Granth 08 Likhat 078: 24 Chet 2016 Bikarmi Bandala

੨੪ ਚੇਤ ੨੦੧੬ ਬਿਕ੍ਰਮੀ ਬੰਡਾਲਾ

ਬਾਲ ਸਖਾਈ ਗਹਿਰ ਗਵਰ, ਗੁਣੀ ਗਹੀਰ ਗੋਬਿੰਦ। ਜਗਤ ਤ੍ਰਿਸਨਾ ਜਗਤ ਕਵਰ, ਮਾਇਆ ਮਮਤਾ ਸਗਲੀ ਚਿੰਦ। ਗੁਰਮੁਖ ਵਿਰਲੇ ਮਾਨਸ ਜਨਮ ਜਾਏ ਸਵਰ, ਮਨਮੁਖਾਂ ਮੁਖ ਰੱਖੇ ਨਿੰਦ। ਹਰਿ ਬਿਨ ਕੋਈ ਨਾ ਦੂਜਾ ਦਿਸੇ ਅਵਰ, ਹਰਿ ਸਾਗਰ ਡੂੰਘਾ ਸਿੰਧ। ਜੀਵ ਜੰਤ ਕਲਜੁਗ ਭਵਰ, ਘੁੰਮਣ ਘੇਰ ਬੇਅੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਨਿਧਾਨਾ ਬਾਲ ਨਿਸ਼ਾਨਾ ਮਨ ਮਣੀਆ ਜੇਹਵਾ ਮੰਤ। ਕਾਇਆ ਕਪੜ ਕਰਮ ਰੰਗ, ਕਲਜੁਗ ਪਾਰ ਲਗਾਈਆ। ਜੂਠ ਝੂਠ ਧਾਰਾ ਵਹੇ ਗੰਗ, ਵਗੇ ਧਾਰ ਵਾਹੋ ਦਾਹੀਆ। ਮਨਮਤ ਤਟ ਕਿਨਾਰ ਨੁਹਾਏ ਗੰਗ, ਪੜਦਾ ਕੋਇ ਨਾ ਉਪਰ ਪਾਈਆ। ਜੀਵ ਜੰਤ ਨਾ ਦਿਸੇ ਕੋਈ ਸੰਗ, ਸਗਲਾ ਸਾਥ ਨਾ ਕੋਇ ਨਿਭਾਈਆ। ਗੁਰਮੁਖ ਵਿਰਲਾ ਮੰਗੇ ਨਾਮ ਮੰਗ, ਚਰਨ ਪ੍ਰੀਤ ਸੱਚੀ ਸਰਨਾਈਆ। ਮਾਨਸ ਜਨਮ ਨਾ ਹੋਏ ਭੰਗ, ਜਿਸ ਬਖ਼ਸ਼ੇ ਬੇਪਰਵਾਹੀਆ। ਅੰਗੀਕਾਰ ਲਾਏ ਅੰਗ, ਆਪ ਆਪਣੀ ਗੋਦ ਉਠਾਈਆ। ਨਾਮ ਬਿਠਾਏ ਸਚ ਪਲੰਘ, ਸਾਚੀ ਸੇਜ ਸੁਹਾਈਆ। ਕੱਟਣਹਾਰਾ ਭੁੱਖ ਨੰਗ, ਗ਼ਰੀਬ ਨਿਮਾਣੇ ਰਿਹਾ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਣ ਦਾਤਾ ਜੀਵਤ ਮੁਕਤ ਕਰਾਈਆ।