਇੰਦਾ। ਬਿਨ ਹਰਿ ਦੂਸਰ ਨਾ ਕੋਈ ਦਵਾਰ, ਪੁਰਖ ਅਕਾਲ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕ ਨਰਾਇਣ ਨਰ, ਆਪਣੀ ਕਲ ਆਪ ਵਰਤਾਇੰਦਾ। ਨਿਹਕਲੰਕ ਸੂਰ ਸੁਲਤਾਨਾ, ਸਤਿ ਪੁਰਖ ਨਿਰੰਜਣ ਆਪ ਅਖਵਾਇਆ। ਵੀਹ ਸੌ ਬਿਕ੍ਰਮੀ ਹੋ ਪਰਧਾਨਾ, ਲੋਕਮਾਤ ਜੋਤ ਜਗਾਇਆ। ਵੀਹ ਸੌ ਇਕ ਵਾਲੀ ਦੋ ਜਹਾਨਾ, ਏਕਾ ਮੰਤਰ ਨਾਮ ਦ੍ਰਿੜਾਇਆ। ਵੀਹ ਸੌ ਦੋ ਦਰ ਦਰਬਾਨਾ, ਦਰ ਦਰਵੇਸ਼ ਵੇਸ ਵਟਾਇਆ। ਵੀਹ ਸੌ ਤਿੰਨ ਚਤੁਰ ਸੁਜਾਨਾ, ਗੁਰਮੁਖ ਸਾਚੇ ਲਏ ਉਠਾਇਆ। ਵੀਹ ਸੌ ਚਾਰ ਬੱਧਾ ਗਾਨਾ, ਆਪ ਆਪਣਾ ਹੁਕਮ ਮਨਾਇਆ। ਵੀਹ ਸੌ ਪੰਜ ਬਿਕ੍ਰਮੀ ਹੋ ਪਰਧਾਨਾ, ਪ੍ਰਭ ਲਹਿਣਾ ਲਹਿਣੇ ਪਾਇਆ। ਵੀਹ ਸੌ ਛੇ ਤੇਰਾ ਨਿਸ਼ਾਨਾ, ਸੋਹੰ ਸ਼ਬਦ ਉਪਾਇਆ। ਵੀਹ ਸੌ ਸੱਤ ਗੋਪੀ ਕਾਹਨਾ, ਗੁਰਮੁਖ ਸੁਰਤੀ ਨਾਚ ਨਚਾਇਆ। ਵੀਹ ਸੌ ਅੱਠ ਖੇਲ ਮਹਾਨਾ, ਸੰਤ ਮਨੀ ਸਿੰਘ ਲੇਖੇ ਲਾਇਆ। ਵੀਹ ਸੌ ਨੌ ਨੌਜਵਾਨਾ, ਨੌਂ ਦਰ ਵੇਖੇ ਖੋਜ ਖੁਜਾਇਆ। ਵੀਹ ਦਸ ਦਰ ਪਰਵਾਨਾ, ਦਰ ਸਾਚਾ ਦਏ ਸੁਹਾਇਆ। ਸੋਲਾਂ ਮੱਘਰ ਖੇਲ ਮਹਾਨਾ, ਬਾਲ ਬਾਲਾ ਲੇਖੇ ਲਾਇਆ। ਸਿੰਘ ਮਨਜੀਤਾ ਇਕ ਤਰਾਨਾ, ਸੁਰਪਤ ਰਾਜੇ ਇੰਦ ਰਿਹਾ ਸੁਣਾਇਆ। ਸਿੰਘ ਪਾਲ ਦੇਵੇ ਇਕ ਗਿਆਨਾ, ਬਾਲਮੀਕ ਆਪ ਉਠਾਇਆ। ਦੇਵਣਹਾਰਾ ਧੁਰ ਫ਼ਰਮਾਣਾ, ਸਾਚੀ ਸੇਵਾ ਲਾਇਆ। ਵੀਹ ਸੌ ਗਿਆਰਾਂ ਖੇਲ ਅਪਾਰਾ, ਸਾਢੇ ਤਿੰਨ ਹੱਥ ਮੰਦਰ ਆਪ ਉਪਾਇਆ। ਗੁਰਸਿਖਾਂ ਮੇਲਾ ਡੂੰਘੀ ਕੁੰਦਰ ਗੁਰ ਦਰ ਮੰਦਰ ਮਸਜਿਦ ਡੇਰਾ ਢਾਇਆ। ਵੀਹ ਸਦ ਬਾਰਾਂ ਸਚ ਅਖਾੜਾ, ਸਤਾਰਾਂ ਹਾੜਾ ਲੋਕਮਾਤ ਆਪ ਲਗਾਇਆ। ਗੁਰਮੁਖਾਂ ਅੱਗ ਬੁਝਾਈ ਲੱਗੀ ਬਹੱਤਰ ਨਾੜਾ, ਅੰਮ੍ਰਿਤ ਸਾਚਾ ਜਾਮ ਪਿਆਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋ ਦਸ ਹੋਇਆ ਵਸ, ਹਰਿਜਨ ਮੇਲੇ ਨੱਸ ਨੱਸ, ਸੋਇਆ ਕੋਈ ਰਹਿਣ ਨਾ ਪਾਇਆ। ਵੀਹ ਸਦ ਬਾਰਾਂ ਰੰਗ ਅਨਮੋਲਾ, ਹਰਿ ਸੰਗਤ ਆਪ ਚੜ੍ਹਾਈਆ। ਪਾਰਬ੍ਰਹਮ ਪ੍ਰਭ ਬਣਿਆ ਤੋਲਾ, ਏਕਾ ਕੰਡਾ ਹੱਥ ਉਠਾਇਆ। ਹਰਿ ਮੰਦਰ ਅੰਦਰ ਪਿਆ ਰੌਲਾ, ਉਨੀਂ ਹਾੜ ਵੱਜੀ ਵਧਾਈਆ। ਸੇਵਕ ਸੇਵ ਕਮਾਏ ਬਦਲਿਆ ਚੋਲਾ, ਅੱਲਾ ਰਾਣੀ ਮੁਖ ਸ਼ਰਮਾਈਆ। ਪਰਗਟ ਹੋਇਆ ਉਪਰ ਧਵਲਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੁਰਮੁਖਾਂ ਅੰਮ੍ਰਿਤ ਭਰਿਆ ਕਵਲਾ, ਆਪਣੀ ਹੱਥੀਂ ਬੰਦ ਕਰਾਈਆ। ਇਕ ਪਿਆਈ ਸਾਚੀ ਬੂੰਦ ਨਾਮ ਖੰਡਾ ਵਿਚ ਫਿਰਾਈਆ। ਪੰਜ ਤੱਤ ਨਾ ਪਾਏ ਕੋਈ ਰੌਲਾ, ਜਗਤ ਵਾਸਨਾ ਨਾ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਬਣਿਆ ਆਲਾ ਭੋਲਾ, ਭਰਮ ਭੁਲੇਖੇ ਸ੍ਰਿਸ਼ਟ ਸਬਾਈ ਰਿਹਾ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਜੋਤ ਕਰੇ ਰੁਸ਼ਨਾਈਆ। ਵੀਹ ਸਦ ਤੇਰਾਂ ਹੋ ਉਜਿਆਰ, ਹਰਿ ਸਾਚਾ ਜੋਤ ਜਗਾਇੰਦਾ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸਾਧਾਂ ਸੰਤਾਂ ਆਪ ਉਠਾਇੰਦਾ। ਸ਼ਬਦ ਅਗੰਮੀ ਮਾਰੇ ਮਾਰ, ਨਾਮ ਡੰਡਾ ਹੱਥ ਉਠਾਇੰਦਾ। ਸਚ ਵਸਤ ਨਾ ਕਰੇ ਕੋਈ ਪਿਆਰ, ਝੂਠਾ ਵਣਜ ਸਰਬ ਵਖਾਇੰਦਾ। ਰਸਨਾ ਗਾ ਗਾ ਗਏ ਹਾਰ, ਹਰਿ ਕਾ ਦਰਸ ਕੋਇ ਨਾ ਪਾਇੰਦਾ। ਪੜ੍ਹ ਪੜ੍ਹ ਰਾਗ ਰਹੇ ਉਚਾਰ, ਸਾਚਾ ਰਾਗੀ ਦਿਸ ਨਾ ਆਇੰਦਾ। ਵਜਾਣ ਨਾਦ ਸੁਣਾਇਣ ਸੰਸਾਰ, ਆਤਮ ਨਾਦ ਨਾ ਕੋਇ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਦਸ ਤਿੰਨ ਤੇਰਾਂ ਸਚ ਵਿਹਾਰਾ, ਹਰਿ ਸਾਚੇ ਆਪ ਕਰਾਇਆ। ਇਕ ਨਰੇਲ ਕਰ ਤਿਆਰਾ, ਸਾਚਾ ਸਗਨ ਹੱਥ ਉਠਾਇਆ। ਕੋਈ ਮਿਲੇ ਜਗ ਗੁਰਮੁਖ ਪਿਆਰਾ, ਜਿਸ ਅੱਗੇ ਭੇਟ ਚੜ੍ਹਾਇਆ। ਸਾਧਾਂ ਸੰਤਾਂ ਅੰਦਰ ਵੇਖਿਆ ਕਾਮ ਕਰੋਧ ਲੋਭ ਮੋਹ ਹੰਕਾਰਾ, ਪ੍ਰਭ ਆਇਆ ਮੁਖ ਭੁਵਾਇਆ। ਸ਼ਾਹ ਸੁਲਤਾਨਾ ਦਿਤਾ ਇਕ ਹੁਲਾਰਾ, ਸੀਸ ਦਸਤਾਰ ਇਕ ਬੰਧਾਇਆ। ਗੁਰਮੁਖਾਂ ਕਰਿਆ ਸਚ ਪਿਆਰਾ, ਹਰਿ ਸੰਗਤ ਨਾਮ ਧਰਾਇਆ। ਨੌ ਦਵਾਰੇ ਪਾਰ ਕਿਨਾਰਾ, ਦਸਵਾਂ ਆਪਣਾ ਦਰਸ ਵਖਾਇਆ। ਨਾਤਾ ਤੁਟਾ ਸਰਬ ਸੰਸਾਰਾ, ਜੋ ਜਨ ਸਰਨਾਈ ਆਈਆ। ਅੰਦਰ ਵੜ ਕੇ ਵੇਖੇ ਜੀਵ ਵਿਚਾਰਾ, ਹਾਜ਼ਰ ਹਜ਼ੂਰ ਬੈਠਾ ਆਸਣ ਲਾਇਆ। ਜੋਗ ਅਭਿਆਸ ਨਾ ਕੋਈ ਕਰਾਏ ਜਗਤ ਕਿਨਾਰਾ, ਨੇਤਰ ਬੰਦ ਨਾ ਕੋਇ ਵਖਾਇਆ। ਪੁਰਖ ਅਬਿਨਾਸ਼ੀ ਤੁਠੇ, ਗੁਰਮੁਖਾਂ ਦੇਵੇ ਅੰਮ੍ਰਿਤ ਘੁੱਟੇ, ਆਵਣ ਜਾਵਣ ਲੱਖ ਚੁਰਾਸੀ ਛੁੱਟੇ, ਪਾਇਆ ਪੁਰਖ ਨਰ ਨਿਰੰਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੇਲਾ ਕੰਤ ਭਤਾਰਾ। ਨੌ ਦਵਾਰੇ ਤੁਟਾ ਨਾਤਾ, ਹਰਿ ਸਤਿਗੁਰ ਆਪ ਤੁੜਾਇੰਦਾ। ਹਰਿ ਸੰਗਤ ਤੇਰੀ ਮੁੱਕੀ ਵਾਟਾ, ਸੰਮਤ ਤੇਰਾਂ ਚੇਤਰ ਦਸ ਰੁੱਤ ਸੁਹਾਇੰਦਾ। ਆਪਣੀ ਹੱਥੀਂ ਪੂਰਾ ਕੀਤਾ ਘਾਟਾ, ਆਪਣੇ ਕੰਡੇ ਤੋਲ ਤੁਲਾਇੰਦਾ। ਗੁਰਸਿਖ ਤੇਰੀ ਆਤਮ ਸੁੱਤਾ ਸਾਚੀ ਖਾਟਾ, ਤੇਰੇ ਅੰਦਰ ਡੇਰਾ ਲਾਇੰਦਾ। ਤੇਰਾ ਬਜਰ ਕਪਾਟੀ ਪੜਦਾ ਪਾਟਾ, ਆਪਣਾ ਗਿਆਨ ਚਰਨ ਧਿਆਨ ਤੇਰੇ ਵਿਚ ਵਖਾਇੰਦਾ। ਗੁਰਮੁਖ ਨਾ ਵਿਕੇ ਕਿਸੇ ਹਾਟਾ, ਦੂਜਾ ਇਸ਼ਟ ਨਾ ਕੋਇ ਮਨਾਇੰਦਾ। ਗੁਰਸਿਖ ਤੇਰੇ ਅੰਦਰ ਆਦਿ ਸ਼ਕਤ ਜੋਤ ਲਲਾਟਾ, ਬ੍ਰਹਮਾ ਵਿਸ਼ਨ ਸ਼ਿਵ ਤੇਰੀ ਸੇਵ ਕਮਾਇੰਦਾ। ਗੁਰ ਗੋਬਿੰਦ ਤੇਰੇ ਅੰਦਰ ਧਰਿਆ ਅੰਮ੍ਰਿਤ ਬਾਟਾ, ਨਾਨਕ ਨਾਮ ਸਤਿ ਖੰਡਾ ਵਿਚ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਮੁਖ ਸਲਾਹਿੰਦਾ। ਸੰਗਤ ਸਦ ਸਦ ਹਰਿ ਸਲਾਹਣ ਜੋਗ, ਦੂਸਰ ਹੱਥ ਨਾ ਕੋਇ ਵਡਿਆਈਆ। ਗੁਰ ਸੰਗਤ ਤੇਰਾ ਹੋਇਆ ਧੁਰ ਸੰਜੋਗ, ਗੁਰ ਗੋਬਿੰਦ ਕਰੀ ਕੁੜਮਾਈਆ। ਪ੍ਰਭ ਅਬਿਨਾਸ਼ੀ ਤੇਰੀ ਸੇਜਾ ਭੋਗੇ ਭੋਗ, ਰਸ ਬਲਾਸਾ ਇਕ ਵਖਾਈਆ। ਤੇਰਾ ਚੁਕਿਆ ਦੂਜਾ ਰੋਗ, ਤੇਰਾ ਨੇਤਰ ਦੂਸਰ ਰਾਹ ਨਾ ਕੋਇ ਤਕਾਈਆ। ਤੇਰਾ ਵਾਸਾ ਲੋਕ ਪਰਲੋਕ, ਪ੍ਰਭ ਆਪਣੇ ਚਰਨ ਰਖਾਈਆ। ਹਰਿ ਸੰਗਤ ਤੇਰਾ ਪੂਰਨ ਹੋਇਆ ਜੋਗ, ਪਾਰਬ੍ਰਹਮ ਸਿਰ ਆਪਣਾ ਹੱਥ ਟਿਕਾਈਆ। ਤੇਰੀ ਚਰਨ ਧੂੜੀ ਮੰਗੇ ਮੰਗਤ ਮੋਖ, ਜਿਸ ਮਿਲਿਆ ਬੇਪਰਵਾਹੀਆ। ਰਾਹ ਤੱਕਣ ਗੁਰਸਿਖ ਤੇਰਾ ਚੌਦਾਂ ਲੋਕ, ਬੈਠੇ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਤੇਰਾ ਦਿਤਾ ਵਰ, ਹਰਿ ਸੰਗਤ ਸਾਚੀ ਭੇਟ ਚੜ੍ਹਾਈਆ। ਸਚ ਨਰੇਲ ਸੰਗਤ ਭੇਟਾ, ਹਰਿ ਸਾਚਾ ਆਪ ਚੜ੍ਹਾਇੰਦਾ। ਆਪੇ ਮਾਤ ਪਿਤਾ ਬਣਿਆ ਬੇਟਾ, ਆਪੇ ਖੇਲ ਖਿਲਾਇੰਦਾ। ਆਪੇ ਹੋਏ ਖੇਵਟ ਖੇਟਾ, ਸਚ ਮਲਾਹ ਆਪ ਹੋ ਜਾਇੰਦਾ। ਆਪੇ ਮਿਠਾ ਕਰੇ ਕੌੜਾ ਰੀਠਾ, ਅੰਮ੍ਰਿਤ ਰਸ ਆਪ ਭਰਾਇੰਦਾ। ਆਪੇ ਸੋਹਰਾ ਪੇਈਆ ਬਣੇ ਮੇਕਾ, ਆਪੇ ਸਗਨ ਮਨਾਇੰਦਾ। ਆਪੇ ਨਾਰੀ ਕੰਤ ਜਾਣੇ ਲੇਖਾ, ਆਪੇ ਲੇਖ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਿਆਰਾਂ ਬਾਰਾਂ ਤੇਰਾਂ ਅੱਗੇ ਆਪਣੇ ਧਰ, ਆਪ ਆਪਣਾ ਖੇਲ ਖਿਲਾਇੰਦਾ। ਸੰਮਤ ਚੌਦਾਂ ਚੌਦਾਂ ਲੋਕ, ਹਰਿ ਹਰਿ ਵੇਖ ਵਖਾਇੰਦਾ। ਇਕੀ ਸਿਖਾਂ ਦੇਵੇ ਮੋਖ, ਮੋਖ ਮੁਕਤ ਦਾਸੀ ਦਾਸ ਬਣਾਇੰਦਾ। ਨਾ ਕੋਈ ਹਰਖ਼ ਨਾ ਕੋਈ ਸੋਗ, ਸਾਚਾ ਹੁਕਮ ਸੁਣਾਇੰਦਾ। ਏਕਾ ਹਰਿ ਹਰਿ ਨਾਮ ਚੁਗਣ ਚੋਗ, ਦੂਸਰ ਰਸ ਨਾ ਕੋਇ ਉਪਾਇੰਦਾ। ਕੱਟਣਹਾਰਾ ਹਉਮੇ ਰੋਗ, ਦੂਈ ਦਵੈਤੀ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਏਕਾ ਕਰ, ਊਚ ਨੀਚ ਰਾਓ ਰੰਕ ਏਕਾ ਧਾਮ ਸੁਹਾਇੰਦਾ। ਚੌਦਾਂ ਹੱਟਾਂ ਵੇਖ ਪਸਾਰਾ, ਹਰਿ ਹਰਿ ਖੇਲ ਖਿਲਾਈਆ । ਚੌਦਾਂ ਤਬਕਾਂ ਖੇਲ ਨਿਆਰਾ, ਆਪਣੇ ਰੰਗ ਰੰਗੇ ਰਘੁਰਾਈਆ। ਗੁਰਮੁਖਾਂ ਕਰੇ ਸਚ ਪਿਆਰਾ, ਦਰ ਘਰ ਸਾਚੇ ਮੇਲ ਮਿਲਾਈਆ। ਏਕਾ ਤਾਲ ਇਕ ਤਲਵਾੜਾ, ਏਕਾ ਰਾਗ ਰਾਗ ਅਲਾਈਆ। ਏਕਾ ਮਜਲਸ ਇਕ ਅਖਾੜਾ, ਏਕਾ ਬੰਕ ਵਖਾਈਆ। ਲੇਖਾ ਚੁੱਕੇ ਪੰਚਮ ਧਾੜਾ, ਵਾਹ ਵਾਹ ਗੁਰ ਪੂਰਾ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਆਪੇ ਕਰ ਸਰਗੁਣ ਮੇਲਾ ਸਹਿਜ ਸੁਭਾਈਆ। ਵੀਹ ਸਦ ਪੰਦਰਾਂ ਹੋ ਤਿਆਰ, ਆਪ ਆਪਣੀ ਰਚਨ ਰਚਾਇੰਦਾ। ਨੌ ਤੀਸ ਖੇਲ ਅਪਾਰ, ਛੇ ਛੇ ਵੇਖ ਵਖਾਇੰਦਾ। ਦੋ ਸਤ ਹੋ ਉਜਿਆਰ, ਏਕਾ ਛੀਕਾ ਬੰਧਨ ਪਾਇੰਦਾ। ਤੀਰਥ ਤੱਟਾਂ ਪਾਵੇ ਸਾਰ, ਅਠਸਠ ਫੋਲ ਫੁਲਾਇੰਦਾ। ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲਾ ਮਠ ਵੇਖੇ ਤਟ ਕਿਨਾਰ, ਆਪ ਆਪਣਾ ਚਰਨ ਛੁਹਾਇੰਦਾ। ਗੰਗਾ ਗੋਦਾਵਰੀ ਸੁਰਸਤੀ ਰੋਵਣ ਜ਼ਾਰੋ ਜ਼ਾਰ, ਤ੍ਰਿਬੈਣੀ ਨੈਣੀ ਧੀਰ ਨਾ ਕੋਇ ਧਰਾਇੰਦਾ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਕਲਜੁਗ ਵੇਲਾ ਅੰਤਮ ਆਇੰਦਾ। ਸਾਧਾਂ ਸੰਤਾਂ ਜੀਆਂ ਜੰਤਾਂ ਜਤ ਹਠ ਗਿਆ ਹਾਰ, ਸਤਿ ਸੰਤੋਖ ਨਾ ਕੋਇ ਰਖਾਇੰਦਾ। ਧੀਆਂ ਭੈਣਾਂ ਕਰਨ ਖ਼ਵਾਰ, ਵਿਭਚਾਰ ਹੋਇਆ ਨਰ ਨਾਰ, ਸਾਚਾ ਸੰਗ ਨਾ ਕੋਇ ਨਿਭਾਇੰਦਾ। ਪੁਰਖ ਅਬਿਨਾਸ਼ੀ ਪਾਵੇ ਸਾਰ, ਇਕੀ ਸਿਖਾਂ ਕਰ ਤਿਆਰ, ਸਾਚਾ ਦਰ ਸੁਹਾਇੰਦਾ। ਤਿੰਨ ਖਿਚੇ ਵਾਰੋ ਵਾਰ, ਗੁਰਮੁਖ ਬਣੇ ਸੇਵਾਦਾਰ, ਲੇਖਾ ਲਿਖੇ ਆਪ ਨਿਰੰਕਾਰ, ਲਿਖਿਆ ਲੇਖ ਪੂਰ ਕਰਾਇੰਦਾ। ਚਰਨ ਕਵਲ ਜਲ ਪਾਇਣ ਵਾਰੋ ਵਾਰ, ਆਪਣੀ ਖਿਚੀ ਸਤਿਆ ਆਪ ਨਿਰੰਕਾਰ, ਗੁਰਮੁਖਾਂ ਅੰਦਰ ਭਰੇ ਭੰਡਾਰ, ਅੰਮ੍ਰਿਤ ਜਲ ਇਕ ਵਖਾਇੰਦਾ। ਠਾਂਡੀ ਨਗਰੀ ਠਾਂਡਾ ਦਰਬਾਰ, ਗੁਰ ਚਰਨ ਕਵਲ ਇਕ ਪਿਆਰ, ਸਾਚਾ ਮਾਰਗ ਆਪੇ ਲਾਇੰਦਾ। ਬਵੰਜਾ ਅੱਖਰ ਕਰ ਵਿਚਾਰ, ਬਾਵਨ ਰੂਪ ਵਿਚ ਸੰਸਾਰ, ਬਵੰਜਾ ਦਿਵਸ ਖੇਲ ਅਪਾਰ, ਤੀਰਥ ਤਟਾਂ ਫੋਲ ਫੋਲਾਇੰਦਾ। ਸੋਲਾਂ ਦਿਵਸ ਕਰ ਸ਼ਿੰਗਾਰ, ਜਨ ਭਗਤਾਂ ਕਰੇ ਮਾਤ ਪਿਆਰ, ਘਰ ਘਰ ਵੇਖੇ ਦਰ ਦਵਾਰ, ਦਰ ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਖੇਲ ਆਪ ਖਿਲਾਇੰਦਾ। ਵੀਹ ਸਦ ਪੰਦਰਾਂ ਹੋ ਉਜਿਆਰਾ, ਆਪਣਾ ਪੜਦਾ ਦੇਵੇ ਲਾਹੀਆ। ਮੁਖ ਨਕਾਬ ਨਾ ਕੋਇ ਸਹਾਰਾ, ਨੇਤਰ ਨੈਣ ਨਾ ਕੋਇ ਸ਼ਰਮਾਈਆ। ਸਾਚਾ ਬੋਲ ਇਕ ਜੈਕਾਰਾ, ਸ੍ਰਿਸ਼ਟ ਸਬਾਈ ਦਏ ਸੁਣਾਈਆ। ਪਰਗਟ ਹੋਇਆ ਨਿਹਕਲੰਕ ਨਰਾਇਣ ਨਰ ਅਵਤਾਰਾ, ਭੁੱਲ ਰਹੇ ਨਾ ਰਾਈਆ। ਗੁਰ ਗੋਬਿੰਦ ਕਰਿਆ ਆਪ ਪਿਆਰਾ, ਆਪ ਆਪਣੇ ਸੰਗ ਰਖਾਈਆ। ਸੰਬਲ ਨਗਰੀ ਧਾਮ ਨਿਆਰਾ, ਬੈਠਾ ਆਸਣ ਲਾਈਆ। ਲੱਖ ਚੁਰਾਸੀ ਲੁੱਟੀ ਜਾਏ ਦਿਨ ਦਿਹਾੜਾ, ਕਾਮ ਕਰੋਧ ਲੋਭ ਮੋਹ ਹੰਕਾਰ ਝੂਠੀ ਧਾੜ ਨਾਲ ਰਖਾਈਆ। ਗੁਰਮੁਖਾਂ ਅੰਦਰ ਕਰ ਉਜਿਆਰਾ, ਆਪਣਾ ਦੀਪਕ ਆਪ ਟਿਕਾਈਆ। ਆਪੇ ਖਿਚ ਲਿਆਏ ਚਰਨ ਦਵਾਰਾ, ਨਾਮ ਡੋਰੀ ਏਕਾ ਪਾਈਆ। ਦੂਸਰ ਵਸਤ ਨਾ ਹੋਰ ਵਿਚ ਸੰਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਏਕਾ ਲਾਈਆ। ਸਾਚਾ ਮਾਰਗ ਹਰਿ ਹਰਿ ਲਾਇਆ, ਚਾਰ ਵਰਨਾਂ ਮੇਲ ਮਿਲਾਇੰਦਾ। ਸੰਮਤ ਸੋਲਾਂ ਰਾਹ ਤਕਾਇਆ, ਸਾਚਾ ਰਾਹ ਇਕ ਵਖਾਇੰਦਾ। ਗੁਰਮੁਖਾਂ ਬੇੜਾ ਬੰਨ ਵਖਾਇਆ, ਭਾਰ ਆਪਣੇ ਕੰਧ ਉਠਾਇੰਦਾ। ਆਵਣ ਜਾਵਣ ਗੇੜ ਚੁਕਾਇਆ, ਰਾਏ ਧਰਮ ਮੁਖ ਭਵਾਇੰਦਾ। ਚਿਤਰ ਗੁਪਤ ਨਾ ਲੇਖ ਵਖਾਇਆ, ਲਾੜੀ ਮੌਤ ਦਰ ਦੁਰਕਾਇੰਦਾ। ਆਪਣਾ ਮੰਗਲ ਆਪੇ ਗਾਇਆ, ਛੋਟਾ ਬਾਲਾ ਅੱਗੇ ਲਾਇੰਦਾ। ਸਿੰਘ ਮਨਜੀਤਾ ਨਾਉਂ ਧਰਾਇਆ, ਇੰਦਰ ਇੰਦਰਾਸਣ ਆਪ ਤਜਾਇੰਦਾ। ਨੌ ਦਰਵਾਜ਼ੇ ਖੋਲ੍ਹ ਖੁਲ੍ਹਾਇਆ, ਜਗਤ ਜਗਦੀਸਾ ਸੇਵ ਕਮਾਇੰਦਾ। ਸੰਮਤ ਸੋਲਾਂ ਕਰ ਰੁਸ਼ਨਾਇਆ, ਗੁਰਮੁਖਾਂ ਇਹ ਸਮਝਾਇੰਦਾ। ਗੁਰਸਿਖ ਹਿਰਖ਼ ਸੋਗ ਵਿਚ ਕਦੇ ਨਾ ਆਇਆ, ਚਿੰਤਾ ਗ਼ਮ ਨਾ ਕੋਇ ਜਣਾਇੰਦਾ। ਗੁਰ ਪੀਰ ਅਵਤਾਰ ਸਾਧ ਸੰਤ ਕੋਈ ਥਿਰ ਰਹਿਣ ਨਾ ਪਾਇਆ, ਜੋ ਘੜਿਆ ਸੋ ਭੰਨ ਵਖਾਇੰਦਾ। ਆਵਣ ਜਾਵਣ ਪਾਰਬ੍ਰਹਮ ਪ੍ਰਭ ਆਪਣਾ ਖੇਲ ਰਚਾਇਆ, ਕਾਇਆ ਚੋਲਾ ਆਪ ਬਦਲਾਇੰਦਾ। ਲੱਖ ਚੁਰਾਸੀ ਅੰਦਰ ਡੇਰਾ ਲਾਇਆ, ਵਿਸ਼ਟਾ ਕੀਟ ਆਪ ਹੋ ਜਾਇੰਦਾ। ਨੀਚੋ ਨੀਚ ਆਪ ਰਘੁਰਾਇਆ, ਨਾਨਕ ਗੁਰ ਇਹ ਸਮਝਾਇੰਦਾ। ਕਲਜੁਗ ਅੰਤਮ ਪੰਜ ਤੱਤ ਨਾ ਕੋਇ ਰਖਾਇਆ, ਹਿਰਖ਼ ਸੋਗ ਨਾ ਕੋਇ ਵਖਾਇੰਦਾ । ਗੁਰਮੁਖਾਂ ਅੰਦਰ ਡੇਰਾ ਲਾਇਆ, ਸਾਚੀ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਹਰਿ ਸਿਖਿਆ ਸਚ ਸਮਝਾਈ, ਹਰਿ ਸੰਗਤ ਕਰ ਪਿਆਰ। ਬਿਰਧ ਬਾਲ ਜਵਾਨ ਪ੍ਰਭ ਏਕਾ ਰੰਗ ਰੰਗਾਈ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਘਰ ਸਾਚੇ ਵੱਜੀ ਵਧਾਈ, ਸੁਣਿਆ ਨਾਦ ਸੱਚੀ ਧੁਨਕਾਰ। ਸੁਰਤ ਸਵਾਣੀ ਕੰਤ ਰਹੀ ਪਰਨਾਈ, ਜੋ ਜਨ ਗਾਏ ਸੋਹੰ ਰਸਨ ਜੈਕਾਰ। ਆਤਮ ਪਾਰਬ੍ਰਹਮ ਮਿਲਾਈ, ਬ੍ਰਹਮ ਮੇਲਾ ਕੰਤ ਭਤਾਰ। ਸਾਧ ਸੰਤ ਕਲਜੁਗ ਚਾਰੋਂ ਕੁੰਟ ਵਹਿਣ ਵਹਾਈ, ਏਕਾ ਵਿਛੜਿਆ ਮੀਤ ਮੁਰਾਰ। ਅੰਦਰ ਵੜ ਵੜ ਕਰਨ ਪੜ੍ਹਾਈ, ਸਰਵਨ ਕੂਕਨ ਕਰਨ ਪੁਕਾਰ। ਨੇਤਰ ਨੈਣ ਬੰਦ ਰਖਾਈ, ਅੱਗੇ ਦਿਸਣ ਪੰਜ ਧਾੜ। ਵੀਹ ਸੌ ਦਸ ਬਿਕ੍ਰਮੀ ਪ੍ਰਭ ਸਾਚੇ ਸਾਚੀ ਜੋਤ ਕਰੀ ਰੁਸ਼ਨਾਈ, ਗੁਰਮੁਖ ਸਾਚੇ ਸਾਚੇ ਪੌੜੇ ਦੇਵੇ ਚਾੜ੍ਹ। ਸਾਧਾਂ ਸੰਤਾਂ ਉਲਟਾ ਗੇੜ ਭਵਾਈ, ਚੜ੍ਹੀ ਸੁਰਤੀ ਦਿਤੀ ਉਤਾਰ। ਸਾਮ੍ਹਣੇ ਹੋ ਕੋਈ ਕਹਿ ਨਾ ਸਕੇ ਮਿਲਿਆ ਸ਼ਹਿਨਸ਼ਾਹੀ, ਅੰਦਰੇ ਅੰਦਰ ਰੌਂਦੇ ਧਾਹਾਂ ਮਾਰ। ਘਰ ਪੁਛਣ ਜਾਏ ਜਗਤ ਸਲਾਹੀ, ਕੌਣ ਦਵਾਰ ਡੁੱਬਾ ਬੇੜਾ ਕੌਣ ਸਾਗਰ ਦਿਸੇ ਮੰਝਧਾਰ। ਅੱਗੇ ਬੈਠੇ ਮੁਖ ਛੁਪਾਈ, ਘਰ ਮੰਦਰ ਹੋਇਆ ਬੰਦ ਕਿਵਾੜ। ਨਾ ਘਰ ਧੀ ਨਾ ਜਵਾਈ, ਨਾ ਨਾਰੀ ਕੰਤ ਭਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਸੋਲਾਂ ਦਿਤਾ ਵਰ, ਗੁਰਮੁਖ ਸਾਚੇ ਲਾਏ ਪਾਰ। ਹਰਿ ਸੰਗਤ ਹਰਿ ਵਡਿਆਈ, ਦਰਗਹਿ ਸਾਚੀ ਆਪ ਸੁਹਾਇੰਦਾ। ਹਾੜ ਸਤਾਰਾਂ ਲੇਖ ਲਿਖਾਈ, ਪਹਿਲੀ ਚੇਤਰ ਸਗਨ ਮਨਾਇੰਦਾ। ਭਰਮ ਭੁਲੇਖੇ ਭੁੱਲਣਾ ਨਾਹੀ, ਘਰ ਘਰ ਬੈਠਾ ਆਸਣ ਲਾਇੰਦਾ। ਲੋਕਮਾਤ ਫੇਰਾ ਚਾਈਂ ਚਾਈਂ, ਧਰਮ ਰਾਏ ਨੇੜ ਨਾ ਆਇੰਦਾ। ਉਚੀ ਕੂਕੋ ਕਰ ਕਰ ਬਾਂਹੀ, ਹਰਿ ਸਾਚਾ ਦਰਸ ਵਖਾਇੰਦਾ। ਨਿਥਾਵਿਆਂ ਦੇਵੇ ਸਾਚੀ ਥਾਈਂ, ਚਰਨ ਦਵਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਕੱਤਕ ਕਰਮ ਜਣਾਇੰਦਾ। ਕੱਤਕ ਕਰਮ ਕਮਾਇਆ ਪੂਰਨ ਯੋਗ, ਹਰਿ ਸਾਚਾ ਲੇਖੇ ਲਾਈਆ। ਹਰਿ ਸੰਗਤ ਹੋਇਆ ਧੁਰ ਸੰਜੋਗ, ਗੁਰ ਗੋਬਿੰਦ ਮੇਲ ਮਿਲਾਈਆ। ਪਹਿਲਾ ਕੱਟੇ ਚੁਰਾਸੀ ਰੋਗ, ਦੂਜਾ ਦਰਸ਼ਨ ਆਪ ਵਖਾਈਆ। ਤੀਜੇ ਆਤਮ ਸੇਜਾ ਭੋਗੇ ਭੋਗ, ਚੌਥੇ ਸਨਮੁਖ ਸ਼ਬਦ ਸੁਣਾਈਆ। ਪੰਜਵੇਂ ਮੇਟੇ ਜਗਤ ਵਿਜੋਗ, ਕੱਟਣ ਆਇਆ ਝੂਠੀ ਫਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੱਤਕ ਕਰਮ ਆਪ ਜਣਾਈਆ। ਕੱਕਾ ਕਰਮ ਵਿਚਾਰ, ਟਿੱਕਾ ਲਾਹਿੰਦਾ। ਤਿੰਨ ਤੱਤਵ ਸਧਾਰ, ਤਾਲਬ ਤਲਬ ਇਕ ਕਰਾਇੰਦਾ। ਕੱਕਾ ਕੋਟ ਗੜ੍ਹ ਤੋੜ ਹੰਕਾਰ, ਆਪਣੇ ਰੰਗ ਰੰਗਾਇੰਦਾ। ਵੀਹ ਸੌ ਸੋਲਾਂ ਬਿਕ੍ਰਮੀ ਕਰ ਪਿਆਰ, ਸਾਚਾ ਮੇਲਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਆਪ ਜਗਾਇੰਦਾ। ਪਹਿਲੀ ਕੱਤਕ ਕਰਮ ਵਿਚਾਰ, ਹਰਿ ਸੰਗਤ ਚਰਨ ਲਗਾਈਆ। ਜਿਸ ਜਨ ਬਖ਼ਸ਼ਿਆ ਚਰਨ ਪਿਆਰ, ਆਪ ਆਪਣੀ ਗੋਦ ਬਠਾਈਆ। ਲੇਖਾ ਲਿਖੇ ਸਚ ਦਰਬਾਰ, ਸਚ ਤਖ਼ਤ ਨਿਵਾਸੀ ਆਸਣ ਲਾਈਆ। ਦੂਰ ਨੇੜੇ ਪਾਵੇ ਸਾਰ, ਵਡ ਦਾਤਾ ਬੇਪਰਵਾਹੀਆ। ਜੋ ਗੁਰਮੁਖ ਘਰ ਘਰ ਸੁੱਤੇ ਪੈਰ ਪਸਾਰ, ਸਿਰ ਰੱਖੇ ਠੰਡੀਆਂ ਛਾਈਆ। ਜੋ ਜਨ ਆਏ ਚਲ ਦਵਾਰ, ਬਾਂਹੋਂ ਪਕੜ ਗਲੇ ਲਗਾਈਆ। ਆਪਣਾ ਆਪ ਉਤੋਂ ਵਾਰ, ਹਰਿ ਸੰਗਤ ਸੇਵ ਕਮਾਈਆ। ਹਰਿ ਸੰਗਤ ਤੇਰਾ ਕਰ ਕਰ ਦਰਸ ਦਿਦਾਰ, ਪ੍ਰਭ ਆਪਣੀ ਖ਼ੁਸ਼ੀ ਮਨਾਈਆ। ਵਿਸ਼ਨੂੰ ਖਾਲੀ ਹੋਇਆ ਭੰਡਾਰ, ਤੇਰੀ ਝੋਲੀ ਰਿਹਾ ਭਰਾਈਆ। ਕਰਨ ਆਇਆ ਸਚ ਵਿਹਾਰ, ਲਜਪਤ ਨਾ ਕੋਇ ਰਖਾਈਆ। ਗ਼ਰੀਬ ਨਿਮਾਣੇ ਬਣਾਏ ਗਲ ਦਾ ਹਾਰ, ਗੁਰਸਿਖ ਆਪਣੇ ਸੀਸ ਉਠਾਈਆ। ਜਨ ਭਗਤਾਂ ਆਪਣੇ ਹੱਥਾਂ ਉਤੇ ਚੁੱਕੇ ਭਾਰ, ਦਿਵਸ ਰੈਣ ਪੰਧ ਮੁਕਾਈਆ। ਕਰਿਆ ਖੇਲ ਵਿਚ ਸੰਸਾਰ, ਕਲਜੁਗ ਅੰਤਮ ਵੇਸ ਵਟਾਈਆ। ਗੁਰਮੁਖ ਆਇਆ ਚਲ ਦਵਾਰ, ਪਾਰਬ੍ਰਹਮ ਵੱਡੀ ਵਡਿਆਈਆ। ਹਰਿ ਸੰਗਤ ਮਿਲਿਆ ਮੀਤ ਮੁਰਾਰ, ਜਿਉਂ ਧੰਨੇ ਜਟ ਗੋਸਾਈਆ। ਅੰਦਰ ਮੰਦਰ ਖੂਹੇ ਗੇੜੇ ਆਪਣੀ ਵਾਰ, ਅੰਮ੍ਰਿਤ ਜਲ ਬਾਹਰ ਕਢਾਈਆ। ਸਾਚਾ ਗਉਆਂ ਚਾਰੇ ਬਣ ਗਵਾਲ, ਏਕਾ ਸੁਰਤੀ ਗਊ ਬਣਾਈਆ। ਕਿਆਰੇ ਮੋੜੇ ਬਣ ਰਖਵਾਲ, ਜਗਤ ਨਾਲੋਂ ਤੋੜੇ ਆਪਣੇ ਚਰਨਾਂ ਨਾਲ ਬੰਧਾਈਆ। ਵਾਹੇ ਹਲ ਸੱਚਾ ਕਿਰਸਾਣ, ਸਾਚੇ ਬੈਲ ਆਪੇ ਜੋੜ ਜੁੜਾਈਆ। ਲੱਗਾ ਫਲ ਵਿਚ ਜਹਾਨ, ਅੰਮ੍ਰਿਤ ਮੇਵਾ ਮੁਖ ਖਵਾਈਆ। ਸੰਮਤ ਸੋਲਾਂ ਹਰਿ ਸੰਗਤ ਉਠਾਏ ਤੇਰਾ ਆਪਣੇ ਹੱਥ ਨਿਸ਼ਾਨ, ਲੋਆਂ ਪੁਰੀਆਂ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪਹਿਲੀ ਕੱਤਕ ਰੁੱਤ ਸੁਹਾਈਆ। ਪਹਿਲੀ ਕੱਤਕ ਸੁਹੌਣਾ ਦਿਵਸ, ਹਰਿ ਸਾਚਾ ਆਪ ਸੁਹਾਇੰਦਾ। ਕਲਜੁਗ ਰੈਣ ਅੰਧੇਰੀ ਅਮਾਵਸ, ਹਰਿ ਸੰਗਤ ਸਾਚਾ ਚੰਦ ਚੜ੍ਹਾਇੰਦਾ। ਲੇਖੇ ਲਾਏ ਸਵਾਸ ਸਵਾਸ, ਜੋ ਜਨ ਰਸਨਾ ਗਾਇੰਦਾ। ਸਤਿਗੁਰ ਪੂਰਾ ਸਦਾ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਕਲਜੁਗ ਗੁਰਸਿਖ ਅੰਤ ਨਾ ਹੋਏ ਨਿਰਾਸ, ਗੁਰ ਗੋਬਿੰਦ ਮੇਲ ਕਰਾਇੰਦਾ। ਪੂਰਨ ਕਰਨ ਆਇਆ ਆਸ, ਜੋਤੀ ਜਾਮਾ ਭੇਖ ਵਖਾਇੰਦਾ। ਖੇਲੇ ਖੇਲ ਪ੍ਰਿਥਮੀ ਆਕਾਸ਼, ਦਰ ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬਲ ਧਰਾਇੰਦਾ। ਪਹਿਲੀ ਕੱਤਕ ਸੰਗਤ ਹਰਿ ਹਰਿ, ਆਪਣੇ ਚਰਨ ਬੰਧਨ ਪਾਈਆ। ਆਪ ਉਠ ਉਠ ਜਾਏ ਮੰਗਤ ਦਰ ਦਰ, ਘਰ ਘਰ ਫੇਰਾ ਪਾਈਆ। ਆਪੇ ਬੰਨੇ ਫੜ ਫੜ ਲੜ ਲੜ, ਆਪਣਾ ਪੱਲੂ ਆਪ ਬੰਧਾਇੰਦਾ। ਆਪੇ ਮੇਲੇ ਅੰਦਰ ਚੜ੍ਹ ਚੜ੍ਹ, ਆਪਣਾ ਪੈਂਡਾ ਆਪ ਮੁਕਾਇੰਦਾ। ਆਪੇ ਦਰਸ ਦਿਖਾਏ ਖੜ ਖੜ, ਸਵੱਛ ਸਰੂਪੀ ਰੂਪ ਵਟਾਈਆ। ਆਪੇ ਅੱਖਰ ਸੁਣਾਏ ਪੜ੍ਹ ਪੜ੍ਹ, ਸੋਹੰ ਸ਼ਬਦ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰੀ ਸੁਰਤੀ ਬੰਨ, ਸ਼ਬਦ ਡੋਰੀ ਹੱਥ ਉਠਾਈਆ। ਗੁਰਮੁਖ ਸੁਰਤੀ ਦੇਵੇ ਬੰਨ, ਗੁਰ ਸਤਿਗੁਰ ਦਇਆ ਕਮਾਇੰਦਾ। ਪਹਿਲੀ ਕੱਤਕ ਹਰਿ ਸੰਗਤ ਚੜ੍ਹਿਆ ਚੰਨ, ਲੋਕਮਾਤ ਆਪ ਚੜ੍ਹਾਇੰਦਾ। ਜਨਨੀ ਜਨਿਆ ਸਾਚਾ ਜਨ, ਜੋ ਜਨ ਸਰਨਾਈ ਆਇੰਦਾ। ਲੇਖੇ ਲੱਗਾ ਪੰਜ ਤੱਤ ਤਨ, ਤਨ ਮਨ ਧਨ ਆਪ ਆਪਣੀ ਭੇਟ ਵਖਾਇੰਦਾ। ਦੂਸਰ ਕੋਈ ਨਾ ਦੇਵੇ ਡੰਨ, ਵੇਲੇ ਅੰਤਮ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪਹਿਲੀ ਕੱਤਕ ਰੁੱਤ ਸੁਹਾਇੰਦਾ। ਪਹਿਲੀ ਕੱਤਕ ਹੋ ਪਰਧਾਨ, ਬਿਰਧ ਬਾਲ ਜਵਾਨ ਵੇਖ ਵਖਾਈਆ। ਮਾਤ ਗਰਭ ਵੇਖੇ ਮਾਰ ਧਿਆਨ, ਦਸ ਦਸ ਮੇਲ ਮਿਲਾਈਆ। ਜੋ ਜਨ ਰਸਨ ਸੋਹੰ ਗਾਨ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਸੇਵ ਰਿਹਾ ਕਮਾਈਆ। ਆਪਣੀ ਸੇਵ ਕਮਾਵਣ ਆਇਆ, ਪਾਰਬ੍ਰਹਮ ਕਰਤਾਰਾ। ਗੁਰਮੁਖ ਸਾਚੇ ਮੇਲ ਮਿਲਾਵਣ ਆਇਆ, ਪਰਗਟ ਨਿਹਕਲੰਕ ਨਰਾਇਣ ਨਰ ਅਵਤਾਰਾ। ਸੁਰਤ ਸਵਾਣੀ ਵੇਖ ਵਖਾਲਣ ਆਇਆ, ਸ਼ਬਦ ਜਣਾਈ ਸੱਚੀ ਧੁਨਕਾਰਾ। ਆਪ ਆਪਣੀ ਗੋਦ ਉਠਾਵਣ ਆਇਆ, ਇਕ ਵਸਾਇਆ ਸਚ ਦਰਬਾਰਾ। ਜਗਤ ਵਿਛੋੜਾ ਪੰਧ ਮੁਕਾਵਣ ਆਇਆ, ਬਖ਼ਸ਼ੇ ਚਰਨ ਪਿਆਰਾ। ਪਹਿਲੀ ਕੱਤਕ ਰੁੱਤ ਸੁਹਾਵਣ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਲਾਇਆ ਨਾਅਰਾ। ਹਰਿ ਸੰਗਤ ਤੇਰੀ ਹਰਿ ਹਰਿ ਆਸ, ਸਤਿਗੁਰ ਪੂਰਾ ਪੂਰੀ ਦਏ ਕਰਾਈਆ। ਘਰ ਘਰ ਬੈਠਿਆਂ ਬੁਝਾਏ ਲੱਗੀ ਪਿਆਸ, ਕਲਜੁਗ ਅਗਨ ਨਾ ਕੋਈ ਸਤਾਈਆ। ਸਾਚੇ ਮੰਦਰ ਵਖਾਏ ਰਾਸ, ਗੋਪੀ ਕਾਹਨ ਆਪ ਨਚਾਈਆ। ਆਪਣਿਆਂ ਚਰਨਾਂ ਰੱਖੇ ਸਦਾ ਨਿਵਾਸ, ਵਾਸ ਨਿਵਾਸ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਸਹਾਈ ਵਿਚ ਪਰਭਾਸ, ਜੰਗਲ ਜੂਹ ਵੇਖ ਵਖਾਈਆ। ਹੋਏ ਸਹਾਈ ਹਰ ਘਟ ਅੰਤਰ, ਪਾਰਬ੍ਰਹਮ ਪੁਰਖ ਸੁਲਤਾਨਾ। ਪਹਿਲੀ ਕੱਤਕ ਬਣਾਏ ਬਣਤਰ, ਹਰਿ ਸੰਗਤ ਸ਼ਬਦ ਸਰੂਪੀ ਬੰਨੇ ਗਾਨਾ। ਸਰਬ ਜੀਆਂ ਦਾ ਏਕਾ ਮੰਤਰ, ਸੋਹੰ ਸ਼ਬਦ ਧੁਰ ਫ਼ਰਮਾਣਾ। ਸਤਿਜੁਗ ਬਣਾਵਣ ਆਇਆ ਸਾਚੀ ਬਣਤਰ, ਸੂਰਬੀਰ ਬਲੀ ਬਲਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਧੁਰ ਫ਼ਰਮਾਨਾ। ਦੇਵਣਹਾਰਾ ਧੁਰ ਫ਼ਰਮਾਣ, ਹਰਿ ਸੰਗਤ ਕਰੇ ਜਣਾਈਆ। ਵੀਹ ਸੌ ਸੋਲਾਂ ਧਰਮ ਨਿਸ਼ਾਨ, ਪ੍ਰਭ ਸਾਚਾ ਹੱਥ ਉਠਾਈਆ। ਮਸਤੂਆਣਾ ਖੇਲ ਮਹਾਨ, ਖੇਲੇ ਖੇਲ ਬੇਪਰਵਾਹੀਆ। ਪੰਦਰਾਂ ਕੱਤਕ ਸਾਰੇ ਗਾਣ, ਸਤਿਜੁਗ ਤ੍ਰੇਤਾ ਦੁਆਪਰ ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੱਚੇ ਘਰ ਵੱਜੇ ਵਧਾਈਆ। ਪੰਦਰਾਂ ਕੱਤਕ ਦਿਵਸ ਸੁਹਾਵਣਾ, ਸਤਿਜੁਗ ਸਾਚੇ ਆਪ ਵਡਿਆਇਆ। ਬਲ ਬਾਵਨ ਭੇਖ ਕਰਾਵਣਾ, ਬਾਵਨ ਰੂਪ ਅਨੂਪ ਵਟਾਇਆ। ਧਰੂ ਬਾਲਕ ਪਾਰ ਕਰਾਵਣਾ, ਨਰ ਨਰਾਇਣ ਨਾਉਂ ਧਰਾਇਆ। ਪ੍ਰਹਿਲਾਦ ਲੇਖਾ ਆਪ ਚੁਕਾਵਣਾ, ਰਾਮ ਨਾਮ ਗਿਆ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਦਰਾਂ ਕੱਤਕ ਲੇਖ ਲਿਖਾਇਆ। ਪੰਦਰਾਂ ਕੱਤਕ ਵਡ ਵਡ ਭਾਗਾ, ਤ੍ਰੇਤੇ ਵੱਜੀ ਵਧਾਈਆ। ਪੰਦਰਾਂ ਕੱਤਕ ਰਾਵਣ ਜਾਗਾ, ਪੰਦਰਾਂ ਕੱਤਕ ਲਏ ਅੰਗੜਾਈਆ। ਲੋਕਮਾਤ ਮਿਟਿਆ ਦਾਗ਼ਾ, ਆਪ ਆਪਣੀ ਪਤ ਰਖਾਈਆ। ਪੰਦਰਾਂ ਕੱਤਕ ਵੱਜਿਆ ਵਾਜਾ, ਰਘੁਪਤ ਰਘੁਨਾਥ ਆਪਣਾ ਬੰਸ ਦਏ ਸੁਹਾਈਆ। ਦੀਪਕ ਜੋਤ ਜਗੇ ਚਿਰਾਗਾ, ਘਰ ਘਰ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ। ਪੰਦਰਾਂ ਕੱਤਕ ਹੋ ਉਜਿਆਰ, ਹਰਿ ਸਾਚਾ ਖੇਲ ਖਿਲਾਇੰਦਾ। ਵੇਦ ਵਿਆਸਾ ਕਵਾਰੀ ਕੰਨਿਆ ਜੰਮਿਆ ਬਾਲ, ਆਪ ਆਪਣਾ ਮੁਖ ਛੁਪਾਇੰਦਾ। ਜਲਵਾ ਨੂਰੀ ਦੇਵੇ ਜਲਾਲ, ਜੋਤੀ ਨੂਰੀ ਡਗਮਗਾਇੰਦਾ। ਨਾਰਦ ਬ੍ਰਹਮਾ ਕਰ ਪਿਆਰ, ਸਾਚਾ ਸੰਗ ਰਖਾਇੰਦਾ। ਚਾਰ ਵੇਦਾਂ ਭੇਵ ਨਿਆਰ, ਪੁਰਾਨ ਅਠਾਰਾਂ ਆਪ ਜਣਾਇੰਦਾ। ਪੰਦਰਾਂ ਕੱਤਕ ਕਰ ਤਿਆਰ, ਜਗਤ ਲੇਖਾ ਲੇਖ ਮੁਕਾਇੰਦਾ। ਪੰਦਰਾਂ ਕੱਤਕ ਛੱਡਿਆ ਸੰਸਾਰ, ਸਾਚੇ ਪ੍ਰਵਿਸ਼ਟੇ ਮੇਲ ਮਿਲਾਇੰਦਾ। ਵਦੀ ਸੁਦੀ ਨਾ ਕੋਈ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਖਿਲਾਇੰਦਾ। ਪੰਦਰਾਂ ਕੱਤਕ ਵਡ ਵਡ ਭਾਗ, ਬਿਪਰ ਸੁਦਾਮਾ ਚਰਨ ਲਗਾਈਆ। ਦਲਿੱਦਰੀ ਕਿਸਮਤ ਗਈ ਜਾਗ, ਕਰਤਾ ਕੀਮਤ ਆਪੇ ਪਾਈਆ। ਪੰਦਰਾਂ ਕੱਤਕ ਦ੍ਰੋਪਦੀ ਰੱਖੀ ਲਾਜ, ਉਪਰ ਬਸਤਰ ਭੂਸ਼ਨ ਆਪਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ। ਪੰਦਰਾਂ ਕੱਤਕ ਖਾਦਾ ਅਲੂਣਾ ਸਾਗ, ਬਿਦਰ ਵੱਜੇ ਵਧਾਈਆ। ਨਾ ਸੁੱਤਾ ਨਾ ਰਿਹਾ ਜਾਗ, ਮਰਨ ਜੀਵਣ ਨਾ ਕੋਈ ਸਮਝਾਈਆ। ਚਰਨ ਧੂੜੀ ਮਜਨ ਕਰ ਕਰ ਮਾਘ, ਦੁਰਮਤ ਮੈਲ ਰਿਹਾ ਗਵਾਈਆ। ਜਗਤ ਤ੍ਰਿਸਨਾ ਬੁਝੀ ਆਗ, ਘਰ ਪਾਇਆ ਸਹਿਜ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਝੋਲੀ ਪਾਈਆ। ਸਾਚੀ ਵਸਤ ਸਚ ਭੰਡਾਰਾ, ਬਿਦਰ ਝੋਲੀ ਆਪੇ ਪਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਆਪਣਾ ਆਪ ਕਰਾਇੰਦਾ। ਆਪੇ ਜਾਣੇ ਆਪਣਾ ਸਤਿ ਵਿਹਾਰਾ, ਵੇਦ ਪੁਰਾਣ ਨਾ ਕੋਈ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸਿਖ ਸਿਖ ਸਮਝਾਇੰਦਾ। ਸਾਚੀ ਵਸਤ ਨਾਮ ਅਨਮੁਲ, ਹਰਿ ਸਤਿਗੁਰ ਝੋਲੀ ਪਾਈਆ। ਬਿਦਰ ਨਿਮਾਣਾ ਚਰਨ ਪ੍ਰੀਤੀ ਘੋਲੀ ਗਿਆ ਘੋਲ, ਨਿਉਂ ਨਿਉਂ ਸੀਸ ਝੁਕਾਈਆ। ਪ੍ਰਭ ਕਵਣ ਕੰਡੇ ਤੋਲਿਆ ਤੋਲ, ਤੇਰੀ ਧਾਰ ਮੇਰੇ ਕੰਨ ਸੁਣਨ ਨਾ ਪਾਈਆ। ਕਵਣ ਵਾਕ ਦਿਤਾ ਬੋਲ, ਕਵਣ ਮੁਖ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਈਆ। ਬਿਦਰ ਮੀਤ ਮੁਰਾਰ, ਤੇਰੀ ਸਾਚੀ ਵੰਡ ਵੰਡਾਈਆ। ਤੇਰਾ ਭਰਿਆ ਹਰਿ ਭੰਡਾਰ, ਤੇਰੀ ਸੇਵਾ ਆਪ ਕਮਾਈਆ। ਤੇਰਾ ਰੂਪ ਪਰਗਟ ਹੋਏ ਵਿਚ ਸੰਸਾਰ, ਸੰਗਤ ਤੇਰੀ ਡੋਰ ਬੰਧਾਈਆ। ਕਲਜੁਗ ਅੰਤਮ ਪਾਵੇ ਸਾਰ, ਤੇਰਾ ਖ਼ਜਾਨਾ ਆਪਣੀ ਹੱਥੀਂ ਆਪ ਲੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਦ ਖੁਲ੍ਹਾਈਆ। ਬਿਦਰ ਸੁਦਾਮੇ ਕੀਤੀ ਵੰਡ, ਹਰਿ ਦੁਆਪਰ ਵੇਖ ਵਖਾਇੰਦਾ। ਗ਼ਰੀਬ ਨਿਮਾਣੇ ਪੰਦਰਾਂ ਕੱਤਕ ਬੰਨੀ ਗੰਢ, ਬਿਨ ਸਤਿਗੁਰ ਨਾ ਕੋਈ ਖੁਲ੍ਹਾਇੰਦਾ। ਦੁਆਪਰ ਜਵਾਨੀ ਗਈ ਹੰਢ, ਵੇਲਾ ਅੰਤ ਮੁਕਾਇੰਦਾ। ਕਲਜੁਗ ਵੇਖਿਆ ਭੇਖ ਪਾਖੰਡ, ਸਾਚਾ ਦਰ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਦੁਆਪਰ ਸਚ ਭੰਡਾਰ, ਹਰਿ ਸਾਚੇ ਆਪ ਵਰਤਾਇਆ। ਕਲਜੁਗ ਅੰਤਮ ਖੇਲ ਅਪਾਰ, ਹਰਿ ਸੰਗਤ ਝੋਲੀ ਪਾਇਆ। ਹਰਿ ਸੰਗਤ ਅੱਗੇ ਕਰੇ ਪੁਕਾਰ, ਪ੍ਰਭ ਸਾਚਾ ਸੀਸ ਝੁਕਾਇਆ। ਆਪਣੀ ਪੰਜੀ ਉਤੋਂ ਵਾਰ, ਪੰਜੀ ਪਰਕਿਰਤੀ ਮੇਟ ਮਿਟਾਇਆ। ਪੰਜ ਰੋਕ ਨਾ ਕੋਈ ਉਧਾਰ, ਆਪਣੀ ਝੋਲੀ ਰਿਹਾ ਭਰਾਇਆ। ਹਰਿ ਸੰਗਤ ਤੇਰਾ ਲੰਗਰ ਵਰਤੇ ਵਿਚ ਸੰਸਾਰ, ਤੋਟ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਿਵਸ ਇਕ ਸੁਹਾਇਆ। ਕਲਜੁਗ ਅੰਤਮ ਸਚ ਤਿਉਹਾਰ, ਹਰਿ ਸਾਚਾ ਆਪ ਕਰਾਈਆ। ਪੰਦਰਾਂ ਕੱਤਕ ਦਿਵਸ ਵਿਚਾਰ, ਸਾਚਾ ਰੰਗ ਚੜ੍ਹਾਈਆ। ਸੰਤ ਮਨੀ ਸਿੰਘ ਖੇਲ ਅਪਾਰ, ਰਸਨਾ ਜੇਹਵਾ ਗਿਆ ਗਾਈਆ। ਪੁਰਖ ਅਬਿਨਾਸ਼ੀ ਆਵੇ ਏਕਾ ਵਾਰ, ਏਕਾ ਭਿੰਨੜੀ ਰੈਣ ਸੁਹਾਈਆ। ਸਾਚਾ ਮਸਤੂਆਣਾ ਕਰ ਤਿਆਰ, ਗੁਰਮੁਖਾਂ ਦਏ ਸਮਝਾਈਆ। ਪੰਜ ਤੱਤ ਸਚ ਪਿਆਰ, ਗੁਰ ਦਰ ਅੰਦਰ ਇਕ ਵਖਾਈਆ। ਸਾਹ ਸੁਲਤਾਨਾ ਮਾਰੇ ਮਾਰ, ਸ਼ਬਦੀ ਸ਼ਬਦ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਦਰਾਂ ਕੱਤਕ ਰੁੱਤ ਸੁਹਾਈਆ। ਪੰਦਰਾਂ ਕੱਤਕ ਦਿਵਸ ਸੁਹਾਵਣਾ, ਵੀਹ ਸਦ ਸੋਲਾਂ ਬਿਕ੍ਰਮੀ ਜੋਤ ਜਗਾਈਆ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਦੂਰ ਦੁਰਾਡਾ ਲੇਖੇ ਲੌਣਾ, ਜੋ ਜਨ ਬੈਠੇ ਚਰਨ ਧਿਆਨ ਲਗਾਈਆ। ਸਾਚਾ ਮਾਰਗ ਇਕ ਸਮਝਾਵਣਾ, ਦੇ ਮਤ ਆਪ ਸਮਝਾਈਆ। ਪੁੱਤਰ ਧੀ ਮਾਤ ਪਿਤਾ ਭੈਣ ਭਰਾ ਜੋ ਪਰਾਣੀ ਪ੍ਰਾਣ ਹਾਰੇ, ਨੇਤਰ ਨੀਰ ਨਾ ਕਿਸੇ ਵਗਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਸਤੂਆਣਾ ਇਕ ਵਖਾਵਣਾ। ਮਸਤੂਆਣਾ ਜਿਸ ਜਨ ਪੇਖਣਾ, ਗੁਰ ਚਰਨ ਧਿਆਨ ਲਗਾਏ। ਪ੍ਰਭ ਮੇਟੇ ਬਿਧਨਾ ਲਿਖੀ ਰੇਖਨਾ, ਆਪਣੀ ਰੇਖਾ ਫੇਰ ਲਿਖਾਏ। ਧੁਰ ਮਸਤਕ ਲਾਏ ਸਾਚੀ ਮੇਖਨਾ, ਨਾ ਸਕੇ ਕੋਈ ਉਖੜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਰੀ ਪੁਰਸ਼ ਆਪ ਸਮਝਾਏ। ਨਾਰੀ ਪੁਰਸ਼ ਸੁਣਨਾ ਹਰਿ ਸੰਗਤ, ਹਰਿ ਸਾਚਾ ਆਪ ਸੁਣਾਇੰਦਾ। ਮਸਤੂਆਣੇ ਚੜ੍ਹੇ ਰੰਗਤ, ਕਾਇਆ ਮੰਦਰ ਆਪ ਡਗਮਗਾਇੰਦਾ। ਹਰਿਜਨ ਲੇਖਾ ਜਾਣੇ ਨਾਨਕ ਅੰਗਦ, ਅੰਗੀਕਾਰ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਮਾਰਗ ਲਾਇੰਦਾ। ਸਤਿਜੁਗ ਸਾਚਾ ਮਾਰਗ ਲੌਣਾ, ਪੰਦਰਾਂ ਕੱਤਕ ਲੇਖ ਲਿਖਾਈਆ। ਸੰਤ ਮਨੀ ਸਿੰਘ ਆਸਾ ਪੂਰ ਕਰੌਣਾ, ਲੋਕਮਾਤ ਦਏ ਵਡਿਆਈਆ। ਚਾਰ ਵਰਨਾਂ ਏਕਾ ਸ਼ਬਦ ਜਨੌਣਾ, ਏਕਾ ਬੂਝ ਬੁਝਾਈਆ। ਬਿਰਧ ਬਾਲ ਜਵਾਨ ਗੋਰ ਵਿਚ ਨਾ ਕਿਸੇ ਦਬੌਣਾ, ਖ਼ਾਕੀ ਢੇਰ ਨਾ ਕੋਇ ਰਖਾਈਆ। ਏਕਾ ਅਗਨੀ ਭੇਟ ਚੜ੍ਹੌਣਾ, ਮਾਤ ਗਰਭ ਬਾਹਰ ਜੋ ਆਈਆ। ਨੇਤਰ ਨੀਰ ਨਾ ਕਿਸੇ ਵਹੌਣਾ, ਘਰ ਵੱਜਦੀ ਰਹੇ ਵਧਾਈਆ। ਸੋਹੰ ਸ਼ਬਦ ਚਾਈਂ ਚਾਈਂ ਗੌਣਾ, ਜੁਗ ਵਿਛੜੇ ਪ੍ਰਭ ਅੰਤਮ ਰਿਹਾ ਮਿਲਾਈਆ। ਜੂਠਾ ਝੂਠਾ ਨਾਤਾ ਜਗਤ ਰਖੌਣਾ, ਮਾਇਆ ਮਮਤਾ ਬੰਧਨ ਕੋਇ ਨਾ ਪਾਈਆ। ਮਾਂਵਾਂ ਪੁੱਤਰਾਂ ਗਲ ਹਾਰ ਪੌਣਾ, ਪਿਤਾ ਫੜੇ ਸੀੜੀ ਦਏ ਟਿਕਾਈਆ। ਭੈਣ ਭਰਾਵਾਂ ਸਾਚਾ ਮੰਗਲ ਗਾਉਣਾ, ਪ੍ਰਭ ਦੇਵੇ ਵਡ ਵਡਿਆਈਆ। ਨਾਰੀ ਕੰਤ ਵਿਛੋੜਾ ਨਾ ਕੋਇ ਜਣੌਣਾ, ਗਲ ਪੱਲੂ ਕੋਇ ਨਾ ਪਾਈਆ। ਦੋ ਹੱਥ ਨਾ ਅੰਗ ਲਗੌਣਾ, ਦੋਇ ਜੋੜ ਸੀਸ ਹਰਿ ਚਰਨ ਕਵਲ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਰਿਹਾ ਸਮਝਾਈਆ। ਪੰਜ ਤੱਤ ਅਗਨੀ ਜਾਏ ਸੜ, ਬ੍ਰਹਮ ਪਾਰਬ੍ਰਹਮ ਸਮਾਈਆ। ਹਰਿਜਨ ਹਰਿ ਹਰਿ ਵਿਦਿਆ ਲਏ ਪੜ੍ਹ, ਪ੍ਰਭ ਸਾਚਾ ਸ਼ਬਦ ਜਣਾਈਆ। ਪੰਜ ਤੱਤ ਖ਼ਾਕ ਕਰਨਾ ਢੇਰ, ਹੱਡੀ ਹੱਡ ਨਾ ਕੋਇ ਉਠਾਈਆ। ਜੋ ਜਨ ਕਰੇ ਹੇਰ ਫੇਰ, ਪ੍ਰਭ ਜੂਨੀ ਦਏ ਫਿਰਾਈਆ। ਜੋ ਜਨ ਮੰਗੇ ਦਰ ਘਰ ਸੱਚੇ ਮਿਹਰ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਲਹਿਣਾ ਦੇਣਾ ਚੁਕਾਏ ਅੰਡਜ ਜੇਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਈਆ। ਰੰਗ ਰੰਗਾਏ ਹਰਿ ਚਲੂਲ, ਜੁਗ ਜੁਗ ਬਣਤ ਬਣਾਇੰਦਾ। ਹਰਿ ਸੰਗਤ ਨਾ ਜਾਣਾ ਭੂਲ, ਹਰਿ ਸਾਚਾ ਆਪ ਅਲਾਇੰਦਾ। ਦਰ ਘਰ ਸਾਚੇ ਰਸਨਾ ਬੋਲ, ਮਸਤੂਆਣਾ ਇਕ ਵਖਾਇੰਦਾ। ਸ਼ਬਦ ਪੰਘੂੜਾ ਲੈਣਾ ਝੂਲ, ਪ੍ਰਭ ਸਾਚਾ ਆਪ ਝੁਲਾਇੰਦਾ। ਆਪ ਚੁਕਾਏ ਤੇਰਾ ਪਿਛਲਾ ਮੂਲ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਾਚੀ ਧਾਰ ਵਖਾਇੰਦਾ। ਸਾਚੀ ਧਾਰ ਧੁਰ ਦਰਬਾਰ, ਦਰਗਹਿ ਸਾਚੀ ਆਪ ਸੁਹਾਈਆ। ਪੰਦਰਾਂ ਕੱਤਕ ਕਰੇ ਵਿਚਾਰ, ਸਾਚੀ ਸੰਗਤ ਪਾਰ ਕਰਾਈਆ। ਪੰਜ ਗਜ ਨੇੜ ਨਾ ਆਏ ਕੋਈ ਚਰਨ ਦਵਾਰ, ਦੂਰ ਦੁਰਾਡੇ ਆਪ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਈਆ। ਪੰਦਰਾਂ ਕੱਤਕ ਖੇਲ ਖਿਲਾਉਣਾ, ਹਰਿ ਸੰਗਤ ਮੇਲ ਮਿਲਾਇੰਦਾ। ਸੰਗਤ ਰੂਪ ਪਾਰਬ੍ਰਹਮ ਦਰਸੌਣਾ, ਰੂਪ ਅਨੂਪ ਆਪ ਉਪਜਾਇੰਦਾ। ਜਾਗਰਤ ਜੋਤ ਜੋਤ ਡਗਮਗੌਣਾ, ਅੰਧ ਅੰਧੇਰ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਗਤ ਮਾਣ ਦਿਵਾਇੰਦਾ। ਪਹਿਲੇ ਦਿਵਸ ਹਰਿ ਸੰਗਤ ਮਾਣ, ਸਾਚੇ ਦਰ ਰਖਾਈਆ। ਦੂਜੇ ਦਿਵਸ ਹੋ ਪਰਧਾਨ, ਗੁਰਮੁਖ ਸਾਚੇ ਲਏ ਤਰਾਈਆ। ਗਿਆਰਾਂ ਦਿਵਸ ਇਕ ਗਿਆਨ, ਇਕ ਇਕ ਨਾਲ ਕਰੇ ਲੜਾਈਆ। ਸਤਿਗੁਰ ਪੁਰਖ ਨੌਜਵਾਨ, ਆਪੇ ਵੇਖੇ ਵੇਖ ਵਖਾਈਆ। ਸ਼ਬਦ ਨਿਰਾਲਾ ਮਾਰੇ ਬਾਣ, ਤਿਖੀ ਮੁਖੀ ਮੁਖ ਰਖਾਈਆ। ਏਕਾ ਚਿੱਲਾ ਤੀਰ ਕਮਾਨ, ਏਕਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗਿਆਰਾਂ ਦਿਵਸ ਕਰੇ ਰੁਸ਼ਨਾਈਆ। ਇਕ ਗਿਆਰਾਂ ਜੋੜ ਬਾਰਾਂ, ਪੰਦਰਾਂ ਕੱਤਕ ਵਡ ਵਡਿਆਇੰਦਾ। ਛੱਬੀ ਕੱਤਕ ਕਰ ਵਿਹਾਰਾ, ਲੋਕਮਾਤ ਤਜਾਇੰਦਾ। ਸਤਾਈ ਕੱਤਕ ਸਚਖੰਡ ਦਵਾਰਾ, ਆਪਣਾ ਆਸਣ ਲਾਇੰਦਾ। ਅਠਾਈ ਕੱਤਕ ਬ੍ਰਹਮ ਪਸਾਰਾ, ਹਰਿ ਹਰਿ ਵੇਖ ਵਖਾਇੰਦਾ। ਉਨੱਤੀ ਕੱਤਕ ਖ਼ਬਰਦਾਰਾ, ਸ਼ਿਵ ਸ਼ੰਕਰ ਆਪ ਜਗਾਇੰਦਾ। ਤੀਸ ਕੱਤਕ ਮਾਰੇ ਮਾਰਾ, ਕਰੋੜ ਤੇਤੀਸਾ ਰਾਜਾ ਇੰਦ ਨਾਲ ਰਲਾਇੰਦਾ। ਚਾਰ ਦਿਵਸ ਨਿਰਗੁਣ ਧਾਰਾ, ਆਪਣਾ ਵੇਸ ਵਟਾਇੰਦਾ। ਪਹਿਲੀ ਮੱਘਰ ਹੋ ਉਜਿਆਰਾ, ਲੋਕਮਾਤ ਉਠ ਧਾਇੰਦਾ। ਨਵਾਂ ਖੰਡਾਂ ਪਾਵੇ ਸਾਰਾ, ਭਾਰਤ ਵੰਡ ਵੰਡਾਇੰਦਾ। ਜੋਤ ਸਰੂਪੀ ਜੋਤ ਉਜਿਆਰਾ, ਸ਼ਬਦੀ ਡੰਕ ਵਜਾਇੰਦਾ। ਨੌ ਬਸਤਰ ਜੇ ਰੱਖੇ ਕਰ ਤਿਆਰਾ, ਨੌ ਜੋੜੇ ਨਾਲ ਰਲਾਇੰਦਾ। ਨੌ ਸਿਖ ਜੋ ਖੜੇ ਨੌ ਦਵਾਰਾ, ਨੌਵਾਂ ਹੁਕਮ ਸੁਣਾਇੰਦਾ। ਸਵਾ ਪਹਿਰ ਘਰ ਘਰ ਬੈਠ ਕਰਨ ਨਿਮਸਕਾਰਾ, ਪ੍ਰਭ ਸਾਚਾ ਦਰਸ ਦਿਖਾਇੰਦਾ। ਨੌ ਮੱਘਰ ਖੇਲ ਅਪਾਰਾ, ਨੌ ਖੰਡ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌ ਦਿਨ ਲੰਘਾਏ ਗਿਣ ਗਿਣ, ਮੁਖ ਨਕਾਬ ਆਪਣੇ ਪੜਦਾ ਪਾਇੰਦਾ। ਪਹਿਲੀ ਮੱਘਰ ਲਾਲ ਵੇਸ, ਹਰਿ ਆਪਣਾ ਆਪ ਕਰਾਈਆ। ਦੂਸਰੀ ਮੱਘਰ ਕੰਚਨ ਭੇਸ, ਕੰਚਨ ਰੰਗ ਚੜ੍ਹਾਈਆ। ਤੀਜੇ ਮੱਘਰ ਸੂਹੇ ਰੰਗ ਆਪੇ ਵੇਖ, ਆਪਣੀ ਚੋਲੀ ਰੰਗ ਰੰਗਾਈਆ। ਚੌਥੇ ਮੱਘਰ ਨਰ ਨਰੇਸ਼, ਚਿੱਟੇ ਬਸਤਰ ਭੂਸਣ ਆਪ ਸਜਾਈਆ। ਪੰਚਮ ਮੱਘਰ ਇਕ ਅਦੇਸ, ਪੀਲੇ ਬਸਤਰ ਸੋਭਾ ਪਾਈਆ। ਛੇ ਮੱਘਰ ਕਿਸੇ ਨਾ ਚਲੇ ਕੋਈ ਪੇਸ, ਨੀਲਾ ਬਾਣਾ ਆਪ ਹੰਢਾਈਆ। ਸੱਤ ਮੱਘਰ ਦਰ ਦਰਵੇਸ, ਕਾਲਾ ਸੂਸਾ ਆਪ ਹੰਢਾਈਆ। ਅਠ ਮੱਘਰ ਧਰ ਧਰ ਭੇਖ, ਗੁਰਸਿਖਾਂ ਦਵਾਰੇ ਜਾਏ ਫੇਰੀਆਂ ਪਾਈਆ। ਨੌ ਮੱਘਰ ਨੌ ਦਵਾਰੇ ਲਿਖੇ ਲੇਖ, ਨੌ ਬਸਤਰ ਨੌ ਜੋੜੇ ਗੁਰਮੁਖ ਰਹੇ ਹਮੇਸ਼, ਨੌ ਨਾਥ ਰਹਿਣ ਨਾ ਪਾਈਆ। ਆਪਣਾ ਖੇਲ ਆਪੇ ਰਿਹਾ ਵੇਖ, ਪਿਛਲੀ ਕੀਤੀ ਭੁੱਲ ਨਾ ਜਾਈਆ। ਨਾਵੇਂ ਗੁਰ ਤੇਗ ਬਹਾਦਰ ਤੇਰੀ ਟੁੱਟੇ ਨਾ ਅੱਜੇ ਰੇਖ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰਾ ਦੁਲਾਰਾ ਦਸ ਦਸਮੇਸ, ਕਲਜੁਗ ਦਹਿਸਰ ਦੇਵੇ ਘਾਈਆ। ਤੇਰਾ ਸ਼ਬਦ ਰਿਖੀ ਕੇਸ, ਕੂੜਾ ਗਵਰਧਨ ਦਏ ਉਠਾਈਆ। ਪਾਰਬ੍ਰਹਮ ਅੱਗੇ ਕਿਸੇ ਦੀ ਨਾ ਚਲੇ ਪੇਸ਼, ਬ੍ਰਹਮਾ ਵਿਸ਼ਨ ਸ਼ਿਵ ਬੈਠੇ ਸੀਸ ਝੁਕਾਈਆ। ਨੌ ਨੌ ਕਰੇ ਆਦੇਸ, ਪੁਰਖ ਅਕਾਲ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ। ਨੌ ਮੱਘਰ ਨੌ ਖੰਡ, ਜੋਤੀ ਜੋਤ ਉਜਾਲਿਆ। ਦਸ ਮੱਘਰ ਵੰਡੇ ਵੰਡ, ਸੱਤਾਂ ਦੀਪਾਂ ਖੇਲ ਨਿਰਾਲਿਆ । ਨਾਮ ਖੰਡਾ ਚੰਡ ਪਰਚੰਡ, ਪ੍ਰਭ ਸਾਚੇ ਹੱਥ ਉਠਾ ਲਿਆ। ਵੇਖਣ ਆਇਆ ਭੇਖ ਪਾਖੰਡ, ਆਪ ਆਪਣਾ ਰੂਪ ਵਟਾ ਲਿਆ। ਕਰੇ ਕਰਾਏ ਖੰਡ ਖੰਡ, ਕਲਜੁਗ ਹਿੱਸਾ ਇਕ ਵੰਡਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਿਵਸ ਸੱਤ ਸੱਤ ਧਾਰ ਸੱਚੀ ਸਰਕਾਰ, ਸੋਹੰ ਢੋਲਾ ਏਕਾ ਗਾ ਲਿਆ। ਸੋਹੰ ਢੋਲਾ ਸਤ ਦੀਪ, ਸਤਿ ਸਤਿਵਾਦੀ ਆਪੇ ਗਾਇੰਦਾ। ਆਪ ਚਲਾਏ ਆਪਣੀ ਰੀਤ, ਆਪਣਾ ਮਾਰਗ ਆਪੇ ਲਾਇੰਦਾ। ਆਪੇ ਮੰਦਰ ਗੁਰਦਰ ਮਸੀਤ, ਆਪੇ ਮੱਠ ਵਖਾਇੰਦਾ। ਆਪੇ ਗਾਏ ਸਾਚਾ ਗੀਤ, ਆਪੇ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੋਲਾਂ ਮੱਘਰ ਆਪ ਵਡਿਆਇੰਦਾ। ਸੋਲਾਂ ਮੱਘਰ ਚੜ੍ਹਿਆ ਚਾ, ਸਾਚੇ ਦਿਵਸ ਵੱਜੀ ਵਧਾਈਆ। ਛੋਟਾ ਬਾਲਾ ਬਣਿਆ ਜਗਤ ਮਲਾਹ, ਮਾਵਾਂ ਪੁੱਤਰਾਂ ਰਿਹਾ ਸਮਝਾਈਆ। ਅੱਗੇ ਮਿਲੇ ਸੱਚਾ ਥਾਂ, ਦਰਗਹਿ ਸਾਚੀ ਵਡ ਵਡਿਆਈਆ। ਪ੍ਰਭ ਕਰਨ ਆਇਆ ਸਚ ਨਿਆ, ਪਹਿਲੋਂ ਛੋਟੇ ਅੱਗੇ ਲਾਈਆ। ਜਵਾਨ ਬਿਰਧ ਕਲਜੁਗ ਡਰਨ ਨਾ, ਮੌਤ ਲਾੜੀ ਨਾ ਭੈ ਵਖਾਈਆ। ਪ੍ਰਭ ਆਇਆ ਅੱਗੋਂ ਪਕੜੇ ਬਾਂਹ, ਜੋ ਜਾਂਦੇ ਚਾਈਂ ਚਾਈਂਆ। ਹਰਿ ਸੰਗਤ ਪੁਤਰ ਧੀਆਂ ਭੈਣ ਭਰਾ ਖ਼ੁਸ਼ੀ ਨਾਲ ਵਿਦਾ ਦਏ ਕਰਾ, ਨੀਰ ਨੀਰ ਨਾ ਕੋਇ ਵਹਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜ ਵੇਰ ਜੈਕਾਰਾ ਦੇਣਾ ਲਾ, ਲੱਖ ਚੁਰਾਸੀ ਰਹਿਣ ਨਾ ਪਾਈਆ। ਆਪਣੀ ਵਸਤ ਆਪਣੇ ਘਰ ਲਏ ਟਿਕਾ, ਥਾਉਂ ਵਸਤ ਲੁੱਟ ਕੋਇ ਲੈ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੋਲਾਂ ਮੱਘਰ ਵੱਜੇ ਵਧਾਈਆ। ਸੋਲਾਂ ਮੱਘਰ ਦਿਵਸ ਸੁਹਾਉਣਾ, ਹਰਿ ਸਾਚਾ ਆਪ ਸਮਝਾਇੰਦਾ। ਘਰ ਘਰ ਬੈਠ ਸਵਾ ਪਹਿਰ ਸਭ ਨੇ ਗਾਉਣਾ, ਸੋਹੰ ਸੋ ਜਾਪ ਅਲਾਇੰਦਾ। ਆਪਣਾ ਚਰਨ ਗੁਰ ਧਿਆਨ ਰਖਾਉਣਾ, ਦੂਜਾ ਇਸ਼ਟ ਨਾ ਕੋਇ ਵਖਾਇੰਦਾ। ਜਮ ਕਾ ਜੇੜਾ ਫੰਦ ਕਟਾਉਣਾ, ਧਰਮ ਧਰਮ ਰਾਏ ਸੰਗਲ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਲਾਂ ਮੱਘਰ ਦਿਵਸ ਸੁਹਾਇੰਦਾ। ਸੋਲਾਂ ਮੱਘਰ ਹਰਿ ਸ਼ਬਦ ਜਵਾਨ, ਉਠੇ ਉਠ ਉਠ ਕਰੇ ਧਾਈਆ। ਗੁਰਮੁਖ ਵੇਖੇ ਚਤੁਰ ਸੁਜਾਨ, ਜੋ ਬੈਠੇ ਹਰਿ ਲਿਵ ਲਾਈਆ। ਕਾਇਆ ਮੰਦਰ ਵਖਾਏ ਸਚ ਮਕਾਨ, ਸਤਿ ਰੂਪ ਆਪ ਖ਼ੁਦਾਈਆ। ਹਰਿ ਸੰਗਤ ਪਾਏ ਸਾਚੀ ਆਣ, ਭੁੱਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਖਿਲਾਈਆ। ਸੋਲਾਂ ਮੱਘਰ ਹੋ ਪਰਤੱਖ, ਆਪਣਾ ਦਰਸ ਵਖਾਇੰਦਾ। ਸਤਾਰਾਂ ਮੱਘਰ ਚੌਥੇ ਯੁਗ ਭਾਂਡੇ ਕਰੇ ਸੱਖ, ਭਰਿਆ ਕੋਇ ਨਾ ਮਾਤ ਜਣਾਇੰਦਾ। ਕੂੜੀ ਕਿਰਿਆ ਮੇਟੇ ਪੱਖ, ਜੂਠ ਝੂਠ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਧਾਰ ਚਲਾਇੰਦਾ। ਕਲਜੁਗ ਤੇਰੀ ਧਾਰ, ਚਾਰੇ ਬਾਣੀ ਵੇਖ ਵਖਾਈਆ। ਸਤਾਰਾਂ ਮੱਘਰ ਖੇਲ ਅਪਾਰ, ਬੈਖਰੀ ਕਰੇ ਕੁੜਮਾਈਆ। ਅਠਾਰਾਂ ਖੇਲ ਧਾਮ ਨਿਆਰ, ਮਧਮ ਫੋਲ ਫੁਲਾਈਆ। ਉਨੀ ਪਸੰਤੀ ਪਾਵੇ ਸਾਰ, ਆਪ ਆਪਣੀ ਦਇਆ ਕਮਾਈਆ। ਪਰਾ ਵੇਖੇ ਕੌਣ ਪਿਆਰ, ਕੌਣ ਤੁਰੀਆ ਨਾਦ ਵਜਾਈਆ। ਚਾਰੇ ਬਾਣੀ ਪਾਵੇ ਸਾਰ, ਚਾਰੇ ਖਾਣੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੀਸ ਮੱਘਰ ਰੂਪ ਵਟਾਈਆ। ਇਕੀ ਮੱਘਰ ਏਕਾ ਇਕ, ਇਕੀ ਸਿਖਾਂ ਰਿਹਾ ਸਮਝਾਈਆ। ਪੁਰਖ ਅਬਿਨਾਸ਼ੀ ਜੋ ਲੇਖਾ ਦਿਤਾ ਲਿਖ, ਨਾ ਕੋਈ ਮੇਟੇ ਮੇਟ ਮਿਟਾਈਆ। ਅਠਸਠ ਤੀਰਥ ਗੁਰਮੁਖਾਂ ਕੋਲੋਂ ਮੰਗੇ ਭਿਖ, ਅੱਗੇ ਆਪਣੀ ਝੋਲੀ ਡਾਹੀਆ । ਗੁਰਮੁਖ ਤੇਰੀ ਸਾਚੀ ਟੇਕ, ਖਾਣੀ ਬਾਣੀ ਰਿਹਾ ਜਣਾਈਆ। ਗੁਰਮੁਖ ਤੇਰੀ ਬੁਧ ਬਿਬੇਕ, ਤੇਰੇ ਨਾਮ ਵਡ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੀ ਮੱਘਰ ਵੱਜੇ ਵਧਾਈਆ। ਇਕੀ ਮੱਘਰ ਦਿਵਸ ਸੁਹਾਉਣਾ, ਇਕੀ ਸਿਖਾਂ ਆਪ ਉਠਾਇੰਦਾ। ਚਿੱਟੇ ਬਸਤਰ ਤਨ ਪਹਿਨਾਉਣਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਸਵਾ ਪਹਿਰ ਨੇਤਰ ਬੰਦ ਰਖਾਉਣਾ, ਜਗਤ ਅੱਖ ਨਾ ਕੋਇ ਖੁਲ੍ਹਾਇੰਦਾ। ਰਸਨਾ ਜਿਹਵਾ ਨਾ ਕੋਇ ਹਿਲਾਉਣਾ, ਉਚੀ ਬੋਲ ਨਾ ਕਿਸੇ ਸੁਣਾਇੰਦਾ। ਅੰਦਰੇ ਅੰਦਰ ਸੋਹੰ ਸ਼ਬਦ ਨਾਮ ਗਾਉਣਾ, ਪ੍ਰਭ ਸਾਚਾ ਮੇਲ ਮਿਲਾਇੰਦਾ। ਪਵਣ ਸਵਾਸੀ ਸੇਵਾ ਲਾਉਣਾ, ਸਾਚਾ ਹੁਕਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਇਕੀ ਵੇਖ ਵਖਾਇੰਦਾ। ਇਕੀ ਸਿਖਾਂ ਸਚ ਵਿਹਾਰ, ਹਰਿ ਸਾਚਾ ਆਪ ਦ੍ਰਿੜਾਈਆ। ਮਸਤੂਆਣਾ ਧਾਮ ਨਿਆਰ, ਆਪ ਵਖਾਏ ਬੇਪਰਵਾਹੀਆ। ਸਚ ਤਖ਼ਤ ਬੈਠ ਸੱਚੀ ਸਰਕਾਰ, ਦਰ ਘਰ ਸਾਚੇ ਸੋਭਾ ਪਾਈਆ। ਏਕਾ ਭਰੇ ਨਾਮ ਭੰਡਾਰ, ਤੋਟ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਇਕੀ ਦਏ ਵਡਿਆਈਆ। ਏਕਾ ਇਕੀ ਇਕੀ ਜੇਠ, ਹਰਿ ਸਾਚਾ ਸਗਨ ਮਨਾਇਆ। ਤ੍ਰੈਗੁਣ ਰੱਖੀ ਗੁਰਸਿਖਾਂ ਚਰਨਾ ਹੇਠ, ਆਪਣੀ ਜੋਤੀ ਲੰਬੂ ਅਗਨੀ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਰਿਹਾ ਵੰਡਾਇਆ। ਵੰਡੇ ਵੰਡ ਹਰਿ ਕਰਤਾਰ, ਹਰਿ ਸਾਚੇ ਵਡ ਵਡਿਆਈਆ। ਤੇਰਾ ਮਿਠਾ ਰਸ ਸੱਚਾ ਪਿਆਰ, ਅੰਮ੍ਰਿਤ ਰਸ ਵਖਾਈਆ। ਹੱਸ ਹੱਸ ਮੇਲਾ ਵਿਚ ਸੰਸਾਰ, ਰੋ ਰੋ ਬਿਰਹੋਂ ਪੀੜ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੋਕਮਾਤ ਹੋਏ ਸਹਾਈਆ। ਲਾਲੋ ਤੇਰਾ ਸਚ ਪਿਆਰ, ਹਰਿ ਸਾਚਾ ਭੁੱਲ ਨਾ ਜਾਇੰਦਾ। ਨਾਨਕ ਬਖ਼ਸ਼ਿਆ ਏਕਾ ਹਾਰ, ਸਾਚਾ ਸਿਹਰਾ ਗਲੇ ਪਾਇੰਦਾ। ਤੇਰਾ ਬੰਨ੍ਹੇ ਤੇਰੀ ਧਾਰ, ਤੇਰਾ ਦਰ ਸੁਹਾਇੰਦਾ। ਇਕੀ ਮੱਘਰ ਹੋ ਤਿਆਰ, ਅੱਲੜਪਿੰਡੀ ਚਰਨ ਟਿਕਾਇੰਦਾ। ਆਪਣੇ ਸਿਰ ਤੇ ਚੁੱਕ ਕੇ ਜਾਏ ਸਵਾ ਸੇਰ ਭਾਰ, ਜੋ ਹਰਿ ਮੰਦਰ ਸਗਨ ਮਨਾਇੰਦਾ। ਜਗਤ ਦਵਾਰੇ ਆਏ ਹਾਰ, ਗੁਰਮੁਖਾਂ ਘਰ ਭਰਾਇੰਦਾ। ਗੁਰਸਿਖ ਜੋ ਕਰੇ ਪਿਆਰ, ਸਾਚੀ ਸਿਖਿਆ ਸਿਖ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਵਾ ਸੇਰ ਸਭ ਦੀ ਸੇਵਾ ਲਾਇੰਦਾ। ਇਕੀ ਮੱਘਰ ਸਚ ਵਿਹਾਰਾ, ਹਰਿ ਸਾਚੇ ਆਪ ਕਰਾਵਣਾ। ਬਾਈਸ ਮੱਘਰ ਖੇਲ ਅਪਾਰਾ, ਨਾਥੇ ਵਾਲੇ ਚਰਨ ਟਿਕਾਵਣਾ। ਤੇਈਸ ਮੱਘਰ ਦਏ ਹੁਲਾਰਾ, ਪੂਰਬ ਲਹਿਣਾ ਝੋਲੀ ਪਾਵਣਾ। ਡੱਲੇ ਤੇਰੀ ਖਿੜੀ ਗੁਲਜਾਰਾ, ਹਰਿ ਸਾਚੇ ਵੇਖ ਵਖਾਵਣਾ। ਜੋ ਜਨ ਆਏ ਚਲ ਦਵਾਰਾ, ਪ੍ਰਭ ਸਾਚੇ ਮੇਲ ਮਿਲਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਵਾ ਸੇਰ ਸਾਚਾ ਭਾਰ ਸਭ ਦੇ ਨਾਲ ਰਖਾਵਣਾ। ਸਵਾ ਸੇਰ ਸਚ ਭੰਡਾਰ, ਹਰਿ ਸੰਗਤ ਦਏ ਲਗਾਈਆ। ਸਤਿਗੁਰ ਪੂਰਾ ਬਣੇ ਆਪ ਵਰਤਾਰ, ਨੰਗੀ ਪੈਰੀਂ ਸੇਵ ਕਮਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਸਗਲਾ ਸੰਗ ਰਖਾਈਆ। ਸੱਥਰ ਸੇਜ ਨਾ ਭੁੱਲਿਆ ਵਿਚ ਸੰਸਾਰ, ਜੋ ਸੂਲਾਂ ਆਪ ਹੰਢਾਈਆ। ਨਿਹਕਲੰਕ ਮਿਲਿਆ ਮੀਤ ਮੁਰਾਰ, ਜੋੜਾ ਜੁੜਿਆ ਸਹਿਜ ਸੁਖਦਾਈਆ। ਘੋੜੇ ਚੜ੍ਹਿਆ ਸ਼ਾਹ ਅਸਵਾਰ, ਆਪਣਾ ਅਸਵ ਰਿਹਾ ਦੌੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਆਬਾ ਮਾਲਵਾ ਦਏ ਤਰਾਈਆ। ਚੌਬੀਸ ਮੱਘਰ ਧਾਮ ਅਵੱਲਾ, ਹਰਿ ਸਾਚੇ ਆਪ ਸੁਹਾਵਣਾ। ਵਸਣਹਾਰਾ ਜਲਾ ਥਲਾ, ਘਰ ਮੰਦਰ ਡੇਰਾ ਲਾਵਣਾ। ਆਪਣਾ ਕਰ ਕਰ ਆਪੇ ਹੱਲਾ, ਆਪਣਾ ਪੰਧ ਮੁਕਾਵਣਾ। ਆਪੇ ਬਣ ਬਣ ਅਛਲ ਅਛੱਲਾ, ਵਲ ਛਲ ਧਾਰੀ ਖੇਲ ਖਿਲਾਵਣਾ। ਹਰਿ ਸੰਗਤ ਤੇਰਾ ਮੇਟੇ ਸੱਲਾ, ਰਵਦਾਸ ਚਮਾਰਾ ਵੇਖ ਵਖਾਵਣਾ। ਬਾਲਮੀਕ ਕੱਢਿਆ ਡੂੰਘੀ ਡੱਲਾ, ਆਪ ਆਪਣੇ ਗਲੇ ਲਗਾਵਣਾ। ਆਪੇ ਅੰਦਰ ਵੜ ਵੜ ਦੀਪਕ ਬੱਲਾ, ਗਿਆਨ ਜੋਤ ਆਪ ਜਗਾਵਣਾ। ਸਿੰਘ ਤਾਰਾ ਨਾਲ ਰੱਲਾ, ਚੰਬਲ ਜੱਟ ਵਕਤ ਸੁਹਾਵਣਾ। ਸਿੰਘ ਸਵਰਨ ਨਾ ਮਾਰੇ ਤੀਰ ਨਿਰਾਲਾ, ਤਿਖੀ ਮੁਖੀ ਨਾ ਕੋਇ ਰਖਾਵਣਾ। ਬੁਢਿਆਂ ਕਰੇ ਆਪ ਪ੍ਰਿਤਪਾਲਾ, ਨੌਜਵਾਨਾ ਗੋਦ ਬਹਾਵਣਾ। ਬਾਲਾ ਦੱਸੇ ਰਾਹ ਸੁਖਾਲਾ, ਪਹਿਲੋਂ ਸਚਖੰਡ ਆਪ ਵਸਾਵਣਾ। ਆਪੇ ਬਣਿਆ ਜਗਤ ਕੰਗਾਲਾ, ਗੁਰਮੁਖਾਂ ਅੱਗੇ ਝੋਲੀ ਡਾਵਣਾ। ਦਰ ਦਰ ਘਰ ਘਰ ਕਰੇ ਸਵਾਲਾ, ਚਰਨ ਪ੍ਰੀਤੀ ਮੰਗ ਭੇਖ ਬਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਫੜਾਵਣ ਆਇਆ ਏਕਾ ਦਾਮਨਾ। ਦਾਮਨਗੀਰ ਫੜਾਏ ਦਾਮਨ, ਹਰਿ ਵੱਡਾ ਵਡ ਵਡਿਆਈਆ। ਏਥੇ ਓਥੇ ਹੋਵੇ ਜਾਮਨ, ਆਪ ਆਪਣਾ ਲੜ ਫੜਾਈਆ। ਮੇਟ ਮਿਟਾਏ ਕਾਮਨੀ ਕਾਮਨ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਹਰਿ ਸੰਗਤ ਤੇਰੀ ਮੇਟਣ ਆਇਆ ਅੰਧੇਰੀ ਸ਼ਾਮਨ, ਅੰਧ ਅੰਧੇਰ ਰਿਹਾ ਗਵਾਈਆ। ਨਾ ਕੋਈ ਤ੍ਰਿਸ਼ਨ ਨਾ ਕੋਈ ਤਾਮਨ, ਆਲਸ ਨਿੰਦਰਾ ਨਾ ਕੋਇ ਰਖਾਈਆ। ਨਾ ਕੋਈ ਨਗਰ ਨਾ ਗਰਾਮਨ, ਗੁਰਸਿਖਾਂ ਅੰਦਰ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਬੁੱਢੇ ਨੱਢੇ ਏਕਾ ਰੰਗ ਰੰਗਾਈਆ। ਆਪੇ ਬੁੱਢਾ ਬਵੰਜਾ ਸਾਲ ਨਾਤਾ ਗਿਆ ਤੋੜ, ਝੂਠਾ ਸੰਗ ਨਾ ਕੋਇ ਰਖਾਇੰਦਾ। ਛੈਲ ਛਬੀਲਾ ਸਾਲ ਸੋਲਵੇਂ ਨੌਜਵਾਨ ਬਣਕੇ ਚੜ੍ਹਿਆ ਘੋੜ, ਸੋਲਾਂ ਕਲੀਆਂ ਆਸਣ ਲਾਇੰਦਾ। ਸਿੰਘ ਸਵਰਨ ਏਕਉਂਕਾਰਾ ਰਿਹਾ ਦੌੜ, ਬੁੱਢਾ ਬਾਲ ਦੋਵੇ ਰੂਪ ਦਿਸ ਨਾ ਆਇੰਦਾ। ਸਿੰਘ ਭਗਵਾਨ ਅੰਦਰ ਮੰਗੇ ਲੱਗਾ ਪੌੜ, ਪੌੜੇ ਵਾਲਾ ਅੱਗੇ ਹੋ ਹੋ ਦਰਸ ਦਿਖਾਇੰਦਾ। ਹਰਿ ਸੰਗਤ ਸਾਖਿਆਤ ਪਾਰਬ੍ਰਹਮ ਅਬਿਨਾਸ਼ੀ ਕਰਤਾ ਏਕਕੰਾਰਾ ਨਿਰਾਕਾਰ ਨਿਰਾਧਾਰ ਸਵੱਛ ਸਰੂਪੀ ਸਚ ਸਿੰਘਾਸਣ ਗਿਆ ਬੌਹੜ, ਪੜਦਾ ਉਹਲਾ ਨਾ ਕੋਈ ਰਖਾਇੰਦਾ। ਲੱਖ ਚੁਰਾਸੀ ਫਲ ਵੇਖਿਆ ਕੌੜ, ਆਪਣੀ ਸੇਵਾ ਆਪਣੇ ਹੱਥ ਉਠਾਇੰਦਾ। ਗੁਰਮੁਖ ਹਰਿ ਸੰਗਤ ਜੋੜਿਆ ਜੋੜ, ਆਪਣੀ ਪ੍ਰੀਤ ਸਾਚੀ ਗੰਢ ਪੁਵਾਇੰਦਾ। ਸਤਿਗੁਰ ਪੂਰੇ ਨੂੰ ਗੁਰਸਿਖਾਂ ਦੀ ਸਦਾ ਲੋੜ, ਗੁਰਸਿਖ ਬਿਨ ਸਤਿਗੁਰ ਨਾ ਕੋਈ ਅਖਵਾਇੰਦਾ। ਕਲਜੁਗ ਅੰਤਮ ਗ਼ਰੀਬ ਨਿਮਾਣਿਆਂ ਅੱਗੇ ਪਿੱਛੇ ਘਰ ਅੰਦਰ ਬਾਹਰ ਰਿਹਾ ਦੌੜ, ਦੌੜਣਹਾਰਾ ਦਿਸ ਨਾ ਆਇੰਦਾ। ਪੰਡਤ ਪਾਂਧੇ ਲੱਭਦੇ ਫਿਰਦੇ ਬ੍ਰਹਿਮਣ ਗੌੜ, ਉਚਾ ਟਿੱਲਾ ਪਰਬਤ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਵੀ ਮੱਘਰ ਵੇਖ ਵਖਾਇੰਦਾ। ਚੌਵੀ ਮੱਘਰ ਜੋਤ ਨਿਰੰਕਾਰ, ਆਪ ਆਪਣਾ ਬਲ ਧਰਾਈਆ। ਪਹਿਲੋਂ ਹਰਿ ਸੰਗਤ ਕਰੇ ਪਿਆਰ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਦੂਸਰ ਮੰਗੇ ਗੁਰਮੁਖਾਂ ਧੂੜ ਆਪ ਕਰਤਾਰ, ਆਪਣੀ ਝੋਲੀ ਅੱਗੇ ਡਾਹੀਆ। ਤੀਜੇ ਦਰ ਦਰਵੇਸ ਕਰੇ ਪੁਕਾਰ, ਊਚੀ ਕੂਕੇ ਦਏ ਸੁਣਾਈਆ। ਚੌਥੇ ਕਲਜੁਗ ਕਾਲੀ ਧਾਰ, ਰੈਣ ਅੰਧੇਰੀ ਛਾਈਆ। ਪੰਜਵੇਂ ਪਰਗਟ ਹੋਇਆ ਮੀਤ ਮੁਰਾਰ, ਨਿਹਕਲੰਕ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਚੌਵੀ ਮੱਘਰ ਚਾਰ ਬੀਸ ਵੇਖ ਵਖਾਈਆ। ਚਾਰ ਬੀਸ ਹਰਿ ਹਰਿ ਮੇਲਾ, ਚੌਵੀ ਹੱਥ ਵੇਖ ਵਖਾਇੰਦਾ। ਆਪੇ ਗੁਰ ਆਪੇ ਚੇਲਾ, ਆਪੇ ਗੋਬਿੰਦ ਨਾਉਂ ਧਰਾਇੰਦਾ। ਆਪੇ ਪੁਰਖ ਅਕਾਲ ਸੱਜਣ ਸੁਹੇਲਾ, ਆਪੇ ਸਗਲਾ ਸੰਗ ਰਖਾਇੰਦਾ। ਆਪੇ ਵਸੇ ਰੰਗ ਨਵੇਲਾ, ਆਪੇ ਲੱਖ ਚੁਰਾਸੀ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਬਿਆਸ ਕਿਨਾਰਾ ਇਕ ਸੁਹਾਇੰਦਾ। ਚੌਵੀ ਮੱਘਰ ਬਿਆਸ ਕਿਨਾਰਾ, ਪੁਰ ਭਲਾਈ ਵੱਜੇ ਵਧਾਈਆ। ਹਰਿ ਸੰਗਤ ਤੇਰਾ ਉਤਰੇ ਭਾਰਾ, ਪ੍ਰਭ ਆਪਣੇ ਸੀਸ ਰਖਾਈਆ। ਲੇਖਾ ਜਾਣੇ ਰਵਦਾਸ ਚਮਾਰਾ, ਗੰਗਾ ਧਾਰ ਇਕ ਵਹਾਈਆ। ਪੰਡਤ ਪਾਂਧੇ ਰੋ ਰੋ ਕਰੇ ਪੁਕਾਰਾ, ਉਚੀ ਕੂਕੇ ਦਏ ਦੁਹਾਈਆ। ਇਕ ਕਸੀਰਾ ਕੀਮਤ ਪਾਏ ਕਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਕਾਲਖ ਟਿੱਕਾ ਸ਼ਾਹੀ ਦੇਵੇ ਲਾਹੀਆ। ਰਵਦਾਸ ਤੇਰੇ ਚਰਨ ਦਵਾਰ, ਹਰਿ ਗੰਗਾ ਆਪ ਵਹਾਵਣੀ। ਨਾਮ ਕਸੀਰਾ ਕੱਢੇ ਕਰ ਪਿਆਰ, ਪ੍ਰਭ ਸਾਚੀ ਖੇਲ ਖਿਲਾਵਣੀ। ਪੰਡਤ ਦੇਵੇ ਕਰ ਵਿਚਾਰ, ਏਕਾ ਸਿਖਿਆ ਸਿਖ ਸਮਝਾਵਣੀ। ਭੇਟਾ ਦੇਣੀ ਜਲ ਜਲ ਧਾਰ, ਗੰਗਾ ਮਾਤਾ ਮੰਗ ਮੰਗਾਵਣੀ। ਉਤਰ ਲਿਆਉਣਾ ਆਉਂਦੀ ਵਾਰ, ਪੂਰ ਕਰਾਏ ਮਾਤਾ ਭਾਵਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਵਣੀ। ਗੰਗਾ ਨੀਰ ਚਰਨ ਦਵਾਰ, ਹਰਿ ਸਾਚਾ ਦਏ ਵਹਾਈਆ। ਇਕ ਕਸੀਰਾ ਸਚ ਵਿਹਾਰ, ਦਰ ਸਾਚੇ ਦਏ ਸਟਾਈਆ। ਅੱਗੋਂ ਬਾਂਹ ਦਏ ਹੁਲਾਰ, ਹੱਥ ਕੰਗਣ ਇਕ ਵਖਾਈਆ। ਰਵਦਾਸੇ ਭੇਟਾ ਦੇਣਾ ਚਾੜ੍ਹ, ਏਕਾ ਸ਼ਬਦ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਚੌਵੀ ਮੱਘਰ ਚੌਥੇ ਜੁਗ, ਜੋਗ ਜੁਗਤ ਇਕ ਸਖਾਈਆ। ਗੁਰਸਿਖ ਨਾ ਬੈਠੇ ਕੋਈ ਲੁੱਕ, ਪ੍ਰਭ ਸਾਚਾ ਲਏ ਮਿਲਾਈਆ। ਹਰਿ ਸੰਗਤ ਸੁਫਲ ਕਰਾਏ ਮਾਤ ਕੁੱਖ, ਜੋ ਜਨ ਬੈਠੀ ਗੋਦ ਉਠਾਈਆ। ਉਲਟਾ ਗਰਭ ਨਾ ਹੋਏ ਰੁੱਖ, ਦਸ ਦਸ ਮਾਸ ਨਾ ਕੋਇ ਭਵਾਈਆ। ਉਜਲ ਕਰੇ ਮਾਤ ਕੁੱਖ, ਪਾਰਬ੍ਰਹਮ ਵੱਡੀ ਵਡਿਆਈਆ। ਸਤਿਜੁਗ ਸੁੱਖਣਾ ਰਿਹਾ ਸੁੱਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਲੇਖ ਸਮਝਾਈਆ। ਚੌਵੀ ਕੱਤਕ ਚਰਨ ਪਿਆਰ, ਚਰਨੋਦਕ ਮੁਖ ਚੁਆਇੰਦਾ। ਗੁਰਮੁਖਾਂ ਬਖ਼ਸ਼ੇ ਇਕੀ ਹਾਰ, ਸਾਚੀ ਸਿਖੀ ਸਿਖ ਸਮਝਾਇੰਦਾ। ਵਾਲੋਂ ਨਿਕੀ ਤਿਖੀ ਧਾਰ, ਨੀਕਨ ਨੀਕੀ ਆਪ ਜਣਾਇੰਦਾ। ਮੁਨੀ ਰਿਖੀ ਨਾ ਪਾਵਣ ਸਾਰ, ਵੇਦ ਪੁਰਾਨ ਨਾ ਲੇਖ ਲਿਖਾਇੰਦਾ। ਨੇਕੀ ਬਦੀ ਜਾਣੇ ਕਰਤਾਰ, ਪੁੰਨ ਪਾਪ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਲੀ ਦਿਵਸ ਰੈਣ ਏਕਾ ਜੋਤ ਡਗਮਗਾਇੰਦਾ। ਚਾਲੀ ਦਿਵਸ ਸਾਚੀ ਸੇਜ, ਗੁਰਮੁਖਾਂ ਆਪ ਹੰਢਾਈਆ। ਸ਼ਬਦ ਸੁਨੇਹੜਾ ਘਰ ਘਰ ਭੇਜ, ਲਹਿਣਾ ਲਹਿਣੇ ਝੋਲੀ ਪਾਈਆ। ਜੋਤੀ ਬਖ਼ਸ਼ੇ ਨੌ ਨੌ ਤੇਜ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਦਰਾਂ ਕੱਤਕ ਏਕਾ ਰੰਗ ਰੰਗਾਈਆ। ਰੰਗ ਰੰਗਾਵਣਹਾਰ ਹਰਿ ਗੋਬਿੰਦੜਾ, ਗਹਿਰ ਗੰਭੀਰ ਸਮਾਇਆ। ਪਤਿਤ ਪਾਵਣ ਸਦ ਬਖ਼ਸ਼ੰਦੜਾ, ਆਦਿ ਜੁਗਾਦੀ ਨਾਉਂ ਧਰਾਇਆ। ਹਰਿਜਨ ਮੇਟੇ ਸਗਲੀ ਚਿੰਦੜਾ, ਚਿੰਤਾ ਚਿਖਾ ਰਹੇ ਨਾ ਰਾਇਆ। ਪਹਿਲਾ ਦਿਵਸ ਹਰਿ ਸੰਗਤ ਤੇਰੀ ਭੇਟ ਚੜੰਦੜਾ, ਗਿਆਰਾਂ ਗੁਰਸਿਖਾਂ ਵੰਡ ਵੰਡਾਇਆ। ਚਾਰ ਦਿਵਸ ਨਿਰਗੁਣ ਜੋਤ ਜਗੰਦੜਾ, ਨਿਰਗੁਣ ਖੇਲ ਕਰੇ ਰਘੁਰਾਇਆ। ਨੌ ਦਿਵਸ ਨੌ ਖੰਡ ਵੇਖ ਵਖੰਦੜਾ, ਨੌ ਸਿਖ ਲਏ ਉਠਾਇਆ। ਸਤ ਦਿਵਸ ਸਾਚੀ ਧਾਰ ਚਲੰਦੜਾ, ਚਾਰ ਕੁੰਟ ਫੇਰੀ ਪਾਇਆ। ਚਾਰ ਦਿਵਸ ਚਾਰੇ ਖਾਣੀ ਚਾਰੇ ਬਾਣੀ ਚਾਰੇ ਜੁਗ ਵੇਖ ਵਖੰਦੜਾ, ਆਪ ਆਪਣਾ ਜੋਗ ਕਮਾਇਆ। ਇਕੀ ਜੇਠ ਵੇਸ ਵਟੰਦੜਾ, ਇਕੀ ਸਿਖਾਂ ਨਾਲ ਰਲਾਇਆ। ਚਿੱਟਾ ਬਸਤਰ ਇਕ ਸੁਹੰਦੜਾ, ਸਦਾ ਸੁਹੇਲਾ ਧਿਆਨ ਵਖਾਇਆ। ਏਕਾ ਗੁਰਮੁਖ ਲਾਲਨ ਲਾਲ ਰਗੰਦੜਾ, ਲਾਲ ਅਨਮੁਲਾ ਸਾਚੇ ਹੱਟ ਵਿਕਾਇਆ। ਦੂਜਾ ਪਿਛਲਾ ਲੇਖ ਚੁਕੰਦੜਾ, ਗੁਰ ਗੋਬਿੰਦ ਵੇਸ ਵਟਾਇਆ। ਤੀਜੇ ਨਿਉਂ ਆਪ ਸਖੰਦੜਾ, ਹਰਿ ਸੰਗਤ ਬੇੜਾ ਰਿਹਾ ਤਰਾਇਆ। ਚੌਥਾ ਦਿਵਸ ਆਪ ਸੁਹੰਦੜਾ, ਚੌਵੀ ਮੱਘਰ ਵਡ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸੁਹੇਲਾ ਦੇਵੇ ਦਾਨ, ਗੁਰਸਿਖਾਂ ਘਰ ਘਰ ਭਿਛਿਆ ਝੋਲੀ ਪਾਇਆ। ਚੌਵੀ ਮੱਘਰ ਇਕੀ ਸਿਖ, ਹਰਿ ਸਾਚਾ ਸੇਵਾ ਲਾਈਆ। ਸੰਗਤ ਪੰਗਤ ਲੇਖਾ ਲਿਖ, ਇਕੀ ਇਕੀ ਦਏ ਬਹਾਈਆ। ਪੰਜੀ ਪੰਜੀ ਮੰਗਣ ਭਿਖ, ਹਾੜ ਸਤਾਰਾਂ ਵਡ ਵਡਿਆਈਆ। ਜਗਤ ਤ੍ਰਿਸਨਾ ਮੇਟੇ ਤ੍ਰਿਖ, ਆਤਮ ਅੰਤਰ ਜਾਮ ਪਿਆਈਆ। ਕੂੜੀ ਕਿਰਿਆ ਮੇਟੇ ਵਿਖ, ਪਾਰਬ੍ਰਹਮ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੀ ਹਾਰ ਸਿਖ ਸ਼ਿੰਗਾਰ ਸਾਚੀ ਸੰਗਤ ਸਾਚੀ ਪੰਗਤ ਆਪਣੇ ਰੰਗ ਰੰਗਾਈਆ। ਇਕੀ ਹਾਰ ਗੁਰਸਿਖ ਸੇਵਾ, ਸਿੰਘ ਪ੍ਰੀਤਮ ਆਪ ਲਗਾਈਆ। ਪਰਗਟ ਹੋਇਆ ਵਡ ਦੇਵੀ ਦੇਵਾ, ਗੁਰਸਿਖ ਬਾਲ ਅੰਞਾਣੇ ਦੇਵਤ ਰੂਪ ਆਪ ਬਣਾਈਆ। ਅੰਮ੍ਰਿਤ ਫਲ ਖੁਆਏ ਸਾਚਾ ਮੇਵਾ, ਰਵਦਾਸ ਚਮਾਰਾ ਨਾਲ ਰਲਾਈਆ। ਬਟਵਾਰਾ ਗਾਏ ਆਪਣੀ ਜੇਹਵਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਦਰਾਂ ਕੱਤਕ ਘਰ ਘਰ ਬੈਠੀ ਸੰਗਤ ਆਪਣੇ ਲੇਖੇ ਲਏ ਲਗਾਈਆ।
