Granth 08 Likhat 039: 13 Chet 2016 Bikarmi Pind Bhalai Pur Dogran Amritsar

੧੩ ਚੇਤ ੨੦੧੬ ਬਿਕ੍ਰਮੀ ਪਿੰਡ ਭਲਾਈ ਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਸਦ ਬਲਹਾਰ ਦਰਦ ਦੁੱਖ ਭੈ ਭੰਜਨ, ਹਰਿ ਸੱਜਣ ਵਡ ਵਡਿਆਈਆ। ਨੇਤਰ ਨਾਮ ਨਿਧਾਨ ਪਾਏ ਅੰਜਨ, ਆਪ ਆਪਣੀ ਦਇਆ ਕਮਾਈਆ। ਹਰਿਜਨ ਹਰੀ ਹਰਿ ਮੇਲਾ ਸਾਚੇ ਸੱਜਣ, ਸਤਿਗੁਰ ਪੁਰਖ ਆਪ ਕਰਾਈਆ। ਚਰਨ ਧੂੜ ਸਚ ਸਰੋਵਰ ਕਰਾਏ ਸਾਚਾ ਮਜਨ, ਦੁਰਮਤ ਮੈਲ ਰਹਿਣ ਨਾ ਪਾਈਆ। ਆਦਿ ਜੁਗਾਦੀ ਸ਼ਬਦ ਬ੍ਰਹਿਮਾਦੀ ਦੋ ਜਹਾਨੀ ਪੜਦੇ ਕੱਜਣ, ਪੁਰਖ ਅਕਾਲ ਇਕ ਅਖਵਾਈਆ। ਸਾਚੇ ਦਰ ਸਾਚੇ ਘਰ ਸ਼ਬਦ ਅਨਾਦੀ ਤਾਲ ਵੱਜਣ, ਪਾਰਬ੍ਰਹਮ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬਲ ਧਰਾਈਆ। ਬਲਹਾਰੀ ਹਰਿ ਪਾਇਆ, ਪਰਮ ਪੁਰਖ ਕਰਤਾਰ। ਨੇਤਰ ਨੈਣ ਇਕ ਖੁਲ੍ਹਾਇਆ, ਵਿਛੜਿਆ ਸੰਸਾਰ। ਘਰ ਦੀਪਕ ਇਕ ਜਗਾਇਆ, ਮਿਟਿਆ ਅੰਧ ਅੰਧਿਆਰ। ਦਰ ਮੰਗਲ ਸਾਚਾ ਗਾਇਆ, ਹਰਿ ਸ਼ਬਦ ਸੱਚੀ ਧੁਨਕਾਰ। ਬੰਕ ਦਵਾਰਾ ਇਕ ਸੁਹਾਇਆ, ਪਾਇਆ ਪਰਮ ਪੁਰਖ ਕੰਤ ਭਤਾਰ। ਏਕਾ ਦੂਜਾ ਭੌ ਚੁਕਾਇਆ, ਮੇਲ ਮਿਲਾਵਾ ਮੀਤ ਮੁਰਾਰ। ਆਪ ਆਪਣਾ ਰੂਪ ਵਟਾਇਆ, ਖੇਲੇ ਖੇਲ ਅਗੰਮ ਅਪਾਰ। ਗੁਰਮੁਖ ਸਾਜਣ ਲਏ ਜਗਾਇਆ, ਜੁਗ ਜੁਗ ਮੇਲਾ ਮੇਲਣਹਾਰ। ਤਨ ਕੱਪੜ ਵੇਖ ਵਖਾਇਆ, ਘਰ ਮੰਦਰ ਮਹੱਲ ਅਟੱਲ ਉਚ ਮਨਾਰ। ਡੂੰਘੀ ਕੰਦਰ ਫੋਲ ਫੋਲਾਇਆ, ਮਨ ਮਤ ਬੁਧ ਪਾਵੇ ਸਾਰ। ਬਜਰ ਕਪਾਟੀ ਤੋੜ ਤੁੜਾਇਆ, ਨਾਮ ਖੰਡਾ ਤੇਜ਼ ਕਟਾਰ। ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਵੇਖ ਵਖਾਇਆ, ਜੀਵਾਂ ਜੰਤਾਂ ਰਿਹਾ ਪਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦਏ ਜੀਅ ਆਧਾਰ। ਹਰਿ ਵੱਡਾ ਵਡ ਵਡਿਆਈ, ਪੁਰਖ ਅਗੰਮ ਅਥਾਹ। ਸਤਿਗੁਰ ਪੂਰੇ ਸਚ ਸਰਨਾਈ, ਸ਼ਬਦ ਮਿਲਾਵਾ ਸਚ ਮਲਾਹ। ਆਦਿ ਜੁਗਾਦੀ ਵੇਖ ਵਖਾਨੀ, ਸ਼ਬਦ ਅਨਾਦੀ ਏਕਾ ਨਾਉਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਈਂ ਥਾਉਂ। ਬਲਹਾਰੀ ਘਰ ਜਾਣਿਆ, ਘਰ ਘਰ ਰੂਪ ਅਪਾਰ। ਸਤਿਗੁਰ ਪੂਰਾ ਇਕ ਪਛਾਨਿਆ, ਮੇਲ ਮਿਲਾਵਾ ਹਰਿ ਨਿਰੰਕਾਰ। ਭਾਂਡਾ ਭਰਮ ਭੌ ਭੰਨਾਨਿਆ, ਤੋੜੇ ਗੜ੍ਹ ਲੰਕਾ ਹੰਕਾਰ। ਗੁਰਮੁਖ ਸਾਜਣ ਚਲੇ ਚਲਾਏ ਆਪਣੇ ਭਾਣਿਆ, ਭਵ ਸਾਗਰ ਉਤਰੇ ਪਾਰ। ਕਿਸੇ ਹੱਥ ਨਾ ਆਏ ਰਾਜੇ ਰਾਣਿਆ, ਗ਼ਰੀਬ ਨਿਮਾਣਿਆ ਲਏ ਉਭਾਰ। ਖੇਲੇ ਖੇਲ ਦੋ ਜਹਾਨਿਆਂ, ਪੁਰੀਆਂ ਲੋਆਂ ਗਗਨ ਪਾਤਾਲਾਂ ਪਾਵੇ ਸਾਰ। ਸ਼ਬਦ ਚਲਾਏ ਧੁਰ ਦੀ ਬਾਣੀਆਂ, ਬਾਣ ਨਿਰਾਲਾ ਤੀਰ ਮਾਰ। ਆਪੇ ਜਾਣੇ ਅਕੱਥ ਕਥਾ ਕਹਾਣੀਆ, ਲੇਖਾ ਲਿਖ ਨਾ ਸਕੇ ਵੇਦ ਚਾਰ। ਗੁਰਮੁਖ ਸਾਚਾ ਚਤੁਰ ਸੁਘੜ ਸਿਆਣਿਆ, ਜਿਸ ਪਾਇਆ ਧੁਰ ਦਰਬਾਰ। ਚੌਥਾ ਪਦ ਇਕ ਵਖਾਣਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਉਜਿਆਰ। ਵਡ ਵਡਿਆਈ ਵੱਡਾ ਸ਼ਾਹ ਸੁਲਤਾਨ, ਸਤਿਗੁਰ ਪੁਰਖ ਅਖਵਾਇੰਦਾ। ਆਦਿ ਜੁਗਾਦੀ ਇਕ ਨਿਸ਼ਾਨ, ਜੁਗ ਜੁਗ ਆਪ ਝੁਲਾਇੰਦਾ। ਦਰਗਹਿ ਸਾਚੀ ਸਚ ਮਕਾਨ, ਥਿਰ ਘਰ ਵਾਸੀ ਡੇਰਾ ਲਾਇੰਦਾ। ਪੁਰਖ ਅਬਿਨਾਸ਼ੀ ਖੇਲ ਮਹਾਨ, ਸਚ ਸਿੰਘਾਸਣ ਇਕ ਸੁਹਾਇੰਦਾ। ਦੇਵਣਹਾਰਾ ਧੁਰ ਫ਼ਰਮਾਨ, ਆਪ ਆਪਣਾ ਹੁਕਮ ਚਲਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਰਧਾਨ, ਪੰਜ ਤੱਤ ਸਮਾਇੰਦਾ। ਤ੍ਰੈਗੁਣ ਦੇਵੇ ਆਪਣਾ ਦਾਨ, ਦਾਤਾ ਦਾਨੀ ਝੋਲੀ ਪਾਇੰਦਾ। ਆਪੇ ਸੁਰਤੀ ਸ਼ਬਦੀ ਕਾਹਨ, ਮੰਡਲ ਰਾਸ ਆਪ ਰਚਾਇੰਦਾ। ਆਪੇ ਬੈਠੇ ਸਚ ਬਬਾਨ, ਚਾਰੋਂ ਕੁੰਟ ਦਹਿ ਦਿਸ਼ਾ ਆਪ ਉਡਾਇੰਦਾ। ਆਪੇ ਵੇਖੇ ਮਾਰ ਧਿਆਨ, ਹਰਿਜਨ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਇੰਦਾ। ਜੋਤੀ ਨੂਰ ਨੂਰ ਉਜਾਲਾ, ਹਰਿ ਹਰਿ ਆਪ ਅਖਵਾਇੰਦਾ। ਦੀਨਾ ਬੰਧਪ ਦੀਨ ਦਿਆਲਾ, ਦਇਆ ਨਿਧ ਨਾਉਂ ਧਰਾਇੰਦਾ। ਹਰਿਜਨ ਮੇਲਾ ਸਚ ਸੱਚੀ ਧਰਮਸਾਲਾ, ਘਰ ਮੰਦਰ ਇਕ ਵਖਾਇੰਦਾ। ਤੋੜਨਹਾਰਾ ਜਗਤ ਜੰਜਾਲਾ, ਜਾਗਰਤ ਜੋਤ ਇਕ ਜਗਾਇੰਦਾ। ਨੇੜ ਨਾ ਆਏ ਕਾਲ ਮਹਾਂਕਾਲਾ, ਸਿਰ ਸਮਰਥ ਹੱਥ ਟਿਕਾਇੰਦਾ। ਸ਼ਬਦ ਅਨਾਦੀ ਵੱਜੇ ਤਾਲਾ, ਅਨਹਦ ਸੇਵਾ ਲਾਇੰਦਾ। ਆਪੇ ਸ਼ਾਹ ਆਪੇ ਕੰਗਾਲਾ, ਨਾਮ ਧਨ ਖ਼ਜ਼ੀਨਾ ਆਪ ਭਰਾਇੰਦਾ। ਆਪੇ ਫਲ ਲਗਾਏ ਕਾਇਆ ਡਾਲ੍ਹਾ, ਫਲ ਫੁਲਵਾੜੀ ਗੁਰਮੁਖ ਵੇਖ ਵਖਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲਾ, ਵੇਦ ਕਤੇਬ ਭੇਵ ਨਾ ਪਾਇੰਦਾ। ਸ਼ਬਦੀ ਸ਼ਬਦ ਸ਼ਬਦ ਗੁਰ ਬਣ ਦਲਾਲਾ, ਲੋਕਮਾਤ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਹਰਿ ਭਗਵਾਨਾ, ਹਰਿ ਹਰਿ ਜੋਤ ਜਗਾਈਆ। ਖੇਲੇ ਖੇਲ ਦੋ ਜਹਾਨਾਂ, ਪੁਰਖ ਅਕਾਲ ਭੇਵ ਨਾ ਰਾਈਆ। ਜੂਨੀ ਰਹਿਤ ਨਾ ਕੋਈ ਕਰੇ ਪਛਾਨਾ, ਆਵਣ ਜਾਵਣ ਚਲਤ ਚਲਾਈਆ। ਗੁਰਮੁਖ ਸਾਜਣ ਕਰ ਪਰਵਾਨਾ, ਆਪ ਆਪਣੀ ਬੂਝ ਬੁਝਾਈਆ। ਆਤਮ ਅੰਤਰ ਇਕ ਗਿਆਨਾ, ਏਕਾ ਬ੍ਰਹਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਦਰ ਸੁਹਾਈਆ। ਬਲਹਾਰੀ ਹਰਿ ਪੇਖਿਆ, ਨੇਤਰ ਨੈਣ ਉਘਾੜ। ਆਪੇ ਲਿਖਣਹਾਰਾ ਲੇਖਿਆ, ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ। ਲੋਕਮਾਤ ਕਰੇ ਵੇਸਿਆ, ਵੇਸ ਅਨੇਕਾ ਆਪ ਕਰਤਾਰ। ਆਪੇ ਜਾਣੇ ਮੁੱਛ ਦਾੜ੍ਹੀ ਕੇਸਿਆ, ਮੂੰਡ ਮੁੰਡਾਏ ਸਿਰਜਣਹਾਰ। ਸ਼ਾਹ ਸੁਲਤਾਨਾ ਨਰ ਨਰੇਸ਼ਿਆ, ਨਿਰਗੁਣ ਜੋਤੀ ਨੂਰ ਅਪਾਰ। ਆਪੇ ਹੋਏ ਦਸ ਦਸਮੇਸਿਆ, ਆਪੇ ਸ਼ਬਦ ਖੰਡਾ ਤੇਜ਼ ਕਟਾਰ। ਆਪੇ ਵੇਖੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਿਆ, ਆਪਣੇ ਦਰ ਦਰ ਬਣੇ ਭਿਖਾਰ। ਆਪੇ ਮਾਣੇ ਸੇਜ ਸ਼ੇਸ਼ਿਆ, ਸਹੰਸਰ ਮੁਖ ਆਪ ਆਪਣਾ ਰਿਹਾ ਉਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਧਾਰ। ਬਲਹਾਰੀ ਹਰਿ ਸੱਜਣ ਮੀਤੜਾ, ਏਕਾ ਰੰਗ ਰੰਗਾਇਆ। ਕਾਇਆ ਚੋਲੀ ਰੰਗੇ ਚੀਥੜਾ, ਨਾਮ ਮਜੀਠੀ ਇਕ ਚੜ੍ਹਾਇਆ। ਦੇਵੇ ਨਾਮ ਸ਼ਬਦ ਅਨਡੀਠੜਾ, ਲਿਖਣ ਪੜ੍ਹਣ ਵਿਚ ਨਾ ਆਇਆ। ਮਿਠਾ ਕਰੇ ਕਾਇਆ ਕੌੜਾ ਰੀਠੜਾ, ਅੰਮ੍ਰਿਤ ਆਤਮ ਫਲ ਖਵਾਇਆ। ਆਪੇ ਸੁੱਤਾ ਦੇ ਕਰ ਪੀਠੜਾ, ਆਪੇ ਰਿਹਾ ਮੁਖ ਭੁਵਾਇਆ। ਜਿਸ ਜਨ ਹਰਿ ਹਰਿ ਵਸਿਆ ਚੀਤੜਾ, ਚਿਤ ਵਿਤ ਠਗੌਰੀ ਕੋਇ ਨਾ ਪਾਇਆ। ਲੱਖ ਚੁਰਾਸੀ ਪਰਖਣਹਾਰਾ ਨੀਤੜਾ, ਦਿਵਸ ਰੈਣ ਵੇਖ ਵਖਾਇਆ। ਆਪੇ ਜਾਣੇ ਆਪਣਾ ਕੀਤੜਾ, ਕਰਨੀ ਕਰਤਾ ਨਾਉਂ ਧਰਾਇਆ। ਆਪਣਾ ਭਾਣਾ ਰੱਖੇ ਮੀਠੜਾ, ਹਰਿ ਭਾਣੇ ਵਿਚ ਸਮਾਇਆ। ਆਪੇ ਠੰਡਾ ਤੱਤਾ ਸੀਤੜਾ, ਗੁਣ ਅਵਗੁਣ ਨਾ ਕੋਇ ਜਣਾਇਆ। ਆਪੇ ਹੋਏ ਪੁਰਾਨਾ ਚੀਥੜਾ, ਆਪੇ ਸਚ ਦੋਸ਼ਾਲਾ ਓੜ੍ਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਬਲਹਾਰੀ ਸਤਿਗੁਰ ਪੂਰੇ, ਪੂਰਨ ਬ੍ਰਹਮ ਜਣਾਇੰਦਾ। ਆਸਾ ਮਨਸਾ ਹਰਿਜਨ ਪੂਰੇ, ਦੂਈ ਦਵੈਤੀ ਰੋਗ ਮਿਟਾਇੰਦਾ। ਨਾਤਾ ਤੋੜੇ ਕੂੜੋ ਕੂੜੇ, ਕੂੜੀ ਕਿਰਿਆ ਰਹਿਣ ਨਾ ਪਾਇੰਦਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹੇ, ਜੋ ਜਨ ਸਰਨਾਈ ਆਇੰਦਾ। ਜਿਸ ਜਨ ਬਖ਼ਸ਼ੇ ਚਰਨ ਧੂੜ੍ਹੇ, ਲੱਖ ਚੁਰਾਸੀ ਫੰਦ ਕਟਾਇੰਦਾ। ਸ਼ਬਦ ਅਨਾਦੀ ਆਤਮਕ ਧੁਨ ਅਨਹਦ ਤੂਰੇ, ਆਪ ਆਪਣੀ ਆਪ ਉਪਜਾਇੰਦਾ। ਸਤਿਗੁਰ ਪੂਰਾ ਸਦਾ ਹਾਜ਼ਰ ਹਜ਼ੂਰੇ, ਵਿਛੜ ਕਦੇ ਨਾ ਜਾਇੰਦਾ। ਦਾਤਾ ਜੋਧਾ ਵਡ ਸੂਰਨ ਸੂਰੇ, ਸੂਰਬੀਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਇੰਦਾ। ਬਲਹਾਰੀ ਘਟ ਵਸਿਆ, ਪਰਮ ਪੁਰਖ ਕਰਤਾਰ। ਜਨ ਭਗਤਾਂ ਮਾਰਗ ਏਕਾ ਦੱਸਿਆ, ਕਾਇਆ ਮੰਦਰ ਖੋਲ੍ਹ ਕਿਵਾੜ। ਸਚ ਦਵਾਰੇ ਬਹਿ ਬਹਿ ਹੱਸਿਆ, ਮੇਟ ਮਿਟਾਏ ਪੰਚਮ ਧਾੜ। ਦੋ ਜਹਾਨੀ ਫਿਰੇ ਨੱਸਿਆ, ਜਨ ਭਗਤਾਂ ਪਿੱਛੇ ਅਗਾੜ। ਕਲਜੁਗ ਵੇਖੇ ਰੈਣ ਅੰਧੇਰੀ ਮੱਸਿਆ, ਚਾਰੋਂ ਕੁੰਟ ਅਗਨੀ ਤੱਤੀ ਹਾੜ। ਮੁਖ ਸ਼ਰਮਾਇਣ ਰਵ ਸਸਿਆ, ਨੇਤਰ ਰੋ ਰੋ ਨੀਰ ਵਹਾਇਣ ਸਤਾਰ। ਧਰਤ ਧਵਲ ਆਪਣਾ ਰੋ ਰੋ ਹਾਲ ਦੱਸਿਆ, ਕੂੜ ਕੂੜਾ ਝੱਲਿਆ ਨਾ ਜਾਏ ਭਾਰ। ਪੁਰਖ ਅਬਿਨਾਸ਼ੀ ਪਾਰਬ੍ਰਹਮ ਲੋਕਮਾਤ ਆਏ ਨੱਸਿਆ, ਆਪ ਆਪਣੀ ਕਿਰਪਾ ਧਾਰ। ਸ਼ਬਦ ਨਿਰਾਲਾ ਤੀਰ ਏਕਾ ਕਸਿਆ, ਚਾਰੇ ਕੂਟਾਂ ਰਿਹਾ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਬਲਹਾਰੀ ਪੁਰਖ ਅਗੰਮੜਾ, ਏਕਾ ਏਕਉਂਕਾਰਿਆ। ਹੱਡ ਮਾਸ ਨਾ ਨਾੜੀ ਚੰਮੜਾ, ਮਾਤ ਪਿਤ ਨਾ ਕੋਇ ਬਣਾ ਰਿਹਾ। ਨਾ ਮਰੇ ਨਾ ਜੰਮੜਾ, ਗੋਦੀ ਗੋਦ ਨਾ ਕੋਇ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾ ਰਿਹਾ। ਬਲਹਾਰੀ ਹਰਿ ਖੇਲਿਆ, ਖੇਲਣਹਾਰ ਪੁਰਖ ਸਮਰਥ। ਆਪੇ ਗੁਰੂ ਗੁਰੂ ਗੁਰ ਚੇਲਿਆ, ਆਪੇ ਲੱਖ ਚੁਰਾਸੀ ਪਾਏ ਨੱਥ। ਆਪੇ ਸਤਿਗੁਰ ਸੱਜਣ ਸੁਹੇਲਿਆ, ਆਪੇ ਦੇਵਣਹਾਰਾ ਨਾਮ ਵੱਥ। ਆਪੇ ਵਸੇ ਇਕ ਅਕੇਲਿਆ, ਆਪ ਚਲਾਏ ਆਪਣੀ ਗਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਆਪਣੀ ਮਹਿਮਾ ਆਪੇ ਜਾਣੇ, ਆਪਣੀ ਕਥਨੀ ਰਿਹਾ ਕਥ। ਆਪਣੀ ਕਥਾ ਆਪੇ ਕਥ, ਅਲੱਖ ਅਲੱਖਣਾ ਵਡ ਵਡਿਆਈਆ। ਸਤਿ ਸਰੂਪੀ ਚਲਾਏ ਰਥ, ਸਤਿ ਸਤਿਵਾਦੀ ਨਾਉਂ ਧਰਾਈਆ। ਕਲਜੁਗ ਅੰਤਮ ਲਹਿਣਾ ਦੇਣ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਰਵਦਾਸ ਚੁਮਾਰੇ ਲੇਖਾ ਲਾਈਆ। ਜੋ ਘੜਿਆ ਸੋ ਜਾਏ ਢੱਠ, ਥਿਰ ਕੋਇ ਰਹਿਣ ਨਾ ਪਾਈਆ। ਤ੍ਰੈਗੁਣ ਮਾਇਆ ਰਜੋ ਤਮੋ ਸਤੋ ਤੇਰਾ ਆਪ ਤਪਾਇਆ ਮੱਠ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਪੰਚਮ ਅਗਨੀ ਆਪੇ ਡਾਹੀਆ। ਜੋਤ ਅਕਾਲਾ ਆਪੇ ਗੇੜਣਹਾਰਾ ਉਲਟੀ ਲੱਠ, ਚੌਥੇ ਗੇੜਾ ਆਪ ਦਵਾਈਆ। ਗੁਰਸਿਖਾਂ ਮੇਲ ਮਿਲਾਏ ਨੱਠ ਨੱਠ, ਜੁਗ ਵਿਛੜੇ ਵੇਖ ਵਖਾਈਆ। ਹਰਿ ਚਰਨ ਦਵਾਰਾ ਸਚ ਇਕੱਠ, ਸਚਖੰਡ ਦਵਾਰਾ ਇਕ ਜਣਾਈਆ। ਕਰਮ ਕੁਕਰਮਾਂ ਕਰੇ ਭੱਠ, ਜੋ ਜਨ ਨੇਤਰ ਲੋਚਨ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਾਤਾ ਦਾਨੀ ਆਪ ਅਖਵਾਈਆ।