Granth 09 Likhat 020: 27 Maghar 2016 Bikarmi Sukhdev Singh de Ghar Pind Kalla

੨੭ ਮੱਘਰ ੨੦੧੬ ਬਿਕ੍ਰਮੀ ਸੁਖਦੇਵ ਸਿੰਘ ਦੇ ਘਰ ਪਿੰਡ ਕੱਲਾ

ਅਲੱਖ ਅਗੰਮ ਏਕ ਏਕੰਕਾਰ, ਆਦਿ ਜੁਗਾਦਿ ਵੱਡੀ ਵਡਿਆਈਆ। ਸਤਿ ਪੁਰਖ ਨਿਰੰਜਨ ਖੇਲ ਅਪਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਵਸਣਹਾਰਾ ਸਚਖੰਡ ਨਿਵਾਸੀ ਉਚ ਅਟਲ ਮਹੱਲ ਮੁਨਾਰ, ਥਿਰ ਘਰ ਬੈਠਾ ਆਸਣ ਲਾਈਆ। ਇਕ ਅਕੱਲਾ ਖੇਲ ਅਪਾਰ, ਅਕਲ ਕਲ ਆਪ ਵਰਤਾਈਆ। ਸਚ ਤਖਤ ਬੈਠ ਸੱਚੀ ਸਰਕਾਰ, ਸਚ ਸੁਲਤਾਨ ਨਾਉਂ ਧਰਾਈਆ। ਸ਼ਾਹੋ ਭੂਪ ਬਣ ਸਿਕਦਾਰ, ਧੁਰ ਫੁਰਮਾਣਾ ਹੁਕਮ ਜਣਾਈਆ। ਆਪਣੇ ਮੰਦਰ ਹੋ ਤਿਆਰ, ਆਪਣੀ ਇਛਿਆ ਆਪ ਪਰਗਟਾਈਆ। ਸਾਚੀ ਭਿਖਿਆ ਪਾਵੇ ਪਾਵਣਹਾਰ, ਆਪਣੀ ਝੋਲੀ ਆਪ ਭਰਾਈਆ। ਸ੍ਰੀ ਭਗਵਾਨ ਹਰਿ ਦਾਤਾਰ, ਨਿਰਗੁਣ ਧਾਰ ਨਿਰਵੈਰ ਵੱਡੀ ਵਡਿਆਈਆ। ਮੂਰਤ ਅਕਾਲ ਸਾਚੀ ਕਾਰ, ਅਜੂਨੀ ਰਹਿਤ ਰਿਹਾ ਕਰਾਈਆ। ਸੋ ਪੁਰਖ ਨਿਰੰਜਨ ਕਰਨੇਹਾਰ, ਹਰਿ ਵਡ ਦਾਤਾ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਆਪਣੀ ਆਪ ਬੰਧਾਈਆ। ਨਿਰਗੁਣ ਦਾਤਾ ਹਰਿ ਨਿਰੰਕਾਰ, ਅਕਲ ਕਲਾ ਅਖਵਾਇੰਦਾ। ਸਾਚੇ ਮੰਦਰ ਬੈਠ ਦਵਾਰ, ਬੰਕ ਦਵਾਰ ਆਪ ਸੁਹਾਇੰਦਾ। ਆਦਿ ਨਿਰੰਜਨ ਜੋਤ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਸਚਖੰਡ ਨਿਵਾਸੀ ਬੇਐਬ ਪਰਵਰਦਿਗਾਰ, ਪਾਰਬ੍ਰਹਮ ਨਾਉਂ ਧਰਾਇੰਦਾ। ਰਾਜ ਜੋਗ ਸੱਚੀ ਸਰਕਾਰ, ਘਰ ਸਾਚੇ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਸਚ ਮਹੱਲਾ, ਹਰਿ ਸਾਚਾ ਆਪ ਸੁਹਾਇੰਦਾ। ਸਚ ਮਹੱਲਾ ਨਿਰਗੁਣ ਧਾਰ, ਪ੍ਰਭ ਅਬਿਨਾਸ਼ੀ ਆਪ ਉਪਾਈਆ। ਸ੍ਰੀ ਭਗਵਾਨ ਮੀਤ ਮੁਰਾਰ, ਘਰ ਬੈਠਾ ਸੋਭਾ ਪਾਈਆ। ਕਰੇ ਖੇਲ ਅਪਰ ਅਪਾਰ, ਅਪਰ ਅਪਾਰ ਵੱਡੀ ਵਡਿਆਈਆ। ਆਪਣਾ ਕਰੇ ਆਪ ਵਿਹਾਰ, ਆਪੇ ਸਗਨ ਮਨਾਈਆ। ਆਪੇ ਨਾਰੀ ਕੰਤ ਭਤਾਰ, ਆਪੇ ਸੇਜ ਹੰਢਾਈਆ। ਸੁਤ ਦਲਾਰਾ ਕਰ ਤਿਆਰ, ਸ਼ਬਦੀ ਨਾਉਂ ਧਰਾਈਆ। ਸੇਵਕ ਲਾਏ ਸਾਚੀ ਕਾਰ, ਕਰਨੀ ਕਰਤਾ ਹੁਕਮ ਸੁਣਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਮਹੱਲ ਉਸਾਰ, ਗਗਨ ਪਤਾਲਾ ਵੇਖ ਵਿਖਾਈਆ। ਕਰ ਪ੍ਰਕਾਸ਼ ਰਵ ਸਸ ਸਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪਣਾ ਅੰਗ ਕਰਿਆ ਅੰਗੀਕਾਰ, ਵਿਸ਼ਨੂੰ ਆਪਣੀ ਵੰਡ ਵੰਡਾਈਆ। ਬ੍ਰਹਮਾ ਕਵਲਾ ਕਰਿਆ ਬਾਹਰ, ਰੂਪ ਅਨੂਪ ਆਪ ਦਰਸਾਈਆ। ਸੰਗਤ ਮੇਲਾ ਹਰਿ ਗਿਰਧਾਰ, ਭੋਲੇ ਨਾਥ ਆਪ ਉਠਾਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਏਕਾ ਤਤ ਸਮਾਈਆ। ਪੰਚਮ ਮੀਤਾ ਹੋ ਤਿਆਰ, ਕਰੇ ਸਚ ਕੁੜਮਾਈਆ। ਏਕਾ ਸ਼ਬਦ ਨਾਦ ਧੁਨਕਾਰ, ਧੁਨ ਅਨਾਦੀ ਆਪ ਸੁਣਾਈਆ। ਬ੍ਰਹਮ ਬ੍ਰਹਿਮਾਦੀ ਕਰ ਤਿਆਰ, ਸਾਚਾ ਘਾੜਨ ਆਪ ਘੜਾਈਆ । ਸਮਰਥ ਪੁਰਖ ਖੇਲ ਅਪਾਰ, ਮਹਿਮਾ ਅਕਥ ਕਥੀ ਨਾ ਜਾਈਆ। ਆਪ ਚਲਾਏ ਆਪਣਾ ਰਥ ਰਥਵਾਹੀ ਹੋ ਤਿਆਰ, ਲੋਕਮਾਤ ਧਰਾਈਆ। ਧਰਨੀ ਧਰਤ ਧਵਲ ਕਰ ਅਕਾਰ, ਜਲ ਬਿੰਬ ਆਪ ਟਿਕਾਈਆ। ਨੌਂ ਨੌਂ ਵੰਡ ਅਪਰ ਅਪਾਰ, ਸਤਿ ਸਤਿ ਖੋਜ ਖ਼ਜਾਈਆ। ਗਾਵਤ ਗਾਏ ਗੀਤ ਆਪ ਨਿਰੰਕਾਰ, ਨਿਰਗੁਣ ਢੋਲਾ ਆਪ ਸੁਣਾਈਆ। ਬ੍ਰਹਮਾ ਵੇਤਾ ਕਰ ਉਜਿਆਰ, ਚਾਰ ਵੇਦ ਕਰੇ ਪੜ੍ਹਾਈਆ। ਵੰਡੇ ਵੰਡ ਸਿਰਜਨਹਾਰ, ਵਰਭੰਡੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼, ਲੱਖ ਚੁਰਾਸੀ ਡੇਰਾ ਲਾਇੰਦਾ। ਮਨ ਮਤ ਬੁਧ ਕਰ ਪ੍ਰਕਾਸ਼, ਮੇਲ ਮਿਲਾਏ ਅਪ ਤੇਜ ਵਾਏ ਪ੍ਰਿਥਮੀ ਅਕਾਸ, ਤਤਵ ਤੱਤਾਂ ਜੋੜ ਜੁੜਾਇੰਦਾ। ਜੋਤ ਨਿਰੰਜਨ ਕਰ ਪ੍ਰਕਾਸ਼, ਅੰਧ ਅੰਧੇਰਾ ਰਿਹਾ ਵਿਨਾਸ, ਗਗਨ ਗਗਨੰਤਰ ਆਪ ਸੁਹਾਇੰਦਾ। ਪਵਣ ਚਲਾਏ ਇਕ ਸਵਾਸ, ਸਾਚੇ ਮੰਡਲ ਪਾਵੇ ਰਾਸ, ਧੁਨ ਅਨਹਦ ਤਾਲ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੇਲ ਮਿਲਾਇੰਦਾ। ਸਾਚਾ ਮੇਲਾ ਹਰਿ ਭਗਵਾਨ, ਨਿਰਗੁਣ ਸਰਗੁਣ ਆਪ ਮਿਲਾਈਆ। ਆਤਮ ਬ੍ਰਹਮ ਕਰ ਧਿਆਨ, ਆਪਣੀ ਰਚਨ ਵਖਾਈਆ। ਸੁਰਤੀ ਸੁਰਤ ਸੁਰਤ ਗਿਆਨ, ਸੂਰਬੀਰ ਜਣਾਈਆ। ਇਕ ਵਖਾਏ ਸਚ ਨਿਸ਼ਾਨ, ਘਰ ਘਰ ਵਿਚ ਆਪ ਝੁਲਾਈਆ। ਸਾਚੇ ਮੰਦਰ ਬੈਠ ਮਕਾਨ, ਦਸਮ ਦਵਾਰੀ ਖੋਜ ਖੁਜਾਈਆ। ਆਤਮ ਸੇਜਾ ਕਰ ਪ੍ਰਧਾਨ, ਬੈਠਾ ਨਾਉਂ ਧਰਾਈਆ। ਆਦਿ ਜੁਗਾਦੀ ਨਿਗਹਬਾਨ, ਨਾ ਮਰੇ ਨਾ ਜਾਈਆ। ਜਨ ਭਗਤਾਂ ਕਰੇ ਆਪ ਪਛਾਨ, ਆਪਣੀ ਬੂਝ ਆਪ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਸਾਚੇ ਤਾਰਨਹਾਰਾ, ਏਕਾ ਏਕੰਕਾਰਾ ਆਪ ਅਖਵਾਇੰਦਾ। ਸੰਤਨ ਮੇਲਾ ਵਿਚ ਸੰਸਾਰਾ, ਘਰ ਸਾਚੇ ਮੇਲ ਮਿਲਾਇੰਦਾ। ਭਗਤਨ ਦੇਵੇ ਸਤਿ ਭੰਡਾਰਾ, ਇਕ ਵਰਤਾਰਾ ਆਪ ਅਖਵਾਇੰਦਾ। ਆਪਣਾ ਨਾਮ ਬੋਲ ਜੈਕਾਰਾ, ਲੋਕਮਾਤ ਆਪ ਸੁਣਾਇੰਦਾ। ਮੰਗਣ ਨਾ ਜਾਏ ਕਿਸੇ ਦਵਾਰਾ, ਦੂਸਰ ਸੰਗ ਨਾ ਕੋਇ ਵਖਾਇੰਦਾ। ਜੁਗਾ ਜੁਗੰਤਰ ਸਾਚੀ ਕਾਰਾ, ਸਤਿਗੁਰ ਪੂਰਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੇਸ ਧਰਾਇੰਦਾ। ਲੋਕਮਾਤ ਹਰਿ ਅਵਤਰਾ, ਗੁਰਮਤ ਗੁਰ ਨਾਉਂ ਧਰਾਈਆ। ਆਪਣਾ ਖੇਲ ਆਪੇ ਕਰਾ, ਕਰਨਹਾਰ ਬੇਪ੍ਰਵਾਹੀਆ। ਆਪੇ ਪੁਰਖ ਨਾਰੀ ਨਾਰਾ, ਨਰ ਨਰਾਇਣ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤ੍ਰੇਤਾ ਦੁਆਪਰ ਲੇਖਾ ਆਪਣਾ ਗਿਆ ਸਮਝਾਈਆ। ਹਰਿ ਲੇਖਾ ਬਲਵਾਨ, ਹਰਿ ਹੰਗਤਾ ਆਪ ਦ੍ਰਿੜਾਇੰਦਾ। ਹਰਿ ਸੰਤਨ ਦੇਵੇ ਬ੍ਰਹਮ ਗਿਆਨ, ਆਤਮ ਅੰਤਰ ਮੇਲ ਮਿਲਾਇੰਦਾ। ਗੁਰਮੁਖ ਬਣਾਏ ਚਤਰ ਸੁਜਾਨ, ਦੂਈ ਦਵੈਤੀ ਮੇਟ ਮਿਟਾਇੰਦਾ। ਗੁਰਮੁਖਾਂ ਦੇਵੇ ਇਕ ਗਿਆਨ, ਏਕਾ ਨਾਮ ਜਪਾਇੰਦਾ। ਏਕਾ ਮੰਦਰ ਸਚ ਮਕਾਨ, ਏਕਾ ਇਸ਼ਟ ਵਖਾਇੰਦਾ। ਦਾਤਾ ਦਾਨੀ ਸ੍ਰੀ ਭਗਵਾਨ, ਨਿਰਗੁਣ ਨਿਰਗੁਣ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਜੁਗ ਜੁਗ ਖੇਲ ਖਿਲੰਦੜਾ, ਪਰਮ ਪੁਰਖ ਕਰਤਾਰ। ਗੁਰਸਿਖ ਸਾਚੇ ਮੇਲ ਮਿਲੰਦੜਾ, ਦੇਵੇ ਦਰਸ ਅਗੰਮ ਅਪਾਰ। ਨੇਤਰ ਨੈਣ ਇਕ ਖੁਲੰਦੜਾ, ਨਿਰਗੁਣ ਨੂਰ ਜੋਤ ਉਜਿਆਰ। ਘਰ ਚੌਥੇ ਮੇਲ ਮਿਲੰਦੜਾ, ਮੇਲਾ ਕੰਤ ਭਤਾਰ। ਪੰਚਮ ਰਾਗ ਇਕ ਸੁਨੰਦੜਾ, ਆਪੇ ਗਾਏ ਗਾਵਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਕਰੇ ਕਰਾਏ ਆਪਣੀ ਕਾਰ। ਕਰਨ ਕਰਾਵਨਹਾਰ ਹਰਿ ਮਿਹਰਵਾਨ, ਪਰਮ ਪੁਰਖ ਅਖਵਾਇਆ। ਗੁਰ ਸਤਿਗੁਰ ਦੇਵੇ ਸਾਚਾ ਦਾਨ, ਸਚ ਭੰਡਾਰਾ ਆਪ ਵਰਤਾਇਆ। ਭਗਤਨ ਭਗਤੀ ਇਕ ਗਿਆਨ, ਏਕਾ ਰਾਹ ਵਖਾਇਆ। ਸੰਤਨ ਅੰਦਰ ਹੋ ਪ੍ਰਧਾਨ, ਆਪ ਆਪਣਾ ਪੜਦਾ ਲਾਹਿਆ। ਗੁਰਮੁਖ ਮੇਲਾ ਦੋ ਜਹਾਨ, ਘਰ ਘਰ ਵਿਚ ਲਏ ਮਿਲਾਇਆ। ਗੁਰਮੁਖ ਸਾਚਾ ਚਤਰ ਸੁਜਾਨ, ਗੁਰ ਸ਼ਬਦੀ ਜੋੜ ਜੁੜਾਇਆ। ਜੁਗਾ ਜੁਗੰਤਰ ਖੇਲ ਮਹਾਨ, ਪੁਰਖ ਅਬਿਨਾਸ਼ੀ ਖੇਲ ਖਿਲਾਇਆ। ਕਲਜੁਗ ਅੰਤਮ ਹੋ ਪ੍ਰਧਾਨ, ਨਿਹਕਲੰਕਾ ਨਾਉਂ ਰਖਾਇਆ। ਨੌਂ ਖੰਡ ਪ੍ਰਿਥਮੀ ਦੇਵੇ ਇਕ ਗਿਆਨ, ਚਾਰ ਵਰਨ ਏਕਾ ਮਾਰਗ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਖੁਲਾਇਆ। ਪੁਰਖ ਅਬਿਨਾਸ਼ੀ ਠਾਂਡਾ ਸੀਤਾ, ਸਤਿ ਸਤਿ ਵੱਡੀ ਵਡਿਆਈਆ। ਗੁਰ ਸਤਿਗੁਰ ਆਪਣੇ ਜੇਹਾ ਕੀਤਾ, ਲੋਕਮਾਤ ਵੱਜੀ ਵਧਾਈਆ। ਭਗਤਨ ਮੇਲਾ ਪਤਿਤ ਪੁਨੀਤਾ, ਪਾਰਬ੍ਰਹਮ ਸੱਚੀ ਸਰਨਾਈਆ। ਸੰਤਨ ਵਿਖਾਏ ਸਾਚੀ ਰੀਤਾ, ਆਤਮ ਅੰਤਰ ਇਕ ਲਿਵ ਲਾਈਆ। ਗੁਰਮੁਖਾਂ ਰੰਗ ਲਾਏ ਹਸਤ ਕੀਟਾ, ਊਚ ਨੀਚ ਨਾ ਕੋਈ ਜਣਾਈਆ। ਗੁਰਮੁਖ ਵੇਖੇ ਧਾਮ ਅਨਡੀਠਾ, ਘਰ ਮੰਦਰ ਰਿਹਾ ਸੁਹਾਈਆ। ਹਰਿਜਨ ਨਾਮ ਨਿਧਾਨਾ ਏਕਾ ਪੀਤਾ, ਭਰ ਪਿਆਲਾ ਇਕ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਆਪਣਾ ਵੇਸ ਧਰਾਈਆ। ਸੋ ਪੁਰਖ ਨਿਰੰਜਨ ਸਿਰਜਨਹਾਰਾ, ਹਰਿ ਹਰਿ ਨਾਉਂ ਧਰਾਇੰਦਾ। ਗੁਰੂ ਗੁਰ ਗੁਰ ਲਏ ਅਵਤਾਰਾ, ਸਤਿਗੁਰ ਆਪਣਾ ਵੇਸ ਵਟਾਇੰਦਾ। ਭਗਤਾਂ ਦੇਵੇ ਨਾਮ ਅਧਾਰਾ, ਆਪ ਆਪਣਾ ਰੰਗ ਰੰਗਾਇੰਦਾ। ਸੰਤਨ ਮੇਲਾ ਸਚ ਦਰਬਾਰਾ, ਦਰ ਦਰਵਾਜਾ ਆਪ ਖੁਲਾਇੰਦਾ। ਗੁਰਮੁਖ ਸਾਜਨ ਉਤਰੇ ਪਾਰਾ, ਹਰਿ ਸਾਚਾ ਪਾਰ ਕਰਾਇੰਦਾ। ਗੁਰਮੁਖ ਨੇਤਰ ਲੋਚਨ ਦਰਸਨ ਪਾਇਣ ਘਰ ਸੋਹੇ ਬੰਕ ਦਵਾਰਾ, ਘਰ ਮੰਦਰ ਮੇਲ ਮਿਲਾਇੰਦਾ। ਹਰਿਜਨ ਵੇਖੇ ਸਿਰਜਨਹਾਰਾ, ਸਿਰ ਸਿਰ ਰਿਜ਼ਕ ਸਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਨਿਰਗੁਣ ਧਾਰ ਪੁਰਖ ਕਰਤਾਰ, ਸਰਗੁਣ ਵਿਚ ਟਿਕਾਈਆ। ਸਰਗੁਣ ਦੀਪਕ ਕਰ ਉਜਿਆਰ, ਨਿਰਗੁਣ ਕਰੇ ਰੁਸ਼ਨਾਈਆ। ਨਿਰਗੁਣ ਰੂਪ ਅਗੰਮ ਅਪਾਰ, ਨਾ ਮਰੇ ਨਾ ਜਾਈਆ। ਸਰਗੁਣ ਸਾਚਾ ਭਰ ਭੰਡਾਰ, ਸਾਚੀ ਵਸਤ ਇਕ ਉਪਜਾਈਆ । ਲੋਕਮਾਤ ਲਏ ਅਵਤਾਰ, ਆਪਣਾ ਨਾਉਂ ਵਡਿਆਈਆ। ਨਾਉਂ ਨਿਰੰਕਾਰ ਬੋਲ ਜੈਕਾਰ, ਸਾਚੇ ਸ਼ਬਦ ਕਰੇ ਪੜ੍ਹਾਈਆ। ਤੁਰੀਆ ਨਾਦ ਇਕ ਸਤਾਰ, ਹਰਿ ਆਪਣੀ ਆਪ ਵਜਾਈਆ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਿਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਖਿਲਾਈਆ। ਕਲਜੁਗ ਅੰਤਮ ਹਰਿ ਸੁਲਤਾਨਾ, ਸਤਿਗੁਰ ਨਾਉਂ ਧਰਾਇੰਦਾ। ਪੁਰਖ ਅਬਿਨਾਸ਼ੀ ਵਾਲੀ ਦੋ ਜਹਾਨਾ, ਲੋਕਮਾਤ ਫੇਰਾ ਪਾਇੰਦਾ। ਚਤਰਭੁਜ ਖੇਲ ਮਹਾਨਾ, ਆਦਿ ਸ਼ਕਤ ਰੰਗ ਰੰਗਾਇੰਦਾ । ਇਸ਼ਟ ਦੇਵ ਨਮੋ ਗੁਰ ਆਪ ਅਖਵਾਨਾ, ਵਾਸਤਕ ਆਪਣਾ ਨਾਉਂ ਧਰਾਇੰਦਾ। ਬੋਧ ਅਗਾਧ ਖੇਲ ਮਹਾਨਾ, ਸ਼ਬਦ ਅਨਾਦੀ ਨਾਦ ਸਤਾਰ ਵਜਾਇੰਦਾ। ਧੁਨ ਅਗੰਮੀ ਇਕ ਤਰਾਨਾ, ਆਪ ਆਪਣਾ ਆਪ ਧਰਾਇੰਦਾ। ਕਲਜੁਗ ਅੰਤਮ ਹੋ ਪ੍ਰਧਾਨਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਜਨ ਭਗਤਾਂ ਬੰਨ੍ਹੇ ਸਾਚਾ ਗਾਨਾ, ਨਾਮ ਤੰਦਨ ਹੱਥ ਉਠਾਇੰਦਾ। ਇਕ ਵਿਖਾਏ ਸਚ ਮਕਾਨਾ, ਘਰ ਘਰ ਵਿਚ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਵਰ ਦਾਤਾ ਆਪ ਹੋ ਜਾਇੰਦਾ। ਗੁਰਮੁਖ ਸੱਜਣ ਹਰਿ ਹਰਿ ਵਰਿਆ, ਗੁਰ ਸਤਿਗੁਰ ਵਡ ਵਡਿਆਈਆ। ਹਰਿਜਨ ਸਾਚਾ ਘਾੜਨ ਘੜਿਆ, ਸਮਰਥ ਪੁਰਖ ਆਪ ਘੜਾਈਆ। ਅੰਦਰ ਮੰਦਰ ਆਪੇ ਵੜਿਆ, ਨਿਰਗੁਣ ਬੈਠਾ ਆਸਣ ਲਾਈਆ। ਆਪਣੇ ਪੌੜੇ ਆਪੇ ਚੜਿਆ, ਸੁਖਮਨ ਬੈਠੀ ਮੁਖ ਭਵਾਈਆ। ਤ੍ਰਿਕੁਟੀ ਛੁੱਟੀ ਟੁੱਟਾ ਗੜ੍ਹਿਆ, ਘਰ ਸਾਚੇ ਵੱਜੀ ਵਧਾਈਆ। ਮਾਨ ਸਰੋਵਰ ਅੰਮ੍ਰਿਤ ਭਰਿਆ, ਕਵਲਾ ਮੁਖ ਭਵਾਈਆ। ਅਨਹਦ ਸ਼ਬਦ ਅਨਾਦੀ ਧੁਨ ਆਪ ਸੁਣਾਏ ਆਪਣੇ ਘਰਿਆ, ਤਾਲ ਤਲਵਾੜਾ ਆਪ ਵਜਾਈਆ। ਨਿਰਭੈ ਰੂਪ ਕਦੇ ਨਾ ਡਰਿਆ, ਭੈ ਭਿਆਨਕ ਹੋਏ ਸਹਾਈਆ। ਗੁਰਮੁਖ ਸਾਜਣ ਆਪੇ ਫੜਿਆ, ਸੁਰਤ ਸ਼ਬਦ ਮਿਲਾਈਆ । ਤ੍ਰੈਗੁਣ ਮਾਇਆ ਵਿਚ ਨਾ ਸੜਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹਲਕਾਈਆ। ਪੰਜ ਤਤ ਨਾ ਬਣਾਏ ਕੋਈ ਗੜਿਆ, ਚਾਰ ਦਿਵਾਰ ਨਾ ਕੋਈ ਰਖਾਈਆ। ਆਪਣਾ ਅੱਖਰ ਆਪੇ ਪੜ੍ਹਿਆ, ਨਿਸ਼ਅੱਖਰ ਨਾਉਂ ਧਰਾਈਆ। ਜਨ ਭਗਤਾਂ ਲਾਏ ਸਾਚੀ ਜੜਿਆ, ਨਾ ਸਕੇ ਕੋਈ ਉਖੜਾਈਆ। ਗੁਰਮੁਖ ਵਿਰਲੇ ਆਪੇ ਖੜਿਆ, ਜੁਗ ਜੁਗ ਆਪਣਾ ਰੂਪ ਵਟਾਈਆ। ਨਾ ਕੋਈ ਸੀਸ ਨਾ ਕੋਈ ਧੜਿਆ, ਕਾਇਆ ਚੋਲਾ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਹਰਿ ਭਗਤ ਦਏ ਵਡਿਆਈਆ। ਭਗਤਨ ਮੀਤਾ ਹਰਿ ਗੋਬਿੰਦ, ਆਪ ਉਪਾਏ ਆਪਣੀ ਬਿੰਦ, ਇਕ ਵਖਾਏ ਸੇਜ ਮਹਾਨਾ। ਦਾਤਾ ਦਾਨੀ ਗੁਣੀ ਗਹਿੰਦ, ਗੁਰ ਸਤਿਗੁਰ ਨਾਉਂ ਧਰਾਨਾ। ਜੁਗਾ ਜੁਗੰਤ ਸਦਾ ਬਖਸ਼ਿੰਦ, ਸਤਿ ਪੁਰਖ ਨਿਰੰਜਨ ਵਡ ਮਿਹਰਬਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਸਾਚੇ ਘਰ, ਘਰ ਸਾਚਾ ਇਕ ਵਿਖਾਨਾ। ਘਰ ਸਚਾ ਮਿਹਰਬਾਨ, ਹਰਿ ਸਾਚਾ ਆਪ ਸੁਹਾਇੰਦਾ। ਗੁਰਮੁਖ ਸਾਚੇ ਚਤਰ ਸੁਜਾਨ, ਫੜ ਬਾਹੋਂ ਆਪ ਬਹਾਇੰਦਾ। ਏਕਾ ਰੰਗ ਰੰਗਾਏ ਸ੍ਰੀ ਭਗਵਾਨ, ਸਾਰੰਗ ਧਰ ਭਗਵਾਨ ਬੀਠਲੋ ਦਿਸ ਕਿਸੇ ਨਾ ਆਇੰਦਾ। ਸਰਬ ਜੀਆਂ ਦਾ ਜਾਣੀ ਜਾਣ, ਜਾਗਰਤ ਜੋਤ ਇਕ ਜਗਾਇੰਦਾ। ਆਦਿ ਜੁਗਾਦੀ ਨੌਜਵਾਨ, ਬਾਲ ਬਿਰਧ ਨਾ ਰੂਪ ਵਟਾਇੰਦਾ। ਸਚਖੰਡ ਵਸੇ ਸ੍ਰੀ ਭਗਵਾਨ, ਬੈਕੁੰਠ ਨਿਵਾਸੀ ਆਪ ਅਖਵਾਇੰਦਾ। ਆਪੇ ਸੀਤਾ ਆਪੇ ਰਾਮ, ਆਪੇ ਰਾਵਣ ਲੰਕਾ ਗੜ ਤੁੜਾਇੰਦਾ । ਆਪੇ ਕਾਹਨਾ ਕ੍ਰਿਸ਼ਨਾ ਹੋ ਪ੍ਰਧਾਨ, ਨਾਮ ਬੰਸਰੀ ਇਕ ਵਜਾਇੰਦਾ। ਆਪੇ ਨਾਨਕ ਗੋਬਿੰਦ ਖੇਲ ਜਹਾਨ, ਗਰੀਬ ਨਿਮਾਣੇ ਗਲੇ ਲਗਾਇੰਦਾ। ਆਪੇ ਚਿਲਾ ਤੀਰ ਕਮਾਨ, ਸ਼ਬਦ ਨਸ਼ਾਨਾ ਆਪ ਵਖਾਇੰਦਾ। ਆਪੇ ਜੋਧਾ ਸੂਰਬੀਰ ਬਲੀ ਬਲਵਾਨ, ਵਲ ਛਲ ਧਾਰੀ ਭੇਖ ਵਟਾਇੰਦਾ। ਆਪੇ ਬਾਵਨ ਹੋਏ ਨਿਗਹਬਾਨ, ਬਲ ਆਪਣੇ ਰੰਗ ਰੰਗਾਇੰਦਾ। ਆਪੇ ਭਗਤੀ ਦੇਵੇ ਭਗਤਨ ਦਾਨ, ਆਪਣੀ ਇਛਿਆ ਸਾਚੀ ਭਿਛਿਆ ਝੋਲੀ ਪਾਇੰਦਾ। ਆਪੇ ਸੰਤਨ ਕਰਾਏ ਸਚ ਅਸ਼ਨਾਨ, ਆਤਮ ਸਰ ਸਰੋਵਰ ਆਪ ਨੁਹਾਇੰਦਾ। ਆਪੇ ਗੁਰਮੁਖਾਂ ਦੇਵੇ ਆਪਣਾ ਮਾਣ, ਦਰਗਾਹ ਸਾਚੀ ਧਾਮ ਵਖਾਇੰਦਾ। ਆਪੇ ਗੁਰਮੁਖ ਸਾਚੇ ਸਾਚਾ ਬਖਸ਼ੇ ਚਰਨ ਧਿਆਨ, ਚਰਨ ਚਰਨੋਦਕ ਮੁਖ ਚੁਆਇੰਦਾ। ਏਕੰਕਾਰਾ ਖੇਲ ਮਹਾਨ, ਨਰ ਨਿਰੰਕਾਰਾ ਆਪ ਕਰਾਇੰਦਾ। ਨਾ ਕੋਈ ਰਸਨਾ ਜਿਹਵਾ ਦਿਸੇ ਜ਼ਬਾਨ, ਬੱਤੀ ਦੰਦ ਨਾ ਕੋਈ ਵਿਖਾਇੰਦਾ। ਪਵਣ ਸਵਾਸੀ ਨਾ ਕੋਈ ਮਸਾਣ, ਅਗਨੀ ਹਵਨ ਨਾ ਕੋਏ ਕਰਾਇੰਦਾ। ਨਾ ਕੋਈ ਪੀਣ ਨਾ ਕੋਈ ਖਾਣ, ਆਸਾ ਤ੍ਰਿਸ਼ਨਾ ਨਾ ਕੋਈ ਜਣਾਇੰਦਾ। ਨਾ ਕੋਈ ਮੰਦਰ ਮਸਜਦ ਗੁਰਦਵਾਰ ਦਿਸੇ ਮਕਾਨ, ਚਾਰ ਦੀਵਾਰ ਨਾ ਕੋਈ ਰਖਾਇੰਦਾ। ਛੱਪਰ ਛੰਨ ਨਾ ਖੇਲ ਮਹਾਨ, ਇਟਾਂ ਗਾਰਾਂ ਨਾ ਕੋਈ ਲਗਾਇੰਦਾ। ਥਿਰ ਘਰ ਬੈਠ ਸ੍ਰੀ ਭਗਵਾਨ, ਸਚ ਸਿੰਘਾਸਣ ਆਸਣ ਲਾਇੰਦਾ। ਘਰ ਵਿਚ ਘਰ ਕਰ ਪ੍ਰਧਾਨ, ਸਚਖੰਡ ਦਵਾਰਾ ਨਾਉਂ ਧਰਾਇੰਦਾ। ਨਿਰਮਲ ਦੀਪਕ ਇਕ ਮਹਾਨ, ਆਦਿ ਨਿਰੰਜਨ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਪੁਰਖ ਬਿਧਾਤਾ ਜਨ ਭਗਤਾਂ ਰੱਖੇ ਉਤਮ ਜ਼ਾਤਾ, ਵਰਨ ਗੋਤ ਨਾ ਕੋਈ ਰਖਾਇੰਦਾ। ਗੁਰਮੁਖ ਤੇਰਾ ਸਾਚਾ ਵਰਨ, ਪ੍ਰਭ ਸਾਚਾ ਦਏ ਵਖਾਈਆ। ਅਬਿਨਾਸ਼ੀ ਕਰਤਾ ਸਾਚੀ ਸਰਨ, ਤੇਰਾ ਇਸ਼ਟ ਇਕ ਵਖਾਈਆ। ਕ੍ਰੋੜ ਤੇਤੀਸਾ ਬ੍ਰਹਮਾ ਵਿਸ਼ਨ ਤੇਰਾ ਪਾਣੀ ਭਰਨ, ਪੀਸਣ ਪੀਸ ਸੇਵ ਕਮਾਈਆ। ਪ੍ਰਭ ਨੇਤਰ ਦੇਵੇ ਹਰਨ ਫਰਨ, ਦੋਏ ਲੋਚਣ ਬੰਦ ਕਰਾਈਆ। ਤਾਰਨਹਾਰਾ ਤਰਨੀ ਤਰਨ, ਸਮਰਥ ਆਪ ਅਖਵਾਈਆ। ਰਵ ਸਸ ਦਿਵਸ ਰੈਣ ਡਰਨ ਭੈ ਭੈ ਵਿਚ ਰਿਹਾ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਇਕ ਏਕੰਕਾਰ, ਆਦਿ ਜੁਗਾਦੀ ਲੈ ਅਵਤਾਰ, ਹਰਿਜਨ ਸਾਚੇ ਲਏ ਉਭਾਰ, ਭਗਤ ਸੰਤ ਹਰਿ ਲਾਏ ਪਾਰ, ਗੁਰਮੁਖ ਗੁਰਸਿਖ ਆਪ ਲਿਆਏ ਚਰਨ ਦਵਾਰ, ਮਨਮੁਖਾਂ ਦਏ ਸਜਾਈਆ। ਮਨਮੁਖ ਨਿੰਦਕ ਦੁਸ਼ਟ ਦੁਰਾਚਾਰ, ਹਰਿਜਨ ਹਰਿ ਹਰਿ ਆਪ ਭੁਲਾਇਆ। ਏਕਾ ਵਿਸਰਿਆ ਨਾਮ ਕਰਤਾਰ, ਰਸਨਾ ਜੇਹਵਾ ਹੋਈ ਹਲਕਾਇਆ। ਮਨਮਤ ਨਾਲ ਰਲੀ ਕੁੜਿਆਰ, ਝੂਠੇ ਧੰਦੇ ਮਾਤ ਲਗਾਇਆ। ਪੰਜ ਤਤ ਵਿਕਾਰਾ ਕਰੇ ਪਿਆਰ, ਸਾਚਾ ਰੰਗ ਨਾ ਕੋਈ ਚੜ੍ਹਾਇਆ। ਨੌ ਦਰ ਹੋਏ ਸਦਾ ਖ਼ਵਾਰ, ਦਸਵਾਂ ਦਰ ਨਾ ਕੋਈ ਖੁਲਾਇਆ। ਆਸਾ ਤ੍ਰਿਸ਼ਨਾ ਰਹੀ ਵੰਗਾਰ, ਹਉਮੇ ਹੰਗਤਾ ਜੋਬਨ ਇਕ ਹੰਢਾਇਆ। ਮਿਲਿਆ ਮੇਲ ਨਾ ਮੀਤ ਮੁਰਾਰ, ਮਾਇਆ ਬੰਧਨ ਨਾ ਕੋਈ ਤੁੜਾਇਆ। ਕਾਇਆ ਬਣਿਆ ਗੜ ਹੰਕਾਰ, ਹਰਿ ਕਾ ਰੂਪ ਨਜ਼ਰ ਨਾ ਆਇਆ। ਤ੍ਰੈਗੁਣ ਮਾਇਆ ਸੜਿਆ ਹੋਇਆ ਖਵਾਰ, ਸਾਂਤਕ ਸਤਿ ਨਾ ਕੋਈ ਵਰਤਾਇਆ। ਮੂਰਖ ਮੂੜ ਨਾਰ ਵਿਭਚਾਰ, ਹਰਿ ਹਰਿ ਕੰਤ ਨਾ ਕੋਈ ਹੰਢਾਇਆ। ਲੱਖ ਚੁਰਾਸੀ ਮਾਰੇ ਮਾਰ, ਮਾਰਨਹਾਰਾ ਦਿਸ ਨਾ ਆਇਆ। ਭਗਤ ਵਛਲ ਆਪ ਗਿਰਧਾਰ, ਗੁਰਮੁਖ ਸਾਜਨ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਏਕਾ ਘਰ, ਘਰ ਸੁਹੰਜਣਾ ਇਕ ਵਖਾਇਆ। ਘਰ ਸੁਹੰਜਣਾ ਪੁਰਖ ਬਿਧਾਤ, ਏਕਾ ਰੰਗ ਰੰਗਾਈਆ। ਨਾ ਕੋਈ ਦਿਵਸ ਨਾ ਕੋਈ ਰਾਤ, ਸੂਰਜ ਚੰਨ ਨਾ ਕੋਈ ਚੜ੍ਹਾਈਆ। ਆਦਿ ਜੁਗਾਦੀ ਇਕ ਪ੍ਰਭਾਤ, ਏਕਾ ਰੁੱਤ ਵਖਾਈਆ। ਬੈਠਾ ਰਹੇ ਇਕ ਇਕਾਂਤ, ਆਪ ਆਪਣਾ ਆਸਣ ਲਾਈਆ। ਖੇਲੇ ਖੇਲ ਬਹੁ ਬਿਧ ਭਾਂਤ, ਵਡ ਦਾਤਾ ਬੇਪ੍ਰਵਾਹੀਆ। ਨਾ ਕੋਈ ਪਿਤ ਨਾ ਕੋਈ ਮਾਤ, ਸਾਕ ਸੈਣ ਨਾ ਕੋਈ ਜਣਾਈਆ। ਆਪਣੀ ਰੱਖੇ ਉਤਮ ਜ਼ਾਤ, ਜ਼ਾਤ ਅਜ਼ਾਤੀ ਮੇਟ ਮਿਟਾਈਆ। ਸ਼ਬਦ ਅਗੰਮੀ ਸਾਚੀ ਗਾਥ, ਨਿਰਗੁਣ ਸਰਗੁਣ ਆਪ ਸੁਣਾਈਆ। ਆਪੇ ਜਾਣੇ ਪੂਜਾ ਪਾਠ, ਆਪਣੇ ਨਾਮ ਕਰੇ ਪੜ੍ਹਾਈਆ। ਜੁਗ ਜੁਗ ਪਾਰ ਕਿਨਾਰਾ ਵੇਖੇ ਘਾਟ, ਪੱਤਨ ਮੱਲੇ ਸਹਿਜ ਸੁਭਾਈਆ। ਕਲਜੁਗ ਅੰਤਮ ਕੂੜ ਕੁੜਿਆਰਾ ਮਾਰੇ ਠਾਠ, ਚਾਰ ਕੁੰਟ ਲਹਿਰ ਲਹਿਰਾਈਆ। ਖੇਲੇ ਖੇਲ ਤ੍ਰਲੋਕੀ ਨਾਥ, ਚੌਦਾਂ ਲੋਕ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਵੇਸ ਕਰ, ਹਰਿਜਨ ਜਨਹਰਿ ਹਰਿ ਹਰਿ ਰੰਗ ਰੰਗਾਈਆ।